ਬੰਦਾ.......... ਗ਼ਜ਼ਲ / ਗੁਰਬਚਨ ਬਰਾੜ ਕੈਲਗਰੀ(ਕੈਨੇਡਾ)

ਹਰ ਇਕ ਵਾਰ ਨੂੰ ਪਹਿਲਾਂ ਬੰਦਾ ਜ਼ਰਦਾ ਹੈ।
ਆਖਰ ਨੂੰ ਹੀ ਸੀਸ ਤਲੀ ਤੇ ਧਰਦਾ ਹੈ।
ਪਾ ਲੈਂਦਾ ਹੈ ਮੰਜ਼ਿਲ ਜੋ ਵੀ ਤੁਰ ਪੈਂਦਾ,
ਰਸਤੇ ਦੇ ਨੇਰ੍ਹੇ ਤੋਂ ਜੋ ਨਾਂ ਡਰਦਾ ਹੈ।
ਬੀਤੇ ਜ਼ਖ਼ਮ ਕੁਰੀਦੀ ਜਾਂਦੇ ਭੈੜੇ ਲੋਕ,
ਚੰਗਾ ਬੰਦਾ ਮਲ੍ਹਮ ਉਨ੍ਹਾਂ ਤੇ ਧਰਦਾ ਹੈ।
ਮਨ ਦੀ ਮੰਨੇ ਜੱਗ ਦੀ ਮੰਨੇ ਸੋਚ ਰਿਹਾ,
ਦੋ ਚਿੱਤੀਆਂ ਵਿੱਚ ਬੰਦਾ ਜਿਉਂਦਾ ਮਰਦਾ ਹੈ।
ਸਾਊ ਬੰਦਾ ਲੋਕਾਂ ਕੋਲੋਂ ਡਰਦੈ ਫ਼ਿਰ,
ਪਹਿਲਾਂ ਆਪਣੇ ਆਪੇ ਕੋਲੋਂ ਡਰਦਾ ਹੈ।
ਜੱਗ ਦੇ ਸਾਹਵੇਂ ਕਰਦਾ ਹੈ ਜੱਗਭਾਉਂਦੀ ਹੀ,
ਉਂਝ ਬਥੇਰੀਆਂ ਮਨ ਆਈਆਂ ਹੀ ਕਰਦਾ ਹੈ।
ਭਗਵਾਂ ਬਾਣਾ ਪਾ ਕੇ ਲੁੱਟਦੇ ਲੋਕਾਂ ਨੂੰ,
ਹ੍ਹਾਕਮ ਵੀ ਚੋਰਾਂ ਦੀ ਹਾਮੀ ਭਰਦਾ ਹੈ।
ਹੌਲੀ ਹੌਲੀ ਪਲਕਾਂ ਚੁੱਕਦੈ ਚੰਦ ਮੇਰਾ,
ਸ਼ਾਇਦ ਸਬਰ ਅਜਮਾਵਣ ਖ਼ਾਤਰ ਕਰਦਾ ਹੈ।
ਬੁੱਢੇ ਰੁੱਖਾਂ ਨੇ ਕਦ ਸੁੱਕ ਕੇ ਝੜ ਜਾਣਾ,
ਛਾਂ ਉਹਨਾਂ ਦੀ ਮਾਨਣ ਨੂੰ ਜੀ ਕਰਦਾ ਹੈ।

Post a Comment