ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ……… ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

7 ਜਨਵਰੀ ਨੂੰ ਬਰਸੀ ‘ਤੇ ਵਿਸ਼ੇਸ਼
 
ਭਾਰਤੀ ਹਾਕੀ ਦਾ ਥੰਮ੍ਹ ਅਖਵਾਉਣ ਵਾਲੇ ਸੁਰਜੀਤ ਸਿੰਘ ਦਾ ਜਨਮ 10 ਅਕਤੂਬਰ 1951 ਨੂੰ ਪਿੰਡ ਦਾਖ਼ਲਾ (ਗੁਰਦਾਸਪੁਰ) ਵਿਚ ਸ। ਮੱਘਰ ਸਿੰਘ ਦੇ ਘਰ ਹੋਇਆ। ਖ਼ਾਲਸਾ ਸਕੂਲ ਬਟਾਲਾ ਤੋਂ ਮੁੱਢਲੀ ਵਿੱਦਿਆ ਹਾਸਲ ਕਰਨ ਮਗਰੋਂ ਸਪੋਰਟਸ ਕਾਲਜ ਜਲੰਧਰ ‘ਚ ਦਾਖ਼ਲਾ ਲਿਆ।

ਉਸ ਨੇ ਹਾਕੀ ਦੇ ਖ਼ੇਤਰ ਵਿੱਚ 1967 ਨੂੰ ਸਕੂਲੀ ਖੇਡਾਂ ਤੋਂ ਪ੍ਰਵੇਸ਼ ਕੀਤਾ । ਇਸ ਤੋਂ ਕਰੀਬ ਇੱਕ ਸਾਲ ਬਾਅਦ 1968 ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਕਈ ਅਹਿਮ ਮੈਚ ਖੇਡੇ। ਇਹਨਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਯੂਨੀਵਰਸਿਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ, ਆਸਟ੍ਰੇਲੀਆ ਦਾ ਦੌਰਾ ਵੀ ਕੀਤਾ। ਖਿਡਾਰੀ ਹੋਣ ਦੇ ਨਾਤੇ ਹੀ ਰੇਲਵੇ ਵਿਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲੀ।

1972 ਵਿੱਚ ਉਹ ਪੰਜਾਬ ਵੱਲੋਂ ਪਹਿਲੀ ਵਾਰੀ ਕੌਮੀ ਪੱਧਰ ‘ਤੇ ਖੇਡਿਆ। ਇਸ ਪ੍ਰਫਾਰਮੈਂਸ ਦੇ ਅਧਾਰ ‘ਤੇ ਹੀ 1973 ਦੇ ਐਮਸਟਰਡਮ ਵਿਸ਼ਵ ਕੱਪ ਵਿਚ ਖੇਡਣ ਵਾਲੀ ਭਾਰਤੀ ਟੀਮ ਦਾ ਮੈਬਰ ਬਣਾਇਆ ਗਿਆ। ਉਹ 1972 ਦੀ ਮਿਊਨਿਖ਼ ਓਲੰਪਿਕ ਵਿੱਚ ਵੀ ਸ਼ਾਮਲ ਹੋਇਆ।ਸੁਰਜੀਤ ਸਿੰਘ ਨੇ ਓਲੰਪਿਕ, ਏਸ਼ੀਆਈ ਅਤੇ ਵਿਸ਼ਵ ਕੱਪ ਵਿਚ 13 ਵਾਰੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ ।

ਦੂਜੇ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਮੇਜ਼ਬਾਨ ਮੁਲਕ ਹਾਲੈਂਡ ਅਤੇ ਭਾਰਤ ਦਰਮਿਆਨ ਖੇਡਿਆ ਗਿਆ । ਇਸ ਫ਼ਾਈਨਲ ਦੇ ਪਹਿਲੇ ਸੱਤ ਮਿੰਟਾਂ ਵਿੱਚ ਮਿਲੇ ਦੋ ਪਨੈਲਟੀ ਕਾਰਨਰਾਂ ਨੂੰ ਜਦ ਸੁਰਜੀਤ ਨੇ ਕਰਾਰੇ ਸ਼ਾਟ ਲਾਉਂਦਿਆਂ ਗੋਲਾਂ ਵਿਚ ਬਦਲ ਦਿੱਤਾ ਤਾਂ ਭਾਰਤੀ ਹਾਕੀ ਪ੍ਰੇਮੀ ਜਿੱਤ ਨੂੰ ਯਕੀਨੀ ਸਮਝ ਪਟਾਖ਼ੇ ਚਲਾਉਣ ਅਤੇ ਖ਼ੁਸ਼ੀ ਦਾ ਇਜ਼ਹਾਰ ਕਰਨ ਲੱਗੇ । ਪਰ ਬਰਾਬਰੀ ‘ਤੇ ਖ਼ਤਮ ਹੋਏ, ਮੈਚ ਦਾ ਆਖ਼ਰੀ ਨਤੀਜਾ ਪਨੈਲਟੀ ਸਟਰੌਕ ਜ਼ਰੀਏ 4-2 ਨਾਲ ਹਾਲੈਂਡ ਦੇ ਹੱਕ ਵਿਚ ਰਿਹਾ।

1974 ਤਹਿਰਾਨ ਏਸ਼ੀਆਈ ਖੇਡਾਂ, 1975 ਕੁਆਲਾਲੰਪੁਰ ਵਿਸ਼ਵ ਹਾਕੀ ਕੱਪ, 1976 ਮਾਂਟਰੀਆਲ ਓਲੰਪਿਕ, 1978 ਬੈਂਕਾਕ ਏਸ਼ੀਆਈ ਖੇਡਾਂ, 1982 ਮੁੰਬਈ ਵਿਸ਼ਵ ਕੱਪ ਖੇਡਦਿਆਂ ਸੁਰਜੀਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਫੁੱਲ ਬੈਕ ਵਜੋਂ ਖੇਡਣ ‘ਤੇ ਲੋਹੇ ਦੀ ਦੀਵਾਰ ਕਹਾਉਣ ਵਾਲੇ ਅਣਖ਼ੀ ਸੁਰਜੀਤ ਦਾ 1978 ਵਿਚ ਪ੍ਰਬੰਧਕਾਂ ਨਾਲ ਇੱਟ-ਖੜੱਕਾ ਵੀ ਹੋਇਆ । ਉਹ ਆਪਣੇ ਸਾਥੀਆਂ ਬਲਦੇਵ ਅਤੇ ਵਰਿੰਦਰ ਸਮੇਤ ਪਟਿਆਲੇ ਦੇ ਕੋਚਿੰਗ ਕੈਂਪ ਵਿੱਚੋਂ ਆਪਣਾ ਬਿਸਤਰਾ ਹੀ ਚੁੱਕ ਲਿਆਇਆ। ਉਸਨੇ ਇਸ ਮੌਕੇ ਕੋਚ ਵੱਲੋਂ ਕੀਤੀਆਂ ਟਿੱਪਣੀਆਂ ਦੀ ਤਾਂ ਚਿੰਤਾ ਕੀਤੀ ਪਰ ਡਰਾਵਿਆਂ ਦੀ ਚਿੰਤਾ ਨਹੀਂ ਸੀ ਕੀਤੀ।

ਸੁਰਜੀਤ ਨੇ 1975 ਦੇ ਨਿਊਜ਼ੀਲੈਂਡ ਟੂਰ ਸਮੇਂ 17 ਗੋਲ ਕੀਤੇ । 1979 ਪ੍ਰੀ-ਓਲੰਪਿਕ, 1981 ਚੈਂਪੀਅਨਜ਼ ਟਰਾਫ਼ੀ ਸਮੇਂ ਕਪਤਾਨ ਵਜੋਂ, 1979 ਪਰਥ ਮੁਕਾਬਲਿਆਂ ਸਮੇ ਉਪ-ਕਪਤਾਨ ਵਜੋਂ ਖੇਡ ਚੁੱਕੇ ਸੁਰਜੀਤ ਨੂੰ 1980 ਮਾਸਕੋ ਓਲੰਪਿਕ ਸਮੇਂ ਵੀ ਕਪਤਾਨ ਬਣਾਇਆ ਗਿਆ ਸੀ। ਪਰ ਇਸ ਮੌਕੇ ਇਹ ਕਪਤਾਨੀ ਫਿਰ ਵਿਵਾਦਾਂ ਵਿਚ ਘਿਰ ਗਈ ਅਤੇ ਇਹ ਫ਼ੈਸਲਾ ਵਾਪਸ ਲੈਂਦਿਆਂ ਕਪਤਾਨ ਦੀ ਬਦਲੀ ਕਰ ਦਿੱਤੀ ਗਈ। 1982 ਦੇ ਮੁੰਬਈ ਵਿਸ਼ਵ ਕੱਪ ਸਮੇਂ ਆਪ ਦੀ ਕਪਤਾਨੀ ਅਧੀਨ ਭਾਰਤੀ ਟੀਮ ਨੇ ਬਗੈਰ ਕਿਸੇ ਵਿਸ਼ੇਸ਼ ਪ੍ਰਾਪਤੀ ਤੋਂ ਹਿੱਸਾ ਲਿਆ।

ਬਹੁਤਾ ਸਮਾਂ ਠਰਾਕ ਰੋਵਰਜ਼ ਚੰਡੀਗੜ੍ਹ ਵਲੋਂ ਖੇਡਣ ਵਾਲੇ ਸੁਰਜੀਤ ਸਿੰਘ ਨੇ ਇੰਡੀਅਨ ਏਅਰ ਲਾਈਨਜ਼ ਲਈ ਵੀ ਕਈ ਜਿੱਤਾਂ ਦਰਜ ਕੀਤੀਆਂ। ਫਿਰ ਪੀ ਏ ਪੀ ਵਿਚ ਇੰਸਪੈਕਟਰ ਬਣਿਆ ਅਤੇ ਪ੍ਰਸਿੱਧ ਹਾਕੀ ਖਿਡਾਰਨ ਚੰਚਲ ਕੋਹਲੀ ਦਾ ਜੀਵਨ ਸਾਥੀ। ਪਰ ਇਹ ਸਾਥ ਭਰ ਜੁਆਨੀ ਵਿਚ ਹੀ ਬ੍ਰਿਹਾ ਬਣ ਗਿਆ। ਸਿਰਫ਼ 33 ਵਰ੍ਹਿਆਂ ਦਾ ਸੁਰਜੀਤ ਸਿੰਘ 7 ਜਨਵਰੀ 1983 ਨੂੰ ਜਲੰਧਰ ਦੇ ਨੇੜੇ ਪ੍ਰਸ਼ੋਤਮ ਪਾਂਦੇ ਨਾਲ ਸਖ਼ਤ ਸਰਦੀ ਅਤੇ ਸੰਘਣੀ ਧੁੰਦ ਦੌਰਾਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਉਦੋਂ ਵੀ ਉਹ ਇੱਕ ਮੈਚ ਦੀ ਤਿਆਰੀ ਵਜੋਂ ਭੱਜ-ਨੱਠ ਕਰ ਰਹੇ ਸਨ । ਉਹਨਾਂ ਦੀ ਯਾਦ ਵਿੱਚ ਹਰ ਸਾਲ “ਸੁਰਜੀਤ ਮੈਮੋਰੀਅਲ ਹਾਕੀ ਮੁਕਾਬਲਾ” ਕਰਵਾਇਆ ਜਾਂਦਾ ਹੈ। ਜਿਸ ਨੂੰ ਹੁਣ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕਿਹਾ ਜਾਂਦਾ ਹੈ। ਇਸ ਮਹਾਨ ਖਿਡਾਰੀ ਦੇ ਨਾਂਅ ‘ਤੇ ਹਾਕੀ ਅਕੈਡਮੀ  ਦਾ ਵੀ ਗਠਨ ਕੀਤਾ ਗਿਆ ਹੈ, ਜਿੱਥੇ ਵਧੀਆ ਖਿਡਾਰੀ ਤਿਆਰ ਕੀਤੇ ਜਾਂਦੇ ਹਨ। ਇਸ ਸਰਵਸ੍ਰੇਸ਼ਟ ਖਿਡਾਰੀ ਦੇ ਦਿਹਾਂਤ ਤੋਂ 15 ਸਾਲ ਮਗਰੋਂ 1998 ਵਿਚ ਅਰਜੁਨ ਐਵਾਰਡ ਦਿੱਤਾ ਗਿਆ। ਜਦ ਇਸ ਜਾਂਬਾਜ਼ ਖਿਡਾਰੀ ਦਾ ਅੰਤ ਹੋਇਆ ਤਾਂ ਗਿਆਨੀ ਜ਼ੈਲ ਸਿੰਘ ਜੀ ਨੇ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਜੋ ਮਰਹੂਮ ਖਿਡਾਰੀ ਦੀ ਮਹਾਨਤਾ ਦਰਸਾਉਂਦੇ ਹਨ, “ਸੁਰਜੀਤ ਇੱਕ ਵਧੀਆ ਖਿਡਾਰੀ ਸੀ, ਜਿਸਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ” ।

****
Post a Comment