ਐਤਵਾਰ……… ਨਜ਼ਮ ਕਵਿਤਾ / ਮਲਕੀਅਤ "ਸੁਹਲ"


ਥੱਕੇ-ਟੁੱਟੇ ਹੰਭੇ ਹਾਰੇ, ਦਿਨ ਆਇਆ ਐਤਵਾਰ
ਛੁੱਟੀ ਵਾਲੇ ਦਿਨ ਹੈ ਜਾਣਾ, ਆਪਾਂ ਗੁਰੂਦੁਆਰ

ਸੋਹਣੇ-ਸੋਹਣੇ ਕੱਪੜੇ ਪਾਉਣੇ ਤੇ ਟੌਹਰ ਹੋਏਗਾ ਪੂਰਾ
ਮੁੱਛ-ਮਰੋੜ ਤੇ ਫਿਕਸੋ ਲਾ ਕੇ, ਰੰਗ ਚੜ੍ਹੇਗਾ ਗੂੜ੍ਹਾ

ਸੁੱਖ਼ਣਾ ਲਾਹ ਅਰਦਾਸ ਕਰਾਉਣੀ, ਸੌ ਦਾ ਨੋਟ ਚੜ੍ਹਾਉਣਾ
ਮੇਲੇ ਵਿਚੋਂ ਆਟੋਮੈਟਿਕ ਲਿਆਉਣਾ ਜਹਾਜ਼ ਖ਼ਿਡਾਉਣਾ

ਫਰੀ ਦਾ ਲੰਗਰ ਛਕਣਾਂ ਉਥੋਂ ਤੇ ਨਾਲੇ ਚਾਹ-ਪਕੌੜੇ
ਮੇਲੇ ਦੇ ਵਿਚ ਫਿਰਨਾ ਆਪਾਂ, ਹੋ ਕੇ ਚੌੜੇ-ਚੌੜੇ


ਅੱਜ ਕਵੀਆਂ ਵੀ ਮੀਟਿੰਗ ਸੱਦੀ, ਕਿ ਸਾਰੇ 'ਕੱਠੇ ਹੋਵੋ
ਆ ਕੇ ਐਤਵਾਰ ਨੂੰ ਸਾਰੇ, ਆਪਣਾ ਰੋਣਾ ਰੋਵੋ

ਕਵਿਤਾ ਪੜ੍ਹਿਓ ਘਰ ਆਪਣੇ ਦੀ, ਆਇਉ ਕਰ ਤਿਆਰੀ
ਲੱਚਰਤਾ ਨਾ ਹੋਵੇ ਕੋਈ, ਸਭ ਪੜ੍ਹਿਓ ਵਾਰੀ ਵਾਰੀ

ਪਹਿਲੇ ਐਤਵਾਰ ਨੂੰ ਰੱਖੀ, ਮੀਟਿੰਗ ਹਰ ਮਹੀਨੇ
ਟੌਹਰ-ਟੱਪਾ ਵੀ ਪੂਰਾ ਹੋਵੇ, ਵਾਂਗ ਕਬੂਤਰ ਚੀਨੇ

ਮੀਟਿੰਗ ਦੇ ਵਿਚ ਚਾਹ-ਸਮੋਸੇ, ਨਾਲੇ ਹੋਏਗੀ ਬਰਫੀ
ਪੈੱਗ-ਸ਼ੈੱਗ਼ ਵੀ ਚਲਣਾ ਓਥੇ, ਗੱਲ ਮੇਰੀ ਦੋ ਹਰਫੀ

ਯੂਨੀਅਨ ਨੇ ਹੜਤਾਲ ਹੈ ਕਰਨੀ, ਐਤਵਾਰ ਦੁਪਹਿਰੇ
ਭੇਸ ਬਦਲ ਕੇ ਸਾਰੇ ਪਹੁੰਚੋ, ਥਾਂ-ਥਾਂ ਪੁਲਸ ਦੇ ਪਹਿਰੇ

ਸਮੇਂ ਸਿਰ ਨਾ ਜਿਹੜਾ ਪੁੱਜਾ, ਹੋਊ ਉਹਦੇ ਘਰ ਹੰਗਾਮਾ
ਪਹੁੰਚੋ ਬੱਸ ਸਕੂਟਰ ਉਤੇ, ਭਾਵੇਂ ਲੈ ਆਉ ਯਾਹਮਾ

ਫੜੋ-ਫੜੀ ਵੀ ਹੋਣੀ ਉਥੇ, ਡਰ ਕੇ ਨਾ ਕੋਈ ਭੱਜੇ
ਪੁਲਸ ਨੇ ਵੀ ਡਾਂਗ ਚਲਾਉਣੀ, ਉਹ ਦਾਰੂ ਦੇ ਨਾਲ ਰੱਜੇ

ਆਪਣਾ-ਆਪ ਬਚਾ ਕੇ ਰਹਿਣਾ, ਸੱਟ ਕੋਈ ਨਾ ਖਾਵੇ
ਐਤਵਾਰ ਨੂੰ ਛੁੱਟੀ ਹੁੰਦੀ, ਕੋਈ ਹਸਪਤਾਲ ਨਾ ਜਾਵੇ

ਅਜੇ ਚਾਹ ਸੀ ਪੀਂਦੇ ਆਪਾਂ, ਘੰਟੀ ਫੋਨ ਦੀ ਖ਼ੜਕੇ
ਘਰ ਵਾਲੀ ਦਾ ਮਰ ਗਿਆ ਮਾਸੜ, ਅੱਜ ਸਵੇਰੇ ਤੜ੍ਹਕੇ

ਸਸਕਾਰ ਉਹਦਾ ਅੱਜ ਕਰ ਦੇਣਾ, ਤੇ ਐਤਵਾਰ ਨੂੰ ਚੌਥਾ
ਐਤਵਾਰ ਨੂੰ ਆਇਉ ਸਾਰੇ, ਹੈ ਬਾਰਾਂ ਵਜੇ ਦਾ ਮੌਕਾ

ਤੇ ਅਗਲੇ ਐਤਵਾਰ ਨੂੰ ਉਹਦਾ, ਭੋਗ ਘਰੇ ਹੀ ਪਾਉਣਾ
ਹ੍ਹੱਥ ਜੋੜ ਕੇ ਬਿਨੈ ਅਸਾਡੀ, ਸਭ ਨੇ ਉਸ ਦਿਨ ਆਉਣਾ

ਧੁਮ-ਧਾਮ ਨਾਲ ਕੱਠ ਕਰਾਂਗੇ, ਵਰਤੂ ਖੂਬ ਜਲੇਬੀ
ਐਤਵਾਰ ਨੂੰ ਸਾਰੇ ਆਇਓ, ਕਹਿੰਦਾ ਛੋਟਾ ਦੇਬੀ

ਵੱਜਾ ਕਾਰ ਦਾ ਲੰਮਾ ਹਾਰਨ, ਮੈਂ ਗੇਟ ਵਲ ਨੂੰ ਭੱਜਾ
ਐਤਵਾਰ ਨੂੰ ਭਾਈਆ ਸਾਡਾ, ਦਾਰੂ ਦੇ ਨਾਲ ਰੱਜਾ

ਕਹਿੰਦਾ! ਬੈਠੋ ਕਾਰ ਦੇ ਅੰਦਰ, ਪੈੱਗ ਪੈੱਗ ਹੈ ਲਾਉਣਾ
ਮੂਡ ਬਣਾ ਕੇ ਸਹੁਰਿਆਂ ਘਰ, ਆਇਆ ਅੱਜ ਪ੍ਰਾਹੁਣਾ

ਮੈਂ, ਇੱਕੋ ਵਾਰੀ ਪਾ ਦੇਣੀ, ਤੇ ਦੂਜੀ ਵਾਰ ਨਹੀਂ ਪਾਉਣੀ
ਮੁਰਗਾਮੱਛੀ ਕਰੋ ਫਰਾਈ, ਅੱਜ ਆਪਾਂ ਖੁਸ਼ੀ ਮਨਾਉਣੀ

ਜਦ ਪੰਜਾਂ ਸੱਤਾਂ ਮਿੰਟਾਂ ਅੰਦਰ, ਲੈੱਗ ਪੀਸ ਨਾ ਆਇਆ
ਤਾਂ ਭਾਈਏ ਉੱਤਰ ਗੱਡੀ ਵਿਚੋਂ, ਡ੍ਹਾਢਾ ਭੱੜਥੂ ਪਾਇਆ

ਕਹਿੰਦਾ ਕਾਕੇ ਦਾ ਹੈ ਠਾਕਾ, ਕੱਲ੍ਹ ਪਰਹੁਣੇ ਆਉਣੇ
ਮਾਮੇ ਦਾ ਵੀ ਜ਼ੌਹਰ ਵੇਖਣਾ, ਸਾਰੇ ਸ਼ਗਨ ਮਨਾਉਣੇ

ਐਤਵਾਰ ਦਿਨ ਕਰਮਾਂ ਵਾਲਾ, ਸਾਡੇ ਘਰ ਵੀ ਆਇਆ
ਠਾਕੇ ਤੋਂ ਕੋਈ ਲੇਟ ਨਾ ਹੋਵੇ, ਭਾਈਏ ਨੇ ਫਰਮਾਇਆ

ਸੁਭ੍ਹਾ-ਸਵੇਰੇ ਭਾਈਏ ਸਾਡੇ, ਘਰ ਚ ਪਾਈ ਘਸੂੜੀ
ਗਾਲਾਂ ਕਢਦਾ ਤੁਰਿਆ ਜਾਵੇ, ਮੱਥੇ ਤੇ ਪਾ ਤਿਊੜੀ

ਧਰਤੀ ਉਤੇ ਪੈਰ ਨਾ ਲੱਗਣ, ਰੌਲਾ ਪਾਉਂਦਾ ਜਾਵੇ
ਮੈਨੂੰ ਨਹੀਂ ਪ੍ਰਵਾਹ ਕਿਸੇ ਦੀ, ਆਵੇ ਨਾ ਕੋਈ ਆਵੇ

ਓਧਰੋਂ ਸਾਲੇ ਦੇ ਕਾਕੇ ਦਾ, ਹੈ ਇਨਵੀਟੇਸ਼ਨ ਆਇਆ
ਛੁੱਟੀ ਵਾਲਾ ਦਿਨ ਉਹਨਾਂ ਨੇ, ਕਹਿ ਕੇ ਹੈ ਰਖਵਾਇਆ

ਐਤਵਾਰ ਬਰਾਤ ਚੜ੍ਹੇਗੀ, ਤੁਸੀਂ ਪਹਿਲਾਂ ਹੀ ਆਉਣਾ
ਵਿਆਹ ਬਾਰੇ ਕੋਈ ਗੱਲ ਕਰਾਂਗੇ, ਨਾਲੇ ਤੇਲ ਚੜ੍ਹਾਉਣਾ

ਫਿਰ ਅਗਲੇ ਐਤਵਾਰ ਨੂੰ ਰੱਖੀ, ਪੈਲੇਸ ਵਿਚ ਰਿਸ਼ੈਪਸ਼ਨ
ਗਾਉਣ ਵਾਲੀ ਦੇ ਵੇਖਾਂਗੇ ਫਿਰ, ਪੀ ਕੇ ਆਪਾਂ ਐਕਸ਼ਨ

ਉਹਤੋਂ ਅਗਲੇ ਐਤਵਾਰ, ਅਸੀਂ ਕੁੜਮਾਂ ਦੇ ਘਰ ਜਾਣਾ
ਫਿਰ ਆਉਂਦੇ ਐਤਵਾਰ ਨੂੰ, ਉਨ੍ਹਾਂ ਸਾਡੇ ਵਿਹੜੇ ਆਉਣਾ
       
ਪਰ! ਜੋਤਸ਼ੀ ਕਿਹਾ ਸੀ ਮੈਨੂੰ, ਐਤਵਾਰ ਕਿਤੇ ਨਹੀਂ ਜਾਣਾ
ਜੇ ਮਜ਼ਬੂਰੀ ਜਾਣਾ ਪੈ ਜਾਏ, ਤਾਂ ਬਾਹਰੋਂ ਕੁਝ ਨਹੀਂ ਖਾਣਾ

ਸੋਚਾਂ ਦੇ ਵਿਚ ਟੱਬਰ ਡੁੱਬਾ, ਜਾਈਏ ਕਿ ਨਾ ਜਾਈਏ
ਐਤਵਾਰ ਸਫਰ ਨਹੀਂ ਕਰਨਾ, ਮੁੜ ਐਵੇਂ ਨਾ ਪਛਤਾਈਏ

ਹੈ ਤਾਂਤਰਿਕ ਨੂੰ ਪੁੱਛਕੇ ਤੁਰਦੇ, ਕਈ ਦੇਸ਼ ਮੇਰੇ ਦੇ ਨੇਤਾ
ਉਹ ਰਿਸ਼ਵਤ ਦਾ ਦਸਵੰਧ ਚੜ੍ਹਾਉਂਦੇ, ਬਾਬਾ ਜੀ ਦੀ ਭੇਟਾ

ਬੱਚੇ ਡਾਢ੍ਹੇ  ਖਹਿੜੇ ਪੈ ਗਏ, ਇਹ ਛੱਡੋ ਸਭ ਵਿਚਾਰਾਂ  
ਪੜ੍ਹੇ-ਲਿਖੇ ਵਿਦਵਾਨ ਵੀ ਡੁੱਬੇ, ਇਹ ਤੋੜੋ ਸਭ ਦੀਵਾਰਾਂ

ਤੋਬਾ! ਰੱਬ ਦੀ ਤੋਬਾ ਲੋਕੋ! ਕਿਤੇ ਆਵੇ ਨਾ ਐਤਵਾਰ
ਫਿਰ ਵੀ ਮਨ ਨੂੰ ਆਖੀ ਜਾਵਾਂ, ਕਿ ਭਲੀ ਕਰੂ ਕਰਤਾਰ

ਕੀ? ਐਤਵਾਰ ਹੀ ਜੰਮਦੇ ਸਾਰੇ ਤੇ ਐਤਵਾਰ ਹੀ ਮਰਦੇ
ਬ੍ਰਿਹੀਣਾਂ, ਚੌਥਾ ਅਤੇ ਮਕਾਣਾਂ, ਹੁਣ ਐਤਵਾਰ ਹੀ ਕਰਦੇ

ਮੀਟਿੰਗ, ਪਿੱਟਸਿਆਪਾ ਸਾਰਾ, ਹੈ ਐਤਵਾਰ ਦਾ ਰੋਣਾ
ਵਿਆਹ, ਠਾਕਾ ਤੇ ਜਨਮ ਦਿਹਾੜਾ ਐਤਵਾਰ ਹੀ ਆਉਣਾ

ਪੈ ਜਾਣੀਆਂ ਸਿਰ ਚ ਜੂੰਆਂ, ਜੇ ਐਤਵਾਰ ਨਾ ਨ੍ਹਾਤਾ
ਸੁਹਲਸੱਚੀ ਇਹ ਕਹਾਣੀ, ਨਾ ਕੋਈ ਆਤਾ-ਬਾਤਾ

****



Post a Comment