ਪਛਤਾਵਾ.......... ਨਜ਼ਮ/ਕਵਿਤਾ / ਦਿਲਜੋਧ ਸਿੰਘ


ਪਥਰਾਂ  ਦਾ ਤੂੰ  ਬਾਗ   ਲਗਾਇਆ
ਇਹ ਡਾਢਾ ਤੂੰ ਪਾਪ ਕਮਾਇਆ
ਹੁਣ ਕਿਉਂ  ਲਭਣੀਏਂ ਤੂੰ  ਜਿੰਦੇ
ਫੁਲਾਂ ਦੀ  ਖੁਸ਼ਬੋ

ਪਥਰਾਂ ਦੇ  ਦਿਲ ਪਥਰ  ਹੁੰਦੇ
ਇਹ  ਨਾਂ  ਜਾਨਣ  ਦਿਲ  ਦੀਆਂ ਗੱਲਾਂ
ਦਸ ਪਥਰਾਂ  ਦੀਆਂ ਅਖਾਂ ਵਾਲੇ
ਕਿੰਝ  ਸਕਦੇ  ਨੇ  ਰੋ

ਬੀਜਣ ਵੇਲੇ ਪਥਰ  ਬੀਜੇ
ਕਟਣ  ਵੇਲੇ  ਕਿਉਂ  ਪਛਤਾਏਂ
ਬਸ ਇਹਨਾਂ ਨੂੰ  ਚਟ ਚਟ ਮਰਜਾ
ਹੁਣ ਕੀ ਸਕਦਾ  ਹੋ


ਆਪੇ ਨਰਕਾਂ ਦੀ ਅਗ  ਬਾਲੀ
ਆਪੇ  ਵਿਚ  ਜਾ ਬੈਠੀ
ਅਗ ਨੇ ਆਪਣਾ ਧਰਮ ਨਿਭਾਇਆ
ਤੂੰ ਸੜ ਸੜ ਮਾਰੇਂ ਬੋ

ਸੂਰਜ ਨੇ ਇਕ ਕਿਰਨ  ਸੀ ਭੇਜੀ
ਦਰ ਤੇਰੇ ਤੇ ਖੜੀ ਰਹੀ ਉਹ
ਕਿੰਝ  ਤੇਰੇ ਉਹ ਘਰ ਵਿਚ ਵੜਦੀ
ਬੈਠਾ  ਸੀ ਤੂੰ ਬੂਹੇ ਢੋ

ਰੁਤਾਂ  ਦੇ ਨਾਲ ਫੁਲ ਵੀ ਖਿੜਦੇ
ਖੁਸ਼ੀਆਂ ਦੀ ਉਹ ਹਟ  ਲਗਾਉਂਦੇ
ਦਿਲ ਨੂੰ ਜਿੰਨਾਂ ਜੰਦਰੇ  ਮਾਰੇ
ਕਿੰਝ  ਮਾਨਣ ਖੁਸ਼ਬੋ
****

No comments: