ਗਵਾਚੇ.......... ਗ਼ਜ਼ਲ / ਰਾਜਿੰਦਰ ਜਿੰਦ, ਨਿਊਯਾਰਕ


ਜ਼ਿੰਦਗੀ ਦੇ ਇਸ ਸਾਗਰ ਦੇ ਵਿੱਚ ਲੋਕਾਂ ਤੋਂ ਪਤਵਾਰ ਗਵਾਚੇ।
ਕੁਝ ਲੋਕੀਂ ਇਸ ਪਾਰ ਗਵਾਚੇ ਕੁਝ ਲੋਕੀਂ ਉਸ ਪਾਰ ਗਵਾਚੇ।

ਕਿੰਨੀ ਛਾਤਰ ਹੈ ਇਹ ਜਿੰਦਗੀ ਆਪਣਾ ਹੱਥ ਫੜਾਉਂਦੀ ਹੀ ਨਹੀਂ ,
ਇਸ ਦੇ ਵਾਲਾਂ ਦੇ ਵਿੱਚ ਉਲਝੇ ਕਿੰਨੇ ਹੀ ਦਿਲਦਾਰ ਗਵਾਚੇ।

ਇੱਕ ਬੰਦੇ ਦੇ ਅੰਦਰ ਹੁਣ ਤਾਂ ਕਈ ਕਈ ਬੰਦੇ ਵੱਸਦੇ ਨੇ,
ਲੋਕਾਂ ਦਾ ਸਿਰ ਲੱਭਦੇ-ਲੱਭਦੇ ਮੇਰੇ ਹੱਥੋਂ ਹਾਰ ਗਵਾਚੇ।

ਉੱਚੀਆਂ-ਉੱਚੀਆਂ ਬਾਂਹਾ ਚੁੱਕ ਕੇ ਉੱਚੀ-ਉੱਚੀ ਬੋਲਣ ਵਾਲੇ,
ਜਦ ਖੜਨੇ ਦੀ ਵਾਰੀ ਆਈ ਕਿੰਨੇ ਹੀ ਸਰਦਾਰ ਗਵਾਚੇ।


ਜਦ ਔਕੜ ਵਿਚ ਅੱਗੇ ਵਧਕੇ ਘੁੱਟਕੇ ਉਸ ਨੇ ਹੱਥ ਫੜ ਲਿਆ,
ਬਹੁਤ ਚਿਰਾਂ ਤੋਂ ਬੋਝ ਬਣੇ ਹੋਏ ਦਿਲ ਦੇ ਸਾਰੇ ਭਾਰ ਗਵਾਚੇ।

ਦੁੱਖਾਂ ਦੇ ਇਸ ਪਾਣੀ ਵਿੱਚੋਂ ਹਰ ਕੋਈ ਛੇਤੀ ਲੰਘਣਾ ਚਾਹੁੰਦਾ,
ਵਿਰਲੇ ਇਸ ਚੋਂ ਪਾਰ ਗਏ ਨੇ ਬਹੁਤੇ ਅੱਧ ਵਿਚਕਾਰ ਗਵਾਚੇ।

ਜੰਗ ਤੇ ਜਾਣ ਤੋਂ ਪਹਿਲਾਂ ਮੈਂ ਸਬ ਸੋਚਾਂ ਦੇ ਹਥਿਆਰ ਵੀ ਪਰਖੇ,
ਪਿਆਰ ਦੇ ਉਸ ਦੇ ਤੀਰਾਂ ਮੂਹਰੇ ਮੇਰੇ ਸਾਰੇ ਵਾਰ ਗਵਾਚੇ।
****
Post a Comment