ਰੰਗਲਾ ਕਿਵੇਂ ਪੰਜਾਬ ਕਹਿ ਦਿਆਂ.......... ਗੀਤ / ਜਰਨੈਲ ਘੁਮਾਣ

ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ ।
ਨਿਘਰ ਗਈ ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ ।
ਆਪਣੇ ਘਰ ਨੂੰ , ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਤੋੜ ਰਹੀ ਹੈ ਲੱਕ ਕਿਰਸਾਨੀ , ਵੇਖ ਕੇ ਝੱਲ ਨਹੀਂ ਹੁੰਦੀ ।
ਕਰਜ਼ੇ ਦੇ ਵਿੱਚ ਦੱਬ ਚੱਲੀ , ਸਮੱਸਿਆ ਹੱਲ ਨਹੀਂ ਹੁੰਦੀ ।
ਮੁਰਝਾਈਆਂ ਕਲੀਆਂ ਤਾਂਈਂ, ਕਿਵੇਂ ਗ਼ੁਲਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਵਿਹੜੇ ਸੱਖਣੇ ਸੱਖਣੇ ਇਸਦੇ , ਚਾਵਾਂ ਖੁਸ਼ੀਆਂ ਤੋਂ ।
ਵਿਹਲੇ ਨਹੀਂਓ ਲੋਕ ਨੱਚਣ ਨੂੰ , ਹੁਣ ਖੁਦਕੁਸ਼ੀਆਂ ਤੋਂ ।
ਝੱਲ ਲਓ ਵਿਆਜਾਂ ਵਾਲਾ ਕਿਸ ਨੂੰ , ਤਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਸੱਤ ਦਰਿਆ ਸਨ ਵਗਦੇ , ‘ਸਪਤ ਸਿੰਧੂ’ ਅਖਵਾਉਂਦਾ ਸੀ ।
ਸਿਆਲਕੋਟ ਤੋਂ ਦਿੱਲੀ ਤੀਕਰ , ਪੈਰ ਫੈਲਾਉਂਦਾ ਸੀ ।
ਕਿਵੇਂ ਢਾਈ ਪਾਣੀਆਂ ਵਾਲੇ ਨੂੰ , ਪੰਜ-ਆਬ ਕਹਿ ਦਿਆ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਵਿੱਚ ਵਿਦੇਸ਼ਾਂ ਜਾ ਜਵਾਨੀ , ਵੱਸਦੀ ਜਾਂਦੀ ਐ ।
ਬਾਕੀ ਬੱਚਦੀ ਵਿੱਚ ਨਸ਼ਿਆਂ ਦੇ , ਧੱਸਦੀ ਜਾਂਦੀ ਐ ।
ਸੁੱਕ ਚੱਲੇ ਰੁਜ਼ਗਾਰਾਂ ਵਾਲੇ , ਝਨਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਕਾਵਾਂ ਰੌਲੀ ਬਹੁਤ ਸੁਣਨ ਨੂੰ , ਉਂਝ ਤਰੱਕੀਆਂ ਦੀ ।
ਲੁੱਟ ਕਸੁੱਟ ਤਾਂ ਅੱਜ ਵੀ ਉਹੀਓ , ਫਸਲਾਂ ਪੱਕੀਆਂ ਦੀ ।
ਘਾਟੇ ਵਾਲੇ ਸੌਦੇ ਵਿੱਚ ਕਿੰਝ , ਲਾਭ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਸਿਆਸਤਦਾਨਾਂ ਦੇ ਵੱਗ ਫਿਰਦੇ ਨੇ , ਮੈਂ ਕਿਸਨੂੰ ਦੁੱਖ਼ ਕਹਾਂ ।
ਘਰ , ਰੁਜ਼ਗਾਰ ਜਾਂ ਢਿੱਡ ਦੀ , ਆਖਿਰ ਕਿਹੜੀ ਭੁੱਖ ਕਹਾਂ ।
ਸਾਹਿਬਗੜ੍ਹਾਂ ਦਾ ਸੂਬਾ , ਕਿਸ ਨੂੰ ਸਾਹਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥


ਕਲਮਾਂ ਹੋਣ ਆਵਾਜ਼ ਲੋਕਾਂ ਦੀ , ਉਹ ਵੀ ਵਿੱਕ ਚੱਲੀਆਂ ।
ਪੈਸੇ ਵਾਲਿਆਂ ਕਲਮਾਂ ਦੀਆਂ , ਜ਼ਮੀਰਾਂ ਜਾ ਮੱਲੀਆਂ ।
ਕੰਨੋ ਬੋਅਲੀ ਭੀੜ ’ਚ ,ਕਿਹੜਾ ਰਾਗ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਕਲੋਨੀਵਾਦ ਖਾ ਗਿਆ ਪਿੰਡ ,’ਤੇ ਛਾਵਾਂ ਬੋਹੜ ਦੀਆਂ ।
ਨਸ਼ਾਖੋਰ ਪੁੱਤਰਾਂ ਦੀਆਂ ਸੁੱਖਾਂ , ਮਾਵਾਂ ਲੋੜਦੀਆਂ ।
ਚੌਂਕੀਦਾਰ ਹੀ ਸੁੱਤੇ ਕਿਸਨੂੰ , ਜਾਗ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਐ ਦੌਲਤ ਦੀ ਦੌੜ ਦੌੜਦਿਓ , ਕੁੱਝ ਤਾਂ ਸ਼ਰਮ ਕਰੋ ।
ਬੱਚ ਜਾਵੇ ਪੰਜਾਬ ‘ਘੁਮਾਣਾ’ , ਐਸਾ ਕਰਮ ਕਰੋ ।
ਨਾਲ ਨਾ ਜਾਣ ਖਜ਼ਾਨੇ , ਸੁਣੋ ਜਨਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

Post a Comment