ਧੰਨਵਾਦ ਰਹਿਤ......... ਲੇਖ / ਕੇਹਰ ਸ਼ਰੀਫ਼


ਧਰਤੀ ਗੋਲ਼ ਹੈ, ਪਰ ਇਸ ਉੱਤੇ ਵਸਦੇ ਇਨਸਾਨ ਭਾਂਤ-ਸੁਭਾਂਤੇ ਹਨ । ਅਕਲਾਂ ਤੇ ਸ਼ਕਲਾਂ ਪੱਖੋਂ ਵੀ, ਰਹਿਣੀ-ਬਹਿਣੀ ਪੱਖੋਂ ਵੀ, ਆਦਤਾਂ ਵੀ ਹਰ ਕਿਸੇ ਦੀਆਂ ਵੱਖੋ- ਵੱਖਰੀਆਂ ਹਨ। ਇਸੇ ਤਰ੍ਹਾਂ ਪਹਿਰਾਵੇ ਹਨ , ਖਾਣੇ ਹਨ, ਬੋਲੀਆਂ ਤੇ ਭਾਸ਼ਾਵਾਂ ਹਨ। ਆਪੋ-ਆਪਣੇ ਰਿਵਾਜ਼ ਹਨ, ਸੰਸਕਾਰ ਹਨ ਪਰ ਫੇਰ ਵੀ ਹਰ ਥਾਵੇਂ ਵਸਦੇ ਲੋਕਾਂ ਅੰਦਰ ਬਹੁਤ ਕੁੱਝ ਮਿਲਦਾ-ਜੁਲ਼ਦਾ ਅਤੇ ਸਾਂਝਾ ਹੁੰਦਾ ਹੈ। ਲੋੜ ਵੇਲੇ ਕਿਸੇ ਦੂਸਰੇ ਦੇ ਕੰਮ ਆਉਣਾ, ਮਨੁੱਖੀ ਵਿਹਾਰ ਵਜੋਂ ਦੋਸਤਾਨਾ ਰਵੱਈਆ ਅਪਨਾਉਣਾ, ਦੂਸਰਿਆਂ ਵਲੋਂ ਕੀਤੀ ਮੱਦਦ (ਕਿਸੇ ਤਰ੍ਹਾਂ ਦੀ ਵੀ) ਦਾ ਸ਼ੁਕਰੀਆ ਅਦਾ ਕਰਨਾ ਅਤੇ ਅਹਿਸਾਨ ਮੰਨਣਾ, ਲੋੜ ਵੇਲੇ ਆਪ ਕਿਸੇ ਦੂਸਰੇ ਦੀ ਮੱਦਦ ਕਰਨ ਦਾ ਗੁਣ ਪ੍ਰਾਪਤ ਕਰਨ ਦਾ ਯਤਨ ਕਰਨਾ ਆਦਿ। ਲੋਕਾਂ ਅੰਦਰਲਾ ਵਖਰੇਵਾਂ ਹੀ ਹੈ ਕਿ ਅਜਿਹੇ ਮਨੁੱਖੀ ਗੁਣ ਵੀ ਹਰ ਕਿਸੇ ਵਿਚ ਨਹੀਂ ਹੁੰਦੇ। ਇਹ ਗੁਣ ਪ੍ਰਾਪਤ ਕਰਨ ਵਾਸਤੇ ਸਮਝਦਾਰੀ, ਮਨ ਅੰਦਰ ਨਿਮਰਤਾ ਅਤੇ ਸੋਚ ਅੰਦਰ ਰੋਸ਼ਨੀ ਦਾ ਹੋਣਾ ਬਹੁਤ ਜ਼ਰੂਰੀ ਹੈ, ਪਰ ਅਫਸੋਸ ਕਿ ਅਜਿਹਾ ਕੁੱਝ ਹਰ ਕਿਸੇ ਦੇ ਪੱਲੇ ਨਹੀਂ ਹੁੰਦਾ। ਇੱਥੇ ਪੰਜਾਬੀ ਦੀ ਕਹਾਵਤ ਬਿਲਕੁੱਲ ਢੁੱਕਦੀ ਹੈ ਕਿ ‘ਬਿਨ ਅਕਲੋਂ ਖੂਹ ਖਾਲੀ’।

ਬਹੁਤ ਕੁੱਝ ਹੁੰਦਾ ਹੈ, ਜਿਸ ਬਦਲੇ ਮਨੁੱਖ ਕਿਸੇ ਦੂਸਰੇ ਨੂੰ ਧੰਨਵਾਦ ਆਖ ਕੇ ਉਸ ਦੇ ਮਨ ਅੰਦਰ ਆਪਣੇ ਵਾਸਤੇ ਚੰਗਾਪਨ ਪੈਦਾ ਕਰ ਸਕਦਾ ਹੈ। ਉਸ ਦੇ ਕੀਤੇ ਅਹਿਸਾਨ ਦਾ ਥਕੇਵਾਂ ਲਾਹ ਸਕਦਾ ਹੈ , ਪਰ ਨਾ-ਸਮਝੀ ਕਹੀਏ ਜਾਂ ਬਦਨੀਤੀ ਜਾਂ ਫੇਰਕਮ-ਅਕਲੀ ਕਿ ਬਹੁਤ ਸਾਰੇ ਲੋਕ ਇਸ ਗੁਣੋਂ ਵੀ ਵਾਂਝੇ ਹੀ ਦੇਖੇ ਜਾ ਸਕਦੇ ਹਨ। ਕਈ ਇਸ ਨੂੰ ਖਾਸ ਕਿਸਮ ਦੇ ਲੋਕਾਂ ਦੀ ਈਗੋ (ਹੰਕਾਰ) ਵੀ ਆਖਦੇ ਹਨ, ਪਰ ਈਗੋ ਕਿਧਰੇ ‘ਧੁਰੋਂ’ ਜਾਂ ‘ਉੱਪਰੋਂ’ ਤਾਂ ਨਹੀਂ ਆਉਂਦੀ। ਇਹ ਵੀ ਤਾਂ ਇਨਸਾਨ ਆਪਣੇ ਖੁਦ ਸਿਰਜੇ ਝੂਠ ਵਿਚੋਂ ਹੀ ਪੈਦਾ ਕਰਦਾ ਹੈ, ਆਪਣੀ ‘ਝੂਠੀ’ ਤਸੱਲੀ ਵਾਸਤੇ। ਜਦੋਂ ਇਹ ਆਦਤ ਬਣ ਜਾਵੇ ਤਾਂ ਮਨੁੱਖ ਅੰਦਰਲੇ ਮਨੁੱਖੀਪਨ ਨੂੰ ਢਾਅ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਮਨੁੱਖ ਢਹਿੰਦੀ ਕਲਾ ਵਲ ਰੁੜ੍ਹਨਾਂ ਸ਼ੁਰੂ ਕਰ ਦਿੰਦਾ ਹੈ। ਜਦੋਂ ਕਿਸੇ ਵੀ ਇਨਸਾਨ ਅੰਦਰ ਕਿਸੇ ਵੀ ਕਿਸਮ ਦਾ ਹੰਕਾਰ ਪੈਦਾ ਹੋ ਜਾਵੇ ਤਾਂ ਉਹ ਆਪਣੀ ਇਸ ਨਵੀਂ ‘ਫਿ਼ਤਰਤ’ ਦੇ ਸਦਕਾ ਦੂਜੇ ਲੋਕਾਂ ਦੇ ਮਨਾਂ ਵਿਚ ਨੀਵਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਵੇਂ ਕਿ ਇਸ ਦਿਖਾਵੇ ਦੇ ਯੁੱਗ ਵਿਚ ਲੋਕ ਸਾਹਮਣੇ ਤਾਂ ਕੁੱਝ ਨਹੀਂ ਕਹਿੰਦੇ , ਪਰ ਜੋ ਉਸ ਵਿਅਕਤੀ ਦੀ ਪਿੱਠ ਪਿੱਛੇ ਕਹਿੰਦੇ ਹਨ ਉਹ ਹੀ ਉਸ ਵਿਅਕਤੀ ਦਾ ਅਸਲ ਹੁੰਦਾ ਹੈ।

ਕਿਸੇ ਵੱਡੇ ਅਹੁਦੇ ਕਰਕੇ ਜਾਂ ‘ਕਿਸੇ ਵੀ ਤਰ੍ਹਾਂ’ ਮਾਇਆਧਾਰੀ ਬਣ ਗਏ ਹੰਕਾਰੀ ਲੋਕ ਤਾਂ ਇਹ ਹੀ ਸਮਝਣ ਲੱਗ ਜਾਂਦੇ ਹਨ ਕਿ ਉਹ ਬਹੁਤ ਹੀ ਹਰਮਨ ਪਿਆਰੇ ਹਨ। ਲੋਕ ਉਨ੍ਹਾਂ ਨੂੰ ਜੀ ਜੀ ਕਰਦੇ ਉਨ੍ਹਾਂ ਦੇ ਅੱਗੇ-ਪਿੱਛੇ ਤੁਰੇ ਫਿਰਦੇ ਹਨ। ਪਰ ਆਪਣੀਆਂ ਜਾਇਜ਼-ਨਾਜਾਇਜ਼ ਗਰਜਾਂ ਖਾਤਰ ਲੋਕ ਆਸਰਾ ਭਾਲ਼ਦੇ ਹੋਏ ਕੁੱਝ ਵੀ ਹੀਲਾ ਨਾ ਬਣਦਾ ਦੇਖਕੇ ਨਾ ਚਾਹੁੰਦਿਆਂ ਹੋਇਆਂ ਵੀ ਅਜਿਹੇ ਲੋਕਾਂ ਦੀਆਂ ਸਿਫਤਾਂ ਕਰਨ ਲਈ ਮਜਬੂਰ ਹੋ ਜਾਂਦੇ ਹਨ। ਅਜਿਹੀ ਮਜਬੂਰੀ ਦਾ ਨਾਂ ਸ਼ੁਕਰੀਆ ਬਣ ਜਾਂਦਾ ਹੈ। ਬੇਵਸੀ ਲਾਚਾਰ ਲੋਕਾਂ ਨੂੰ ਮਜਬੂਰੀ ਦੇ ਵੇਲ਼ਣੇ ਵਿਚ ਪੀੜਦੀ ਹੈ ਅਤੇ ਉਹ ਸੁਆਹ ਨੂੰ ਸੋਨਾ ਆਖ ਦਿੰਦੇ ਹਨ। ਹੁੰਦਾ ਤਾਂ ਇਹ ਝੂਠ ਹੀ ਹੈ, ਇਹ ਵੱਡੇ ਕਹਾਉਣ ਵਾਲੇ ਪਰ ਕਮੀਨੇ ’ਤੇ ਸੁਆਰਥੀ ਆਪਣੇ ਆਪ ਨੂੰ ਖੁਸ਼ ਕਰਨ ਵਾਸਤੇ ਇਸ ਝੂਠ ਨੂੰ ਹੀ ਸੱਚ ਮੰਨਣ ਲੱਗ ਪੈਂਦੇ ਹਨ। ਦੂਰ ਕੀ ਜਾਣਾ, ਬੇਸਮਝੀ ਦਾ ਇਹ ਆਲਮ ਹੈ ਕਿ ਲੋਕ ਕਾਰੀਗਰ ਹੱਥਾਂ ਵਲੋਂ ਬਣਾਈਆਂ ਮਿੱਟੀ ਦੀਆਂ ਮੂਰਤੀਆਂ ਨੂੰ ਹੀ ਭਗਵਾਨ ਮੰਨਣ ਲੱਗ ਪੈਂਦੇ ਹਨ। ਉਹ ਤਾਂ ਫੇਰ ਵੀ ਚੰਗੇ ਜਾਂ ਮਾੜੇ ਹੱਡ-ਮਾਸ ਦੇ ਇਨਸਾਨ ਹੁੰਦੇ ਹਨ। ਜਦੋਂ ਵੀ ਅਸੀਂ ਪੂਰਬੀ ’ਤੇ ਪੱਛਮੀ ਸਮਾਜਾਂ ਦੇ ਸਮਾਜਕ ਵਿਹਾਰਾਂ ਨੂੰ ਬਰਾਬਰ ਰੱਖਕੇ ਮਿਣਨ ਲਗਦੇ ਹਾਂ ਤਾਂ ਹਮੇਸ਼ਾ ਹੀ ਬਿਨ ਦਲੀਲੋਂ ਇਹ ਮੱਤ ਭਾਰੂ ਕੀਤਾ ਚਾਹੁੰਦੇ ਹਾਂ ਕਿ ਪੂਰਬੀ ਰਹੁ-ਰੀਤਾਂ ਅਤੇ ਸੱਭਿਆਚਾਰ ਬਹੁਤ ਅਮੀਰ ਹੈ। ਪੱਛਮੀ ਸਮਾਜ ਤਾਂ ਸਾਡੇ ਮੁਕਾਬਲੇ ਕੁੱਝ ਵੀ ਨਹੀਂ, ਉਂਝ ਵੀ ਇਹ ਢਹਿੰਦੀਆਂ ਕਲਾਂ ਵਲ ਜਾ ਰਿਹਾ ਹੈ। ਲੋੜ ਅਜਿਹੇ ਹੂੰਝਾਫੇਰੂ, ਨਾਂਹ ਪੱਖੀ (ਬੇਦਲੀਲੇ) ਤੇ ਆਪਣੇ ਆਪ ਨੂੰ ਹੀ ਪੁੱਗਦੇ ਫੈਸਲੇ ਕਰਨ ਦਾ ਨਹੀਂ ਸਗੋਂ ਦਲੀਲ ਦੀ ਕਸਵੱਟੀ ਉੱਤੇ ਅਮਲ ਪਰਖਣ ਦਾ ਹੈ। ਜਿਸ ਸਮਾਜ ਅੰਦਰ ਜੋ ਵੀ ਇਨਸਾਨ ਅਤੇ ਇਨਸਾਨੀਅਤ ਵਾਸਤੇ ਚੰਗਾ ਹੈ ਉਸ ਦੀ ਵਡਿਆਈ ਕਰਨੀ ਜਰੂਰੀ ਹੈ ਅਤੇ ਜੋ ਵੀ ਮਾੜਾ ਹੈ ਉਸਨੂੰ ਸਿਰਫ ਭੰਡਣਾ ਹੀ ਨਹੀਂ ਸਗੋਂ ਨਕਾਰਨਾ ਵੀ ਜ਼ਰੂਰੀ ਹੈ। ਆਖਰੀ ਸੱਚ ਹੁੰਦਾ ਹੀ ਕੋਈ ਨਹੀਂ ਇਸ ਕਰਕੇ ਲੱਭਣਾ ਸੰਭਵ ਨਹੀਂ ਹੋ ਸਕਣਾ, ਕਿਉਂਕਿ ਇਕ ਪਾਸੇ ਵਾਲਾ ਸਿੱਕਾ ਅਜੇ ਬਣਿਆ ਹੀ ਨਹੀਂ ਤੇ ਉਹਦੀ ਭਾਲ਼ ਕਰਨਾ ਹੀ ਫਜ਼ੂਲ ਹੈ ।

ਪੂਰਬੀ ਸਮਾਜਾਂ ਦੇ ਪਹਿਰੇਦਾਰਾਂ ਦੀ ਗੱਲ ਕਰੀਏ ਤਾਂ ਬਹੁਤ ਵਾਰ ਕਚਿਆਣ ਜਹੀ ਆਉਣ ਲੱਗ ਪੈਂਦੀ ਹੈ। ਜਿੱਥੇ ਬੰਦੇ (ਇਨਸਾਨ) ਨੂੰ ਧਰਮਾਂ ਤੇ ਜਾਤਾਂ ਰਾਹੀਂ ਮਿਣਿਆ ਜਾਂਦਾ ਹੋਵੇ ਉੱਥੇ ਇਨਸਾਨ , ਇਨਸਾਨੀਅਤ ਅਤੇ ਮਨੁੱਖੀਪਣ ਕਿਥੋਂ ਲੱਭਣਗੇ? ਕੋਈ ਹਕੀਮ-ਲੁਕਮਾਨ ਵੀ ਇਸ ਦੀ ਦਵਾਈ ਨਹੀਂ ਦੇ ਸਕਦਾ। ਇਸ ਪੱਖੋਂ ਸਾਡਾ ਵਿਹਾਰ ਗੰਵਾਰਾਂ ਅਤੇ ਉਜੱਡਾਂ ਵਾਲਾ ਹੈ ਅਤੇ ਉਜੱਡਪੁਣਾ ਮਨੁੱਖਵਾਦ ਨਹੀਂ ਹੁੰਦਾ । ਕਿਸੇ ਨੂੰ ਧਰਮ ਜਾਂ ਨਸਲ ਕਰਕੇ ਛੋਟਾ, ਵੱਡਾ ਜਾਂ ਚੰਗਾ, ਮਾੜਾ ਆਖਣਾ ਮਨੁੱਖਵਾਦ ਨਹੀਂ ਨਸਲਵਾਦ ਹੁੰਦਾ ਹੈ। ਇਸ ਦੀਆਂ ਮਿਸਾਲਾਂ ਨਾਲ ਤਾਂ ਸੰਸਾਰ ਇਤਿਹਾਸ ਵੀ ਗੰਦਾ ਹੋਇਆ ਤੇ ਮੁਸ਼ਕ ਮਾਰਦਾ ਨਜ਼ਰ ਆਉਂਦਾ ਹੈ। ਇਸ ਤੋਂ ਕੋਈ ਮਹਾਂਦੀਪ ਨਹੀਂ ਬਚਿਆ ਹੋਇਆ। ਕਿਧਰੇ ਗੁਲਾਮਾਂ ਨਾਲ ਧੱਕਾ, ਕਿਧਰੇ ਕਾਲਿਆਂ ਨਾਲ ਗੈਰ ਇਨਸਾਨੀ ਵਿਹਾਰ, ਕਿਧਰੇ ਸ਼ੂਦਰਾਂ–ਦਲਿਤਾਂ ਦੇ ਪ੍ਰਛਾਵੇਂ ਤੋਂ ਵੀ ਬਚ ਕੇ ਚੱਲਣ ਵਰਗਾ ਉਜੱਡਪੁਣਾਂ, ਇਨਸਾਨੀਅਤ ਦੇ ਮੱਥੇ ਉੱਤੇ ਲੱਗੇ ਗੈਰ ਇਨਸਾਨੀਅਤ ਦੇ ਕਾਲ਼ੇ ਦਾਗ ਹਨ। ਇਹ ਨਾਸ਼਼ੁਕਰਿਆਂ ਦੇ ਹਰਾਮੀਪੁਣੇ ਦੀਆਂ ਜੀਊਂਦੀਆਂ ਜਾਗਦੀਆਂ ਮਿਸਾਲਾਂ ਹਨ। ਇਸੇ ਕਰਕੇ ਕਿਧਰੇ ਭਗਤੀ ਲਹਿਰ ਉੱਭਰਦੀ ਹੈ, ਕਿਧਰੇ ‘ਬਲੈਕ ਪਾਵਰ’ ਅਤੇ ਸਮੇਂ ਬਾਅਦ ‘ਦਲਿਤ’ ਕਹੇ ਜਾਣ ਵਾਲੇ ਲੋਕ ਆਪਣੇ ਖਿਲਾਫ਼ ਚਲ ਰਹੇ ਗੈਰ ਮਨੁੱਖੀ ਵਰਤਾਰਿਆਂ ਦਾ ਵਿਰੋਧ ਕਰਨ ਵਾਸਤੇ ਮੈਦਾਨ ਵਿਚ ਨਿੱਤਰਦੇ ਹਨ। ਇਤਿਹਾਸ ਦੇ ਪੜ੍ਹਾਕੂ ਅਤੇ ਪਾਰਖੂ ਇਸ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ । ਜਦੋਂ ਕੋਈ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ (ਜ਼ਰੂਰੀ ਨਹੀਂ ਉਹ ਲਾਇਕ ਵੀ ਹੋਵੇ) ਕੋਈ ਅਫ਼ਸਰ ਬਣ ਜਾਂਦਾ ਹੈ ਤਾਂ ਉਸਨੂੰ ਲੱਗੀ ਅਫ਼ਸਰੀ ਦੀ ਪੂਛ ਟਿਕਣ ਨਹੀਂ ਦਿੰਦੀ। ਅਜਿਹੇ ਲੋਕ ਸਭਾ ਸੁਸਾਇਟੀਆਂ ਵਿਚ ‘ਮੈਨਰਜ਼’ ਦਾ ਬਹੁਤ ਰੌਲ਼ਾ ਪਾਉਂਦੇ ਹਨ ਪਰ ਆਪ ਇਸ ਪੱਖੋਂ ਸੱਖਣੇ ਹੀ ਹੁੰਦੇ ਹਨ। ਉਹ ਤਾਂ ਥੁੱਕ ਨਾਲ ਬੜੇ ਪਕਾਏ ਚਾਹੁੰਦੇ ਹਨ। ਅਜਿਹੇ ਅਫ਼ਸਰ ਮਾਰਕਾ ਜਿ਼ਹਨੀ ਤੌਰ ’ਤੇ ਮਰੀਜ਼ ਅਤੇ ਸੋਚ ਪੱਖੋਂ ਕੰਗਾਲ ਲੋਕਾਂ ਦਾ ਇਹ ਹਾਲ ਹੈ ਕਿ ਕੋਈ ਕਲਰਕ ਉਹਦੇ ਮੇਜ਼ ’ਤੇ ਫਾਈਲ ਲੈ ਕੇ ਆਵੇ ਜਾਂ ਚਪੜਾਸੀ ਕਹੇ ਜਾਣ ਵਾਲਾ ਕਰਮਚਾਰੀ (ਭਾਵ ਸੇਵਾਦਾਰ) ਗਰਮੀਆਂ ਨੂੰ ਦੁਪਹਿਰੇ ‘ਸਾਹਿਬ’ ਨੂੰ ਠੰਢਾ ਪਾਣੀ ਪਿਲਾਵੇ ਤਾਂ ਉਸ ‘ਅਫ਼ਸਰ’ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਸੇਵਾਦਾਰਾਂ ਨੂੰ ਧੰਨਵਾਦ ਸਹਿਤ ਮਾਣ ਦੇਵੇ। ਪਰ ਅਜਿਹੇ ਤਹਿਜ਼ੀਬ ਵਾਲੇ ਮਾਈ ਦੇ ਲਾਲ ‘ਅਫ਼ਸਰ’ ਦਾਲ਼ ਵਿਚਲੇ ਕੋਕੜੂਆਂ ਨਾਲੋਂ ਵੀ ਘੱਟ ਹਨ। ਉਨ੍ਹਾਂ ਦੇ ਮੂਹੋਂ ਧੰਨਵਾਦ ਸ਼ਬਦ ਨਹੀਂ ਨਿਕਲਦਾ। ਇਹੋ ਤਾਂ ਗੈਰਇਨਸਾਨੀ ਫਿ਼ਤਰਤ ਹੈ ਜਿਸ ਵਿਚੋਂ ਹੰਕਾਰ ਵੀ ਜਨਮਦਾ ਹੈ। ਜਦੋਂ ਕਿਸੇ ਇਨਸਾਨ ਜਾਂ ਅਫ਼ਸਰ ਵਿਚੋਂ ਇਨਸਾਨੀਅਤ ਕਿਰ ਜਾਵੇ ਤਾਂ ਉਹ ਧੰਨਵਾਦ ਰਹਿਤ ਹੋ ਜਾਂਦਾ ਹੈ। ਇਹ ਵੀ ਹੋ ਸਕਦਾ ਹੈ ਕਿ ਇਨਸਾਨੀਅਤ ਪੱਖੋਂ ਚਪੜਾਸੀ ਉਸ ਅਫ਼ਸਰ ਤੋਂ ਚੰਗਾ ਮਨੁੱਖ ਹੋਵੇ, ਪਰ ਇੱਥੇ ਫੇਰ ਅਫ਼ਸਰੀ ਦਾ ਗਜ਼ ਵਿਚਾਲੇ ਆ ਫਸਦਾ ਹੈ। ਇਸ ਪੱਖੋਂ ਇੱਥੇ ਹੋਰ ਬਹੁਤ ਕੁੱਝ ਕਿਹਾ ਜਾ ਸਕਦਾ ਹੈ ਮਿਸਾਲ ਵਜੋਂ ਰਿਕਸ਼ੇ ਦੀ ਸਵਾਰੀ ਕਰ ੳੱਤਰ ਕੇ ਜਾਣ ਲੱਗਿਆਂ ਪਸੀਨੋਂ-ਪਸੀਨੇ ਹੋਏ ਮਜ਼ਦੂਰ ਦਾ ਸ਼਼ੁਕਰੀਆ ਕੋਈ ਵਿਰਲਾ ਟਾਵਾਂ ਹੀ ਕਰਦਾ ਹੈ, ਅਕਸਰ ਰਿਕਸ਼ੇ ਵਾਲਾ ਹੀ ਧੰਨਵਾਦ ਆਖਦਾ ਹੈ। ਕਿਉਂ ਹੁੰਦਾ ਹੈ ਅਜਿਹਾ ? ਇਸ ਕਰਕੇ ਕਿ ਧੰਨਵਾਦ/ਸ਼਼ੁਕਰੀਆ ਵਰਗੇ ਸ਼ਬਦ ਅਜੇ ਤੱਕ ਸਾਡੀ ਸੂਝ ਅਤੇ ਸੋਚ ਦਾ ਹਿੱਸਾ ਨਹੀਂ ਬਣ ਸਕੇ। ਕਿਉਂ ਨਹੀਂ ਬਣ ਸਕੇ? ਇਸ ਬਾਰੇ ਸਾਡੇ ‘ਵਿਦਵਾਨਾਂ’ ਨੂੰ ਹੀ ਨਹੀਂ ਸਗੋਂ ਹਰ ਕਿਸੇ ਨੂੰ ਸੋਚਣਾ ਚਾਹੀਦਾ ਹੈ।

ਪੱਛਮੀ ਸਮਾਜ ਇਸ ਪੱਖੋਂ (ਨਿਘਾਰ ਦੇ ਪੱਖ ਹੋਰ ਬਥੇਰੇ ਹਨ) ਪੂਰਬੀਆਂ ਤੋਂ ਅੱਗੇ ਹੈ। ਬੱਚਾ ਵੀ ਆਪਣੇ ਪਿਉ ਨੂੰ ਰਸੋਈ ਵਿਚੋਂ ਕੁੱਝ ਖਾਣ-ਪੀਣ ਨੂੰ ਲਿਆ ਕੇ ਦੇਵੇ ਤਾਂ ਲੋਕ ਉਸ ਦਾ ਵਾਰ ਵਾਰ ਸ਼਼ੁਕਰੀਆ ਅਦਾ ਕਰਦੇ ਹਨ। ਕਿਸੇ ਦਫਤਰ ਜਾਂ ਕਾਰਖਾਨੇ ਦਾ ਬੌਸ ਵੀ ਆਪਣੇ ਤੋਂ ਹੇਠਲੇ ਰੁਤਬੇ (ਮਾਤਹਿਤਾਂ) ਵਾਲਿਆਂ ਨੂੰ ਜੀ ਕਰਕੇ ਬੁਲਾਉਂਦਾ ਹੈ, ਕਿਸੇ ਤਰ੍ਹਾਂ ਦਾ ਕੰਮ ਕਰ ਦੇਣ ’ਤੇ ਧੰਨਵਾਦ ਕਰਦਿਆਂ ਉਹਦਾ ਮੂੰਹ ਸੁੱਕਦਾ ਹੈ। ਇਹ ਸਿ਼ਸ਼ਟਾਚਾਰ ਨੂੰ ਪ੍ਰਣਾਏ ਲੋਕਾਂ ਦਾ ਫ਼ਰਜ਼ ਹੈ। ਇਸੇ ਤਰ੍ਹਾਂ ਹੀ ਫਿਰਨ ਤੁਰਨ ਦੇ ਸ਼ੌਕੀਨ ਲੋਕ ਜਾਣਦੇ ਹਨ ਕਿ ਬੇਗਾਨੇ ਥਾਵੀਂ ਕਿਵੇਂ ਲੋਕ ਮੱਦਦ ਕਰਦੇ ਹਨ। ਬੱਸ, ਗੱਡੀ ਵਿਚ ਸਫਰ ਕਰੋ, ਕਿਸੇ ਥਾਂ ਬਾਰੇ ਪਤਾ ਬਗੈਰਾ ਕਰਨਾ ਹੋਵੇ ਪੱਛਮ ਵਿਚ ਵੀ ਬਹੁਤ ਸਾਰੇ ਲੋਕ ਮੱਦਦ ਕਰਦੇ ਹਨ (ਉਂਝ ਕੁੱਝ ਕੁ ਕੋਕੜੂ ਹਰ ਥਾਵੇਂ ਹੀ ਹੁੰਦੇ ਹਨ) ਇਸ ਦੇ ਬਦਲੇ ਧੰਨਵਾਦ ਕਹਿਣਾ ਜ਼ਰੂਰੀ ਹੋਇਆ ਕਿ ਨਾ? ਅਧਿਆਪਕ ਕਿਸੇ ਵੀ ਦੇਸ, ਕੌਮ ਦੀ ਸੁਚੱਜੀ ਉਸਾਰੀ ਵਿਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ, ਪਰ ! ਆਪਣੇ ਅਧਿਆਪਕਾਂ ਦਾ ਹਾਲ ਹੋਰ ਵੀ ਬੁਰਾ ਹੈ। ਕਿਸੇ ਵਿਦਿਆਰਥੀ ਨੂੰ ਧੰਨਵਾਦ ਕਹਿਣਾ ਤਾਂ ਇਕ ਪਾਸੇ ਉਹ ਤਾਂ ਧੰਨਵਾਦ ਕਹਿਣ ਵਿਚ ਆਪਣਾ ਨਿਰਾਦਰ ਸਮਝਦੇ ਹਨ। ਅਜਿਹੇ ਅਧਿਆਪਕਾਂ ਦੇ ਪੜ੍ਹਾਏ ਵਿਦਿਆਰਥੀ ਭਲਾਂ ਕਿਹੜੇ ਰਾਹ ਤੁਰਨਗੇ? ਕਿਹੜੇ ਆਦਰਸ਼ ਤੇ ਕਿਹੜੇ ਸੰਸਕਾਰ ਲੈ ਕੇ ਉਹ ਸਕੂਲੋਂ ਬਾਹਰ ਜਾਣਗੇ? ਇਹਦੇ ਬਾਰੇ ਵਿਖਿਆਨ ਕਰਨ ਦੀ ਕੋਈ ਲੋੜ ਨਹੀਂ।

ਕਿਸੇ ਦੇ ਮਹਿਮਾਨ ਜਾਉ ਤਾਂ ਉਸ ਦੀ ਪ੍ਰਹੁਣਚਾਰੀ/ਮਹਿਮਾਨ ਨਿਵਾਜ਼ੀ ਦਾ ਧੰਨਵਾਦ ਕਰਨਾ ਬਣਦਾ ਹੈ। ਦੇਸੋਂ ਬੰਦੇ ਪ੍ਰਦੇਸ ਆਉਂਦੇ ਹਨ, ਹੋ ਸਕਦਾ ਹੈ ਕਿ ਉਨ੍ਹਾਂ ਵਿਚ ਕਈ ਅਫ਼ਸਰ ਵੀ ਆਉਂਦੇ ਹੋਣ, ਉਨ੍ਹਾਂ ਵਿਚੋਂ ਬਹੁਤੇ ਇਹ ਹੀ ਸਮਝਦੇ ਹਨ (ਖਾਸ ਕਰਕੇ ਪੰਜਾਬੀ ਦੇ ਸਾਹਿਤਕਾਰ) ਕਿ ਬਾਹਰ ਰਹਿੰਦੇ ਪੰਜਾਬੀਆਂ ਦਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੀ ਸੇਵਾ ਕਰਨ, ਭਲਾਂ ਕੋਈ ਪੁੱਛੇ ਕਿਉਂ? ਕਿਧਰੇ ਇਹ ਨਵਾਂ ਪ੍ਰੋਹਿਤਵਾਦ (ਸਾਹਿਤਕ) ਤਾਂ ਨਹੀਂ ਪੈਦਾ ਕੀਤਾ ਜਾ ਰਿਹਾ? ਉਂਝ ਬਾਹਰ ਵਸਦੇ ਪੰਜਾਬੀਆਂ (ਖਾਸ ਕਰਕੇ ਸਾਹਿਤਕ ਜਾਂ ਸਾਹਿਤਕਾਰ) ਨੇ ਘਰ ਆਏ ਪ੍ਰਾਹੁਣਿਆਂ ਦੀ ਆਪਣੀ ਪਹੁੰਚ ਮੁਤਾਬਿਕ ਸੇਵਾ/ਖਾਤਿਰਦਾਰੀ ਕਰਨ ਦਾ ਆਪਣਾ ਗੁਣ ਅਜੇ ਛੱਡਿਆ ਨਹੀਂ। ਪੰਜਾਬੀ ਸੱਭਿਆਚਾਰ ਦਾ ਇਹ ਵੱਡਾ ਸਰਮਾਇਆ ਉਹ ਅਜੇ ਵੀ ਆਪਣੇ ਦਿਲ ’ਚ ਵਸਾਈ ਬੈਠੇ ਹਨ। ਭਾਵੇਂ ਕਿ ਦੇਸੋਂ ਆਉਣ ਵਾਲੇ ਵਾਪਸ ਜਾ ਕੇ ਸਫਰਨਾਮੇ ਦੇ ਨਾਂ ਥੱਲੇ ਕਈ ‘ਜੀਊੜੇ’ ਆਪਣੀ ਕਲਮ ਵਾਹੁਣ (ਭਾਵ ਕਲਮੀਂ ਹੱਥਰਸੀ ਕਰਦਿਆਂ) ਸਮੇਂ ਬਾਹਰ ਵਸਦਿਆਂ ਨੂੰ ‘ਭੁੱਖੇ’ ਸਾਬਿਤ ਕਰਨ ਦਾ ਕੋਝਾ ਯਤਨ ਵੀ ਕਰਦੇ ਹਨ। ਪੰਜਾਬੀ ਜਿੱਥੇ ਵੀ ਵਸਦੇ ਹਨ ਉਹ ਕਿਵੇਂ ਸੋਚਦੇ ਹਨ ਮਹਿਮਾਨਾਂ ਬਾਰੇ ਇਸ ਦੀ ਗੱਲ ਕਰਦਿਆਂ ਕੈਨੇਡਾ ਵਸਦੇ ਪੰਜਾਬੀ ਕਵੀ ਸਾਧੂ ਬਿਨਿੰਗ ਦੇ ਹਵਾਲੇ ਨਾਲ਼ ਆਖਿਆ ਜਾ ਸਕਦਾ ਹੈ :

ਪੰਜਾਬੀਆਂ ਲਈ ਤਾਂ ਸੱਜਣੋਂ
ਰੱਬ ਹੁੰਦੇ ਨੇ ਮਹਿਮਾਨ
ਕਰਮਾਂ ਵਾਲਿਆਂ ਦੇ ਘਰੀਂ ਬਹੁੜਦੇ ਨੇ.....

ਸੋਚਣ ਵਾਲਿਆਂ ਨੂੰ ਆਪਣੀ ਸੋਚ ਦੇ ਖ਼ਾਨੇ ਵਿਚ ਝਾਤ ਮਾਰਨੀ ਬਣਦੀ ਹੈ ਕਿ ਜਿੰਦਗੀ ਨੂੰ ਸਾਰਥਿਕ ਬਨਾਉਣ ਖ਼ਾਤਿਰ ਹਰ ਇਨਸਾਨ ਨੂੰ ਸੁਚੱਜੇ ਚੱਜ-ਵਿਹਾਰ ਆਉਣੇ ਜ਼ਰੂਰੀ ਹਨ। ਨਹੀਂ ਤਾਂ ਉਨ੍ਹਾਂ ਦੀ ਸਾਰੀ ਜਿ਼ਦਗੀ ਧੰਨਵਾਦ ਸਹਿਤ ਦੀ ਥਾਵੇਂ ਧੰਨਵਾਦ ਰਹਿਤ ਹੀ ਹੋ ਕੇ ਰਹਿ ਜਾਵੇਗੀ। ਧੰਨਵਾਦ ਰਹਿਤ ਹੋਣਾ ਜਿ਼ੰਦਗੀ ਵਿਚੋਂ ਕਿਸੇ ਬਹੁਤ ਹੀ ਮੁੱਲਵਾਨ ਗੁਣ ਦੇ ਕਿਰ ਜਾਣ ਬਰਾਬਰ ਹੁੰਦਾ ਹੈ।

**** 

No comments: