ਲੱਖਾਂ ਲਾ ਕੇ ਕਰੀ ਪੜ੍ਹਾਈ………… ਗੀਤ / ਬਲਵਿੰਦਰ ਸਿੰਘ ਮੋਹੀ

ਖੁਸ਼ੀ ਨਾਲ ਸੀ ਖੀਵੇ ਮਾਪੇ ਪੁੱਤ ਪੜ੍ਹਣ ਲਈ ਚੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਬਚਪਨ ਵਾਲੀ ਸਾਰ ਰਹੀ ਨਾ ਰਹੇ ਟਿਊਸ਼ਨਾਂ ਲਾਉਂਦੇ,
ਪੜ੍ਹ ਲਿਖ ਕੇ ਹੀ ਬਣੂੰ ਜ਼ਿੰਦਗੀ ਮਾਪੇ ਸੀ ਸਮਝਾਉਂਦੇ,
ਮੰਮੀ- ਡੈਡੀ ਕਰਨ ਨੌਕਰੀ ਘਰ ਵਿੱਚ ਰਹਿਣਾ ਕੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਹੱਸਣ- ਖੇਡਣ ਸਾਡਾ ਮੁੱਕਾ ਸ਼ਾਮ ਢਲੀ ਘਰ ਆਉਂਦੇ,
ਪੜ੍ਹ ਪੜ੍ਹ ਨਜ਼ਰ ਘਟਾ ਲਈ ਤੇ ਹੁਣ ਮੋਟੀ ਐਨਕ ਲਾਉਂਦੇ,
ਫਸਟ ਡਿਵੀਜ਼ਨ ਆਈ ਸੀ ਜਦ ਹੋਏ ਖੁਸ਼ੀ ਵਿੱਚ ਝੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਕਹੇ ਹਕੂਮਤ ਸਾਰੇ ਪੜ੍ਹ ਲੳੋ ਅਸੀਂ ਨੌਕਰੀ ਲਿਆਏ,
ਪੈਰ ਪੈਰ ਤੇ ਕਾਲਜ ਖੁੱਲ ਗਏੇ ਕੋਰਸ ਨਵੇਂ ਚਲਾਏ.
ਕਾਲਜ ਵਾਲਿਆਂ ਬੇਸ਼ੱਕ ਦੇਖੋ ਭਰ ਲਏ ਆਪਣੇ ਗੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਬੇ-ਰੁਜ਼ਗਾਰੀ ਬਣੀ ਮੁਸੀਬਤ ਨਸ਼ਿਆਂ ਪੈਰ ਪਸਾਰੇ,
ਇੱਕ ਨੌਕਰੀ ਲੈਣ ਵਾਸਤੇ ਕਿੰਨੇ ਫਿਰਨ ਵਿਚਾਰੇ,
ਨਸ਼ਿਆਂ ਦੇ ਸੌਦਾਗਰ ਕਹਿੰਦੇ ਹੋ ਗਈ ਬੱਲੇ-ਬੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਵਿਹਲੇ ਗੱਭਰੂ ਦੇਖ ਏਜੰਟਾਂ ਥਾਂ-ਥਾਂ ਜਾਲ ਵਿਛਾਏ,
ਬਾਹਰ ਜਾਣ ਨੂੰ ਕਾਹਲੇ ਮੁੰਡੇ ਕਰਜ਼ੇ ਲੈ ਕੇ ਆਏ,
ਭੁੱਖੇ ਮਰਦੇ ਕੀ ਨਾ ਕਰਦੇ ਛੱਡ ਘਰਾਂ ਨੂੰ ਚੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਮਾਪੇ ਘਰ ਵਿੱਚ ਪੌਂਡ ਉਡੀਕਣ ਪੁੱਤ ਕਹਿਣ ਬਈ ਔਖੇ,
ਵਿੱਚ ਵਿਦੇਸ਼ਾਂ ਆ ਗਏ ਫਿਰ ਵੀ ਕੰਮ ਨਾ ਮਿਲਦੇ ਸੌਖੇ,
‘ਮੋਹੀ’ ਨੂੰ ਹੁਣ ਦਾਣਾ-ਪਾਣੀ ਖੌਰੇ ਕਿੱਧਰ ਘੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਖੁਸ਼ੀ ਨਾਲ ਸੀ ਖੀਵੇ ਮਾਪੇ ਪੁੱਤ ਪੜ੍ਹਣ ਲਈ ਚੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

***

No comments: