ਕ੍ਰਿਸਮਸ: ਈਸਾ ਦਾ ਜਨਮ ਦਿਨ ਜਾਂ ਮੌਸਮੀ ਮੇਲਾ.......... ਲੇਖ / ਮੁਹਿੰਦਰ ਸਿੰਘ ਘੱਗ


ਕ੍ਰਿਸਮਸ ਸੰਸਾਰ ਵਿਚ ਸਭ ਨਾਲੋਂ ਮਹਿੰਗਾ ਅਤੇ ਸਭ ਨਾਲੋਂ ਵੱਡੇ ਪੱਧਰ ਤੇ ਮਨਾਏ ਜਾਣ ਵਾਲਾ ਮੇਲਾ ਹੋਣ ਦੇ ਨਾਲ ਨਾਲ ਕਈ ਦਫਾ ਵਿਵਾਦਾਂ ਦੇ ਘੇਰੇ ਵਿਚ ਵੀ ਆ ਜਾਂਦਾ ਹੈ। ਸੰਨ 2005 ਵਿਚ ਬਹੁਤ ਸਾਰੇ ਲੋਕਾਂ ਦੇ ਦਬਾਅ ਥੱਲੇ ਵਾਲਮਾਰਟ ਅਤੇ ਹੋਰ ਸਟੋਰਾਂ ਨੇ ਆਪਣੇ ਸਟੋਰਾਂ ਤੇ ਕ੍ਰਿਸਮਸ ਦਾ ਬੈਨਰ ਲਾਉਣ ਦੀ ਬਜਾਏ ਹੈਪੀ ਹੋਲੀਡੇ ਦੇ ਬੈਨਰ ਲਟਕਾਏ ਤਾਂ ਕ੍ਰਿਸਚੀਅਨ ਭਾਈਚਾਰੇ ਨੇ ਰੋਸ ਵਜੋਂ ਸਟੋਰਾਂ ਨੂੰ ਪੱਤਰ ਲਿਖੇ। ਅਖਬਾਰਾਂ ਰਾਹੀਂ ਰੋਸ ਪ੍ਰਗਟ ਕੀਤਾ। ਸਟੋਰਾਂ ਦਾ ਬਾਈਕਾਟ ਕੀਤਾ, ਜਿਸ ਨਾਲ ਸਟੋਰਾਂ ਦੀ ਸੇਲ ਨੂੰ ਫਰਕ ਪਿਆ।



ਵਿਉਪਾਰੀ ਤਬਕਾ ਤਾਂ ‘ਸੇਲ ਬੋਟ’ ਦੀ ਨਿਆਈਂ ਹੁੰਦਾ ਹੈ। ਆਪਣੀ ਜੇਬ ਖਾਤਰ ਉਹ ਹਵਾ ਦੇ ਬਦਲਦੇ ਰੁਖ ਨਾਲ ਆਪਣੀ ਦਿਸ਼ਾ ਬਦਲ ਲੈਂਦਾ ਹੈ। ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਸੰਨ 2006 ਤੋਂ ਹੀ ਹੋਲੀਡੇਜ਼ ਦੇ ਬੈਨਰ ਮੈਰੀ ਕ੍ਰਿਸਮਸ ਵਿਚ ਬਦਲ ਗਏ ਅਤੇ ਸਟੋਰ ਦੇ ਅੰਦਰ ਜਾਂਦਿਆਂ ਹੀ ‘ਜਿੰਗਲ ਬੈਲ, ਜਿੰਗਲ ਬੈਲ’ ਦੀਆਂ ਧੁਨਾਂ ਗਾਹਕਾਂ ਦਾ ਸਵਾਗਤ ਕਰਨ ਲੱਗ ਪਈਆਂ।

ਕ੍ਰਿਸਮਸ ਇਕ ਮੌਸਮੀ ਮੇਲਾ

ਕ੍ਰਿਸਮਿਸ ਇਕ ਮੌਸਮੀ ਮੇਲਾ ਹੈ ਇਸ ਦਾ ਸਬੰਧ ਸੂਰਜ ਨਾਲ ਹੈ। ਜਦ ਬਾਕੀ ਮੇਲਿਆਂ ਵਾਂਗ ਇਸ ’ਤੇ ਵੀ ਧਰਮ ਨੇ ਚਾਦਰ ਪਾ ਲਈ ਤਾਂ ਕ੍ਰਿਸਚੀਅਨ ਭਾਈਚਾਰਾ ਇਸ ਮੌਸਮੀ ਮੇਲੇ ਨੂੰ ਈਸਾ ਦੇ ਜਨਮ ਦਿਨ ਵਜੋਂ ਮਨਾਉਣ ਲੱਗਾ। ਹੌਲੀ ਹੌਲੀ ਕ੍ਰਿਸਚੀਅਨ ਭਾਈਚਾਰਾ ਇੱਡਾ ਹਾਵੀ ਹੋ ਗਿਆ ਕਿ ਇਸ ਮੇਲੇ ਦੀ ਅਸਲ ਹੋਂਦ ਧੁੰਦਲੀ ਹੋ ਗਈ। ਇਤਿਹਾਸ ਗਵਾਹ ਹੈ ਕਿ ਤਾਕਤਵਰ ਹਮੇਸ਼ਾ ਹੀ ਇਤਿਹਾਸ ਨੂੰ ਆਪਣੀ ਮਰਜ਼ੀ ਮੁਤਾਬਕ ਢਾਲਦਾ ਆਇਆ ਹੈ। ਭਾਰਤ ਵਿਚ ਇਸਦੀ ਤਾਜ਼ਾ ਮਿਸਾਲ ਭਾਰਤੀ ਜਨਤਾ ਪਾਰਟੀ (ਬੀਜੇਪੀ) ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਹੈ ਜੋ ਇਤਿਹਾਸ ਨੂੰ ਗੇਰੂਆ ਕਰਨ ਦੇ ਯਤਨ ਕਰ ਰਹੇ ਹਨ।

ਪੁਰਾਤਨ ਮਨੁੱਖ ਧਰਤੀ ਨੂੰ ਧੁਰਾ ਮਨ ਕੇ ਚੰਦ ਸੂਰਜ ਨੂੰ ਧਰਤੀ ਦੁਆਲੇ ਘੁੰਮਦਾ ਮੰਨਦਾ ਸੀ। ਵਧਦੇ ਘਟਦੇ ਚੰਦਰਮਾ ਨੂੰ ਤੱਕ ਕੇ ਉਸ ਨੇ ਸਮੇਂ ਦੇ ਮਾਪ ਤੋਲ ਲਈ ਕੈਲੰਡਰ ਬਣਾ ਲਿਆ। ਕੁਝ ਮੇਲੇ ਉਸਨੇ ਚੰਦਰਮਾ ਦੇ ਵਧਣ ਘਟਣ ਨਾਲ ਅਤੇ ਕੁਝ ਚੰਦਰਮਾ ਨੂੰ ਕੈਲੰਡਰ ਮੰਨ ਕੇ ਵਾਪਰੀਆਂ ਘਟਨਾਵਾਂ ਦੇ ਆਧਾਰ ਤੇ ਨੀਅਤ ਕਰ ਲਏ। ਜਿਵੇਂ ਮੱਸਿਆ, ਪੁੰਨਿਆਂ, ਦੀਪਾਵਲੀ, ਈਦ ਮੁਬਾਰਕ, ਰਖੜ ਪੁੰਨਿਆਂ, ਕਰਵਾ ਚੌਥ ਅਤੇ ਦੁਸਹਿਰਾ ਵਗੈਰਾ।

ਕੁਝ ਮੇਲੇ ਸੂਰਜ ਨਾਲ ਜੁੜੇ ਹੋਏ ਹਨ। ਅੱਜ ਅਸੀਂ ਸਿਰਫ ਇਕ ਮੇਲੇ ਦੀ ਗੱਲ ਕਰਾਂਗੇ, ਜਿਸ ਨੂੰ ਕ੍ਰਿਸਮਸ ਵਜੋਂ ਮਨਾਇਆ ਜਾਂਦਾ ਹੈ। ਸੂਰਜ ਆਕਾਰ ਵਿਚ ਤਾਂ ਇਕੋ ਸਮਾਨ ਰਹਿੰਦਾ ਹੈ ਪਰ ਇਸ ਦੀ ਹਾਜ਼ਰੀ ਦਾ ਸਮਾਂ ਬਦਲਣ ਨਾਲ ਕਦੇ ਅੰਤਾਂ ਦੀ ਗਰਮੀ ਅਤੇ ਕਦੇ ਠੁਰ ਠੁਰ ਕਰਦਾ ਪਾਲਾ। ਭਰ ਜਵਾਨ ਸੂਰਜ ਦੀ ਗਰਮੀ ਤੋਂ ਬਚਣ ਲਈ ਮਨੁੱਖ ਕੁੱਲੀਆਂ ਬਣਾ ਸਕਦਾ ਸੀ। ਉਸ ਪਾਸ ਛਾਂ ਲਈ ਦਰਖਤ ਸਨ। ਦਰਿਆਵਾਂ, ਟੋਭਿਆਂ ਵਿਚ ਵੀ ਚੁੱਭੀਆਂ ਲਾ ਸਕਦਾ ਸੀ। ਸੂਰਜ ਦੇਵਤੇ ਨੂੰ ਸ਼ਾਂਤ ਕਰਨ ਲਈ ਮਨੁੱਖ ਨੇ ਸਵੇਰੇ ਉੱਠ ਕੇ ਸੂਰਜ ਨੂੰ ਪਾਣੀ ਅਰਪਨ ਕਰਨਾ ਸ਼ੁਰੂ ਕੀਤਾ। (ਸ਼ਿਵਲਿੰਗ ਤੇ ਪਾਣੀ ਜਾਂ ਦੁੱਧ ਪਾਉਣਾ ਵੀ ਕਾਮਦੇਵ ਨੂੰ ਸ਼ਾਂਤ ਰੱਖਣ ਲਈ ਹੀ ਹੈ)। ਸੂਰਜ ਅਲੋਪ ਹੁੰਦਿਆਂ ਹੀ ਠਰੂੰ ਠਰੂੰ ਕਰਦੀ ਸਰਦੀ ਜਦ ਆ ਡੇਰਾ ਜਮਾਉਂਦੀ ਤਾਂ ਠੰਡ ਤੋਂ ਬਚਣ ਲਈ ਮਨੁੱਖ ਪਾਸ ਸਿਰਫ ਅੱਗ ਦਾ ਸਹਾਰਾ ਸੀ। ਉਹ ਵੀ ਤਾਂ ਅੱਗ ਵਾਲੇ ਪਾਸੇ ਨਿੱਘ ਹੁੰਦਾ, ਬਾਕੀ ਸਾਰਾ ਜਿਸਮ ਤਾਂ ਨਿੱਘ ਵਿਚ ਨਹੀਂ ਲਪੇਟਿਆ ਜਾ ਸਕਦਾ ਸੀ। ਜਦ ਕਦੀ ਧੁੰਦ ਕਾਰਨ ਸੂਰਜ ਭਗਵਾਨ ਦੇ ਕਈ ਦਿਨ ਦਰਸ਼ਣ ਹੀ ਨਾ ਹੁੰਦੇ ਤਾਂ ਮਨੁੱਖ ਨੂੰ ਘਬਰਾਹਟ ਹੋਣੀ ਸੁਭਾਵਕ ਹੀ ਸੀ। ਉੱਪਰੋਂ ਪੁਜਾਰੀ ਤਬਕਾ ਦੱਸਦਾ ਕਿ ਸੂਰਜ ਦੇਵਤਾ ਤਾਂ ਧੁੰਦ ਦੇ ਦੈਂਤ ਨਾਲ ਜੰਗ ਵਿਚ ਰੁੱਝਾ ਹੋਇਆ ਹੈ। ਉਹ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਹੈ। ਸਾਨੂੰ ਉਸਦੀ ਮਦਦ ਲਈ ਪੂਜਾ ਪਾਠ ਕਰਨਾ ਚਾਹੀਦਾ ਹੈ। ਕੋਈ ਕੁਰਬਾਨੀ ਦੇਣੀ ਚਾਹੀਦੀ ਹੈ।

ਸਾਡੇ ਪੂਰਵਜਾਂ ਪਾਸ ਵਿਗਿਆਨਕ ਖੋਜ ਤਾਂ ਹੈ ਨਹੀਂ ਸੀ, ਉਹਨਾਂ ਦਾ ਜੀਵਨ ਤਾਂ ਮਿਥਿਹਾਸ ਸਹਾਰੇ ਚੱਲ ਰਿਹਾ ਸੀ। ਕਮਜ਼ੋਰ ਹੋਏ ਸੂਰਜ ਨੂੰ ਮਦਦ ਦੇਣ ਦੀ ਪਰਥਾ ਕੋਈ ਚਾਰ ਹਜ਼ਾਰ ਸਾਲ ਪੁਰਾਣੀ ਹੈ। ਮੈਸੋਪਟੇਮੀਆਂ ਫਰਾਤ ਅਤੇ ਟਾਈਗਰਸ ਦਰਿਆਵਾਂ ਦੇ ਵਿਚਾਲੇ ਦੇ ਇਲਾਕੇ (ਟਾਈਗਰਸ ਦਰਿਆ ਇਰਾਕ ਵਿਚ ਹੈ ਅਤੇ ਫਰਾਤ ਈਰਾਨ ਵਿਚ) ਦੇ ਇਤਿਹਾਸ ਵਿੱਚੋਂ ਕੋਈ ਚਾਰ ਹਜ਼ਾਰ ਸਾਲ ਤੋਂ ਸੂਰਜ ਦੀ ਮਦਦ ਲਈ ਕੀਤੇ ਉਪਰਾਲੇ ਦੀ ਜਾਣਕਾਰੀ ਮਿਲਦੀ ਹੈ। ਜਦ ਸੂਰਜ ਘੱਟ ਤੋਂ ਘੱਟ ਸਮੇਂ ਲਈ ਹਾਜ਼ਰੀ ਭਰਨ ਲੱਗਾ ਤਾਂ ਉਸਦੀ ਸਹਾਇਤਾ ਲਈ ਮੈਸੋਪਟੇਮੀਆਂ ਦਾ ਰਾਜਾ ਆਪਣੇ ਸਭ ਤੋਂ ਤਾਕਤਵਰ ਦੇਵਤੇ ਮਰਡੂਕ ਦੀ ਪੂਜਾ ਕਰਨ ਉਸ ਦੇ ਮੰਦਰ ਜਾਂਦਾ। ਪੂਜਾ ਤੋਂ ਉਪਰੰਤ ਰਾਜੇ ਦੀ ਕੁਰਬਾਨੀ ਦੇਣੀ ਹੁੰਦੀ ਸੀ ਤਾਂ ਕਿ ਉਹ ਮਰਡੂਕ ਦੇਵਤੇ ਨਾਲ ਰਲ ਕੇ ਸੂਰਜ ਨੂੰ ਧੁੰਦ ਦੇ ਦੈਂਤ ਤੋਂ ਛੁਡਵਾ ਲਵੇ। ਰਾਜੇ ਦੀ ਜਾਨ ਬਚਾਉਣ ਲਈ ਰਾਜੇ ਦੀ ਥਾਂ ਕਿਸੇ ਅਪਰਾਧੀ ਦੀ ਚੋਣ ਹੁੰਦੀ। ਉਸ ਨੂੰ ਰਾਜੇ ਵਰਗੇ ਬਸਤਰ ਪੁਆਏ ਜਾਂਦੇ। ਰਾਜੇ ਵਰਗੀਆਂ ਸਭ ਸੁਵਿਧਾਵਾਂ ਹੁੰਦੀਆਂ। ਰਾਜੇ ਜਿੰਨੀ ਇਜ਼ਤ ਹੁੰਦੀ। ਪੂਜਾ ਤੋਂ ਬਾਅਦ ਰਾਜੇ ਵਾਲੀ ਪੁਸ਼ਾਕ ਉਤਾਰ ਕੇ ਉਸ ਅਪਰਾਧੀ ਦੀ ਕੁਰਬਾਨੀ ਦੇ ਦਿੱਤੀ ਜਾਂਦੀ। ਇਹ ਸਾਰੀ ਪ੍ਰਕਿਰਿਆ ਬਾਰਾਂ ਦਸੰਬਰ ਤੋਂ ਸ਼ੁਰੂ ਹੁੰਦੀ ਅਤੇ ਬਾਰਾਂ ਦਿਨ ਚਲਦੀ।

ਇਸੇ ਤਰ੍ਹਾਂ ਹੀ ਪਰਸ਼ੀਅਨ ਅਤੇ ਬਿਬਲੋਨੀਅਨ ਲੋਕ ਇਹੋ ਜਿਹੇ ਉਪਰਾਲੇ ਕਰਦੇ। ਫਰਕ ਸਿਰਫ ਇੰਨਾ ਹੁੰਦਾ ਕਿ ਓਨੇ ਦਿਨ ਮਾਲਕ ਗੁਲਾਮ ਹੁੰਦੇ ਅਤੇ ਗੁਲਾਮ ਮਾਲਕ। ਮਾਲਕਾਂ ਨੂੰ ਗੁਲਾਮਾਂ ਦੀ ਤਾਬਿਦਾਰੀ ਕਰਨੀ ਪੈਂਦੀ। ਇਸ ਮੇਲੇ ਦੀ ਪੂਜਾ ਪਾਠ ਨੂੰ ਉਹ ਸਾਕਿਹੀਆ ਆਖਦੇ।

ਸਕੈਂਡੇਨੇਵੀਆ ਵਿਚ ਸੂਰਜ ਕੋਈ ਪੈਂਤੀ ਦਿਨ ਨਜ਼ਰ ਹੀ ਨਹੀਂ ਆਉਂਦਾ। ਤੀਹ ਕੁ ਦਿਨ ਬੀਤਣ ਬਾਅਦ ਕੁਝ ਲੋਕ ਪਹਾੜ ਦੀ ਚੋਟੀ ਤੇ ਚੜ੍ਹ ਕੇ ਦੇਖਦੇ। ਜਿਸ ਦਿਨ ਉਹਨਾਂ ਨੂੰ ਸੂਰਜ ਦੀ ਲੋ ਦਿਸਦੀ ਤਾਂ ਉਹ ਹੇਠਾਂ ਉੱਤਰ ਕੇ ਉਸਦੀ ਖਬਰ ਦਿੰਦੇ। ਲੋਕੀਂ ਵੱਡੇ ਵੱਡੇ ਲੱਕੜਾਂ ਦੇ ਮੁੱਢ ਰੱਖ ਕੇ ਧੂਣੀ ਬਾਲਦੇ। ਉਸ ਦੁਆਲੇ ਨੱਚਦੇ ਗਾਉਂਦੇ ਅਤੇ ਇਕੱਠੇ ਖਾਂਦੇ ਪੀਂਦੇ। ਇਸੇ ਤਰ੍ਹਾਂ ਗਰੀਕ, ਜਰਮਨ ਅਤੇ ਹੋਰ ਬਹੁਤ ਸਾਰੇ ਲੋਕ ਸੂਰਜ ਨੂੰ ਮੁੜ ਸੁਰਜੀਤ ਕਰਨ ਲਈ ਆਪੋ ਆਪਣੇ ਢੰਗ ਵਰਤਦੇ।

ਸੂਰਜ ਨੂੰ ਮੁੜ ਸੁਰਜੀਤ ਹੋਇਆ ਦੇਖ ਕੇ ਖੁਸ਼ੀਆਂ ਮਨਾਈਆਂ ਜਾਂਦੀਆਂ। ਸੂਰਜ ਦੇਵਤੇ ਦਾ ਨਵਾਂ ਜਨਮ ਗਿਣਿਆ ਜਾਂਦਾ। ਲੋਕ ਇਹਨਾਂ ਦਿਨਾਂ ਵਿਚ ਘਰਾਂ ਨੂੰ ਸ਼ਿੰਗਾਰਦੇ ਅਤੇ ਗਰਮੀਆਂ ਵਿਚ ਪੈਦਾ ਹੋਏ ਅੰਗੂਰਾਂ ਦੀ ਫਸਲ ਤੋਂ ਤਿਆਰ ਕੀਤੀ ਵਾਈਨ ਦੀ ਖੁੱਲ੍ਹ ਕੇ ਵਰਤੋਂ ਹੁੰਦੀ। ਸਿਆਲ ਰੁੱਤੇ ਜਦ ਸਾਰੀ ਬਨਸਪਤੀ ਸੁੱਕ ਜਾਂਦੀ ਤਾਂ ਬਹੁਤ ਸਾਰੇ ਜਾਨਵਰ ਵੀ ਬੁੱਚੜ ਕਰ ਲਏ ਜਾਂਦੇ; ਇਸ ਲਈ ਮਾਸ ਦੀ ਵੀ ਕਾਫੀ ਵਰਤੋਂ ਹੁੰਦੀ। ਲੋਕ ਸੂਰਜ ਦੇ ਨਵੇਂ ਜਨਮ ਦੀ ਖੁਸ਼ੀ ਵਿਚ ਚੰਗਾ ਚੋਖਾ ਖਾਂਦੇ; ਨਚਦੇ, ਗਾਉਂਦੇ। ਇਹ ਇਸ ਮੇਲੇ ਦਾ ਇਤਿਹਾਸਕ ਪੱਖ ਹੈ।

ਕ੍ਰਿਸਮਸ ਕ੍ਰਾਈਸਟ ਦਾ ਜਨਮ ਦਿਨ

ਈਸਾ ਮਸੀਹ ਨੂੰ ਕ੍ਰਾਈਸਟ ਵੀ ਕਿਹਾ ਜਾਂਦਾ ਹੈ। ਉਸ ਦੇ ਪੈਰੋਕਾਰਾਂ ਨੂੰ ਕ੍ਰਿਸਚੀਅਨ ਅਤੇ ਉਸ ਦੇ ਜਨਮ ਦਿਨ ਤੇ ਮਨਾਏ ਗਏ ਜਸ਼ਨ ਨੂੰ ਕ੍ਰਿਸਮਸ। ਈਸਾ ਮਸੀਹ ਦਾ ਜਨਮ ਕਦੋਂ ਹੋਇਆ, ਇਸ ਦਾ ਕੋਈ ਵੀ ਸਬੂਤ ਨਹੀਂ ਮਿਲਦਾ। ਈਸਾ ਮਸੀਹ ਦੀ ਸ਼ਹਾਦਤ ਤੋਂ ਬਾਅਦ ਉਸਦੇ ਸੇਵਕਾਂ ਨੂੰ ਬੇਹਦ ਕੁਰਬਾਨੀਆਂ ਦੇਣੀਆਂ ਪਈਆਂ। ਜਨਮ ਦਿਨ ਮਨਾਉਣਾ ਤਾਂ ਇਕ ਪਾਸੇ, ਉਹ ਤਾਂ ਇਕੱਠੇ ਵੀ ਚੋਰੀ ਛਿੱਪੇ ਹੁੰਦੇ ਸਨ।

ਪਾਲ ਯਹੂਦੀ ਸੀ। ਰੋਮ ਦਾ ਜੰਮਪਲ ਹੋਣ ਕਾਰਨ ਰੋਮਨ ਸੀ। ਉਸ ਨੇ ਖੁਦ ਕ੍ਰਾਈਸਟ ਨੂੰ ਦੇਖਿਆ ਤਕ ਨਹੀਂ ਸੀ। ਬਾਕੀ ਯਹੂਦੀਆਂ ਵਾਂਗ ਉਹ ਇਸ ਨਵੇਂ ਧਰਮ ਨਾਲ ਬੇਹਦ ਨਫਰਤ ਕਰਦਾ ਸੀ। ਉਸ ਨੇ ਇਸ ਨਵੇਂ ਧਰਮ ਨੂੰ ਖਤਮ ਕਰਨ ਲਈ ਬਹੁਤ ਸਾਰੇ ਕ੍ਰਿਸਚੀਅਨ ਨੂੰ ਫੜਾਇਆ, ਜਿਹਨਾਂ ਨੂੰ ਬੜੇ ਅਣਮਨੁੱਖੀ ਤਸੀਹੇ ਦਿੱਤੇ ਗਏ। ਬਾਅਦ ਵਿਚ ਉਸ ਨੇ ਖੁਦ ਕ੍ਰਿਸਚੀਅਨ ਧਰਮ ਅਪਨਾ ਲਿਆ। ਹੁਸ਼ਿਆਰ ਸੀ, ਕਾਫੀ ਪੜ੍ਹਿਆ ਹੋਇਆ ਸੀ। ਝਟ ਹੀ ਉਹ ਕ੍ਰਿਸਚੀਅਨਾਂ ਦਾ ਆਗੂ ਬਣ ਗਿਆ। ਉਸਨੇ ਕ੍ਰਿਸਚੀਐਨਿਟੀ ਨੂੰ ਦੂਰ ਦੁਰਾਡੇ ਪ੍ਰਚਾਰਨ ਦਾ ਪਰੋਗਰਾਮ ਉਲੀਕਿਆ। ਇਸ ਨੂੰ ਪਾਲ ਦੀ ਕ੍ਰਿਸਚੀਐਨਿਟੀ ਕਹਿਣਾ ਨਾਵਾਜਬ ਨਹੀਂ ਹੋਵੇਗਾ। ਉਸ ਨੇ ਪੈਜਨਸ ਕੌਮਾਂ ਵਿਚ (ਦੇਵੀ ਦੇਵਤਿਆਂ ਵਿਚ ਵਿਸ਼ਵਾਸ ਰਖਣ ਵਾਲੀਆਂ ਕੌਮਾਂ) ਕ੍ਰਿਸਚੀਐਨਿਟੀ ਦਾ ਪਰਚਾਰ ਕੀਤਾ। ਹਰ ਰੋਜ਼ ਜਨ ਸਾਧਾਰਨ ਉਹਨਾਂ ਨਾਲ ਜੁੜਨ ਲੱਗਾ।

ਫਿਰ ਇਕ ਸਮਾਂ ਅਜਿਹਾ ਵੀ ਆਇਆ ਕਿ ਰੋਮ ਬਾਦਸ਼ਾਹ ਕੋਨਸਟੇਟੀਨ ਇਕ ਲੜਾਈ ਵਿਚ ਹਾਰ ਗਿਆ। ਉਸ ਨੇ ਸੋਚਿਆ ਕਿ ਉਹਨਾਂ ਦੇ ਪੁਰਖਿਆਂ ਦਾ ਰੱਬ ਕਮਜ਼ੋਰ ਹੋ ਚੁੱਕਾ ਹੈ। ਅਗਰ ਉਸਨੂੰ ਅਗਲੀ ਲੜਾਈ ਵਿਚ ਜਿੱਤ ਪਰਾਪਤ ਹੋਈ ਤਾਂ ਉਹ ਇਸ ਨਵੇਂ ਉੱਭਰ ਰਹੇ ਧਰਮ ਨੂੰ ਅਪਨਾ ਲਵੇਗਾ। ਕੁਦਰਤਨ ਉਸ ਦੀ ਜਿੱਤ ਹੋਈ ਅਤੇ ਉਹ ਵੀ ਕ੍ਰਿਸਚੀਅਨ ਬਣ ਗਿਆ। ਰੋਮ ਵਿਚ ਕ੍ਰਿਸਚੀਅਨ ਚਰਚ ਤੋਂ ਪਾਬੰਦੀ ਹਟਾ ਲਈ ਗਈ। ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ (ਰਾਜ ਬਿਨਾਂ ਨਹੀਂ ਧਰਮ ਚਲੇ ਹੈ) ਕੰਮ ਕਰਨ ਲੱਗਾ। 

ਕ੍ਰਿਸਚਿਐਨਿਟੀ ਦਾ ਫੈਲਾ ਸ਼ੁਰੂ ਹੋ ਗਿਆ। ਨਵੇਂ ਬਣੇ ਕ੍ਰਿਸਚੀਅਨ ਪੁਰਾਣੇ ਢੰਗ ਨਾਲ ਹੀ ਸੂਰਜ ਦੇ ਆਗਮਨ ਦਾ ਮੇਲਾ ਮੰਨਾਉਣ, ਕ੍ਰਿਸਚੀਅਨ ਰਹਿਬਰਾਂ ਨੂੰ ਇਹ ਮਨਜ਼ੂਰ ਨਹੀਂ ਸੀ। ਕ੍ਰਿਸਚੀਅਨ ਆਗੂਆਂ ਨੇ ਪੈਰੋਕਾਰਾਂ ਨੂੰ ਆਦੇਸ਼ ਦਿੱਤਾ ਕਿ ਇਹ ਮੇਲਾ ਪੈਜਨਸ ਲੋਕਾਂ ਦਾ ਹੈ, ਸਾਨੂੰ ਨਹੀਂ ਮਨਾਉਣਾ ਚਾਹੀਦਾ। ਕੁਝ ਸਫਲਤਾ ਤਾਂ ਹੋਈ ਪਰ ਉਹ ਇਸ ਮੇਲੇ ਨੂੰ ਪੂਰੀ ਤਰ੍ਹਾਂ ਨਾ ਰੋਕ ਸਕੇ। ਕ੍ਰਾਈਸਟ ਦੀ ਸ਼ਹਾਦਤ ਤੋਂ 98 ਸਾਲ ਬਾਅਦ ਫੇਰ ਆਗੂਆਂ ਨੇ ਇਕ ਹੋਰ ਪੈਂਤੜਾ ਅਪਣਾਇਆ ਕਿ ਇਹ ਮੇਲਾ ਚਰਚ ਅੰਦਰ ਬੈਠ ਕੇ ਪੂਜਾ ਪਾਠ ਨਾਲ ਮਨਾਇਆ ਜਾਵੇਗਾ। ਦੂਸਰੀ ਤਬਦੀਲੀ ਕ੍ਰਾਈਸਟ ਦੀ ਸ਼ਹਾਦਤ ਤੋਂ 137 ਸਾਲ ਬਾਅਦ ਰੋਮ ਦੇ ਬਿਸ਼ਪ ਨੇ ਆਪਣੇ ਸੇਵਕਾਂ ਨੂੰ ਪੂਜਾ ਪਾਠ ਦੇ ਨਾਲ ਨਾਲ ਇਕ ਦਾਅਵਤ ਕਰਨ ਲਈ ਵੀ ਆਦੇਸ਼ ਦਿੱਤੇ। ਕ੍ਰਾਈਸਟ ਦੀ ਸ਼ਹਾਦਤ ਤੋਂ ਕੋਈ 350 ਸਾਲ ਬਾਅਦ ਰੋਮ ਦੇ ਬਿਸ਼ਪ ਜੂਲੀਅਸ-1 ਨੇ 25 ਦਸੰਬਰ ਕ੍ਰਾਈਸਟ ਦਾ ਜਨਮ ਦਿਨ ਘੋਸ਼ਤ ਕਰ ਦਿੱਤਾ। ਉਸ ਵਕਤ ਤੋਂ ਕ੍ਰਿਸਮਸ ਕ੍ਰਾਈਸਟ ਦੇ ਜਨਮ ਦਿਨ ਵਜੋਂ ਮਨਾਈ ਜਾਣ ਲੱਗੀ। ਧਰਮ ਦਾ ਰੰਗ ਇੱਡਾ ਗੂੜ੍ਹਾ ਚੜ੍ਹਿਆ ਕਿ ਉਸ ਨੇ ਸਾਰੇ ਪੁਰਾਣੇ ਰੰਗ ਲਕੋ ਲਏ। ਕਈ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਕ੍ਰਾਈਸਟ ਦੇ ਜਨਮ ਦੀ ਤਾਰੀਖ 25 ਦਸੰਬਰ ਇਸ ਲਈ ਚੁਣੀ ਗਈ ਕਿ ਉਹ ਨਵੇਂ ਬਣੇ ਕ੍ਰਿਸਚੀਅਨਾਂ ਨੂੰ ਪੈਜਨਸ ਮੇਲੇ ਦਾ ਬਦਲ ਦੇ ਸਕਣ। ਉਹ ਮੌਸਮੀ ਮੇਲਾ ਅੱਜ ਸਿਰਫ ਕ੍ਰਿਸਚੀਅਨ ਮੇਲਾ ਬਣ ਕੇ ਰਹਿ ਗਿਆ ਹੈ।

ਕ੍ਰਿਸਮਿਸ ਦੇ ਬਦਲਦੇ ਰੰਗ

ਕ੍ਰਾਈਸਟ ਸਾਦਗੀ ਪਸੰਦ ਸੀ। ਜ਼ਿਆਦਾ ਤਰ ਉਸ ਦੇ ਪੈਰੋਕਾਰ ਆਰਥਕ ਪੱਖੋਂ ਕਮਜ਼ੋਰ ਸਨ। 25 ਦਸੰਬਰ ਨੂੰ ਉਹ ਕ੍ਰਾਈਸਟ ਦੇ ਜਨਮ ਤੇ ਚਰਚ ਵਿਚ ਇਕੱਠੇ ਹੋ ਕੇ ਖੁਸ਼ੀ ਮਨਾਉਂਦੇ। ਸਮਾਂ ਕਦੇ ਖਲੋਤਾ ਨਹੀਂ ਅਤੇ ਨਾ ਹੀ ਰਸਮੋ ਰਿਵਾਜ। ਇਹ ਵੀ ਸਮੇਂ ਨਾਲ ਬਦਲਦੇ ਰਹਿੰਦੇ ਹਨ। ਯੋਰੋਸ਼ਲਮ ਦੇ ਚੁਗਿਰਦੇ ’ਚੋਂ ਨਿਕਲ ਕ੍ਰਿਸਚਿਐਨੇਟੀ ਜਦ ਦੂਰ ਯੂਰਪ ਅਤੇ ਅਫਰੀਕਾ ਤਕ ਫੈਲੀ ਤਾਂ ਉਹਨਾਂ ਦੇ ਰਸਮੋ ਰਿਵਾਜ ਦਾ ਪਰਛਾਵਾਂ ਵੀ ਕ੍ਰਿਸਮਸ ਤੇ ਪੈਣ ਲੱਗਾ।

ਕ੍ਰਿਸਮਸ ਟਰੀ ਦੀ ਵਰਤੋਂ

ਅੱਜ ਘਰਾਂ ਵਿਚ ਕ੍ਰਿਸਮਸ ਸੀਜ਼ਨ ਦੀ ਸ਼ੁਰੂਆਤ ਕ੍ਰਿਸਮਸ ਟਰੀ ਨਾਲ ਹੁੰਦੀ ਹੈ। ਵੱਖੋ ਵੱਖਰੇ ਢੰਗਾਂ ਨਾਲ ਸ਼ੰਗਾਰ ਕੇ ਸਿਖਰ ਇਕ ਤਾਰਾ ਟੰਗਿਆ ਜਾਂਦਾ ਹੈ। ਸਭ ਤੋਂ ਪਹਿਲਾਂ ਜਰਮਨ ਵਾਲਿਆਂ ਨੇ ਕੋਈ ਸੋਲ੍ਹਵੀਂ ਸਦੀ ਵਿਚ ਘਰਾਂ ਵਿਚ ਸ਼ੰਗਾਰਿਆ ਕ੍ਰਿਸਮਸ ਟਰੀ ਰੱਖ ਕੇ ਕ੍ਰਿਸਮਸ ਮਨਾਈ। ਉਸ ਦੇ ਹਾਰ ਸ਼ਿੰਗਾਰ ਲਈ ਸੇਬ, ਨਾਸ਼ਪਾਤੀਆਂ ਅਤੇ ਹੋਰ ਫਲ ਵਗੈਰਾ ਦੀ ਵਰਤੋਂ ਕੀਤੀ ਗਈ। ਬਾਅਦ ਵਿਚ ਹੋਰ ਕਈ ਕਿਸਮ ਦਾ ਚਮਕਦਾ ਦਮਕਦਾ ਹਾਰ ਸ਼ਿੰਗਾਰ ਬਾਜ਼ਾਰਾਂ ਵਿਚ ਆ ਗਿਆ। ਕਹਿੰਦੇ ਨੇ ਲੂਥਰ ਨਾਮ ਦਾ ਇਕ ਪਰੋਟੈਸਟੈਂਟ ਜਰਮਨ ਪਾਦਰੀ ਨੂੰ ਇਕ ਰਾਤ ਇਕ ਸਦਾਬਹਾਰ ਰਹਿਣ ਵਾਲੇ ਬੂਟੇ ਦੀਆਂ ਪਤਿਆਂ ਵਿਚ ਦੀ ਟਿਮਟਿਮਾਉਂਦੇ ਅਸਮਾਨੀ ਤਾਰੇ ਬੇਹਦ ਪਸੰਦ ਆਏ ਤਾਂ ਘਰ ਆ ਕੇ ਉਸ ਨੇ ਤਾਰਾਂ ਨਾਲ ਕ੍ਰਿਸਮਸ ਟਰੀ ਦੀਆਂ ਟਾਹਣਾਂ ਵਿਚ ਜਲਦੀਆਂ ਮੋਮਬਤੀਆਂ ਬੰਨੀਆਂ। ਅੱਜ ਬਿਜਲੀ ਦੇ ਰੰਗ ਬਰੰਗੇ ਬਲਬ ਸ਼ਿੰਗਾਰ ਦਾ ਇਕ ਜ਼ਰੂਰੀ ਹਿੱਸਾ ਬਣ ਗਏ ਹਨ।

ਅਠਾਰਾਂ ਸੌ ਛਤਾਲੀ ਦੇ ਕ੍ਰਿਸਮਸ ਸੀਜ਼ਨ ਦੌਰਾਨ ਜਦ ਬ੍ਰਿਟਿਸ਼ ਲੋਕਾਂ ਨੇ ਆਪਣੀ ਹਰਦਿਲ ਅਜ਼ੀਜ਼ ਮਲਕਾ ਵਿਕਟੋਰੀਆ ਅਤੇ ਪ੍ਰਿੰਸ ਐਲਬਰਟ ਨੂੰ ਆਪਣੇ ਬੱਚਿਆਂ ਸਮੇਤ ਸ਼ਿੰਗਾਰੇ ਹੋਏ ਕ੍ਰਿਸਮਸ ਟਰੀ ਪਾਸ ਲੰਡਨ ਨਿਊਜ਼ ਵਿਚ ਛਪੀ ਤਸਵੀਰ ਵਿਚ ਦੇਖਿਆ ਤਾਂ ਸਾਰੇ ਇੰਗਲੈਂਡ ਵਿਚ ਕ੍ਰਿਸਮਸ ਟਰੀ ਕ੍ਰਿਸਮਸ ਦਾ ਜ਼ਰੂਰੀ ਅੰਗ ਬਣ ਗਿਆ। ਜਰਮਨ ਪਿਛੋਕੜ ਵਾਲੇ ਅਮਰੀਕਨ ਵਾਸੀਆਂ ਨੇ ਅਮਰੀਕਾ ਦੀ ਧਰਤੀ ਤੇ ਕੋਈ ਸਤਾਰਾਂ ਸੌ ਸੰਨਤਾਲੀ ਵਿਚ ਹੀ ਕ੍ਰਿਸਮਸ ਟਰੀ ਨੂੰ ਕ੍ਰਿਸਮਸ ਦਾ ਅੰਗ ਬਣਾ ਲਿਆ ਸੀ ਪਰ ਨਿਊ ਇੰਗਲੈਂਡ ਸਟੇਟ ਦੇ ਪਿਊਰੀਟਨ ਕ੍ਰਿਸਚੀਅਨ (ਕੈਥੋਲਿਕ, ਪਰੋਟੈਸਟੈਂਟ, ਪਿਉਰਟਨ, ਲੂਥਰਨ; ਕ੍ਰਿਸਚਿਐਨੇਟੀ ਦੇ ਵੱਖ ਵੱਖ ਫਿਰਕੇ) ਕ੍ਰਿਸਮਸ ਟਰੀ ਅਤੇ ਗਲੀਆਂ ਵਿਚ ਗੀਤ ਗਾਉਣ ਅਤੇ ਹੋਰ ਸਾਰੇ ਧੂਮ ਧੜੱਕੇ ਨੂੰ ਪੇਜਨ ਧਰਮ ਦਾ ਹਿੱਸਾ ਸਮਝਦੇ ਸਨ। ਇਹ ਸਭ ਰਸਮਾਂ ਕ੍ਰਾਈਸਟ ਤੋਂ ਪਹਿਲਾਂ ਜਰਮਨ ਵਾਲੇ ਸਰਦ ਰੁੱਤੇ ਜਦੋਂ ਹਰ ਪਾਸੇ ਸੋਕਾ ਹੀ ਸੋਕਾ ਨਜ਼ਰ ਆਊਂਦਾ ਸੀ, ਦਾਨਵਾਂ ਤੋਂ ਆਪਣੇ ਘਰਾਂ ਨੂੰ ਬਚਾਉਣ ਲਈ ਆਪਣੇ ਘਰਾਂ ਅੱਗੇ ਸਦਾ ਬਹਾਰ ਦੀਆਂ ਟਾਹਣਾਂ ਟੰਗਦੇ ਸਨ। ਇਸੇ ਤਰ੍ਹਾਂ ਦੇ ਕੁਝ ਰਿਵਾਜ ਰੋਮ ਵਾਲਿਆਂ ਅਤੇ ਮਿਸਰ ਵਾਲਿਆਂ ਵਿਚ ਵੀ ਪ੍ਰਚਲਤ ਸਨ। ਰੋਮ ਵਾਲੇ ਤਾਂ ਸਾਡੀ ਲੋਹੜੀ ਦੇ ਤਿਉਹਾਰ ਵਾਂਗ ਗਲੀਆਂ ਵਿਚ ਗਾਉਂਦੇ ਫਿਰਦੇ ਹੁੰਦੇ ਸਨ। ਨਿਊ ਇੰਗਲੈਂਡ ਸਟੇਟ ਦੇ ਗਵਰਨਰ ਨੇ ਇਹਨਾਂ ਪੈਜਨ ਰਿਵਾਜ਼ਾਂ ’ਤੇ ਪਾਬੰਦੀ ਲਗਾ ਦਿੱਤੀ। ਹੋਰ ਜਰਮਨ ਆਉਣ ਨਾਲ ਹੌਲੀ ਹੌਲੀ ਕੋਈ ਉੰਨੀਵੀਂ ਸਦੀ ਵਿਚ ਕ੍ਰਿਸਮਸ ਦੌਰਾਨ ਕ੍ਰਿਸਮਸ ਟਰੀ ਦੀ ਆਮ ਵਰਤੋਂ ਹੋਣ ਲੱਗੀ। ਅੱਜ ਅਮਰੀਕਾ ਇਕ ਧਰਮ ਨਿਰਪੱਖ ਦੇਸ ਹੋਣ ਦੇ ਬਾਵਜੂਦ ਕ੍ਰਿਸਮਸ ਮੌਕੇ ਸਰਕਾਰੀ ਤੌਰ ’ਤੇ ਵਾਸ਼ਿੰਗਟਨ ਵਿਚ ਕੋਈ ਅੱਸੀ ਫੁੱਟ ਉੱਚਾ ਕ੍ਰਿਸਮਸ ਟਰੀ ਲਗਾਉਂਦਾ ਹੈ ਅਤੇ ਅਮਰੀਕਾ ਦਾ ਪਰਧਾਨ ਉਸ ’ਤੇ ਲੱਗੀਆਂ ਬਤੀਆਂ ਜਗਾਉਣ ਲਈ ਸਵਿੱਚ ਆਨ ਕਰਦਾ ਹੈ।

ਸੈਂਟਾ ਕਲਾਸ ਦੀ ਆਮਦ

ਕ੍ਰਿਸਮਸ ਵਿਚ ਸੈਂਟਾ ਕਲਾਸ ਲਿਆਉਣ ਦਾ ਸੁਪਨਾ ਨਿਊਯਾਰਕ ਦੇ ਇਕ ਲੇਖਕ ਕਲਮੀਨਟ ਕਲਾਰਕ ਮੂਰ ਨੇ ਸੰਨ 1823 ਵਿਚ ਲਿਆ। ਕਾਰਟੂਨਿਸਟ ਥੌਮਸ ਨਾਸਟ ਨੇ ਉਸ ਦੀ ਰੂਪ ਰੇਖਾ ਉਲੀਕੀ। ਲਾਲ ਕੋਟ ਵਿਚ ਲਪੇਟਿਆ ਹੋਇਆ ਢਿੱਲਾ ਜਿਹਾ ਵੱਡਾ ਸਾਰਾ ਢਿੱਡ, ਢਿੱਲੀ ਜਿਹੀ ਲਾਲ ਪੈਂਟ, ਸਫੇਦ ਲੰਮੀ ਦਾਹੜੀ, ਸਿਰ ਉੱਤੇ ਲਾਲ ਟੋਪੀ ਪਹਿਨ ਕੇ ਜਦੋਂ ਸੈਂਟਾ ਕਲਾਸ ਸਾਹਮਣੇ ਆਇਆ ਤਾਂ ਉਸਦੇ ਚੀਚ ਵਹੁਟੀ (ਬਰਸਾਤ ਰੁੱਤੇ ਨਿਕਲਣ ਵਾਲੀ ਮਖ਼ਮਲੀ ਲਾਲ ਰੰਗ ਦੀ ਭੂੰਡੀ) ਦੇ ਰੂਪ ਨੇ ਸਭਨਾਂ ਦਾ, ਖਾਸ ਕਰ ਬੱਚਿਆਂ ਦਾ ਮਨ ਮੋਹ ਲਿਆ। ਇਸਦਾ ਪਿਛੋਕੜ ਸੇਂਟ ਨਿਕਲਸ ਜਾਂ ਸੇਂਟ ਲੂਸੀ ਨਾਲ ਜੋੜਿਆ ਜਾਂਦਾ ਹੈ, ਜੋ ਪਰਉਪਕਾਰੀ ਸਨ ਅਤੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ। ਸੈਂਟਾ ਕਲਾਸ ਦੇ ਆਉਣ ਨਾਲ ਗਿਫਟ ਲੈਣ ਦੇਣ ਦੀ ਅਮਰੀਕਨ, ਡੱਚ ਅਤੇ ਇੰਗਲਿਸ਼ ਰਵਾਇਤ ਨੂੰ ਬੜਾ ਬੜ੍ਹਾਵਾ ਮਿਲਿਆ।

ਸੈਂਟਾ ਕਲਾਸ ਦੇ ਆਉਣ ਤੋਂ ਪਹਿਲਾਂ ਬੱਚਿਆਂ ਦਾ ਕ੍ਰਿਸਮਸ ਨਾਲ ਕੋਈ ਸਬੰਧ ਨਹੀਂ ਸੀ। ਇਸਦੇ ਆਉਂਦਿਆਂ ਸਾਰ ਹੀ ਇਹ ਵਿਉਪਾਰੀਆਂ ਦਾ ਤਾਂ ਮਸੀਹਾ ਬਣ ਗਿਆ। ਮਾਪੇ ਆਪਣੇ ਬੱਚਿਆਂ ਨੂੰ ਸੈਂਟਾ ਕਲਾਸ ਦੀ ਗੋਦੀ ਵਿਚ ਬਿਠਾ ਕੇ ਤਸਵੀਰਾਂ ਖਿਚਵਾਉਂਦੇ ਹਨ। ਸਟੋਰ ਆਇਆ ਬੱਚਾ ਕੁਝ ਨਾ ਕੁਝ ਖਰੀਦਣ ਲਈ ਮਾਂ ਬਾਪ ਨੂੰ ਮਜਬੂਰ ਕਰ ਹੀ ਦਿੰਦਾ ਹੈ। ਵਿਉਪਾਰੀ ਤਬਕੇ ਵਲੋਂ ਗਿਫਟ ਦੀ ਅਖਬਾਰਾਂ ਰਾਹੀਂ ਗਿਫਟ ਲਿਸਟ ਅਠਾਰਵੀਂ ਸਦੀ ਵਿਚ ਸ਼ੁਰੂ ਹੋਈ, ਜੋ ਅੱਜ ਸਿਖਰਾਂ ’ਤੇ ਹੈ। ਅਜਕਲ ਤਾਂ ਅਕਤੂਬਰ ਲੰਘਦਿਆਂ ਹੀ ਕ੍ਰਿਸਮਿਸ … ਕ੍ਰਿਸਮਿਸ … ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਖਿਡੌਣੇ ਅਤੇ ਹੋਰ ਘਰ ਵਿਚ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਨਾਲ ਸਾਰੇ ਸਟੋਰ ਨੱਕੋ ਨੱਕ ਭਰ ਦਿੱਤੇ ਜਾਂਦੇ ਹਨ। ਸਟੋਰਾਂ ਦਾ ਹਾਰ ਸ਼ਿੰਗਾਰ ਲੋਕਾਈ ਲਈ ਖਿੱਚ ਦਾ ਕਾਰਨ ਬਣਦਾ ਹੈ।

ਕਈ ਲੋਕ ਤਾਂ ‘ਸਰਦਾ ਭਲਾ’ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਖਰਚਣ ਤੋਂ ਪਹਿਲਾਂ ਹੀ ਆਪਣੀ ਜੇਬ ਦਾ ਅੰਦਾਜ਼ਾ ਲਾ ਲੈਂਦੇ ਹਨ ਪਰ ਬਹੁਤ ਸਾਰੇ ਜੇਬ ਵਿਚ ਹੀ ਬਾਣੀਏ ਦਾ ‘ਬਹੀ ਖਾਤਾ’ ਕਰੈਡਿਟ ਕਾਰਡ ਦੇ ਰੂਪ ਵਿਚ ਲਈ ਫਿਰਦੇ ਹਨ। ਬਸ ‘ਸੋਹੰਦਾ ਭਲਾ’ ਦੇ ਲੜ ਲੱਗ ਕੇ ਕਈ ਇੰਨੇ ਵਿਤੋਂ ਬਾਹਰੇ ਹੋ ਵਗਦੇ ਹਨ ਕਿ ਉਹਨਾਂ ਨੂੰ ਕਰੈਡਟ ਕਾਰਡ ਦੇ ਕਰਜ਼ੇ ਥੱਲਿਓਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਜਿਸ ਪਾਸ ਕੋਈ ਗਿਫਟ ਦਾ ਬਕਸ ਖੋਲ੍ਹਣ ਨੂੰ ਨਹੀਂ, ਉਹ ਉਦਾਸ ਹੋ ਜਾਂਦਾ ਹੈ। ਆਰਥਕ ਪੱਖੋਂ ਕਮਜ਼ੋਰ ਬੱਚਿਆਂ ਲਈ ਕਈ ਸੰਸਥਾਵਾਂ ਗਿਫਟ ਜੁਟਾ ਦੇਂਦੀਆਂ ਹਨ। ਕ੍ਰਿਸਮਸ ਡਿਨਰ ਵੀ ਵਰਤਾਏ ਜਾਂਦੇ ਹਨ। ਹਰ ਕੋਈ ਇਕ ਦੂਸਰੇ ਦੀ ਖੁਸ਼ੀ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ।

ਮੇਲੇ ਤਿਓਹਾਰ ਖੁਸ਼ੀਆਂ ਖੇੜਿਆਂ ਲਈ ਹੁੰਦੇ ਹਨ, ਚਾਹੇ ਉਹ ਕਿਸੇ ਫਿਰਕੇ ਜਾਂ ਕਿਸੇ ਵੀ ਧਰਮ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ। ਪਰ ਜਦ ਇਹੋ ਜਿਹੇ ਖੁਸ਼ੀ ਦੇ ਅਵਸਰ ਨੂੰ ਵੀ ਜੰਗਬਾਜ਼ ਆਪਣੀ ਹੈਂਕੜ ਪੁਗਾਉਣ ਲਈ ਬਾਰੂਦ ਦੇ ਧੂਏਂ ਨਾਲ ਧੁੰਦਲਾ ਕਰ ਦਿੰਦੇ ਹਨ ਤਾਂ ਅਪਾਹਜਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ। ਮਾਤਮ ਦੀਆਂ ਸਫਾਂ ਵਿਛ ਜਾਂਦੀਆਂ ਹਨ। ਧਰਮਾਂ ਅਤੇ ਸੱਭਿਅਤਾਵਾਂ ਦੇ ਵਧ ਰਹੇ ਵਿਰੋਧ ਕਾਰਨ ਕ੍ਰਿਸਮਸ ਹੀ ਨਹੀਂ, ਸੰਸਾਰ ਦਾ ਹਰ ਮੇਲਾ ਅੱਜ ਬੰਦੂਕਾਂ ਦੀ ਛਾਂ ਥੱਲੇ ਮਨਾਇਆ ਜਾ ਰਿਹਾ ਹੈ। ਮੇਲਿਆਂ ਦੀ ਖੁਸ਼ੀ ਪਵਿੱਤਰਤਾ ਨੂੰ ਸੋਗ ਵਿਚ ਬਦਲਣ ਤੋਂ ਬਚਾਉਣ ਲਈ ਕਿਤੇ ਕੋਈ ਮੋੜ ਪੈਂਦਾ ਨਜ਼ਰ ਨਹੀਂ ਆ ਰਿਹਾ।

530 695 1318


Post a Comment