ਬੋਹੜ……… ਲੇਖ / ਰਵੇਲ ਸਿੰਘ ਇਟਲੀ


ਬੋਹੜ ਦਾ ਰੁੱਖ ਬਹੁਤੀ ਹੀ ਲੰਮੀ ਉਮਰ ਭੋਗਣ ਵਾਲਾ ਸਦਾ ਬਹਾਰਾ ਰੁੱਖ ਹੈ, ਜੋ ਆਪਣੀ ਗਾੜ੍ਹੀ ਛਾਂ ਕਾਰਣ ਲਗਪਗ ਸਾਰੇ ਭਾਰਤ ਵਿਚ ਜਾਣਿਆ ਜਾਂਦਾ ਹੈ । ਬੋਹੜ, ਬੋੜ੍ਹ, ਬਰਗਟ, ਬੜ, ਬੜੂ, ਬੋਹੜ ਦੇ ਵੱਖ 2 ਇਲਾਕਿਆਂ ਵਿਚ ਬੋਹੜ ਦੇ ਲਏ ਜਾਣ ਵਾਲੇ ਨਾਂ ਹਨ । ਬੋਹੜ ਦੇ ਮਾਦਾ ਰੁੱਖ ਨੂੰ ਜੋ ਆਕਾਰ ਵਿਚ ਬੋਹੜ ਤੋਂ ਛੋਟਾ ਪਰ ਛਤਰੀਦਾਰ ਛਾਂ ਵਾਲਾ ਹੁੰਦਾ ਹੈ ।ਬੋਹੜ ਦਾ ਦਰਖਤ ਜਿੰਨਾ ਵੱਡੇ ਆਕਾਰ ਦਾ ਹੁੰਦਾ ਹੈ, ਇਸ ਦਾ ਫਲ ਗੋਲ੍ਹ ਜਾਂ ਗੁਲ੍ਹ ਆਕਾਰ ਵਿਚ ਉਨ੍ਹਾਂ ਹੀ ਛੋਟਾ ਹੁੰਦਾ ਹੈ । ਜੋ ਪੱਕ ਜਾਣ ਤੇ ਸੰਧੂਰੀ ਜਿਹੇ ਰੰਗ ਦਾ ਹੋ ਜਾਂਦਾ ਹੈ । ਪੰਛੀ ਇਸ ਫਲਾਂ ਨੂੰ ਬੜੇ ਮਜ਼ੇ ਨਾਲ ਖਾਂਦੇ, ਇਸ ਦਰਖਤ ਦੀ ਛਾਂ ਵਿਚ ਕਲੋਲਾਂ ਕਰਦੇ, ਇਸ ਦੀ ਠੰਢੀ ਛਾਂ ਮਾਣਦੇ ਹਨ । ਇਸ ਦੇ ਫਲ ਵਿਚ ਸਰ੍ਹੋਂ ਦਾਣਿਆਂ ਤੋਂ ਵੀ ਨਿੱਕੇ ਨਿੱਕੇ ਬੀਜ ਹੁੰਦੇ ਹਨ । ਇਹ ਬੀਜ ਬੜੇ ਸਖਤ ਹੁੰਦੇ ਹਨ, ਜੋ ਪੰਛੀਆਂ ਦੇ ਖਾਣ ਤੋਂ ਪਿੱਛੋਂ ਵੀ ਗਲਦੇ ਨਹੀਂ ਤੇ ਪੰਛੀਆਂ ਦੀਆਂ ਬਿੱਠਾਂ ਰਾਹੀਂ ਬਾਹਰ ਆ ਜਾਂਦੇ ਹਨ । ਕਈ ਵਾਰ ਪੁਰਾਣੇ ਖੰਡਰਾਂ ਅਤੇ ਕੰਧਾਂ ਦੀਆਂ ਦਰਜ਼ਾਂ ਵਿਚ ਉਂਗੇ ਬੂਟੇ ਬੜੇ ਅਜੀਬ ਜਿਹੇ ਲੱਗਦੇ ਹਨ । ਮੁੱਦਤਾਂ ਪਹਿਲਾਂ ਕੋਸੀ ਦੇ ਅਸਥਾਨ ਤੇ ਇੱਕ ਬੋਹੜ ਦੇ ਰੁੱਖ ਹੇਠ ਹੀ ਮਹਾਤਮਾ ਬੁੱਧ ਨੂੰ ਗਿਆਨ ਦੀ ਰੌਸ਼ਨੀ ਮਿਲੀ ਸੀ ।
ਇਸ ਰੁੱਖ ਦੀਆਂ ਜੜ੍ਹਾਂ ਤੋਂ ਲੈ ਕੇ ਕਰੂੰਬਲਾਂ ਤੱਕ ਸਭ ਕੁਝ ਅਨੇਕਾਂ ਔਸ਼ਧੀਆਂ ਦੇ ਰੂਪ ਵਿਚ ਅਨੇਕਾਂ ਰੋਗਾਂ ਨਿਵਰਣ ਵਾਲੀਆਂ ਦਵਾਈਆਂ ਬਨਾਉਣ ਵਿਚ ਕੰਮ ਆਉਂਦਾ ਹੈ । ਇਸ ਵਾਂਗ ਲੰਮੀ ਉਮਰ ਭੋਗਣ ਵਾਲੇ ਵਿਦਵਾਨ ਲੇਖਕ ਬੁੱਧੀਜੀਵੀਆਂ ਨੂੰ ਵੀ ਬਾਬਾ ਬੋਹੜ ਕਹਿਕੇ ਸਤਿਕਾਰਿਆ ਜਾਂਦਾ ਹੈ । ਇਸੇ ਤਰ੍ਹਾਂ ਹੀ ਪਿੱਪਲ ਦੇ ਰੁਖ ਨੂੰ ਹਿੰਦੂ ਧਰਮ ਦੇ ਲੋਕ ਉਸ ਦੇ ਅਨੇਕਾਂ ਗੁਣਾਂ ਕਰਕੇ ਆਪਣੇ ਧਰਮ ਅਸਥਾਨਾਂ ਤੇ ਉਗਾਉਂਦੇ ਹਨ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ, ਉਸ ਨੂੰ ਰੋਜ਼ਾਨਾ ਪਾਣੀ ਪਾਉਣਾ ਪੁੰਨ ਅਤੇ ਨੇਕੀ ਦਾ ਕੰਮ ਸਮਝਦੇ ਹਨ ।


ਅੱਜ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਦੇ ਲੱਗਭਗ ਹਰ ਪਿੰਡ ਵਿਚ ਧਾਰਮਿਕ ਅਸਥਾਨਾਂ ਜਾਂ ਪਿੰਡਾਂ ਦੇ ਖੁੱਲ੍ਹੇ ਚੁਗਾਨਾਂ ਵਿਚ ਕੋਈ ਨਾ ਕੋਈ ਕੋਈ ਬੋਹੜ ਦਾ ਰੁਖ ਜ਼ਰੂਰ ਹੁੰਦਾ, ਜਿੱਥੇ  ਗਰਮੀਆਂ ਦੀ ਰੁੱਤੇ ਆਪਣੇ ਕੰਮ ਧੰਦੇ ਮੁਕਾ ਕੇ ਲੋਕ ਤਾਸ਼ ਖੇਡ ਕੇ ਜਾਂ ਹੋਰ ਗੱਪਸ਼ਪ ਮਾਰ ਕੇ ਮਨ ਪਰਚਾਉਂਦੇ ਸਨ । ਹੁਣ ਵਿਗਿਆਨ ਦੇ ਯੁੱਗ ਵਿਚ ਘਰਾਂ ਵਿਚ ਬਿਜਲੀ ਦੇ ਪੱਖੇ ਤੇ ਟੈਲੀਵੀਜ਼ਨ ਆ ਜਾਣ ਕਰਕੇ ਮਨ ਪਰਚਾਵੇ ਦੇ ਸਾਧਨ ਬਦਲ ਗਏ ਹਨ । ਰੁੱਖ ਕੱਟ ਕੇ ਆਬਾਦੀ ਲਈ ਘਰ ਤੇ ਹੋਰ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ ।

ਇੱਕ ਧਾਰਮਿਕ ਥਾਂ ਤੇ ਇਕ ਅਜੀਬ ਕਿਸਮ ਦੇ ਪੁਰਾਤਨ ਬੋਹੜ ਦੇ ਰੁੱਖ ਦੀ ਯਾਦ ਪਾਠਕਾਂ ਨਾਲ ਸਾਂਝੀ ਕਰਨੀ ਜ਼ਰੂਰੀ ਸਮਝਦਾ ਹਾਂ । ਇਹ ਪੁਰਾਤਨ ਬੋਹੜ ਦਾ ਰੁੱਖ ਮੈਂ ਤਹਿਸੀਲ ਬਟਾਲਾ ਦੇ ਪਿੰਡ ਨਾਨਕ ਚੱਕ ਵਿਚ ਵੇਖਿਆ, ਜੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਸ੍ਰੀ ਚੰਦ ਨਾਲ ਸੰਬਧਿਤ ਹੈ । ਇਸ ਬੋਹੜ ਦੇ ਦਰਖਤ ਦੀ ਸ਼ਕਲ ਵੀ ਅਜੀਬ ਹੀ ਤਰ੍ਹਾਂ ਦੀ ਹੈ ।ਪਾਠਕਾਂ ਨੂੰ ਇਹ ਪਤਾ ਹੋਵੇਗਾ ਕਿ ਬੋਹੜ ਦੇ ਰੁੱਖ ਦੇ ਵੱਡੇ ਟਹਿਣਿਆਂ ੳਤੋਂ ਜ਼ਮੀਨ ਵੱਲ ਨੂੰ ਜੜ੍ਹਾਂ ਜਿਹੀਆਂ ਲਮਕੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਬੋਹੜ ਦੀ ਦਾੜ੍ਹੀ ਕਹਿੰਦੇ ਹਨ । ਇਹ ਕਈ ਦਵਾਈਆਂ ਦੇ ਕੰਮ ਵੀ ਆਉਂਦੀ ਹੈ ਪਰ ਇਸ ਅਨੋਖੇ ਰੁੱਖ ਦੀਆਂ ਮੋਟੇ ਡਾਹਲਿਆਂ ਵਿਚੋਂ ਨਿਕਲੀਆਂ ਜੜ੍ਹਾਂ ਵੱਡੀ ਗਿਣਤੀ ਵਿਚ ਜ਼ਮੀਨ ਵਿਚ ਧੱਸ ਕੇ ਤਣੇ ਹੀ ਬਣ ਚੁਕੀਆਂ ਹਨ, ਜਿਸ ਕਾਰਣ ਇਸ ਰੁੱਖ ਦਾ ਆਕਾਰ ਬਹੁਤ ਹੀ ਵੱਡਾ ਹੋ ਚੁਕਾ ਹੈ । ਇਸ ਦੇ ਨਾਲ ਹੀ ਬਾਬਾ ਸ੍ਰੀ ਚੰਦ ਜੀ ਦਾ ਮੰਦਰ ਵੀ ਹੈ ।

ਇਸ ਦਰਖਤ ਬਾਰੇ ਮੈਂ ਓਥੋਂ ਦੇ ਇਕ ਆਦਮੀ ਤੋਂ ਜੋ ਸੁਣਿਆ, ਇਸ ਤਰ੍ਹਾਂ ਹੈ ਕਿ ਇਥੇ ਬਹੁਤ ਸਮਾਂ ਪਹਿਲਾਂ ਜਦ ਬਾਬਾ ਸ੍ਰੀ ਚੰਦ ਜੀ ਇਸ ਅਸਥਾਨ ਤੇ ਆ ਕੇ ਠਹਿਰੇ ਤਾਂ ਇਕ ਬਿਰਧ ਮਾਈ, ਜਿਸ ਦੀ ਕੋਈ ਔਲਾਦ ਨਹੀਂ ਸੀ, ਨੇ ਬਾਬਾ ਜੀ ਨੂੰ ਇਹ ਥਾਂ ਭਜਨ ਬੰਦਗੀ ਲਈ ਦਾਨ ਕਰ ਦਿੱਤੀ । ਬਾਬਾ ਜੀ ਇਸ ਥਾਂ ਤੇ ਕਾਫੀ ਸਮਾਂ ਠਹਿਰੇ । ਮਾਈ ਬੜੀ ਸ਼ਰਧਾ ਵਾਨ ਸੀ । ਇੱਕ ਦਿਨ ਅਪਣੀ ਮੌਜ ਵਿਚ ਆਕੇ ਮਾਈ ਦੀ ਸੇਵਾ ਤੇ ਖੁਸ਼ ਹੋ ਕੇ ਮਾਈ ਨੂੰ ਪੁੱਛਣ ਲੱਗੇ ਕਿ ਮਾਤਾ ਤੇਰੇ ਸੇਵਾ ਭਾਵ ਨੇ ਸਾਨੂੰ ਬੜਾ ਪ੍ਰਭਾਵਿਤ ਕੀਤਾ ਹੈ, ਸਾਨੂੰ ਕੋਈ ਸੇਵਾ ਦੱਸ । ਬਿਰਧ ਮਾਈ ਹੱਥ ਜੋੜ ਕੇ ਬੜੇ ਨਿਮਰ ਭਾਵ ਨਾਲ ਬੋਲੀ ਕਿ ਬਾਬਾ ਜੀ ਸਭ ਕੁਝ ਹੈ ਪਰ ਮੇਰੀ ਕੋਈ ਔਲਾਦ ਨਾ ਹੋਣ ਕਾਰਣ ਜੱਗ ਤੇ ਕੋਈ ਨਿਸ਼ਾਨੀ ਨਹੀਂ ।ਬਾਬਾ ਸ੍ਰੀ ਚੰਦ ਨੇ ਆਪਨੇ ਸਾਹਮਣੇ ਬਣਾਏ ਹੋਏ ਧੁੂਣੇ ਵਿਚੋਂ ਬੋਹੜ ਦਾ ਇੱਕ ਧੁਖਦਾ ਕੋਲਾ ਕੱਢ ਕੇ ਉਸ ਨੂੰ ਪਾਣੀ ਨਾਲ ਧੋ ਕੇ, ਠੰਢਾ ਕਰਕੇ ਆਪਣੇ ਹੱਥੀਂ ਚਿਮਟੇ ਨਾਲ ਡੂੰਘਾ ਟੋਆ ਪੁੱਟ ਕੇ ਉਸ ਵਿਚ ਗੱਡ ਦਿਤਾ । ਜੋ ਕੁਝ ਦਿਨਾਂ ਹੀ ਪੁੰਗਰ ਕੇ ਹਰਾ ਹੋ ਕੇ ਬੋਹੜ ਦੇ ਰੁੱਖ ਵਿਚ ਉਸ ਮਾਈ ਦੀ ਨਿਸ਼ਾਨੀ ਵਜੋਂ ਅੱਜ ਤੱਕ ਇਸ ਅਨੋਖੀ ਕਿਸਮ ਦੇ ਬੋਹੜ ਦੇ ਰੁੱਖ ਦੀ ਸ਼ਕਲ ਵਿਚ ਖੜ੍ਹਾ ਹੈ । ਉਸ ਆਦਮੀ ਨੇ ਇਹ ਵੀ ਦੱਸਿਆ ਕਿ ਆਪਣੀ ਲੰਮੀ ਦਾੜ੍ਹੀ ਵਰਗੇ ਤਣੇ ਜ਼ਮੀਨ ਵਿਚ ਗੱਡੇ ਜਾਣ ਕਾਰਣ ਆਪਣੀ ਥਾਂ ਵੀ ਬਦਲ ਚੁੱਕਾ ਹੈ ।

ਪਤਾ ਨਹੀਂ ਇਸ ਕਹਾਣੀ ਵਿਚ ਕਿੰਨੀ ਕੁ ਸਚਾਈ ਹੈ ਪਰ ਇਹ ਗੱਲ ਵੀ ਮੰਨਣਯੋਗ ਹੈ ਕਿ ਬਰਸਾਤ ਜਾਂ ਢੁਕਵੇਂ ਮੌਸਮ ਵਿਚ ਜੇ ਬੋਹੜ ਦੀ ਟਾਹਣੀ ਕੱਟ ਕੇ ਜ਼ਮੀਨ ਵਿਚ ਗੱਡ ਦਿਤੀ ਜਾਵੇ ਤਾਂ ਪੁੰਗਰ ਕੇ ਦਰਖਤ ਬਣ ਜਾਂਦੀ ਹੈ । ਇਸੇ ਤਰ੍ਹਾਂ ਦੇ ਹੋਰ ਕਈ ਦਰਖਤ, ਜੜੀਆਂ-ਬੂਟੀਆਂ ਦੀਆਂ ਅਨੇਕਾਂ ਕਿਸਮਾਂ ਵਨਸਪਤੀ ਜਗਤ ਵਿਚ ਹਨ । ਇਸ ਲਈ ਇਹ ਕੋਈ ਕਰਾਮਾਤ ਵਾਲੀ ਗੱਲ ਨਹੀਂ ਐਵੇਂ ਮਿਥਿਹਾਸ ਜਿਹਾ ਹੀ ਜਾਪਦਾ ਹੈ ।ਮੇਰਾ ਇਸ ਲੇਖ ਰਾਹੀਂ ਇਹ ਸੰਦੇਸ਼ ਦੇਣ ਦਾ ਮੰਤਵ ਜ਼ਰੂਰ ਹੈ ਕਿ ਵਿਗਿਆਨ ਅਤੇ ਪ੍ਰਗਤੀ ਦੀ ਅੰਨ੍ਹੀ ਦੌੜ ਵਿਚ ਅਸੀਂ ਆਪਣੇ ਸੁਆਰਥ ਕਰਕੇ ਇਹੋ ਜਿਹੇ ਗੁਣਕਾਰੀ, ਪ੍ਰਦੂਸ਼ਣ ਰੋਕਣ ਵਾਲੇ ਰੁੱਖਾਂ ਨੂੰ ਕੱਟ ਕੇ ਮਨੁੱਖਤਾ ਦਾ ਘਾਣ ਕਰਨ ਵਿਚ ਭਾਗੀਦਾਰ ਨਾ ਬਣੀਏ ।
**** 
Post a Comment