ਸਿਡਨੀ ‘ਚ ਸਿੱਖ ਜਥੇਬੰਦੀਆਂ ਵੱਲੋਂ ਪ੍ਰੋ: ਭੁੱਲਰ ਦੇ ਪੱਖ ‘ਚ ਜਬਰਦਸਤ ਰੋਸ ਮੁਜ਼ਾਹਰਾ........ਅਮਰਜੀਤ ਖੇਲਾ

ਸਿਡਨੀ : ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤੀਭਾ ਪਾਟਿਲ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਦੇ ਵਿਰੁਧ ਅਪੀਲ ਖਾਰਜ ਕਰਕੇ ਫਾਂਸੀ ਦੀ ਸਜ਼ਾ ਬਹਾਲੀ ਦੇ ਖਿਲਾਫ ਕੌਮਾਂਤਰੀ ਪੱਧਰ ਤੇ ਸ਼ੁਰੂ ਹੋਈ ਲਾਮਬੰਦੀ ਦਾ ਹਿੱਸਾ ਬਣਦਿਆਂ ਸਿਡਨੀ ਦੀਆਂ ਸਿੱਖ ਸੰਗਤਾਂ ਨੇ ਅੱਜ ਸਥਾਨਕ ਭਾਰਤੀ ਸਫਾਰਤਖਾਨੇ ਦੇ ਅੱਗੇ ਇਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ।  ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਸਿਡਨੀ ਦੇ ਚਾਰ ਪ੍ਰਮੁੱਖ ਗੁਰੂ ਘਰਾਂ ਰਿਵਸਬੀ, ਪਾਰਕਲੀ, ਮਿੰਟੋ ਅਤੇ ਪੈਨਰਿਥ ਦੀ ਅਗਵਾਈ ਵਿੱਚ ਇਹ ਦੁਪਹਿਰ 12 ਵਜੇ ਤੋਂ 2 ਵਜੇ ਤਕ ਚਲੇ ਇਸ ਮੁਜ਼ਾਹਰੇ ਵਿੱਚ ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਨੇ ਵੀ ਹਿੱਸਾ ਲਿਆ । ਵਿਖਾਵਾਕਾਰੀਆਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ। ਇਸ ਮੌਕੇ ਤੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਪ੍ਰੋ: ਭੁੱਲਰ ਦੇ ਕੇਸ ਦੇ ਤੱਥ, ਸਚਾਈ, ਕਾਨੂੰਨੀ ਪੱਖ ਅਤੇ ਊਣਤਾਈਆਂ ਅਤੇ ਕੌਮਾਂਤਰੀ ਕਾਨੂੰਨਾਂ ਦਾ ਵੇਰਵਾ ਦੇ ਕੇ ਦੱਸਿਆ ਕਿ ਕਿਸ ਤਰਾਂ ਪ੍ਰੋ: ਭੁੱਲਰ ਨੂੰ ਗੁਨਾਹਗਾਰ ਸਾਬਤ ਹੋਣ ਤੋਂ ਬਿਨ੍ਹਾਂ ਹੀ ਇਕੋ ਕੇਸ ਵਿੱਚ ਦੋਹਰੀ ਸਜ਼ਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਸ ਮੌਕੇ ਤੇ ਬੋਲਦਿਆਂ ਭਾਈ ਜਸਬੀਰ ਸਿੰਘ ਖਾਲਸਾ ਨੇ ਦੱਸਿਆ ਕਿ ਜਰਮਨ ਦੀ ਇੱਕ ਅਦਾਲਤ ਨੇ 1997 ਵਿੱਚ ਮੰਨਿਆ ਸੀ ਕਿ ਪ੍ਰੋ: ਭੁੱਲਰ ਦਾ ਜਰਮਨ ਤੋਂ ਦੇਸ਼ ਨਿਕਾਲਾ ਇਕ ਕਾਨੂੰਨੀ ਕੋਤਾਹੀ ਸੀ, ਜਿਸ ਕਰਕੇ ਪ੍ਰੋ: ਭੁੱਲਰ ਦੀ ਜਾਨ ਨੂੰ ਬਾਅਦ ਵਿੱਚ ਖਤਰਾ ਬਣ ਗਿਆ । ਭਾਰਤ ਵੱਲੋਂ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਬਹਾਲ ਕਰਨੀ ਸੰਯੁਕਤ ਰਾਸ਼ਟਰ ਦੀ ਦਸੰਬਰ 2010 ਦੀ ਆਮ ਸਭਾ ਵਿੱਚ ਪੇਸ਼ ਕੀਤੇ ਗਏ ਫਾਂਸੀ ਦੀ ਸਜ਼ਾ ਤੇ ਰੋਕ ਲਾਉਣ ਵਾਲੇ ਮਤੇ ਜਿਸ ਨੂੰ 109 ਵੋਟਾਂ ਨਾਲ ਹਮਾਇਤ ਮਿਲੀ ਸੀ, ਦਾ ਵਿਰੋਧ  ਹੈ।  ਇਸ ਮੌਕੇ ਬੋਲਦਿਆਂ ਭਾਈ ਸਰਵਰਿੰਦਰ ਸਿੰਘ ਰੂਮੀ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਦੇ ਤਸੀਹੇ ਵਿਰੁੱਧ ਐਲਾਨਨਾਮੇ ਤੇ ਹਸਤਾਖਰ ਕਰਨ ਤੋਂ ਨਾਂਹ ਕਰਨ ਦੇ ਬਾਵਜੂਦ ਵੀ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਂਦਾ ਹੈ, ਜਿੱਥੇ ਨਿਆਂ ਲੋਕਾਂ ਦੇ ਧਰਮ ਅਤੇ ਫਿਰਕੇ ਦੇ ਅਨੁਸਾਰ ਕੀਤਾ ਜਾਂਦਾ ਹੈ। ਪ੍ਰੋ: ਭੁੱਲਰ ਦਾ ਕੇਸ ਇਸ ਦੀ ਇਕ ਪੁਖਤਾ ਮਿਸਾਲ ਹੈ ਜਿਸ ਵਿੱਚ 133 ਗਵਾਹਾਂ ਵੱਲੋਂ ਪ੍ਰੋ ਭੁੱਲਰ ਨੂੰ ਪਛਾਨਣ ਤੋਂ ਅਸਮਰਥ ਰਹਿਣ ਅਤੇ ਤਿੰਨ ਜੱਜਾਂ ਦੇ ਬੈਂਚ ਵਿੱਚ ਦੋ ਵਾਰ ਪਾਟਵਾਂ ਫੈਸਲਾ ਆਉਣ ਦੇ ਬਾਵਜੂਦ ਵੀ ਫਾਂਸੀ ਦੀ ਸਜ਼ਾ ਬਹਾਲ ਰਖੀ ਗਈ ਹੈ ।
ਇਸ ਮੌਕੇ ਪ੍ਰੋ: ਭੁੱਲਰ ਦੇ ਸਹਿਪਾਠੀ ਭਾਈ ਬਲਜਿੰਦਰ ਸਿੰਘ ਤੋਂ ਇਲਾਵਾ, ਰਾਜਵੰਤ ਸਿੰਘ, ਪਾਰਕਲੀ ਗੁਰੂਦੁਆਰੇ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਦਿਉ, ਬਲਵਿੰਦਰ ਸਿੰਘ ਲਿਡਕਮ, ਜਸਪਾਲ ਸਿੰਘ, ਬਲਵਿੰਦਰ ਸਿੰਘ ਗਿੱਲ, ਗਿਆਨੀ ਸੰਤੋਖ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।  ਸਟੇਜ ਸਕੱਤਰ ਦੀ ਜਿੰਮੇਵਾਰੀ ਭਾਈ ਸਵਰਨ ਸਿੰਘ ਜਰਨਲ ਸਕੱਤਰ ਗੁਰੂਦੁਆਰਾ ਰਿਵਸਬੀ ਨੇ ਨਿਭਾਈ। ਅੰਤ ਵਿੱਚ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। 
****

No comments: