ਲਾਲ ਚੌਕ 'ਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕਸ਼ਮੀਰੀਆਂ 'ਤੇ ਧੌਂਸ ਜਮਾਉਣ ਦਾ ਯਤਨ.......... ਲੇਖ / ਅਵਤਾਰ ਸਿੰਘ


ਭਾਰਤ ਦੇ ਲੋਕਾਂ ਦੀ ਹਾਲਤ ਐਨੀ ਤਰਸਯੋਗ ਹੈ ਕਿ ਉਹ ਸਾਡੇ ਰਾਜਨੀਤਿਕ ਢਾਂਚੇ ਬਾਰੇ ਜਿੰਨਾਂ ਵੀ ਉਹ ਸੋਚਦੇ ਨੇ, ਓਨਾ ਹੀ  ਦੁੱਖੀ ਹੁੰਦੇ ਨੇ ਅਤੇ ਭਾਰਤੀ ਸਿਆਸਤਦਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇੱਕ ਦੋ ਗਾਲਾਂ ਕੱਢ ਕੇ ਚੁੱਪ ਹੋ ਜਾਣ ਤੋਂ ਬਾਅਦ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਫਿਰ ਤੋਂ ਮਸ਼ਰੂਫ ਹੋ ਜਾਂਦੇ ਨੇ। 2009 ਵਿਚ ਵੀ ਜਿੱਥੇ ਲੋਕ ਸਭਾ ਦੀਆ ਚੋਣਾਂ ਵਿਚ ਉਹਨਾਂ ਕੋਲ ਕੋਈ ਚੰਗਾ ਬਦਲ ਨਹੀਂ ਸੀ ਉਥੇ ਹੀ ਸਿੱਟੇ  ਵੱਜੋਂ ਯੂ. ਪੀ. ਏ. ਮੁੜ ਸੱਤਾ ਵਿਚ ਆ ਗਈ ਅਤੇ ਭਾਜਪਾ ਨੂੰ ਉਸ ਦੀਆਂ ਨੀਤੀਆਂ ਸਮੇਤ ਦੇਸ਼ ਦੀ ਜਨਤਾ ਨੇ ਇਕ ਵਾਰ ਫਿਰ ਨਕਾਰ ਦਿੱਤਾ। ਬੁਰੀ ਤਰ੍ਹਾਂ ਜਨਤਾ ਵੱਲੋਂ ਨਕਾਰੀ ਭਾਜਪਾ ਨੂੰ ਨਿਤਿਸ਼ ਕੁਮਾਰ ਦੀ ਮੁੜ ਵਾਪਸੀ  ਨਾਲ ਕਾਫੀ ਬਲ ਮਿਲਿਆ ਅਤੇ ਯੂ. ਪੀ. ਏ. ਸਰਕਾਰ ਦੀਆਂ ਗਲਤ ਨੀਤੀਆਂ ਨੇ ਭਾਜਪਾ ਨੂੰ ਬੜੇ ਸੋਹਣੇ ਮੁੱਦੇ ਦੇ ਦਿੱਤੇ। ਭ੍ਰਿਸ਼ਟਾਚਾਰ ਵਿਚ ਪੱਕੇ ਤੌਰ 'ਤੇ ਫਸੀ ਯੂ. ਪੀ. ਏ. ਨੂੰ ਜਿੱਥੇ ਵੱਧ ਰਹੀ  ਮਹਿੰਗਾਈ ਨੇ ਤੰਗ ਕਰੀ ਰੱਖਿਆ ਹੈ ਉਥੇ ਹੀ ਪਿਛਲੇ ਸਮੇਂ ਦੌਰਾਨ ਹੋਏ ਆਦਰਸ਼ ਸੁਸਾਈਟੀ ਘੋਟਾਲੇ, 2 ਜੀ ਸਪੈਕਟਰਮ ਘੁਟਾਲੇ ਨੂੰ ਲੈ ਕੇ ਭਾਜਪਾ ਨੇ ਸਰਕਾਰ ਵਿਰੋਧੀ ਰੈਲੀਆਂ ਵਿਚ ਕਾਫੀ ਗਿਣਤੀ ਵਿਚ ਲੋਕਾਂ ਦਾ ਇਕੱਠ ਵੀ ਕਰ ਲਿਆ । ਜਦਕਿ ਭਾਜਪਾ ਨੇ ਕਸ਼ਮੀਰ ਦਾ ਮੁੱਦਾ ਕਦੇ ਨਹੀਂ ਛੱਡਿਆ। ਕਸ਼ਮੀਰ ਵਿਚ ਹੁਣ ਜਿੱਥੇ ਗ੍ਰਹਿ ਮੰਤਰਾਲਾ 25 ਫੀਸਦੀ ਫੌਜ ਨੂੰ ਵਾਪਿਸ ਬੁਲਾਉਣ ਵਾਲੇ ਵਿਚਾਰ ਕਰ ਰਿਹਾ ਹੈ ਉਥੇ ਹੀ ਵੱਖਵਾਦੀਆਂ ਨੂੰ ਹਮੇਸ਼ਾ ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਦਾ ਜੁੰਮੇਵਾਰ ਦੱਸਣ ਵਾਲੀ ਭਾਜਪਾ ਹੁਣ
ਕਸ਼ਮੀਰ ਦੇ ਹਾਲਾਤ ਵਿਗਾੜਨ 'ਤੇ ਤੁਲੀ ਹੋਈ ਹੈ। ਭਾਜਪਾ ਦੇ ਨੌਜਾਵਾਨ ਆਗੂ ਅਨੂਰਾਗ ਠਾਕੁਰ 26 ਜਨਵਰੀ ਨੂੰ ਸ਼੍ਰੀਨਗਰ ਦੇ ਲਾਲ ਚੌਕ ਵਿੱਚ ਤਿਰੰਗਾ ਝੰਡਾ ਲਹਿਰਾਉਣਾ ਚਾਹੁੰਦੇ ਨੇ। ਕਸ਼ਮੀਰ ਦੀ ਆਜ਼ਾਦੀ ਦੀ ਮੰਗ ਕਰਨ ਵਾਲੇ ਨੇਤਾਵਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਪਾਰਟੀ ਦੇ ਇਸ ਫੈਸਲੇ ਨੂੰ ਵਾਪਿਸ ਲੈਣ ਲਈ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਗੱਲ ਆਖੀ ਹੈ।

26 ਜਨਵਰੀ ਹੋਵੇ ਭਾਵੇਂ 15 ਅਗਸਤ ਹੋਵੇ ਕਸ਼ਮੀਰ ਵਿੱਚ ਵੱਖ ਵੱਖ ਥਾਵਾਂ 'ਤੇ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ। ਪਰ ਜਦੋਂ ਕਸ਼ਮੀਰ ਇੱਕ ਵਿਵਾਦਤ ਇਲਾਕੇ ਹੋਵੇ ਅਤੇ ਉਥੇ ਦੀ ਜਨਤਾ ਭਾਰਤ ਤੋਂ ਆਜ਼ਾਦੀ ਦੀ ਮੰਗ ਕਰ ਰਹੀ ਹੋਵੇ ਤਾਂ ਅਜਿਹੇ ਹਾਲਾਤਾਂ ਵਿਚ ਅਨੂਰਾਗ ਠਾਕੁਰ ਵੱਲੋਂ ਗੁੰਡਾਗਰਦੀ ਵਾਲੇ ਅੰਦਾਜ਼ ਵਿਚ ਤਿਰੰਗਾ ਝੰਡਾ ਲਹਿਰਾਉਣ ਦੀ ਕਾਰਵਾਈ ਲਈ ਆਪਣੀ 'ਏਕਤਾ ਯਾਤਰਾ' ਕੱਢਣਾ ਸਿੱਧੇ ਰੂਪ ਵਿਚ ਸ਼ਕਤੀ ਪ੍ਰਦਰਸ਼ਨ ਕਰਦਿਆਂ ਕਸ਼ਮੀਰ ਦੀ ਜਨਤਾ ਨੂੰ ਲਲਕਾਰਨਾ ਹੈ। ਅਨੂਰਾਗ ਠਾਕੁਰ ਵੱਲੋਂ ਲਾਲ ਚੌਕ ਵਿਚ ਝੰਡਾ ਲਹਿਰਾਉਣਾ  ਕੋਈ ਆਸਾਨ ਕਾਰਵਾਈ ਵੀ ਨਹੀਂ ਹੋਵੇਗੀ ਕਿਉਂਕਿ ਵੱਖਵਾਦੀ ਆਗੂਆਂ ਤੋਂ ਲੈ ਕੇ ਸੂਬੇ ਦਾ ਮੁੱਖ ਮੰਤਰੀ ਵੀ ਇਸ ਦਾ ਵਿਰੋਧ ਕਰ ਰਿਹਾ ਹੈ। ਪੂਰੇ ਕਸ਼ਮੀਰੀਆਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਇਕ ਗੱਲ ਸਾਫ ਹੈ ਕਿ ਭਾਜਪਾ ਨੂੰ ਆਪਣੀ ਇਸ ਕਾਰਵਾਈ ਦਾ ਨੁਕਸਾਨ ਵੀ ਉਠਾਣਾ ਪੈ ਸਕਦਾ ਹੈ ਕਿਉਂਕਿ ਯਾਸੀਨ ਮਲਿਕ ਨੇ ਸਾਫ ਕਿਹਾ ਹੈ ਕਿ 'ਜੰਮੂ ਕਸ਼ਮੀਰ ਇੱਕ ਵਿਵਾਦਤ ਭੂਮੀ ਹੈ ਅਤੇ ਇਹ ਕਿਸੇ ਦੇ ਬਾਪ ਦੀ ਜੰਗੀਰ ਨਹੀਂ ਹੈ। ਯਾਸੀਨ ਮਲਿਕ ਨੇ ਭਾਜਪਾ ਨੂੰ ਚੇਤਾਵਨੀ ਦਿੰਦੇ ਹੋਵੇ ਸੂਬੇ ਦੀ ਜਨਤਾ ਨੂੰ 26 ਜਨਵਰੀ ਨੂੰ ਲਾਲ ਚੌਕ ਵਿਖੇ ਪਹੁੰਚਣ ਦੀ ਗੱਲ ਕਹੀ ਹੈ ਅਤੇ ਕਿਹਾ ਹੈ ਕਿ ਦੁਨੀਆ ਵੇਖਗੀ ਕਿ ਲਾਲ ਚੌਕ ਵਿੱਚ ਝੰਡਾ ਕੌਣ ਲਹਿਰਾਉਂਦਾ ਹੈ ।" 

ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਹੀ ਗੁੰਡਗਰਦੀ ਵਾਲਾ ਰੁੱਖ ਰਿਹਾ ਹੈ । ਪਿਛਲੇ ਸਮੇਂ ਦਿੱਲੀ ਵਿਚ ਹੋਏ ਇੱਕ ਸੈਮੀਨਾਰ ਦੌਰਾਨ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਅਰੁੰਧਤੀ ਰਾਏ ਵੱਲੋਂ ਕਸ਼ਮੀਰ ਦੀ ਆਜ਼ਾਦੀ ਵਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਗਿਲਾਨੀ ਅਤੇ ਅਰੁੰਧਤੀ ਰਾਏ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ਼ ਕਰਵਾਉਣ ਲਈ ਇਹਨਾਂ ਪੂਰਾ ਜ਼ੋਰ ਲਗਾ ਦਿੱਤਾ ਅਤੇ ਆਖਿਰ ਇਹਨਾਂ ਅੱਗੇ ਝੁਕੀ ਸਰਕਾਰ ਨੇ ਵੀ ਦਵਾਬ ਵਿਚ ਆ ਕੇ ਦੇਸ਼ ਧ੍ਰੋਹ ਦਾ ਕੇਸ ਦਰਜ਼ ਕਰ ਲਿਆ। ਸਭ ਤੋਂ ਵੱਡੀ ਗੱਲ 31 ਅਕਤੂਬਰ ਦੀ ਰਾਤ ਨੂੰ ਇਸੇ ਬਿਆਨ ਨੂੰ ਲੈ ਕੇ ਆਰ. ਐੱਸ. ਐੱਸ. ਦੇ ਗੁੰਡਿਆਂ ਨੇ ਅਰੁੰਧਤੀ ਰਾਏ ਦੇ ਘਰ 'ਤੇ ਹਮਲਾ ਕਰ ਦਿੱਤਾ। ਚੰਡੀਗੜ੍ਹ ਵਿਚ ਹੁਰੀਅਤ ਨੇਤਾ ਮੀਰਵਾਈਜ਼ ਫਾਰੁਕ ਦੀ ਪ੍ਰੈਸ ਕਾਨਫਰੰਸ ਦੌਰਾਨ ਏ. ਬੀ. ਵੀ. ਪੀ,ਆਰ. ਐੱਸ. ਐੱਸ. ਅਤੇ ਵੀ ਐਚ. ਪੀ. ਵਰਕਰਾਂ ਵੱਲੋਂ ਮੀਰਵਾਈਜ਼ 'ਤੇ ਹਮਲਾ ਕੀਤਾ ਗਿਆ। ਸਰਕਾਰੀ ਸੰਪਤੀ ਦੇ ਅਖੌਤੀ ਇਹਨਾਂ ਰਖਵਾਲਿਆਂ ਵੱਲੋਂ ਕਿਸਾਨ ਭਵਨ ਦੀ ਜੰਮ ਕੇ ਤੋੜ ਫੌੜ ਕੀਤੀ ਗਈ। ਇਸ ਤਰਾਂ ਜਦੋਂ ਇਹ ਲੋਕ ਕਸ਼ਮੀਰ ਦੇ ਮੁੱਦੇ ਬਾਰੇ ਸ਼ਾਂਤੀ ਨਾਲ ਗੱਲਬਾਤ ਕਰਨ ਵਾਲਿਆਂ ਨਾਲ ਹੀ ਹਿੰਸਾ ਦਾ ਰਾਹ ਅਪਣਾ ਰਹੇ ਨੇ ਤਾਂ ਇਹ ਕਿਸ ਤਰਾਂ ਹੋ ਸਕਦਾ ਹੈ ਕਿ ਉਹ ਲਾਲ ਚੌਕ ਵਿਚ ਜਾ ਕੇ ਤਿਰੰਗਾ ਝੰਡਾ ਲਹਿਰਾ ਦੇਣ ।

ਅਨੂਰਾਗ ਠਾਕੁਰ ਦੀ ਇਹ "ਏਕਤਾ ਯਾਤਰਾ" ਬਿਨਾਂ ਲੋੜ ਦੇ ਪੈਦਾ ਕੀਤਾ ਹੋਇਆ ਮੁੱਦਾ ਹੈ ਅਤੇ ਕਸ਼ਮੀਰ ਦੀ ਜਨਤਾ ਉਪਰ ਧੌਂਸ ਜਮਾਉਣ ਦਾ ਯਤਨ ਹੈ।ਕਸ਼ਮੀਰ ਦੀ ਜਨਤਾ ਇਸ ਨੂੰ ਕਦੇ ਵੀ ਬਰਾਦਾਸ਼ਤ ਨਹੀਂ ਕਰੇਗੀ।


E-Mail : avtar.dnl@gmail.com

Mobile : +91 97175 40022

No comments: