ਸੁਣੀਂ ਮਾਲਕਾ! ਮੇਰੀ ਕੂਕ ਪਪੀਹੇ ਵਾਲੀ.......... ਲੇਖ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਗੁਰੂ ਜੀ ਬੜੇ ਚਿਰ ਦਾ ਦਿਲ ਕਰਦਾ ਸੀ ਕਿ ਤੁਹਾਨੂੰ ਮੇਰਾ ਮਤਲਬ ਕਿ ਪ੍ਰਿਥਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਵਦੇ ਦਿਲ 'ਚ ਉੱਠਦੇ ਉਬਾਲ ਲਿਖ ਕੇ ਚਿੱਠੀ ਪਾਈ ਜਾਵੇ। ਤੁਹਾਡਾ ਕਮਅਕਲ ਪੁੱਤ ਕੁੱਝ ਲਿਖਣ ਤੋਂ ਪਹਿਲਾਂ ਹੀ ਮਾਫ਼ੀ ਦਾ ਚਾਹਵਾਨ ਹੈ ਸੋ ਤੁਸੀਂ ਵੀ ਪਹਿਲਾਂ ਹੀ ਮਾਫ਼ ਕਰ ਦਿਓ। ਤੁਹਾਨੂੰ ਤਾਂ ਪਤਾ ਹੀ ਐ ਕਿ ਜਿਵੇਂ ਲੋਕ ਤੁਹਾਡੇ ਨਾਂ 'ਤੇ ਇੱਕ ਰੁਪਈਆ ਮੱਥਾ ਟੇਕ ਕੇ 'ਬਾਹਲਾ ਬਾਹਲਾ ਦੇਈਂ' ਦੀ ਮੰਗ ਰੱਖ ਦਿੰਦੇ ਨੇ... ਪਰ ਮੈਂ ਤਾਂ ਕਦੇ ਅਜਿਹੀ ਮੰਗ ਵੀ ਨਹੀਂ ਰੱਖੀ ਜੋ ਮੇਰੀ ਔਕਾਤ ਤੋਂ ਵੱਧ ਹੋਵੇ। ਕਈ ਤਾਂ ਐਸੇ ਵੀ ਹਨ ਜੋ ਪੰਜ ਟੇਕ ਕੇ ਦਸ ਚੁੱਕ ਲੈਂਦੇ ਹਨ। ਪਰ ਅੱਜ ਜੇ ਕੁੱਝ ਮੰਗ ਰਿਹਾ ਹਾਂ ਤਾਂ ਮਾਫ਼ੀ ਹੀ ਮੰਗ ਰਿਹਾ ਹਾਂ। ਉਮੀਦ ਹੀ ਨਹੀਂ ਯਕੀਨ ਵੀ ਹੈ ਕਿ ਮਾਫ਼ ਕਰਨ ਦੇ ਨਾਲ ਨਾਲ ਮੇਰੀ ਇਹ ਚਿੱਠੀ ਪੜ੍ਹ ਕੇ ਕੋਈ ਮੱਤ ਵੀ ਜਰੂਰ ਦੇਵੋਗੇ ਅਤੇ ਅੱਗੇ ਤੋਂ ਬੁੱਧੀ- ਬਲ ਬਖਸ਼ੋਗੇ। 
ਗੁਰੂ ਜੀ,
ਸਕੂਲ 'ਚ ਪੜ੍ਹਦਿਆਂ ਮਾਸਟਰਾਂ ਨੇ ਪੜ੍ਹਾਇਆ ਸੀ ਕਿ ਜਦੋਂ ਪਾਧ੍ਹਾ ਤੁਹਾਨੂੰ ਪੜ੍ਹਾਉਣ ਲੱਗਾ ਤਾਂ ਤੁਸੀਂ ੴ ਲਿਖ ਦਿੱਤਾ ਸੀ। ਇਹ ਤੁਹਾਡੇ ਵੱਲੋਂ ਲੋਕਾਈ ਨੂੰ ਦਿੱਤਾ ਸੁਨੇਹਾ ਸੀ ਕਿ ਤੁਸੀਂ ਆਪਣੇ ਹੱਥੋਂ ਪਹਿਲਾ ਅੱਖਰ ਹੀ ਗੁਰਮੁਖੀ ਦਾ ਲਿਖਿਆ ਸੀ ਪਰ ਗੁਰੂ ਜੀ ਹੁਣ ਤਾਂ ਲੋਕ 'ਅੰਗਜਾਬੀ' ਹੋ ਗਏ ਨੇ ਕਿਉਂਕਿ ਤੁਹਾਡੇ ਜਨਮਦਿਨ ਦੀਆਂ ਵਧਾਈਆਂ ਵੀ 'ਹੈਪੀ ਗੁਰਪੁਰਬ' ਕਹਿ ਕੇ ਦੇਣ ਦੇ ਆਦੀ ਹੋ ਗਏ ਨੇ। ਸਾਡੇ ਬੱਚਿਆਂ ਨੂੰ ਤਾਂ ਅਸੀਂ ਅਜੇ ਵੀ ਦੀਵਾਲੀ ਵਾਲੇ ਦਿਨ ਵਰਜਦਿਆਂ ਇਹੀ ਆਖਦੇ ਆਂ, "ਕੰਜਰੋ, ਸਾਰੇ ਭੜਾਕੇ ਅੱਜ ਈ ਨਾ ਮੁਕਾ ਲਿਓ, ਗੁਰਪੁਰਬ ਵਾਸਤੇ ਵੀ ਬਚਾ ਲਿਓ।" ਪਤਾ ਨਹੀਂ ਲੱਗ ਰਿਹਾ ਕਿ ਇਹ ਤੁਹਾਡੇ ਜਨਮਦਿਨ ਦੀ ਖੁਸ਼ੀ ਹੁੰਦੀ ਐ ਕਿ ਭੇਡ-ਚਾਲ। ਇਉਂ ਲਗਦੈ ਕਿ ਅਸੀਂ ਤਾਂ ਤੁਹਾਡੀਆਂ ਸਿੱਖਿਆਵਾਂ 'ਤੇ ਹੀ ਗੋਹਾ ਮਿੱਟੀ ਦਾ ਪੋਚਾ ਫੇਰ ਦਿੱਤੈ। ਗੁਰੂ ਜੀ ਅਸੀਂ ਤਾਂ ਤੁਹਾਡੀ ਕਿਸੇ ਸਿੱਖਿਆ 'ਤੇ ਮੂਲੋਂ ਹੀ ਅਮਲ ਨਹੀਂ ਕੀਤਾ। ਜੋ ਕੁਝ ਤੁਸੀਂ ਸਾਡੇ ਅਗਾਊਂ ਜੀਵਨ ਨੂੰ ਸੌਖਿਆਂ ਕਰਨ ਲਈ ਉੱਚਰਿਆ ਸੀ ਅਸੀਂ ਤਾਂ ਓਹ ਸਿਰਫ਼ ਤੇ ਸਿਰਫ਼ ਕਾਗਜ਼ਾਂ ਦਾ ਮੁਹਤਾਜ ਬਣਾ ਕੇ ਰੱਖ ਦਿੱਤੈ। ਹਾਂ ਜੀ, ਕਾਗਜ਼ਾਂ ਦਾ ਮੁਹਤਾਜ ਹੀ ਹੋਇਆ, ਜਦੋਂ ਅਮਲ ਹੀ ਨਹੀਂ ਕਰਨਾ। ਤੁਹਾਡੀ ਦੂਰਦਰਸ਼ੀ ਸੋਚ ਹੀ ਸੀ ਕਿ 
"ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।" (ਪੰਨਾ 473) 
ਪਰ ਗੁਰੂ ਜੀ ਅਸੀਂ ਤਾਂ ਆਪਣੇ ਹੀ ਮੂਲ ਭਾਵ ਕੁੜੀ ਨੂੰ ਮਾਰਨ ਦੇ ਰਾਹ ਤੁਰੇ ਹੋਏ ਹਾਂ। ਜਿਸ ਕੁੜੀ ਨੂੰ ਤੁਸੀਂ ਵਡਿਆਇਆ ਹੈ, ਉਸਨੂੰ ਤਾਂ ਤੁਹਾਡੇ ਪੈਰੋਕਾਰ ਪੱਥਰ ਦੱਸ ਕੇ ਕੁੱਖ 'ਚ ਹੀ ਓਹਦੀ ਕਬਰ ਬਣਾ ਦਿੰਦੇ ਹਨ। ਤੁਹਾਡਾ ਤਾਂ ਸੁਨੇਹਾ ਹੀ ਇਹ ਸੀ ਕਿ ਨਰ ਤੇ ਮਾਦਾ ਇਸ ਦੁਨਿਆਵੀ ਗੱਡੇ ਦੇ ਦੋ ਪਹੀਏ ਹਨ ਪਰ ਅਸੀਂ ਤਾਂ ਮਾਦਾ ਰੂਪੀ ਪਹੀਏ ਦੀਆਂ ਖਲਪਾੜਾਂ ਕਰ ਦਿੱਤੀਆਂ ਹਨ ਫਿਰ ਅਸੀਂ ਕਿਹੜੇ ਸੁਖਾਵੇਂ ਸਫ਼ਰ ਦੀ ਆਸ ਰੱਖਾਂਗੇ। ਹੁਣ ਤਾਂ ਥਾਂ ਥਾਂ ਇਹੀ ਲਿਖਿਆ ਪੜ੍ਹੋਗੇ ਕਿ "ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ।" ਇਹਦਾ ਮਤਲਬ ਤਾਂ ਇਹੀ ਐ ਕਿ ਅਸੀਂ ਪਹਿਲਾਂ ਟੈਸਟ ਕਰਦੇ ਸੀ ਪਰ ਹੁਣ ਨਹੀਂ ਕਰਦੇ.... ਇਹ ਹੈ ਇਸ ਧਰਤੀ ਦੇ ਜੀਵਾਂ 'ਚੋਂ ਸਭ ਤੋਂ ਉੱਤਮ ਬੁੱਧੀ ਦੇ ਮਾਲਕ ਮਨੁੱਖ ਦੀ ਕਰਤੂਤ ਕਿ ਉਸਨੂੰ ਮਾੜੇ ਪਾਸਿਉਂ ਮੋੜਨ ਲਈ ਕਾਨੂੰਨ ਰੂਪੀ ਡਾਂਗਾਂ ਵਾਲੇ ਰਸਤੇ 'ਚ ਖੜ੍ਹਾਏ ਜਾਂਦੇ ਹਨ। ਗੁਰੂ ਜੀ ਮੈਨੂੰ ਤਾਂ ਲਗਦੈ ਕਿ ਕੁੱਤਾ ਵੀ ਮਨੁੱਖ ਤੋਂ ਵਧੇਰੇ ਸਮਝਦਾਰ ਐ ਕਿਉਂਕਿ ਮੈਂ ਤਾਂ ਕਦੇ ਕਿਸੇ ਕੁੱਤੇ ਨੂੰ ਆਵਦੀ ਔਲਾਦ ਨੂੰ ਕੁੱਖ 'ਚ ਕਤਲ ਕਰਦਿਆਂ ਨਹੀਂ ਦੇਖਿਆ? ਫਿਰ ਬੰਦਾ ਤਾਂ ਕੁੱਤੇ ਤੋਂ ਵੀ ਭੈੜਾ ਹੋਇਆ ਕਿ ਨਹੀਂ? ਇੱਕ ਬੰਦਾ ਦੂਜੇ ਨੂੰ ਗਾਲ੍ਹ ਕੱਢਣ ਲੱਗਾ ਆਮ ਹੀ ਕਹਿ ਦਿੰਦਾ ਸੀ 'ਓਏ ਕੁੱਤੇ ਦਿਆ ਪੁੱਤਾ'.... ਪਰ ਹੁਣ ਕੁੱਤਿਆਂ ਤੋਂ ਵੀ ਭੈੜੀਆਂ ਕਰਤੂਤਾਂ ਦੇਖਕੇ ਕੁੱਤੇ ਇੱਕ ਦੂਜੇ ਨੂੰ ਗਾਲ੍ਹ ਕੱਢਣ ਲੱਗੇ ਕਹਿੰਦੇ ਹੋਣਗੇ 'ਓਏ ਬੰਦੇ ਦਿਆ ਪੁੱਤਾ'। 
ਗੁਰੂ ਜੀ, ਕੀ ਕਹਾਂ? ਤੁਸੀਂ ਹੀ ਦੱਸੋ ਕਿ ਤੁਸੀਂ ਤਾਂ ਮਨੁੱਖ ਨੂੰ ਹੀ ਉੱਤਮ ਮੰਨਿਆ ਸੀ। ਨੀਵਾਂ ਰਹਿਣ ਨੂੰ ਹੀ ਚੰਗਾ ਜੀਵਨ ਕਿਹਾ ਸੀ।
"ਨੀਚਾ ਅੰਦਰਿ ਨੀਚ ਜਾਤਿ ਨੀਚੀਹੂ ਅਤਿ ਨੀਚੁ।।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੇ ਨਦਰਿ ਤੇਰੀ ਬਖਸ਼ੀਸ।।" (ਪੰਨਾ 15)
ਕਹਿਣ ਨੂੰ ਹੀ ਲੋਕ ਆਪਣੇ ਆਪ ਨੂੰ ਧਾਰਮਿਕ ਖਿਆਲਾਂ ਦੇ ਹੋਣ ਦਾ ਢੌਂਗ ਕਰਦੇ ਨੇ ਪਰ ਜਾਤੀਵਾਦ ਤਾਂ ਦਿਮਾਗਾਂ 'ਚ ਤੁੰਨ ਤੁੰਨ ਕੇ ਭਰਿਆ ਪਿਐ। ਹੁਣ ਤਾਂ ਹਰ ਗਾਣੇ-ਰਕਾਟ 'ਚੋਂ ਵੀ ਜਾਤੀਵਾਦ ਦੀ ਬੋਅ ਆਉਣ ਲੱਗ ਗਈ ਐ। ਅੱਗੇ ਤਾਂ ਗੀਤ ਹੁੰਦੇ ਸੀ ਕਿ 'ਜੱਟ ਬੰਦੇ ਵੱਢ ਦਿੰਦੈ', 'ਜੱਟ ਕਿਸੇ ਨੂੰ ਖੰਘਣ ਨੀ ਦਿੰਦਾ', 'ਜੱਟ ਡਾਂਗ ਦੇ ਸਿਰ 'ਤੇ ਜਿਉਂਦਾ' ਵਗੈਰਾ ਵਗੈਰਾ। ਪਰ ਹੁਣ ਤਾਂ ਇਸੇ ਲੜੀ ਤਹਿਤ ਹੀ ਗੀਤ ਸੁਣ ਸਕਦੇ ਹੋ ਕਿ 'ਅਣਖੀ ਪੁੱਤ ਚਮਾਰਾਂ ਦੇ' ਦੇਖਦੇ ਜਾਓ.. ਹੁਣ ਤਾਂ ਬਾਕੀ ਜਾਤਾਂ ਵੀ ਮੁੱਠੀਆਂ 'ਚ ਥੁੱਕੀ ਬੈਠੀਆਂ ਹੋਣਗੀਆਂ ਆਪੋ ਆਪਣੀ ਆਪ ਹੀ ਬੱਲੇ ਬੱਲੇ ਕਰਵਾਉਣ ਨੂੰ। ਗੁਰੁ ਜੀ ਤੁਹਾਨੂੰ ਤਾਂ ਪਤਾ ਹੀ ਐ ਕਿ ਇਹਨਾਂ ਜਾਤਾ ਨਾਲ ਸੰਬੰਧਤ ਲੋਕਾਂ ਦੀ ਜੂਨ ਕੀ ਐ? ਬੱਲੇ ਬੱਲੇ ਤਾਂ ਕੁੱਝ ਕੁ ਉਤਲਿਆਂ ਦੇ ਹਿੱਸੇ ਆਉਂਦੀ ਐ, ਵਿਚਾਰੇ ਦਿਨੇ ਕਮਾ ਕੇ ਰਾਤ ਨੂੰ ਖਾਣ ਵਾਲੇ ਕਿਵੇਂ ਲਲਕਾਰੇ ਕਦੋਂ ਮਾਰਦੇ ਹਨ? ਇਹਨਾਂ ਭੋਲੇ ਪੰਛੀਆਂ ਨੂੰ ਕੌਣ ਸਮਝਾਵੇ ਕਿ 
"ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ।।
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।। (ਪੰਨਾ 1128)
ਇਹਨਾਂ ਘੁੰਮਣ-ਘੇਰੀਆਂ 'ਚ ਫਸੇ ਲੋਕਾਂ ਦਾ ਵੀ ਕੋਈ ਕਸੂਰ ਨਹੀਂ। ਓਹ ਤਾ ਵਿਚਾਰੇ ਬੰਸਰੀਆਂ ਵਰਗੇ ਬਣੇ ਪਏ ਆ, ਜਿਹੋ ਜਿਹੀ ਫੂਕ ਵਜਦੀ ਐ.. ਓਹੋ ਜਿਹੀ 'ਵਾਜ ਕੱਢ ਦਿੰਦੇ ਆ। ਇਹਤਾਂ ਤੁਹਾਡਾ ਵਡੱਪਣ ਸੀ ਕਿ ਗੁਰਿਆਈ 'ਆਪਣੇ ਘਰ' ਹੀ ਨਹੀਂ ਰੱਖੀ ਜਦੋਂ ਕਿ ਹੁਣ ਤਾਂ ਕਰਜਈ ਦਾ ਪੁੱਤ ਕਰਜਈ ਜੰਮਦੈ ਤੇ ਰਾਜੇ ਦਾ ਪੁੱਤ ਰਾਜਾ। ਹੁਣ ਤਾਂ ਓਹੀ ਹਾਲਾਤ ਬਣੇ ਪਏ ਆ ਕਿ
"ਅੰਨੀ ਕੋ ਬੋਲਾ ਘੜੀਸੈ
ਨਾ ਉਸ ਸੁਣੈ ਨਾ ਉਸ ਦੀਸੈ।।" 
ਸਿਆਸਤ ਦੇ ਨਾਂ 'ਤੇ ਅੰਨ੍ਹੀ ਮਚਾਈ ਪਈ ਐ, ਦੁਖੀਆਂ ਦਾ ਦਰਦਮੰਦ ਬਨਣ ਲਈ ਕੋਈ ਬਾਂਹ ਨਹੀਂ ਵਧਾਉਂਦਾ। ਸਗੋਂ ਦੁਖੀਆਂ ਵੱਲੋਂ ਵਧਾਈਆਂ ਬਾਹਾਂ ਖਾਣ ਨੂੰ ਆਉਂਦੈ ਹਰ ਕੋਈ। ਜਿਹਨਾਂ ਨੇ ਆਗੂ ਬਣ ਕੇ ਦੂਜਿਆਂ ਨੂੰ ਰਾਹ ਦੱਸਣੇ ਨੇ, ਓਹ ਤਾਂ ਖੁਦ ਕਿਸਮਤ ਪੁੜੀਆਂ ਦੇ ਗਰਭ 'ਚੋਂ ਜਨਮਦੇ ਨੇ। ਗੁਰੂ ਜੀ, ਸ਼ੁਕਰ ਕਰੋ ਕਿ ਪਾਕਿਸਤਾਨ ਵਾਲਿਆਂ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਆਵਦੇ ਹੱਥਾਂ 'ਚ ਹੀ ਲੈ ਲਿਐ ਤੇ ਪੰਜਾਬ ਵਾਲਿਆਂ ਦੀ ਘੁੱਗੀ ਨੀ ਖੰਘਣ ਦਿੱਤੀ, ਨਹੀਂ ਤਾਂ ਓਥੇ ਵੀ ਹੁਣ ਵਾਂਗੂੰ 'ਵਿਰੋਧੀਆਂ' ਲਈ ਹੋਰ ਤੇ 'ਆਪਣਿਆਂ' ਲਈ ਹੋਰ ਹੁਕਮਨਾਮੇ ਹੋਣੇ ਸੀ। ਗੁਰੂ ਜੀ ਤੁਸੀਂ ਵੀ ਬਹੁਤ ਵੱਡੇ ਸਬਰ ਦੇ ਮਾਲਕ ਹੋ, ਪੰਜਾਬ 'ਚ ਤਾਂ ਤੁਹਾਡੀਆਂ ਸਾਖੀਆਂ ਸੁਣਾ ਸੁਣਾ ਕੇ 'ਬਾਬੇ' ਕਰੋੜਪਤੀ ਬਣੇ ਬੈਠੇ ਹਨ ਤੇ ਜੇ ਵਿਦੇਸ਼ ਦੇ ਜਾਦੂ ਮੰਤਰਾਂ ਵਾਲਿਆਂ ਦਾ ਪ੍ਰਚਾਰ ਦੇਖੀਏ ਤਾਂ ਕਈ ਐਸੇ ਵੀ ਹਨ ਜੋ ਅਖ਼ਬਾਰਾਂ ਰਾਹੀਂ 'ਸ੍ਰੀ ਨਨਕਾਣਾ ਸਾਹਿਬ ਤੇ ਤੁਹਾਡੀ ਜਨਮ ਭੂਮੀ' ਦਾ ਨਾਂ ਵਰਤ ਕੇ ਆਵਦੇ ਜਾਦੂ ਰਾਹੀਂ ਲੋਕਾਂ ਦੇ ਧੱਫੜ ਪਾ ਰਹੇ ਨੇ।
"ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ।।
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੇ।। (ਪੰਨਾ 767)
ਗੁਰੂ ਜੀ ਕਹਿੰਦੇ ਨੇ ਕਿ 'ਕਲਮ ਤਲਵਾਰ ਨਾਲੋਂ ਵੀ ਤਿੱਖੀ ਹੁੰਦੀ ਐ।' ਪਰ ਤਿੱਖੀ ਦਾ ਫਾਇਦਾ ਵੀ ਫੇਰ ਈ ਐ ਨਾ ਜੇ ਚਲਾਉਣੀ ਆਉਂਦੀ ਹੋਵੇ। ਕਲਮ ਦੀ ਨੋਕ 'ਚੋਂ ਨਿੱਕਲੇ ਲਫ਼ਜ਼ ਵੱਡਿਆਂ ਵੱਡਿਆਂ ਦਾ ਪੱਥਰ ਦਿਲ ਪਿਘਲਾਉਣ ਦੀ ਸਮਰੱਥਾ ਰੱਖਦੇ ਹਨ। ਤੁਹਾਡੀ ਕਲਮਕਾਰੀ ਅੱਗੇ ਤਾਂ ਪੱਤਰਕਾਰ, ਸੰਪਾਦਕ, ਲੇਖਕ ਵਰਗੇ ਸ਼ਬਦ ਵੀ ਬੌਣੇ ਜਿਹੇ ਲੱਗਣ ਲਗਦੇ ਹਨ। ਮੌਕੇ ਦੀ ਸਰਕਾਰ ਖਿਲਾਫ ਲਿਖਣਾ ਵੀ ਵੱਡੇ ਜ਼ੇਰੇ ਦਾ ਕੰਮ ਹੁੰਦੈ ਤਾਂ ਹੀ ਤਾਂ ਤੁਸੀਂ 
"ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।" (ਪੰਨਾ 722) 
ਕਹਿਣ ਲੱਗਿਆਂ ਕਿਸੇ ਨਾਢੂ ਖਾਂ ਦਾ ਭੈਅ ਨਹੀਂ ਮੰਨਿਆ ਸੀ। ਲੋਕਾਂ ਦੀਆਂ ਸਮੱਸਿਆਵਾਂ ਨੂੰ ਰਾਜਿਆਂ ਅੱਗੇ ਕਲਮ ਰਾਹੀਂ ਪੇਸ਼ ਕਰਨ ਵਾਲਿਆਂ ਨੂੰ ਹੁਣ 'ਪੱਤਰਕਾਰ' ਕਿਹਾ ਜਾਂਦੈ ਗੁਰੂ ਜੀ। ਪਰ ਬਥੇਰੇ ਐਸੇ ਟੱਕਰ ਜਾਣਗੇ ਜੋ ਭੁੱਖ ਨੂੰ ਢੁੱਡਾਂ ਮਾਰਦੇ ਹੀ ਐਸ ਰਾਹ ਤੁਰਪੇ, ਲੋਕਾਂ ਦੇ ਦੁੱਖ ਦਰਦ ਤਾਂ ਇੱਕ ਪਾਸੇ ਰਹਿਗੇ ਵਿਚਾਰਿਆਂ ਨੂੰ ਆਪਾ ਧਾਪੀ ਪਈ ਹੋਈ ਆ। ਤੁਹਾਡੀ ਬੇਬਾਕੀ ਅੱਗੇ ਆਵਦੇ ਆਪ ਨੂੰ ਪੱਤਰਕਾਰ ਅਖਵਾਉਣ ਵਾਲੇ "ਪੱਤਰ-ਕਾਰ" ਤਾਂ ਕੀ "ਪੱਤਰ-ਸਾਈਕਲ" ਅਖਵਾਉਣ ਦੇ ਹੱਕਦਾਰ ਵੀ ਨਹੀਂ ਜਾਪਦੇ। ਗੁਰੂ ਜੀ ਜਦੋਂ ਕਲਮਾਂ ਵਿਕਾਊ ਹੋ ਜਾਣ ਜਾਂ ਹੀਂਜੜਿਆਂ ਵਾਂਗੂੰ ਘੱਗਰੀਆਂ ਪਾ ਕੇ ਠੁਮਕੇ ਲਾਉਂਦੀਆਂ ਫਿਰਨ ਤਾਂ ਫਿਰ ਲੋਕਾਂ ਲਈ ਸੱਚ ਲਿਖਣ ਦੀ ਕੀ ਆਸ ਰੱਖੀ ਜਾ ਸਕਦੀ ਐ? ਹੁਣ ਤਾਂ ਇਹ ਹਾਲ ਹੋਇਆ ਪਿਐ ਕਿ ਵਿਚਾਰੇ "ਪੱਤਰ-ਸੈਕਲ" ਰਾਜਭਾਗ ਬਦਲਦਿਆਂ ਹੀ ਆਪਣੀਆਂ ਕਲਮਾਂ ਦੀਆਂ ਨਿੱਭਾਂ ਬਦਲ ਲੈਂਦੇ ਨੇ। ਪੁੱਛੋ ਨਾ ਗੁਰੂ ਜੀ, ਚੁੱਪ ਈ ਭਲੀ ਆ। ਗੱਲਾਂ ਤਾਂ ਬਹੁਤ ਸੀ ਲਿਖਣ ਵਾਲੀਆਂ.... ਪਰ ਕੀ ਕਰਾਂ ਜੀ... ਸਵੇਰੇ ਕੰਮ 'ਤੇ ਵੀ ਜਾਣੈ... ਜਿਹੜੀਆਂ ਲਿਖਣ ਵੱਲੋਂ ਰਹਿ ਗਈਆਂ, ਤੁਹਾਨੂੰ ਪਤਾ ਹੀ ਹਨ। ਬਸ ਗੁਰੂ ਜੀ ਕੋਈ ਐਸਾ ਬਾਨਣੂੰ ਬੰਨ੍ਹ ਦਿਉ ਕਿ ਸਾਰੇ ਉੱਲੂ ਉੱਡ ਜਾਣ ਕਿਉਂਕਿ
"ਏਕ ਹੀ ਉੱਲੂ ਕਾਫੀ ਥਾ, ਬਰਬਾਦ ਗੁਲਸਿਤਾਂ ਕਰਨੇ ਕੋ,
ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜ਼ਾਮ-ਏ-ਗੁਲਸਿਤਾਂ ਕਿਆ ਹੋਗਾ?"
ਬਹੁਤ ਹੀ ਆਦਰ ਸਤਿਕਾਰ ਸਹਿਤ,
ਤੁਹਾਡਾ ਕਮਅਕਲ ਪੁੱਤ,
ਮਨਦੀਪ ਖੁਰਮੀ ਹਿੰਮਤਪੁਰਾ।
****
ਮੋਬਾ: 0044 75191 12312




No comments: