ਛਤਰੀ ਤਾਣ ਕੇ .......... ਗ਼ਜ਼ਲ / ਰਾਜਿੰਦਰ ਜਿੰਦ, ਨਿਊਯਾਰਕ


ਛਤਰੀ ਤਾਣ ਕੇ ਮੀਂਹ ਦੀਆਂ ਕਣੀਆਂ ਕੋਲੋਂ ਤਾਂ ਬਚ ਜਾਈਏ।
ਇਸ ਜ਼ਿੰਦਗੀ ਦਿਆਂ ਤੀਰਾਂ ਮੂਹਰੇ ਕਿਹੜਾ ਸੀਨਾ ਡਾਹੀਏ।

ਤੈਥੋਂ  ਜਾਣ  ਲੱਗੇ  ਤੋਂ  ਇਸ  ਤੇ  ਏਨੇ  ਪੂੰਝੇ  ਪੈ  ਗਏ,
ਹੁਣ ਇਸ ਦਿਲ ਦੀ ਤਖਤੀ ਉੱਤੇ ਕੀ ਲਿਖੀਏ ਕੀ ਵਾਹੀਏ।

ਇਹ ਜੀਵਣ ਹੈ ਇਸ ਦੇ ਰਾਹਾਂ ਦੀ ਹੀ ਸਮਝ ਨਹੀਂ ਪੈਂਦੀ,
ਇਹ  ਸੋਚਾਂ ਦੀ  ਚੱਕੀ ਦੇ  ਚੱਕ ਜਿੰਨੇ  ਮਰਜ਼ੀ ਰਾਈਏ।

ਮਨ ਦੀ ਵੰਝਲੀ ਬੇਸੁਰ ਹੋਗੀ ਤਨ ਤੇ ਪੀੜਾਂ ਛਾਈਆਂ,
ਇਹਨਾਂ ਟੁੱਟੇ ਹੋਏ ਸਾਜਾਂ ਦੇ ਨਾਲ ਕਿਹੜਾ ਨਗਮਾ ਗਾਈਏ।

ਕਾਲੇ ਚਿੱਟੇ ਤਨ ਤਾਂ ਲੋਕਾਂ ਕੱਪੜਿਆਂ ਨਾਲ ਢੱਕ ਲਏ,
ਮਨ ਦੇ ਏਸ ਨੰਗੇਪਣ ਉੱਤੇ ਕਿਹੜਾ ਪਰਦਾ ਪਾਈਏ।

ਮੇਰੇ ਨੈਣ ਵੀ ਗਿੱਲੇ-ਗਿੱਲੇ ਉਸ ਦੇ ਨੈਣ ਵੀ ਸਿੱਲੇ,
ਉਸ ਨੂੰ ਚੁੱਪ ਕਰਾਈਏ ਜਾਂ ਹੁਣ ਆਪਣਾ ਆਪ ਵਰਾਈਏ।

ਜਦ ਦੇ ਵਿੱਛੜੇ ਇਹ ਮਰ ਜਾਣੀ ਨੀਂਦਰ ਹੀ ਨਹੀਂ ਆਉਂਦੀ,
ਜੀਅ ਕਰਦਾ ਸੀ ਇੱਕ ਦੂਜੇ ਦੇ ਸੁਪਣੇ ਦੇ ਵਿੱਚ ਆਈਏ।

****

No comments: