ਤਜ਼ਰਬੇ ਜਰਮਨ ਦੇ......... ਅਭੁੱਲ ਯਾਦਾਂ / ਜੋਗਿੰਦਰ ਬਾਠ ਹੌਲੈਂਡ

ਅਕਲ, ਖ਼ੁਰਾਕ ਅਤੇ ਫਿ਼ਲੌਸਫ਼ੀ ਵਿਚ ਦੁਨੀਆਂ ਦਾ ਮੂਰਖ਼ ਤੋਂ ਮੂਰਖ਼ ਇਨਸਾਨ ਵੀ ਆਪਣੇ ਆਪ ਨੂੰ ਕੁੱਲ ਵੈਦ-ਧਨੰਤਰਾਂ ਨਾਲੋਂ ਸਿਆਣਾ ਅਤੇ ਬੇਹਤਰ ਸਮਝਦਾ ਹੈ। ਆਪਣੀ ਅਕਲ ਅਤੇ ਦੂਸਰੇ ਦੇ ਗਿਲਾਸ ਵਿਚ ਪੈੱਗ ਹਮੇਸ਼ਾ ਹੀ ਵੱਡਾ ਨਜ਼ਰ ਆਉਂਦਾ ਹੈ। ਬਹੁਤਿਆਂ ਨੂੰ ਖਲਕਤ ਤੇ ਸਦੀਵੀ ਰੰਜ ਤੇ ਗਿਲਾ ਰਹਿੰਦਾ ਹੈ ਕਿ ਲੋਕ ਉਸ ਦੀ  ਕੀਮਤੀ ਤੇ ਮੁਫਤੀ ਦਿੱਤੀ ਮੱਤ ਤੋਂ ਫ਼ਾਇਦਾ ਕਿਉਂ ਨਹੀਂ ਉਠਾਉਂਦੇ ਬਰਸ਼ਤੇ ਕਿ ਉਨ੍ਹਾਂ ਦੇ ਆਈਡੀਏ ਤੇ ਸਲਾਹਾਂ ਸ਼ੇਖਚਿੱਲੀ ਨੂੰ ਮਾਤ ਹੀ ਕਿਉਂ ਨਾ ਪਾਉਂਦੇ ਹੋਣ? ਮੂਰਖ਼ ਤੋਂ ਮੂਰਖ਼ ਇਨਸਾਨ ਵੀ ਦੋ ਲੜਦਿਆਂ ਨੂੰ ਸਮਝਾਉਣ ਅਤੇ ਆਪਣੇ ਵੱਡਮੁਲੇ ਵਿਚਾਰ ਦੇਣ ਚ ਮਾਰ ਨਹੀਂ ਖਾਂਦਾ, ਬੇਸ਼ੱਕ ਉਸਦੇ ਵਿਚਾਰ ਚੰਗੇ ਭਲਿਆਂ ਨੂੰ ਜੇਲ੍ਹ ਚ ਕਰਵਾਉਣ ਵਾਲੇ ਹੀ ਕਿਉਂ ਨਾ ਹੋਣ । ਕਿਸੇ ਵੇਲੇ ਇਸੇ ਤਰ੍ਹਾਂ ਦੇ ਹੀ ਇੱਕ ਮਹਾਂਪੁਰਸ਼ ਨਾਲ ਮੇਰਾ ਵੀ ਵਾਹ ਪੈ ਗਿਆ ਸੀ। ਉਦੋਂ ਮੈਂ ਜਰਮਨ ਵਿਚ ਨਵਾਂ ਨਵਾਂ ਹੀ ਆਇਆ ਸਾਂ। ਮੁਆਫ਼ ਕਰਨਾ ! ਸੌਰੀ !! ਆਇਆ ਤਾਂ ਮੈਂ ਇਉਂ ਲਿਖ ਦਿੱਤਾ ਜਿਸ ਤਰ੍ਹਾਂ ਜਰਮਨ ਦੇ ਚਾਂਸਲਰ ਹੈਲਮਟ ਕੋਹਲ ਨੇ ਮੈਨੂੰ ਈਸਟ ਜਰਮਨ ਤੇ ਵੈਸਟ ਜਰਮਨ ਨੂੰ ਇਕੱਠਾ ਕਰਨ ਦੇ ਮਸਲੇ ਉੱਪਰ ਸਲਾਹ ਮਸ਼ਵਰਾ ਲੈਣ ਲਈ ਉਚੇਚਾ ਸੱਦਿਆ ਹੁੰਦੈ । ਖੈਰ ! ਇਹ ਮੇਰਾ ਜਾਤੀ ਮਾਮਲਾ ਹੈ ਕਿਤੇ ਫਿਰ ਸਹੀ। ਇਸ ਵਕਤ ਮੈਂ ਸਿਰਫ ਆਪਣੇ ਯਾਰ ਰੇਵਤੀ ਰਮਨ ਜੋਸ਼ੀ ਬਾਰੇ ਹੀ ਗੱਲ ਕਰਨੀ ਚਾਹੁੰਦਾ ਹਾਂ। ਜੋਸ਼ੀ ਸਾਹਿਬ ਦਾ ਹੁਲੀਆ ਨਾਂ ਦੇ ਬਿਲਕੁਲ ਦੋ ਸੌ ਪਰਸੈਂਟ ਉਲਟ ਸੀ। ਮੂੰਹ ਇਸ ਤਰ੍ਹਾਂ ਦਾ ਸੀ, ਜਿਸ ਤਰ੍ਹਾਂ ਡਾਲਡਾ ਘਿਉ ਦੇ ਪਲਾਸਟਕ ਦੇ ਡੱਬੇ ਨੂੰ ਇਕ ਪਾਸਿਓਂ ਖਾਸਾ ਸੇਕ ਲੱਗਿਆ ਹੁੰਦੈ । ਸਿਰ ਅੱਧਾ ਗੰਜਾ ਇਉਂ ਲਗਦਾ ਸੀ, ਜਿਸ ਤਰ੍ਹਾਂ ਰਾਤ ਨੂੰ ਕੋਈ ਕਿਸੇ ਦੇ ਸਿੱਧੇ ਕੀਤੇ ਪੱਠਿਆਂ ਦੇ ਟੱਕ ਚੋਂ ਚੋਰੀ ਛਟਾਲਾ (ਬਰਸੀਨ) ਵੱਢ ਕੇ ਲੈ ਗਿਆ ਹੋਵੇ । ਮੈਂ, ਜੋਸ਼ੀ ਸਾਹਿਬ ਤੇ ਸਾਡੇ ਚਾਰ  ਹੋਰ ਨਵੇਂ ਆਏ ਸਾਥੀਆਂ ਨੂੰ ਸ਼ੋਸ਼ਲ ਵਾਲਿਆਂ ਨੇ ਇੱਕੋ ਹੀ ਕਮਰਾ ਅਲਾਟ ਕਰ ਦਿੱਤਾ ਸੀ। ਜਿਸ ਵਿੱਚ ਪੱਥਰ ਦੇ ਕੋਲਿਆਂ ਦਾ ਹਾਈਸੂਨ ਤੇ ਇੱਕ ਸਾਝਾਂ ਬਿਜਲੀ ਦਾ ਚੁੱਲ੍ਹਾ ਸੀ। ਜੰਗਲਪਾਣੀ ਲਈ ਸਾਰੀ ਹੇਮ ਵਿੱਚ ਇੱਕ ਸਾਂਝੀ ਸੱਠਾਂ ਬੰਦਿਆਂ ਲਈ ਪੰਜ ਬੈਠਣ ਵਾਲੀਆਂ ਸੀਟਾਂ ਵਾਲੀ ਨੱਕ ਸਾੜਦੀ, ਬਦਬੂ ਮਾਰਦੀ ਸੰਡਾਸਯਾਨਿ ਕਿ ਹਾਜਤ ਕਰਨ ਵਾਲੀ ਜਗ੍ਹਾ ਸੀ। ਜਿਸ ਵਿੱਚ ਪੰਜਾਬ ਦੇ ਗਿੱਝੇ ਲੋਕ ਪੱਬਾਂ ਭਾਰ ਬਹਿ ਕੇ ਹੀ ਆਪਣਾ ਕੰਮ ਨਬੇੜਦੇ ਸਨ। ਇਸ ਤਰ੍ਹਾਂ ਦੇ ਪ੍ਰਯੋਗ ਕਰਦਿਆਂ ਚਰਵੰਜਾ ਪ੍ਰਤੀਸ਼ਤ ਅਲਕੋਹਲ ਵਾਲੀ ਐਲ ਡੀਮਾਰਕੀਟ ਦੀ ਪੌਟ ਰੰਮ ਪੀਣ ਵਾਲਿਆਂ ਨੇ ਕਈ ਵਾਰੀ ਆਪਣੇ ਕਸੂਤੇ ਥਾਵਾਂ ਤੇ ਸੱਟਾਂ ਵੀ ਲਵਾਈਆਂ ਸਨ। ਜਿੱਥੇ ਗੰਦ ਪਾਉਣਾ ਤਾਂ ਸਾਡਾ ਪੌਣਾਂ ਸੈਂਕੜਾਂ ਹਿੰਦੋਸਤਾਨੀਆਂ ਤੇ ਪਾਕਿਸਤਾਨੀਆਂ ਦਾ ਜੱਦੀ ਹੱਕ ਸੀ ਤੇ ਸਫ਼ਾਈ ਲਈ ਦੋਸ਼ ਹਮੇਸ਼ਾ ਹਾਊਸ ਮਾਸਟਰ ਨੂੰ ਹੀ ਦਿੱਤਾ ਜਾਂਦਾ ਸੀ। 

ਸਾਡਾ ਚੌਹ ਬੰਦਿਆਂ ਦਾ ਕਮਰਾ ਬਹੁਤ ਛੋਟਾ ਸੀ। ਕਮਰੇ ਦੇ ਦੋਹੀਂ ਪਾਸੀਂ ਸਾਡੇ ਤਿੰਨ-ਤਿੰਨ ਬੈੱਡ ਹੇਠ ਉੱਪਰ ਲਗੇ ਹੋਏ ਸਨ। ਕਮਰਾ ਛੋਟਾ ਹੋਣ ਦੀ ਵਜ੍ਹਾ ਕਰਕੇ ਕਮਰੇ ਦਾ ਨਜ਼ਾਰਾ ਹਿੰਦੋਸਤਾਨੀ ਰੇਲ ਦੇ ਤੀਸਰੇ ਦਰਜੇ ਦੇ ਸਲੀਪਇੰਗ ਸੂਟ ਦਾ ਭੁਲੇਖਾ ਪਾਉਂਦਾ ਸੀ, ਜਿਸ ਵਿੱਚ ਨਾ ਤਾਂ ਕੋਈ ਸ਼ਰੰਕ (ਅਲਮਾਰੀ) ਸੀ ਤੇ ਨਾ ਹੀ  ਆਪਣੇ ਜ਼ਰੂਰੀ ਕਾਗਜ਼ਾਤ ਜਾਂ ਸਮਾਨ ਰੱਖਣ ਵਾਸਤੇ ਕੋਈ ਟਰੰਕ ਕੋਫਰਪਰ ਫਿਰ ਵੀ ਸਾਡੇ ਵਾਸਤੇ ਇਹ ਕਮਰਾ ਕਿਸੇ ਰੜੇ ਰਾਜੇ ਦੇ ਰੰਗ ਮਹਿਲ ਤੋਂ ਘੱਟ ਨਹੀਂ ਸੀ । ਕਿੳਂਕਿ ਰੇਵਤੀ ਰਮਨ ਨੇ ਸਾਰੀਆਂ ਹੀ ਖਾਲੀ ਕੰਧਾਂ ਕੁਦਰਤੀ ਲਿਬਾਸ ਵਿੱਚ ਢੱਕੀਆਂ ਖੂਬਸੂਰਤ ਕੁੜੀਆਂ ਦੀਆਂ ਤਸਵੀਰਾਂ ਨਾਲ ਭਰ ਦਿਤੀਆਂ ਸਨ। ਫਰਿੱਜ ਸਾਡਾ ਚਕਲਾ ਸੀ ਤੇ ਬੀਅਰ ਦੀਆਂ ਬੋਤਲਾਂ ਵੇਲਣੇ । ਰੌਂਗੀ ਦੀ ਦਾਲ ਤੇ ਗਾਜਰ ਮਟਰਾਂ ਦੇ ਸਸਤੇ ਡੱਬੇ ਦਿਨੇ ਦੁਪਿਹਰੇ ਚੁੱਲ੍ਹਿਆਂ ਤੇ ਚੜ੍ਹੇ ਸਾਨੂੰ ਬੱਦ-ਦੁਆਵਾਂ ਦਿੰਦੇ ਰਹਿੰਦੇ ਸਨ। ਆਟਾ ਉਹਨਾਂ ਦਿਨਾਂ ਵਿੱਚ ਇਥੇ ਮਿਲਦਾ ਹੀ ਨਹੀਂ ਸੀ । ਹਾਫਰ-ਫਲੋਕਣ ਵਿੱਚ ਮੈਦਾ ਰਲਾ ਕੇ ਲੰਗਰ ਪੱਕਦੇ ਸਨ। ਇਹ ਵਿਧੀ ਪਤਾ ਨਹੀਂ ਕਿਸ ਸਿਆਣੇ ਦੀ ਕਾਢ ਸੀ ਮਿਉਚਨ ਤੋਂ ਲੈ ਕੇ ਹਮਬਰਗ ਤੱਕ ਇਸੇ ਤਰੀਕੇ ਨਾਲ ਹੀ ਰੋਟੀ ਦਾ ਕੰਮ ਚਲਾਇਆ ਜਾ ਰਿਹਾ ਸੀ। ਮਸਾਲੇ ਅਚਾਰ ਦੀ ਅਯਾਸ਼ੀ ਦੀ ਤਾਂ ਗੱਲ ਹੀ ਛੱਡੋ, ਤੜਕੇ ਸਿਰਫ ਲੂਣ ਦੇ ਹੀ ਲਗਦੇ ਸਨ। ਉਦੋਂ ਕੋਲਨ ਵੱਲ ਕਿਸੇ ਸਿਆਸੀ ਪਨਾਹ ਵਾਲੇ ਗੀਤਕਾਰ ਦਾ ਇਹ ਗੀਤ ਜ਼ੁਬਾਨੋਂ ਜੁ਼ਬਾਨੀ ਯਾਤਰਾ ਕਰਦਾ ਸਾਡੀ ਜ਼ਬਾਨ ਤੇ ਵੀ ਚੜ੍ਹ ਗਿਆ ਸੀ। ਬੋਲ ਇਉਂ ਸਨ।

ਵੇਖੇ ਜਰਮਨ ਦੇ ਨਜ਼ਾਰੇ
ਮੁੰਡੇ ਫਿਰਦੇ ਮਾਰੇ ਮਾਰੇ
ਤੜਕਾ ਲੂਣ ਦਾ ਲਾੳਂਨੇ ਆ
ਕੰਮ ਕਾਰ ਨਹੀਂ ਮਿਲਦਾ
ਅਸੀਂ ਦਰ ਦਰ ਭਾਉਨੇ ਆ।

ਚਲੋ ਛੱਡੋ ! ਤੁਸੀਂ ਸੋਚਦੇ ਹੋਵੋਗੇ ਮੈਂ ਐਵੇਂ ਹੀ ਆਪਣੀ ਜਰਮਨੀ ਦੀ ਅਮੀਰੀ ਦੀਆਂ ਫੜ੍ਹਾਂ ਮਾਰੀ ਜਾਂਦਾ ਹਾਂ ਤੇ ਤੁਹਾਨੁੰ ਬੋਰ ਕਰੀ ਜਾਂਦਾ ਹਾਂ। ਹਾਂ ਸੱਚ ! ਗੱਲ ਤਾਂ ਮਿੱਤਰ ਰੇਵਤੀ ਰਮਨ ਜੋਸ਼ੀ ਦੀ ਹੋ ਰਹੀ ਸੀ, ਆਹ ਕਿੱਥੋਂ ਵਿਆਹ ਵਿੱਚ ਬੀ ਦਾ ਲੇਖਾ ਆ ਗਿਆ। ਹਾੜ ਸਿਆਲ ਜੋਸ਼ੀ ਸਾਹਿਬ ਹਮੇਸ਼ਾ ਅੱਧੀਆਂ ਬਾਹਾਂ ਦੀ ਕਮੀਜ਼ ਪਾ ਕੇ ਰੱਖਦੇ ਸਨ, ਕਿਉਂਕਿ ਉਨ੍ਹਾਂ ਦੇ ਦਿਮਾਗ ਵਿਚ ਇਹ ਵਹਿਮ ਘਰ ਕਰ ਗਿਆ ਸੀ ਕਿ ਉਸ ਦੀ ਸ਼ਕਲ ਮਸ਼ਹੂਰ ਟਰਮੀਨੇਟਰਬੌਡੀ ਬਿਲਡਰ ਅਰਨੋਲਡ ਸਵਾਰਸ਼ਨੇਗਰ ਨਾਲ ਮਿਲਦੀ ਜੁਲਦੀ ਹੈ। ਇਸੇ ਵਹਿਮ ਸਦਕਾ ਜੋਸ਼ੀ ਸਾਹਿਬ ਸੇਲ ਤੇ ਲੱਗੇ ਢਾਈ ਢਾਈ ਕਿੱਲੋ ਦੇ ਡੰਬਲ ਵੀ ਲੈ ਆਏ ਸਨ। ਉਹ  ਜੇਠ ਹਾੜ੍ਹ ਦੇ ਮਹੀਨੇ ਵਿੱਚ ਵਿਕਦੀਆਂ ਮੌਸਮੀ ਤਰ੍ਹਾਂ ਵਰਗੀਆਂ ਆਪਣੀਆਂ ਬਾਹਾਂ ਤੇ ਡੌਲੇ ਹਮੇਸ਼ਾ ਪੁੱਠੇ ਸਿੱਧੇ ਕਰਕੇ ਵੇਖਦੇ ਰਹਿੰਦੇ। ਕੁੜੀਆਂ ਬਾਰੇ ਵੀ ਜੋਸ਼ੀ ਸਾਹਿਬ ਦਾ ਕਰੇਜ਼ ਸਿਰ ਚੜ੍ਹ ਕੇ ਬੋਲਦਾ ਸੀ। ਉਹ ਜਦੋਂ ਬਾਹਰ ਜਾਂਦੇ, ਹਮੇਸ਼ਾ ਹੀ ਸਾਨੂੰ ਆ ਕੇ ਕਿਸੇ ਨੱਢੀ ਦਾ ਦਿਲਚਸਪ ਕਿੱਸਾ ਆ ਸੁਣਾਉਂਦੇ। ਉਨ੍ਹਾਂ ਕਦੀ ਪਰਵਾਹ ਨਹੀਂ ਮੰਨੀ ਸੀ ਕਿ ਕੋਈ ਉਨ੍ਹਾਂ ਬਾਰੇ ਕੀ ਕਹਿੰਦਾ ਤੇ ਕੀ ਸੋਚਦਾ ਹੈ। ਉਹ ਹਮੇਸ਼ਾ ਆਪਣੀ ਧੁੰਨ ਵਿੱਚ ਮਸਤ ਰਹਿੰਦੇ। ਉਸ ਦੇ ਸਪੈਸ਼ਲ ਅਟੈਚੀਕੇਸ ਵਿਚ ਕੋਈ ਪੰਜਾਹ ਕੁ ਕੁੜੀਆਂ ਦੀਆਂ ਵੱਖ ਵੱਖ ਮੁਦਰਾਵਾਂ ਵਿੱਚ ਖਿੱਚੀਆਂ ਰੰਗੀਨ ਤਸਵੀਰਾਂ ਸਨ, ਜੋ ਕਿਸੇ ਅਮੀਰ ਦੇ ਕੁੱਤੇ ਵਾਂਗ ਹਮੇਸ਼ਾਂ ਉਸ ਦੀ ਬੱਤਖ ਦੇ ਖੰਭਾਂ ਨਾਲ ਭਰੀ ਰਜਾਈ ਵਿੱਚ ਉਸ ਦੇ ਨਾਲ ਹੀ ਸੌਦੀਆਂ ਸਨ। ਹੁਣ ਇਹ ਨਹੀਂ ਪਤਾ ਉਸ ਨੂੰ ਵਾਕਿਆ ਹੀ ਪਿਆਰ ਨਿਸ਼ਾਨੀ ਵਜੋਂ ਕੁੜੀਆਂ ਨੇ ਇਹ ਤਸਵੀਰਾਂ ਦਿੱਤੀਆਂ ਸਨ ਜਾਂ ਉਸ ਨੇ ਕੁੜੀਆਂ ਨੂੰ ਖੁਆ ਪਿਆ ਕੇ ਸਾਡੇ ਤੇ ਦਹਿਸ਼ਤ ਪਾਉਣ ਲਈ ਖਿਚਵਾਈਆਂ ਸਨ। ਤਸਵੀਰ ਵਿਚ ਜੋਸ਼ੀ ਸਾਹਿਬ ਹਮੇਸ਼ਾ ਹੀ ਕੁੜੀ ਤੋਂ ਇਕ ਵਿੱਥ ਤੇ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਫੜੀ ਖਲੋਤੇ ਮੁਸਕਰਾਉਂਦੇ ਹੁੰਦੇ। ਖਿੱਚੀਆਂ ਤਸਵੀਰਾਂ ਵਿੱਚ ਬੇਸ਼ਕ ਕਿੰਨੀ ਵੀ ਵਿੱਥ ਕਿੳਂ ਨਾ ਹੋਵੇ ?  ਨਜ਼ਦੀਕੀਆਂ ਲਈ ਰਾਤਾਂ ਤਾਂ ਜੋਸ਼ੀ ਸਾਹਿਬ ਦੀਆਂ ਆਪਣੀਆਂ ਸਨ। ਉਨ੍ਹਾਂ ਸਾਰੀਆਂ ਨਾਲ ਹੀ ਸੁਫਨਿਆਂ ਚ ਜੋਸ਼ੀ ਸਾਹਿਬ ਗੋਪੀਆਂ ਦੇ ਕਾਨ੍ਹ ਵਾਂਗ ਸਾਰੀ ਰਾਤ ਰਾਸਲੀਲਾ ਰਚਾਉਂਦੇ। ਹਰ ਨਵੇਂ ਆਏ ਆਦਮੀ ਕੋਲ ਜੋਸ਼ੀ ਸਾਹਿਬ ਆਪਣੇ ਆਪ ਨੂੰ ਪਟਿਆਲੇ ਵਾਲਾ ਰਾਜਾ ਭੁਪਿੰਦਰ ਸਿੰਘ ਜਾਂ ਯੋਰਪੀ ਇਤਿਹਾਸ ਦੇ ਮਹਾਂਆਸ਼ਕ ਕਾਸਾਨੋਵਾ ਹੀ ਸ਼ੋਅ ਕਰਦੇ। ਉਹ ਜਦ ਮਦਾਰੀ ਦੀ ਪਟਾਰੀ ਵਾਂਗੂੰ ਆਪਣਾ ਸਪੈਸ਼ਲ ਟੈਚੀਕੇਸ ਖੋਲ੍ਹਦੇ ਤਾਂ ਸਾਡੇ ਟਿੱਚਰਾਂ ਕਰਨ ਵਾਲਿਆਂ ਦੇ ਦੰਦ ਜੁੜ ਜਾਂਦੇ। ਅਸੀਂ ਇਸ ਮਾਮਲੇ ਵਿੱਚ ਤਮਾਸ਼ਾ ਵੇਖਣ ਦੇ ਮਾਰੇ ਜੋਸ਼ੀ ਨੂੰ ਕਾਨਪੁਰ ਦੀ ਬੋਕੀ ਪਾ ਕੇ ਪੰਪ ਦਿੰਦੇ ਪਰ ਜੋਸ਼ੀ ਸਾਹਿਬ ਤਾਂ ਇਸ ਮਾਮਲੇ ਚ ਮਾੜੀ ਜਿਹੀ ਫੂਕ ਨਾਲ ਹੀ ਅੱਕ ਦੀ ਮਾਈ ਬੁੱਢੀ ਵਾਂਗੂ ਹਵਾ ਚ ਉੱਡਣ ਲੱਗਦੇ ਤੇ ਉਦੋਂ ਜੋਸ਼ੀ ਸਾਹਿਬ ਅਗਲੀ ਪਿਛਲੀ ਸਾਰੀ ਵਾਰੀ ਸਾਡੇ ਤੇ ਲਾਹ ਜਾਂਦੇ ਕਿਉਂਕਿ ਅਸੀਂ ਮੁਕਤਸਰ ਤੇ ਤਖਤੂਪੁਰੇ ਦੀ ਵਿਸਾਖੀ ਤੋਂ ਵੱਧ ਕਿਤੇ ਕੁਝ ਵੇਖਿਆ ਹੀ ਨਹੀਂ ਸੀ। ਜੋਸ਼ੀ ਸਾਹਿਬ ਐਲਬਮ ਦੇ ਪੰਨੇ ਖੋਲ੍ਹਦੇ। ਤਸਵੀਰਾਂ ਉੱਪਰ ਹਰ ਪੰਨੇ ਉੱਪਰ ਕੁੜੀ ਦੀ ਤਸਵੀਰ, ਹੇਠਾਂ ਉਸ ਦੇ ਸਰੀਰ ਦੀ ਮਿਣਤੀ, ਜਨਮ ਤਾਰੀਖ, ਮਿਲਣ ਦਾ ਸਮਾਂ, ਰੋਮਾਂਸ ਦੇ ਦਿਨ, ਮਹੀਨੇ ਸਾਰਾ ਵੇਰਵਾ ਬੜੇ ਸਲੀਕੇ ਨਾਲ ਬਗੈਰ ਕਿਸੇ ਗ਼ਲਤੀ ਤੋਂ ਲਿਖਿਆ ਹੁੰਦਾ। ਇਹ ਤਰੀਕਾ ਸ਼ਾਇਦ ਉਸ ਨੇ ਪਲੇਅ ਬੁਆਏ ਨਾਂ ਦੇ ਰਸਾਲੇ ਤੋਂ ਸਿੱਖਿਆ ਸੀ।

ਅਸੀਂ ਨਵੇਂ ਸਾਂ ਅਤੇ ਜੋਸ਼ੀ ਸਾਹਿਬ ਇਕ ਵਾਰ ਡਿਪੋਰਟ ਹੋ ਕੇ ਦੁਬਾਰਾ ਆਏ ਸਨ। ਅਸੀਂ ਉਨ੍ਹਾਂ ਦੀਆਂ ਦੀਆਂ ਗੱਲਾਂ ਬਾਤਾਂ  ਤੇ ਯਕੀਨ ਕਰਕੇ ਪਹਿਲੇ ਦਿਨ ਹੀ ਉਸ ਨੂੰ ਆਪਣਾ ਰਹਿਨੁਮਾ ਮੰਨ ਲਿਆ ਸੀ। ਉਹ ਆਪਣੇ ਆਪ ਨੂੰ ਜਰਮਨ ਭਾਸ਼ਾ ਦੇ ਮਾਹਿਰ ਵੀ ਦੱਸਦੇ ਸਨ। ਅਸੀਂ ਜਿਨ੍ਹਾਂ ਨੇ ਪਿੰਡਾਂ ਦੀਆਂ ਹੱਟੀਆਂ ਤੋਂ ਗੁੜ, ਚਾਹ, ਜਾਂ ਬੀੜੇ ਦੀ ਪੁੜੀ ਤੋਂ ਵੱਧ ਕਦੀ ਕੁਝ ਕਿਤੋਂ ਖਰੀਦਿਆ ਹੀ ਨਹੀਂ ਸੀ, ਸੁਪਰ ਮਾਰਕਿਟ ਦੀਆਂ ਸਾਮਾਨ ਨਾਲ ਲੱਦੀਆਂ ਰੈਕਾਂ ਵੇਖ ਕੇ ਘਬਰਾ ਗਏ ਕਿ ਕੀ ਲਈਏ ਤੇ ਕੀ ਨਾਂ? ਹੁਣ ਸਾਨੂੰ ਅਫ਼ਸੋਸ ਹੋ ਰਿਹਾ ਸੀ ਕਿ ਅਸੀਂ ਜੋਸ਼ੀ ਸਾਹਿਬ ਨੂੰ ਨਾਲ ਕਿਉਂ ਨਹੀਂ ਲਿਆਏ। ਅਚਾਨਕ ਸਾਡੀ ਚੰਗੀ ਕਿਸਮਤ ਨੂੰ ਜਾਂ ਕਾਸੇ ਤੇ ਬੈਠੀ ਕੁੜੀ ਦੇ ਚੱਕਰ ਚ ਜੋਸ਼ੀ ਸਾਹਿਬ ਵੀ ਉੱਧਰ ਆ ਨਿਕਲੇ। ਜੋਸ਼ੀ ਸਾਹਿਬ ਨੂੰ ਵੇਖ ਕੇ ਸਾਡੀਆਂ ਵਾਛਾਂ ਖਿੜ ਗਈਆਂ। ਅਸੀਂ ਇਉਂ ਖੁਸ਼ ਹੋਏ ਜਿਸ ਤਰ੍ਹਾਂ ਅਰਧ ਕੁੰਭ ਦੇ ਮੇਲੇ ਚ ਗਵਾਚੇ ਨਿਆਣਿਆਂ ਨੂੰ ਆਪਣਾ ਸਕਾ ਪਿਉ ਲੱਭ ਪੈਂਦਾ ਹੈ। ਅਸੀਂ ਆਮ ਤਾਂ ਜੋਸ਼ੀ ਸਾਹਿਬ ਨੂੰ ਟੁੱਕ ਤੇ ਡੇਲਾ ਹੀ ਸਮਝਦੇ ਸਾਂ ਪਰ ਐਸ ਵਕਤ ਇਉਂ ਲੱਗ ਰਿਹਾ ਸੀ ਜਿਸ ਤਰ੍ਹਾਂ ਮੁਸ਼ਕਿਲ ਚ ਘਿਰੇ ਭਗਤਾਂ ਦੀ ਫਰਿਆਦ ਸੁਣ ਕੇ ਭਗਵਾਨ ਆਪ ਖੁਦ ਜੋਸ਼ੀ ਦੇ ਰੂਪ ਚ ਸਾਡੀ ਖੁੱਭੀ ਕੱਢਣ ਆਏ ਹੋਣ। ਅਸੀਂ ਜੋਸ਼ੀ ਸਾਹਿਬ ਨੂੰ ਆਪਣੀ ਸਾਰੀ ਵਿਥਿਆ ਸੁਣਾਈ। ਸਾਡੀ ਢੂਈ ਲੱਗੀ ਦੇਖ ਕੇ ਜੋਸ਼ੀ ਸਾਹਿਬ ਇਕਦਮ ਪ੍ਰਚੰਡ ਰੂਪ ਵਿਚ ਆ ਗਏ।

ਇਸ ਤਰਾਂ ਦੀ ਕਿਹੜੀ ਗੱਲ ਆ। ਦੱਸੋ ਕਿਹੜਾ ਸੌਦਾ ਧਾਨੂੰ ਚਾਹੀਦੈ?”

ਜੋਸ਼ੀ ਨੇ ਮੈਥੋਂ ਸਮਾਨ ਰੱਖਣ ਵਾਲੀ ਰੇਹੜੀ ਖੋਹ ਲਈ, ਜਿਹੜੀ ਮੈਂ ਪੁੱਠੇ ਪਾਸੇ ਤੋਂ ਫੜੀ ਧੂਈ ਆਉਂਦਾ ਸੀ।

ਧਾਨੂੰ ਰੇਹੜੀ ਤਾਂ ਫੜਨੀ ਨੀ ਆਉਂਦੀ, ਆ ਗਏ ਸੌਦਾ ਲੈਣਜੋਸ਼ੀ ਸਾਹਿਬ ਮੇਰੀ ਅਕਲ ਤੇ ਹੱਸੇ।

ਅਸੀਂ ਸਮਾਨ ਦੱਸਦੇ ਗਏ ਤੇ ਜੋਸ਼ੀ ਸਾਹਿਬ ਚੁੱਕ ਚੁੱਕ ਬੋਤਲਾਂ ਤੇ ਡੱਬੇ ਰੇਹੜੀ ਚ ਧਰਦੇ ਗਏ। ਦ੍ਰਿਸ਼ ਇਉਂ ਲੱਗ ਰਿਹਾ ਸੀ ਜਿਸ ਤਰ੍ਹਾਂ ਕੁੱਕੜੀ ਆਪਣੇ ਤਾਜ਼ੇ ਕੱਢੇ ਚੂਚੇ ਲੈ ਕੇ ਚੋਗਾ ਚੁਗਦੀ ਹੋਵੇ। ਸਾਮਾਨ ਲੈਂਦਿਆਂ ਜੋਸ਼ੀ ਸਾਹਿਬ ਆਪਣੇ ਸ਼ੌਪਿੰਗ ਦੇ ਤਜਰਬਿਆਂ ਤੇ ਨੌਨ ਸਟਾਪ ਭਾਸ਼ਨ ਦਿੰਦੇ ਜਾ ਰਹੇ ਸਨ। ਵਿਚੋਂ ਆਉਂਦੇ ਜਾਂਦੇ ਗੋਰੇ ਗੋਰੀ ਨੂੰ ਹੱਸ ਕੇ ਬਿਤੇ ਡੰਕੇ ਵੀ ਕਰੀ ਜਾਂਦੇ ਸਨ ਤੇ ਨਾਲੇ ਸਾਨੂੰ ਸਮਝਾਉਂਦੇ ਜਾ ਰਹੇ ਸਨ ਕਿ ਆਟੇ ਨੂੰ ਜਰਮਨ ਚ ਆਹ ਕਹਿੰਦੇ ਹਨ, ਘਿਉ ਨੂੰ ਆਹ ਕਹਿੰਦੇ ਹਨ, ਤੇਲ ਨੂੰ ਉਲੀ ਤੇ ਸਾਬਨ ਨੂੰ ਸਾਇਫੇਕਹਿੰਦੇ ਹਨ। ਅਸੀਂ ਪਹੁੰਚੇ ਹੋਏ ਸਾਧ ਦੇ ਮੂਰਖ ਚੇਲਿਆਂ ਵਾਂਗ ਸੱਤਬਚਨ ਆਖ ਕੇ ਸਿਰ ਹਿਲਾਈ ਜਾਂਦੇ ਸਾਂ। ਸਮਾਨ ਖਰੀਦ ਕੇ ਅਸੀਂ ਘਰ ਪਹੁੰਚੇ। ਐਸ ਵਖਤ ਜੋਸ਼ੀ ਸਾਹਿਬ ਆਪਣੇ ਨੂੰ ਹੀਰੋ ਮਹਿਸੂਸ ਕਰ ਰਹੇ ਸਨ ਅਤੇ ਅਸੀਂ ਮੂੰਹ ਵਿਚ ਘੁੰਗਣੀਆਂ ਪਾਈ ਛਿੱਥੇ ਜਿਹੇ ਪਏ ਜੋਸ਼ੀ ਸਾਹਿਬ ਨੂੰ ਕੋਈ ਟਿੱਚਰ ਵੀ ਨਹੀਂ ਕਰ ਰਹੇ ਸਾਂ।

ਚੱਲ ਓਏ ਮਿਹਰ ਮਿੱਤਲਾ! ਤੂੰ ਚੀਰ ਗੰਢੇ, ਆਪਾਂ ਰੋਟੀ ਪਕਾਈਏ

ਮੈਂ ਜੋਸ਼ੀ ਸਾਹਿਬ ਦਾ ਹੁਕਮ ਸੁਣ ਕੇ ਬੀਬੇ ਨਿਆਣੇ ਵਾਂਗੂੰ ਗੰਢੇ ਚੀਰਨ ਲੱਗ ਪਿਆ ਤੇ ਜੋਸ਼ੀ ਸਾਹਿਬ ਆਪ ਸੰਢੇ ਦੇ ਮਗਜ਼ ਜਿੱਡੇ ਗੋਭੀ ਦੇ ਫੁੱਲ ਨਾਲ ਘੁਲਣ ਲੱਗੇ। ਵਿੱਚ ਵਿੱਚ ਹਿਸਟੀਰੀਏ ਦੇ ਰੋਗੀ ਵਾਂਗ ਜੋਸ਼ੀ ਸਾਹਿਬ ਆਪ ਮੁਹਾਰੇ ਪਤਾ ਨਹੀਂ ਕੀ ਕੀ ਭਾਸ਼ਣ ਦੇਈ ਜਾਂਦੇ ਸਨ। ਜਦ ਗੰਢੇ ਚੀਰੇ ਗਏ ਤਾਂ ਜੋਸ਼ੀ ਸਾਹਿਬ ਨੇ ਮਿੰਟਾਂ-ਸਕਿੰਟਾਂ ਚ ਚੁੱਲ੍ਹਾ ਚਲਾ ਦਿੱਤਾ ਤੇ ਪਤੀਲਾ ਉੱਪਰ ਰੱਖ ਕੇ ਲਿਆਂਦੇ ਹੋਏ ਸਮਾਨ ਚੋਂ ਇਕ ਬੋਤਲ ਚੋਂ ਤੇਲ ਪਾ ਕੇ ਗੰਡੇ ਭੁੰਨਣੇ ਸ਼ੁਰੂ ਕਰ ਦਿੱਤੇ ਤੇ ਨਾਲੋ ਨਾਲ ਗੈਸ ਕਿਵੇਂ ਚਲਾਉਣੀ, ਬੰਦ ਕਿਵੇਂ ਕਰਨੀ ਹੈ, ਗੈਸ ਖੁੱਲ੍ਹੀ ਨਹੀਂ ਛੱਡਣੀ, ਅੱਗ ਲੱਗਣ ਦਾ ਖਤਰਾ ਹੈ ਆਦਿ ਸਮਝਾੳਂਦੇ ਰਹੇ। ਅੱਗ ਲੱਗਣ ਦੇ ਸਬੰਧ ਚ ਉਸ ਨੇ ਫਰੈਂਕਫੋਰਟ ਵਾਲੇ ਕਿਸੇ ਬੰਦੇ ਦਾ ਕਿੱਸਾ ਵੀ ਸੁਣਾ ਦਿੱਤਾ। ਪਰ ਮੇਰਾ ਧਿਆਨ ਪਤੀਲੇ ਵੱਲ ਸੀ। ਮੈਂ ਵੇਖ ਰਿਹਾ ਸਾਂ ਕਿ ਪਤੀਲਾ ਚਿੱਟੀ ਚਿੱਟੀ ਝੱਗ ਜਿਹੀ ਨਾਲ ਭਰਦਾ ਜਾ ਰਿਹਾ ਸੀ ਅਤੇ ਅਜੀਬ ਕਿਸਮ ਦਾ ਮੁਸ਼ਕ ਵੀ ਮਾਰ ਰਿਹਾ ਸੀ। ਮੈਥੋਂ ਰਿਹਾ ਨਾ ਗਿਆ ਮੈਂ ਡਰਦੇ ਡਰਦੇ ਨੇ ਜੋਸ਼ੀ ਸਾਹਿਬ ਨੂੰ ਹੈਰਾਨੀ ਨਾਲ ਕਿਹਾ

ਜੋਸ਼ੀ ਸਾਹਿਬ ਇਹ ਘਿਉ ਕਿਤਰ੍ਹਾਂ ਦਾ ਹੈ?”

ਇਹ ਘਿਉ ਨਹੀਂ, ਇਹ ਤੇਲ ਹੈ ਮੂਰਖਾਜੋਸ਼ੀ ਸਾਹਿਬ ਵਿਚੋਂ ਹੀ ਮੇਰੀ ਗੱਲ ਟੁੱਕ ਕੇ ਪੂਰੀ ਤਸੱਲੀ ਨਾਲ ਬੋਲੇ ਤੇ ਨਾਲ ਹੀ ਦਬਾਦਬ ਕੜਛੀ ਪਤੀਲੇ ਚ ਘੁਮਾਉਣੀ ਸ਼ੁਰੂ ਕਰ ਦਿੱਤੀ।

ਧਾਨੂੰ ਕੀ ਪਤੈ ਤੇਲ ਤੇ ਘਿਉ ਚ ਫਰਕ ? ਮਲਵਈਆਂ ਨੂੰ, ਧਾਨੂੰ ਛੇਈਂ ਮਹੀਨੀ ਤਾਂ ਗੁੜ ਨਸੀਬ ਹੁੰਦਾ ਐ

ਪਰੰਤੂ ਪਤੀਲੇ ਚੋਂ ਨਿਕਲਦੀ ਝੱਗ ਨੂੰ ਜੋਸ਼ੀ ਸਾਹਿਬ ਦੀ ਘੁੰਮਦੀ ਕੜਛੀ ਵੀ ਨਾ ਰੋਕ ਸਕੀ। ਹੌਲੀ ਹੌਲੀ ਝੱਗ ਨਿਕਲ ਕੇ ਸਾਰੇ ਚੁੱਲ੍ਹੇ ਉੱਪਰ ਫੈਲ ਗਈ ਤੇ ਥੱਲੇ ਫਰਸ਼ ਤੱਕ ਵਗਣ ਲੱਗੀ। ਪਰ ਜੋਸ਼ੀ ਸਾਹਿਬ ਅਜੇ ਵੀ ਘਿਉ ਅਤੇ ਤੇਲ ਦੇ ਫ਼ਰਕ ਉੱਪਰ ਦੁਹੋ ਦੂਅ ਭਾਸ਼ਨ ਦੇ ਰਹੇ ਸਨ। ਇਨੇ ਚਿਰ ਨੂੰ ਸਾਡਾ ਨਾਲ ਦਾ ਗੁਆਂਢੀ ਪੁਰਾਣਾ ਮੁੰਡਾ ਚਾਹ ਬਨਾਉਣ ਜਾਂ ਕਿਸੇ ਹੋਰ ਕੰਮ ਲਈ ਕਿਚਨ ਚ ਆਇਆ। ਜਦ ਉਸ ਨੇ ਚੁੱਲ੍ਹੇ ਦੀ ਹਾਲਤ ਵੇਖੀ ਤਾਂ ਉਸ ਨੇ ਜੋਸ਼ੀ ਸਾਹਿਬ ਨੂੰ ਕਿਹਾ ਜੋਸ਼ੀ ਸਾਹਿਬ ਇਹ ਕੀ ਪਕਾ ਰਹੇ ਹੋ ?”

ਮੈਂ ਉਸ ਨੂੰ ਸਾਰੀ ਗੱਲ ਦੱਸੀ ਤੇ ਉਸ ਨੇ ਤੇਲ ਵਾਲੀ ਬੋਤਲ ਦੇਖੀ ਅਤੇ ਮੱਥੇ ਤੇ ਹੱਥ ਮਾਰ ਕੇ ਬੋਲਿਆ। ਓਏ ਮੂਰਖੋ ਇਹ ਤੇ ਵਾਲ ਧੋਣ ਵਾਲਾ ਸ਼ੈਂਪੂ ਹੈ, ਸ਼ੈਂਪੂ

ਜੋਸ਼ੀ ਸਾਹਿਬ ਨੇ ਝਟਕੇ ਨਾਲ ਉਸ ਤੋਂ ਬੋਤਲ ਫੜ ਲਈ ਤੇ ਬੋਲੇ ਨਹੀਂ ਯਾਰ ਇਤਰਾਂ ਦਾ ਤੇਲ ਵੀ ਹੁੰਦੈ

ਬੋਤਲ ਉੱਪਰ ਇਕ ਲੰਬੇ ਸੁਨਿਹਰੀ ਵਾਲਾਂ ਵਾਲੀ ਕੁੜੀ ਦੀ ਅਧਨੰਗੀ ਫੋਟੋ ਸੀ ਪਰ ਜੋਸ਼ੀ ਸਾਹਿਬ ਅਜੇ ਵੀ ਨਹੀਂ ਮੰਨ ਰਹੇ ਸਨ। ਮੇਰਾ ਇਕ ਦਮ ਹਾਸਾ ਨਿਕਲ ਗਿਆ ਮੈਨੂੰ ਤੇ ਸਾਡੇ ਗੁਆਂਢੀ ਮੁੰਡੇ ਨੂੰ ਹੱਸਦਿਆਂ-ਹੱਸਦਿਆਂ ਹੱਥੂ ਆ ਗਏ । ਮੈਂ ਕਮਰੇ ਚ ਆ ਕੇ ਨਾਲਦਿਆਂ ਨੂੰ ਰਸੋਈ ਵਾਲੀ ਸਾਰੀ ਵਿੱਥਿਆ ਅਜੇ ਦਸ ਹੀ ਰਿਹਾ ਸਾਂ, ਉਨੇ ਚਿਰ ਨੂੰ ਸਾਡਾ ਤੀਜਾ ਸਾਥੀ ਤੌਲੀਆ ਲਪੇਟੀ ਬਾਥਰੂਮ ਚੋਂ ਗਾਹਲਾਂ ਕੱਢਦਾ ਤੇ ਥੂ ਥੂ ਕਰਦਾ ਆ ਰਿਹਾ ਸੀ। ਉਸ ਦਾ ਮੂੰਹ ਵੀ ਝੱਗ ਨਾਲ ਭਰਿਆ ਪਿਆ ਸੀ। ਅਸੀਂ ਤਾਂ ਅੱਗੇ ਹੀ ਵੱਖੀਆਂ ਫੜੀ ਬੈਠੇ ਸਾਂ। ਉਸ ਦੀ ਹਾਲਤ ਵੇਖ ਕੇ ਹੱਸਦਿਆਂ ਦੇ ਸਾਡੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ।

ਜਦ ਹਾਸੇ ਨੂੰ ਬਰੇਕ ਲੱਗੀ ਤਾਂ ਬਾਥਰੂਮ ਵਾਲਾ ਬੋਲਿਆ ਓਏ ਜੋਸ਼ੀ ! ਇਹ ਕੋਲਗੇਟ ਕਿਹੋ ਜਿਹੀ ਲਿਆਂਦੀ ਹੈ, ਇਹਦਾ ਸੁਆਦ ਤਾਂ ਸਾਬਣ ਵਰਗਾ ਹੈ।

ਜਦ ਕੋਲਗੇਟ ਦੀ ਟਿਊਪ ਚੈੱਕ ਕਰਵਾਈ ਗਈ ਤਾਂ ਪਤਾ ਲੱਗਾ ਕਿ ਇਹ ਤਾਂ ਦਾੜੀ ਮੁੰਨਣ ਵਾਲੀ ਸ਼ੇਵਿੰਗ ਕਰੀਮ ਸੀ। ਜਿਸ ਉੱਪਰ ਲਿਖਿਆ ਸੀ ਕੌਲਗੇਟ ਰਾਜ਼ੀਅਰ ਕਰੀਮਯਾਨੀ ਕਿ ਕੌਲਗੇਟ ਦਾੜ੍ਹੀ ਮੁੰਨਣ ਵਾਲੀ ਕਰੀਮ।ਬੱਸ ਫਿਰ ਕੀ ਸੀ ਅਗਲੇ ਪੰਦਰਾਂ ਦਿਨਾਂ ਤੱਕ ਜੋਸ਼ੀ ਸਾਹਿਬ ਦੀ ਸ਼ਾਮਤ ਆਈ ਰਹੀ।

ਜੋਸ਼ੀ ਸਾਹਿਬ ਨੂੰ ਡਿਸਕੋ ਜਾਣ ਦਾ ਵੀ ਬੜਾ ਸ਼ੌਕ ਸੀ। ਚਾਲੀਆਂ ਨੂੰ ਢੁੱਕੇ ਜੋਸ਼ੀ ਸਾਹਿਬ ਨੇ ਕਦੀ ਵੀ ਆਪਣੇ ਆਪ ਨੂੰ ਮੁੱਛ ਫੁੱਟ ਗੱਭਰੂ ਤੋਂ ਵੱਧ ਨਹੀਂ ਸਮਝਿਆ ਸੀ। ਪਿੰਡ ਹੁੰਦਿਆਂ ਮਾੜੀ ਸਰੀਰਕ ਬਣਤਰ ਕਰਕੇ ਸਾਕਾਂ ਵਾਲੇ ਵੀ ਮੁੰਡਾ ਵੇਖ ਕੇ ਨੱਕ ਬੁੱਲ੍ਹ ਚਾੜ੍ਹਦੇ ਸਨ। ਬਾਹਰੋਂ ਗਏ ਉਸ ਨਾਲੋਂ ਵੀ ਗਇਆ ਗੁਜ਼ਰਿਆਂ ਦਾ ਛੁਆਰਾਪੈਂਦਾ ਉਸ ਨੇ ਵੇਖਿਆ ਸੀ ਤੇ ੳਸ ਮੁਰਦੇ ਨੇ ਵੀ ਜੋਸ਼ੀ ਸਾਹਬ ਨੂੰ ਬਾਹਰ ਜਾਣ ਲਈ ਉਕਸਾਇਆ ਸੀ, ਜੋ ਵਲੈਤ ਵਿੱਚੋਂ ਇੱਕ ਬਹੁਤ ਹੀ ਖੂਬਸੂਰਤ ਤਾਬੂਤ ਵਿੱਚ ਸਣੇ ਕੋਟ ਪੈਂਟ ਤੇ ਟਾਈ ਵਿੱਚ ਪਿੰਡ ਦੀਆਂ ਮੜ੍ਹੀਆਂ ਵਿੱਚ ਫੂਕਣ ਲਈ ਉਸ ਦੇ ਰਿਸ਼ਤੇਦਾਰ ਲਿਆਏ ਸਨ। ਐਡੀ ਖੂਬਸੂਰਤ ਸੂਟਿਡ ਬੂਟਿਡ ਤੇ ਅਤਰ ਫੁਲੇਲ ਦੀਆਂ ਮਹਿਕਾਂ ਛੱਡਦੀ ਲਾਸ਼ ਉਸ ਨੇ ਪਹਿਲਾ ਕਦੀ ਨਹੀਂ ਤੱਕੀ ਸੀ। ਅਖੀਰ ਛੱਬੀ ਸਾਲ ਦੀ ਭਰ ਜਵਾਨ ਉਮਰ ਵਿਚ ਜੋਸ਼ੀ ਸਾਹਿਬ ਖੱਟਣ-ਕਮਾਉਣ ਲਈ ਘਰੋਂ ਡੁਬਈ ਨੂੰ ਨਿਕਲ ਤੁਰੇ। ਦਸ ਸਾਲ ਅਰਬਾਂ ਦਾ ਰੇਤਾ ਫੱਕ, ਧੱਕੇ ਖਾ ਕੇ ਪਤਾ ਨਹੀਂ ਕਿਵੇਂ ਅੱਗੇ ਤੋਂ ਅੱਗੇ ਜਰਮਨ ਵਿਚ ਆ ਗਏ ਸਨ। ਆਉਂਦਿਆਂ ਹੀ ਚੋਰੀ ਬਾਰਡਰ ਪਾਰ ਕਰਦਿਆਂ ਰੰਗੇ ਹੱਥੀਂ ਹੀ ਫੜੇ ਗਏ ਸਨ। ਪੁਲਿਸ ਨੇ ਮਹੀਨਾ ਅੰਦਰ ਰੱਖ ਕੇ ਪਾਸਪੋਰਟ ਉੱਪਰ ਡਿਪੋਰਟਦੀ ਮੋਹਰ ਲਾ ਕੇ, ਸਾਰੇ ਜਹਾਂ ਤੋਂ ਅੱਛੇ ਹਿੰਦੋਸਤਾਨ ਨੂੰ ਵਾਪਸ ਮਦਰਾਸ ਨੂੰ ਜਹਾਜੇ ਚਾੜ੍ਹ ਦਿੱਤਾ ਸੀ। ਤਿੰਨੀ ਦਿਨੀਂ ਤਿੰਨਾਂ ਹੀ ਕੱਪੜਿਆਂ ਵਿੱਚ ਮਦਰਾਸੋਂ ਭੱਖੜਾ ਭੰਨਾਉਦਾਂ ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਉਸ ਦੀ ਪਿਆਰੀ ਮਾਂ ਨੂੰ ਅਕਾਲ ਚਲਾਣਾ ਕੀਤਿਆਂ ਚਾਰ ਸਾਲ ਹੋ ਗਏ ਹਨ। ਬਾਕੀ ਬਚੇ ਇੱਕੋ ਭਰਾ-ਭਰਜਾਈ ਨੇ ਮਰੀ ਮਾਂ ਦੀ ਚਿੱਠੀ ਇਸ ਕਰਕੇ ਉਸ ਨੂੰ ਨਹੀਂ ਪਾਈ ਸੀ ਕਿ ਕਿਤੇ ਸੋਨੇ ਦੇ ਆਂਡੇਦੇਣ ਵਾਲੀ ਮੁਰਗੀ ਨੌਕਰੀ ਵਿਚੇ ਛੱਡ ਕੇ ਪਿਛਾਂਹ ਨਾ ਮੁੜ ਆਵੇ। ਜੋ ਢਾਈ ਤਿੰਨ ਲੱਖ ਰੁਪਈਆ ਜੋਸ਼ੀ ਨੇ ਘਰ ਭੇਜਿਆ ਸੀ । ਜਦ ਉਸ ਦਾ ਹਿਸਾਬ ਉਸ ਨੇ ਭਰਾ ਤੋਂ ਮੰਗਿਆ ਤਾਂ ਭਰਾ ਨੇ ਬੁੜ੍ਹੀ ਦੇ ਇਲਾਜ ਤੇ ਖ਼ਰਚ ਕੀਤਾ ਵਿਖਾ ਦਿੱਤਾ। ਦਸਾਂ ਸਾਲਾਂ ਦੀ ਖੂਨ ਪਸੀਨੇ ਦੀ ਕਮਾਈ ਵਿਚੋਂ ਉਸ ਨੂੰ ਸਿਰਫ਼ ਇਕ ਪੱਕਾ ਕੋਠਾ ਬਗੈਰ ਦਰਵਾਜ਼ੇ ਤੋਂ ਹਿੱਸੇ ਆਇਆ ਸੀ। ਸਾਊ ਆਦਮੀ ਸੀ, ਸਬਰ ਦਾ ਘੁੱਟ ਭਰ ਕੇ ਚੁੱਪ ਕਰ ਗਿਆ। ਭਰਾ ਨਾਲ ਝਗੜਨ ਦੀ ਹਿੰਮਤ ਉਸ ਵਿਚ ਨਹੀਂ ਸੀ। ਇਹ ਤਾਂ ਖੁਸ਼ਕਿਸਮਤੀ ਸੀ ਕਿ ਕਿਸੇ ਚੰਗੇ ਮਿੱਤਰ ਦੀ ਸਲਾਹ ਤੇ ਪਹਿਲੀਆਂ ਵਿਚ ਉਸ ਨੇ ਇਕ ਪੰਜਾਹ ਹਜ਼ਾਰ ਦੀ ਐਫ. ਡੀ. ਆਪਣੇ ਨਾਂ ਕਰਵਾ ਰੱਖੀ ਸੀ। ਲੋਕਾਂ ਦੀਆਂ ਝੇਡਾਂ ਤੇ ਚੱਕ ਥੱਲ ਦੀ ਪਰਵਾਹ ਨਾ ਕਰਦਿਆਂ ਹੋਇਆਂ ਜੋਸ਼ੀ ਨੇ ਹਿੰਮਤ ਨਾ ਹਾਰੀ। ਪਿੰਡ ਦੀ ਮੁੰਡ੍ਹੀਰ ਨੇ ਤਾਂ ਉਸ ਦਾ ਨਾਂ ਵੀ ਛੇੜ ਵਜੋਂ ਵਲੈਤੀਆਪਾ ਛੱਡਿਆ ਸੀ। ਇਕ ਦੋ ਪਿੰਡਾਂ ਚ ਕਰਿਆਨੇ ਦੀ ਦੁਕਾਨ ਵੀ ਉਸ ਨੇ ਪਾਈ ਪਰ ਜੋਸ਼ੀ ਸਾਹਿਬ ਦਾ ਮਨ ਕਿਤੇ ਵੀ ਨਾ ਖੁੱਭਿਆ। ਫਿਰ ਦੋ ਤਿੰਨ ਸਾਲ ਉਹ ਅਵਾਜ਼ਾਰ ਹੋਇਆ ਆਵਾਗੌਣ ਵੀ ਤੁਰਿਆ ਫਿਰਦਾ ਰਿਹਾ। ਇਧਰ ਮਾਝੇ ਦਾ ਬਾਡਰ ਦਾ ਇਲਾਕਾ ਹੋਣ ਕਰਕੇ ਰੋਜ਼ ਦੀ ਅੱਤਵਾਦ ਦੀ ਠਾਹ-ਠੂ ਹੋਣ ਕਰਕੇ ਜੋਸ਼ੀ ਵਰਗੇ ਬਾਹਰੋਂ ਗਏ ਸ਼ਰੀਫ ਬੰਦੇ ਦਾ ਜਿਉਣਾ ਹੋਰ ਵੀ ਦੂਭਰ ਹੋ ਗਿਆ ਸੀ। ਲੋਕ ਡਰਦੇ ਮਾਰੇ ਪਿੰਡਾ ਚੋਂ ਹਿਜ਼ਰਤ ਕਰਕੇ ਸ਼ਹਿਰਾਂ ਵੱਲ ਨੂੰ ਜਾ ਰਹੇ ਸਨ। ਘਰਦਿਆਂ ਤੇ ਬਾਹਰ ਦਿਆਂ ਤੋਂ ਉਚਾਟ ਹੋਏ ਜੋਸ਼ੀ ਨੇ ਫਿਰ ਇਕ ਵਾਰ ਦੇਸ਼ ਚੋਂ ਹੀ ਹਿਜ਼ਰਤ ਕਰਨ ਦਾ ਫ਼ੈਸਲਾ ਲੈ ਲਿਆ। ਮਾਂ ਜਿਉਂਦੀ ਹੁੰਦੀ ਤਾਂ ਸ਼ਾਇਦ ਦੂਹਰੀ ਵਾਰ ਅੱਕ ਨਾ ਚੱਬਦਾ। ਐਫ. ਡੀ. ਵਾਲਾ ਪੰਜਾਹ ਹਜ਼ਾਰ ਏਜੰਟਾਂ ਦੀ ਭੇਟ ਚੜ੍ਹਾ ਕੇ ਈਸਟ ਬਰਲਨ ਰਾਹੀਂ ਵੈਸਟ ਚ ਆ ਵੜਿਆ ਸੀ। ਜੋਸ਼ੀ ਨੇ ਸ਼ਹਿਰ ਦੀਆਂ ਸਾਰੀਆਂ ਹੀ ਡਿਸਕੋਆਂ ਗਾਹ ਮਾਰੀਆਂ ਸਨ। ਪਰ ਵਿਚਾਰੇ ਨੂੰ ਕਿਤੋਂ ਵੀ ਕਿਸੇ ਹੀਰ ਨੇ ਖੈਰ ਨਾ ਪਾਈ। ਸ਼ਾਮ ਨੂੰ ਪਹਿਨ ਪੱਚਰ ਕੇ ਉਹ ਘਰੋਂ ਸਾਡੇ ਨਾਲ ਹਮੇਸ਼ਾ ਸ਼ਰਤ ਵਰਗਾ ਵਾਅਦਾ ਕਰਕੇ ਜਾਂਦਾ ਕਿ ਅੱਜ ਜ਼ਰੂਰ ਤੁਹਾਨੂੰ ਭਰਜਾਈ ਲਿਆ ਹੀ ਦੇਣੀ ਹੈ ਪਰ ਉਹ ਰੋਜ਼ ਹੀ ਸ਼ਹਿਰ ਤੇ ਨੇੜੇ-ਤੇੜੇ ਦੇ ਪਿੰਡਾਂ ਦੀਆਂ ਡਿਸਕੋਆਂ ਦਾ ਧੂੰਆਂ ਫੱਕ ਕੇ ਰਾਤ ਦੇ ਤਿੰਨ ਚਾਰ ਵਜੇ ਘਰ ਮੁੜ ਆਉਂਦਾ। ਸਾਨੂੰ ਉਠਾ ਕੇ ਨਵੀਂ ਫਸਾਈ ਕੁੜੀ ਦਾ ਭਾਈ ਭਰੋਸਾ ਸਿੰਘ ਦੇ ਨਾਵਲ ਵਰਗਾ ਗਰਮਾ ਗਰਮ ਕਿੱਸਾ ਸੁਣਾਉਂਦਾ। ਸਾਨੂੰ ਸਾਰਿਆਂ ਨੂੰ ਤਿਆਰ ਕਰਕੇ ਆਪ ਸੌਂ ਜਾਂਦਾ।

ਇਕ ਦਿਨ ਪਤਾ ਨਹੀਂ ਕਿੱਥੋਂ ਸ਼ਹਿਰ ਦਿਆਂ ਸਕਿੰਨਾ, ਪੰਕਜ਼, ਲਿਉਨਾਜ਼ੀਆ ਦੀ ਡਿਸਕੋ ਦਾ ਐੱਡਰੈੱਸ ਲੈ ਆਇਆ ਸੀ। ਉਸ ਨੂੰ ਕਿਸੇ ਨੇ ਐਵੇਂ ਹੀ ਘੁੱਤਿਤ ਦੇ ਦਿੱਤੀ ਸੀ ਕਿ ਉਥੇ ਕੁੜੀਆਂ ਨੂੰ ਨਸ਼ੇ ਦੀਆਂ ਸਿਗਰਟਾਂ, ਸ਼ਰਾਬ ਤੇ ਬੀਅਰ ਬੂਅਰ ਪਿਆ ਕੇ ਕੰਮ ਬਣ ਜਾਂਦਾ ਹੈ। ਉਹ ਯਕੀਨ ਕਰਕੇ ਉਸ ਦਿਨ ਅੱਠ ਕੁ ਵਜੇ ਨਾਲ ਹੀ ਅਤਰ ਫੁਲੇਲ ਛਿੜਕ ਕੇ ਵਨ ਵੇ ਟਿਕਟਗਾਉਂਦਾ ਹੋਇਆ ਡਿਸਕੋ ਰਵਾਨਾ ਹੋ ਗਿਆ ਸੀ। ਅਗਲੀ ਸਵੇਰ ਅਸੀਂ ਹੈਰਾਨ ਸਾਂ ਕਿ ਜੋਸ਼ੀ ਸਾਹਿਬ ਨੇ ਅੱਜ ਸਾਨੂੰ ਰਾਤੀਂ ਸੁੱਤੇ ਕਿਵੇਂ ਰਹਿਣ ਦਿੱਤਾ। ਸਾਰੇ ਉੱਠ ਪਏ ਸਨ ਪਰ ਜੋਸ਼ੀ ਸਾਹਿਬ ਅਜੇ ਵੀ ਲੰਮੀਆਂ ਤਾਣੀ ਪਏ ਸਨ। ਕੋਈ ਦੁਪਹਿਰ ਦੇ ਦੋ ਕੁ ਵੱਜੇ ਆਲੂਆਂ ਵਾਲੇ ਪਰਾਊਂਠੇ ਪਕਾ ਕੇ ਅਸੀਂ ਜੋਸ਼ੀ ਸਾਹਿਬ ਨੂੰ ਝੰਜੋੜਿਆ ਕਿ ਕੀ ਪਤਾ ਕਿਤੇ ਸੁੱਤਾ ਹੀ ਨਾ ਰਹਿ ਜੇ। ਜਦ ਜੋਸ਼ੀ ਨੇ ਕੰਬਲ ਮੂੰਹ ਤੋਂ ਲਾਹਿਆ ਤਾਂ ਅਸੀਂ ਹੱਸਣ ਦੀ ਥਾਂ ਊਂਈਂ ਸੁੰਨ ਹੋ ਗਏ। ਜੋਸ਼ੀ ਸਾਹਿਬ ਦਾ ਚਿਹਰਾ ਬਲੈਕ ਐਂਡ ਵਾਈਟ ਵਿਸਕੀ ਦੇ ਲੇਬਲ ਵਰਗਾ ਹੋਇਆ ਪਿਆ ਸੀ। ਸੱਜੀ ਅੱਖ ਇਉਂ ਲਾਲ ਸੂਹੀ ਹੋਈ ਪਈ ਸੀ ਜਿਵੇਂ ਟੋਕੇ ਦਾ ਕਾਲਾ ਤੇਲ ਲੱਗੀ ਬੱਲ੍ਹਦ ਦੀ ਸੁੱਜੀ ਮਤਾੜੀ ਦੇ ਜ਼ਖਮ ਵਿਚ ਕਾਂ ਠੂੰਗੇ ਮਾਰ ਕੇ ਗਏ ਹੋਣ। ਲਾਲ ਡੇਲਾ ਫੁੱਲ ਕੇ ਇਉਂ ਬਾਹਰ ਆਇਆ ਪਿਆ ਸੀ, ਜਿਵੇਂ ਉਬਲਿਆ ਚਮੜੀ ਲੱਥਾ ਅੱਧਾ ਲਾਲ ਟਮਾਟਰ ਡੇਲੇ ਦੀ ਥਾਂ ਤੇ ਮੂਧਾ ਮਾਰਿਆ ਹੋਵੇ।

ਛਾਈ ਸੇ ਛਾਈ ਸੇ (ਗੰਦ ਗੰਦ) ਕਰਦੇ ਜੋਸ਼ੀ ਸਾਹਿਬ ਉੱਠੇ ਅਸੀਂ ਠਠੰਬਰੇ ਖੜ੍ਹੇ ਸਾਂ ਤੇ ਜੋਸ਼ੀ ਸਾਹਿਬ ਨੂੰ ਪੁੱਛਣ ਦੀ ਹਿੰਮਤ ਵੀ ਨਹੀਂ ਕਰ ਰਹੇ ਸਾਂ ਕਿ ਇਹ ਭਾਣਾ ਕਿੱਥੇ ਤੇ ਕਿਉਂ ਵਰਤਿਆ।

ਉਹ ਸਾਲਾ ਵੀ ਆਪਣੇ ਘਸੁੰਨ ਨੂੰ ਸੇਕ ਦਿੰਦਾ ਹੋਊ। ਦੋ ਉਂਗਲਾਂ ਤਾਂ ਜ਼ਰੂਰ ਟੁੱਟੀਆਂ ਹੋਣਗੀਆਂ ਭੈਣ ਦੇ ਯਾਰ ਦੀਆਂਜੋਸ਼ੀ ਸਾਹਿਬ ਆਪਣੇ ਆਪ ਬਗੈਰ ਪੁੱਛਿਉਂ ਹੀ ਸਪੱਸ਼ਟੀਕਰਨ ਦੇ ਰਹੇ ਸਨ।

ਇਹ ਤਾਂ ਮੈਂ ਸੀ, ਜਿਹੜਾ ਉਸ ਦਾ ਘਸੁੰਨ ਝੱਲ ਗਿਆ। ਮਿਹਰ ਮਿੱਤਲਾ! ਜੇ ਤੇਰੇ ਵੱਜਾ ਹੋਂਦਾ ਤਾਂ ਤੂੰ ਹੁਣ ਨੂੰ ਜ਼ਰੂਰ ਹਸਪਤਾਲ ਪਿਆ ਹੁੰਦਾ। ਸਾਲਾ ਹਿਟਲਰ ਦੀ ਔਲਾਦ ਓਹਨੂੰ ਇਹ ਨਹੀਂ ਸੀ ਪਤਾ ਕਿ ਕਿਸੇ ਬਾਡੀ ਬਿਲਡਰ ਨਾ ਵਾਹ ਪਿਆ ਏ। ਆਪਣੀ ਮਾਂ ਨੂੰ ਨਹੀਂ ਰੋਕਿਆ ਜਿਹੜੀ ਮੇਰੇ ਨਾਲ ਖਹਿ-ਖਹਿ ਕੇ ਡਾਂਸ ਕਰਦੀ ਸੀ। ਉਲਟਾ ਮੇਰੇ ਈ ਘਸੁੰਨ ਜੜ ਤਾ।

ਫੇਰ ਥੋੜਾ ਜਿਹਾ ਰੁਕ ਕੇ ਠੰਡਾ ਹਾੳਂੁਕਾ ਲੈ ਕੇ ਉਹ ਫਿਰ ਬੋਲਿਆ ਯਕੀਨ ਕਰੀਂ ਮੇਹਰ ਮਿੱਤਲਾ ! ਮਾਈ ਤਾਂ ਮੈਂ ਠੀਕ ਠਾਕ ਪਟਾ ਲਈ ਸੀ। ਉਹ ਤਾਂ ਯਾਰ ਮੇਰੇ ਨਾਲ ਆਉਣ ਨੂੰ ਵੀ ਤਿਆਰ ਸੀ। ਚੱਲ ਫੇਰ ਕੀ ਹੋ ਗਿਆ ਅਸੀਂ ਵੀ ਗਾਂਧੀ ਦੇ ਚੇਲੇ ਹਾਂ। ਕਿਤੇ ਫਿਰ ਟਰਾਈ ਕਰਾਗੇ।

ਅਤੇ ਜੋਸ਼ੀ ਸਾਹਿਬ ਖੋਪੇ ਲੱਗੇ ਢੱਗੇ ਵਾਂਗੂੰ ਦਰਵਾਜ਼ੇ ਨੂੰ ਸੱਟ ਮਾਰਦੇ ਹੋਏ ਬਾਥਰੂਮ ਵੱਲ ਚਲੇ ਗਏ। ਇਹ ਪਹਿਲੀ ਵਾਰ ਸੀ ਕਿ ਅਸੀਂ ਅੱਜ ਨਾ ਜੋਸ਼ੀ ਸਾਹਿਬ ਤੇ ਹੱਸ ਰਹੇ ਸਾਂ ਤੇ ਨਾ ਰੋ ਰਹੇ ਸਾਂ। ਮੈਂ ਸੋਚ ਰਿਹਾ ਸਾਂ ਧੰਨ ਹੈ ਉਹ ਮਾਈ ਜਿਸ ਨੇ ਇਹੋ ਜਿਹੇ ਸਿਰੜੀ ਸੂਰਮੇ ਨੂੰ ਜਨਮ ਦਿੱਤਾ।

ਸ਼ਾਮੀਂ ਅੱਠ ਕੁ ਵਜੇ ਨਾਲ ਕੁੱਟ ਖਾਧਾ ਆਸ਼ਕ ਡਿਸਕੋ ਜਾਣ ਲਈ ਫਿਰ ਆਪਣੇ ਸਾਈਕਲ ਚ ਫੂਕ ਭਰ ਰਿਹਾ ਸੀ। ਫ਼ਰਕ ਸਿਰਫ ਐਨਾ ਸੀ ਕਿ ਅੱਜ ਉਸ ਦੇ ਕਾਲੀ ਐਨਕ ਲੱਗੀ ਹੋਈ ਸੀ ਅਤੇ ਦੂਰੋਂ ਮਸ਼ਹੂਰ ਪੋਪ ਸਿੰਗਰ ਮੈਕ ਜੈਗਰ ਦਾ ਭੁਲੇਖਾ ਪੈਂਦਾ ਸੀ। ਕੋਈ ਸ਼ਾਮ ਦੇ ਦਸ ਕੁ ਵਜੇ ਨਾਲ ਤੇਰਾ ਪਿੱਛਾ ਨਾ ਛੋੜੂੰਗਾ ਸੋਹਣੀਏ ਭੇਜ ਦੋ ਚਾਹੇ ਜੇਲ੍ਹ ਮੇਂਗਾਉਂਦੇ ਜੋਸ਼ੀ ਸਾਹਿਬ ਫਿਰ ਡਿਸਕੋ ਨੂੰ ਰਵਾਨਾ ਹੋ ਗਏ ਸਨ।
****

1 comment:

Unknown said...

aanand aa gia Bath sahib aap ji di abhul yaad pad ke