ਇਲਜ਼ਾਮ ਕਿਉਂ........ ਨਜ਼ਮ/ਕਵਿਤਾ / ਜਸਵੀਰ ਫਰੀਦਕੋਟ

ਤੂੰ ਪੱਥਰਾਂ ਨੂੰ ਰੱਬ ਬਣਾਇਆ ਏ,
ਅੱਖੀਂਆਂ ‘ਚ ਝੂਠਾ ਖ਼ਾਬ ਸਜਾਇਆ ਏ,
ਇਹ ਝੂਠ ਕਹਾਣੀ ਤੂੰ ਆਪ ਸਹੇੜੀ ਆ...
ਫਿਰ ਬੁੱਤਾਂ ਸਿਰ ਇਲਜ਼ਾਮ ਕਿਉਂ...?
ਖੁੱਲ੍ਹ ਕੇ ਬੱਚਿਆਂ ਨਾਲ਼ ਹੱਸਿਆ ਨਾਂ,
ਕੀਮਤੀ ਵਿਰਸੇ ਬਾਰੇ ਦੱਸਿਆ ਨਾਂ,
ਚੋਰ ਦੇ ਨਾਲੋਂ ਪੰਡ ਬਹੁਤੀ ਕਾਹਲੀ ਆ...
ਫਿਰ ਪੁੱਤਾਂ ਸਿਰ ਇਲਜ਼ਾਮ ਕਿਉਂ...?
ਜਿਸ ਠੰਡੜੀ ਛਾਂ ਦੇਣੀ ਸੀ,
ਤਪਦੇ ਨੂੰ ਪਨਾਹ ਦੇਣੀ ਸੀ,
ਉਹ ਟਾਹਣੀ ਤੂੰ ਆਪ ਹੀ ਕੱਟੀ ਆ...
ਫਿਰ ਰੁੱਖਾਂ ਸਿਰ ਇਲਜ਼ਾਮ ਕਿਉਂ...?
ਸਿਰਜਿਆ ਕੋਈ ਨਿਸ਼ਾਨਾ ਨਾਂ,
ਛੇੜਿਆ ਕੋਈ ਤਰਾਨਾ ਨਾਂ,
ਕਿੰਝ ਮੰਜਿ਼ਲ ਪੈਂਦੀ ਤੇਰੇ ਪੈਰੀ ਆ...?
ਫਿਰ ਰਾਹਾਂ ਸਿਰ ਇਲਜ਼ਾਮ ਕਿੳਂੁ...?
ਬਣ ਰੱਬ ਤੂੰ ਖੜਿਆ ਏਂ,
ਕੁਦਰਤ ਸਾਹਵੇਂ ਅੜਿਆ ਏਂ,
ਕੁਦਰਤ ਨਾਲ਼ੋਂ ਤੇਰੀ ਹਿੱਸੇਦਾਰੀ ਬਾਹਲੀ ਆ...
ਫਿਰ ਰੁੱਤਾਂ ਸਿਰ ਇਲਜ਼ਾਮ ਕਿਉਂ...?
ਜਿਸ ਵਿੱਚ ਤੂੰ ਸੜਿਆ ਏਂ,
ਮਾਘ ਮਹੀਨੇ ਰੜਿਆ ਏਂ,
ਇਹ ਅੱਗ ਤੂੰ ਆਪ ਹੀ ਬਾਲੀ ਆ...
ਫਿਰ ਧੁੱਪਾਂ ਸਿਰ ਇਲਜ਼ਾਮ ਕਿਉਂ...?

No comments: