ਭਾਨੀਂ ਦਾ ਜਾਇਆ......... ਨਜ਼ਮ/ਕਵਿਤਾ / ਮਲਕੀਅਤ ਸਿੰਘ 'ਸੁਹਲ'


ਰਾਮਦਾਸ ਦਾ  ਲਾਲ ,
ਬੀਬੀ ਭਾਨੀਂ ਦਾ ਜਾਇਆ ।
ਤੱਤੀ  ਤਵੀ   ਉਤੇ ,
ਜਿਸ  ਚੌਂਕੜਾ  ਲਗਾਇਆ।

ਹੋਈ  ਸੀ  ਪਾਪਾਂ  ਦੀ  ਹੱਦ,
ਕਹਿੰਦੇ  ਪਹਿਲਾਂ  ਨਾਲੋਂ ਵੱਧ।
ਜ਼ਬਰ  ਤੇ  ਜ਼ੁਲਮ  ਦਾ  ਸੀ,
ਹੋਇਆ    ਲੰਮਾ    ਕੱਦ ।
ਰੱਬ   ਦੇ   ਉਪਾਸ਼ਕਾਂ   ਤੇ,
ਕਹਿਰ   ਸੀ    ਕਮਾਇਆ
ਤੱਤੀ  ਤਵੀ  ਉਤੇ,
ਵੇਖੋ ! ਚੌਂਕੜਾ ਲਗਾਇਆ ।



ਤਪਦੀ  ਹੋਈ ਤਵੀ ਨੇ  ਸੀ,
ਲੰਮਾ    ਹੌਕਾ    ਮਾਰਿਆ।
ਸੜਦੀ  ਹੋਈ  ਰੇਤ  ਕੋਲੋਂ,
ਗਿਆ   ਨਾ   ਸਹਾਰਿਆ ।
ਲਾਲ - ਸੂਹੀ   ਅੱਗ   ਨੇ,
ਸੀ   ਦੁੱਖੜਾ   ਸੁਣਾਇਆ
ਤੱਤੀ  ਤਵੀ ਉਤੇ ,
ਵੇਖੋ! ਚੌਂਕੜਾ  ਲਗਾਇਆ ।

ਲਾਹੌਰ ਦੀਆਂ  ਕੰਧਾਂ  ਸੁਣ,
ਥਰ  -  ਥਰ    ਕੰਬੀਆਂ ।
ਚੰਦੂ  ਦੀਆਂ  ਚਾਲਾਂ  ਫਿਰ,
ਹੋ  ਗਈਆਂ   ਨਿਕੰਮੀਆਂ ।
ਸ਼ਹਾਦਤਾਂ   ਦਾ  ਤਾਜ  ਸੀ,
ਅਨੋਖ਼ਾ   ਗੁਰਾਂ   ਪਾਇਆ
ਤੱਤੀ  ਤਵੀ  ਉਤੇ,
ਵੇਖੋ! ਚੌਂਕੜਾ  ਲਗਾਇਆ।

ਅਸਾਂ  ਭਾਣੇ  'ਚ ਹੈ ਰਹਿਣਾ,
ਭਾਣੇ  ਮੰਨੋਂ   ਕਰਤਾਰ  ਦੇ ।
ਤੇਰਾ  ਭਾਣਾ  ਮੀਠਾ  ਲਾਗੇ ,
ਉਹ  ਮੁਖੋਂ  ਸੀ   ਉਚਾਰਦੇ।
ਨੋਸ਼ਿਹਰੇ ਵਾਲੇ  "ਸੁਹਲ" ਦਾ,
ਸੀ ,  ਦਿਲ   ਤੜਫਾਇਆ
ਤੱਤੀ  ਤਵੀ ਉਤੇ ,
ਵੇਖੋ! ਚੌਂਕੜਾ  ਲਗਾਇਆ ।
ਰਾਮ ਦਾਸ ਦਾ ਲਾਲ,
ਬੀਬੀ  ਭਾਨੀ  ਦਾ ਜਾਇਆ।
                   
****

Post a Comment