ਬਾਬਾ ਤੇਰੇ ਜੱਗ ਉੱਤੇ……… ਲੇਖ / ਹਰਮੰਦਰ ਕੰਗ (ਸਿਡਨੀ)

ਮਨੁੱਖ ਦੀ ਇਹ ਹਮੇਸ਼ਾਂ ਫਿਤਰਤ ਰਹੀ ਹੈ ਕਿ ਇਹ ਹਰ ਮਾੜੀ ਚੰਗੀ ਗੱਲ ਦਾ ਹੌਲੀ ਹੌਲੀ ਆਦੀ ਹੋ ਜਾਂਦਾ ਹੈ ਬੇਸ਼ੱਕ ਉਹ ਗੱਲ ਨੁਕਸਾਨਦਾਇਕ ਹੀ ਕਿਉਂ ਨਾਂ ਹੋਵੇ।ਸਮਾਜਿਕ ਅਤੇ ਰਾਜਨੀਤਿਕ ਗਿਰਾਵਟ ਦਾ ਰਾਗ ਅਸੀਂ ਸਾਰੇ ਹੀ ਅਲਾਪਦੇ ਹਾਂ ਪਰ ਹੁਣ ਆਸਾਨੀਂ ਨਾਲ ਇਸ ਗਿਰਾਵਟ ਦੀਆਂ ਗੱਲਾਂ ਸਾਨੂੰ ਹਜਮ ਕਰਨ ਦੀ ਆਦਤ ਪੈ ਗਈ ਹੈ।ਪਰ ਅਜੇ ਵੀ ਇੱਕ ਖੇਤਰ ਅਜਿਹਾ ਹੈ ਜਿਸ ਨਾਲ ਅਸੀਂ ਸ਼ਰਧਾ ਅਤੇ ਭਾਵਨਾਤਿਮਿਕ ਤੌਰ ਤੇ ਜੁੜੇ ਹੋਏ ਹਾਂ,ਉਹ ਹੈ ਸਾਡੇ ਧਰਮ ਦਾ ਖੇਤਰ।ਸਾਡੇ ਧਾਰਮਿੱਕ ਖੇਤਰ ਵਿੱਚ ਦਿਨੋਂ ਦਿਨ ਆ ਰਹੀ ਗਿਰਾਵਟ ਸਾਡੇ ਸੰਘੋਂ ਥੱਲੇ ਨਹੀਂ ਉੱਤਰ ਰਹੀ।ਸਿੱਖ ਧਰਮ ਨਾਲ ਸੰਬੰਧਤ ਸਿੱਖ ਸੰਸਥਾਵਾਂ ਗੁਰੁਦੁਆਰਿਆਂ,ਇਤਿਹਾਸਿਕ ਸਥਾਨਾਂ ਅਤੇ ਸਿੱਖ ਧਰਮ ਦੇ ਆਪਣੇ ਆਪ ਨੂੰ ਕੱਟੜ ਸਿੱਖ ਕਹਾਉਣ ਵਾਲੇ ਸੂਤਰਧਾਰ,ਮੂਹਰਲੀ ਕਤਾਰ ਦੇ ਆਲੰਬਰਦਾਰਾਂ ਵਿੱਚ ਸਿੱਖ ਧਰਮ ਸੰਬੰਧੀ ਮੁੱਦਿਆਂ ‘ਤੇ ਨਿੱਤ ਪ੍ਰਤੀ ਦਿਨ ਪੈਦਾ ਹੁੰਦੇ ਆਪਸੀ ਮੱਤਭੇਦ ਅਤੇ ਹਲਚਲਾਂ ਅਤੇ ਚੰਦ ਕੁ ਬੰਦਿਆਂ ਦੀਆਂ ਭੈੜੀਆਂ ਕਰਤੂਤਾਂ ਕਰਕੇ ਪੂਰੀ ਦੁਨੀਆਂ ‘ਚ ਵਸਦੀ ਸਿੱਖ ਕੌਮ ਨੂੰ ਅੱਜ ਜਲੀਲ ਹੋਣਾਂ ਪੈ ਰਿਹਾ ਹੈ।ਪੂਰੀ ਦੁਨੀਂਆਂ ਵਿੱਚ ਸ਼ਾਇਦ ਸਿੱਖ ਧਰਮ ਹੀ ਅਜਿਹਾ ਧਰਮ ਹੈ ਜਿਸਦਾ ਪੂਰਾ ਇਤਿਹਾਸ ਕੁਰਬਾਨੀਂਆਂ ਨਾਲ ਭਰਿਆ ਪਿਆ ਹੈ।ਪਰ ਅੱਜ ਦੀ ਪੀੜ੍ਹੀ ਅਤੇ ਮੌਜੂਦਾ ਲੋਕਾਈ ਧਰਮ ਤੋਂ ਹਟ ਕੇ ਪਤਿਤਪੁਣੇਂ ਵੱਲ ਵਧ ਰਹੀ ਹੈ ਜਾਂ ਫਿਰ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਭੇਸਧਾਰੀ ਆਪੋ ਬਣਾਈ ਸਿੱਖਿਆ ਦੇਣ ਵਾਲੇ ਸਾਧਾਂ ਦੇ ਮਗਰ ਲੱਗੀ ਹੋਈ ਹੈ।ਜੇਕਰ ਇਸ ਮਸਲੇ ਨੂੰ ਹੋਰ ਡੁੰਘਾਈ ਨਾਲ ਕੁਰੇਦਣਾਂ ਹੋਵੇ ਤਾਂ ਸਾਡੇ ਸਾਹਮਣੇਂ ਇੱਕੋ ਹੀ ਸਵਾਲ ਉੱਠਦਾ ਹੈ ਕਿ ਆਖਿਰ ਇਸ ਦੇ
ਜਿੰਮੇਂਵਾਰ ਕੌਣ ਹਨ,ਸਿੱਖ ਕੌਮ ਜਾਂ ਫਿਰ ਸਾਡੇ ਅਗਵਾਈਕਾਰ?ਸਿੱਖ ਧਰਮ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਅਸੀ ਬਿਨਾਂ ਪੈਸਾ ਲਏ ਕਿਸੇ ਨੂੰ ਧਾਰਮਿੱਕ ਸਿੱਖਿਆ ਦੇਣ ਲਈ ਕਦੀ ਵੀ ਰਾਜੀ ਨਹੀਂ ਹੁੰਦੇ।ਸ੍ਰੋਮਣੀਂ ਕਮੇਟੀ ਜਿਸਦੇ ਜਿੰਮੇਂ ਗੁਰੂਦੁਅਰਿਆਂ ਦੀ ਸੇਵਾ ਸੰਭਾਲ ਦੇ ਨਾਲ ਨਾਲ ਪ੍ਰਬੰਧਕ ਜਿੰਮੇਵਾਰੀਆਂ ਨਿਭਾਉਣਾਂ,ਸਿੱਖ ਧਰਮ ਦਾ ਪ੍ਰਚਾਰ ਅਤੇ ਪਸਾਰ ਦਾ ਵੀ ਕੰਮ ਹੈ।ਕਮੇਟੀ ਦਾ ਸਾਲਾਨਾਂ ਬਜਟ ਕਰੋੜਾਂ ਰੁਪਈਆਂ ਵਿੱਚ ਹੁੰਦਾ ਹੈ ਪਰ ਕਮੇਟੀ ਨੇਂ ਸਾਲ ਵਿੱਚ ਕਿੰਨਾਂ ਕੁ ਧਰਮ ਪ੍ਰਚਾਰ ਕੀਤਾ ਸਿੱਖ ਧਰਮ ਦੇ ਪਸਾਰ ਲਈ ਕਿੰਨੇਂ ਕੁ ਯਤਨ ਕੀਤੇ,ਇਸਦਾ ਕਿਸੇ ਨੂੰ ਪਤਾ ਨਹੀਂ ਪਰ ਸ੍ਰੋਮਣੀਂ ਕਮੇਟੀ ਦੇ ਬਜਟ ਵਿੱਚੋਂ ਕਮੇਟੀ ਮੈਂਬਰ,ਅਹੁਦੇਦਾਰ,ਜਥੇਦਾਰ ਕਮੇਟੀ ਨਾਲ ਵਾਹ ਵਾਸਤਾ ਰੱਖਣ ਵਾਲੀ ਦੁੱਕੀ ਤਿੱਕੀ ਵੀ ਧਰਮ ਪ੍ਰਚਾਰ ਦੇ ਨਾਂ ‘ਤੇ ਵਿਦੇਸ਼ਾਂ ਦੀ ਖੂਬ ਸ਼ੈਰ ਕਰਦੇ ਹਨ।ਇੱਕ ਵਾਰ ਤਾਂ ਦੋ ਕਮੇਟੀ ਮੈਂਬਰਾਂ ਨੇ ਕਮੇਟੀ ਦੇ ਫੰਡ ਵਿੱਚੋਂ ਹੀ ਅੰਦਰ ਖਾਤੇ ਆਪਣੇਂ ਧੀਆਂ ਪੁੱਤਾਂ ਨੂੰ ਮੈਡੀਕਲ ਕਾਲੇਜ ਵਿੱਚ ਦਾਖਲਾ ਦਿਵਾਉਣ ਲਈ ਲੱਖਾਂ ਰੁਪਈਆਂ ਦੀ ਡੋਨੇਸ਼ਨ ਕਾਲੇਜ ਨੂੰ ਦੇ ਦਿੱਤੀ ਸੀ।ਸੋ ਅਜਿਹੀਆਂ ਸਰਵ ਉੱਚ ਸੰਸਥਾਵਾਂ ਦੀ ਨਲਾਇਕੀ ਦਾ ਫਾਇਦਾ ਉਠਾ ਕੇ ਹੀ ਅੱਜ ਅਨੇਕਾਂ ਗੁਰੁ ਡੰਮ ਪੈਦਾ ਹੋਏ ਹਨ ਜਿਹਨਾਂ ਵਿੱਚ ਨਾਮ ਦਾਨ ਦੇਣ ਵਾਲੇ ਬਾਬੇ,ਢੋਲਕੀਆਂ ਸ਼ੈਣੇ ਖੜਕਾ ਕੇ ਆਪੋ ਘੜੀਆਂ ਸਾਖੀਆਂ ਸੁਣਾ ਕੇ ਤੋਰੀ ਫੁਲਕਾ ਚਲਾਉਣ ਵਾਲਿਆਂ ਦੀ ਕੋਈ ਕਮੀ ਨਹੀ ਹੈ।ਆਪਣੇ ਆਪ ‘ਤੇ ਧਰਮ ਪ੍ਰਚਾਰਕ ਦਾ ਲੇਬਲ ਚਿਪਕਾ ਕੇ ਲੋਕਾਂ ਨੂੰ ਹਾਜਰਾ ਹਜੂਰ ਸ੍ਰੀ ਗੁਰੁ ਗੰ੍ਰਥ ਸਾਹਿਬ ਵਿੱਚ ਅੰਕਿਤ ਬਾਣੀ ਵਿੱਚ ਸੁਝਾਏ ਰਸਤੇ ‘ਤੇ ਚੱਲਣ ਦੀ ਬਜਾਏ ਸੰਗਤ ਨੂੰ ਆਪ ਬਣਾਈ ਹੋਈ ਸਿੱਖਿਆ ਦੇਣ ਵਾਲੇ ਇਹ ਬਾਬੇ ਗੁਰੁ ਨਾਨਕ ਦੀ ਤਰਾਂ ਦੇਸ਼ਾਂ ਵਿਦੇਸ਼ਾਂ ਦੀਆਂ ਜਹਾਜਾਂ ‘ਤੇ ਚੜ ਕੇ ਖੂਬ‘ਉਦਾਸੀਆਂ’ ਕਰਦੇ ਹਨ।ਅੱਗੋਂ ਇਹਨਾਂ ਦੇ ਸ਼ਰਧਾਲੂ ਸਾਡੀ ਸਿੱਖ ਸੰਗਤ ਵੀ ਸ਼ਰਧਾ ਵਿੱਚ ਅੰਨੀਂ ਹੋਈ ਇਹਨਾਂ ਸਾਧ ਬਾਬਿਆਂ ਵਿੱਚੋਂ ਹੀ ਸਾਡੇ ਗੁਰੂਆਂ ਦਾ ਰੂਪ ਲੱਭਣ ਲੱਗਦੀ ਹੈ।ਇਸੇ ਗੱਲ ਦਾ ਫਾਇਦਾ ਉਠਾ ਕੇ ਇਹ ਬਾਬੇ ਬਾਣੀਂ ਨੂੰ ਵੇਚ ਵੇਚ ਕੇ ਅਪਣੀਆਂ ਨਿੱਜੀ ਜਾਇਦਾਦਾਂ ਤੱਕ ਬਣਾ ਰਹੇ ਹਨ ਅਤੇ ਇਹਨਾਂ ਦੀ ਨਿੱਜੀ ਜਿੰਦਗੀ ਦੀਆਂ ਗੱਲਾਂ ਕਿਤੇ ਅਲੌਕਿਕ ਹਨ।ਅਮਰੀਕਾ ਵਸਦੇ ਪੰਜਾਬੀਆਂ ਨੂੰ ਸ਼ਬਦ ਗੁਰੁ ਨਾਲ ਜੋੜਨ ਦੇ ਮਨਸ਼ੇ ਨਾਲ ਅਜਿਹੇ ਹੀ ਇੱਕ ਬਾਬਾ ਜੀ ਅਤੇ ਉਸਦੀ ਫੌਜ ਨੇਂ  ਉੱਥੋ ਦੇ ਇੱਕ ਗੁਰੂਦੁਆਰਾ ਸਾਹਿਬ ਵਿੱਚ ਦੀਵਾਨ ਦੀ ਸਮਾਪਤੀ ਤੋਂ ਬਾਅਦ ‘ਪੰਗਤ ਅਤੇ ਸੰਗਤ’ ਦੀ ਰੀਤ ਦੇ ਉਲਟ ਗੁਰੂਦੁਆਰਾ ਸਾਹਿਬ ਦੇ ਲੰਗਰ ਛਕਣ ਤੋਂ ਇਨਕਾਰ ਕਰ ਕੇ ਆਪਣੇਂ ਠਹਿਰਾਅ (ਫਾਈਵ ਸਟਾਰ ਹੋਟਲ) ਵਿੱਚ ਹਰ ਰੋਜ ਇੱਕ ਇੰਡੀਅਨ ਰੈਸਟੋਰੈਂਟ ਤੋਂ ਖਾਣਾਂ ਮੰਗਵਾ ਕੇ ਖਾਂਦਾ ਰਿਹਾ ਹੈ ‘ਤੇ ਬਾਬਾ ਜੀ ਦੇ ਵਿਦੇਸ਼ੀ ਸ਼ਰਧਾਲੂ ਵੀ ਬਾਬਾ ਜੀ ਦੀਆਂ ਅਜਿਹੀਆਂ ਲੋੜਾਂ ਚਾਂਈ ਚਾਂਈ ਅਤੇ ਬੜੀ ਸ਼ਰਧਾ ਨਾਲ ਪੂਰੀਆਂ ਕਰਦੇ ਰਹੇ।ਸੰਗਤਾਂ ਨੂੰ ਗੁਰੁੂ ਨਾਨਕ ਦੁਆਰਾ ਗਰੀਬ ਭਾਈ ਲਾਲੋ ਦੇ ਘਰ ਲੰਗਰ ਛਕਣ ਦੀਆਂ ਸਾਖੀਆਂ ਸੁਣਾਉਣ ਵਾਲੇ ਵਾਹਿਗਰੂ ਨੂੰ ‘ਵੈਰੂ ਵੈਰੂ’ ਜਪਾਉਣ ਵਾਲੇ ਅਤੇ ਸੰਗਤ ਦੀ ਬਿਰਤੀ ਪ੍ਰਮਾਤਮਾਂ ਨਾਲ ਜੋੜਨ ਦਾ ਦਾਅਵਾ ਕਰਨ ਵਾਲੇ ਇਹਨਾਂ ਬਾਬਿਆਂ ਦੇ ਕੀਰਤਨ ਕਰਨ ਸਮੇਂ ਬਾਹਰੀ ਦੁਨੀਆਂ ਨਾਲ ਸੰਪਰਕ ਬਣਾਉਣ ਵਾਲਾ ਯੰਤਰ (ਮੋਬਾਈਲ) ਵਾਜੇ ‘ਤੇ ਰੱਖਿਆ ਹੁੰਦਾ ਹੈ।ਪੰਜਾਬ ਵਿੱਚ ਉਹਨਾਂ ਸੰਤਾਂ ਅਤੇ ਧਾਰਮਿੱਕ ਸਥਾਨਾਂ ਦੀ ਵੀ ਕੋਈ ਕਮੀਂ ਨਹੀਂ ਜੋ ਹੁਣ ਆਖੰਡ ਪਾਠ ਕਰਨ ਦਾ ਉੱਕਾ ਪੁੱਕਾ ਠੇਕਾ ਹੀ ਕਰ ਲੈਂਦੇ ਹਨ।ਤੁਹਾਨੂੰ ਪ੍ਰਕਾਸ਼ ਅਸਥਾਨ ‘ਤੇ ਵੀ ਜਾਣ ਦੀ ਵੀ ਲੋੜ ਨਹੀਂ,ਬੱਸ ਤੁਸੀਂ ਸਿਰਫ ਪੈਸੇ ਦੇਣੇ ਹਨ ਅਤੇ ਇਹ ਤੁਹਾਡੇ ਨਾਂਮ ਦੀ ਅਰਦਾਸ ਵੀ ਆਪੇ ਹੀ ਕਰ ਦਿੰਦੇ ਹਨ।ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਵਰਤਾਰੇ ਲਈ ਅਸੀਂ ਆਪ ਜਿੰਮੇਵਾਰ ਹਾਂ ਜਾਂ ਧਰਮ ਦੇ ਠੇਕੇਦਾਰ।ਪਿਛਲੇ ਮਹੀਨੇਂ ਦੀ ਗੱਲ ਹੈ ਪੰਜਾਬ ਵਿੱਚ ਹੀ ਦੋ ਧਿਰਾਂ ਮਹਾਰਾਜ ਦੀ ਬੀੜ ‘ਤੇ ਚੜ੍ਹੇ ਚੜ੍ਹਾਵੇ ੳੁੱਤੇ ਕਬਜਾ ਕਰਨ ਦੀ ਕੋਸ਼ਿਸ ਨੂੰ ਲੈ ਕੇ ਅਪਸ ਵਿੱਚ ਖਹਿਬੜ ਪਈਆਂ ਇਹਨਾਂ ਦੇ ਹੱਥੋਪਾਈ ਹੁੰਦਿਆਂ ਹੀ ਤੀਜੀ ਧਿਰ ਦੇ ਕੁੱਝ ਵਿਅਕਤੀ ਗੋਲਕ ਚੁੱਕ ਕੇ ਹੀ  ਰਫੂ ਚੱਕਰ ਹੋ ਗਏ।ਬੱਸ ਇੰਨਾਂ ਕੁ ਸਤਿਕਾਰ ਹੈ ਸਾਡੇ ਦਿਲ ਵਿੱਚ ਸ੍ਰੀ ਗੁਰੁ ਗੰ੍ਰਥ ਸਹਿਬ ਜੀ ਦਾ।ਅਸਲ ਵਿੱਚ ਸਭ ਮਸਲਾ ਮਾਇਆ ਦਾ ਹੈ।ਗੁਰੂਦੁਆਰਿਆਂ ਜਾਂ ਆਦਿ ਬੀੜ ਦੀ ਬਾਣੀ ਨੂੰ ਤਾਂ ਮੋਹਰਾ ਬਣਾਇਆ ਜਾਂਦਾ ਹੈ।ਮੂੰਹ ‘ਤੇ ਸ਼ਰਾਫਤ ਦੇ ਮਖੌਟੇ ਚੜ੍ਹਾ ਕੇ ਕਈ ਸਵਾਰਥੀ ਬਾਣੀ ਦੀ ਆੜ ਵਿੱਚ ਕੀ ਕੀ ਕਰਤੂਤਾਂ ਕਰਦੇ ਹਨ ਇਸ ਤੋਂ ਸਭ ਭਲੀ ਭਾਂਤੀ ਜਾਣੂੰ ਹੁੰਦੇ ਹੋਏ ਵੀ ਅਸੀਂ ਉਹਨਾਂ ਦੇ ਕੋਝੀ ਮਨਸੂਬਿਆਂ ਨੂੰ ਕਾਬਯਾਬ ਹੋਣ ਲਈ ਉਚੇਚ ਕਰਦੇ ਹਾਂ।ਕੈਨੇਡਾ ਦੇ ਪੰਜਾਬੀ ਕਸਬੇ ਸਰੀ ਦੇ ਗੁਰੂਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਦੀ ਕਮੇਟੀ ਦੀ ਵਾਗਡੋਰ ਇਸ ਵਾਰ ਨੌਜਵਾਨ ਪੀੜ੍ਹੀ ਦੇ ਹੱਥ ਵਿੱਚ ਆ ਗਈ ਤੇ ਹਾਰੀ ਹੋਈ ਪੁਰਾਣੀ ਕਮੇਟੀ ਨੇ ਇਹਨਾਂ ਨੌਜਵਾਨਾਂ ‘ਤੇ ਪਤਿਤਪੁਣੇਂ ਦਾ ਦੋਸ਼ ਲਗਾ ਕੇ ੳੁੱਥੇ ਆਪਣੇਂ ਲਈ ਇੱਕ ਹੋਰ ਨਵਾਂ ਗੁਰੁਦੁਆਰਾ ਸਹਿਬ ਉਸਾਰਨ ਦੇ ਲਈ ਫੰਡ ਇਕੱਠਾ ਕਰਨਾਂ ਵੀ ਸ਼ੁਰੂ ਕਰ ਦਿੱਤਾ ਹੈ ‘ਤੇ ਇਸ ਨਵੇਂ ‘ਨਿੱਜੀ’ ਗੁਰੂਦੁਆਰਾ ਸਹਿਬ ਦੀ ਮੈਨੇਜਮੈਂਟ ਕਮੇਟੀ ਵਿੱਚ ਬਿਨਾਂ ਕਿਸੇ ਚੋਣ ਦੇ ਉਹ ਸਦਾ ਲਈ ਆਪ ਹੀ ਕਰਤਾ ਧਰਤਾ ਹੋਣਗੇ।ਹੁਣ ਸੰਗਤ ਆਪ ਹੀ ਵਿਸ਼ਲੇਸ਼ਣ ਕਰ ਸਕਦੀ ਹੈ ਕਿ ਇਹ ਸੇਵਾ ਹੈ ਜਾਂ ਫੰਡਾਂ ਤੇ ਸੱਪ ਕੁੰਡਲੀ ਮਾਰ ਕੇ ਚੌਧਰ ਚਮਕਾਉਣ ਦੀ ਧਮਕੀ।ਅਜਿਹੀਆਂ ਗੱਲਾਂ ਜਦ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ ਤਾਂ ਹਿਰਦੇ ਵਲੂਧਰੇ ਜਾਂਦੇ ਹਨ।ਨਿਊਯਾਰਕ ਦੇ ਗੁਰੂਦੁਆਰਾ ਰਿਚਮੰਡ ਹਿੱਲ ਸਹਿਬ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਿੱਖ ਸੰਗਤ ਦੇ ਇੱਕ ਗਰੁੱਪ ਨੇਂ ਸਟੇਜ ਤੋਂ ਸੰਬੋਧਨ ਨਹੀਂ ਕਰਨ ਦਿੱਤਾ ਜੋ ਕਿ ਸਿੱਖ ਧਰਮ ਨਾਲ ਸੰਬੰਧਤ ਮੁੱਦਿਆਂ ਜਿਵੇਂ ਨਾਨਕਸ਼ਾਹੀ ਕੈਲੰਡਰ,ਰਾਗਮਾਲਾ ਅਤੇ ਮੁੰਦਾਵਣੀਂ ਜਿਹੇ ਨਾਜੁਕ ਮੁੱਦਿਆਂ ਪ੍ਰਤੀ ਸਿੰਘ ਸਾਹਿਬ ਤੋਂ ਸਵਾਲ ਪੁੱਛਣਾਂ ਚਾਹੁੰਦੇ ਸਨ ਪਰ ਜਥੇਦਾਰ ਸਹਿਬ ਇਹਨਾਂ ਮੁੱਦਿਆਂ ਤੋਂ ਪਾਸਾ ਵੱਟ ਰਹੇ ਸਨ।ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਗੁਰੂਦੁਆਰਾ ਸਹਿਬ ਵਿੱਚ ਹੀ ਦੋਨਾਂ ਧੜਿਆਂ ਦੇ ਬੰਦਿਆਂ ਨੇ ਸ਼੍ਰੀ ਸਹਿਬ  ਕੱਢ ਲਏ ‘ਤੇ ਇੱਕ ਦੂਜੇ ਨੂੰ ਧੀਆਂ ਭੈਣਾਂ ਦੀਆਂ ਗਾਲ੍ਹਾਂ ਕੱਢਦੇ ਹੋਏ ਹੱਥੋਪਾਈ ‘ਤੇ ੳੁੱਤਰ ਆਏ।ਇਹ ਗੱਲ ਵੀ ਸਮਝ ਤੋਂ ਪਰੇ ਹੈ ਕਿ ਜੇਕਰ ਅਸੀਂ ਪੰਥ ਦੀ ਸੇਵਾ ਹੀ ਕਰਨੀਂ ਹੈ ਤਾਂ ਫਿਰ ਇੱਕ ਦੂਜੇ ਨਾਲ ਲੜਾਈ ਕਰਕੇ ਜਾਂ ਗੁਰੂਦੁਆਰਾ ਸਹਿਬ ਦੀਆਂ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ ਬਣਨ ਲਈ ਵੋਟਾਂ ਰਾਹੀ ਇੱਕ ਦੂਜੇ ਨੂੰ ਜਿੱਤਣ ਹਰਾਉਣ ਲਈ ਕਿਉਂ ਉਤਾਵਲੇ ਹੁੰਦੇ ਹਾਂ?ਹੋਰ ਸੁਣੋਂ,ਅਮਰੀਕਾ ਵਿੱਚ ਸ਼ਿਕਾਗੋ ਵਿਖੇ ਬਾਬਾ ਦਲਜੀਤ ਸਿਓਂ ਦੇ ਗੁਰੂਦੁਆਰੇ(ਨਿੱਜੀ ਡੇਰੇ) ਦੀ ਆਮਦਨ ਨੂੰ ਦੇਖਦੇ ਹੋਏ ਸਿੱਖਾਂ ਦੇ ਇੱਕ ਗਰੁੱਪ ਨੇਂ ਗੁਰੂਦੁਆਰੇ ‘ਤੇ ਕਬਜਾ ਕਰ ਲਿਆ ਤੇ ਬਾਬਾ ਜੀ ਨੂੰ ਬਾਹਰ ਕੱਢ ਦਿੱਤਾ।ਬਾਬਾ ਦਲਜੀਤ ਸਿਓਂ ਨੇਂ ਕਬਜਾ ਛੁਡਾਉਣ ਲਈ ਜਦ ਇੱਕ ਹੋਰ ਗਰੁੱਪ ਨੂੰ ਗੁਰੂਦੁਆਰੇ ਵਿੱਚਲੀ ਆਮਦਨ ਨੂੰ ‘ਵੰਡ ਕੇ ਛਕਣ’ ਦੀ ਆਫਰ ਦਿੱਤੀ ਤਾਂ ਰਾਤੋ ਰਾਤ ਕਬਜਾਕਾਰੀਆਂ ਨੂੰ ਉੱਥੋਂ ਭਜਾ ਦਿੱਤਾ ਗਿਆ ‘ਤੇ ਹੁਣ ਉੱਥੇ ਅਮਨ ਚੈਨ ਹੈ।ਰਾਜਧਾਨੀਂ ਦਿੱਲੀ ਵਿਖੇ ‘ਰਾਮਸੇਤੂ’ ਦੇ ਮੁੱਦੇ ‘ਤੇ ਦੇਸ਼ ਭਰ ਦੀਆਂ ਹਿੰਦੂ ਜਥੇਬੰਦੀਆਂ ਨੇ ਇੱਕ ਸਾਂਝਾ ਸੰਮੇਲਨ ਕੀਤਾ।ਉੱਥੇ ਇੱਕ ਸਿੱਖ ਧਰਮ ਦਾ ਅਗਵਾਈਕਾਰ ਪਗੜੀਧਾਰੀ ਬੰਦਾ ਸਟੇਜ ਤੋਂ ਸਿੱਖ ਧਰਮ ਦਾ ਆਲੰਬਰਦਾਰ ਬਣ ਕੇ ਕਥਿਤ ਸ੍ਰੀ ਰਾਮ ਚੰਦਰ ਜੀ ਦੁਆਰਾ ਉਸਾਰੇ ਗਏ ‘ਰਾਮਸੇਤੂ” ਪੁੱਲ ਦੀ ਹੋਂਦ ਨੂੰ ਪ੍ਰਗਟਾਉਂਦਿਆਂ ਸਾਡੇ ਗੁਰੂਆਂ ਦੁਆਰਾ ਸ਼੍ਰੀ ਗੁਰੁ ਗ੍ਰੰਥ ਸਹਿਬ ਵਿੱਚ ਵਰਤੇ ਗਏ ਸ਼ਬਦ ‘ਰਾਮ’ਦੀਆਂ ਉਦਾਹਰਣਾਂ ਦੇ ਦੇ ਕੇ ਬਾਣੀ ਦੇ ਗਲਤ ਅਰਥ ਕੱਢ ਕੱਢ ਕੇ ਧੱਕੇ ਨਾਲ ਹੀ 20 ਕਰੋੜ ਸਿੱਖਾਂ ਨੂੰ ਹਿੰਦੂਆਂ ਦੇ ਸਮਰਥੱਕ ਦਰਸਾ ਰਿਹਾ ਸੀ।‘ਰਾਮ ਗਇਓ ਰਾਵਣ ਗਇਓ’ ਅਤੇ ‘ਹਰ ਕੰਮ ਕਰਾਵਣ ਆਇਆ ਰਾਮ’ ਵਰਗੇ ਪਵਿੱਤਰ ਮਹਾਂਵਾਕਾਂ ਨੂੂੰ ਜਦ ਓਹ ਸਟੇਜ ਤੋਂ ਉਚਾਰ ਰਿਹਾ ਸੀ ਤਾਂ ਸਟੇਜ ਤੇ ਸ਼ੁਸ਼ੋਭਤ ਕਈ ਬੂਬਨੇਂ ਸਿਗਰਟਾਂ ਬੀੜੀਆਂ ਪੀਣ ਚ ਮਸਤ ਸਨ।ਪੰਜਾਬ ਦੀ ਸਿੱਖ ਸੰਗਤ ਸ਼ਰਧਾ ਵਿੱਚ ਅੰਨੀ ਹੋਈ ਅਜਿਹੇ ਬਨਾਉਟੀ ਗੁਰੂਆਂ ਬਾਬਿਆਂ ਦੇ ਮਗਰ ਅੱਖਾਂ ਮੀਚ ਕੇ ਲੱਗੀ ਹੋਈ ਹੈ ਜਿਹੜੇ ਦਸਾਂ ਗੁਰੂਆਂ ਦੀ ਬਾਣੀ ਨੂੰ ਝੁਠਲਾ ਕੇ ਆਪਣੀ ਹੀ ਸਿੱਖਿਆਂ ਸੰਗਤ ਵਿੱਚ ਵੰਡਦੇ ਹਨ ‘ਤੇ ਐਸ਼ ਪ੍ਰਸਤੀ ਦੀ ਜਿੰਦਗੀ ਬਤੀਤ ਕਰਦੇ ਹਨ।ਅਜਿਹੇ ਕਿੰਨੇਂ ਹੀ ਬਾਬੇ ਹਨ ਜਿਹੜੇ ਕਿਸੇ ਨਾਂ ਕਿਸੇ ਕੇਸ ਵਿੱਚ ਹਰ ਹਫਤੇ ਅਦਾਲਤ ‘ਚ ਪੇਸ਼ੀਆਂ ਭੁਗਤਦੇ ਹਨ ‘ਤੇ ਇਹੋ ਜਿਹੇ ਬਾਬੇ ਸਿਆਸੀ ਆਗੂਆਂ ਨੂੰ ਆਪਣੇ ਚੇਲਿਆਂ ਦੀਆਂ ਵੋਟਾਂ ਦਾ ਝਾਂਸਾ ਦੇ ਕੇ ਸਿਆਸੀ ਤਾਕਤ ਵੀ ਪ੍ਰਾਪਤ ਕਰ ਲੈਂਦੇ ਹਨ।ਸਿਆਸੀ ਆਗੂ ਵੀ ਇਹਨਾਂ ਦੇ ਪੈਰਾਂ ‘ਤੇ ਨੱਕ ਰਗੜਦੇ ਹਨ।ਪਿੱਛੇ ਜਿਹੇ ਸਿੱਖ ਸੰਗਤ ਦੇ ਭਾਰੀ ਵਿਰੋਧ ਦੇ ਬਾਵਜੂਦ ਸਿਆਸੀ ਤਾਕਤ ਦੇ ਸਿਰ ‘ਤੇ ਇੱਕ ਬਿਹਾਰੀਆ ਸਾਧ ਲੁਧਿਆਣੇਂ ਆਪਣਾਂ ਸਮਾਰੋਹ ਕਰਨ ਵਿੱਚ ਸਫਲ ਹੋ ਗਿਆ ‘ਤੇ ਪਲਿਸ ਨੇਂ ਇਸਦਾ ਵਿਰੋਧ ਕਰ ਰਹੀ ਸੰਗਤ ‘ਤੇ ਗੋਲੀ ਚਲਾ ਕੇ ਇੱਕ ਸਿੰਘ ਨੂੰ ਸ਼ਹੀਦ ਹੀ ਕਰ ਛੱਡਿਆ।ਹੁਣ ਧਰਮ ਨੂੰ ਰਾਜਨੀਤੀ ਤੋਂ ਵੱਖ ਕਰ ਕੇ ਕਿਆਸਿਆ ਹੀ ਨਹੀਂ ਜਾ ਸਕਦਾ।ਸਾਡੀ ਸਿੱਖਾਂ ਦੀ ਸਰਵ ਉੱਚ ਸੰਸਥਾ ਦੇ ਆਗੂ ਵੀ ਆਪਣੀ ਚੌਧਰ ਅਤੇ ਕੁਰਸੀ ਨੂੰ ਕਾਇਮ ਰੱਖਣ ਲਈ ਸਿਆਸੀ ਆਗੂਆਂ ਨੂੰ ਆਪਣੇਂ ‘ਆਕਾ’ ਮੰਨ ਕੇ ਉਹਨਾਂ ਦੀ ਹੀ ਬੋਲੀ ਬੋਲਦੇ ਹਨ।
ਬਾਬੇ ਨਾਨਕ ਨੇਂ ਆਪਣੀ ਸਾਰੀ ਹਯਾਤੀ ਕੁਰਾਹੇ ਪਈ ਦੁਨੀਆਂ ਨੂੰ ਸਿੱਧੇ ਰਾਹ ਪਾਉਣ ਲਈ ਲਗਾ ਦਿੱਤੀ।ਪਰ ਜਿਸ ਤਰ੍ਹਾਂ ਦੇ ਹਾਲਾਤ ਹੁਣ ਸਿੱਖ ਧਰਮ ਵਿੱਚ ਪੈਦਾ ਹੋ ਰਹੇ ਹਨ,ਉਹਨਾਂ ਨੂੰ ਵੇਖ ਕੇ ਇਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹ ਦਿਨ ਵੀ ਦੂਰ ਨਹੀਂ ਜਦ ਸਿੱਖ ਪੰਥ ਅਤੇ ਸਿੱਖ ਕੌਮ ਕਿਸੇ ਗਲਤ ਅੱਖਰ ਵਾਂਗ ਮਿਟ ਜਾਵੇਗੀ।
                   ਗੁਰ ਫਤਿਹ।

****
ਫੋਨ-0061434288301

No comments: