ਅਜ ਦਾ ਸੱਚ.......... ਨਜ਼ਮ/ਕਵਿਤਾ / ਦਿਲਜੋਧ ਸਿੰਘ


ਪਰਦੇਸਾਂ  ਵਿਚ  ਬੈਠਾ ਕੋਈ
ਹੀ ਸੋਚੀ  ਜਾਵੇ ।
ਢਲਦੀ ਉਮਰ ਦੇ ਚੇਹਰੇ ਦੇਖਣ
ਕਿਹੜਾ  ਵਤਨੀਂ ਜਾਵੇ ।

ਹੋਲੀ  ਹੋਲੀ ਕਿਰੀਆਂ ਇੱਟਾਂ
ਛੱਤਾਂ ਵੀ ਸਭ ਚੋਈਆਂ ।
ਬਾਰੀਆਂ ਬੂਹੇ ਢਿਲੇ ਪੈ ਗਏ
ਕੰਧਾ ਪੋਲੀਆਂ ਹੋਈਆਂ  ।

ਵਗ ਗਏ ਪਾਣੀ ਪੁਲਾਂ ਦੇ ਥਲਿਉਂ
ਇਹਨਾਂ ਮੁੜ ਕਿਸ  ਆਉਣਾ ।
ਜਿਸ ਘਰ ਨੇ ਸੀ ਲਾਡ ਲਿਡਾਇਆ
ਉਸ ਲਈ ਕਿਸ ਨੇ ਰੋਣਾ  ।


ਬਾਗਾਂ ਨੂੰ ਨੇ ਮਾਲੀ ਛਡ ਗਏ
ਘਰਾਂ ਨੂੰ ਛਡ ਗਏ ਵਾਰਿਸ ।
ਉਜੜੇ ਬਾਗੀਂ ਕਿਹੜਾ ਬੈਠੇ
ਖੰਡਰ ਦੀ ਕੀ ਢਾਰਿਸ  ।

ਚੰਨ ਵੀ ਲੱਗਾ ਰੋਟੀ ਵਰਗਾ
ਦੇਖ ਚੰਨ ਸਭ ਦੋੜੇ  ।
ਚੰਨ ਕਿਸੇ ਦੇ ਹਥ ਕੀ ਆਉਣਾ
ਕਈਂ ਰਿਸ਼ਤੇ ਹੋ ਗਏ ਕੌੜੇ  ।

ਕੀ ਕੀ ਵਿਕਿਆ ਕਿੰਨਾ ਬਚਿਆ
ਜਦ ਮਾਰੀ ਕਿਸੇ ਉਡਾਰੀ ।
ਸਤ ਸਮੁੰਦਰੀਂ ਘੋਲਕੇ ਚਿੰਤਾ
ਪੀ ਗਈ  ਮਾਂ ਵਿਚਾਰੀ ।

ਕਈਂ ਸੂਰਜਾਂ ਪੂਰਬ ਚੜਣਾ
ਪਛਮ ਨੂੰ ਤੁਰ  ਜਾਣਾ ।
ਚੜਦਾ ਲਹਿੰਦਾ ਦੋਵੇਂ ਚੁੱਮੇਂ
ਧਰਤੀ ਧਰਮ ਨਿਭਾਉਣਾ ।
Post a Comment