ਚਮਤਕਾਰ ਕੋ ਨਮਸਕਾਰ........ ਲੇਖ / ਮਿੰਟੂ ਬਰਾੜ

ਦੋਸਤੋ! ਅੱਜ ਦੀਵਾਲ਼ੀ ਦੀ ਰਾਤ ਹੈ, ਕੋਈ ਦੀਵੇ ਜਗਾ ਰਿਹਾ ਤੇ ਕੋਈ ਪਟਾਕੇ ਚਲਾ ਰਿਹਾ। ਸਾਡਾ ਅੰਦਰਲਾ ਲੇਖਕ ਕਹਿੰਦਾ ਕਿ ਕੀ ਹੋਇਆ ਤੂੰ ਵਿਦੇਸ਼ 'ਚ ਬੈਠਾ। ਤੂੰ ਦੀਵੇ ਨਹੀਂ ਤਾਂ ਆਪਣਾ ਆਪ ਮਚਾ ਲੈ! ਕੀ ਪਤਾ ਤੇਰੇ ਮੱਚਣ ਦੇ ਇਸ ਚਾਨਣ ਨਾਲ ਕਿਸੇ ਦਾ ਹਨੇਰਾ ਦੂਰ ਹੋ ਜਾਵੇ। ਸ਼ਾਇਦ ਕੋਈ ਠੇਡਾ ਖਾਣ ਤੋਂ ਬਚ ਜਾਵੇ। ਸੋ ਅਸੀਂ ਤਾਂ ਫੇਰ ਪਾ ਲਿਆ ਆਪਣੀ ਕਲਮ 'ਚ ਤੇਲ, ਤੇ ਸੀਖ ਘਸਾ ਦਿੱਤੀ ਮੈਡਮ ਮਨਦੀਪ ਕੌਰ ਨੇ। ਹੁਣ ਤੁਸੀਂ ਪੁੱਛੋਗੇ ਕਿ ਇਹ ਮੈਡਮ ਕੀ ਚੀਜ ਹੈ। ਸੋ ਦੋਸਤੋ! ਕਾਹਲ ਨਾ ਕਰੋ ਮਿਲਾਉਣੇ ਹਾਂ ਤੁਹਾਨੂੰ ਵੀ ਮੈਡਮ ਜੀ ਨਾਲ।

ਬਹੁਤ ਚਿਰਾਂ ਤੋਂ ਇਕ ਗੱਲ ਮੇਰੇ ਸੰਘ 'ਚ ਫਸੀ ਪਈ ਸੀ। ਕਈ ਬਾਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਢੁੱਕਵਾਂ ਮਾਹੌਲ ਨਹੀਂ ਬਣਿਆ। ਅੱਜ ਇਸ ਕਾਂਡ ਨੇ ਮਾਹੌਲ ਹੀ ਅਜਿਹਾ ਸਿਰਜ ਦਿਤਾ ਕਿ ਹੁਣ ਨਾ ਚਾਹੁੰਦੇ ਹੋਏ ਵੀ ਲਿਖਣ ਬੈਠ ਗਿਆ। ਲਓ ਜੀ ਪਹਿਲਾਂ ਕਾਂਡ ਸੁਣ ਲਵੋ, ਸੰਘ ਵਾਲੀ ਗੱਲ ਫੇਰ ਕੱਢਦੇ ਹਾਂ;

ਕੱਲ੍ਹ ਮੂੰਹ ਨ੍ਹੇਰੇ ਹੀ ਬਾਈ ਬੋਪਾਰਾਏ ਦਾ ਫ਼ੋਨ ਆ ਗਿਆ, "ਦੀ ਪੰਜਾਬ" ਅਖ਼ਬਾਰ ਵਾਲਿਆਂ ਦਾ। ਇਕ ਬਾਰ ਤਾਂ ਮੈਂ ਡਰ ਜਿਹਾ ਗਿਆ ਕਿ ਖੌਰੇ ਸੁੱਖ ਹੋਵੇ! ਅਕਸਰ ਹੀ ਬੋਪਾਰਾਏ ਸਾਹਿਬ ਫ਼ੋਨ ਮਿਲਾ ਕੇ ਗੱਲ ਭੁੱਲ ਜਾਂਦੇ ਹਨ। ਫੇਰ ਹੌਲੀ ਹੌਲੀ ਸਟਾਰਟ ਜਿਹੇ ਹੁੰਦੇ ਹਨ। ਪਰ ਅੱਜ ਤਾਂ ਪਤਾ ਨਹੀਂ ਜਿਵੇਂ ਕਿਸੇ ਨੇ ਉਨ੍ਹਾਂ ਦੀ ਪੂਛ ਤੇ ਪੈਰ ਧਰ ਦਿੱਤਾ ਹੋਵੇ! ਪਟਾਕ-ਪਟਾਕ ਹੀ ਉੱਧੜਨ ਲਗ ਪਏ। ਕਹਿੰਦੇ "ਮਿੰਟੂ ਆਹ ਕੰਪਿਊਟਰ ਖੁਲ੍ਹਾ ਤੇਰਾ? ਤਾਂ ਆਹ ਜੱਗਬਾਣੀ ਅਖ਼ਬਾਰ ਖੋਲ੍ਹ, ਉਏ ਦੇਖ! ਉਏ ਕੀ ਲੁੱਟ ਮਚਾ ਰੱਖੀ ਆ। ਉਏ ਜਵਾਂ ਹੀ ਠੱਗਣੀ ਹੈ ਯਾਰ, ਫ਼ੋਨ ਕੱਟ ਕੇ ਭੱਜ ਗਈ। ਵੱਡੀ ਜਾਦੂਗਰਨੀ ਨੂੰ ਇਕ ਸਵਾਲ ਦਾ ਜਵਾਬ ਵੀ ਨਹੀਂ ਆਇਆ"। ਬੱਸ ਇਕੋ ਸਾਹ ਹੀ ਖ਼ਾਸਾ ਕੁਝ ਸੁਣਾ ਗਏ। ਉਹਨਾਂ ਨਾਲ ਹਰ ਰੋਜ ਗੱਲਬਾਤ ਕਰਨ ਕਰਕੇ ਮੈਂ ਉਹ ਵੀ ਸਮਝ ਗਿਆ ਜੋ ਉਹਨਾਂ ਕਹਿ ਦਿੱਤੀਆ ਤੇ ਮੈਂ ਉਹ ਵੀ ਸਮਝ ਗਿਆ ਜੋ ਉਹ ਕਹਿਣਾ ਚਾਹੁੰਦੇ ਸਨ। ਪਰ ਹਾਲੇ ਬਾਈ ਬੋਪਾਰਾਏ ਦਾ ਦਿਲ ਹੌਲਾ ਨਹੀਂ ਸੀ ਹੋਇਆ ਲਗਦਾ। ''ਮਿੰਟੂ ਤੂੰ ਵੀ ਕਰ ਇਹਨੂੰ ਫ਼ੋਨ ਤੇ ਇੰਡੀਆ 'ਚ ਦਿਨ ਚੜ੍ਹਨ ਦੇ, ਮੈਂ ਕਰਦਾ ਤਰਕਸ਼ੀਲਾਂ ਨੂੰ''।

ਏਨੇ ਚਿਰ 'ਚ ਮੈਂ ਜੱਗਬਾਣੀ ਦੇ ਮੂਹਰਲੇ ਪੰਨੇ ਤੇ ਸਾਰੀ ਰਾਮ ਕਹਾਣੀ ਦੇਖ ਚੁੱਕਿਆ ਸੀ। ਜਿਸ ਵਿੱਚ ਇੱਕ ਪੂਰਾ ਇਸ਼ਤਿਹਾਰ ਲੱਗਿਆ ਸੀ ਕਿ "ਸਾਰੇ ਸੰਸਾਰ ਨੂੰ ਖੁਲ੍ਹਾ ਚੈਲੇਂਜ", 'ਪ੍ਰਸਿੱਧ ਤਾਂਤਰਿਕ ਅਤੇ ਜੋਤਿਸ਼ ਸਮਰਾਟ ਮੈਡਮ ਮਨਦੀਪ ਕੌਰ ਵੱਲੋਂ" ਤੇ ਨਾਲ ਇਕ ਪੰਚ ਲਾਈਨ ਵੀ ਸੀ ਕਿ ''ਚਮਤਕਾਰ ਨੂੰ ਚਮਤਕਾਰ ਤਾਂ ਹੀ ਕਿਹਾ ਜਾਂਦਾ ਕਿਉਂਕਿ ਉਸ ਨੂੰ ਕੋਈ ਨਹੀਂ ਕਰ ਸਕਦਾ"। ਬਾਕੀ ਆਮ ਪ੍ਰਚਲਤ ਗੱਲਾਂ ਤੋਂ ਬਿਨਾਂ ਇਕ ਜਿਹੜੀ ਖ਼ਾਸ ਗੱਲ ਇਸ ਇਸ਼ਤਿਹਾਰ ਵਿੱਚ ਸਭ ਨੂੰ ਆਪਣੇ ਵੱਲ ਖਿੱਚ ਰਹੀ ਸੀ, ਉਹ ਸੀ, ਵੱਖੋ ਵੱਖ ਪੰਜ ਲਾਟਰੀ ਜੇਤੂਆਂ ਦੀਆਂ ਅਸਲੀ ਤਸਵੀਰਾਂ ਤੇ ਵੇਰਵੇ। ਬਸ ਆਪਣੀ ਫੋਟੋ ਦੀ ਥਾਂ ਮੈਡਮ ਮਨਦੀਪ ਕੌਰ ਨੇ ਕਿਸੇ ਅਮਰੀਕਨ ਸਿੱਖ ਬੀਬੀ ਦੀ ਫੋਟੋ ਲਾ ਰੱਖੀ ਸੀ। ਬਾਕੀ ਇਸ਼ਤਿਹਾਰ ਨੂੰ ਹੋਰ ਜਜ਼ਬਾਤੀ ਬਣਾਉਣ ਲਈ ਪੀਰਾਂ ਦੀ ਧਰਤੀ ਮਲੇਰ ਕੋਟਲਾ ਦਾ ਨਾਂ ਵੀ ਲਿਖਿਆ ਹੋਇਆ ਸੀ। ਇਹ ਇਸ਼ਤਿਹਾਰ ਦੇਖ ਕੇ ਏਨੇ ਅਚਿੰਭਤ ਹੋਣ ਵਾਲੀ ਵੀ ਕੋਈ ਗੱਲ ਨਹੀਂ ਸੀ। ਕਿਉਂਕਿ ਹਰ ਰੋਜ ਹੀ ਇਹੋ ਜਿਹੀਆਂ ਚੀਜ਼ਾਂ ਮੇਰੇ ਭਾਰਤ ਮਹਾਨ 'ਚ ਹੁੰਦੀਆਂ ਹੀ ਰਹਿੰਦੀਆਂ ਹਨ। ਭਾਵੇਂ ਉਸ ਦਿਨ ਸੀ ਤਾਂ ਮੇਰਾ ''ਡੇ ਆਫ਼'' ਪਰ ਹਾਲੇ ਤੜਕੇ ਤੜਕੇ ਚਾਹ ਪਾਣੀ ਬਿਨਾਂ ਸਰੀਰ ਜਿਹਾ ਨਹੀਂ ਬਣਿਆ ਸੀ। ਸੋ ਇਕ ਬਾਰ ਤਾਂ ਬਾਈ ਜੀ ਨੂੰ ਬਹਾਨਾ ਜਿਹਾ ਲਾ ਦਿਤਾ ਕਿ ਕੋਈ ਨਾ ਆਪਾਂ ਇਸ ਦੀ ਤਹਿ ਤਕ ਜਾਣੇ ਹਾਂ।

ਥੋੜ੍ਹੇ ਜਿਹਾ ਨਿੱਤ ਨੇਮ ਤੋਂ ਵਿਹਲਾ ਹੁੰਦਿਆਂ ਫੇਰ ਲੈਪਟਾਪ ਮੂਹਰੇ ਆ ਬੈਠਿਆ। ਫੇਰ ਉਹੀ ਬੀਬੀ ਦਾ ਇਸ਼ਤਿਹਾਰ ਖੋਲ੍ਹ ਲਿਆ ਤੇ ਕਾਲ ਕੀਤੀ। ਮੂਹਰੋਂ ਮੈਡਮ ਜੀ ਨੇ ਫ਼ੋਨ ਚੱਕ ਲਿਆ ਤੇ ਕਹਿੰਦੇ ਕਿਥੋਂ ਬੋਲਦੇ ਹੋ? ਮੈਂ ਕਿਹਾ ਜੀ ਮੈਂ ਨਿਊਜ਼ੀਲੈਂਡ ਤੋਂ ਬੋਲਦਾ ਹਾਂ। ਭਾਵੇਂ ਮੈਡਮ ਜੀ ਦੀ ਆਵਾਜ਼ ਤੋਂ ਪੂਰੇ ਦਾ ਪੂਰਾ ਪੇਂਡੂਪਨ ਝਲਕਦਾ ਸੀ ਪਰ ਉਸ ਨੇ ਮੇਰਾ ਨੰਬਰ ਪਛਾਣਨ 'ਚ ਬਿੰਦ ਨਾ ਲਾਇਆ। ਕਹਿੰਦੀ ਨੰਬਰ ਤੁਹਾਡਾ ਆਸਟ੍ਰੇਲੀਆ ਦਾ ਹੈ? ਮੈਂ ਬਹਾਨਾ ਲਾਇਆ ਕਿ ਕਾਲਿੰਗ ਕਾਰਡ ਤੋਂ ਕਰ ਰਿਹਾ ਹਾਂ। ਉਸ ਨੂੰ ਥੋੜ੍ਹੀ ਜਿਹੀ ਤਸੱਲੀ ਹੋਈ। ਉਸ ਨੇ ਮੇਰੀ ਡਿਟੇਲ ਪੁੱਛੀ ਤਾਂ ਮੈਂ ਆਪਣੇ ਆਪ ਨੂੰ ਮੈਡਮ ਕੋਲ ''ਜਸਬੀਰ ਸਿੰਘ ਜੱਸਾ'' ਬਣਾ ਦਿਤਾ ਤੇ ਕਹਿ ਦਿਤਾ ਕਿ ਆਕਲੈਂਡ ਤੋਂ ਹਾਂ। ਕਿਉਂਕਿ ਬੋਪਾਰਾਏ ਦੇ ਫੋਨ ਤੋਂ ਬਾਅਦ ਦੇ ਮੈਡਮ ਜੀ ਆਸਟ੍ਰੇਲੀਆ ਦੇ ਨੰਬਰ ਤੋਂ ਡਰਦੇ ਲਗਦੇ ਸਨ। ਮੈਡਮ ਜੀ ਕਹਿੰਦੇ ਅੱਧੇ ਘੰਟੇ ਨੂੰ ਫ਼ੋਨ ਕਰਿਓ। ਅਸੀਂ ਉਦੋਂ ਤਕ ਤੁਹਾਡੇ ਬਾਰੇ ਇਲਮ ਲਗਾਉਣੇ ਹਾਂ। ਚਲੋ ਜੀ ਅਸੀਂ ਅੱਧੇ ਘੰਟੇ ਨੂੰ ਫੇਰ ਮਿਲਾ ਲਿਆ ਮੂਹਰੋਂ ਫੇਰ ਵੀਹ ਮਿੰਟ ਬਾਅਦ ਕਾਲ ਕਰਨ ਨੂੰ ਕਿਹਾ। ਹੁਣ ਤਕ ਮੇਰੀ ਦਿਲਚਸਪੀ ਵੀ ਇਸ ਕੇਸ 'ਚ ਵੱਧ ਗਈ ਸੀ ਤੇ ਘੜੀ ਤੇ ਵੀਹ ਮਿੰਟ ਦੇਖਣ ਲਗ ਪਿਆ ਕਿ ਕਦੋਂ ਹੁੰਦੇ ਆ ।

ਇਸੇ ਦੌਰਾਨ ਅਮਨਦੀਪ ਸਿੱਧੂ ਹੋਰਾਂ ਦਾ ਫ਼ੋਨ ਆ ਗਿਆ। ਕਹਿੰਦੇ ਭਾਜੀ ਅੱਜ ਕਿਵੇਂ ਘਰ ਹੀ ਬੈਠੇ ਹੋ? ਚਲੋ ਕੁਝ ਹਰਮਨ ਰੇਡੀਓ ਦੇ ਲਾਹੌਰ ਵਾਲੇ ਸਟੂਡੀਓ ਦੀ ਤਕਨੀਕੀ ਸੈੱਟਿੰਗ ਹੀ ਕਰ ਲਈਏ। ਪਰ ਜਦੋਂ ਮੈਂ ਇਸ ਬੀਬੀ ਬਾਰੇ ਦੱਸਣ ਲਗਿਆ ਤਾਂ ਉਹ ਕਹਿੰਦੇ ਭਾਜੀ ਅਸਲ 'ਚ ਮੈਂ ਫ਼ੋਨ ਇਸੇ ਕਰਕੇ ਹੀ ਕੀਤਾ ਸੀ। ਕੱਲ੍ਹ ਦਾ ਮੇਰੇ ਤੇ ਵੀ ਹਰਮਨ ਰੇਡੀਓ ਦੇ ਸਰੋਤਿਆਂ ਦਾ ਪ੍ਰੈਸ਼ਰ ਪੈ ਰਿਹਾ। ਹੁਣ ਤਕ ਕਈ ਫ਼ੋਨ ਤੇ ਈ ਮੇਲ ਆ ਚੁੱਕੇ ਹਨ। ਆਪਾਂ ਨੂੰ ਕੁਝ ਕਰਨਾ ਚਾਹੀਦਾ! ਅੱਜ ਸ਼ਾਮ ਨੂੰ ਪਰਮਿੰਦਰ ਸਿੰਘ ਟਿਵਾਣਾ ਦੇ ਪ੍ਰੋਗਰਾਮ ਖ਼ਬਰ-ਸਾਰ 'ਚ ਇਸ ਬਾਰੇ ਗੱਲ ਕਰਦੇ ਹਾਂ। ਅਮਨ ਦੀ ਗੱਲ ਸੁਣਦਿਆਂ ਮੈਨੂੰ ਇੰਝ ਲੱਗਿਆ ਜਿਵੇਂ ਪਹਿਲਾਂ ਬੋਪਾਰਾਏ ਨੇ ਹਰੀ ਝੰਡੀ ਦੇ ਦਿੱਤੀ ਸੀ ਤੇ ਹੁਣ ਅਮਨਦੀਪ ਨੇ ਗੱਡੀ ਤੋਰਨ ਲਈ ਸੀਟੀ ਮਾਰ ਦਿੱਤੀ ਹੋਵੇ। ਬਸ ਏਨੇ ਕੁ ਹੌਸਲੇ ਨਾਲ ਆਪਾਂ ਵੀ ਖਿੱਚ ਲਈ ਤਿਆਰੀ।

ਅਮਨਦੀਪ ਸਿੱਧੂ ਬਾਰੇ ਜਿੰਨਾ ਕੁ ਮੈਨੂੰ ਪਤਾ ਉਹ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਇਕ ਵਧੀਆ ਆਗੂ ਵੀ ਹੈ। ਉਸਦੀ ਯੋਗ ਅਗਵਾਈ 'ਚ ਹਰਮਨ ਰੇਡੀਓ ਦੇ ਹੁਣ ਤਕ ਦੇ ਸਫ਼ਰ ਨੇ ਉਸ ਦੀ ਇਸ ਕਾਬਲੀਅਤ ਨੂੰ ਸਾਬਤ ਵੀ ਕਰ ਦਿਤਾ ਹੈ। ਕੁਝ ਜਿਆਦਾ ਹੀ ਸਾਊ ਸੁਭਾਅ ਦਾ ਮਾਲਕ ਹੈ। ਛੇਤੀ ਕਰਕੇ ਕਿਸੇ ਦੇ ਸਿਰੇ ਨਹੀਂ ਜਾਂਦਾ ਤੇ ਜੇ ਇੱਕ ਵਾਰ ਕਿਸੇ ਨੂੰ ਨਜ਼ਰਾਂ ਚੋਂ ਲਾਹ ਦੇਵੇ ਤਾਂ ਫੇਰ ਸਿਰਾ ਲਾ ਕੇ ਹੀ ਖੜ੍ਹਦਾ। ਅੱਜ ਮੈਨੂੰ ਅਮਨ ਦੀ ਆਵਾਜ਼ 'ਚ ਕੁਝ ਪੀੜ ਦਿਖਾਈ ਦਿੱਤੀ। ਠੰਢੇ ਸੁਭਾਅ ਦਾ ਮਾਲਕ ਅਮਨ ਅੱਜ ਇਸ ਮਾਮਲੇ 'ਚ ਕੁਝ ਜਿਆਦਾ ਹੀ ਉਤਾਵਲਾ ਦਿਸਿਆ। ਮੈਂ ਕਿਹਾ ਕਿ ਸਿੱਧੂ ਸਾਹਿਬ ਤੁਸੀ ਮੇਰੀ ਈ ਮੇਲ ਦਾ ਇੰਤਜ਼ਾਰ ਕਰੋ।

ਬਸ ਏਨੇ ਨੂੰ ਫੇਰ ਮੈਡਮ ਨੂੰ ਮਿਲਾ ਲਿਆ ਫ਼ੋਨ। ਕਹਿੰਦੇ, ''ਜੀ ਤੁਹਾਡਾ ਕੰਮ ਹੋ ਜਾਊ ਬੱਸ ਥੋੜ੍ਹਾ ਖ਼ਰਚ ਕਰਨਾ ਪਊ''। ਅਸੀਂ ਵੀ ਹਾਮੀ ਭਰ ਦਿੱਤੀ ਕਿ ਹਿਸਾਬ ਸਿਰ ਲੈ ਲਿਉ ਜੀ। ਉਸ ਨੇ ਹੌਲੀ ਕੁ ਦਿਨੇ ਤਿੰਨ ਕੁ ਸੌ ਡਾਲਰ ਦਾ ਟੀਕਾ ਲਾ ਦਿਤਾ। ਸਾਡੀ ਲੰਮੀ ਚੌੜੀ ਵਾਰਤਾ ਹੋਈ, ਜੋ ਤੁਸੀ ਹਰਮਨ ਰੇਡੀਓ ਡਾਟ ਕੌਮ ਤੇ ਸੁਣ ਸਕਦੇ ਹੋ।ਇਸ ਦਾ ਲਿੰਕ ਵੀ ਆਪ ਜੀ ਦੀ ਸਹੂਲਤ ਲਈ ਇਸ ਲੇਖ ਦੇ ਅੰਤ ਵਿੱਚ ਲਾ ਦਿਤਾ ਹੈ। ਸ਼ਾਮ ਨੂੰ ਟਿਵਾਣਾ ਸਾਹਿਬ ਜਿਹੜੇ ਹਰ ਰੋਜ ਸਿੰਗਾਂ ਨੂੰ ਤੇਲ ਲਾ ਕੇ ਹੀ ਘਰੋਂ ਨਿਕਲਦੇ ਹਨ, ਨਾਲ ਜਦੋਂ ਮੇਰੀ ਗੱਲਬਾਤ ਹੋਈ। ਉਹਨਾਂ ਕੋਲ ਮੈਡਮ ਨਾਲ ਗੱਲਬਾਤ ਦੀ ਰਿਕਾਰਡਿੰਗ ਪਹੁੰਚ ਚੁੱਕੀ ਸੀ। ਬੱਸ ਫੇਰ ਕੀ! ਟਿਵਾਣਾ ਸਾਹਿਬ ਨੇ ਰੇਡੀਓ ਬ੍ਰਾਡਕਾਸਟਿੰਗ 'ਚ ਆਪਣੇ ਲੰਮੇ ਤਜਰਬੇ ਨੂੰ ਇਸ ਕਾਂਡ 'ਚ ਝੋਕ ਦਿਤਾ ਤੇ ਮੈਡਮ ਜੀ ਦੀ ਕੱਢ ਦਿੱਤੀ ਪੁੱਛ, ਤੇ ਕਰ ਦਿੱਤੀ ਬੈਟਰੀ ਡਾਊਨ।

ਇਸ ਸਾਰੇ ਕਾਂਡ ਦੌਰਾਨ ਸਾਡੀ ਗੱਲ ਆਸਟ੍ਰੇਲੀਆ 'ਚ ਜੱਗਬਾਣੀ ਅਖ਼ਬਾਰ ਦੇ ਨੁਮਾਇੰਦੇ ''ਖੇਲਾ ਭਰਾਵਾਂ'' ਨਾਲ ਹੋਈ। ਤਾਂ ਉਹ ਕਹਿੰਦੇ ਵੀਰ ਅਸੀਂ ਤਾਂ ਆਪ ਇਸ ਅਡਵਰਟਾਈਜ਼ ਨਾਲ ਨਿਰਾਸ਼ ਹਾਂ। ਹੁਣੇ ਹੈੱਡ ਆਫਿਸ 'ਚ ਗੱਲ ਕਰਦੇ ਹਾਂ। ਉਧਰ ਜਦੋਂ ਸਾਰਾ ਸਟ੍ਰਿੰਗ ਅਪ੍ਰੇਸ਼ਨ ਹਰਮਨ ਰੇਡੀਓ ਤੇ ਪ੍ਰਸਾਰਿਤ ਹੋਇਆ ਤਾਂ ਜੱਗਬਾਣੀ ਦੇ ਇਕ ਨੁਮਾਇੰਦੇ ਸੈਂਡੀ ਸਿੰਘ ਨੇ ਇਸ ਗ਼ਲਤੀ ਬਾਰੇ ਉਹਨਾਂ ਦਾ ਧਿਆਨ ਦਿਵਾਉਣ ਲਈ ਧੰਨਵਾਦ ਕੀਤਾ ਤੇ ਛੇਤੀ ਹੀ ਇਸ ਵਿੱਚ ਸੁਧਾਰ ਵੀ ਕਰ ਦਿਤਾ। ਇੰਝ ਇਸ ਕਾਂਡ ਦਾ ਸੁਖਦ ਅੰਤ ਹੋ ਗਿਆ। ਪਰ ਹੁਣ ਸੋਚਣ ਦੀ ਗੱਲ ਹੈ ਕਿ ਇਹ ਪੱਕਾ ਇਲਾਜ ਹੋ ਗਿਆ? ਇਸ ਤੋਂ ਬਾਅਦ ਕੋਈ ਮਨਦੀਪ ਕੌਰ ਜਾਂ ਕੋਈ ਹੋਰ ਅਖ਼ਬਾਰ ਇਹਨਾਂ ਕੰਮਾਂ ਨੂੰ ਹੱਥ ਨਹੀਂ ਪਾਏਗਾ?

ਦੋਸਤੋ! ਇਹ ਤਾਂ ਇਕ ਕਾਂਡ ਸੀ ਜੋ ਹੱਡਬੀਤੀ ਹੋਣ ਕਾਰਣ ਤੁਹਾਡੇ ਨਾਲ ਸਾਂਝਾ ਕਰ ਲਿਆ। ਉਂਝ ਤਾਂ ਹਰ ਮੋੜ ਤੇ ਹੀ ਇਹੋ ਜਿਹਾ ਕੁਝ ਆਮ ਹੀ ਹੋ ਰਿਹਾ। ਸੋ, ਸੋਚਣ ਦੀ ਗੱਲ ਇਹ ਹੈ ਕਿ ਸਦੀਆਂ ਤੋਂ ਠੱਗ ਠੱਗੀਆਂ ਮਾਰਨ ਤੋਂ ਬਾਜ਼ ਨਹੀਂ ਆਏ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਜਨੌਰ ਵੀ ਇਕ ਗ਼ਲਤੀ ਕਰ ਕੇ ਦੁਹਰਾਉਂਦਾ ਨਹੀਂ ਤੇ ਅਸੀਂ ਇਨਸਾਨ ਫੇਰ ਉਹਨਾਂ ਜਾਲਾਂ ਵਿੱਚ ਫਸ ਜਾਂਦੇ ਹਾਂ, ਜਿਨ੍ਹਾਂ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹੁੰਦੇ ਹਾਂ।

ਹੁਣ ਸੁਣ ਲਵੋ ਮੇਰੀ ਸੰਘ 'ਚ ਫਸੀ ਸਚਾਈ ਨੂੰ; ਬਾਰਾਂ-ਤੇਰਾਂ ਵਰ੍ਹੇ ਪਹਿਲਾਂ ਸਾਡੇ ਇੱਕ ਮਿੱਤਰ ਨੇ ਹੱਥ ਦੇਖਣ ਤੇ ਗ੍ਰਹਿ ਚਾਲ ਦੱਸਣ ਆਦਿ ਦਾ ਕੰਮ ਚਲਾ ਲਿਆ। ਗੱਡੀ ਰਾਤੋ ਰਾਤ ਹੀ ਰਿੜ੍ਹ ਪਈ। ਸਾਡਾ ਮਨ ਵੀ ਸ਼ੁਰੂ ਤੋਂ ਜਗਿਆਸੂ ਸੀ। ਸੋ ਹਰ ਵਕਤ ਦਿਮਾਗ਼ 'ਚ ਇਕ ਹੀ ਗੱਲ ਘੁੰਮਦੀ ਰਹਿੰਦੀ ਕਿ ਯਾਰ ! ਇਸ ਵਿੱਦਿਆ ਦੀ ਸਚਾਈ ਕੀ ਹੈ? ਬਸ ਮੇਰੀ ਇਸੇ ਲਲ੍ਹਕ ਨੇ ਮੈਨੂੰ ਇਸ ਵਿੱਦਿਆ ਦਾ ਵਿਦਿਆਰਥੀ ਬਣਾ ਦਿਤਾ। ਮੰਮੀ-ਪਾਪਾ ਜੀ ਤਾਂ ਇਕੱਲੇ ਪੁੱਤ ਦੇ ਸੁਭਾ ਤੋਂ ਜਾਣੂ ਸਨ ਕਿ ਹੁਣ ਇਹ ਨਹੀਂ ਹਟਦਾ। ਪਰ ਘਰ ਵਾਲੀ ਕਹੇ ਮੇਰੇ ਪੇਕਿਆਂ ਦੀ ਪਿੱਠ ਲਵਾ ਦਿੱਤੀ। ਲੋਕ ਕੀ ਕਹਿਣਗੇ ਕਿ ਗੰਦਾਰੇ ਵਾਲੇ ਸਰਦਾਰਾਂ ਦਾ ਜਵਾਈ ਪੱਤਰੀ ਦੇਖਦਾ ਫਿਰਦਾ! ਛੇਤੀ ਹੀ ਸਮਝ ਗਈ ਕਿ ਇਹ ਤਾਂ ਹੁਣ ਪੰਝੀ ਦਾ ਭਾਉਣ ਦੇਖ ਕੇ ਹੀ ਹਟੁ।

ਪਹਿਲੇ ਦਿਨ ਕਲਾਸ 'ਚ ਗਿਆ, 'ਪੜ੍ਹਾਕੂ' ਪੜ੍ਹਾਉਣ ਵਾਲੇ ਮਾਸਟਰ ਨੂੰ ਸ਼ਾਸਤਰੀ ਜੀ ਕਹਿ ਰਹੇ ਸਨ। ਸ਼ਾਸਤਰੀ ਜੀ ਨੇ ਮੈਨੂੰ ਜਾਣ-ਪਛਾਣ ਵੇਲੇ ਹੈਰਾਨੀ ਜੇਹੀ ਨਾਲ ਦੇਖਿਆ। ਕੀ ਇਹ ਬਰਾੜਾਂ ਦਾ ਮੁੰਡਾ ਕਿਹੜੇ ਰਾਹੇ ਤੁਰ ਪਿਆ ਹੈ। 'ਕੁਲ ਤਰੇਹਠ ਪੰਡਤਾਂ 'ਚ ਇਕ ਜੱਟ'। ਹਜ਼ਮ ਜਿਹਾ ਨਹੀਂ ਸੀ ਹੋ ਰਿਹਾ। ਚਲੋ ਜੀ! ਜਾਣ-ਪਛਾਣ ਤੋਂ ਬਾਅਦ ਸ਼ਾਸਤਰੀ ਜੀ ਨੇ ਜੋ ਪਹਿਲੀ ਗੱਲ ਕਹੀ ਉਸੇ ਤੋਂ ਹੀ ਮੇਰੀ ਜਿਗਿਆਸਾ ਦੀ ਅੱਗ ਤੇ ਪਾਣੀ ਪੈਣਾ ਸ਼ੁਰੂ ਹੋ ਗਿਆ ਸੀ। ਕੁਝ ਕੁਝ ਸਮਝ ਆਉਣ ਲਗ ਪਿਆ। ਸ਼ਾਸਤਰੀ ਜੀ ਕਹਿੰਦੇ "ਇਹ ਵਿੱਦਿਆ ਇੱਕ ਬਹੁਤ ਹੀ ਮਹਾਨ ਵਿੱਦਿਆ ਹੈ, ਜੇ ਤੁਸੀ ਕਹੋ ਕਿ ਇਸ ਨੂੰ ਸਿੱਖ ਕੇ ਬ੍ਰਹਮ-ਗਿਆਨੀ ਬਣ ਜਾਓਗੇ ਤਾਂ ਇਹ ਤੁਹਾਡਾ ਭੁਲੇਖਾ ਹੈ। ਕਿਉਂਕਿ ਇਸ ਨੂੰ ਸਿੱਖਣ ਲਈ ਇਹ ਉਮਰ ਕਾਫ਼ੀ ਨਹੀਂ ਹੈ। ਪਹਿਲਾਂ ਵਾਲੇ ਰਿਸ਼ੀ ਮੁਨੀ ਤਾਂ ਕਈ ਕਈ ਸਦੀਆਂ ਜਿਉਂਦੇ ਸਨ। ਪਰ ਹੁਣ ਤਾਂ ਕੋਈ ਪੈਂਹਠ ਨਹੀਂ ਟੱਪਦਾ। ਆਹ ਦੋ ਢਾਈ ਸਾਲ ਦੇ ਕੋਰਸ 'ਚ ਬੱਸ ਮੋਟੇ ਮੋਟੇ ਟ੍ਰਿਕ ਜਿਹੇ ਸਿੱਖ ਸਕਦੇ ਹੋ। ਬਾਕੀ ਦਿਨ ਪੈ ਕੇ ਆਪੇ ਆ ਜਾਊ"। ਸਾਰੀ ਗੱਲਬਾਤ ਤੋਂ ਬਾਅਦ ਸ਼ਾਸਤਰੀ ਜੀ ਕਹਿੰਦੇ "ਬਸ ਇਕ ਗੱਲ ਪੱਲੇ ਬੰਨ ਲਓ; ਜਿਨ੍ਹਾਂ ਹੋ ਸਕੇ ਬੰਦਿਆ ਦੇ ਹੱਥ ਦੇਖਣ ਤੋਂ ਪਰਹੇਜ਼ ਕਰਿਓ। ਤੁਹਾਡੇ ਬਿਜਨੈੱਸ ਨੂੰ ਕਾਮਯਾਬ ਬੀਬੀਆਂ ਨੇ ਹੀ ਕਰਨਾ ਹੈ। ਸੋ ਬੀਬੀਆਂ ਨੂੰ ਤਰਜੀਹ ਦਿਓ"। ਮੈਨੂੰ ਲਗਦਾ ਤੁਹਾਨੂੰ ਮੇਰੀ ਪਹਿਲੀ ਕਲਾਸ ਦੇ ਪਹਿਲੇ ਪਾਠ ਨਾਲ ਹੀ ਸਾਰੀ ਸਮਝ ਆ ਗਈ ਹੋਣੀ ਹੈ ਕਿ ਮੈਂ ਉਥੋਂ ਕੀ ਸਿੱਖ ਕੇ ਨਿਕਲਿਆ। ਪੂਰੇ ਢਾਈ ਵਰ੍ਹਿਆਂ ਦਾ ਹਾਲ ਸੁਣਾਉਣ ਲਈ ਕਦੇ ਫੇਰ ਵਕਤ ਕੱਢਾਂਗੇ।

ਕਹਿੰਦੇ ਨੇ ਕਿ ਦੁਨੀਆਂ 'ਚ ਵਕਤ ਸਭ ਤੋਂ ਕੀਮਤੀ ਚੀਜ਼ ਹੁੰਦੀ ਹੈ ਤੇ ਮੈਂ ਆਪਣੀ ਜਿੰਦਗੀ ਦੇ ਬੇਹੱਦ ਕੀਮਤੀ ਪੂਰੇ ਢਾਈ ਵਰ੍ਹੇ ਜੋਤਿਸ਼ ਪਿਛਲੇ ਸੱਚ ਜਾਨਣ ਦੇ ਲੇਖੇ ਲਾ ਦਿੱਤੇ। ਕਈ ਲੋਕ ਮੈਨੂੰ ਇਸ ਲਈ ਥੋੜ੍ਹਾ ਕਰੈਕ ਕਹਿ ਕੇ ਵੀ ਨਿਵਾਜਦੇ ਹਨ। ਪਰ ਕੋਈ ਗਿਲਾ ਨਹੀਂ ਆਉਂਦਾ ਕਿਉਂਕਿ ਸਾਰੀ ਉਮਰ ਕਿਸੇ ਭੁਲੇਖੇ 'ਚ ਜਿਉਣ ਨਾਲੋਂ ਮੈਨੂੰ ਢਾਈ ਸਾਲ ਕੋਈ ਵੱਡੀ ਚੀਜ਼ ਨਹੀਂ ਲਗਦੇ। ਦੋਸਤੋ! ਸਾਰੇ ਗ੍ਰੈਹਾਂ ਦੀਆਂ ਚਾਲਾਂ ਤੋਂ ਜਾਣੂ ਹਾਂ, ਸਾਰੇ ਨਗਾਂ ਦਾ ਪਹਿਚਾਣੂੰ ਹਾਂ, ਦਾਨ-ਪੁੰਨ ਵਾਲੀ ਦਵਾਈ ਵੀ ਜਾਣਦਾ ਹਾਂ। ਬਹੁਤੀਆਂ ਭੀੜਾਂ ਵਿੱਚ ਦੀ ਵੀ ਲੰਘ ਆਇਆ ਹਾਂ ਪਰ ਕਦੇ ਕੋਈ ਨਗ ਨਹੀਂ ਪਾਇਆ। ਨਾ ਕਦੇ ਕਿਸੇ ਨੂੰ ਪਾਉਣ ਦੀ ਸਲਾਹ ਦਿੱਤੀ। ਕਈ ਵਾਰ ਜਾਣ-ਪਛਾਣ ਵਾਲੇ ਮੂਹਰੇ ਹੱਥ ਕਰਕੇ ਬਹਿ ਜਾਂਦੇ ਹਨ। ਸਮਝਾਉਣ ਦੀ ਕੋਸ਼ਿਸ਼ ਕਰੀ ਦੀ ਹੈ। ਫੇਰ ਵੀ ਨਾ ਸਮਝੇ ਤਾਂ ਬੱਸ ਉਸ ਨੂੰ ਹਾਸੇ-ਖੇਡੇ ਤਕ ਸੀਮਿਤ ਕਰਨ ਦੀ ਕੋਸ਼ਿਸ਼ ਕਰੀ ਦੀ ਹੈ। ਹਾਲਾਂਕਿ ਇਸ ਲਾਈਨ ਦੀ ਪੜ੍ਹਾਈ ਕਰਕੇ ਅੱਜ ਮੈਂ ਵੀ ਮੇਰੇ ਮਿੱਤਰ ਵਾਂਗ ਚੰਡੀਗੜ੍ਹ 'ਚ ਦੋ ਕਨਾਲ ਦੀ ਕੋਠੀ ਦਾ ਮਾਲਕ ਹੁੰਦਾ। ਪਰ ਮੇਰੇ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ, ਪੰਜ-ਪੰਜ ਰੁਪਈਆਂ ਦੇ ਪੱਥਰ ਦੇ ਟੁਕੜੇ, ਪੰਜਾਹ-ਪੰਜਾਹ ਹਜ਼ਾਰ 'ਚ ਵੇਚਣ ਦੀ। ਮੇਰੀ ਇਸ ਵਿੱਦਿਆ ਬਾਰੇ ਮੇਰੇ ਨੇੜੇ ਤੋਂ ਜਾਣਨ ਵਾਲੇ ਲੋਕਾਂ ਨੂੰ ਤਾਂ ਪਤਾ ਸੀ। ਪਰ ਮੈਨੂੰ ਇਕ ਲੇਖਕ ਜਾਂ ਕਿਸੇ ਹੋਰ ਰੂਪ ਵਿੱਚ ਜਾਣਨ ਵਾਲਿਆਂ ਲਈ ਜਰੂਰ ਅਚੰਭੇ ਵਾਲੀ ਗੱਲ ਹੈ। ਸੋ ਇਸੇ ਲਈ ਮੈਂ ਇਹ ਗੱਲ ਤੁਹਾਨੂੰ ਸਭ ਨੂੰ ਦੱਸਣ ਲਈ ਸਹੀ ਵਕਤ ਦੀ ਭਾਲ 'ਚ ਸੀ। ਮੈਡਮ ਮਨਦੀਪ ਕੌਰ ਵਾਲੇ ਇਸ ਸਟ੍ਰਿੰਗ ਅਪ੍ਰੇਸ਼ਨ ਨੇ ਮੈਨੂੰ ਮੌਕਾ ਦਿਤਾ ਕਿ ਜਿਸ ਭੁਲੇਖੇ ਨੂੰ ਦੂਰ ਕਰਨ ਲਈ ਮੈਂ ਢਾਈ ਸਾਲ ਖ਼ਰਚੇ ਉਹਨਾਂ ਨੂੰ ਤੁਹਾਡੇ ਸਾਹਮਣੇ ਲਿਆ ਸਕਾਂ।

ਦੋਸਤੋ ! ਹੁਣ ਮਨਜੀਤ ਸਿੰਘ ਬੋਪਾਰਾਏ ਦੀ ਸੁਣ ਲਵੋ ਕਿ ਇਸ ਬੀਬੀ ਤੋਂ ਬੋਪਾਰਾਏ ਨੂੰ ਕੀ ਮਿਰਚਾਂ ਲੱਗੀਆਂ। ਬਹੁਤ ਸਾਰੇ ਮੇਰੇ ਜਾਗਰੂਕ ਵੀਰਾਂ ਨੂੰ ਪਤਾ ਹੀ ਹੋਣਾ ਹੈ ਕਿ ਉਹਨਾਂ ਵੱਲੋਂ ਲਿਖੀ ਕਿਤਾਬ ''ਜੋਤਿਸ਼ ਝੂਠ ਬੋਲਦਾ ਹੈ'' ਤਿੰਨ ਭਾਸ਼ਾਵਾਂ 'ਚ ਛਪ ਕੇ ਹੁਣ ਤਕ ਕਿਤਾਬਾਂ ਦੀ ਵਿਕਰੀ ਦੇ ਇਤਿਹਾਸ 'ਚ ਇਕ ਰਿਕਾਰਡ ਕਾਇਮ ਕਰ ਚੁੱਕੀ ਹੈ। ਉਹਨਾਂ ਨੂੰ ਜੋਤਿਸ਼ ਦੇ ਮਾਮਲੇ 'ਚ ਮੇਰੇ ਵਾਂਗ ਹੀ ਜਨੂੰਨ ਸੀ। ਉਹਨਾਂ ਇਸ ਕਿਤਾਬ ਨੂੰ ਲਿਖਣ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਹੱਥ ਦੇਖੇ ਹੋਣਗੇ! ਇਕ ਬਾਰ ਉਹਨਾਂ ਮੈਨੂੰ ਦੱਸਿਆ ਕਿ "ਮੈਂ ਕਈ ਬਾਰ ਮਰੇ ਬੰਦਿਆਂ ਦੇ ਹੱਥ ਦੇਖਣ ਅਰਥੀ ਕੋਲ ਪਹੁੰਚ ਜਾਂਦਾ ਸੀ, ਤੇ ਹੈਰਾਨ ਰਹਿ ਜਾਂਦਾ ਸੀ ਕਿ ਹਾਰਟ ਅਟੈਕ ਨਾਲ ਮਰੇ ਇਸ ਬੰਦੇ ਦੀ ਦਿਲ ਵਾਲੀ ਲਕੀਰ ਤਾਂ ਬੜੀ ਡੂੰਘੀ ਤੇ ਲੰਮੀ ਹੈ! ਫੇਰ ਇਸ ਨੂੰ ਹਾਰਟ ਅਟੈਕ ਕਿਉਂ ਹੋਇਆ"? ਸਿਰੜ ਦੇ ਪੱਕੇ ਬੋਪਾਰਾਏ ਨੇ ਜਦੋਂ "ਦੀ ਪੰਜਾਬ" ਅਖ਼ਬਾਰ ਕੱਢਿਆ, ਅੱਜ ਤੱਕ ਕਦੇ ਕਿਸੇ ਜੋਤਿਸ਼ ਜਾਂ ਕਾਲੇ ਇਲਮ ਵਾਲੇ ਬਾਬੇ ਨੂੰ ਥੜ੍ਹੇ ਨਹੀਂ ਚੜ੍ਹਨ ਦਿੱਤਾ। ਭਾਵੇਂ ਜੇਬ ਚੋਂ ਪੈਸੇ ਲਾ ਕੇ ਅਖ਼ਬਾਰ ਚਾਲੂ ਰੱਖਣਾ ਪਿਆ ਹੋਵੇ। ਅਕਸਰ ਹੀ ਬਾਈ ਬੋਪਾਰਾਏ ਕਹਿੰਦੇ ਹੁੰਦੇ ਹਨ ਕਿ ਭੁੱਖਾ ਮਰਨਾ ਮਨਜ਼ੂਰ ਪਰ ਕਿਸੇ ਨੂੰ ਗੁੰਮਰਾਹ ਨਹੀਂ ਕਰਨਾ।

ਅਗਾਂਹ ਦੀ ਗੱਲ ਕਰਦੇ ਹਾਂ, ਰਿਟਾਇਰਡ ਐਡੀਸ਼ਨਲ ਸੈਸ਼ਨ ਜੱਜ ਰਵੀ ਇੰਦਰ ਸਿੰਘ ਭੱਲਾ ਨਾਲ ਮੇਰੀ ਗੱਲ ਹੋ ਰਹੀ ਸੀ, ਜੋ ਕਿ ਅੱਜ ਕੱਲ ਆਸਟ੍ਰੇਲੀਆ 'ਚ ਆਏ ਹੋਏ ਹਨ। ਉਹ ਇਕ ਵੱਖਰੀ ਕਿਸਮ ਦੇ ਇਨਸਾਨ ਹਨ। ਗਿਆਨ ਦੀ ਤੁਰੀ ਫਿਰਦੀ ਲਾਇਬਰੇਰੀ ਕਹਿ ਦੇਈਏ ਤਾਂ ਅਤਿਕਥਨੀ ਨਹੀਂ ਹੋਵੇਗੀ। ਉਹ ਕਹਿੰਦੇ; "ਪੁੱਤਰਾ ! ਇਕੱਲਾ "ਹਰਮਨ ਰੇਡੀਓ" ਜਾਂ "ਦੀ ਪੰਜਾਬ" ਇਹਨਾਂ ਲੋਕਾਂ ਤੇ ਕਾਬੂ ਨਹੀਂ ਪਾ ਸਕਦਾ। ਇਕੱਲੇ ਪੰਜਾਬ 'ਚ ਸਾਡੇ ਬਾਰਾਂ ਹਜ਼ਾਰ ਪਿੰਡਾਂ 'ਚ ਸਾਡੇ ਨੌਂ ਹਜ਼ਾਰ ਬਾਬੇ ਲੋਕਾਂ ਨੂੰ ਗੁਮਰਾਹ ਕਰੀ ਜਾ ਰਹੇ ਹਨ। ਅੱਜ ਲੋੜ ਹੈ ਕਿਸੇ ਇਹੋ ਜਿਹੇ ਕਾਨੂੰਨ ਦੀ ਜਿਸ ਵਿੱਚ ਆਹ 'ਚੌਥਾ ਥੰਮ ਕਹਾਉਣ ਵਾਲਾ ਸਾਡਾ ਮੀਡੀਆ' ਇਸ ਗੱਲ ਦਾ ਵਾਜਿਦ ਹੋਵੇ ਕਿ ਜੇ ਉਹ ਕੁਝ ਇਹੋ ਜਿਹਾ ਛਾਪਦੇ ਹਨ ਜਾਂ ਮਸ਼ਹੂਰੀ ਕਰਦੇ ਹਨ ਤਾਂ ਉਹ ਕਾਨੂੰਨ ਦੀ ਕੜਕੀ ਤੋਂ ਬਚ ਨਹੀ ਸਕਣਗੇ"। ਮੈਂ ਭੱਲਾ ਸਾਹਿਬ ਦਾ ਧਿਆਨ ਹਰ ਰੋਜ਼ ਟੀ।ਵੀ। ਤੇ ਆਉਂਦੀਆਂ ਮਸ਼ਹੂਰੀਆਂ ਵੱਲ ਦਵਾਇਆ, ਕਿ ਜਦੋਂ ਮਰਜ਼ੀ ਕੋਈ ਚੈਨਲ ਲਾ ਲਵੋ ਤਾਂ ਉੱਥੇ ਕੋਈ ਰਾਸ਼ੀਫਲ਼ ਸੁਣਾ ਰਿਹਾ ਹੁੰਦਾ ਜਾਂ ਫੇਰ ਟਰੰਪ ਕਾਰਡ ਦਿਖਾ ਰਿਹਾ ਹੁੰਦਾ, ਨਹੀਂ ਤਾਂ ਫੇਰ ਦੁਨੀਆ ਖ਼ਤਮ ਹੋਣ ਦੀਆਂ ਭਵਿੱਖ ਬਾਣੀਆਂ ਨਾਲ ਲੋਕਾਂ ਦੇ ਸਾਹ ਸੁਕਾ ਰਹੇ ਹੁੰਦੇ ਹਨ। ਉਹ ਕਹਿੰਦੇ "ਪੁੱਤਰਾ ! ਉਹ ਇਕੱਲੇ ਤੁਹਾਡੇ ਜਜ਼ਬਾਤਾਂ ਨਾਲ ਹੀ ਨਹੀਂ, ਉਹ ਤਾਂ ਤੁਹਾਡੀ ਸਿਹਤ ਨਾਲ ਵੀ ਮਜ਼ਾਕ ਕਰ ਰਹੇ ਹੁੰਦੇ ਹਨ। ਕੋਈ ਮਿੰਟਾਂ 'ਚ ਤੁਹਾਡੀ ਸ਼ੂਗਰ ਠੀਕ ਕਰ ਰਿਹਾ ਹੁੰਦਾ। ਕੋਈ ਤੇਰੇ ਵਰਗੇ ਨਵੇਂ ਹੋਏ ਗੰਜੇ ਦੇ ਸਿਰ ਤੇ ਵਾਲ ਉਗਾ ਰਿਹਾ ਹੁੰਦਾ ਤੇ ਕਈ ਤਾਂ ਕੈਂਸਰ ਜਿਹੀ ਨਾ ਮੁਰਾਦ ਬਿਮਾਰੀ ਨੂੰ ਵੀ ਇਕ ਦਵਾਈ ਦੀ ਖ਼ੁਰਾਕ ਨਾਲ ਹੀ ਭਜਾ ਰਹੇ ਹੁੰਦੇ ਹਨ। ਸ਼ੇਰਾ ! ਅੱਤ ਤੇ ਖ਼ੁਦਾ ਦਾ ਵੈਰ ਹੁੰਦਾ। ਸੋ ਹੁਣ ਆਹ ਜਿਹੜਾ ਵੀਡਾ ਤੁਸੀ ਹਰਮਨ ਰੇਡੀਓ ਵੱਲੋਂ ਚੁੱਕਿਆ, ਇਸ ਤੋਂ ਪਿੱਛੇ ਨਾ ਹਟਿਓ। ਜੇ ਕੋਈ ਕਾਨੂੰਨੀ ਦਾਅ ਪੇਚ ਦੀ ਲੋੜ ਪਵੇ ਤਾਂ ਅੱਧੀ ਰਾਤ ਆਵਾਜ਼ ਮਾਰ ਲਇਓ। ਇਸ ਕਾਰਜ 'ਚ ਹਿੱਸਾ ਪਾਉਣ ਲਈ ਤੁਹਾਡੇ ਨਾਲ ਦਿਲੋਂ ਖੜ੍ਹੇ ਹਾਂ"।

ਅਸੀਂ ਆਮ ਦੇਖਦੇ ਸੁਣਦੇ ਹਾਂ ਕਿ ਦੁਨੀਆਂ ਗੱਲਾਂ 'ਚ ਬੜੀ ਛੇਤੀ ਆ ਜਾਂਦੀ ਹੈ। ਪਰ ਕਦੇ ਸੋਚਿਆ, ਉਹ ਕਿਹੜੀਆਂ ਗੱਲਾਂ ਤੇ ਛੇਤੀ ਯਕੀਨ ਕਰ ਲੈਂਦੀ ਹੈ? ਸਹੀ ਅੰਦਾਜ਼ਾ ਲਾਇਆ ਤੁਸੀਂ, ਦੁਨੀਆਂ ਉਹਨਾਂ ਗੱਲਾਂ 'ਚ ਛੇਤੀ ਵਿਸ਼ਵਾਸ ਕਰ ਲੈਂਦੀ ਹੈ, ਜਿਨ੍ਹਾਂ ਵਿੱਚ ਮਿਹਨਤ ਜਾਂ ਕਰਮ ਕਰਨ ਦੀ ਲੋੜ ਨਾ ਪਵੇ। ਬਸ ਥੁੱਕੀਂ ਵੜੇ ਪੱਕ ਜਾਣ। ਸੌਖੀ ਭਾਸ਼ਾ 'ਚ ਕਹੀਏ ਤਾਂ ਅਸੀਂ ਕੱਲ੍ਹ ਨੂੰ ਹੋਣ ਵਾਲੇ ਚਮਤਕਾਰ ਦੀ ਉਡੀਕ 'ਚ ਆਪਣਾ ਅੱਜ ਬਲੀ ਚਾੜ੍ਹ ਦਿੰਦੇ ਹਾਂ। ਮੈਂ ਤਾਂ ਆਪਣੀ ਜ਼ਿੰਦਗੀ 'ਚ ਹਾਲੇ ਤਕ ਚਮਤਕਾਰ ਹੁੰਦੇ ਨਹੀਂ ਦੇਖੇ ਫੇਰ ਵੀ ਨਮਸਕਾਰ ਕਰਨ ਵਾਲਿਆਂ ਨੂੰ ਪਤਾ ਨਹੀ ਕੀ ਦਿਸ ਜਾਂਦਾ!

ਹੁਣ ਤੁਸੀ ਦੇਖ ਲਇਓ, ਮੇਰਾ ਇਹ ਲੇਖ ਪੜ੍ਹ ਕੇ ਬਹੁਤਿਆਂ ਨੇ ਇਹੀ ਕਹਿਣਾ ਕਿ ਇਸ ਦੇ ਹੱਥ ਦੇਖਣ ਵਾਲਾ ਕੜਾ ਸੂਤ ਨਹੀਂ ਆਇਆ ਹੋਣਾ। ਹੁਣ ਸਾਨੂੰ ਮੱਤਾਂ ਦੇ ਰਿਹਾ। ਦੋਸਤੋ ! ਭਾਵੇਂ ਇੰਡੀਆ ਵਿੱਚ ਇਹੋ ਜਿਹੀ ਕੋਈ ਮਜ਼ਬੂਰੀ ਨਹੀਂ ਸੀ ਕਿ ਇਸ ਕੰਮ ਨੂੰ ਰੋਜ਼ੀ ਰੋਟੀ ਦਾ ਸਾਧਨ ਬਣਾਵਾਂ। ਪਰ ਜਦੋਂ ਨਵਾਂ-ਨਵਾਂ ਆਸਟ੍ਰੇਲੀਆ ਆਇਆ ਸੀ ਤਾਂ ਮਜ਼ਬੂਰੀ ਹੋ ਗਈ ਸੀ। ਬਹੁਤਿਆਂ ਨੇ ਇਹ ਰਾਏ ਦਿੱਤੀ ਕਿ ਆਹ ਪੰਡਤਾਂ ਵਾਲਾ ਕੰਮ ਚਲਾ ਲੈ, ਮੌਜਾਂ ਕਰੇਂਗਾ। ਨਹੀਂ ਤਾਂ ਸੰਤਰੇ ਤੋੜਦੇ ਦੀ ਉਮਰ ਨਿਕਲ ਜਾਊ। ਪਰ ਜ਼ਮੀਰ ਨੇ ਹਰਾਮ ਦੀਆਂ ਖਾਣ ਦੀ ਇਜਾਜ਼ਤ ਨਹੀਂ ਦਿੱਤੀ ।ਇੱਕ ਗੱਲ ਇਥੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਨੀਅਤ ਨੂੰ ਮੁਰਾਦਾਂ ਵਾਲਾ ਅਖਾਣ ਸੌ ਫ਼ੀਸਦੀ ਸੱਚ ਹੈ। ਨੀਅਤ ਸਿੱਧੀ ਰੱਖੀ ਤੇ ਇੱਕ ਦਿਨ ਵੀ ਸੰਤਰੇ ਨਹੀਂ ਤੋੜਨੇ ਪਏ। ਆਪ ਹੀ ਰਾਹ ਖੁੱਲ੍ਹਦੇ ਗਏ।

ਜਾਂਦੇ-ਜਾਂਦੇ ਹੋਰ ਸੁਣ ਲਵੋ; ਕੱਲ੍ਹ ਐਡੀਲੇਡ ਦੇ ਉੱਘੇ ਬਿਜਨੈੱਸਮੈਨ ਤ੍ਰਿਮਾਨ ਗਿੱਲ ਹੋਰਾਂ ਕੋਲ ਬੈਠਾ ਸੀ, ਗੱਲਾਂ ਗੱਲਾਂ 'ਚ ਉਹ ਕਹਿੰਦੇ "ਯਾਰ ਆਪਣੇ ਕਿਸੇ ਮਿੱਤਰ ਦੀ ਕੋਠੀ 'ਚ ਵਾਸਤੂ ਦੋਸ਼ ਸਨ। ਉਹਨਾਂ ਕੁਝ ਏਰੀਆ ਢਾਹ ਕੇ ਨਵਾਂ ਲੈਂਟਰ ਪਾਇਆ ਸੀ। ਕੱਲ ਵਾਸਤੂ ਸ਼ਾਸਤਰ ਮਾਹਰ ਤੇ ਇਕ ਹੋਰ ਕੋਠੀ ਦਾ ਜਾਇਜ਼ਾ ਲੈਣ ਆਏ ਸੀ ਕਿ ਅਚਾਨਕ ਲੈਂਟਰ ਡਿੱਗ ਪਿਆ। ਵਿਚਾਰੇ ਦੋਨੇਂ ਉੱਥੇ ਹੀ ਰਹਿ ਗਏ"। ਮੇਰੇ ਮੂੰਹੋਂ ਅਚਾਨਕ ਹੀ ਨਿਕਲ ਗਿਆ, "ਸ਼ਾਇਦ ਇਹ ਵਾਸਤੂ ਸ਼ਾਸਤਰੀ ਜੀ ਦੀਵੇ ਥੱਲੇ ਹਨੇਰੇ ਦਾ ਸ਼ਿਕਾਰ ਹੋ ਗਏ"।

ਚੰਗਾ ਦੋਸਤੋ ! ਹੁਣ ਰਾਤ ਵੀ ਬਹੁਤ ਹੋ ਗਈ ਹੈ ਤੇ ਆਪਣੇ ਆਪ ਨੂੰ ਵੀ ਬਹੁਤ ਸਾੜ ਲਿਆ ਹੈ। ਜੇ ਤੁਹਾਨੂੰ ਲੱਗੇ ਕਿ ਇਸ ਕਾਂਡ ਨੂੰ ਇਕ ਪੂਰੀ ਮੁਹਿੰਮ ਬਣਾ ਕੇ ਸਾਨੂੰ ਸਭ ਨੂੰ ਕੁਝ ਕਰਨਾ ਚਾਹੀਦਾ ਹੈ ਤਾਂ ਤੁਹਾਡੇ ਸਨੇਹਿਆਂ ਤੇ ਸੁਝਾਵਾਂ ਦੀ ਉਡੀਕ ਰਹੇਗੀ। ਜੇ "ਮੈਨੂੰ ਕੀ" ਤੇ "ਤੈਨੂੰ ਕੀ" 'ਚ ਹੀ ਉਲਝੇ ਰਹਿਣਾ ਹੈ ਤਾਂ ਤੁਹਾਡੀ ਮਰਜ਼ੀ। ਉਪਰੋਕਤ ਸਟ੍ਰਿੰਗ ਆਪ੍ਰੇਸ਼ਨ ਤੋਂ ਬਾਅਦ ਆਪ ਜੀ ਦੇ ਮਿਲੇ ਵੱਡੇ ਹੁੰਗਾਰੇ ਨਾਲ ਤਾਂ ਇੰਝ ਲੱਗਦਾ ਹੈ ਕਿ "ਤੁਹਾਨੂੰ ਕਿਉਂ ਨਹੀਂ"। ਸੋ ਆਓ ! ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਇਕੱਲੇ ਸਰਕਾਰਾਂ ਡੇਗਣ ਬਣਾਉਣ 'ਚ ਹੀ ਨਾ ਵਰਤੀਏ, ਸਗੋਂ ਉਹਨਾਂ ਦੇ ਮਨੁੱਖਤਾ ਪ੍ਰਤੀ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰੀਏ।

****

No comments: