ਮੰਗਣ ਨਾਲੋਂ ਮਰਨਾ ਚੰਗਾ……… ਲੇਖ / ਨਿਸ਼ਾਨ ਸਿੰਘ ਰਾਠੌਰ


ਪੰਜਾਬੀ ਗਾਇਕੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਸਥਾਪਤ ਕਰਨ ਵਾਲਾ ਗਾਇਕ, ਜਿਸ ਨੂੰ ਲੋਕ ਪਿਆਰ ਨਾਲ ‘ਪੰਜਾਬ ਦਾ ਮਾਣ’  ਕਹਿ ਕੇ ਸਤਿਕਾਰ ਦਿੰਦੇ ਹਨ, ਗੁਰਦਾਸ ਮਾਨ ਦਾ ਗੀਤ ‘ਰੋਟੀ ਹੱਕ ਦੀ ਖਾਣੀਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ’  ਟੀ.ਵੀ. ਤੇ ਸੁਣਿਆ। ਗੀਤ ਸੁਣਨ ਤੋਂ ਬਾਅਦ ਮੇਰੇ ਮਨ ਵਿਚ ਬੜੀ ਅਜੀਬ ਜਿਹੀ ਸਥਿਤੀ ਬਣ ਗਈ ਕਿਉਂਕਿ ਜਿਸ ਦਿਨ ਮੈਂ ਗੁਰਦਾਸ ਮਾਨ ਦਾ ਗੀਤ ਸੁਣਿਆ ਠੀਕ ਉਸੇ ਦਿਨ ਹੀ ਮੇਰਾ ਵਾਸਤਾ ਇਕ ਮੰਗਤੇ ਨਾਲ ਪੈ ਗਿਆ। ਜਿਹੜਾ ਮੈਨੂੰ ਪੰਜਾਬੀ ਜਾਪਿਆ, ਪਰ ਸ਼ਾਇਦ ਇਹ ਮੇਰਾ ਵਹਿਮ ਸੀ ਅਸਲ ਵਿਚ ਉਹ ਰਾਜਸਥਾਨੀ ਰਾਂਗੜ ਜਾਟ ਸੀ।

ਗੁਰਦਾਸ ਮਾਨ ਦੇ ਗੀਤ ਵਾਂਗ ਉਹ ਵੀ ਮੰਗਣ ਨੂੰ ਮੌਤ ਤੋਂ ਵੱਧ ਸਮਝਦਾ ਸੀ, ਪਰ ਇਹ ਕੀ ਕਾਰਨ ਸਨ ਕਿ ਉਹ ਕਿਸੇ ਦੇ ਦਰਵਾਜੇ ਤੇ ਮੰਗਣ ਲਈ ਮਜਬੂਰ ਹੋ ਰਿਹਾ ਸੀ। ਉਸ ਨੇ ਜੋ ਕਹਾਣੀ ਮੈਨੂੰ ਸੁਣਾਈ ਉਹ ਮੈਂ ਪਾਠਕਾਂ ਨਾਲ ਜਰੂਰ ਸਾਂਝੀ ਕਰਨੀ ਚਾਹੁੰਦਾ ਹਾਂ।


ਉਸ ਨੇ ਕਿਹਾ “ਸਰਦਾਰ ਸਾਹਬ, ਰਾਜਸਥਾਨ ਕਾ ਰਾਂਗੜ ਜਾਟ ਹੂੰ, ਮਾਂਗਣੇ ਕੋ ਮੌਤ ਕੇ ਬਰਾਬਰ ਮਾਨਤਾ ਹੂੰ, ਪਰ ਭੂਖ ਕੇ ਮਾਰੇ ਆਪ ਕੇ ਦਰ ਪਰ ਆਇਆ ਹੂੰ।” ਆਪਣੀ ਹੱਡ ਬੀਤੀ ਜਾਂ ਫਿਰ ਆਪਣੇ ਵੱਲੋਂ ਜੋੜੀ ਕਹਾਣੀ ਸ਼ੁਰੂ ਕਰਦਿਆਂ ਉਸ ਨੇ ਕਿਹਾ, “ਹਮਾਰੇ ਇਲਾਕੇ ਮੇਂ ਅਕਾਲ ਪੜ ਗਿਆ ਅਰ ਗਾਂਵ ਕੇ 200 ਆਦਮੀ ਇਸ ਕੀ ਚਪੇਟ ਮੇਂ ਆ ਕੇ ਮਰ ਗਏ ਸੈਂ।”


ਗੱਲ ਅੱਗੇ ਤੋਰਦਿਆਂ ਉਸ ਨੇ ਕਿਹਾ, “ ਮੇਰੀ ਘਰਵਾਲੀ ਅਰ ਦੋ ਜਵਾਨ ਬੇਟੀਆਂ ਭੀ ਇਸ ਮੇਂ ਮਾਰੀ ਗਈ, ਹਮਾਰੇ ਗਾਂਵ ਕੇ 500-600 ਆਦਮੀਆਂ ਕਾ ਜੱਥਾ ਆਪ ਕੇ ਸ਼ਹਿਰ ਮੇਂ ਕਾਮ ਕੀ ਤਲਾਸ਼ ਮੇਂ ਆਏ ਸੈ। ਹਮਾਰੀ ਮਦਦ ਕਰੋ ਸਰਦਾਰ ਸਾਹਬ।”

ਮੈਂ ਚੁਪਚਾਪ ਉਸ ਦੇ ਨਾਲ ਹੀ ਧਰਤੀ ਤੇ ਬੈਠਾ ਉਸ ਦੀ ਕਹਾਣੀ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸ ਵੱਲੋਂ ਸੁਣਾਈ ਗਈ ਕਹਾਣੀ ਸ਼ਾਇਦ ਝੂਠ ਸੀ ਪਰ ਉਸ ਦੀ ਪੇਸ਼ਕਾਰੀ ਦਾ ਢੰਗ ਮੈਨੂੰ ਬੜਾ ਜਚਿਆ। ਮੈਨੂੰ ਉਹ ਚੰਗਾ ਕਹਾਣੀਕਾਰ ਜਾਪ ਰਿਹਾ ਸੀ ਪਰ ਉਹ ਝੂਠਾ ਸੀ। ਕਿਉਂਕਿ ਸਾਡੇ ਪਿੰਡਾਂ ਵਿਚ ਅਕਸਰ ਹੀ ਅਜਿਹੇ ਲੋਕ ਮੰਗਣ ਲਈ ਅਜਿਹੀਆਂ ਕਹਾਣੀਆਂ ਜੋੜ ਲੈਂਦੇ ਹਨ ਅਤੇ ਪਿੰਡਾਂ ਦੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਰਫੂਚੱਕਰ ਹੋ ਜਾਂਦੇ ਹਨ। ਇਸ ਲਈ ਮੈਂ ਉਸ ਨੂੰ ਕੋਰਾ ਜਵਾਬ ਦੇ ਦਿੱਤਾ। ਉਸ ਦੇ ਜਾਣ ਤੋਂ ਬਾਅਦ ਮਨ ਵਿਚ ਕਈ ਪ੍ਰਕਾਰ ਦੇ ਵਿਚਾਰ ਆਉਣ ਲੱਗੇ ਕਿ ਸ਼ਾਇਦ ਉਹ ਆਦਮੀ ਸੱਚ ਬੋਲ ਰਿਹਾ ਹੋਵੇ। ਪਰ ਹੁਣ ਤਕ ਉਹ ਆਦਮੀ ਸਾਡੇ ਘਰੋਂ ਜਾ ਚੁਕਿਆ ਸੀ। ਇਹ ਵਿਸ਼ਾ ਅਤੇ ਬਾਈ ਗੁਰਦਾਸ ਦਾ ਗੀਤ ਪੂਰਾ ਦਿਨ ਦਿਮਾਗ’ਚ ਘੁੰਮਦੇ ਰਹੇ।

ਰਾਤ ਨੂੰ ਸੌਣ ਤੋਂ ਪਹਿਲਾਂ ਪੜਣ ਦੀ ਆਦਤ ਮੁਤਾਬਕ ਜਦੋਂ ਸੂਫ਼ੀ ਕਵੀ ਬਾਬਾ ਫ਼ਰੀਦ ਦੇ ਸਲੋਕਾਂ ਤੇ ਨਜਰ ਮਾਰਨ ਲੱਗਾ ਤਾਂ ਇਹ ਸਲੋਕ ਸਾਹਮਣੇ ਆਇਆ, “ ਫ਼ਰੀਦਾ ਬਾਰਿ ਪਰਾਇ ਬੈਸਣਾ ਸਾਂਈ ਮੁਝੈ ਨ ਦੇਇ॥ ਜੇ ਤੂੰ ਏਵੈ ਰੱਖਸੀ ਜੀਉ ਸਰੀਰਹੁ ਲੈਹਿ॥” ਪੜ ਕੇ ਫਿਰ ਦਿਨ ਵਾਲੀ ਘਟਨਾ ਯਾਦ ਆ ਗਈ। ਮਨ ਵਿਚ ਵਿਚਾਰ ਆਇਆ ਕਿ ਜਿਹੜੀ ਗੱਲ ਅੱਜ ਬਾਈ ਗੁਰਦਾਸ ਲੋਕਾਂ ਨੂੰ ਆਖ ਰਿਹਾ ਹੈ ਉਹ ਤਾਂ ਬਾਬਾ ਫ਼ਰੀਦ ਆਪਣੇ ਕਲਾਮ ਵਿਚ ਸੈਂਕੜੇ ਸਾਲ ਪਹਿਲਾਂ ਹੀ ਕਹਿ ਚੁਕਿਆ ਹੈ। ਬਾਬਾ ਫ਼ਰੀਦ ਕਹਿ ਰਿਹਾ ਹੈ ਕਿ ਰੱਬ ਮੈਨੂੰ ਕਿਸੇ ਦੇ ਦਰਵਾਜੇ ਤੇ ਮੰਗਣ ਲਈ ਨਾ ਭੇਜੇ, ਜੇਕਰ ਰੱਬ ਦੀ ਅਜਿਹੀ ਰਜ਼ਾ ਹੈ ਤਾਂ ਮੰਗਣ ਭੇਜਣ ਤੋਂ ਪਹਿਲਾਂ ਮੈਨੂੰ ਮਾਰ ਦੇਵੇ। “ਮੰਗਣ ਨਾਲੋਂ ਮਰਨਾ ਚੰਗਾ।”

ਇਸ ਗੱਲ ਨੂੰ ਅੱਜ ਦੇ ਸਮੇਂ ਵਿਚ ਵਿਚਾਰ ਦਾ ਵਿਸ਼ਾ ਬਣਾਈਏ ਤਾਂ ਅੱਜ ਹਰ ਕੋਈ ਮੰਗ ਰਿਹਾ ਜਾਪਦਾ ਹੈ ਜਾਂ ਕਹਿ ਲਵੋ ਮਰ ਰਿਹਾ ਹੈ। ਕਿਸੇ ਸਮੇਂ ਇਹ ਗੱਲ ਬੜੀ ਮਸ਼ਹੂਰ ਹੁੰਦੀ ਸੀ ਕਿ ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਚਲੇ ਜਾਓ ਤੁਹਾਨੂੰ ਕੋਈ ਪੰਜਾਬੀ ਮੰਗਤਾ ਨਜ਼ਰ ਨਹੀਂ ਆਵੇਗਾ, ਪਰ ਅੱਜ ਸਥਿਤੀ ਬਦਲ ਗਈ ਹੈ।

ਉਪਰਲੀ ਘਟਨਾ ਤੋਂ ਯਾਦ ਆਇਆ ਕਿ ਤਕਰੀਬਨ ਪੰਜ ਸਾਲ ਪਹਿਲਾਂ ਜਦੋਂ ਮੈਂ ਐਮ.ਫਿਲ. (ਪੰਜਾਬੀ) ਕਰ ਰਿਹਾ ਸਾਂ ਤਾਂ ਐਤਵਾਰ ਦਿਨ ਹੋਣ ਕਾਰਨ ਸਾਰੇ ਮੈਂਬਰ ਘਰ ਬੈਠ ਕੇ ਅਖ਼ਬਾਰ ਪੜ ਰਹੇ ਸਨ। ਮੈਂ ਵੀ ਕੋਲ ਬੈਠਾ ਆਪਣੇ ਐਮ.ਫਿਲ. ਦੇ ਸੈਮੀਨਾਰ ਤਿਆਰ ਕਰ ਰਿਹਾ ਸਾਂ ਕਿ ਬਾਹਰੋਂ ਕਿਸੇ ਨੇ ਗੇਟ ਖੜਕਾਇਆ। ਮੈਂ ਦਰਵਾਜਾ ਖੋਲਣ ਚਲਾ ਗਿਆ। ਮੈਂ ਜਦੋਂ ਦਰਵਾਜਾ ਖੋਲਿਆ ਤਾਂ ਸਾਹਮਣੇ ਚਾਰ ਨਿਹੰਗ ਸਿੰਘ ਖੜੇ ਸਨ। ਮੈਂ ਬੜੇ ਅਦਬ-ਸਤਿਕਾਰ ਨਾਲ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਅੰਦਰ ਆਉਣ ਲਈ ਕਿਹਾ।

ਚਾਰੇ ਸਿੰਘ ਅੰਦਰ ਆ ਗਏ ਅਤੇ ਮੇਰੇ ਪਿਤਾ ਜੀ ਕੋਲ ਬੈਠਕ ਵਿਚ ਬੈਠ ਗਏ। ਮੈਂ ਜਾ ਕੇ ਉਹਨਾਂ ਲਈ ਪਾਣੀ ਲੈ ਆਇਆ, ਪਾਣੀ ਪੀਣ ਤੋਂ ਬਾਅਦ ਉਹਨਾਂ ਵਿਚੋਂ ਇਕ ਸ਼ਾਇਦ ਉਹਨਾਂ ਦਾ ਲੀਡਰ ਮੇਰੇ ਪਿਤਾ ਜੀ ਨੂੰ ਕਹਿਣ ਲੱਗਾ, “ਸਰਦਾਰ ਸਾਹਬ, ਅਸੀਂ ਸਾਰੇ ਕਸਬਾ ਸੁਨਾਮ ਤੋਂ ਆਏ ਹਾਂ। ਅਸੀਂ ਉੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਰ ਰਹੇ ਹਾਂ। ਤੁਸੀਂ ਆਪਣੇ ਵਿੱਤ ਮੁਤਾਬਕ ‘ਸੇਵਾ’ ਕਰਦਿਆਂ ਪਰਚੀ ਕਟਵਾ ਲਵੋ।”

ਮੇਰੇ ਪਿਤਾ ਜੀ ਨੇ ਕਿਹਾ, “ ਸੁਨਾਮ ਵਿਚ ਕਿਹੜੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਚੱਲ ਰਹੀ ਹੈ?” ਚਾਰੇ ਸਿੰਘ ਚੁਪ ਕਰ ਗਏ। ਮੇਰੇ ਪਿਤਾ ਜੀ ਨੇ ਫਿਰ ਕਿਹਾ ਸਾਡੀ ਬੇਟੀ ਸੁਨਾਮ ਵਿਚ ਵਿਆਹੀ ਹੋਈ ਹੈ। “ਕਾਕਾ, ਫੋਨ ਕਰ ਕੁਲਦੀਪ ਨੂੰ ਅਤੇ ਪੁੱਛ ਕੀ ਤੁਹਾਡੇ ਸ਼ਹਿਰ ਦੇ ਕਿਸੇ ਮੁਹੱਲੇ ਵਿਚ ਗੁਰਦੁਆਰਾ ਸਾਹਿਬ ਬਣਾਇਆ ਜਾ ਰਿਹਾ ਹੈ?” ਪਿਤਾ ਜੀ ਨੇ ਮੈਂਨੂੰ ਕਿਹਾ।
ਉਹ ਚਾਰੇ ਸਿੰਘ ਉਠ ਖੜੇ ਹੋਏ ਕਿਉਂਕਿ ਮੇਰੇ ਪਿਤਾ ਜੀ ਉਹਨਾਂ ਦੀ ਅਸਲੀਅਤ ਜਾਣ ਚੁਕੇ ਸਨ। ਉਹ ਚਾਰੇ ਚੁਪ ਸਨ ਅਤੇ ਜਾਣ ਦੀ ਕਾਹਲੀ ਵਿਚ ਸਨ। ਪਿਤਾ ਜੀ ਨੇ ਉਹਨਾਂ ਨੂੰ ਕਿਹਾ, “ਜਿਹੜੇ ਖਾਲਸੇ ਮਜਲੂਮਾਂ ਦੀ ਰੱਖਿਆ ਕਰਦੇ ਸਨ, ਗ਼ਰੀਬਾਂ ਨੂੰ ਖਾਣ ਲਈ ਦਿੰਦੇ ਸਨ। ਉਹ ਅੱਜ ਆਪ ਗੁਰੂ ਸਾਹਿਬਾਂ ਦੇ ਨਾਂ ਤੇ ਦਰ-ਦਰ ਤੇ ਮੰਗ ਰਹੇ ਹਨ।” ਚਾਰੇ ਸਿੰਘ ਆਪਣੀ ਚੋਰੀ ਫੜੀ ਜਾਣ ਕਰਕੇ ਚੁਪਚਾਪ ਸੁਣੀ ਜਾ ਰਹੇ ਸਨ।

ਮੇਰੇ ਪਿਤਾ ਜੀ ਨੇ ਉਹਨਾਂ ਦੇ ਜਥੇਦਾਰ ਨੂੰ ਕਿਹਾ, “ਸਿੰਘ ਸਾਹਬ, ਗੁਰੂ ਨਾਨਕ ਦਾ ਘਰ ਤਾਂ ਸਭ ਨੂੰ ਦੇਣ ਵਾਲਾ ਹੈ। ਗੁਰੂ ਜੀ ਦੇ ਚਲਾਏ ਲੰਗਰ ਵਿਚੋਂ ਤਾਂ ਕੁਲ ਲੋਕਾਈ ਆਪਣੀ ਭੁੱਖ ਮਿਟਾਉਂਦੀ ਹੈ ਪਰ ਅੱਜ ਤੁਹਾਡੇ ਜਿਹੇ ਕੁੱਝ ਲੋਕ ਗੁਰੂ ਨਾਨਕ ਅਤੇ ਬਾਬਾ ਫ਼ਰੀਦ ਵੱਲੋਂ ਪੇਸ਼ ਅਣਖ ਅਤੇ ਗ਼ੈਰਤ ਨੂੰ ਮਿੱਟੀ’ਚ ਮਿਲਾ ਰਹੇ ਨੇ।”

ਹੁਣ ਉਹਨਾਂ ਦਾ ਜਥੇਦਾਰ ਬੋਲਿਆ, “ਸਰਦਾਰ ਸਾਹਬ, ਸਾਨੂੰ ਖਿਮਾ ਕਰੋ, ਅਸੀਂ ਗਲਤੀ ਕੀਤੀ ਹੈ ਹੁਣ ਅੱਗੇ ਤੋਂ ਅਸੀਂ ਮਿਹਨਤ ਕਰਾਂਗੇ ਅਤੇ ਗੁਰੂ ਸਾਹਿਬਾਂ ਦੇ ਨਾਂ ਤੇ ਲੋਕਾਂ ਨਾਲ ਫਰੇਬ ਨਹੀਂ ਕਰਾਂਗੇ।” ਚਾਰਾਂ ਨੇ ਕਿਹਾ, “ਸਾਨੂੰ ਖਿਮਾ ਕਰੋ।”

ਮੈਂ ਉਹਨਾਂ ਕੋਲ ਖੜਾ ਸਾਰੀ ਗੱਲਬਾਤ ਸੁਣ ਰਿਹਾ ਸਾਂ ਅਤੇ ਸੋਚ ਰਿਹਾ ਸਾਂ ਕਿ ਗੁਰੂ ਨਾਨਕ, ਬਾਬਾ ਫ਼ਰੀਦ ਅਤੇ ਅਜੋਕੇ ਸਮੇਂ ਬਾਈ ਗੁਰਦਾਸ ਦੇ ਗੀਤਾਂ ਦਾ ਅਸਰ ਵੀ ਲੋਕਾਂ ਤੇ ਨਹੀਂ ਹੋ ਰਿਹਾ। ਸਭ ਮੰਗ ਰਹੇ ਹਨ ਭਾਵ ਮਰ ਰਹੇ ਹਨ। ਤੁਸੀਂ ਕਿਸੇ ਪਾਸੇ ਵੀ ਦੇਖ ਲਵੋ ਸਭ ਮੰਗਤੇ ਨਜ਼ਰ ਆ ਰਹੇ ਹਨ। ਬਾਬੇ ਮੰਗ ਰਹੇ ਹਨ, ਸਾਧ ਸੰਤ ਮੰਗ ਰਹੇ ਹਨ, ਲੀਡਰ ਪਾਰਟੀ ਦੇ ਨਾਂ ਤੇ ਚੰਦਾ ਮੰਗ ਰਹੇ ਹਨ, ਕੋਈ ਗੁਰਦੁਆਰੇ ਦੇ ਨਾਂ ਤੇ, ਕੋਈ ਮੰਦਰ ਦੇ ਨਾਂ ਤੇ, ਕੋਈ ਜਗਰਾਤੇ ਦੇ ਨਾਂ ਤੇ, ਕੋਈ ਕੀਰਤਨ ਦਰਬਾਰ ਦੇ ਨਾਂ ਤੇ, ਕੋਈ ਜਾਤ ਦੇ ਨਾਂ ਤੇ, ਧਰਮ ਦੇ ਨਾਂ ਤੇ। ਅੱਜ ਸਾਰੇ ਹੀ ਮੰਗਤੇ ਬਣੇ ਹੋਏ ਹਨ। ਬਾਈ ਗੁਰਦਾਸ ਦੇ ਨਾਲ-ਨਾਲ ਅਸੀਂ ਗੁਰੂ ਨਾਨਕ ਅਤੇ ਬਾਬੇ ਫ਼ਰੀਦ ਦੇ ਬੋਲਾਂ ਤੋਂ ਕੋਹਾਂ ਦੂਰ ਜਾ ਰਹੇ ਹਾਂ। ਰੱਬ ਸੁਮਤਿ ਬਖ਼ਸੇ। ਅਸੀਂ ਮੰਗਤੇ ਨਾ ਬਣੀਏ………। “ਮੰਗਣ ਨਾਲੋਂ ਮਰਨਾ ਚੰਗਾ”

****

No comments: