ਇੰਝ ਵੀ ਮਨਾਇਆ ਜਾ ਸਕਦਾ ਵੈਲਨਟਾਇਨ ਡੇ.......... ਲੇਖ / ਗਗਨ ਹੰਸ


ਹਰ ਸਾਲ ਦੀ 14 ਫਰਵਰੀ ਨੂੰ ਵੈਲਨਟਾਇਨ ਡੇ ਹੁੰਦਾ ਹੈ। ਇਹ ਦਿਨ ਪੱਛਮੀ ਦੇਸ਼ਾਂ ਖਾਸ ਕਰ ਅਮਰੀਕਾ, ਕੈਨੇਡਾ ਅਤੇ ਕਈ ਯੂਰਪੀਅਨ ਦੇਸ਼ਾਂ ਵਿਚ ਪਿਆਰ ਕਰਨ ਵਾਲਿਆਂ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਸ ਖਾਸ ਦਿਨ ਪ੍ਰੇਮੀ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇੱਕ ਦੂਜੇ ਨੂੰ ਫੁੱਲ , ਤੋਹਫੇ ਤੇ ਚਾਕਲੇਟ ਆਦਿ ਭੇੱਟ ਕਰਦੇ ਹਨ।

ਪਿਛਲੇ ਕੁਝ ਸਾਲਾਂ ਤੋਂ ਭਾਰਤੀ ਨੌਜਵਾਨਾਂ ਵਿੱਚ ਵੀ ਇਹ ਦਿਨ / ਤਿਉਹਾਰ ਕਾਫ਼ੀ ਮਕਬੂਲ ਹੁੰਦਾ ਜਾ ਰਿਹਾ ਹੈ । ਗੱਭਰੂ ਜਵਾਨ ਅਤੇ ਮੁਟਿਆਰਾਂ ਇਸ ਦਿਨ ਨੂੰ ਚਾਅ ਨਾਲ ਉਡੀਕਦੇ ਹਨ। ਕੁੱਝ ਹੋਰ ਵੀ ਹਨ ਜੋ ਇਸ ਦਿਨ ਨੂੰ ਬੜੀ ਸਿੱ਼ਦਤ ਨਾਲ ਉਡੀਕਦੇ ਹਨ, ਇਕ ਤਾਂ ਹਨ ਕਾਰੋਬਾਰੀ ਲੋਕ ਜਿਹਨਾਂ ਨੇ ਇਸ ਮੌਕੇ ਤੇ ਲੱਖਾਂ ਕਾਰਡ, ਫੁੱਲ, ਅਲੱਗ- ਅਲੱਗ ਤਰ੍ਹਾਂ ਦੇ ਮਹਿੰਗੇ ਸਸਤੇ ਤੋਹਫੇ ਵੇਚ ਕੇ ਕਮਾਈ ਕਰਨੀ ਹੁੰਦੀ ਹੈ ਤੇ ਦੂਜੇ ਲੋਕ ਉਹ ਹਨ ਜੋ ਹਰ ਸਾਲ ਇਸ ਦਿਨ ਗੁੰਡਾਗਰਦੀ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ, ਜੋੜਿਆਂ ਨੂੰ ਜ਼ਲੀਲ ਕਰਕੇ, ਪੋਸਟਰ, ਕਾਰਡ ਆਦਿ ਪਾੜ ਕੇ ਅਤੇ ਜਲਾ ਕੇ ਇਸ ਦਿਨ ਦਾ ਵਿਰੋਧ ਕਰਦੇ ਹਨ। ਵੱਖ-ਵੱਖ ਟੀ ਵੀ ਚੈਨਲ ਇਸ ਦਿਨ ਨੂੰ ਮੁੱਖ ਰੱਖਦਿਆਂ ਕਈ ਪ੍ਰੋਗਰਾਮ ਦਿਖਾਉਂਦੇ ਹਨ। ਚੈਨਲਾਂ ਦੀ ਟੀ ਆਰ ਪੀ ਵਧਾਉਣ ਦਾ ਇਹ ਦਿਨ ਵਧੀਆ ਸਾਧਨ ਬਣ ਗਿਆ ਹੈ।  

ਦੇਖਣ ਵਿੱਚ ਆਇਆ ਹੈ ਕਿ ਕੁਝ ਨੌਜਵਾਨ ਮੁੰਡੇ ਇਸ ਦਿਨ ਕੁੜੀਆਂ ਨਾਲ ਬੇਹੱਦ ਸ਼ਰਮਨਾਕ ਤੇ ਘਟੀਆ ਵਰਤਾਉ ਕਰਦੇ ਹਨ ।
ਕਈ ਮਨਚਲੇ ਗੱਭਰੂ ਇਸ ਦਿਨ ਕਈ- ਕਈ ਫੁੱਲ ਅਤੇ ਕਾਰਡ ਲੈਕੇ ਘੁੰਮਦੇ ਰਹਿੰਦੇ ਹਨ ਤੇ ਰਾਹ ਵਿੱਚ, ਬਜ਼ਾਰ ਵਿੱਚ ਤੇ ਸਕੂਲਾਂ ਕਾਲਜਾਂ ਵਿੱਚ ਮਿਲਣ ਵਾਲੀ ਹਰ ਕੁੜੀ ਨੂੰ ਫੁੱਲ ਦੇਂਦੇ ਜਾਂਦੇ ਹਨ ਤੇ ਆਪਣੇ ਫੋਕੇ ਪਿਆਰ ਦਾ ਇਜ਼ਹਾਰ ਕਰਦੇ ਹਨ । ਜੇ ਅਗਲੀ ਮੰਨ ਗਈ ਤਾਂ ਬੱਲੇ-2 ਨਹੀ ਤਾਂ ਹੋਰ ਸਹੀ । ਇਹਨਾਂ ਮੁੰਡਿਆਂ ਕਰਕੇ ਕਈ ਵਾਰੀ ਕੁੜੀਆਂ ਨੂੰ ਆਪਣੇ ਘਰ ਵਾਲਿਆਂ ਦੇ ਸਾਹਮਣੇ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੋ ਜਿਹੇ ਸੜਕ ਛਾਪ ਆਸਿ਼ਕ ਸੱਚੇ ਪਿਆਰ ਤੇ ਮਹੁੱਬਤ ਦੀਆਂ ਗਹਿਰਾਈਆ ਦੇ ਨੇੜੇ ਵੀ ਨਹੀਂ ਹੁੰਦੇ । ਇਹ ਆਪ ਤਾਂ ਬਦਨਾਮ ਹੁੰਦੇ ਹੀ ਹਨ ਨਾਲ ਪਿਆਰ ਤੇ ਮੁਹੱਬਤ ਨੂੰ ਵੀ ਕਲੰਕ ਲਗਾਉਂਦੇ ਹਨ । ਇਸ ਦਿਨ / ਤਿਉਹਾਰ ਦੇ ਨਾਂ ਤੇ ਇਹ ਵਰਤਾਰਾ ਬਿਲਕੁੱਲ ਗਲਤ ਹੈ। ਇਹ ਭਾਰਤੀ ਸਭਿਆਚਾਰ ਤੇ ਸੰਸਕ੍ਰਿਤੀ  ਦੇ ਖਿਲਾਫ ਹੈ।

ਵੈਲਨਟਾਇਨ ਡੇ ਦਾ ਵਿਰੋਧ ਕਰਨ ਵਾਲੇ ਇਹ ਦਲੀਲ ਦਿੰਦੇ ਹਨ ਕਿ ਇਸ ਖਾਸ ਦਿਨ ਖੁਲ੍ਹੇਆਮ ਪਿਆਰ ਦਾ ਇਜ਼ਹਾਰ ਕਰਨਾ ਭਾਰਤੀੇ ਸੱਭਿਆਚਾਰ ਤੇ ਸਮਾਜਿਕ ਕਦਰਾਂ ਕੀਮਤਾਂ ਦੇ ਵਿਰੁੱਧ ਹੈ। ਇਹ ਲੋਕ ਸਮਝਦੇ ਹਨ ਕਿ ਵੈਲਨਟਾਇਨ ਡੇ ਭਾਰਤੀ ਸਭਿਆਚਾਰ ਤੇ ਸੰਸਕ੍ਰਿਤੀ ਉੱਤੇ ਪੱਛਮੀਂ ਸਭਿਅਤਾ ਦਾ ਹਮਲਾ ਹੈ ਤੇ ਜੇਕਰ ਲੋਕਾਂ ਨੂੰ ਇਹ ਦਿਨ ਨੂੰ ਮਨਾਉਣ ਤੋਂ ਨਾ ਰੋਕਿਆ ਗਿਆ ਤਾਂ ਭਾਰਤੀ ਸੰਸਕ੍ਰਿਤੀ ਤੇ ਸੱਭਿਆਚਾਰ ਦਾ ਪੱਛਮੀਕਰਣ ਹੋ ਜਾਵੇਗਾ ਤੇ ਸਾਡੀ ਸਮਾਜਿਕ ਕਦਰਾਂ ਕੀਮਤਾਂ ਖੇਰੂੰ-ਖੇਰੂੰ ਹੋ ਜਾਣਗੀਆਂ। ਕੀ ਕੇਵਲ ਵਿੱਚ ਇੱਕ ਦਿਨ ਨੂੰ ਖਾਸ ਮਹੱਤਤਾ ਦੇਣ ਨਾਲ ਸਦੀਆਂ ਪੁਰਾਣੀਆਂ ਸਮਾਜਿਕ ਕਦਰਾਂ ਕੀਮਤਾਂ ਦਾ ਘਾਣ ਹੋ ਸਕਦਾ ਹੈ ? ਸਾਡੇ ਆਧੁਨਿਕ ਸਮਾਜ ਵਿੱਚ ਪਹਿਲਾਂ ਹੀ ਅਜਿਹਾ ਬਹੁਤ ਕੁਝ ਹੈ ਜੋ ਕਿ ਪੱਛਮੀ ਸੱਭਿਆਚਾਰ ਦੀ ਦੇਣ ਹੈ। ਅੱਜ ਸਾਡੇ ਖਾਣ-ਪੀਣ, ਪਹਿਨਣ, ਬੋਲਚਾਲ ਤੇ ਰਹਿਣ ਸਹਿਣ ਦੇ ਤਰੀਕੇ ਤੇ ਇਹੋ ਚੀਜ਼ ਤਾਂ ਭਾਰੂ ਹੈ ।

ਜੇਕਰ ਪਿਆਰ ਦੇ ਇਜ਼ਹਾਰ ਤੇ ਪਿਆਰ ਕਰਨ ਨਾਲ ਸਮਾਜਿਕ ਕਦਰਾਂ ਕੀਮਤਾਂ ਨੂੰ ਠੇਸ ਪਹੁੰਚਦੀ ਤਾਂ ਸਾਡਾ ਸਮਾਜ ਅੱਜ ਤੱਕ ਹੀਰ ਰਾਂਝਾ, ਸੱਸੀ ਪੁਨੂੰ ਅਤੇ ਲੈਲਾ ਮਜਨੂੰ ਦੇ ਅਮਰ ਪ੍ਰੇਮ ਪ੍ਰੇਸੰਗਾਂ ਨੂੰ ਯਾਦ ਨਾ ਰਖਦਾ । ਆਪਣੇ ਮਹਿਬੂਬ ਲਈ ਸਭ ਕੁਝ ਵਾਰ ਕੇ, ਜਾਨ ਦੀ ਬਾਜੀ ਲਾਉਣ ਵਾਲੇ ਪਿਆਰ ਦੇ ਇਹਨਾਂ ਫ਼ਰਿਸਿ਼ਤਿਆਂ ਨੂੰ ਤਾਂ ਸ਼ਾਇਦ ਲੋਕਾਂ ਨੇ ਸਦੀਆਂ ਪਹਿਲਾਂ ਹੀ ਭੁੱਲ ਜਾਣਾ ਸੀ । ਜੇਕਰ ਅਸੀਂ ਨਵੇ ਜ਼ਮਾਨੇ ਦੀ ਗੱਲ ਕਰੀਏ ਤਾਂ ਹਿੰਦੀ ਪੰਜਾਬੀ ਵਿੱਚ ਬਣਨ ਵਾਲੀਆ ਬਹੁਤੀਆ ਫਿਲਮਾਂ ਦੀ ਕਹਾਣੀ ਦਾ ਵਿਸ਼ਾ ਵੀ ਪਿਆਰ ਦੇ ਆਲੇ-ਦੁਆਲੇ ਹੀ ਘੁੰਮਦਾ ਹੈ। ਪਿਆਰ ਤੋਂ ਬਿਨਾਂ ਕੋਈ ਵੀ ਸਮਾਜ ਇੱਕ ਜਾਨਵਰਾਂ ਦੇ ਝੁੰਡ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ । ਪਿਆਰ ਕੇਵਲ ਮੁੰਡੇ ਕੁੜੀ ਵਿੱਚ ਹੀ ਨਹੀਂ ਹੁੰਦਾ, ਪਿਆਰ ਤਾਂ ਹਰ ਜਗ੍ਹਾ ਤੇ ਹੈ, ਹਰ ਰਿਸ਼ਤੇ ਵਿੱਚ ਹੈ, ਮਾਂ-ਬਾਪ ਦਾ ਪਿਆਰ, ਭੈਣ ਭਰਾ ਦਾ ਪਿਆਰ, ਰਿਸ਼ਤੇਦਾਰਾਂ ਦੋਸਤਾਂ ਨਾਲ ਪਿਆਰ ਆਪਣੇ ਸੱਭਿਆਚਾਰ, ਲੋਕ ਸੰਗੀਤ, ਬੋਲੀ  ਤੇ ਮਿੱਟੀ ਨਾਲ ਪਿਆਰ । ਸਭ ਤੋਂ ਉੱਚਾ ਸੁੱਚਾ ਉਸ ਪ੍ਰਮਾਤਮਾ ਨਾਲ ਪਿਆਰ । ਜਿਹੜਾ ਅਸੀਮ ਹੈ , ਅਪਾਰ ਹੈ, ਬੇਅੰਤ ਹੈ ਤੇ ਜਿਹੜਾ ਦੁਨਿਆਵੀ ਪਿਆਰ ਦੀਆਂ ਹੱਦਾਂ ਨੂੰ ਪਾਰ ਕਰਕੇ ਹਾਸਿਲ ਹੁੰਦਾ ਹੈ । 

ਅਗਰ ਕੋਈ ਇਹ ਸਮਝਦਾ ਹੈ ਕਿ ਵੈਲਨਟਾਇਨ ਡੇ ਮਨਾ ਕੇ ਲੋਕੀ ਕੁਰਾਹੇ ਪੈ ਰਹੇ ਹਨ ਤਾਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਕੁੱਟ ਮਾਰ ਜਾਂ ਭੰਨ ਤੋੜ ਹੀ ਇੱਕ ਤਰੀਕਾ ਹੈ ਤਾਂ ਇਹ ਬਿਲਕੁੱਲ ਸੰਭਵ ਨਹੀਂ । ਇਤਿਹਾਸ ਗਵਾਹ ਹੈ ਜਿਹੜੀ ਸੋਚ, ਵਿਚਾਰਧਾਰਾ ਜਾਂ ਜੀਵਨ ਸ਼ੈਲੀ ਨੂੰ ਧੱਕੇ ਨਾਲ ਕੁਚਲਣ ਦੀ ਕੋਸਿ਼ਸ਼ ਕੀਤੀ ਗਈ,  ਜ਼ੋਰ ਜਬਰਦਸਤੀ  ਦੀ ਅਣਹੋਂਦ ਤੇ ਉਹ ਉਨੀਂ ਹੀ ਪ੍ਰਚਲਿਤ ਹੋਈ ਹੈ। ਵੈਲਨਟਾਇਨ ਡੇ ਲਈ ਗੁੱਸਾ ਦਿਖਾਉਣ ਵਾਲੇ ਜਾਂ ਇਸ ਲਈ ਘਟੀਆ ਸ਼ਬਦਾਵਲੀ ਵਰਤਣ ਵਾਲੇ ਅਸਲ ਵੀ ਇਸ ਦੀ ਮਸ਼ਹੂਰੀ ਹੀ ਕਰ ਰਹੇ ਹਨ । ਦੁਨੀਆ ਨੂੰ ਸਿੱਧੇ ਰਾਹ ਪਿਆਰ ਨਾਲ ਪਾਇਆ ਜਾ ਸਕਦਾ ਹੈ। ਸੱਭਿਆਚਾਰ ਨੂੰ ਬਚਾਉਣ ਵਾਲੇ ਲੋਕ ਪਿਆਰ ਨਾਲ ਵੀ ਭਟਕੇ ਲੋਕਾਂ ਨੂੰ ਸਮਝਾ ਸਕਦੇ ਹਨ। ਸੈਮੀਨਾਰ ਕਰਵਾ ਤੇ ਸਕੂਲਾ ਕਾਲਜਾਂ ਵਿੱਚ ਪ੍ਰਚਾਰ ਕਰਕੇ ਨੌਜਵਾਨਾਂ ਨੂੰ ਉੱਚੀਆਂ ਸਮਾਜਿਕ ਕਦਰਾਂ ਕੀਮਤਾਂ ਬਾਰੇ ਜਾਗ੍ਰਤ ਕੀਤਾ ਜਾ ਸਕਦਾ ਹੈ । ਇਹ ਸਭ ਕੁਝ ਉਹ ਹੀ ਕਰ ਸਕਦੇ ਹਨ, ਜੋ ਆਪ ਸਭਿਅਕ ਤੇ ਸਮਝਦਾਰ ਹੋਣ ।

ਬੇਸ਼ੱਕ ਪਿਆਰ ਨੂੰ ਇਜ਼ਹਾਰ ਕਰਨ ਦਾ ਦਿਨ/ ਤਿਉਹਾਰ ਸਾਡੇ ਸਿਸਟਮ ਵਿੱਚ ਆ ਹੀ ਗਿਆ ਹੈ । ਕਿਉਂ ਨਾ ਅਸੀ ਇਸ ਦਿਨ ਨੂੰ ਨਵੇਂ ਅਰਥ ਦੇਈਏ, ਇਸ ਦਿਨ ਨੂੰ ਭਾਰਤੀ ਸਭਿਆਚਾਰ ਦੀ ਅਮੀਰੀ ਵਿੱਚ ਮਨਾਉਣਾ ਸ਼ੁਰੂ ਕਰੀਏ, ਕਿਉਂ ਨਾ ਅਸੀਂ ਪਿਆਰ ਨੂੰ ਇਜ਼ਹਾਰ ਕਰਨ ਦਾ ਦਾਇਰਾ ਏਨਾਂ ਵਿਸ਼ਾਲ ਕਰ ਦੇਈਏ ਕਿ ਇਹ ਬਾਹਰੀ ਤਿਉਹਾਰ ਵੀ ਸਾਡੇ ਬਾਕੀ ਸਾਰੇ ਤਿਉਹਾਰਾਂ ਵਾਂਗ ਪਵਿੱਤਰ ਤਿਉਹਾਰ ਬਣ ਜਾਏ। ਕਿਉਂ ਨਾ ਇਸ ਦਿਨ ਅਤੇ ਹਮੇਸ਼ਾ ਅਸੀ ਆਪਣੇ ਦੇਸ਼ ਪ੍ਰਤੀ, ਆਪਣੀ ਮਿੱਟੀ ਪ੍ਰਤੀ ਅਤੇ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਦਾ ਇਜ਼ਹਾਰ ਕਰੀਏ । ਸਿਰਫ ਤੋਹਫੇ ਲੈਣ ਦੇਣ ਦਾ ਵਪਾਰ ਛੱਡ ਕੇ, ਕਿਉਂ ਨਾ ਇਸ ਦਿਨ ਅਸੀ ਆਪਣੇ ਮਾਂ-ਬਾਪ ਲਈ, ਆਪਣੇ ਪਿਆਰਿਆਂ ਲਈ ਉਹ ਕਰੀਏ ਜੋ ਉਹ ਹਮੇਸ਼ਾ ਸਾਡੇ ਤੋਂ ਉਮੀਦ ਕਰਦੇ ਹਨ । ਕਿਉਂ ਨਾ ਇਸ ਦਿਨ ਅਸੀ ਇਨਸਾਨੀਅਤ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੇ ਹੋਏ, ਹਰ ਮਨੁੱ਼ਖ ਨੂੰ ਮਨੁੱਖ ਸਮਝਦੇ ਹੋਏ, ਨਫਰਤ ਹਉਂਮੈ, ਵੈਰ, ਵਿਰੋਧ ਮਿਟਾ ਕੇ, ਇੱਕ ਪਿਆਰ ਭਰੇ ਸਮਾਜ ਦਾ ਨਿਰਮਾਣ ਕਰੀਏ। ਆਉ ਇਸ ਦਿਨ ਮਿਲ ਕੇ ਅਸੀ ਕੁਦਰਤ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰੀਏ ਤਾਂ ਜੋ ਅਸੀ ਇਹ ਖੂਬਸੂਰਤ ਜੀਵ ਜੰਤੂ, ਨਦੀਆ, ਪਹਾੜ ਸਾਗਰ ਸਾਡੀ ਆਉਣ ਵਾਲੀ ਪੀੜ੍ਹੀਆਂ ਲਈ ਬਚਾ ਕੇ ਰੱਖਣ ਦਾ ਪ੍ਰਣ ਕਰੀਏ। 
****


Post a Comment