85 ਫੀਸਦੀ ਅੰਗਹੀਣ ਹੋਣ ਦੇ ਬਾਵਜੂਦ ਬਣਿਆ ਪ੍ਰੇਰਣਾ ਸ੍ਰੋਤ – ਰਣਜੀਤ ਸਿੰਘ ਪ੍ਰੀਤ......... ਸ਼ਬਦ ਚਿੱਤਰ / ਜਸਵਿੰਦਰ ਸਿੰਘ ਸਹੋਤਾ

ਸਿੱਖਿਆ ਸ਼ਾਸਤਰੀ ਰਣਜੀਤ ਸਿੰਘ ਪ੍ਰੀਤ ਸਰੀਰਕ ਤੌਰ ‘ਤੇ 85 ਫੀਸਦੀ ਅੰਗਹੀਣ ਹੋਣ ਦੇ ਬਾਵਜੂਦ ਉਹ ਦ੍ਰਿੜ ਇਰਾਦੇ, ਸਿਦਕ, ਮਿਹਨਤ ਅਤੇ ਅੱਗੇ ਵਧਣ ਦੀ ਇੱਛਾ ਸ਼ਕਤੀ ਨਾਲ ਹਰ ਖੇਤਰ ‘ਚ ਤਰੱਕੀ ਦੀਆਂ ਮੰਜ਼ਲਾਂ ਛੂਹ ਕੇ ਦੁਜਿਆਂ ਲਈ ਪ੍ਰੇਰਣਾ ਸਰੋਤ ਬਣੇ ਹਨ। ਪ੍ਰਤਿਭਾਵਾਨ ਰਣਜੀਤ ਸਿੰਘ ਪ੍ਰੀਤ ਦਾ ਜਨਮ 10 ਅਕਤੂਬਰ 1950 ਨੂੰ ਜਸਵੰਤ ਸਿੰਘ ਦੇ ਘਰ ਨਾਨਕੇ ਪਿੰਡ ਲਦਾਈ ਕੇ ਵਿਖੇ ਹੋਇਆ। ਬਚਪਨ ਵਿਚ ਉਨ੍ਹਾਂ ਨੇ ਅਜੇ ਆਪਣੇ ਪੈਰਾਂ ’’ਤੇ ਤੁਰ ਕੇ ਵੀ ਨਹੀਂ ਸੀ ਦੇਖਿਆ ਕਿ ਪੋਲੀਓ  ਕਾਰਨ ਇੱਕ ਬਾਂਹ, ਲੱਤਾਂ ਅਤੇ ਲੱਕ ਨਕਾਰਾ ਹੋ ਗਿਆ। ਪਰ ਮਾਤਾ-ਪਿਤਾ ਅਤੇ ਦਾਦੀ-ਦਾਦੇ ਦੀ ਸੇਵਾ ਸੰਭਾਲ ਅਤੇ ਦੂਰ-ਦ੍ਰਿਸ਼ਟੀ ਸਦਕਾ ਉਨ੍ਹਾਂ ਨੂੰ ਦਾਦਕੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੇਸਰ ਵਾਲਾ ਵਿਖੇ ਦਾਖਲ ਕਰਾਇਆ ਗਿਆ। ਹੜ੍ਹਾਂ ਦੀ ਮਾਰ ਕਾਰਨ ਮਾਤਾ-ਪਿਤਾ ਨਾਲ 1958 ਵਿੱਚ ਭਗਤਾ ਭਾਈ ਵਿਖੇ ਆ ਵਸੇ। ਦਸਵੀਂ ਦੀ ਪ੍ਰੀਖਿਆ ਮਾੜੀ ਮੁਸਤਫ਼ਾ ਤੋਂ ਪਾਸ ਕਰਨ ਉਪਰੰਤ ਜੇ।ਬੀ।ਟੀ। 1967-69 ’’ਚ ਖਾਲਸਾ ਸਕੂਲ ਫਰੀਦਕੋਟ ਤੋਂ ਕੀਤੀ। ਚਾਰ ਭੈਣ-ਭਰਾਵਾਂ ਦੇ ਸਭ ਤੋਂ ਰਣਜੀਤ ਸਿੰਘ ਪ੍ਰੀਤ ਨੇ ਮਿਹਨਤ ਕਰਨ ਦੀ ਆਦਤ ਸਦਕਾ ਪੜ੍ਹਾਈ ਦੇ ਨਾਲ-ਨਾਲ ਫਰੀਦਕੋਟ ਵਿਖੇ ਇਲੈਕਟ੍ਰੌਨਿਕਸ/ ਰਿਪੇਅਰ ਦਾ ਕੰਮ ਸਿੱਖ ਲਿਆ। ਉਨ੍ਹਾਂ ਨੇ 2 ਜਨਵਰੀ 1971 ਨੂੰ ਸਰਕਾਰੀ ਪ੍ਰਇਮਰੀ ਸਕੂਲ ਨਿਓਰ (ਜ਼ਿਲ੍ਹਾ ਬਠਿੰਡਾ) ਤੋਂ ਬਤੌਰ ਅਧਿਆਪਕ ਕੰਮ ਕਰਨਾ ਸ਼ੁਰੂ ਕੀਤਾ ਅਤੇ ਫਿਰ ਕਲਿਆਣ ਸੁੱਖਾ, ਕੋਠਾ ਗੁਰੂ ਕਾ, ਗੁਰੂਸਰ ਜਗਾ, ਮਾੜੀ, ਮਲੂਕਾ, ਭਗਤਾ ਆਦਿ ਵਿਖੇ ਬਤੌਰ ਅਧਿਆਪਕ ਵਿੱਦਿਆ ਦਾ ਪ੍ਰਕਾਸ਼ ਫੈਲਾਇਆ।

ਉਹ 24 ਦਸੰਬਰ 2001 ਨੂੰ ਸੈਂਟਰ ਸਕੂਲ ਭਗਤਾ ਅੱਡਾ ਵਿਖੇ ਬਤੌਰ ਸੈਂਟਰ ਹੈੱਡ ਟੀਚਰ/ਕਲੱਸਟਰ ਮੁਖੀ ਨਿਯੁਕਤ ਹੋਏ। ਉਨ੍ਹਾਂ ਨੇ ਬੀ ਏ, ਤਿੰਨ ਐਮ ਏ (ਪੰਜਾਬੀ, ਇਤਿਹਾਸ ਅਤੇ ਧਰਮ), ਬੀ।ਐਡ ਅਤੇ ਐਮ ਐਡ, ਆਨਰਜ਼ ਇਨ ਪੰਜਾਬੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਚੇਰੀ ਸਿੱਖਿਆ ਪ੍ਰਾਪਤ ਹੋਣ ਕਾਰਨ ਸ੍ਰੀ ਪ੍ਰੀਤ ਸਿੱਖਿਆ ਮਹਿਕਮੇ ਦੇ ਸੈਕੰਡਰੀ ਵਿਭਾਗ ‘ਚ ਸਹਿਜੇ ਹੀ ਪਦ-ਉੱਨਤ ਹੋ ਸਕਦੇ ਸਨ, ਪਰ ਮਨ ‘ਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਜੋ ਇੱਕ ਚਣੌਤੀਪੂਰਨ ਅਸਾਮੀ ਹੈ) ਵਜੋਂ ਕੰਮ ਕਰਨ ਦੀ ਇੱਛਾ ਕਾਰਨ ਸਿੱਖਿਆ ਵਿਭਾਗ ਦੇ ਪ੍ਰਾਇਮਰੀ ਵਿਭਾਗ ‘ਚ ਹੀ ਰਹੇ। ਪਹਿਲੀ ਜਨਵਰੀ 2006 ਨੂੰ ਉਨ੍ਹਾਂ ਦੀ ਸੋਚ ਨੂੰ ਬੂਰ ਪਿਆ ਅਤੇ ਸਿੱਖਿਆ ਅਫਸਰ ਵਜੋਂ ਨਥਾਣਾ ਵਿਖੇ ਨਿਯੁਕਤ ਹੋਏ। ਇਸ ਪ੍ਰਬੰਧਕੀ ਅਸਾਮੀ ‘ਤੇ ਉਨ੍ਹਾਂ ਅੰਗਹੀਣ ਹੋਣ ਦੇ ਬਾਵਜੂਦ ਸਫਲਤਾਪੂਰਵਕ ਕੰਮ ਕੀਤਾ। ਸਾਰੀ ਸਰਵਿਸ ਦੌਰਾਨ ਬਤੌਰ ਅੰਗਹੀਣ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪਹਿਲ ਨਹੀਂ ਮਿਲੀ। ਸੈਂਟਰ ਹੈੱਡ ਟੀਚਰ ਦੀ ਚੋਣ ਸਮੇਂ ਉਨ੍ਹਾਂ ਦਾ ਮੈਰਿਟ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਸੀ।


ਸਾਹਿਤ ਦੇ ਖੇਤਰ ’ਚ ਰਣਜੀਤ ਸਿੰਘ ਪ੍ਰੀਤ ਨੇ ਉੱਘਾ ਯੋਗਦਾਨ ਪਾਇਆ ਹੈ। ਦੋ ਨਾਵਲ, ਖੇਡ ਸੱਭਿਆਚਾਰ ਅਤੇ ਬਾਲ ਸਾਹਿਤ ਦੀਆਂ 14 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾ ਨੇ 1969 ‘ਚ ਲਿਖਣਾ ਸ਼ੁਰੂ ਕਰ ਦਿੱਤਾ ਸੀ। ਅਨੇਕਾਂ ਲੇਖ ਵੱਖ-ਵੱਖ ਭਾਸ਼ਾਵਾਂ ਦੀਆਂ ਅਖਬਾਰਾਂ/ਰਸਾਲਿਆਂ ‘ਚ ਛਪ ਚੁੱਕੇ ਹਨ। ਸਰੀਰਕ ਵਿਕਲਾਂਗਤਾ ਦੇ ਕਾਰਨ ਬਚਪਨ ਖੇਡਣ ਦੇ ਅਧੂਰੇ ਰਹਿ ਗਏ ਚਾਅਵਾਂ ਨੂੰ ਮਨ ਦੇ ਮੈਦਾਨ ’’ਚ ਕਲਮ ਦੀ ਨੋਕ ਨਾਲ ਖੇਡਣ ਵਾਲੇ ਸ੍ਰੀ ਪ੍ਰੀਤ ਦੇ ਦਰਜਨਾਂ ਪ੍ਰੋਗਰਾਮ ਰੇਡੀਓ ਅਤੇ ਟੇਲੀਵਿਜ਼ਨ ਤੋਂ ਪ੍ਰਸਾਰਿਤ ਹੋ ਚੁੱਕੇ ਹਨ। ‘’ਕੰਜਕਾਂ ਦਾ ਕਤਲ’’ ਅਤੇ ‘‘ਸੰਜੀਵਨੀ’’ਫਿਲਮਾਂ ਲਈ ਗੀਤ ਵੀ ਲਿਖੇ ਹਨ। ਆਡੀਓ ਕੈਸਟ ‘’ਗੋਰਖ ਦਾ ਟਿੱਲਾ’’ ਲਈ ਵੀ ਗੀਤ ਲਿਖੇ। ਗੁਰਬਖਸ਼ ਅਲਬੇਲੇ ਦੀ ਇਹ ਕੈਸਟ ਬਹੁਤ ਕਾਮਯਾਬ ਰਹੀ।
ਪ੍ਰੈਸ ਕਲੱਬ ਦੇ 15 ਸਾਲ ਪ੍ਰਧਾਨ, ਹੁਣ ਸਰਪ੍ਰਸਤ, ਸਾਹਿਤ ਸਭਾ ਦੇ 25 ਸਾਲ ਤੋਂ ਪ੍ਰਧਾਨ, ਲਾਈਨਜ਼ ਕਲੱਬ ਦੇ ਫਾਊਂਡਰ ਪੀ।ਆਰ।ਓ।, ਪਸਵਕ ਦੇ ਮੌਜੂਦਾ ਚੇਅਰਮੈਨ, ਸੋਸ਼ਲ ਵੈੱਲਫੇਅਰ ਕਲੱਬ ਦੇ 20 ਸਾਲਾਂ ਤੋਂ ਪ੍ਰੈੱਸ ਸਕੱਤਰ, ਸਿੱਖਿਆ ਵਿਭਾਗ ਦੇ ਸਰਵੇਖਣ ਅਨੁਸਾਰ ਪ੍ਰਤਿਭਾਵਾਨ ਅਧਿਆਪਕ, ਮਹਿਮਾਨ ਸੰਪਾਦਕ, ਸੀਨੀਅਰ ਸਬ-ਐਡੀਟਰ, ਸਹਿ- ਸੰਪਾਦਕ, ਅਤੇ ਕਈ ਹੋਰਨਾਂ ਸਮਾਜ ਭਲਾਈ ਸੰਸਥਾਵਾਂ ਦਾ ਕੇਂਦਰ ਬਿੰਦੂ ਹਨ ਸ੍ਰੀ ਪ੍ਰੀਤ।
ਸਿੱਖਿਆ ਵਿਭਾਗ ’’ਚ ਨਿਭਾਈਆਂ ਵਿਲੱਖਣ ਸੇਵਾਵਾਂ ਬਦਲੇ ਰਣਜੀਤ ਸਿੰਘ ਪ੍ਰੀਤ  ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ 1994 ‘ਚ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਸ੍ਰੀ ਪ੍ਰੀਤ 1994 ਤੋਂ 1996 ਤੱਕ ਤਿੰਨ ਮੁੱਖ ਮੰਤਰੀਆਂ (ਬੀਬੀ ਰਾਜਿੰਦਰ ਕੌਰ ਭੱਠਲ, ਹਰਚਰਨ ਸਿੰਘ ਬਰਾੜ) ਕੋਲੋਂ ਸਨਮਾਨਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਐਮ।ਪੀ। ਕੇਵਲ ਸਿੰਘ, ਪਰਮਜੀਤ ਕੌਰ ਗੁਲਸ਼ਨ, ਮੰਤਰੀ ਗੁਲਜ਼ਾਰ ਸਿੰਘ, ਰਾਣੀ ਮਲੇਰ ਕੋਟਲਾ ਸਾਜਦਾ ਬੇਗਮ, ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਕਾਂਗੜ ਆਦਿ ਵੱਲੋਂ ਵੀ ਸਨਮਾਨ ਮਿਲੇ ਹਨ। ਉਤਰਾਂਚਲ ਪੱਤਰਕਾਰ ਪ੍ਰੀਸ਼ਦ, ਕਿਲ੍ਹਾ ਰਾਏਪੁਰ ਸਪੋਰਟਸ ਐਸੋਸੀਏਸ਼ਨ, ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸੰਸਥਾ, ਬਾਲ ਸਾਹਿਤ ਅਕੈਡਮੀ, ਕੁੱਲ ਹਿੰਦ ਰਿਟੇਲ ਕਰਿਆਨਾ ਐਸੋਸੀਏਸ਼ਨ, ਲੋਕ ਸੇਵਾ ਸੁਸਾਇਟੀ ਦਿੱਲੀ, ਪਬਲੀਕੇਸ਼ਨਸ ਸਮੇਤ ਵੱਖ-ਵੱਖ ਸਾਹਿਤ ਸਭਾਵਾਂ ਅਤੇ ਕਲੱਬਾਂ ਤੋਂ ਵੀ ਸਨਮਾਨਿਤ ਹੋਣ, ਰੂ-ਬ-ਰੂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਅਤੇ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਨ ਦਾ ਮਾਣ ਪ੍ਰਾਪਤ ਹੈ।
38 ਸਾਲ ਦੀ ਸਿੱਖਿਆ ਵਿਭਾਗ ’’ਚ ਅਧਿਆਪਕ ਅਤੇ ਕੁਸ਼ਲ ਅਧਿਕਾਰੀ ਵਜੋਂ ਸੇਵਾ ਨਿਭਾਅ ਕੇ ਰਣਜੀਤ ਸਿੰਘ ਪ੍ਰੀਤ 31 ਅਕਤੂਬਰ 2008 ਨੂੰ ਬਠਿੰਡਾ ਤੋਂ ਬਤੌਰ ਸਿੱਖਿਆ ਅਫਸਰ ਸੇਵਾ ਮੁਕਤ ਹੋ ਚੁੱਕੇ ਹਨ।
****
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ

No comments: