ਕੇਹਰ ਸ਼ਰੀਫ਼ ਦੀ ਮਾਂ ਬੋਲੀ ਪੰਜਾਬੀ ਨੂੰ ਦੇਣ……… ਲੇਖ / ਮਲਕੀਅਤ “ਸੁਹਲ”



ਬਹੁਤ ਸਾਰੇ ਲੇਖਕਾਂ ਨੂੰ ਪੜ੍ਹੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਸਾਦੀ ਜਿਹੀ ਜ਼ਿੰਦਗੀ ਜੀਉਣ ਵਾਲਾ ਪ੍ਰਵਾਸੀ ਲੇਖਕ ਜਨਾਬ ਕੇਹਰ ਸ਼ਰੀਫ਼ ਜੀ, ਮਾਂ ਬੋਲੀ  ਪੰਜਾਬੀ ਦੀ ਬੁੱਕਲਦਾ ਨਿੱਘ, ਠੰਡੇ ਮੁਲਕ ਵਿਚ ਬੈਠਾ ਹੋਇਆ ਬੜੇ ਫ਼ਖ਼ਰ ਨਾਲ  ਮਾਣ ਰਿਹਾ ਹੈ। ਆਪਣੀ ਨੌਕਰੀ ਤਨਦੇਹੀ ਨਾਲ ਕਰਦਾ ਹੋਇਆ ਸੁਭਾ-ਸ਼ਾਮ ਜਾਂ ਰਾਤ ਬਰਾਤੇ ਆਪਣੀ ਕਲਮ ਦੀਆਂ ਲਕੀਰਾਂ ਦਾ ਖੈਰ ਪਾਠਕਾਂ ਦੀ ਝੋਲੀ ਜ਼ਰੂਰ ਪਾਉਂਦਾ ਹੈ। ਜਨਾਬ ਕੇਹਰ ਸ਼ਰੀਫ਼ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਜਰਮਨ ਦੇ ਨਾਮਵਰ ਪੰਜਾਬੀ ਅਖ਼ਬਾਰ  "ਮੀਡੀਆ ਪੰਜਾਬ" ਦੇ ਪਹਿਲੇ ਕਵੀ ਦਰਬਾਰ ਤੇ 15 ਅਗਸਤ 2009 ਨੂੰ  ਸ੍ਰ ਬਲਦੇਵ ਸਿੰਘ ਬਾਜਵਾ ਜੀ ਦੇ ਜਰਮਨ ਸ਼ਹਿਰ ਲੀਪਸਿਕ ਵਿਖੇ ਹੋਈ ਸੀ। ਕੁਝ ਦਿਨਾਂ ਬਾਅਦ ਡੀਊਸਬਰਗ ਸ਼ਹਿਰ ਵਿਖੇ ਬੜਾ ਵੱਡਾ ਕਬੱਡੀ ਦਾ ਟੂਰਨਾਮੈਂਟ ਹੋਇਆ ਤਾਂ ਉਥੇ ਜਨਾਬ ਸ਼ਰੀਫ਼ ਜੀ ਵੀ ਆਏ ਹੋਏ ਸਨ। ਅਸੀਂ ਕਾਫੀ ਸਮਾਂ  ਆਪਣੇ ਦਿਲਾਂ ਦੀਆਂ ਗੱਲਾਂ ਸਾਂਝੀਆਂ ਕਰਨ ਵਿਚ ਬਤੀਤ ਕੀਤਾ ਅਤੇ ਕੱਬਡੀ ਮੈਚ ਦਾ ਵੀ ਆਨੰਦ ਮਾਣਦੇ ਰਹੇ। ਕੁਝ ਦਿਨਾਂ ਬਾਅਦ ਅਸੀਂ ਐਤਵਾਰ ਨੂੰ ਗੁਰਦਵਾਰਾ ਸਾਹਿਬ ਮਿਲੇ ਤਾਂ ਅਸੀਂ ਹੋਰ ਵੀ ਗੱਲਾਂ ਕਰਨ ਵਿਚ ਖੁਸ਼ੀ ਮਹਿਸੂਸ ਕੀਤੀ। ਸ਼ਰੀਫ਼ ਜੀ ਨੇ ਮੈਨੂੰ ਆਪਣੀ ਕਿਤਾਬ ਸਮੇਂ ਨਾਲ ਸੰਵਾਦਪੜ੍ਹਨ ਲਈ ਦਿੱਤੀ, ਜਿਸ ਨੂੰ ਮੈਂ ਕਈ ਦਿਨਾਂ ਵਿਚ ਬੜੀ ਬਰੀਕੀ ਨਾਲ ਪੜ੍ਹਿਆ।



ਦਰਅਸਲ ਜਨਾਬ ਕੇਹਰ ਸ਼ਰੀਫ਼ ਦੀ ਤੀਖਣ ਬੁੱਧੀ ਦੀ ਕਦਰ ਕਰਦਾ ਹੋਇਆ ਪਾਠਕਾਂ ਨੂੰ ਇਹ ਜਰੂਰ ਅਪੀਲ ਕਰਾਂਗਾ ਕਿ ਇਹੋ ਜਿਹੇ ਲੇਖਕ ਨੂੰ ਪੜ੍ਹਨ ਲਈ ਢੁਕਵੇਂ ਸਮੇਂ ਦੇ ਨਾਲ ਨਾਲ ਇਕਾਗਰਤਾ ਨਾਲ ਪੜ੍ਹਨ ਦੀ ਲੋੜ ਹੈ। ਇਹੋ ਜਿਹੀਆਂ ਲਿਖਤਾਂ ਕਦੇ ਵੀ ਕਾਹਲੀ ਵਿਚ ਨਹੀ ਪੜ੍ਹੀਆਂ ਜਾਂਦੀਆਂ । ਜੇ ਚੰਗੇ ਪਾਠਕ ਨੇ ਕੁਝ ਗ੍ਰਹਿਣ ਕਰਨਾ ਹੈ ਤਾਂ ਪੜ੍ਹਨ ਵੇਲੇ ਇਕ ਮਨ ਹੋਇ ਇਕ ਚਿਤਕਰਨਾ ਹੀ ਪਵੇਗਾ। ਇਸ ਵਿਚਾਰਧਾਰਾ ਸਮੁੰਦਰ ਵਿਚੋਂ ਕੁਝ ਪ੍ਰਾਪਤ ਕਰਨ ਲਈ ਅੰਤਰ ਧਿਆਨ ਹੋਣਾ ਜ਼ਰੂਰੀ ਹੈ।

ਕੁਝ ਦਿਨ ਹੋਏ ਮੈਂ ਲੋਕ ਆਵਾਜ਼ਵਿਚੋਂ ਸ਼ਰੀਫ਼ ਜੀ ਨੂੰ ਪੜ੍ਹ ਰਿਹਾ ਸਾਂ ਤਾਂ ਗੀਤ ਨੁਮਾ ਕਵਿਤਾਵਾਂ ਵੀ ਬੜੀਆਂ ਪ੍ਰਭਾਵਸ਼ਾਲੀ ਸਨ। ਜਿਵੇਂ ਗੀਤ ਦੀ ਹੂਕਵਿਚ ਕਹਿੰਦੇ ਹਨ ,

ਨਫ਼ਰਤ ਦੀ ਅੱਗ ਦੇ ਅੰਗਿਆਰੇ, ਸਾਡੇ ਵਿਹੜੇ ਪੈਣ।
ਧਰਤੀ ਦੀ ਕੁੱਖ ਲਾਵਾ ਉਗਲੇ,  ਹਰ ਪਲ ਪਾਏ ਵੈਣ।

ਇਹ ਗੱਲ ਦਿਲ ਨੂੰ ਕਿਵੇਂ ਟੁੰਬਦੀ ਹੈ, ਖਿਆਲ ਬੜਾ ਵਿਚਾਰ ਕਰਨ ਵਾਲਾ ਹੈ। ਇਹ ਗੱਲ ਅੰਜਾਈਂ ਸੁੱਟਣ ਵਾਲੀ ਤਾਂ ਨਹੀਂ, ਇਸ ਤੇ ਗੌਰ ਫੁਰਮਾਉਣ ਦੀ ਲੋੜ ਹੈ। ਅੱਗੇ ਹੋਰ ਵੀ ਕਹਿੰਦੇ ਹਨ, ਆਪਣੀ ਰਚਨਾ ਨਦੀਉਂ ਪਾਰਵਿਚ -

ਚਿਹਰੇ ਆਪਣੇ ਵਰਗੇ ਹੁਣ ਅਨਜਾਣ ਬਣੇਂ।
ਦੇਵਤਿਆਂ ਦੀ ਧਰਤੀ ਤੇ ਸ਼ੈਤਾਨ ਬਣੇਂ।

ਅੱਗੇ ਹੋਰ ਵੀ ਲਿਖਦੇ ਹਨ-

ਤੱਕ ਕੇ  ਮੌਕਾ  ਅੱਖ ਬਚਾ  ਕੇ,
ਵਿਚ ਸਿਆਸਤ ਪੈਰ ਧਰਨ ਇਹ।
ਇੰਜ ਵਗਦੀ ਧਾਰਾ ਵਿਚ ਵੜਕੇ,
ਆਪਣਾ ਆਪਾ ਪਾਰ ਕਰਨ ਇਹ।

ਭੋਲੇ ਭਾਲੇ ਲੋਕਾਂ ਨੂੰ ਸੇਧ ਦੇਣ ਵਾਲੇ ਆਲੰਬਰਦਾਰਾਂ ਨੂੰ ਅੱਜ ਦੇ ਵਕਤ ਨੂੰ ਤਕੜੀ ਚਣੌਤੀ ਦਿਤੀ ਹੈ। ਮੈਂ ਆਪਣੇ ਪਿਆਰੇ ਪਾਠਕਾਂ ਨੂੰ ਅਪੀਲ ਕਰਦਾ ਹਾ ਕਿ ਕੇਹਰ ਸ਼ਰੀਫ਼ਜਿਹੇ ਬੁੱਧੀਜੀਵੀਆਂ ਦੀਆਂ ਰਚਨਾਵਾਂ ਪੜ੍ਹ ਕੇ ਜ਼ਿੰਦਗੀ ਦੇ ਉਖੜੇ ਰਾਹਾਂ ਤੋਂ ਬਚ ਕੇ ਜਰੂਰ ਜੀਵਨ  ਸੇਧ ਲੈਣਗੇ।  ਆਸ ਕਰਦਾ ਹਾਂ ਕਿ ਇਹੋ ਜਿਹਾ ਜਾਨਦਾਰ ਸਾਹਿਤ ਪੜ੍ਹਨ ਲਈ ਪਾਠਕਾਂ ਨੂੰ ਮਿਲਦਾ ਰਹੇ।

                                ****

No comments: