ਵੇਸਵਾ ਦਾ ਢਾਬਾ .......... ਨਜ਼ਮ/ਕਵਿਤਾ / ਚਰਨਜੀਤ ਸਿੰਘ ਰੰਧਾਵਾ


ਹੁਣ ’ਤੇ ਬੜੀ ਦੇਰ ਹੋ ਗਈ
ਕੁਝ ਨੀ ਬਚਿਆ
ਮਾਸ ਬਣਿਆ ਸੀ
ਬੜਾ ਸਵਾਦੀ
ਗਿਆ ਸਭ ਛਕਿਆ
ਪਰ ਤੂੰ ਨਿਰਾਸ਼ ਨਾ ਹੋ
ਕੁਝ ਤਾਂ ਹੈ ਬਚਿਆ
ਕੁਝ ਹੰਝੂ
ਕੁਝ ਪਛਤਾਵੇ
ਯਾਦਾਂ ਤੇ ਮੇਰਾ ਦਿਲ
ਜਿਸ ਨੂੰ ਕਦੇ ਨੀ ਕਿਸੇ ਖਾਧਾ ਪੀਤਾ
ਸ਼ਾਇਦ ਇਹ ਸਭ ਕਿਸੇ ਦੀ ਹਜ਼ਮ ਹੀ ਨਹੀਂ ਹੁੰਦਾ
ਹੁਣ ਤੂੰ ਦੱਸ ਕੀ ਪੀਏਗਾ ਤੇ ਕੀ ਖਾਏਗਾ

ਇੱਥੇ ਜਿੰਨੇ ਲੋਕੀ ਆਉਂਦੇ ਨੇ ਸਭ ਮਾਸ ਖਾਂਦੇ ਨੇ
ਕੁਝ ਮੇਰੇ ਕੋਲ ਤੇ ਕੁਝ ਆਸ ਪਾਸ ਖਾਂਦੇ ਨੇ
ਕਦੇ ਨਾ ਰੱਜਣੇ ਆਦਮ  ਦੇ ਕਾਮੀ ਪੁੱਤਰ
ਦਿਨ ਵਿਚ ਕਈ ਕਈ ਵਾਰ ਖਾਂਦੇ ਨੇ
ਇਹ ਮਾਸ ਵੀ ਕਲਿਹਣਾ ਕਿਤੇ ਸਸਤਾ ਏ
ਤੇ ਕਿਤੇ ਮਹਿੰਗਾ ਏ
ਪਰ ਆਪਣਿਆਂ ਦਾ ਮਾਸ ਕੋਈ ਨੀ ਖਵਾ ਸਕਦਾ
ਹੁਣ ਤੂੰ ਦੱਸ ਕੀ ਪੀਏਗਾ ਤੇ ਕੀ ਖਾਏਗਾ
ਜੇ ਯਾਦਾਂ ਲੈਣੀਆਂ ਨੇ
ਤਾਂ ਹੰਝੂ ਨਾਲ ਪੀਣੇ ਹੀ ਪੈਣਗੇ
ਗੰਢੇ ਦੇ ਛਿੱਲਣ ਵਾਂਗ ਨੇ ਇਹ
ਕੁੜੱਤਣ ਵੀ ਬਹੁਤੀ ਏ
ਤੇਰੀਆਂ ਅੱਖਾਂ ਵਿੱਚੋਂ ਵੀ ਪਾਣੀ ਆ ਸਕਦੈ।
ਕੋਈ ਬਹੁਤਾ ਮੁੱਲ ਨੀ ਇਹਨਾਂ ਦਾ
ਬਸ ਕੁਝ ਪਲ ਅਹਿਸਾਸ ਦੇ ਦੇਣੇ ਪੈਣਗੇ
ਤੇ ਕੁਝ ਬੋਲ
ਸੱਚ ਝੂਠ ਦੇ ਨਿਤਾਰੇ ਲਈ ਕਹਿਣੇ ਪੈਣਗੇ
ਹੋ ਸਕਦੈ ਤੂੰ ਖ਼ੁਦ ਵੀ ਦੋਸ਼ੀ ਹੋਵੇ
ਹੁਣ ਤੂੰ ਦੱਸ ਕੀ ਪੀਏਗਾ ਤੇ ਕੀ ਖਾਏਗਾ
ਜੇ ਦਿਲ ਖਾਏਗਾ ਤਾਂ
ਸ਼ਾਇਦ ਇਹ ਤੇਰੇ ਨਈ ਪਚਣਾ
ਪਛਤਾਵੇ ਦੀਆਂ ਉਲਟੀਆਂ ਉੱਛਲੇਂਗਾ
ਜਦ ਕਿਸੇ ਹੋਰ ਕੋਲ ਖਾਏਗਾ
ਬਚਿਆ ਮਾਸ ਦਾ ਭੋਰਾ ਝੋਰਾ ਖਾ ਸਕਦੈ
ਸ਼ਾਇਦ ਇਹ ਤੇਰੇ ਨਸੂੜੀ ਫਸ ਜਾਏਗਾ
ਫੇਰ ਲੱਖ ਕਰੀਂ ਝੂਠੇ ਦਿਲਾਸਿਆਂ ਦੀਆਂ ਕੁਰਲੀਆਂ
ਇਹ ਤਾਂ ਤੇਰੇ ਹੱਡੀ ਰਚ ਜਾਏਗਾ
ਕਿਉਂਕਿ ਜਿਸ ਮੂੰਹ ਨੂੰ ਇਕ ਵਾਰੀ ਮਾਸ ਲੱਗ ਜਾਏ
ਉਸਦਾ ਫੇਰ ਨਹੀਂ ਸਰਦਾ
ਹੁਣ ਤੂੰ ਦੱਸ ਕੀ ਪੀਏਗਾ ਤੇ ਕੀ ਖਾਏਗਾ


No comments: