ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ ॥2॥.......... ਲੇਖ / ਮਨਜੀਤ ਸਿੰਘ ਔਜਲਾ


ਸਿੱਖੀ ਦਾ ਬੂਟਾ ਤਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਸਮੇਂ ਹੀ ਲਗ ਗਿਆ ਸੀ ਅਤੇ ਸਚ ਦਾ ਪਰਚਾਰ ਵੀ ਆਰੰਭ ਹੋ ਗਿਆ ਸੀ ਫਿਰ ਵੀ ਮਾਤਲੋਕੀ ਜੀਵਾਂ ਨੂੰ ਸਚ ਦਾ ਪਾਠ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਜਾਨਸ਼ੀਨ ਗੁਰੂ ਸਹਿਬਾਨ ਨੇ 239 ਸਾਲ ਤਕ ਕੰਠ ਕਰਵਾਇਆ। ਇਥੇ ਹੀ ਬਸ ਨਹੀਂ 1708 ਈਸਵੀ (ਸੰਮਤ 1765), ਜਦੋਂ ਦਸਵੇਂ ਜਾਮੇਂ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਕੇ ਗੁਰੂ ਗਰੰਥ ਸਹਿਬ ਨੂੰ ਸਦੀਵ ਕਾਲ ਲਈ ਸਿੱਖਾਂ ਦਾ ਗੁਰੂ ਥਾਪ ਦਿਤਾ ਅਤੇ ਫੁਰਮਾਣ ਕੀਤਾ, “ਸਭ ਸਿੱਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ॥” ਉਸ ਦਿਨ ਤੋਂ ਅਜ ਤਕ ਹਰ ਇਨਸਾਨ ਜੋ ਆਪਣੇ ਆਪ ਨੂੰ ਸਿਖ ਅਖਵਾਉਂਦਾ ਹੈ, ਗੁਰੂ ਘਰ ਜਾਕੇ ਗੁਰੂ ਗ੍ਰੰਥ ਸਹਿਬ ਅਗੇ ਨੱਤ-ਮਸਤਕ ਹੁੰਦਾ ਹੈ ਅਤੇ ਰਾਗੀ ਜਥੇ ਦਾ ਕੀਰਤਨ ਪੁਰੀ ਸ਼ਰਧਾ ਨਾਲ ਸੁਣ ਕੇ ਉਸ ਉਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਅਜਿਹੇ ਸਿੱਖ ਦੇ ਦਿਮਾਗ ਵਿਚ ਇਹ ਸੋਚ ਕਤੱਈ ਨਹੀਂ ਆ ਸਕਦੀ ਕਿ ਇਹ ਰਾਗੀ ਸਿੰਘ ਜੋ ਇਤਨੇ ਪਿਆਰ ਅਤੇ ਸ਼ਰਧਾ ਨਾਲ ਸੰਗਤ ਨੂੰ ਗੁਰਬਾਣੀ ਦੇ ਲੜ ਲਗਣ ਦੀ ਪ੍ਰੇਰਨਾਂ ਕਰਦੇ ਹਨ, ਖੁਦ ਆਪ ਸਿੱਖੀ ਤੋਂ ਬਹੁਤ ਦੂਰ ਹੋਣਗੇ ਅਤੇ ਇਨ੍ਹਾਂ ਦੇ ਜੀਵਨ ਵਿਚ ਵੀ ਕੋਈ ਤਰੁਟੀ ਹੋਵੇਗੀ ਜਾਂ ਆ ਸਕਦੀ ਹੈ।

23 ਮਈ 2011 ਨੂੰ ਜਦੋਂ “ਰੋਜਾਨਾਂ ਅਜੀਤ” ਫਿਰ “ਜਗ ਬਾਣੀ” ਅਤੇ “ਪੰਜਾਬੀ ਟ੍ਰਿਬਿਊਨ” ਵਿਚ ਖਬਰ ਪੜੀ ਕਿ ਸ਼੍ਰੋਮਣੀ ਕਮੇਟੀ ਵਲੋਂ ਭਰਤੀ ਕੀਤੇ ਰਾਗੀ ਸਿੰਘ (ਰਣਜੀਤ ਸਿੰਘ) ਨੇ 7 ਸਤੰਬਰ 2005 ਨੂੰ ਇਕ ਪੂਰਣ ਗੁਰਸਿੱਖ ਦੇ ਖਿਲਾਫ ਆਪਣੀ ਪਤਨੀਂ ਪਾਸੋਂ ਜਬਰ ਜਨ੍ਹਾਂ ਦੀ ਕੋਸ਼ਿਸ਼ ਦਾ ਕੇਸ ਪੁਲਸ ਕੋਲ ਦਰਜ ਕਰਵਾਇਆ ਜੋ 18 ਮਈ 2011 ਨੂੰ ਅਦਾਲਤ ਨੇ ਝੂਠਾ ਕਰਾਰ ਦੇ ਦਿਤਾ ਅਤੇ ਗੁਰੱਿਖ ਨੂੰ ਬਾਇੱਜ਼ਤ ਬਰੀ ਕਰ ਦਿਤਾ ਤਾਂ ਮਨ ਨੂੰ ਝਟਕਾ ਜਿਹਾ ਲਗਿਆ।ਇੰਟਰਨੈਟ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਫੋਨ ਨੰਬਰ ਲੱਭ ਕੇ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਬਲਦੇਵ ਸਿੰਘ ਐਮ.ਏ. ਪਾਸੋਂ ਇਸ ਖਬਰ ਬਾਰੇ ਪੁਛਿਆ ਤਾਂ ਹੈਰਾਨੀ ਦੀ ਕੋਈ ਹਦ ਨਾਂ ਰਹੀ ਜਦੋਂ ਉਨ੍ਹਾਂ ਦਸਿਆ ਕਿ ਇਹ ਖਬਰ ਉਨ੍ਹਾਂ ਬਾਰੇ ਹੀ ਹੈ ਜੋ ਸਰਾਸਰ ਅਦਾਲਤ ਦੇ ਫੈਸਲੇ ਅਨੁਸਾਰ ਹੈ।ਪੂਰਾ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਕੇਸ ਬਿਲਕੁਲ ਝੂਠਾ ਸੀ ਫਿਰ ਵੀ ਇਸ ਨੂੰ ਸਚਾ ਸਾਬਤ ਕਰਨ ਲਈ ਰਾਗੀ ਸਿੰਘ ਨੇ ਆਪਣੇ ਹੀ ਇਕ ਹੋਰ ਨੀਚ ਰਾਗੀ ਸਿੰਘ ਪਾਸੋਂ ਝੂਠੀ ਗਵਾਹੀ ਵੀ ਦੁਆ ਦਿਤੀ ਕਿ ਉਸਨੇ ਇਹ ਸੱਭ ਕੁਝ ਆਪਣੀ ਅੱਖੀਂ ਵੇਖਿਆ ਹੈ।ਪੰਜਾਬੀ ਵਿਚ ਆਮ ਕਹਾਵਤ ਹੈ ਕਿ ‘ਲੰਡੇ ਨੂੰ ਮੀਣਾ’ ਸੌ ਕੋਹ ਦਾ ਵਲ ਪਾ ਕੇ ਵੀ ਮਿਲ ਪੈਂਦਾ ਹੈ ਠੀਕ ਏਸੇ ਹੀ ਤਰਾਂ ਸੁਖੰਿਵੰਦਰ ਸਿੰਘ ਵੀ ਇਸ ਝੂਠ ਵਿਚ ਸ਼ਾਮਲ ਹੋਣ ਤੋਂ ਆਪਣੇ ਆਪ ਨੂੰ ਨਾਂ ਰੋਕ ਸਕਿਆ ਅਤੇ ਗੁਰੂ ਦੀ ਸਿਖਿਆ ਪੜ ਕੇ ਸੰਗਤ ਨੂੰ ਸੁਨਾਣ ਵਾਲੇ ਦੇ ਦਿਮਾਗ ਵਿਚ ਵੀ ਸੋਚ ਨਹੀਂ ਆਈ ਕਿ ਅਸੀਂ ਗੁਰੂ ਘਰ ਦੀ ਸਟੇਜ ਉਤੇ ਬੈਠ ਕੇ ਸੰਗਤ ਨੂੰ ਕੀ ਉਪਦੇਸ਼ ਦਿਆ ਕਰਦੇ ਹਾਂ ਅਤੇ ਸੰਗਤ ਸਾਡੇ ਉਪਦੇਸ਼ ਤੋਂ ਖੁਸ਼ ਹੋ ਕੇ ਮਾਇਆ ਭੇਟ ਕਰਿਆ ਕਰਦੀ ਹੈ, ਭਾਵ ਅਸੀਂ ਜਿਸ ਗੁਰੂ ਦੀ ਸਿਖਿਆ ਸੰਗਤ ਨੂੰ ਸੁਣਾਉਂਦੇ ਅਤੇ ਉਸ ਉਤੇ ਚਲਣ ਦੀ ਬਾਰ ਬਾਰ ਤਾੜਨਾਂ ਕਰਦੇ ਹਾਂ ਉਹ ਸਾਡੇ ਉਤੇ ਵੀ ਲਾਗੂ ਹੁੰਦੀ ਹੈ। ਜੇਕਰ ਅਸੀਂ ਹੀ ਅਜਿਹਾ ਪਾਪ ਕਰਾਂਗੇ ਤਾਂ ਕਿਸ ਮੂੰਹ ਨਾਲ ਸੰਗਤ ਨੂੰ ਗੁਰੂ ਦੇ ਲੜ ਲਗਣ ਵਾਸਤੇ ਕਹਾਂਗੇ। ਕਿਹਾ ਜਾਂਦਾ ਹੈ ਕਿ ਜਦੋਂ ਗਿਦੜ ਦੀ ਮੌਤ ਆਉਂਦੀ ਹੈ ਤਾਂ ਉਹ ਪਿੰਡ ਵਲ ਆ ਜਾਂਦਾ ਹੈ ਜਿਥੇ ਲੋਕ ਉਸਨੂੰ ਗਲਤੀ ਕਰਨ ਦਾ ਸਬਕ ਸਿਖਾ ਦਿੰਦੇ ਹਨ। ਕੇਸ ਲਗ ਪਗ ਸੱਤ ਸਾਲ ਚਲਿਆ ਅਤੇ ਅੰਤ 18 ਮਈ 2011 ਨੂੰ “ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ” ਦੇ ਵਾਕ ਅਨੁਸਾਰ ਗੁਰੂ ਦੇ ਪਿਆਰੇ ਨਿਰਦੋਸ਼ ਸਿੱਖ ਨੂੰ ਅਦਾਲਤ ਨੇ ਸਾਫ ਬਰੀ ਕਰ ਦਿਤਾ। 

ਪੁਛੇ ਗਏ ਪ੍ਰਸ਼ਨ ਦੇ ਉਤਰ ਵਿਚ ਹੋਰ ਵਿਸਥਾਰ ਵਿਚ ਜਾਂਦਿਆਂ ਉਨ੍ਹਾਂ ਦਸਿਆ ਕਿ ਇਸ ਪਿਛੇ ਘਟੀਆ ਕਿਸਮ ਦੀ ਸਿਖ ਰਾਜਨੀਤੀ ਕੰਮ ਕਰਦੀ ਸੀ ਅਤੇ ਤਿੰਨ ਹੋਰ ਅਮ੍ਰਿਤਧਾਰੀ ਸਿੰਘਾਂ ਦਾ ਵੀ ਹੱਥ ਹੈ ਜੋ ਆਕਾਲੀ ਦਲ ਬਾਦਲ ਦੇ ਵਿਰੋਧੀ ਧੜੇ ਨਾਲ ਸਬੰਧਤ ਸਨ।ਇਸ ਬਾਰੇ ਵਿਸਥਾਰ ਵਿਚ ਜਾਂਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਕੁਝ ਦੇਰ ਤੋਂ ਅਜਿਹਾ ਰਿਵਾਜ ਜਿਹਾ ਚਲਿਆ ਆ ਰਿਹਾ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਤੋਂ ਬਾਦ ਸੀਨੀਅਰ ਵਾਈਸ ਪ੍ਰਧਾਨ ਦਾ ਰੁਤਬਾ ਜੋ ਕਿ ਕਾਫੀ ਮਹਾਨਤਾ ਰਖਦਾ ਹੈ ਅਤੇ ਇਹ ਰੁਤਬਾ ਬ੍ਰਹਮਪੁਰਾ ਧੜੇ ਦੇ ਮੈਂਬਰ ਅਲਵਿੰਦਰਪਾਲ ਸਿੰਘ ਪਖੋਕੇ ਪਾਸ ਸੀ। 2005 ਵਿਚ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਤਾਂ ਕਿਸੇ ਕਾਰਣ ਪਖੋਕੇ ਵਾਲੀ ਸੀਟ ਦੀ ਚੋਣ ਨਾਂ ਹੋ ਸਕੀ ਜਿਸ ਕਰਕੇ ਅਲਵਿੰਦਰਪਾਲ ਸਿੰਘ ਐਸ.ਜੀ.ਪੀ.ਸੀ. ਦਾ ਮੈਂਬਰ ਨਾਂ ਬਣ ਸਕਿਆ। ਉਸਦੇ ਸ਼੍ਰੋਮਣੀ ਕਮੇਟੀ ਵਿਚ ਨਾਂ ਆਉਣ ਕਰਕੇ ਇਹ ਸੀਟ ਬ੍ਰਹਮਪੁਰਾ ਧੜੇ ਦੇ ਮੈਂਬਰ ਬਲਦੇਵ ਸਿੰਘ ਐਮ.ਏ. ਜੋ 1996 ਤੋਂ ਲਗਾਤਾਰ ਐਸ.ਜੀ.ਪੀ.ਸੀ. ਦਾ ਮੈਂਬਰ ਬਣਦਾ ਆ ਰਿਹਾ ਸੀ ਅਤੇ 2005 ਵਿਚ ਜਿਸਨੇ ਆਪਣੇ ਵਿਰੋਧੀ ਦੈਆ ਸਿੰਘ ਕੱਕੜ ਨੂੰ 8500 ਵੋਟ ਵਧ ਲੈ ਕੇ ਕਰਾਰੀ ਹਾਰ ਦਿਤੀ ਸੀ ਨੂੰ ਜਾਣੀ ਸੀ। ਵਿਰੋਧੀ ਇਹ ਕਿਵੇਂ ਸਹਿਣ ਕਰ ਸਕਦੇ ਸਨ। ਵਿਰੋਧੀ ਦਾ ਤਾਂ ਕੰਮ ਹੈ ਕਿ ਗਵਾਂਢੀਆਂ ਦੀ ਮਝ ਚੋਰੀ ਹੋਣੀ ਚਾਹੀਦੀ ਹੈ ਚਾਹੇ ਉਨ੍ਹਾਂ ਨੂੰ ਸੰਗਲ ਆਪਣੇ ਹੀ ਕੋਲੋਂ ਕਿਓਂ ਨਾਂ ਦੇਣਾ ਪਵੇ। ਪ੍ਰੰਤੂ ਹੋਇਆ ਇਹ ਕਿ ਵਿਰੋਧੀਆਂ ਨੇ ਤਾਂ ਰਾਗੀ ਨੂੰ ਕੋਈ ਲਾਲਚ ਦੇ ਕੇ ਸਿੱਖ ਦੇ ਖਿਲਾਫ ਝੂਠਾ ਕੇਸ ਦਰਜ ਕਰਵਾ ਕੇ ਨੌਮੀਨੇਸ਼ਨ ਖੋਹ ਲਈ ਪ੍ਰੰਤੂ ਹੋਈ ਤਾਂ ਉਨ੍ਹਾਂ ਨਾਲ ਵੀ ‘ਕੁੱਤੇ ਦੀਆਂ ਗੋਹਲਾਂ ਵਾਲੀ,’ ਛੋਟੀ ਪ੍ਰਧਾਨਗੀ ਤਾਂ ਉਨ੍ਹਾਂ ਕੋਲ ਵੀ ਨਾਂ ਗਈ ਅਤੇ ਉਹ ਉਧਲ ਕੇ ਚਲੇ ਗਈ ਰਘੂਜੀਤ ਸਿੰਘ ਵਿਰਕ ਪਾਸ। ਹੁਣ ਸੋਚੋ ਕਿ ਸਿੱਖ ਤਾਂ ਸ਼੍ਰੋਮਣੀ ਕਮੇਟੀ ਦੀ ਚੋਣ ਕਰਕੇ ਅਤੇ ਚੁਣੇ ਗਏ ਮੈਂਬਰਾਂ ਉਤੇ ਵਿਸ਼ਵਾਸ ਕਰਕੇ ਅਮ੍ਰਿਤਸਰ ਭੇਜਦੇ ਹਨ ਕਿ ਇਹ ਸਿੱਖ ਕੌਮ ਦੀ ਚੜਦੀ ਕਲਾ ਵਾਸਤੇ ਦਿਨ ਰਾਤ ਇਕ ਕਰਨਗੇ ਪ੍ਰੰਤੂ ਉਨ੍ਹਾਂ ਨੂੰ ਕੀ ਪਤਾ ਕਿ ਵਾੜ ਹੀ ਖੇਤ ਨੂੰ ਖਾ ਜਾਵੇਗੀ ਅਤੇ ਇਹ ਅਮ੍ਰਿਤਸਰ ਪਹੁੰਚ ਕੇ ਪ੍ਰਧਾਨਗੀਆਂ ਦੇ ਚਕਰ ਵਿਚ ਸਿੱਖੀ ਤੋਂ ਵੀ ਮੂੰਹ ਫੇਰ ਜਾਣਗੇ।
ਦੂਸਰੇ ਪਾਸੇ ਸੋਚੋ ਉਸ ਰਾਗੀ ਸਿੰਘ ਅਤੇ ਉਸਦੇ ਝੂਠੇ ਗਵਾਹ ਦੀ ਸਥਿਤੀ ਬਾਰੇ। ਅਜ ਉਹ ਕਿਸ ਮੂੰਹ ਨਾਲ ਸੰਗਤ ਨੂੰ ਗੁਰੂ ਦੇ ਲੜ ਲਗਣ ਵਾਸਤੇ ਅਤੇ ਝੂਠ ਨਾਂ ਬੋਲਣ ਦੀ ਸਿਖਿਆ ਦੇਣਗੇ। ਕੀ ਅਜਿਹੇ ਰਾਗੀ ਨੂੰ ਅਜ ਵੀ ਸ਼੍ਰੋਮਣੀ ਕਮੇਟੀ ਗੁਰੂ ਵਿਚ ਗੁਰੂ ਦੀ ਬਾਣੀ ਪੜਨ ਅਤੇ ਸੰਗਤ ਨੂੰ ਸੁਨਾਣ ਦੀ ਸੇਵਾ ਦੇਣਗੇ? ਕੀ ਅਜਿਹਾ ਰਾਗੀ ਅਜ ਵੀ ਆਪਣੇ ਆਪ ਨੂੰ ਗੁਰੂ ਦੀ ਬਾਣੀ ਪੜਕੇ ਸੰਗਤ ਨੂੰ ਉਪਦੇਸ਼ ਦੇਣ ਦੇ ਜੋਗ ਸਮਝਦਾ ਹੈ ਜਾਂ ਕਿਧਰੇ ਇਕਾਂਤ ਵਿਚ ਬੈਠਾ ਆਪਣੇ ਆਪ ਵਿਚ ਹੀ ਸ਼ਰਮਸਾਰ ਹੋ ਰਿਹਾ ਹੋਵੇਗਾ। ਇਹ ਤਾਂ ਉਹ ਹੀ ਜਾਣਦਾ ਹੈ,“ਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ॥”
****

No comments: