ਏਦਾਂ ਵੀ ਹੁੰਦਾ ਹੈ........ ਨਜ਼ਮ/ਕਵਿਤਾ / ਹਰੀ ਸਿੰਘ ਮੋਹੀ


ਤਰਸੇ ਹੋਏ ਮਾਰੂਥਲ ਦੇ ਉੱਪਰੋਂ,
ਕੋਈ ਤਿੱਤਰ-ਖੰਭੀ
ਬਿਨ ਵੱਸਿਆਂ ਵੀ ਲੰਘ ਜਾਵੇ ਤਾਂ
ਰੇਤੇ ਦੇ ਸੀਨੇਂ ਦੇ ਵਿਚ
ਹਰਿਆਵਲ ਜਿਹਾ ਕੁਝ
ਅੰਗੜਾਈਆਂ ਭੰਨਣ ਲਗਦਾ ਹੈ
ਹਿੱਕ ਉੱਗਿਆ ਚੰਨਣ ਲਗਦਾ ਹੈ
ਹਾਂ-ਏਦਾਂ ਵੀ ਹੁੰਦਾ ਹੈ.......

ਕਦੀ ਕਦੀ ਕੋਈ
ਕੰਜ ਕੁਆਰੀ ਵੀਣੀ ਸਹਿਲਾਅ
ਹੰਝੂਆਂ ਦੇ ਸੰਗ ਘੁਲਦੇ ਹੋਏ
ਸਿਸਕੀਆਂ ਭਰਦੇ ਛੱਡ ਤੁਰਦਾ ਹੈ
ਭੰਨ ਜਾਂਦਾ ਹੈ, ਖ਼ੁਦ ਖੁਰਦਾ ਹੈ
ਜੇਰਾ ਝੁਰਦਾ ਹੀ ਝੁਰਦਾ ਹੈ
ਪਛਤਾਵੇ ਦੇ ਹੋਠਾਂ ਨੂੰ
ਫਿਰ ਮੁਸਕਾਉਣਾ ਕਦ ਫੁਰਦਾ ਹੈ
ਹਾਂ-ਏਦਾਂ ਵੀ ਹੁੰਦਾ ਹੈ.......



ਕਦੀ ਕਦੀ ਕੋਈ
ਨਿਘਾ ਜੇਹਾ ਹਥ ਵਧਾਵੇ
ਦਿਲ, ਸੰਗ ਜਾਵੇ
ਤੱਕਦੀਆਂ ਅੱਖੀਆਂ, ਤੱਕਦੀਆਂ ਤੱਕ ਕੇ
ਨਿਘਾ ਹਥ ਨਾਂ ਫੜਿਆ ਜਾਵੇ
ਲੰਘ ਜਾਵੇ ਜਦ ਓਹ ਪਲ
ਮਨ ਡਾਢਾ ਪਛਤਾਵੇ
ਹੁਣ ਓਹ ਪਲ
ਕਿੱਥੋਂ ਹਥ ਆਵੇ
ਹਾਂ-ਏਦਾਂ ਵੀ ਹੁੰਦਾ ਹੈ.......

ਕਦੀ ਕਦੀ ਕੋਈ
ਜੁਗਨੂੰ ਵਰਗੇ ਖੰਭਾਂ ਵਾਲਾ
ਵਿਚ ਕਲਾਵੇ ਭਰ ਜਾਂਦਾ ਹੈ
ਅੰਗ ਅੰਗ ਰੋਸ਼ਨ ਕਰ ਜਾਂਦਾ ਹੈ
ਫਿਰ ਆਪਣੇਂ ਇਸ ਕੌਤਕ ਤੋਂ ਹੀ
ਡਰ ਜਾਂਦਾ ਹੈ
ਫੇਰ ਕਦੀ ਨਾਂ ਪਰਤਣ ਦੇ ਲਈ
ਕੰਬਦਾ ਕੰਬਦਾ ਘਰ ਜਾਂਦਾ ਹੈ
ਹਾਂ-ਏਦਾਂ ਵੀ ਹੁੰਦਾ ਹੈ.......

ਕਦੀ ਕਦੀ ਧੁੱਪ
'ਵਾਅ ਦੇ ਮੋਢੇ ਹਥ ਧਰਦੀ ਹੈ
ਪਾਣੀਂ ਦੇ ਤਰਲੇ ਕਰਦੀ ਹੈ
ਚਾਨਣ ਬਣ ਕੇ ਉੱਗਣ ਦੇ ਲਈ
ਮਿੱਟੀ ਸੰਗ ਸਾਜ਼ਿਸ਼ ਕਰਦੀ ਹੈ
ਨ੍ਹੇਰੇ ਰਾਹੀਂ ਫੜੇ ਜਾਣ ਤੋਂ ਵੀ ਡਰਦੀ ਹੈ
ਲਟ ਲਟ ਬਲਦੇ ਦੀਵੇ
ਅੱਖੀਆਂ ਵਿਚ ਧਰਦੀ ਹੈ
ਸੁੰਨੇ ਰਾਹ ਰੋਸ਼ਨ ਕਰਦੀ ਹੈ
ਹਾਂ-ਏਦਾਂ ਵੀ ਹੁੰਦਾ ਹੈ.......

****

1 comment:

Rajinderjeet said...

Main ih kavita var-var parhi, har vaar naven arth sirjdi hai.. janaab Mohi sahib andrle kavi nu parnaam.