ਖਲਾਰੋ ਗਲਵੱਕੜੀ.......... ਨਜ਼ਮ/ਕਵਿਤਾ / ਅਮਰਜੀਤ ਟਾਂਡਾ (ਡਾ.)


ਖਲਾਰੋ ਗਲਵੱਕੜੀ ਮੈਂ ਕੋਈ ਰੀਤ ਵੰਡਾਂਗਾ
ਹੁੰਗਾਰਾ ਜੇਹਾ ਦਿਓ ਮੈਂ ਕੋਈ ਗੀਤ ਵੰਡਾਂਗਾ

ਹੋਰ ਹੈ ਕੀ ਮੇਰੇ ਕੋਲ ਹਰਫ਼ਾਂ ਸਿਤਾਰਿਆਂ ਵਗੈਰ
ਲਿਆਓ ਤਲੀਆ ਵਿਖਾਓ ਮੈਂ ਕੋਈ ਲੀਕ ਵੰਡਾਂਗਾ

ਨੇਕ ਰਾਹ ਜੇਹੇ ਬਣਾਵਾਂ ਤਵੀ ਬੈਠਣਾ ਸਿਖਾਵਾਂ
ਗੜ੍ਹੀ ਚ ਖੇਡਣਾ ਹੈ ਕਿਸ ਦਿਨ ਉਹ ਤਾਰੀਖ਼ ਵੰਡਾਂਗਾ


ਤੂੰ ਕੱਦ ਸਾਡੇ ਦੇਖ ਇਹ ਨਾ ਨੀਹਾਂ ਸਾਡੇ ਮੇਚ
ਤੇਰੀ ਇੱਕ 2 ਇੱਟ ਲਈ ਮੈਂ ਸ਼ਰੀਕ ਵੰਡਾਂਗਾ

ਇਹ ਜੋ ਚੰਦ ਤੇ ਸਿਤਾਰੇ ਜਗਣ ਰੀਝਾਂ ਦੇ ਕਿਨਾਰੇ
ਮਹਿਫ਼ਿਲ ਇਹਨਾਂ ਦੀ ਸਜਾ ਰੁੱਖੀਂ ਸੰਗੀਤ ਵੰਡਾਂਗਾ

ਜੋ ਰਹਿ ਗਈ ਮਹਿੰਦੀ ਦੇ ਸਹਾਰੇ ਸੁਣ ਨਿੱਕੇ 2 ਲਾਰੇ
ਓਸ ਕੁੜੀ ਦੇ ਰਾਹਾਂ ਚ ਕੋਈ ਉਡੀਕ ਵੰਡਾਂਗਾ

ਬਦੇਸ਼ੀਂ ਤੋਰੇ ਜਿਹਨਾਂ ਸਿਤਾਰੇ ਜਾਗਣ ਰਾਤਾਂ ਦੇ ਸਹਾਰੇ
ਓਹਨਾਂ ਅੱਖਾਂ ਲਈ ਵੀ ਰਿਸ਼ਮ ਬਾਰੀਕ ਵੰਡਾਂਗਾ

No comments: