ਫ਼ਰਕ.......... ਕਹਾਣੀ / ਅਮਰਜੀਤ ਕੌਰ "ਹਿਰਦੇ"


ਰੁਪਿੰਦਰ ਬੱਸ ਤੋਂ ਉੱਤਰੀ ਤਾਂ ਉਸਨੂੰ ਚੱਕਰ ਆ ਰਹੇ ਸਨ। ਉਹ ਡਿਗਦੀ-ਡਿਗਦੀ ਮਸਾਂ ਹੀ ਬਚੀ ਸੀ। ਉਸਨੂੰ ਡਿਗੂੰ-ਡਿਗੂੰ ਕਰਦੀ ਵੇਖ ਕੇ ਕੰਡਕਟਰ ਨੇ ਸੀਟੀ ਮਾਰ ਕੇ ਬੱਸ ਰੁਕਵਾ ਲਈ ਤੇ ਖਿੜਕੀ ਵਿਚੋਂ ਖੜੋਤੇ ਹੋਏ ਹੀ ਪੁੱਛਿਆ, “ਮੈਡਮ ਜੀ ਠੀਕ ਹੋਂ? ਹਾਂ ਜੀ। ਕੰਡਕਟਰ ਦੇ ਬੋਲਾਂ ਨੇ ਉਸਨੂੰ ਸੁਚੇਤ ਕੀਤਾ ਪਰ ਉਹ ਏਨਾ ਹੀ ਕਹਿ ਸਕੀ ਸੀ। ਉਸਨੇ ਆਲੇ-ਦੁਆਲੇ ਵੇਖਿਆ ਪਰ ਕੋਈ ਹੋਰ ਸਵਾਰੀ ਨਹੀਂ ਉੱਤਰੀ ਸੀ। ਪੁਲ ਤੋਂ ਪਰਲੇ ਪਾਸੇ ਤਾਂ ਕਾਫ਼ੀ ਰੌਣਕ ਸੀ ਪਰ ਉਰਲਾ ਨਹਿਰ ਦੇ ਚੜ੍ਹਦੇ ਵਾਲਾ ਪਾਸਾ ਸੁੰਨਾ ਪਿਆ ਭਾਂਅ-ਭਾਂਅ ਕਰ ਰਿਹਾ ਸੀ। ਉਸਦਾ ਇਕੱਲੀ ਦਾ ਅੱਡੇ ਤੇ ਰੁਕਣ ਨੂੰ ਜੀਅ ਨਾ ਕੀਤਾ। ਉਹ ਅੱਜ ਕੁਝ ਜਲਦੀ ਹੀ ਆ ਗਈ ਸੀ। ਇਸ ਲਈ ਰਜਵੰਤ ਅਜੇ ਪਹੁੰਚਿਆ ਨਹੀਂ ਸੀ। ਹੁਣ ਉਹ  ਬਹੁਤੀ ਵਾਰੀ ਲੇਟ ਹੀ ਹੁੰਦਾ ਸੀ। ਪਹਿਲਾਂ ਵਾਂਗ ਹੁਣ ਉਹ ਨਾ ਤਾਂ ਉਸ ਤੋਂ ਪਹਿਲਾਂ ਹੀ ਪਹੁੰਚਦਾ ਸੀ ਤੇ ਨਾਂ ਹੀ ਘੰਟਿਆਂ-ਬੱਧੀ ਉਸਦੀ ਉਡੀਕ ਕਰਦਾ ਸੀ। ਕਈ ਵਾਰੀ ਤਾਂ ਘਰੋਂ ਵਾਪਿਸ ਆਉਂਦਾ ਉਸਨੂੰ ਰਸਤੇ ਵਿਚ ਮਿਲਦਾ। ਉਸਨੂੰ ਬਹੁਤ ਗੁੱਸਾ ਆਉਂਦਾ ਕਿ ਉਸਨੂੰ ਟਾਇਮ ਦਾ ਪਤਾ ਹੋਣ ਦੇ ਬਾਵਜੂਦ ਵੀ ਸਾਰੇ ਜੁਆਕਾਂ ਨੂੰ ਨਾਲ ਖਿੱਚਦਾ ਲੇਟ ਪਹੁੰਚਦਾ ਹੈ। ਕਈ ਵਾਰੀ ਉਹ ਗੁੱਸੇ ਦੀ ਮਾਰੀ ਕਹਿ ਦਿੰਦੀ ਕਿ ਕੀ ਲੋੜ ਸੀ ਅੱਧਾ ਰਸਤਾ ਰਹਿ ਗਿਆ ਸੀ ਮੈਂ ਆਪੇ ਹੀ ਘਰ ਪਹੁੰਚ ਜਾਂਦੀ।

ਜਿਸ ਬੱਸ ਤੇ ਉਹ ਅੱਜ ਆਈ ਸੀ ਇਸਦਾ ਟਾਇਮ ਕਦੇ ਘੱਟ ਹੀ ਮਿਸ ਹੁੰਦਾ ਸੀ। ਪਰ, ਕਦੇ-ਕਦਾਈਂ ਹੀ ਉਹਨੂੰ ਇਹ ਬੱਸ ਮਿਲਦੀ ਸੀ। ਜਿਸ ਦਿਨ ਇਸ ਬੱਸ ਤੇ ਆਉਂਦੀ ਜ਼ਿਆਦਾਤਰ ਉਸਨੂੰ ਘਰ ਤੁਰ ਕੇ ਪਹੁੰਚਣਾ ਪੈਂਦਾ। ਉੱਤੋਂ ਪੱਛਮ ਦੀ ਵੱਖੀ ਵਿਚ ਡੁੱਬਦਾ ਸੂਰਜ ਸਿੱਧਾ ਮੂੰਹ ਤੇ ਪੈਂਦਾ। ਨਹਿਰ ਦੇ ਕਿਨਾਰੇ-ਕਿਨਾਰੇ ਪਹੇ ਦੇ ਵਿਚ ਗੋਡੇ-ਗੋਡੇ ਭੁੱਬਲ ਉੱਡ-ਉੱਡ ਸਿਰ ਨੂੰ ਚੜ੍ਹਦੀ। ਚੰਗੀ-ਭਲੀ ਹੁੰਦੀ ਵੀ ਬੇਹਾਲ ਹੋ ਜਾਂਦੀ ਸੀ ਤਾਂ ਅੱਜ ਤਾਂ ਉਸ ਨੂੰ ਆਪਣਾ-ਆਪ ਚੁੱਕ ਕੇ ਤੁਰਨਾ ਹੀ ਮੁਸ਼ਕਿਲ ਲੱਗ ਰਿਹਾ ਸੀ। ਬਹੁਤੀ ਵਾਰ ਤਾਂ ਥੋੜ੍ਹੇ ਜਿਹੇ ਫ਼ਰਕ ਨਾਲ ਇਹ ਬੱਸ ਨਿਕਲ ਹੀ ਜਾਇਆ ਕਰਦੀ ਸੀ। ਉਸਤੋਂ ਬਾਅਦ ਵਾਲੀਆਂ ਬੱਸਾਂ ਦਾ ਤਾ ਕੋਈ ਪਤਾ ਹੀ ਨਹੀਂ ਸੀ ਹੁੰਦਾ। ਪ੍ਰਾਈਵੇਟ ਬੱਸ ਨਾਲ ਗੰਡ-ਤੁੱਪ ਕਰਕੇ ਰੋਡਵੇਜ਼ ਦੇ ਦੋਂਵੇਂ ਟਾਇਮ ਵੀ ਕਈ ਵਾਰੀ ਮਿਸ ਹੋ ਜਾਂਦੇ। ਕਈ ਵਾਰ ਤਾਂ ਬੱਸਾਂ ਰਸਤੇ ਵਿਚ ਹੀ ਕਿਤੇ ਰੋਕ ਲਈਆਂ ਜਾਂਦੀਆਂ ਤੇ ਸਵਾਰੀਆਂ ਦੀ ਅਦਲਾ-ਬਦਲੀ ਹੋ ਜਾਂਦੀ। ਬੱਸ ਵਿਚ ਅੱਜ ਉਸਨੂੰ ਨੀਂਦ ਵੀ ਨਹੀਂ ਸੀ ਆਈ ਨੀਮ-ਬੇਹੋਸ਼ੀ ਜਿਹੀ ਦੇ ਵਿਚ ਹੀ ਉਸਦਾ ਅੱਡਾ ਆ ਗਿਆ ਸੀ।


ਉਹ ਲੱਤਾਂ ਘੜੀਸਦੀ ਨਹਿਰੇ-ਨਹਿਰ ਤੁਰਦੀ ਮਸਾਂ ਹੀ ਘਰ ਪਹੁੰਚੀ। ਉਸਦਾ ਦਿਲ ਕੀਤਾ ਕਿ ਉਹ ਉੱਥੇ ਹੀ ਕਿਧਰੇ ਕਿਸੇ ਦਰੱਖਤ ਦੀ ਛਾਂਵੇਂ ਹੀ ਬੈਠ ਜਾਵੇ। ਕੀ ਕਰੇਗੀ ਘਰ ਜਾ ਕੇ। ਕੀ ਪਿਆ ਸੀ ਉਸਦਾ ਘਰ ਵਿਚ। ਪਹਿਲਾਂ ਤਾਂ ਪਤੀ ਦੇ ਪਿਆਰ ਦੀ ਖਿੱਚ ਉਸਨੂੰ ਘਰ ਵੱਲ ਖਿੱਚ ਲਿਆਉਂਦੀ ਸੀ। ਪਰ ਹੁਣ ਤਾਂ ਉਹ ਖਿੱਚ ਵੀ ਖਤਮ ਹੀ ਹੁੰਦੀ ਜਾ ਰਹੀ ਸੀ। ਪਹਿਲਾਂ ਵਾਲੀ ਗੱਲ ਹੁਣ ਨਹੀਂ ਸੀ ਰਹੀ। ਉਸਨੂੰ ਆਪਣੇ ਪਤੀ ਦੀਆਂ ਕਈ ਹਰਕਤਾਂ ਅਜ਼ੀਬ ਲੱਗਦੀਆਂ। ਉਹ ਕਈ ਵਾਰੀ ਚਿੰਤਤ ਵੀ ਹੁੰਦੀ। ਉਸਦਾ ਘਰ ਪ੍ਰਤੀ ਅਤੇ ਉਸਦੇ ਪ੍ਰਤੀ ਮੋਹ-ਭੰਗ ਉਸਨੂੰ ਚੰਗਾ ਨਾ ਲੱਗਦਾ। ਉਹ ਕਈ ਵਾਰੀ ਸ਼ਿਕਾਇਤ ਕਰਦੀ ਪਰ ਰਜਵੰਤ ਵੀ ਬਹੁਤੀ ਵਾਰ ਤਾਂ ਗੱਲ ਨੂੰ ਟਾਲ ਹੀ ਜਾਂਦਾ। ਕਈ ਵਾਰ ਉਹ ਘਰ ਵਿਚ ਕਲੇਸ਼ ਰਹਿਣ ਦੀ ਸ਼ਿਕਾਇਤ ਕਰਦਾ। ਜਦੋਂ ਕਈ ਵਾਰੀ ਉਹ ਕਹਿ ਦਿੰਦੀ ਕਿ ਤੁਹਾਡੇ ਵਾਸਤੇ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਤੁਹਾਨੂੰ ਤਾਂ ਇਸ ਗੱਲ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਪਰ ਉਹ ਦਿਲੋਂ ਸਮਝਦੀ ਸੀ ਕਿ ਨਹੂੰ-ਸੱਸ ਵਿਚ ਲੜਾਈ ਰਹਿਣ ਦਾ ਕਾਰਨ ਹੀ ਉਸਦੇ ਪਤੀ ਦੀ ਉਪਰਾਮਤਾ ਹੈ। ਪਰ ਜਦੋਂ ਬੀਬੀ ਭਾਬੀ ਨਾਲ ਲੜਦੀ ਸੀ ਤਾਂ ਤੁਹਾਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ। ਪਰ ਹੁਣ ਮੇਰੇ ਨਾਲ ਲੜਾਈ ਕਾਰਨ ਪਤਾ ਲੱਗਦਾ ਹੈ ਕਿ ਕਿਵੇਂ ਚੁੱਪ ਰਿਹਾ ਜਾਂਦਾ ਹੈ? ਹੁਣ ਤੁਹਾਨੂੰ ਪਤਾ ਲੱਗਦਾ ਹੈ ਨਾ ਕਿ ਕਸੂਰ ਕਿਸਦਾ ਹੈ? ਤਾਂ ਹੀ ਤਾਂ ਹੁਣ ਤੁਹਾਡੀ ਭਾਬੀ ਚੀਕਦੀ ਹੈ ਕਿ ਹੁਣ ਤੂੰ ਕਿਵੇਂ ਬੀਬੀ ਨੂੰ ਗ਼ਲਤ ਕਹਿਨਾਂ ਪਹਿਲਾਂ ਤਾਂ ਕਦੇ ਬੋਲਿਆ ਨਹੀਂ ਸੀ। ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਬੀਬੀ ਸਰਾਸਰ ਗ਼ਲਤ ਹੁੰਦੀ ਹੈ ਪਰ…ਮਜ਼ਬੂਰੀ ਵਿਚ ਰਜਵੰਤ ਕਈ ਵਾਰੀ ਤਾਂ ਪਤਨੀ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਜਾਂਦਾ ਪਰ ਕਈ ਵਾਰ ਅੱਗੋਂ ਲੜਨਾ ਸ਼ੁਰੂ ਕਰ ਦਿੰਦਾ। ਦੋਨਾਂ ਦੇ ਆਪਸ ਵਿਚ ਨਰਾਜ਼ ਹੋਣ ਤੇ ਰੁਪਿੰਦਰ ਦੀ ਸੱਸ ਬੜੀ ਖ਼ੁਸ਼ ਹੁੰਦੀ। ਬਿਨਾਂ ਗੱਲੋਂ ਹਾਸਾ ਹੱਸਦੀ ਫਿਰਦੀ। ਉਸਨੂੰ ਸੱਸ ਦੀ ਇਹ ਆਦਤ ਬਿਲਕੁੱਲ ਪਸੰਦ ਨਹੀਂ ਸੀ। ਦੂਜੇ ਜੀਆਂ ਨੂੰ ਆਪਸ ਵਿਚ ਹੱਸਦੇ ਖੇਡਦੇ ਵੇਖ ਕੇ ਉਹ ਬਿਨਾਂ ਗੱਲੋਂ ਗੁੱਸੇ ਵਿਚ ਭਰੀ-ਪੀਤੀ ਭਾਂਡੇ ਭੰਨਦੀ ਫਿਰਦੀ। ਘਰ ਦੀ ਲੜਾਈ ਤੋਂ ਅੱਕਦੀ ਨੇ ਹੀ ਉਸਨੇ ਐਡੀ ਦੂਰ ਰੋਜ਼ ਧੱਕੇ ਖਾ ਕੇ ਟਾਇਮ ਪਾਸ ਕਰਨ ਦਾ ਬਹਾਨਾ ਲੱਭਿਆ ਸੀ। ਘਰੇ ਤਾਂ ਸਾਰਾ ਦਿਨ ਕੜ੍ਹੀ ਹੀ ਘੁਲਦੀ ਰਹਿੰਦੀ। ਸਾਰਾ ਦਿਨ ਸੱਸ ਦੀਆਂ ਟਕੋਰਾਂ ਸਹਿੰਦੀ ਉਹ ਅੱਕੀ-ਸੜੀ ਰਹਿੰਦੀ। ਵੱਡੇ ਮੁੰਡੇ ਦੇ ਜਵਾਕਾਂ ਨਾਲ ਘਿਰੀ ਬੈਠੀ ਨੂੰਹਾਂ ਨੂੰ ਲਾ ਲਾ ਕੇ ਗੱਲਾਂ ਕਰਦੀ ਰਹਿੰਦੀ।  

ਰੁਕਣਾ ਚਾਹ ਕੇ ਵੀ ਉਹ ਰਮਤੇ-ਰਮਤੇ ਘਰ ਪਹੁੰਚ ਗਈ। ਬਾਹਰ ਵੇਹੜੇ ਵਿਚ ਹੀ ਡੱਠੀ ਹੋਈ ਮੰਜੀ ਤੇ ਲੰਮੀ ਪੈ ਗਈ। ਬੱਸ ਜਿਵੇਂ ਡਿੱਗ ਹੀ ਤਾਂ ਪਈ ਸੀ। ਕੋਈ ਵੀ ਬੱਚਾ ਨੇੜੇ-ਤੇੜੇ ਨਹੀਂ ਸੀ। ਉਹਦੀ ਜਠਾਣੀ ਆਪਣੇ ਅੰਦਰ-ਬਾਹਰ ਵੜਦੀ ਘਰ ਦੇ ਕੰਮ ਕਰਦੀ ਫਿਰਦੀ ਸੀ। ਉਹਦੀ ਸੱਸ ਆਪਣੇ ਕਮਰੇ ਵਾਲੇ ਪਾਸੇ ਸਾਹਮਣੇ ਹੀ ਮੰਜਾ ਡਾਹ ਕੇ ਬੈਠੀ ਗੱਲਾਂ ਕਰੀ ਜਾ ਰਹੀ ਸੀ। ਉਹਦੀ ਜਠਾਣੀ ਕਿਸੇ-ਕਿਸੇ ਗੱਲ ਦਾ ਹੁੰਗਾਰਾ ਦੇ ਛੱਡਦੀ ਸੀ। ਕੋਈ ਗੱਲ ਸੁਣੀ-ਅਣਸੁਣੀ ਕਰਦੀ ਫਿਰਦੀ ਸੀ। 

“ਨੀਂ, ਜਾਹ ਉੱਠ ਕੇ ਘੜਾ ਚੁੱਕ ਲਿਆ। ਮੈਂ ਨਲਕੇ ਤੇ ਭਰ ਕੇ ਰੱਖ ਆਈਂ ਆਂ। ਜਾਹ ਛੇਤੀ ਚੁੱਕ  ਲਿਆ ਜਾ ਕੇ ਕਾਂ-ਕੁੱਤੇ ਮੂੰਹ ਮਾਰਨਗੇ ਪਏ। ਏਨਾ ਕਹਿ ਕੇ ਉਹ ਫਿਰ ਜਾ ਕੇ ਮੰਜੀ ਤੇ ਬਹਿ ਗਈ। ਦੋ ਮਿੰਟ ਬਾਅਦ ਉਹਦੀ ਗਰਜਵੀਂ ਅਵਾਜ਼ ਫਿਰ ਗੂੰਜੀ। ਨੀਂ ਤੈਨੂੰ ਸੁਣਿਆਂ ਨਹੀਂ ਮੈਂ ਕੀ ਕਿਹਾ ਏ। ਇਹੀ ਗੱਲ ਉਸ ਨੇ ਇਕ-ਦੋ ਵਾਰ ਹੋਰ ਦੁਹਰਾਈ। ਪਰ ਰੁਪਿੰਦਰ ਦੇ ਮੂੰਹੋਂ ਕੋਈ ਅਵਾਜ਼ ਨਾ ਨਿਕਲੀ। ਉਹ ਇਸ ਗੱਲ ਦਾ ਅੱਗੇ ਵੀ ਕਈ ਵਾਰ ਰੋਸ ਕਰ ਚੁੱਕੀ ਸੀ ਕਿ ਜਦੋਂ ਤਾਂ ਮੈਂ ਮੋਟਰ ਸਾਇਕਲ ਤੇ ਆਉਂਦੀ ਹਾਂ ਤਾਂ ਪਾਣੀ ਦੇ ਨਾਲ ਚਾਹ ਵੀ ਮਿਲ ਜਾਂਦੀ ਏ ਜਦੋਂ ਇਕੱਲੀ ਐਨੀ ਦੂਰੋਂ ਤੁਰ ਕੇ ਆਉਂਨੀ ਆਂ ਤਾਂ ਪਾਣੀ ਦੀ ਵੀ ਘੁੱਟ ਨਸੀਬ ਨਹੀਂ ਹੁੰਦੀ। ਅੱਜ ਵੀ ਉਸਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਬਿਨਾਂ ਕੁਝ ਜਾਣੇਂ ਹੀ ਲਗਾਤਾਰ ਬੋਲੀ ਜਾ ਰਹੀ ਸੀ। ਇਕ ਸੱਸ ਦਾ ਉਸਨੂੰ ਨੀਂ ਕਰਕੇ ਸੰਬੋਧਨ ਕਰਨਾ ਵਿਹੁ ਵਰਗਾ ਲੱਗਦਾ ਸੀ। ਕਈ ਵਾਰ ਕਹਿਣ ਤੇ ਵੀ ਉਹ ਨਾਂ ਲੈ ਕੇ ਨਹੀਂ ਸੀ ਬੁਲਾਉਂਦੀ। ਉਹ ਅਰਧ ਬੇ-ਸੁਰਤੀ ਦੀ ਹਾਲਤ ਵਿਚ ਪਈ ਪਤਾ ਨਹੀਂ ਕਿੰਨੀ ਦੇਰ ਪਈ ਰਹੀ। ਉਸਨੂੰ ਰਜਵੰਤ ਦੇ ਵੀ ਦੇਰ ਨਾਲ ਘਰ ਆਉਣ ਤੇ ਗੁੱਸਾ ਚੜ੍ਹ ਰਿਹਾ ਸੀ।

ਨਾ ਮੈਂ ਕੁੱਤੀ ਆਂ ਭੌਂਕੀ ਜਾਨੀ ਆਂ ਕਿੰਨੀ ਦੇਰ ਦੀ। ਏਹਦੇ ਕੰਨ ਤੇ ਜੂੰਅ ਨਹੀਂ ਸਰਕਦੀ। ਦੋ ਘਮਟੇ ਹੋ ਗਏ ਨੇ ਆ ਕੇ ਘੋਗਲਕੰਨੀ ਬਣ ਕੇ ਪਈ ਹੋਈ ਨੂੰ। ਅੱਗੋਂ ਅਵਾਜ਼ ਵੀ ਨਹੀਂ ਦਿੰਦੀ। ਅਜੇ ਰਜਵੰਤ ਨੇ ਘਰ ਆ ਕੇ ਬਰਾਂਡੇ ਵਿਚ ਮੋਟਰ ਸਾਇਕਲ ਲਾਇਆ ਹੀ ਸੀ ਕਿ ਉਹਦੀ ਮਾਂ ਦੀ ਗਰਜਵੀਂ ਅਵਾਜ਼ ਉਹਦੇ ਕੰਨਾਂ ਵਿਚ ਪਈ। ਕੀ ਹੋ ਗਿਆ ਬੀਬੀ? ਸਾਹ ਤਾਂ ਲੈ ਲੈਣ ਦਿਆ ਕਰੋ। ਆਉਂਦਿਆਂ ਹੀ ਸ਼ੁਰੂ ਹੋ ਗਈ ਏਂ। ਰੁਪਿੰਦਰ ਨੂੰ ਵੇਹੜੇ ਵਿਚ ਮੂਧੇ-ਮੂੰਹ ਪਈ ਵੇਖ ਕੇ ਉਹਨੇ ਉਹਦੇ ਕੋਲ ਆ ਕੇ ਪੁੱਛਿਆ ਰੁਪਿੰਦਰ ਕੀ ਹੋਇਆ? ਲ਼ੱਗਦਾ ਬੁਖ਼ਾਰ ਹੋਇਆ ਲੱਗਦਾ ਏ। ਉਹਦੇ ਮੂੰਹੋਂ ਹੌਲੀ ਜਿਹੀ ਅਵਾਜ਼ ਨਿਕਲੀ। ਪਾਣੀ ਪੀਤਾ ਕਿ ਨਹੀਂ? ਰਜਵੰਤ ਨੂੰ ਪਤਾ ਸੀ ਕਿ ਜਦੋਂ ਉਹ ਇਕੱਲੀ ਘਰ ਵੜਦੀ ਹੈ ਤਾਂ ਬੀਬੀ ਉਸਨੂੰ ਕਦੀ ਵੀ ਪਾਣੀ-ਧਾਣੀ ਨਹੀਂ ਪੁੱਛਦੀ ਹੁੰਦੀ। ਉਸਦੀ ਕੰਡੀਸ਼ਨ ਵੇਖ ਕੇ ਉਸਨੇ ਆਪਣੀ ਭਤੀਜੀ ਰੈਵੀ ਨੂੰ ਅਵਾਜ਼ ਮਾਰ ਕੇ ਆਪਣੀ ਚਾਚੀ ਨੂੰ ਪਾਣੀ ਪਿਉਣ ਲਈ ਕਿਹਾ। ਭਤੀਜੀ ਨੇ ਚਾਚੇ ਚਾਚੀ ਦੋਨਾਂ ਨੂੰ ਪਾਣੀ ਪਿਆਇਆ।

“ਘੰਟਾ ਹੋ ਗਿਆ ਮੈਨੂੰ ਭੌਂਕੀ ਜਾਂਦੀ ਨੂੰ ਕੁੱਤੇ ਮੂਤ ਜਾਣਗੇ। ਘੜੇ ਤੇ ਕਾਂ ਵਿੱਠਾਂ ਕਰ ਜਾਣਗੇ” ਉਹ ਅਜੇ ਵੀ ਆਪਣਾ ਉਬਾਲ ਕੱਢ ਰਹੀ ਸੀ। “ਲਿਆ ਬੀਬੀ ਮੈਂ ਚੁੱਕ ਕੇ ਲਿਆਉਂਨਾ। ਕਿਉਂ ਐਂਵੇ ਬੋਲੀ ਜਾਨੀ ਏਂ। ਐਡਾ ਵੱਡਾ ਘੜਾ ਲਾਉਣਾ ਹੀ ਕਿਉਂ ਸੀ? ਛੋਟਾ ਲਾ ਲੈਂਦੀ ਜਿਹੜਾ ਸੌਖਾ ਚੁੱਕਿਆ ਜਾਂਦਾ। ਆਹ ਬੂਹੇ ਤੇ ਤਾਂ ਨਲਕਾ ਦੋ ਟਾਇਮ ਭਰ ਲਿਆ ਕਰੋ। ਐਡਾ ਵੱਡਾ ਘੜਾ ਰੁਪਿੰਦਰ ਕੋਲੋਂ ਕਿਹੜਾ ਚੁੱਕਿਆ ਜਾਂਦਾ ਏ ਹੋਣਾ ਏ” ਰਜਵੰਤ ਨੇ ਬਿਨਾਂ ਕਿਸੇ ਗੁੱਸੇ-ਗਿਲੇ ਜਾਂ ਖ਼ਰਵੇ ਬੋਲਾਂ ਦੇ ਸੁਭਇਕੀ ਜਿਹੇ ਹੀ ਕਹਿ ਤਾਂ ਦਿੱਤਾ, ਪਰ ਅੱਗੋਂ ਜੋ ਸੁਣਨ ਨੂੰ ਮਿਲਿਆ ਉਹ ਹੋਰ ਵੀ ਚੜ੍ਹਦਾ ਸੀ। “ਵੇਖਾਂ ਉਹਨੂੰ ਕਹਿਣ ਦੀ ਬਜਾਏ ਵੇਖਾਂ ਮੈਨੂੰ ਹੀ ਸੁਣਾ ਤੂੰ। ਬੜਾ ਵੱਡਾ ਘੜਾ ਏਥੇ। ਧੰਨ ਹੁੰਦੀਆਂ ਸੀ ਅੱਗੇ ਜਨਾਨੀਆਂ ਦੋ-ਦੋ ਮੀਲਾਂ ਤੋਂ ਨਾਲੇ ਜੁਆਕ ਢ੍ਹਾਕੇ ਲਾਉਣੇ ਨਾਲੇ ਘੜੇ ਚੁੱਕਣੇ। ਬਾਹਲੀਆਂ ਈ ਛਿੰਦੀਆਂ ਹੋਈਆ ਪਈਆਂ ਨੇ ਅੱਜ ਦੀ ਫੁਲ-ਫੁਲੇਲੀਆਂ। ਨਖ਼ਰੇ ਵਖਾਉਣ ਨੂੰ ਤੁਹਾਡੇ ਵਰਗੇ ਵੀ ਅੱਗੇ-ਪਿੱਛੇ ਨੱਚਦੇ ਨੇ ਰੰਨਾਂ ਦੇ। ਮਾਂਵਾਂ ਤਾਂ ਹੁਣ ਚੰਗੀਆਂ ਹੀ ਨਹੀਂ ਲੱਗਦੀਆਂ”। “ਬੀਬੀ ਮੈਂ ਤੈਨੂੰ ਕੁਝ ਕਿਹੈ ਕੋਈ।” ਕਹਿ ਕੇ ਰਜਵੰਤ ਨੇ ਰੁਪਿੰਦਰ ਨੂੰ ਡਾਕਟਰ ਬੁਲਾਉਣ ਲਈ ਹੌਲੀ ਜਿਹੀ ਪੁੱਛਿਆ, “ਹਾਂ ਬੁਲਾ ਲਿਆਓ ਮੈਂ ਛੁੱਟੀ ਨਹੀਂ ਲੈ ਸਕਣੀ। ਦਫ਼ਤਰ ਕੰਮ ਵੀ ਬਹੁਤ ਜ਼ਿਆਦਾ ਹੈ”।

“ਚਾਹ ਪੀ ਕੇ ਜਾਈਂ ਬਾਹਰ ਨੂੰ ਹੁਣ।” ਬੂਹਿਓਂ ਬਾਹਰ ਨਿਕਲਦੇ ਨੂੰ ਉਹਦੀ ਮਾਂ ਨੇ ਫਿਰ ਆਵਾਜ਼ ਮਾਰੀ। “ਤੂੰ ਬਣਾ ਮੈਂ ਹੁਣੇ ਆਉਨਾ”। ਕਹਿ ਕੇ ਉਹ ਡਾਕਟਰ ਨੂੰ ਬੁਲਾਉਣ ਚਲਾ ਗਿਆ। “ਉਂਝ ਈ ਤਲੀ ਤੇ ਛਾਲਾ ਬਣਾ ਰੱਖੀਆਂ ਨੇ। ਖੇਖਣ ਆਉਂਦੇ ਨੇ ਵੰਨ-ਸੁਵੰਨੇ। ਪਤਾ ਨਹੀਂ ਆਉਂਦਿਆਂ ਈ ਕਿੱਧਰ ਨੂੰ ਤੋਰ ਤਾ ਮੁੰਡੇ ਨੂੰ। ਚਾਹ ਵੀ ਨਹੀਂ ਪੀਣ ਦਿੱਤੀ। ਹੁਣ ਮੈਂ ਕੀਹਦੇ ਵਾਸਤੇ ਬਣਾਵਾਂ ਭਲਾ।” ਬੁੜ-ਬੁੜ ਕਰਦੀ ਉਹਦੀ ਸੱਸ ਫਿਰ ਮੰਜੇ ਤੇ ਆ ਬੈਠੀ।       

ਪੰਦਰਾਂ ਕੁ ਮਿੰਟਾਂ ਬਾਅਦ ਰਜਵੰਤ ਡਾਕਟਰ ਨੂੰ ਨਾਲ ਲੈ ਕੇ ਆ ਗਿਆ। ਡਾਕਟਰ ਨੇ ਥਰਮਾਮੀਟਰ ਲਾ ਕੇ ਵੇਖਿਆ। ਇਕ ਸੌ ਦੋ ਬੁਖ਼ਾਰ ਏ। ਕਦੋਂ ਕੁ ਦਾ ਚੜ੍ਹਦਾ ਏ।” ਅੱਜ ਪਹਿਲੇ ਦਿਨ ਹੀ ਚੜ੍ਹਿਆ ਏ” ਉਹ ਦੋਂਵੇ ਇਕੱਠੇ ਬੋਲੇ। “ਲੈ ਸਵੇਰੇ ਤਾਂ ਚੰਗੀ-ਭਲੀ ਗਈ ਏ” ਲਿਆ ਬੀਬੀ ਚਾਹ ਬਣਾਈ ਏ ਤਾਂ ਲਿਆ ਏਹਨੇ ਵੀ ਦਵਾਈ ਲੈਣੀ ਏ। ਨਾਲੇ ਡਾਕਟਰ ਸਾਹਿਬ ਨੂੰ ਵੀ ਚਾਹ ਪਿਆਈਏ।” ਤੂੰ ਕਿਹੜਾ ਮੈਨੂੰ ਦੱਸ ਕੇ ਗਿਆ ਸੀ ਕਿ ਕਿੱਥੇ ਚੱਲਿਆ ਏਂ, ਕਦੋਂ ਕੁ ਨੂੰ ਪਰਤੇਂਗਾ।” ਰੁਪਿੰਦਰ ਦੀ ਸੱਸ ਦੀ ਅਵਾਜ਼ ਹੁਣ ਕੁੱਝ ਢੈਲੀ ਹੋ ਚੁੱਕੀ ਸੀ। “ਬੀਬੀ ਤੂੰ ਕਿਹੜਾ ਸੁਣਦੀ ਏਂ ਕਿਸੇ ਦੀ, ਚੱਲ ਹੁਣ ਈ ਬਣਾ ਲਿਆ ਜਲਦੀ ਨਾਲ। ਓਤੇ ਕਿਹੜਾ ਹੁਣ ਚੁੱਲ੍ਹੇ ਅੱਗ ਬਾਲਣੀ ਪੈਣੀ ਏਂ। ਬਟਨ ਮਰੋੜਿਆਂ ਚਾਹ ਬਣ ਜਾਣੀ ਏਂ।” 

“ਲੈ ਮੈਨੂੰ ਦੱਸ ਦਿੰਦੀ ਆਉਂਦਿਆਂ। ਚੁੱਪ ਕਰਕੇ ਪੈ ਗੀ ਆ ਕੇ। ਮੇਰੇ ਨਾਲ ਤਾਂ ਬੋਲੀ ਨੀਂ।” ਡਾਕਟਰ ਦੇ ਜਾਣ ਤੋਂ ਬਾਅਦ ਉਹਦੀ ਸੱਸ ਨੇ ਉੱਤੋਂ-ਲਾਵੀਂ ਕੀਤੀ। ਬੀਬੀ ਤੂੰ ਪੁੱਛ ਲੈਂਦੀ ਕੋਲ ਆ ਕੇ ਹੁਣ ਜਿੱਥੇ ਤੂੰ ਬੈਠੀ ਏਂ ਓਤੋਂ ਤੱਕ ਅਵਾਜ਼ ਪਹੁੰਚਣੀ ਸੀ ਇਹਦੀ ਭਲਾ। ਨਾਲੇ ਪਾਣੀ ਦੀ ਘੁੱਟ ਪਿਆ ਦਿੰਦੀ। ਸਗੋਂ ਜਦੋਂ ਅਸੀਂ ਮੋਟਰ ਸਾਇਕਲ ਤੇ ਆਉਨੇ ਆਂ ਉਦੋਂ ਤਾਂ ਨਾਲ ਦੀ ਨਾਲ ਪਾਣੀ ਵੀ ਲਿਆ ਦਿੰਨੀ ਏਂ ਤੇ ਚਾਹ ਵੀ ਬਣਾ ਲੈਨੀ ਏਂ ਜਦੋਂ। ਜਦੋਂ ਇਕੱਲੀ ਐਨੀ ਦੂਰੋਂ ਤੁਰ ਕੇ ਆਉਂਦੀ ਏ ਤਾਂ ਫਿਰ ਤੂੰ ਇੰਜ ਕਰਨ ਲੱਗ ਜਾਨੀ ਏਂ।”

ਰਜਵੰਤ ਨੂੰ ਵੀ ਅੱਜ ਰੁਪਿੰਦਰ ਦੀ ਸ਼ਿਕਾਇਤ ਦੂਰ ਕਰਨ ਦਾ ਮੌਕਾ ਮਿਲ ਗਿਆ। ਲੈ ਬੋਲਣ ਨੂੰ ਏਥੇ ਬੁਖ਼ਾਰ ਈ ਸੀ ਹੋਰ ਕਿਤੇ ਮਾਰ ਕੇ ਏਥੇ… ਉਹਦੀ ਸੱਸ ਅੱਧ-ਪਚੱਧੀ ਗੱਲ ਕਹਿ ਕੇ ਬਾਕੀ ਗੁੱਸੇ ਨੂੰ ਅੰਦਰੇ ਹੀ ਪੀ ਗਈ। “ਬੱਸ ਕਰੋ ਹੁਣ”, ਮੇਰੇ ਮੰਜੇ ਤੇ ਬੈਠ ਕੇ ਨਾ ਬੋਲੀ ਜਾਓ। ਮੇਰੇ ਕੋਲੋਂ ਰੌਲਾ ਬਰਦਾਸ਼ਤ ਨਹੀਂ ਹੁੰਦਾ।” ਉਸਨੇ ਰਜਵੰਤ ਦੇ ਚੁੱਪ ਰਹਿਣ ਵਿਚ ਹੀ ਭਲਾਈ ਸਮਝੀ। ਉਸਨੂੰ ਪਤਾ ਸੀ ਕਿ ਅੱਜ ਜਿਵੇਂ ਵੀ ਪਤਾ ਨਹੀਂ ਕਿਸ ਲੋਰ ਦੇ ਵਿਚ ਉਸਦਾ ਪੱਖ ਪੂਰ ਰਿਹਾ ਹੈ। ਇਸਦਾ ਉਸਨੂੰ ਕਦੇ ਨਾ ਕਦੇ ਦੁੱਗਣਾ ਹਰਜਾਨਾ ਭਰਨਾ ਪੈ ਜਾਣਾ ਏ। ਉਹਦੀ ਸੱਸ ਆਪਣੀ ਹੋ ਰਹੀ ਵਿਰੋਧਤਾ ਦਾ ਬਦਲਾ ਲੈ ਕੇ ਹੀ ਛੱਡੇਗੀ। “ਚੱਲ ਤੂੰ ਅੰਦਰ ਜਾ ਕੇ ਸੌਂ ਜਾ।” ਰਜਵੰਤ ਨੇ ਉਸਨੂੰ ਉਠਾ ਕੇ ਅੰਦਰ ਬੈਡੱ ਤੇ ਲਿਟਾ ਦਿੱਤਾ। ਪੁੱਤ ਦੇ ਇਸ ਤਰ੍ਹਾਂ ਕਰਨ ਨਾਲ ਉਹਦੀ ਸੱਸ ਦੇ ਅੰਦਰ ਪਤਾ ਨਹੀਂ ਕਿੰਨੀ ਕੁ ਵਿਹੁ ਇਕੱਠੀ ਹੋ ਰਹੀ ਸੀ।

“ਕੱਲ੍ਹ ਭਾਈ ਮੈਂ ਤਾਂ ਚੱਕ-ਪੱਖੀ ਜਾਣੈ।” ਉਹਦੀ ਸੱਸ ਨੇ ਰਜਵੰਤ ਨੂੰ ਬਾਹਰ ਆਉਂਦਿਆਂ ਵੇਖ ਕੇ ਇਕ ਹੋਰ ਸ਼ੁਰਲੀ ਛੱਡੀ। ਹੁਣ ਇਕ-ਅੱਧਾ ਦਿਨ ਰੁਕ ਜਾ। ਰੁਪਿੰਦਰ ਨੂੰ ਠੀਕ ਹੋ ਲੈਣ ਦੇ। ਨਾਲੇ ਪਰਸੋਂ ਸਵੇਰੇ ਮੇਰੇ ਨਾਲ ਹੀ ਜਾਂਦੀ ਰਹੀਂ ਮੈਂ ਓਧਰਲੇ ਪਿੰਡਾਂ ਵਿਚ ਹੀ ਜਾਣਾ ਏਂ।”  ਮੈਂ ਚਲੀ ਜੂੰ ਗੀ ਆਪੇ। ਐਨੇ ਹੇਜ ਦੀ ਮੈਨੂੰ ਨ੍ਹੀਂ ਲੋੜ।” ਏਨਾ ਕਹਿ ਉਹਦੀ ਸੱਸ ਗੁੱਸੇ ਜਿਹੇ ਵਿਚ ਭਾਂਡੇ ਸਾਫ਼ ਕਰਨ ਲੱਗ ਪਈ। ਮਾਂ ਦਾ ਰੋਸੇ ਜਿਹੇ ਵਾਲਾ ਜਵਾਬ ਸੁਣ ਕੇ ਰਜਵੰਤ ਏਨਾ ਕਹਿੰਦਾ ਹੋਇਆ ਬਾਹਰ ਨੂੰ ਨਿਕਲ ਗਿਆ ਕਿ, “ਬੀਬੀ ਅੱਗੇ ਕਦੇ ਨਹੀਂ ਲੈ ਕੇ ਗਿਆ ਤੈਨੂੰ ਭਲਾ ਕਿਤੇ। ਨਾਲੇ ਭਾਂਡੇ ਥੋੜ੍ਹੇ ਹੌਲੀ ਖੜਕਾ। ਫਿਰ ਉਹਨੇ ਉੱਠ ਕੇ ਕਹਿਣੈ ਕਿ ਮੈਨੂੰ ਨੀਂਦ ਨਹੀਂ ਆਈ।” 

“ਚੱਲ ਬੀਬੀ ਜਾਣਾ ਈ ਤਾਂ ਕੋਈ ਨੀਂ ਮੈਂ ਜਾ ਕੇ ਫਿਰ ਸਪੈਸ਼ਲ ਛੱਡ ਆਊਂਗਾ ਤੈਨੂੰ। ਤਿਆਰ ਹੋ ਜੀਂ ਬਾਰਾਂ ਕੁ ਵਜੇ।” ਸਵੇਰੇ ਡਿਉਟੀ ਤੇ ਜਾਣ ਲੱਗਿਆਂ ਰਜਵੰਤ ਨੇ ਮਾਂ ਨੂੰ ਪੁੱਛਿਆ। “ਆਪੇ ਤਾਂ ਤੂੰ ਕਿਹਾ ਸੀ ਕਿ ਕੱਲ੍ਹ ਚਲੀ ਜਾਂਵਾਂ। ਹੁਣ ਅੱਜ ਨ੍ਹੀਂ ਮੈਂ ਜਾਂਦੀ। ਇਹ ਵੀ ਅੱਜ ਛੁੱਟੀ ਕਰ ਲੈਂਦੀ ਤਾਂ ਕੱਲ੍ਹ ਤਾਂ ਐਨਾ ਬੁਖ਼ਾਰ ਸੀ ਇਹਨੂੰ।” “ਇਹਦੇ ਕੰਮ ਦਾ ਇਹਨੂੰ ਪਤਾ ਬੀਬੀ ਤੂੰ ਕੀ ਲੈਣਾ। ਨਾਲੇ ਹੁਣ ਤਾਂ ਅਜੇ ਬੁਖ਼ਾਰ ਹੈ ਨਹੀਂ ਸੀ।” ਮੈਨੂੰ ਤਾਂ ਕੀ ਐ ਫਿਰ ਸ਼ਾਮ ਨੂੰ ਆ ਕੇ ਪੈ ਜੂ ਗੀ ਮੂੰਹ ਟੱਢ ਕੇ। ਮੈਂ ਤਾਂ ਕੱਲ੍ਹ ਫਿਰ ਕੋਈ ਨਹੀਂ ਰੁਕਣਾ। ਮੈਂ ਕੱਲ੍ਹ ਤਾਂ ਜਾਣਾ ਈ ਐਂ। ਚਾਰ ਦਿਨ ਹੋ ਗਏ ਪਹਿਲਾਂ ਈ ਪੱਪੀ ਦਾ ਸਨੇਹਾ ਆਏ ਨੂੰ। ਉਹਦਾ ਬੁਖ਼ਾਰ ਈ ਨ੍ਹੀਂ ਟੁੱਟਦਾ। ਸੌ ਕੁ ਦੇ ਏੜ-ਗੇੜ ਹਰ ਵੇਲੇ ਈ ਰਹਿੰਦਾ ਏ। ਹਫ਼ਤਾ-ਦਸ ਦਿਨ ਰਹਿਣ ਲਈ ਬੁਲਾਇਆ ਏ ਉਹਨੇ ਮੈਨੂੰ ਉਹਦੀ ਸੱਸ ਦਾ ਤਾਂ ਕਿਤੇ ਭੋਰਾ ਸੁਖ ਨ੍ਹੀਂ ਉਹਨੂੰ। “ਕੋਈ ਮਰੇ ਕੋਈ ਜੀਵੇ ਸੁਥਰਾ ਘ੍ਹੋਲ ਪਤਾਸੇ ਪੀਵੇ’ ਭਾਂਡਾ ਚੁੱਕ ਕੇ ਐਥੋਂ ਦਾ ਓਥੇ ਨਹੀਂ ਕਰਦੀ। ਹੁਣ ਕਹਿੰਦੀ ਪਈ ਸੀ ਕਿ ਧੀ ਕੋਲ ਚਲੀ ਗਈ ਏ। ਬਾਹਰ ਦਾ ਵੀ ਮੈਨੂੰ ਈ ਵੇਖਣਾ ਪੈਂਦਾ ਏ। ਸ਼ਹਿਰ ਵਾਲੇ ਡਾਕਟਰ ਨੇ ਵੀ ਗੰਗਾਨਗਰੋਂ ਟੈਸਟ ਕਰਾਉਣ ਲਈ ਕਿਹਾ ਏ। ਹੁਣ ਪਤਾ ਨਹੀਂ ਕੀ ਬਿਮਾਰੀ ਨਿਕਲੂ? ਕਹਿੰਦੀ ਸੀ ਰਜਵੰਤ ਹੀ ਲੈ ਜਾਵੇ ਮੈਨੂੰ ਤਾਂ। ਅਸੀਂ ਤਾਂ ਕਦੇ ਗਏ ਨੀਂ ਗੰਗਾਨਗਰ। ਨਾਲੇ ਬੱਚਿਆਂ ਕੋਲ ਕੌਣ ਰਹੂਗਾ। ਮੇਰੀ ਤਾਂ ਸਲਾਹ ਏ ਉਹਨੂੰ ਏਥੇ ਹੀ ਲੈ ਆਵਾਂ ਚਾਰ ਦਿਨ। ਮੇਰੇ ਕੋਲ ਰਹਿ ਜਾਣਗੇ ਜੁਆਕ ਤੇ ਤੂੰ ਜਾ ਕੇ ਉਹਨੂੰ ਗੰਗਾਨਗਰ ਵਿਖਾ ਲਿਆਈਂ। ਮੈਂ ਆਪੇ ਸੰਭਾਲ ਲੂੰ ਗੀ। ਕੌਣ ਕਰੇ ਵਿਚਾਰੀ ਦਾ। ਏਥੇ ਆਊਗੀ ਨਾਲੇ ਇਲਾਜ ਵੀ ਹੋਜੂ ਨਾਲੇ ਚਾਰ ਦਿਨ ਸੁਖ ਦੇ ਕੱਟ ਜਾਊਗੀ। ਓਤੇ ਤਾਂ ਸੱਸ ਦੇ ਸਾੜ ਦੀ ਮਾਰੀ ਸੜਦੀ ਕੁਲਝਦੀ ਰਹਿੰਦੀ ਐ। ਉਂਜ ਤਾਂ ਦੋ ਗੁੱਲੀਆਂ ਆਵਦੀਆਂ ਵੱਖਰੀਆਂ ਹੀ ਪਕਾਊਗੀ ਕਿ ਨਾਲ ਰਹੀ ਤਾਂ ਹੋਰ ਵੀ ਕੰਮ ਕਰਨੇ ਪੈਣਗੇ। ਊਂ ਹਰ ਗੱਲ ਦੀਆਂ ਰੀਸਾਂ ਕਰਦੀ ਰਹਿੰਦੀ ਐ ਸੱਸ ਉਹਦੀਆਂ। 

ਰੁਪਿੰਦਰ ਆਪਣੀ ਸੱਸ ਦੇ ਆਪਣੀ ਧੀ ਲਈ ਫਿਕਰਮੰਦ ਹੋ ਰਹੇ ਦਿਲ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਸੋਚ ਰਹੀ ਸੀ ਕਿ ਨੂੰਹ ਤੇ ਧੀ ਦੇ ਦਰਦ ਵਿਚ ਏਨਾ ਫਰਕ ਕਿਉਂ ਹੁੰਦਾ ਏ।

**** 

1 comment:

Charan Gill said...

ਅੱਛੀ ਕਹਾਣੀ ਹੈ, ਬਿਨਾਂ ਵਿੰਗ ਵਲੇਵਿਆਂ ਦੇ. ਕੋਈ ਫਰਕ ਹੈ ਜਿਸਨੇ ਸਾਨੂੰ ਐਵੇਂ ਇੱਕ ਦੂਜੇ ਤੋਂ ਦੂਰ ਕਰ ਰੱਖਿਆ ਹੈ.