ਮਾਮਲਾ ਲੱਚਰ ਗੀਤਕਾਰੀ ਤੇ ਲੱਚਰ ਗਾਇਕੀ ਦਾ.... ਕੁੱਝ ਤਾਂ ਸੋਚੀਏ, ਕੁੱਝ ਤਾਂ ਕਰੀਏ.......... ਲੇਖ / ਕੇਹਰ ਸ਼ਰੀਫ਼


ਕਿਸੇ ਵੀ ਜ਼ੁਬਾਨ ਦਾ ਸਾਹਿਤ, ਉਹ ਕਿਸੇ ਵੀ ਵਿਧਾ ਵਿਚ ਹੋਵੇ ਸਾਹਿਤ ਨੂੰ ਅਮੀਰੀ ਬਖਸ਼ਦਾ ਹੈ। ਸਾਹਿਤ ਨੇ ਸਮਾਜ ਦੇ ਹਰ ਪੱਖ ਦਾ ਹਾਲ-ਹਵਾਲ ਕਲਾਤਮਿਕ ਪੱਧਰ ਤੇ ਸਿਰਜਣਾ ਹੁੰਦਾ ਹੈ। ਜਿਸ ਰਚਨਾ ਵਿਚ ਕਲਾਤਮਿਕਤਾ ਨਾ ਹੋਵੇ ਉਹ ਸੁਹਜ ਵਿਹੂਣੀ ਰਹਿ ਜਾਂਦੀ ਹੈ। ਅਜਿਹੀ ਰਚਨਾ ਮੁੱਲਹੀਣ ਹੋਣ ਦੇ ਨਾਲ ਹੀ ਚਿਰਜੀਵੀ ਵੀ ਨਹੀਂ ਹੋ ਸਕਦੀ ਅਤੇ ਨਾ ਹੀ ਸਮਾਜ ਨੂੰ ਕਿਸੇ ਕਿਸਮ ਦੀ ਕੋਈ ਸੇਧ ਦੇਣ ਦੇ ਯੋਗ ਹੁੰਦੀ ਹੈ। ਹਰ ਰਚਨਾਕਾਰ ਨੇ ਸਮਾਜ ਦੀ ਬਣਤਰ, ਸੁਭਾਅ ਅਤੇ ਰਵਾਇਤਾਂ ਦਾ ਖਿਆਲ ਵੀ ਰੱਖਣਾ ਹੁੰਦਾ ਹੈ ਅਤੇ ਸਮਾਜ ਅੰਦਰ ਸ਼ਰਮ-ਹਯਾ ਵਾਲੇ ਰਿਸ਼ਤਿਆਂ ਦਾ ਚਿਤ੍ਰਣ ਸਮੇਂ ਅਨੁਸਾਰ ਕਰਨਾ ਹੁੰਦਾ ਹੈ।

          ਪੰਜਾਬੀ ਸੱਭਿਆਚਾਰਕ ਰਵਾਇਤਾਂ ਸਮਾਜੀ ਰਿਸ਼ਤਿਆਂ ਵਿਚ ਪੱਛਮੀ ਸਮਾਜ ਵਰਗਾ ਖੁੱਲ੍ਹਾਪਣ ਸਹਿਣ ਦੀਆਂ ਆਦੀ ਨਹੀਂ ਇਸ ਕਰਕੇ ਸਮਾਜ ਦੀ ਹਾਲਤ ਅਨੁਸਾਰ ਬਦਲਦੀਆਂ ਸਥਿਤੀਆਂ ਦਾ ਪਤਾ ਹੋਣਾ ਬਹੁਤ ਜਰੂਰੀ ਹੈ। ਅੱਜ ਗੱਲ ਪੰਜਾਬੀ ਦੀ ਉਸ ਗੀਤਕਾਰੀ ਦੀ ਹੋ ਰਹੀ ਹੈ ਜਿਸ ਨੂੰ ਲੱਚਰ ਕਿਹਾ ਜਾਂਦਾ ਹੈ। ਅਰਥ ਵਿਹੂਣੇ ਘਟੀਆਂ ਸੋਚ ਵਾਲੇ ਸ਼ਬਦਾਂ ਦਾ ਰੌਲ਼ਾ-ਗੌਲ਼ਾ ਕੱਠਾ ਕਰਕੇ ਸੰਗੀਤ ਦੀਆਂ ਉੱਚੀਆਂ ਧੁਨਾਂ ਵਿਚ ਲੋਕਾਂ ਨੂੰ ਪਰੋਸ ਦਿੱਤਾ ਜਾਂਦਾ ਹੈ। ਆਮ ਕਰਕੇ ਇਸ ਵੰਨਗੀ ਦੇ ਗੀਤ ਔਰਤ ਨੂੰ ਬੇਵਫਾ, ਹੀਣੀ ਅਤੇ ਦਗੇਬਾਜ਼ ਹੀ ਦੱਸੀ ਜਾਂਦੇ ਹਨ, ਜੋ ਸੱਚ ਨਹੀਂ। ਔਰਤ ਜਗਤ ਦੀ ਜਣਨੀ ਮਾਂ ਹੈ, ਭੈਣ ਹੈ, ਧੀ ਹੈ ਹੋਰ ਰਿਸ਼ਤੇ ਹਨ। ਹਰ ਰਿਸ਼ਤੇ ਦਾ ਆਪਣਾ ਸਤਿਕਾਰ ਤੇ ਯੋਗ ਸਥਾਨ ਹੈ, ਜਿਸ ਨੂੰ ਉਸੇ ਰੂਪ ਵਿਚ ਚਿਤਰਿਆ ਜਾਣਾ ਚਾਹੀਦਾ ਹੈ, ਪਰ ਸਾਡੇ ਕੁੱਝ ਘਟੀਆ ਸੋਚ ਵਾਲੇ ਚਵਲ਼ ਕਿਸਮ ਦੇ ਸ਼ਰਮ ਵਿਹੂਣੀ ਬਿਰਤੀ ਰੱਖਣ ਵਾਲੇ ਆਪਣੇ ਆਪ ਨੂੰ ਗੀਤਕਾਰ ਕਹਿੰਦੇ ਜੀਊੜੇ ਅਸਲੋਂ ਖਰੀਆਂ ਇਨਸਾਨੀ ਰਵਾਇਤਾਂ ’ਤੇ ਪੂਰੇ ਨਹੀਂ ਉਤਰਦੇ। ਉਹ ਸੱਚੀਆਂ-ਸੁੱਚੀਆਂ ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਕਰਦੇ ਹਨ।
        ਇਸੇ ਤਰ੍ਹਾਂ ਹੀ ਇਨ੍ਹਾਂ ਗੀਤਾਂ ਦੀਆਂ ਧੁਨਾਂ ਬਨਾਉਣ ਵਾਲੇ ਸੰਗੀਤ ਦੇ ਨਾਂ ’ਤੇ ਰੌਲ਼ਾ ਪੇਸ਼ ਕਰਦੇ ਹਨ, ਢੋਲ 'ਤੇ ਲਗਦਾ ਡਗਾ ਜਦੋਂ ਊਲ-ਜਲੂਲ ਬਣ ਜਾਵੇ ਤਾਂ ਉਹ ਸੰਗੀਤ ਨਹੀਂ ਰਹਿੰਦਾ। ਉਹ ਮਨ ਦਾ ਸਕੂਨ ਨਹੀਂ ਬਣਦਾ ਬੇਚੈਨੀ ਪੈਦਾ ਕਰਦਾ ਹੈ। ਅੱਗੇ ਵਾਰੀ ਆਉਂਦੀ ਹੈ ਉਨ੍ਹਾਂ ਕੰਪਨੀਆਂ ਦੀ ਜੋ ਇਨ੍ਹਾਂ ਦੇ ਗੀਤ ਰੀਕਾਰਡ ਕਰਕੇ ਇਸ ਖੇਤਰ ਦੇ ਆੜਤੀਆਂ ਦਾ ਕੰਮ ਕਰਦੇ ਹਨ। ਮੁਨਾਫਾ ਕਮਾਉਣ ਲਈ ਅਜਿਹੀਆਂ ਕੰਪਨੀਆ ਵਾਲੇ ਚੰਦ ਟਕਿਆਂ ਬਦਲੇ ਆਪਣੀ ਮਾਂ-ਭੈਣ ਨੂੰ ਸੇਲ ਤੇ ਲਾਉਣ ਲੱਗਿਆਂ ਸੰਗ-ਸ਼ਰਮ ਨੂੰ ਬੇਹਯਾਈ ਦੀ ਕਿੱਲੀ ਉੱਤੇ ਟੰਗ ਦਿੰਦੇ ਹਨ। ਇਨ੍ਹਾਂ ਕੰਪਨੀਆਂ ਦੇ ਕਹੇ ਜਾਂਦੇ ਸਿੰਗਰ ਫੇਰ ਲੁੱਚ ਤਲਦੇ ਹਨ, ਇੰਨਾ ਲੁੱਚ ਕਿ ਜਿਸ ਤੋਂ ਸੜਿਹਾਂਦ ਵਰਗਾ ਮੁ਼ਸ਼ਕ ਆਉਣ ਲੱਗ ਪੈਂਦਾ ਹੈ।
           ਅੱਜ ਲੋੜ ਹੈ ਅਜਿਹੀ ਲੁੱਚੀ ਤੇ ਲੱਚਰ ਗੀਤਕਾਰੀ ਤੇ ਗਾਇਕੀ ਨੂੰ ਨਕਾਰਨ ਦੀ ਜੋ ਅਸਲੀਅਤ ਤੋਂ ਸੱਖਣੀ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਹੀ ਹੈ। ਜਾਤ-ਪਾਤ ਦਾ ਪ੍ਰਚਾਰ ਡਟਕੇ ਕੀਤਾ ਜਾ ਰਿਹਾ ਹੈ, ਮਨੁੱਖ ਨੂੰ ਮਨੁੱਖ ਤੋਂ ਪਾੜਿਆ ਜਾ ਰਿਹਾ ਹੈ। ਸਾਡੀ ਬੇਨਤੀ ਹੈ ਅਜਿਹੇ ਕੁਕਰਮ ਕਰਨ ਵਾਲਿਆਂ ਦਾ ਵਿਰੋਧ ਕੀਤਾ ਜਾਵੇ। ਮੰਦਾ ਲਿਖਣ ਵਾਲਿਆਂ ਦੀ ਮੁਖਾਲਫਤ ਕੀਤੀ ਜਾਵੇ। ਅਜਿਹੇ ਗੀਤਕਾਰਾਂ ਤੇ ਗਾਇਕਾਂ ਦੀਆਂ ਕੇਸਟਾਂ ਤੇ ਸੀ. ਡੀ ਨਾ ਖਰੀਦੀ ਜਾਵੇ। ਅੱਗੇ ਵਧੂ ਲਿਖਾਰੀਆਂ ਨੂੰ ਵੀ ਬੇਨਤੀ ਹੈ ਕਿ ਉਹ ਅਜਿਹੀ ਗਾਇਕੀ ਦਾ  ਬਦਲ ਪੇਸ਼ ਕਰਦਿਆਂ ਆਪਣੀਆਂ ਪੰਜਾਬੀ ਕਦਰਾਂ-ਕੀਮਤਾਂ  ਦੀ ਰਾਖੀ ਲਈ ਚੰਗੀ ਗੀਤਕਾਰੀ ਪੇਸ਼ ਕਰਨ ਤੇ ਚੰਗੇ ਗਾਇਕ ਚੰਗੀ ਗਾਇਕੀ ਪੇਸ਼ ਕਰਕੇ ਆਪਣੇ ਸਮਾਜ ਦੀ ਸੇਵਾ ਕਰਨ।

ਉਮੀਦ ਹੈ ਤੁਸੀਂ 'ਮੀਡੀਆ ਪੰਜਾਬ' ਦੀ ਇਸ ਅਪੀਲ ਨੂੰ ਹੁੰਗਾਰਾ ਭਰੋਗੇ।

(‘ਮੀਡੀਆ ਪੰਜਾਬ’ ਜਰਮਨੀ ਦੇ ਸ਼ਹਿਰ ਲਾਈਪਜਿ਼ਗ ਵਿਖੇ ਹੋਏ  ਸਮਾਗਮ ਵਲੋਂ ਪੰਜਾਬੀਆਂ ਦੇ ਨਾਂ ਜਾਰੀ ਕੀਤੀ ਗਈ ਅਪੀਲ)

****

No comments: