ਪੰਜਾਬੀ ਮਾਂ-ਬੋਲੀ ਦਾ ਹੀਰਾ, ਰਸੀਲਾ ਰਚਨਹਾਰ - ਨਿੰਦਰ ਘੁਗਿਆਣਵੀ......... ਸ਼ਬਦ ਚਿਤਰ / ਦਰਸ਼ਨ ਸਿੰਘ ਪ੍ਰੀਤੀਮਾਨ




ਜੋਸ਼, ਜਵਾਨੀ ਗੁੱਝੇ ਨਹੀਂ ਰਹਿੰਦੇ, ਜਿਸ ਰਾਹ ਤੁਰ ਪੈਣ, ਉਸ ਰਾਹ ਦੀਆਂ ਮੁਸ਼ਕਲਾਂ ਨੂੰ ਚੀਰ ਕੇ ਆਪਣੀ ਮੰਜ਼ਿਲ ਹਾਸਲ ਕਰ ਹੀ ਲੈਂਦੇ ਹਨ। ਸਿਆਸਤਦਾਨ, ਵਿਗਿਆਨੀ, ਕਲਾਕਾਰ, ਚਿੱਤਰਕਾਰ, ਖਿਡਾਰੀ ਅਤੇ ਲਿਖਾਰੀ ਨੂੰ ਛੋਟੀ ਉਮਰ 'ਚ ਲਗਨ ਲੱਗੀ ਤੇ ਉਹੀ ਰਾਸਤਾ ਚੁਣਿਆ ਜਾਵੇ ਤਾਂ ਸਮਝੋ ਮੰਜ਼ਿਲ ਪੈਰਾਂ ਵਿੱਚ ਹੀ ਵਿਖਾਈ ਦਿੰਦੀ ਹੈ। ਪ੍ਰਸਿੱਧ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਲਵੀ ਨੇ ਵੀ ਛੋਟੀ ਉਮਰ 'ਚ ਕਲਮ ਚੱਕ ਦੁਨੀਆਂ 'ਚ ਨਾਂ ਰੋਸ਼ਨ ਕੀਤਾ। ਹੁਣ ਮੈਂ ਉਹ ਮਹਾਨ ਸਖ਼ਸੀਅਤ ਨੂੰ ਤੁਹਾਡੇ ਸਨਮੁੱਖ ਕਰਨ ਜਾ ਰਿਹਾ ਹਾਂ, ਜਿਸ ਨੇ ਪੂਰੀ ਲਗਨ ਨਾਲ ਸਖ਼ਤ ਮਿਹਨਤ ਕੀਤੀ ਤੇ ਮਾਂ ਬੋਲੀ ਦਾ ਹੀਰਾ ਬਣ ਗਿਆ। ਉਹ ਕਿਸੇ ਦੀ ਜਾਣ ਪਹਿਚਾਣ ਦਾ ਮਥਾਜ ਨਹੀਂ। ਉਹ ਹੈ ਛੋਟੀ ਉਮਰੇ ਵੱਡੇ ਕਾਰਜ ਕਰਨ ਵਾਲਾ ਨਿੰਦਰ ਘੁਗਿਆਣਵੀ।

 

ਨਿੰਦਰ ਘੁਗਿਆਣਵੀ ਦਾ ਜਨਮ 15 ਮਾਰਚ 1975  ਨੂੰ ਮਾਤਾ ਰੂਪਰਾਣੀ ਦੀ ਕੁੱਖੋਂ, ਪਿਤਾ ਰੋਸ਼ਨ ਲਾਲਾ ਦੇ ਘਰ, ਦਾਦਾ ਅੰਮ੍ਰਿਤ ਲਾਲ ਦੇ ਵਿਹੜੇ, ਪਿੰਡ ਘਗਿਆਣਾ ਵਿਖੇ ਹੋਇਆ। ਭੈਣ ਰਜਿੰਦਰ ਕੌਰ ਦਾ ਵੀਰ ਤੇ ਸੁਰਿੰਦਰ ਘੁਗਿਆਣਵੀ ਦਾ ਮਾਂ ਜਾਇਆ, ਮੈਟ੍ਰਿਕ ਕਰਨ ਤੋਂ ਬਾਅਦ ਕੁੱਝ ਸਮਾਂ ਭਾਸ਼ਾ ਵਿਭਾਗ ਵਿੱਚ ਤੇ ਕੁੱਝ ਸਮਾਂ ਅਦਾਲਤ ਵਿੱਚ ਨੌਕਰੀ ਕਰਦਾ ਰਿਹਾ। ਸ੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ, ਸੰਤੋਖ ਸਿੰਘ ਧੀਰ, ਜਗਦੇਵ ਸਿੰਘ ਜੱਸੋਵਾਲ, ਬਲਵੰਤ ਗਾਰਗੀ ਤੇ ਲਾਲ ਚੰਦ ਯਮਲਾ ਜੱਟ ਦਾ ਪ੍ਰਭਾਵ ਮਨ ਤੇ ਪਾਉਣ ਵਾਲੇ ਨੇ, ਲਾਲ ਚੰਦ ਯਮਲੇ ਜੱਟ ਨੂੰ ਉਸਤਾਦ ਧਾਰ ਲਿਆ। ਰੇਡੀਓ, ਟੈਲੀਵਿਜ਼ਨ ਤੇ ਵੀ ਗਾਉਣ ਲੱਗ ਪਿਆ।

ਨਿੰਦਰ ਘੁਗਿਆਣਵੀ ਭਾਵੇਂ ਵੇਖਣ ਨੂੰ ਛੋਟਾ ਜਿਹਾ ਲਗਦੈ ਪਰ ਉਮਰ ਮੁਤਾਬਕ ਤਾਂ ਹੈ ਵੀ ਛੋਟਾ ਪਰ ਚੋਭ ਅਜਿਹੀ ਮਾਰਦੈ ਕਿ ਵੱਡੇ ਤੋਂ ਵੱਡੇ ਦੀ ਲੇਰ ਕਢਾ ਦਿੰਦੈ ਜੇ ਉਸ ਦੇ ਕੰਮਾਂ ਵੱਲ ਝਾਤ ਮਾਰੀਏ ਤਾਂ ਹੈਰਾਨ ਰਹਿ ਜਾਈਦਾ ਹੈ। ਸਾਹਿਤ ਤੇ ਸੱਭਿਆਚਾਰ ਦੇ ਲਈ, ਉਸਦੇ ਕੀਤੇ ਯਤਨਾਂ ਨੇ ਹੀ ਉਸ ਨੂੰ 12-13 ਸਾਲਾਂ 'ਚ ਚਾਰੇ ਪਾਸੇ  ਬਹੁਤ ਹਰਮਨ ਪਿਆਰਾ ਬਣਾ ਦਿੱਤਾ ਹੈ। ਜਸਵੰਤ ਸਿੰਘ ਕੰਵਲ, ਰਾਮ ਸਰੂਪ ਅਣਖੀ, ਸ਼ਿਵ ਕੁਮਾਰ ਬਟਾਲਵੀ ਦੀ ਤਰ੍ਹਾਂ ਉਸ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੋ ਚੁੱਕਿਆ ਹੈ। ਉਸਦੀਆਂ ਲਿਖਤਾ ਲੋਕੀ ਬੜੇ ਚਾਅ ਨਾਲ ਪੜ੍ਹਦੇ ਹਨ। ਉਸਦੀਆਂ ਕਿਤਾਬਾਂ ਦੀ ਮੰਗ ਵੱਧ ਚੁੱਕੀ ਹੈ । ਉਸਦੀ ਹਰ ਕਿਤਾਬ ਕਈ-ਕਈ ਐਡੀਸ਼ਨਾਂ 'ਚ ਛਪਦੀ ਹੈ।

ਨਿੰਦਰ  ਦੀਆਂ ਕਿਤਾਬਾਂ ਦੀ ਗਿਣਤੀ ਕਰੀਏ ਤਾਂ ਬਹੁਤ ਲੰਬੀ ਲਿਸਟ ਬਣ ਚੁੱਕੀ ਹੈ। ਉਸਦੀ ਪੈਂਤੀਵੀਂ ਕਿਤਾਬ ਪਾਠਕਾਂ ਦੇ ਸਨਮੁੱਖ ਹੋ ਚੁੱਕੀ ਹੈ। ਉਹ ਆਪਣੀ ਉਮਰ ਤੋਂ ਵੱਧ ਕਿਤਾਬਾਂ ਦੀ ਗਿਣਤੀ ਵਧਾ ਚੁੱਕਾ ਹੈ।  'ਗੋਧਾ ਅਰਦਲੀ' (ਨਾਵਲੈਟ), 'ਮੈਂ ਸਾਂ ਜੱਜ ਦਾ ਅਰਦਲੀ' (ਆਪ  ਬੀਤੀ), 'ਮਾਣ ਪੰਜਾਬ ਦੇ' (ਰੇਖਾ ਚਿੱਤਰ), 'ਸੱਚੇ ਦਿਲੋਂ' (ਵਾਰਤਕ), 'ਵੇਲੇ ਕੁਵੇਲੇ' (ਸਾਹਿਤਕ ਲੇਖ), 'ਮੇਰਾ ਰੇਡੀਓ-ਨਾਮਾ' (ਯਾਦਾ), 'ਸਿਵਿਆਂ ਵਿੱਚ ਖਲੋਤੀ ਬੇਰੀ' (ਲਲਤਿ-ਨਿਬੰਧ), 'ਤੂੰਬੀ ਦੇ ਵਾਰਿਸ' (ਜੀਵਨੀਆਂ), 'ਮੇਰੀ ਅਮਰੀਕਾ ਫੇਰੀ' (ਸਫ਼ਰਨਾਮਾ), 'ਸਾਜਣ ਮੇਰੇ ਰਾਂਗਲੇ' (ਵਾਰਤਕ), 'ਅਮਰ ਆਵਾਜ' ( ਜੀਵਨੀ ਲਾਲ ਚੰਦ ਯਮਲਾ ਜੱਟ), 'ਕੁੱਲੀ ਵਾਲਾ ਫਕੀਰ' (ਜੀਵਨੀ ਪੂਰਨ ਸ਼ਾਹਕੋਟੀ), 'ਗੁਰਚਰਨ ਸਿੰਘ ਵਿਰਕ' (ਜੀਵਨ ਤੇ ਕਲਾ), 'ਕਰਨੈਲ ਸਿੰਘ ਪਾਰਸ ਰਾਮੂੰਵਾਲੀਆ' (ਜੀਵਨ ਅਤੇ ਰਚਨਾ), 'ਜਗਦੇਵ ਸਿੰਘ ਜੱਸੋਵਾਲ' (ਜੀਵਨ ਤੇ ਸਖ਼ਸ਼ੀਅਤ), 'ਪੰਜਾਬ ਦੀ ਕੋਇਲ ਸੁਰਿੰਦਰ ਕੌਰ' (ਜੀਵਨ ਤੇ ਕਲਾ), 'ਲੋਕ ਗਾਇਕ' (ਜੀਵਨੀਆਂ), 'ਸਾਡੀਆਂ ਲੋਕ-ਗਾਇਕਾਵਾਂ' (ਰੇਖਾ-ਚਿੱਤਰ), 'ਭੁੱਲੇ-ਵਿਸਰੇ' (ਲੋਕ ਗਾਇਕ), 'ਸਾਰੰਗੀ ਦੀ ਹੂਕ' (ਨਿਬੰਧ), 'ਵੱਖਰੇ ਰੰਗ ਵਲੈਤ ਦੇ' (ਸਫਰਨਾਮਾ), 'ਸੁਰ-ਮੰਡਲ ਦੀ ਮੌਤ' (ਸਰਧਾਂਜਲੀ ਡਾ: ਸੰਜੇ ਬਾਲਰਾਜ), 'ਲੋਕ ਗੀਤ ਵਰਗਾ ਹੰਸ' (ਹੰਸ ਰਾਜ ਹੰਸ ਬਾਰੇ), 'ਵੱਡਮੁੱਲਾ ਪਾਰਸ' 'ਇੱਕ ਸੀ ਬਲਵੰਤ ਗਾਰਗੀ' (ਲੇਖ ਤੇ ਰੇਖਾ-ਚਿੱਤਰ), 'ਸ਼ਿਵ ਕੁਮਾਰ ਬਟਾਲਵੀ' (ਜੀਵਨ ਅਤੇ ਯਾਦਾਂ), 'ਹਰਨਾਮ ਦਾਸ ਸਹਿਰਾਈ-ਜੀਵਨ ਤੇ ਸਖ਼ਸ਼ੀਅਤ' (ਲੇਖ), 'ਮੋਹਨ ਸਪਰਾ ਦੀਆਂ ਕਵਿਤਾਵਾਂ', 'ਸੁਰਾਂ ਦੇ ਪੁਜਾਰੀ'. ਸ਼ਹੀਦੇ-ਆਜ਼ਮ ਭਗਤ ਸਿੰਘ', 'ਇਤਿਹਾਸ ਦੇ ਖਾਲੀ ਪੰਨੇ', 'ਚੋਣਵੇਂ ਗੀਤ-ਯਮਲਾ ਜੱਟ' (ਸੰਪਾਦਤ) ਆਦਿ ਉਸਦੀਆਂ ਲਿਖੀਆਂ ਪੁਸਤਕਾਂ ਹਨ।

ਘੁਗਿਆਣਵੀ ਹੋਰ ਮੈਗਜ਼ੀਨਾਂ ਅਖਬਾਰਾਂ ਵਿੱਚ ਕਾਲਮ ਲਿਖਦਾ ਰਿਹਾ ਅਤੇ ਲਿਖ ਰਿਹਾ ਹੈ। ਜਿਵੇਂ 'ਮਿੱਟੀ ਮਾਲਵੇ ਦੀ' (ਮਾਸਿਕ), 'ਰਾਮਗੜ੍ਹੀਆ ਮੰਚ-ਸਪਤਾਹਿਕ, 'ਉਰਲੀਆ-ਪਰਲੀਆਂ' 1998 ਤੋਂ 2000 ਤੱਕ, ਮਿਊਜਿਕ ਟਾਈਮਜ ਮਾਸਿਕ 'ਕੁੱਝ ਕਿਹਾ ਤਾਂ' 1997 ਤੋਂ 2003, 'ਅਜੀਤ ਵੀਕਲੀ' (ਕਨੇਡਾ, ਅਮਰੀਕਾ ਅਤੇ ਇੰਗਲੈਂਡ ਤੋਂ ਪ੍ਰਕਾਸਿਤ ) 'ਬਾਵਾ ਬੋਲਦਾ ਹੈ' 2001 ਤੋਂ ਚਾਲੂ, ਜੱਗ ਬਾਣੀ ਲਈ 'ਨੇੜੇ-ਤੇੜੇ' ਅਤੇ 'ਦੇਖਿਆ-ਸੁਣਿਆ', ਦੇਸ਼ ਸੇਵਕ ਵਿੱਚ 'ਅੱਖਰ ਦੇਣ ਆਵਾਜਾਂ' ਚਾਲੂ ਹੈ। ਰੋਜ਼ਾਨਾ ਅਜੀਤ, ਪੰਜਾਬੀ ਟ੍ਰਿਬਿਊਨ ਤੇ ਹੋਰ ਰਸਾਲਿਆਂ 'ਚ ਉਸ ਦੀਆਂ ਰਚਨਾਵਾਂ ਆਮ ਹੀ ਪੜ੍ਹਨ ਨੂੰ ਮਿਲਦੀਆਂ ਹਨ। ਨਿੰਦਰ ਦਾ ਰੇਡੀਓ ਕਾਰਜ ਅਤੇ ਲੇਖਕ ਦੇਸੀ ਰੇਡੀਓ ਸਾਊਥਹਾਲ ਲਈ 50 ਦਸਤਾਵੇਜੀ ਸੰਗੀਤਕ ਫੀਚਰਾਂ ਦਾ ਨਿਰਮਾਣ, ਰੇਡੀਓ ਟੋਰਾਂਟੋ 'ਪੰਜਾਬ ਦੀ ਗੂੰਜ' ਲਈ ਤਬਸਰਾ ਪੇਸ਼ਕਾਰ ਅਤੇ ਨਿਊਜ-ਬ੍ਰਾਡਕਾਸਟਰ ਵਜੋਂ ਕਾਰਜ 2001 ਤੋਂ 2002 ਤੱਕ ਅਕਾਸ਼ਬਾਣੀ ਦੇ ਪ੍ਰੋਗਰਾਮ 'ਅੱਜ ਦੀ ਗੱਲ' ਤੋਂ ਇਲਾਵਾ ਲੋਕ-ਗਾਇਕਾਂ, ਗਦਰੀ ਬਾਬਿਆਂ, ਲੇਖਕਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸਖ਼ਸ਼ੀਅਤਾਂ ਸਬੰਧੀ ਦਸਤਵੇਜੀ ਫੀਚਰ ਤਿਆਰ ਕੀਤੇ, 'ਪ੍ਰਦੇਸੀ ਰੇਡੀਓ ਟੋਰਾਂਟੋ' ਅਤੇ ਗੀਤ-ਸੰਗੀਤ ਰੇਡੀਓ ਵਾਟਸਿਨ-ਵਿਲ ( ਕੈਲੋਫੋਰਨੀਆਂ) ਲਈ ਤਬਸਰਾ ਵਾਚਕ ਵਜੋਂ ਕਾਰਜ ਅਤੇ ਦੋ ਦਰਜਨਾਂ ਤੋਂ ਵਧੇਰੇ ਲੋਕ ਗਾਇਕਾਂ ਸਬੰਧੀ ਸੰਗੀਤ-ਰੂਪਕਾਂ ਅਤੇ ਪ੍ਰਗਰਾਮਾ ਦੀ ਪੇਸ਼ਕਾਰੀ, ਦੂਰਦਰਸ਼ਨ ਕੇਂਦਰ ਜਲੰਧਰ ਏ. ਬੀ. ਸੀ ਰੇਡੀਓ ਟੋਰਾਂਟੋ (ਕੈਨੇਡਾ) ਲਈ ਫੀਚਰ, ਤਬਸਰਾ/ਲੇਖਕ-ਕਾਰਜ ਅਤੇ ਪ੍ਰੋਗਰਾਮ 'ਕੁੱਝ ਗੱਲਾਂ-ਕੁੱਝ ਗੀਤ' ਦੀ ਪੇਸ਼ਕਾਰੀ ਅਤੇ ਅਜੀਤ ਵੀਕਲੀ ਸਮੇਤ 'ਏਸ਼ੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਟੋਰਾਂਟੋ' ਲਈ ਸੀਨੀ: ਸਟਾਫਰ ਵਜੋਂ ਪ੍ਰਸਾਰਨ ਕਾਰਜ ਕੀਤਾ ।

ਨਿੰਦਰ ਦੀਆਂ ਪ੍ਰਾਪਤੀਆਂ ਦੀ ਲਿਸਟ ਕਾਫੀ ਵੱਡੀ ਹੈ, ਜਿੰਨ੍ਹਾਂ ਵਿੱਚ ਨਿੰਦਰ ਦੇ 'ਮੈਂ ਸਾਂ ਜੱਜ ਦਾ ਅਰਦਲੀ' ਪੁਸਤਰ ਉੱਤੇ ਆਧਾਰਿਤ ਰੇਡੀਓ-ਰੂਪਾਂਤਰ ਦਾ ਨਿਰਮਾਣ (ਵੱਲੋਂ ਏਸ਼ੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਟੋਰਾਂਟੋ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਾਲ 2004-2005 ਦੇ ਐਮ.ਫਿਲ. ਲਈ ਦੂਜੇ ਸਮੈਸਟਰ ਦੌਰਾਨ ਵਿਦਿਆਰਥੀ ਵੱਲੋਂ ਖੋਜ-ਪੱਤਰ ਲਿਖਿਆ ਗਿਆ ਅਤੇ ਟੈਲੀ-ਫਿਲਮ 'ਜੱਜ ਦਾ ਅਰਦਲੀ' ਦਾ ਨਿਰਮਾਣ, ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ 'ਵੀਹਵੀਂ ਸਦੀ ਦੀ ਚੋਣਵੀਂ ਵਾਰਤਕ' ਪੁਸਤਕ ਵਿੱਚ ਪ੍ਰਤੀਨਿਧ ਵਾਰਤਕ ਰਚਨਾ ਸ਼ਾਮਿਲ ਕੀਤੀ ਗਈ, ਭਾਸ਼ਾ ਵਿਭਾਗ ਪੰਜਾਬ ਦੁਆਰਾ ਪ੍ਰਕਾਸ਼ਿਤ 'ਪੰਜਾਬ-ਕੋਸ਼' ਵਿੱਚ ਲਾਲ ਚੰਦ ਯਮਲਾ ਜੱਟ ਅਤੇ ਕਰਨੈਲ ਪਾਰਸ ਬਾਰੇ ਲਿਖੇ ਵਿਸ਼ੇਸ਼ ਇੰਦਰਾਜ ਸ਼ਾਮਿਲ ਕੀਤੇ ਗਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 'ਵਿਸ਼ਵ ਬਾਲ-ਕੋਸ਼' ਵਿੱਚ ਨੁਸਰਤ ਫਤਹਿ ਅਲੀ ਖਾਂ, ਮਾਸਟਰ ਮਦਨ, ਲਤਾ ਮੰਗੇਸ਼ਕਰ, ਉਸਤਾਦ ਬਿਸਮਿੱਲਾ ਖਾਂ ਸ਼ਾਮਲ ਕੀਤੇ ਗਏ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪੁਸਤਕ 'ਲੋਕ-ਗਾਇਕ' ਦੀ ਪ੍ਰਕਾਸ਼ਨਾ ਸਾਲ 2005 ', ਪੰਜਾਬੀ ਯੂਨੀਵਰਸਿਟੀ ਵੱਲੋਂ 'ਇੱਕ ਸੀ ਬਲਵੰਤ ਗਾਰਗੀ' ਪੁਸਤਕ ਐਮ.ਏ. ਪੰਜਾਬੀ ਦੇ ਸਿਲੇਬਸ ਲਈ ਸਹਾਇਕ ਪੁਸਤਕ ਵਜੋਂ ਸ਼ਾਮਿਲ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ 'ਸੁਰਿੰਦਰ ਕੌਰ-ਜੀਵਨ ਤੇ ਕਲਾ' ਪੁਸਤਕ ਦੀ ਪ੍ਰਕਾਸ਼ਨਾ, ਪੰਜਾਬੀ ਯੂਨੀਵਰਸਿਟੀ ਵੱਲੋਂ ਪੁਸਤਕ 'ਸਾਡੀਆਂ ਲੋਕ-ਗਾਇਕਾਵਾਂ' ਦੀ ਪ੍ਰਕਾਸ਼ਨਾ 2008 ', ਸਾਲ 1999 ਤੋਂ 2006 ਤੱਕ ਚੋਣਵੇਂ ਹਾਸ-ਵਿਅੰਗ ਦੀਆਂ ਸੱਤ ਪੁਸਤਕਾਂ ਵਿੱਚ (ਨੈਸ਼ਨਲ ਬੁੱਕ ਸ਼ਾਪ ਦਿੱਲੀ ਵੱਲੋਂ) ਰਚਨਾਵਾਂ ਸ਼ਾਮਿਲ, ਵੱਖ-ਵੱਖ 50 ਪੁਸਤਕਾਂ ਵਿੱਚ ਲੇਖ, ਭੂਮਿਕਾਵਾਂ ਅਤੇ ਰਚਨਾਵਾਂ ਸ਼ਾਮਿਲ'Living legend of Punjabi Culture-Jassowal'  2002 (ਅੰਗਰੇਜ਼ੀ ਵਿੱਚ ਅਨੁਵਾਦ) ਐਮ.ਐਲ. ਸ਼ਰਮਾ ਦੁਆਰਾ ਆਦਿ ।

ਨਿੰਦਰ ਘੁਗਿਆਣਵੀ ਨੇ 2005 ਵਿੱਚ ਲੰਡਨ ਦੇ ਪਾਰਲੀਮੈਂਟ ਹਾਊਸ ਵਿਖੇ 'ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਸੈਮੀਨਾਰ' ਵਿੱਚ 'ਹਾਸ਼ਮ ਦੀ ਸੱਸੀ' ਦਾ ਗਾਇਨ ਕਮਾਲ ਦਾ ਕਰ, ਵਾਹ-ਵਾਹ ਖੱਟਣ ਵਾਲੇ ਨਿੰਦਰ ਨੇ ਟੈਲੀ-ਫਿਲਮ 'ਟੱਬਰ ਸ਼ੇਖਚਿੱਲੀਆਂ' ਦਾ ਵਿੱਚ ਮੁੱਖ ਕਲਾਕਾਰ ਵੱਜੋਂ ਭੂਮਿਕਾ ਨਿਭਾਈ । ਨਿੰਦਰ ਦੀਆਂ ਆਹੁਦੇਦਾਰੀਆਂ, ਸਾਬਕਾ ਮੈਂਬਰ, ਰਾਜ ਸਲਾਹਕਾਰ ਬੋਰਡ (ਭਾਸ਼ਾ ਵਿਭਾਗ ਪੰਜਾਬ ਸਰਕਾਰ), ਮੈਂਬਰ ਜ਼ਿਲ੍ਹਾ ਭਾਸ਼ਾ ਵਿਕਾਸ ਕਮੇਟੀ (ਪੰਜਾਬ ਸਰਕਾਰ), ਸਰਪ੍ਰਸਤ, ਯਮਲਾ ਜੱਟ ਟਰੱਸਟ ਫਰਿਜਨੋਂ (ਕੈਲੇਫੋਰਨੀਆ), ਸਾਬਕਾ ਪ੍ਰਧਾਨ/ਜਨਰਲ ਸਕੱਤਰ (ਸਾਹਿਤ ਸਭਾ ਘਗਿਆਣਾ), ਪ੍ਰਧਾਨ ਵੈਲਕਮ ਕਲੱਬ ਸਾਦਿਕ, ਮੈਂਬਰ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਆਦਿ ।

ਘੁਗਿਆਣਵੀ ਬਹੁਤ ਦੂਰ ਤੱਕ ਘੁੰਮ ਆਇਆ ਹੈ । ਜਿਵੇਂ ਕੈਨੇਡਾ ਤਿੰਨ ਵਾਰ, ਅਮਰੀਕਾ ਇੱਕ ਵਾਰ, ਇੱਕ ਵਾਰ ਇੰਗਲੈਂਡ ਅਤੇ ਇੱਕ ਵਾਰ ਆਸਟਰੇਲੀਆ ਵੀ ਜਾ ਆਇਆ ਹੈ । ਹੁਣ ਨਿੰਦਰ ਲਈ ਵਿਦੇਸ਼ ਤਾਂ ਪਿੰਡ ਦੀ ਨਿਆਈਂ ਹੈ । ਵਿਦੇਸ਼ਾਂ ਵਿੱਚ ਵੀ ਉਸਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੈ । ਉਨ੍ਹਾਂ ਮਾਣ-ਸਨਮਾਨ ਨਿੰਦਰ ਨੂੰ ਅਜੇ ਆਪਣੇ ਘਰੋਂ ਮਤਲਬ ਪੰਜਾਬ ਚੋਂ ਨਹੀਂ ਮਿਲਿਆ, ਜਿੰਨ੍ਹਾਂ ਉਸਦੇ ਕਾਰਜਾਂ ਲਈ ਮਿਲਣਾ ਚਾਹੀਦਾ ਹੈ । ਪਰ ਵਿਦੇਸ਼ਾਂ ਵਿੱਚੋਂ ਉਸਨੂੰ ਬਹੁਤ ਮਾਨ-ਸਨਮਾਣ ਮਿਲਿਆ ਹੈ ।

ਨਿੰਦਰ ਘੁਗਿਆਣਵੀ ਨੂੰ ਮਿਲੇ ਸਨਮਾਨ ਵੱਖ-ਵੱਖ ਟਰੱਸਟ, ਕਲੱਬਾਂ, ਸਾਹਿਤ ਸਭਾਵਾਂ ਵੱਲੋਂ: ਕੈਨੇਡੀਅਨ ਪ੍ਰਧਾਨ-ਮੰਤਰੀ ਜੀਨ ਕਰੇਚੀਅਨ ਦੁਆਰਾ ਰਾਜਧਾਨੀ ਔਟਵਾ ਵਿਖੇ, ਸ਼ਰੋਮਣੀ ਉਰਦੂ ਲੇਖਕ ਉਦੇ ਸਿੰਘ ਸਾਦਕ ਯਾਦਗਾਰੀ ਐਵਾਰਡ, ਇੰਡੋ-ਕਨੇਡੀਅਨ ਟਾਈਮਜ਼ ਟਰੱਸਟ ਸਰੀ (ਬ੍ਰਿਟਿਸ਼ ਕੋਲੰਬੀਆ), ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ, ਕਨੇਡਾ ਦੀ ਸਟੇਟ ਮੈਨੀਟੋਬਾ (ਵਿੰਨੀਪੈੱਗ) ਵਿਖੇ, ਮੇਰਾ ਦੇਸ਼ ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰ, ਬਾਬਾ ਸ਼ੇਖ ਫਰੀਦ ਸਾਹਿਤਕ ਐਵਾਰਡ, ਉਪ-ਮੁੱਖ ਮੰਤਰੀ ਹੱਥੋਂ ਡਾ: ਗੁਰਨਾਮ ਸਿੰਘ ਤੀਰ ਸਾਹਿਤਕ ਪੁਰਸਕਾਰ, ਪ੍ਰੋ: ਮੋਹਨ ਸਿੰਘ ਮੇਲਾ, 15 ਅਗਸਤ 2008 ਨੂੰ ਆਜ਼ਾਦੀ ਦਿਵਸ ਤੇ ਸਨਮਾਨ, ਮਾਲਵਾ ਪੰਜਾਬੀ ਸਾਹਿਤ ਸਭਾ (ਰਜਿ:) ਰਾਮਪੁਰਾ ਫੂਲ ਵੱਲੋਂ ਕਰਨੈਲ ਸਿੰਘ ਪਾਰਸ ਐਵਾਰਡ, ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿਖੇ ਸਨਮਾਨ ਆਦਿ ।

ਨਿੰਦਰ ਘੁਗਿਆਣਵੀ ਅੱਜ ਵੱਡੇ ਪੁਰਸਕਾਰਾਂ ਦਾ ਹੱਕਦਾਰ ਹੈ ।ਵੇਖੋ ਸਮੇਂ ਦੀ ਸਰਕਾਰ ਕਦੋਂ ਅੱਖਾਂ ਖੋਲ੍ਹਦੀ ਹੈ । ਦੂਜੇ ਦੀ ਖੁਸ਼ੀ ਨੂੰ ਦਿਲੋਂ ਆਪਣੀ ਖੁਸ਼ੀ ਸਮਝਣ ਵਾਲਾ ਅਤੇ ਦੂਜੇ ਦੇ ਦੁੱਖ ਨੂੰ ਦਿਲੋਂ ਆਪਣਾ ਦੁੱਖ ਸਮਝਣ ਵਾਲਾ, ਇਹ ਮਾਂ ਬੋਲੀ ਦਾ ਹੀਰਾ ਯੁਗ-ਯੁਗ ਜੀਵੇ ਤੇ ਸਦਾ ਖੁਸ਼ੀਆਂ ਮਾਣਦਾ ਰਹੇ ।
                            
****


No comments: