ਦੀਪੂ ਸੁੱਤਾ ਪਿਐ .......... ਕਹਾਣੀ / ਬਲਰਾਜ ਸਿੱਧੂ

ਕਾਰ-ਸਟੀਰੀਉ- ਸਿੱਧੇ-ਸਾਦੇ ਜੱਟ ਬੂਟ ਨੂੰ ਚੜ੍ਹਿਆ ਨਸ਼ਾ ਸਵਾਇਆ।

ਚੀਅਰਜ਼ ਕਹਿ ਕੇ ਪੈੱਗ ਮੇਮ ਦੇ ਪੈੱਗ ਨਾਲ ਟਕਰਾਇਆ।

ਦੋ ਯਾਰਾਂ ਨੇ ਚੁੱਕ ਕਾਰ ਚੋਂ ਆਣ ਦਰਾਂ ਤੇ ਲਾਹਿਆ।
ਦਰ ਤੇ ਆ ਕੇ, ਬੈੱਲ ਵਜਾ ਕੇ, ਠਾਹ ਬੂਹਾ ਖੜਕਾਇਆ,
ਤੂੰ ਕੁੰਡਾ ਖੋਲ੍ਹ ਬਸੰਤਰੀਏ, ਨੀ ਤੇਰਾ ਢੋਲ ਸ਼ਰਾਬੀ ਆਇਆ।

ਅਜਮੇਰ- ਬੱਲੇ ਓਏ ਮਰਾੜਾਂਵਾਲੇ ਬਾਬੂ ਸਿਉਂ ਮਾਨਾ, ਗੀਤ ਲਿਖਣ ਵਾਲੇ ਤਾਂ ਤੂੰ ਵੱਟ ਈ ਕੱਢ ਦਿੰਨੈਂ। -ਹੋ ਬੁਹਾ ਖੋਲ ਬਸੰਤਰੀਏ ਨੀ ਤੇਰਾ। - ਕੁੰਡਾ ਖੋ……….. ਸੱਚ ਕੁੜੀ ਚੋ.. ਘੰਟੀ ਤਾਂ ਵੱਜਣੀ ਨ੍ਹੀਂ। ਦੋ ਮਹੀਨੇ ਹੋ ਗਏ, ਵਿਗੜੀ ਪਈ ਆ। ਸਵਾਰਨ ਦਾ ਟਾਈਮ ਈ ਨ੍ਹੀਂ ਮਿਲਦਾ। ਐਤਕੀ ਜੇ ਸੰਡੇ ਨਾ ਲੱਗਿਆ ਤਾਂ ਆਪ ਦੇਖੂੰ ਖੋਲ੍ਹ ਕੇ। ਮਾਂ ਯਾਵ੍ਹੇ ਮਕੈਨਿਕ ਤਾਂ ਹੱਥ ਲਾਉਣ ਦੇ ਹੀ ਪੰਜਾਹ ਪੌਂਡ ਲੈ ਲੈਂਦੇ ਆ। -ਚਾਬੀ ਵੀ ਖੌਰੇ ਕਿੱਥੇ ਪਾ ਲੀ। ਲੱਭ ਪਈ। ਲੱਭ ਪੀ। ਆਪ ਘਰੇ ਮਗਰੋਂ ਆਈ ਦੈ, ਸਾਲੇ ਬਿੱਲ ਪਹਿਲਾਂ ਆਏ ਪਏ ਹੁੰਦੇ ਨੇ। ਉਹ ਕਿੱਥੇ ਮਰ ਗੀ ਫੇਰੇ ਦੇਣੇ ਦੀਏ। ਕਿਸੇ ਭੋਰੇ-ਭੂਰੇ ਚ ਤਾਂ ਨ੍ਹੀਂ ਉਤਰਗੀ?
ਹਰਿੰਦਰ- ਆਈ ਜੀ। ਮੈਂ ਇੱਥੇ ਉੱਪਰ ਆਂ ਬੈੱਡਰੂਮ ਚ।
ਅਜਮੇਰ- ਥੱਲੇ ਆ ਝੱਟ ਦੇਣੇ। ਉੱਤੇ ਖਬਰ ਨੀਂ ਕਿਹੜੇ ਹੀਰੇ ਦੱਬੇ ਆ, ਹਰ ਵੇਲੇ ਕੋਠੇ ਤੇ ਈ ਚੜੀ ਰਹੂ।
ਹਰਿੰਦਰ- ਸ਼ੱਸ਼ਸ਼ੀਅ। ਹੌਲੀ ਬੋਲੋ, ਦੀਪੂ ਸੁੱਤਾ ਪਿਐ।
ਅਜਮੇਰ- ਕਮਔਨ? ਐਨਾ ਚਿਰ? ਆਂਡਿਆਂ ਤੇ ਬੈਠੀ ਏਂ?
ਹਰਿੰਦਰ- ਪਾਠ ਕਰਦੀ ਆਂ। ਬੱਸ ਅਰਦਾਸ ਰਹਿੰਦੀ ਆ, ਨਿਬੇੜ ਕੇ ਆਉਂਦੀ ਆਂ। ਦਮ ਰੱਖੋ।
ਅਜਮੇਰ- ਆਜਾ? ਨਹੀਂ, ਛਿੱਤਰਾਂ ਨਾਲ ਲਾਹ ਕੇ ਲਿਆਊਂ ਠਾਹਾਂ। -ਜਦੋਂ ਦੇਖੀਏ ਗੁੱਟਕਾ ਚੁੱਕ ਕੇ ਬਹਿ ਜੂ। ਵੱਡੀ ਮੀਰਾ ਬਾਈ।
ਹਰਿੰਦਰ- ਲੈ ਆ ਗੀ, ਚੁੰਘ ਲੈ ਮੇਰਾ ਦੁੱਧ, ਜਿਹੜਾ ਚੁੰਘਣੈ? ਐਡੀ ਛੇਤੀ ਓਦਰ ਗਿਐ ਸੀ ਮੇਰੇ ਬਿਨਾਂ, ਦਰ ਵੜ੍ਹਦਿਆਂ ਨੇਰੀ ਲਿਆ ਤੀ? -ਮਸਾਂ-ਮਸਾਂ ਦੀਪੂ ਨੂੰ ਸਵਾਇਐ, ਜਗਾ ਦੇਣਾ ਸੀ ਨਾ ਹੁਣੇ ਈ?
ਅਜਮੇਰ- ਆਹ ਥੱਲੇ ਸਾਰੀਆਂ ਲਾਈਟਾਂ ਲਾਈਆਂ, ਮੋਤੀ ਪਰੋਣੇ ਸੀ?
ਹਰਿੰਦਰ- ਰਹਿਰਾਸ ਵੇਲੇ ਵਸਦੇ ਘਰ ਚ ਹਨੇਰਾ ਰੱਖਣਾ ਮਾੜਾ ਹੁੰਦੈ।
ਅਜਮੇਰ- ਬਿੱਲ ਤੇਰੇ ਬੁੜ੍ਹੇ ਨੇ ਦੇਣੈ?
ਹਰਿੰਦਰ- ਮੈਂ ਆਉਣਾ ਹੀ ਸੀ ਹੇਠਾਂ, ਦੀਪੂ ਨੂੰ ਸਮਾਉਣ ਗਈ ਸੀ। ਲੋਹੜਾ ਆ ਗਿਐ, ਜੇ ਬੱਤੀ ਜਗਦੀ ਰਹਿ ਗਈ? ਬਿਜ਼ਲੀ ਦੇ ਬਿੱਲ ਦੇਣ ਵੇਲੇ ਥੋਡੀ ਜਾਨ ਨਿਕਲਦੀ ਐ ਤੇ ਜਿਹੜਾ ਸ਼ਰਾਬ ਦੀਆਂ ਬੋਤਲਾਂ ਤੇ ਅੰਨ੍ਹੇਵਾਹ ਫਜ਼ੂਲ ਖਰਚਾ ਕਰਦੇ ਹੋ, ਉਹ ਤਾਂ ਤੁਹਾਡੇ ਚਿੱਤ-ਚੇਤੇ ਨਹੀਂ ਹੋਣਾ? -ਓ ਹੋ, ਤੁਹਾਡੇ ਤੋਂ ਮੁਸ਼ਕ ਕਿੰਨਾ ਆਉਂਦੈ। ਅੱਜ ਫੇਰ ਪੀ ਕੇ ਆ ਗਏ ਹੋਂ? ਕਦੇ ਤਾਂ ਨਾਂਗਾ ਪਾ ਲਿਆ ਕਰੋ? ਰੋਜ਼ ਦਾ ਹੀ ਕੰਮ ਆ ਥੋਡਾ ਤਾਂ ਹੁਣਤੁਸੀਂ ਨ੍ਹੀਂ ਬੰਦੇ ਬਣਨਾ।
ਅਜਮੇਰ- ਕਿਵੇਂ ਬੋਲੀ ਹੋਈ ਗਾਂ ਆਂਗੂੰ ਰੰਭਦੀ ਆ। ਰਿੰਗ ਨਾ ਬੁਹੱਤਾ। ਜਾਬਾਂ ਭੰਨ੍ਹ ਦੂੰ। ਤੇਰੇ ਪਿਉ ਦੀ ਨ੍ਹੀਂ ਪੀਤੀ।
ਹਰਿੰਦਰ- ਖਬਰਦਾਰ! ਮੇਰੇ ਪਿਉ ਨੂੰ ਮੰਦਾ-ਚੰਗਾ ਬੋਲਣ ਦੀ ਲੋੜ੍ਹ ਨ੍ਹੀਂ। ਤੁਸੀਂ ਮੇਰੇ ਨਾਲ ਗੱਲ ਕਰਦੇ ਹੁੰਦੇ ਹੋ ਤਾਂ ਮੇਰੇ ਮਾਪਿਆਂ ਨੂੰ ਵਿੱਚ ਖਿੱਚਣ ਦੀ ਕੋਈ ਜ਼ਰੂਰਤ ਨਹੀਂ, ਮੈਂ ਦੱਸ ਦਿਆਂ।
ਅਜਮੇਰ- ਨਾ ਮੇਰੀ ਕੀ ਲੱਤ ਤੋੜ ਦੇਂਵੇਗੀ?
ਹਰਿੰਦਰ- ਮੈਂ ਕੀ ਤੋੜਨੀ ਆ, ਆਪੇ ਤੜਾ ਲੋਂਗੇ ਜੇ ਆਹੀ ਲੱਛਣ ਰਹੇ ਤਾਂ। ਮੈਨੂੰ ਕੀ ਆ? ਬੋਲੀ ਚੱਲੋ। ਕਰੀ ਜਾਉ ਬਕਵਾਸ? ਤੁਹਾਡਾ ਹੀ ਮੂੰਹ ਗੰਦਾ ਹੁੰਦੈ। ਬਾਬੇ ਦੀ ਬਾਣੀ ਕਹਿੰਦੀ ਆ, ਨਾਨਕ ਫਿੱਕਾ ਬੋਲੀਏ, ਤਨ ਮਨ ਫਿੱਕਾ ਹੋਏ। ਫਿੱਕੇ ਫਿੱਕੀ ਸੱਦਿਐ, ਫਿੱਕੋ ਫਿੱਕੀ ਸੋਏ। 
ਅਜਮੇਰ- ਬੁੱਥੀ ਸੰਭਾਲ। ਬਾਅਲੀਆਂ ਮੱਤਾਂ ਨਾ ਦੇ। ਸਾਰਾ ਸੁਆਦ ਈ ਖਰਾਬ ਕਰੀ ਜਾਂਦੀ ਐ। ਸਰਦਾਰਾ ਦੇ ਪੁੱਤ ਪੀਂਦੇ ਹੀ ਹੁੰਦੇ ਨੇ। ਉਹ ਗਾਣਾ ਨ੍ਹੀਂ ਸੁਣਿਆ ਕਦੇ, ਦਿਨੇ ਠੇਕੇ, ਰਾਤ ਨੂੰ ਠਾਣੇ। ਨੀ ਵੈਅਲੀ ਪੁੱਤ ਸਰਦਾਰਾਂ ਦੇ।
ਹਰਿੰਦਰ- ਮੈਂ ਤਾਂ ਕੁੱਝ ਹੋਰ ਹੀ ਸੁਣਿਐ, ਫਿਰਦੇ ਵਜਾਉਂਦੇ ਛੈਣੇ, ਪੁੱਤ ਸਰਦਾਰਾਂ ਦੇ, ਚਿੱਟੇ ਚਾਦਰੇ ਜ਼ਮੀਨਾਂ ਗਹਿਣੇ।
ਅਜਮੇਰ- ਤੇਰੀ ਮਾਂ ਦੀ.. (ਤੜਾਕ!) ਮੂਹਰੇ ਕਿਮੇਂ ਬੋਲਦੀ ਆ।
ਹਰਿੰਦਰ- ਨਾ ਹੁਣ ਥੱਪੜ ਮਾਰਨ ਦਾ ਕੀ ਕੰਮ ਸੀ? ਮੂੰਹ ਨਾ ਕਹੋ ਜੋ ਕਹਿਣੈ?
ਅਜਮੇਰ- ਟੰਬੇ ਖਾਏਂਗੀ ਚੁੱਪ ਕਰ ਜਾ।
ਹਰਿੰਦਰ- ਨਹੀਂ ਕਰਦੀ। ਲਾ ਲਉ ਜ਼ੋਰ ਜਿਹੜਾ ਲੱਗਦੈ?
ਅਜਮੇਰ- ਖੜ੍ਹ ਜਾ ਮੈਨੂੰ ਪਰਾਣੀ-ਪਰੁਣੀ ਲੱਭ ਲੈਣ ਦੇ ਤੇਰੇ ਛਾਂਗਦਾਂ ਗਿੱਟੇ ਧੌਲ-ਧੱਫਿਆਂ ਨਾਲ ਨ੍ਹੀਂ ਗੱਲ ਬਣਨੀ। ਸਾਰੇ ਸੋਟੇ, ਡਾਂਗਾਂ ਤਾਂ ਪਤਾ ਨਹੀਂ ਕਿੱਥੇ ਲਕੋਏ ਹੋਏ ਨੇ? ਕੋਈ ਨ੍ਹੀਂ, ਛੱਡਦਾ ਮੈਂ ਵੀ ਨ੍ਹੀਂ। -ਚੱਲ ਆਹ ਲੱਕ ਨਾਲ ਬੰਨ੍ਹੀ ਹੋਈ ਲੈਦਰ ਦੀ ਬੈਲਟ ਨਾਲ ਈ ਕਰਦਾਂ ਤੈਨੂੰ ਸੁਹਾਗਾ ਮਾਰੇ ਖੇਤ ਵਰਗੀ ਪੱਧਰ। ਲੈ ਹੁਣ ਬੋਲ ਕੇਰਾਂ, ਲਾਹਾਂ ਤੇਰੀ ਧੌੜੀ?
ਹਰਿੰਦਰ- ਮਾਫ ਕਰਦੋ ਜੀ। ਮਾਰਿਉ ਨਾ। ਚਮੜੇ ਦੀ ਬਾਹਲੀ ਓ ਸੱਟ ਲੱਗਦੀ ਆ। ਪਿਛਲੀ ਵੀਕ ਦੀਆਂ ਲਾਸ਼ਾਂ ਅਜੇ ਤੱਕ ਉਮੇਂ ਖੜ੍ਹੀਆਂ। ਆਹ ਲਉ ਥੋਡੇ ਪੈਰੀ ਪੈਂਨੀ ਆਂ। ਥੋਨੂੰ ਦੀਪੂ ਦੀ ਸੌਂਹ ਐ, ਜੇ ਮਾਰੋਂ! ਹੁਣ ਛੱਡ ਦੋ, ਮੁੜ ਕੇ ਨਹੀਂ ਕੁਸਕਦੀ।
ਅਜਮੇਰ- ਤੂੰ ਸਾਹ ਕੱਢ ਕੇ ਤਾਂ ਦੇਖੀਂ। ਜੇ ਨਾਈਫ ਨਾਲ ਜੀਭ ਨਾ ਵੱਡ ਤੀ ਤਾਂ ਕਹਿ ਦੀਂ। ਹਰ ਵੇਲੇ ਸਾਲੀ ਮਾਰਗਰੇਟ ਥੈਚਰ ਆਂਗੂੰ ਭਾਸ਼ਨ ਦਿੰਦੀ ਰਹੂ। - ਭੱਜ ਕੇ ਕਿੱਧਰ ਨੂੰ ਜਾਂਨੀ ਐਂ?
ਹਰਿੰਦਰ- ਜਾਣਾ ਮੈਂ ਕਿਹੜੀ ਡਿਜ਼ਨੀਲੈਂਡ ਨੂੰ ਆ? ਐਜ਼ ਦੇ ਸੇਅ ਵੂਮਿੰਨ ਸ ਪਲੇਸ ਇੰਨ ਕੀਚਿੰਨ। ਰਸੋਈ ਚ ਵੜਦੀ ਆਂ। ਆਟਾ ਗੁੰਨ੍ਹਾਂ। ਲੰਗਰ ਨ੍ਹੀਂ ਡੱਫਣਾ?
ਅਜਮੇਰ- ਦੂਰਰੱਰਆ! ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ ਦੁਰੱਅੱਰਰਾਅ।
ਹਰਿੰਦਰ- ਅੱਧੀ ਰਾਤ ਹੋਈ ਆ, ਲਲਕਾਰੇ ਨਾ ਮਾਰੋ। ਇੱਕ ਤਾਂ ਦੀਪੂ ਜਾਗ ਜੂ, ਮਸਾਂ ਸੁਆਇਐ। ਦੂਜਾ ਗੁਆਂਡੀਆਂ ਨੇ ਫੋਨ ਕਰਕੇ ਪੁਲੀਸ ਨੂੰ ਸੱਦ ਲੈਣੈ, ਕਹਿਣਗੇ ਇੰਡੀਅਨ ਸੌਣ ਨ੍ਹੀਂ ਦਿੰਦੇ ਖਰੂਦ ਪਾਉਂਦੇ ਆ।
ਅਜਮੇਰ- ਉਹਨਾਂ ਦੀ ਐਸੀ ਦੀ ਤੈਸੀ, ਪੁਲਸ ਬੁਲਾਉਂਦਿਆਂ ਦੀ। ਫੂਕ ਕੇ ਰੱਖ ਦੂੰ ਸਾਲਿਆਂ ਦਾ ਸਾਰਾ ਲੁੰਗ-ਲਾਣਾ। ਵਿੱਚੇ ਧੀ ਦੇਣੇ ਪੁਲਸੀਆਂ ਦੀ ਰੇਲ ਬਣਾ ਦੂੰ।
ਹਰਿੰਦਰ- ਹੁਣ ਕਿੱਧਰ ਦੀ ਤਿਆਰੀ ਕਰ ਲੀ? -ਬੈਕ ਗਾਰਡਨ ਚ ਕੀ ਕਰਨ ਜਾਣੈ? ਘਰ ਦੇ ਪਿਛਵਾੜੇ ਵਾਲਾ ਬੱਲਬ ਕਿੱਦਣ ਦਾ ਫਿਊਜ਼ ਆ, ਨੇਰੈ ਚ ਅੜ੍ਹਕ ਕੇ ਡਿੱਗ ਪਊਂਗੇ? ਕੋਈ ਸੱਟ-ਫੇਟ ਵੱਜੂ।
ਅਜਮੇਰ- ਹੂਅਰੱਰਾ! ਨਿਕਲੋ ਬਾਹਰ ਉਏ, ਥੋਡੀ ਫਰੰਗੀਆਂ ਦੀ।
ਹਰਿੰਦਰ- ਅੰਦਰ ਚੱਲੋ। ਕੀ ਜਲੂਸ ਕੱਢਣ ਲੱਗੇ ਓ? ਪੀਤੀ ਆ ਤਾਂ ਪਚਾ ਨਹੀਂ ਹੁੰਦੀ? ਖੌਰੂ ਕਿਉਂ ਪਾਉਂਦੇ ਹੋ? ਚਲੋ, ਲੋਕ ਤਮਾਸ਼ਾ ਦੇਖਦੇ ਨੇ।
ਅਜਮੇਰ- ਛੱਡ ਦੇ। ਰੋਕ ਨਾ। ਅੱਜ ਸਾਰੇ ਆਂਡੀ-ਗੁਆਂਡੀ ਮੈਂ ਘੜ ਕੇ ਗਜ਼ ਵਰਗੇ ਕਰ ਦੂੰ। ਅੱਕਾਂ ਦੇ ਭੰਬੂਆਂ ਵਾਂਗੂੰ ਉਡਾ ਦੂੰ ਸਭ ਨੂੰ। ਪੰਜਾਂ-ਦਸਾਂ ਨੂੰ ਹਸਪਤਾਲ ਭਰਤੀ ਕਰਵਾਏ ਬਿਨਾਂ ਨ੍ਹੀਂ ਮੈਂ ਟੱਲਦਾ। ਮੈਂ ਇਹਨਾਂ ਗੋਰਿਆਂ, ਗੂੰਹ ਦੇ ਬੋਰਿਆਂ ਨੂੰ ਹੱਥ ਦਿਖਾ ਦਮਾਂ। ਤੂੰ ਪਰ੍ਹੇ ਖੜ੍ਹ ਕੇ ਗਿਣੀ ਜਾਈਂ ਜਦੋਂ ਐਮਬੂਲੈਂਸਵਾਲੇ ਲਾਸਾਂ ਚੁੱਕਣਗੇ। ਬਾਸਟਰਡ, ਪੁਲਸ ਕਿਮੇਂ ਸੱਦਦੇ ਆ?
ਹਰਿੰਦਰ- ਉਹਨਾਂ ਨੇ ਕਿਹੜਾ ਸੱਦ ਲੀ। ਮੇਰੀ ਹੀ ਜੁਬਾਨ ਨ੍ਹੀਂ ਰਹੀ। ਮੈਂ ਤਾਂ ਉਈਂ ਕਿਹਾ ਸੀ, ਬਈ ਸੱਦ ਸਕਦੇ ਆ। ਚਲੋ ਅੰਦਰ। ਠੰਡ ਦੇਖੋ ਕਿੰਨੀ ਆ। ਕਿਸੇ ਨੇ ਕਿਸੇ ਨੂੰ ਨਹੀਂ ਸੱਦਿਆ।
ਅਜਮੇਰ- ਸੱਦ ਕੇ ਤਾਂ ਦਿਖਾਉਣ। ਅਸੀਂ ਆਪਦੇ ਘਰੇ ਚਾਹੇ ਕੰਜਰੀਆਂ ਨਚਾਈਏ, ਕਿਸੇ ਦੇ ਕੀ ਮਖਿਆਲ ਲੜ੍ਹਦੈ? -ਉਹ ਡੇਵਡਾ, ਜੇ ਹਿੰਮਤ ਆ ਤਾਂ ਨਿਕਲ ਬਾਹਰ ਉਏ। ਆ ਦੇਖ ਤੇਰੀ ਮਾਂ ਦਾ ਖਸਮ ਖੜ੍ਹੈ। ਤੇਰੀ ਵੱਡੇ ਸੂਰਮੇ ਦੀ। -ਦੇਖਿਐ? ਡਰਦਾ ਬਾਹਰ ਨ੍ਹੀਂ ਆਇਆ। ਜਨਾਨੀ ਦੀ ਬੁੱਕਲ ਚ ਲੁੱਕਿਆ ਬੈਠਾ, ਅੰਦਰ ਮੋਕ ਮਾਰੀ ਜਾਂਦਾ ਹੋਣੈ। -ਇਹਨਾਂ ਦੀ ਬਾਰਬੀ(ਬਾਰਬਰਾ) ਦੀ ਮੈਂ ਇੱਕ ਆਰੀ ਪੱਬ ਚ ਬਾਂਹ ਫੜ੍ਹ ਲਈ ਸੀ, ਪੰਜਾਹ ਗੋਰੇ ਖੜ੍ਹੇ ਸੀ ਉਦਣ ਉੱਥੇ। ਮੈਂ ਕੱਲਾ ਈ ਇੰਡੀਅਨ ਸੀ। ਕਿਸੇ ਦੀ ਹਿੰਮਤ ਨਹੀਂ ਸੀ ਪਈ ਮੇਤੋਂ ਉਹਦਾ ਗੁੱਟ ਛੁਡਾਉਣ ਦੀ। ਡੇਵਿਡ ਤਾਂ ਖੜ੍ਹਾ ਥਰ-ਥਰ ਕੰਬੀ ਜਾਂਦਾ ਸੀ। ਆਉ ਬਾਹਰ ਉਏ, ਭੈਣ ਦਿਉ ਕੁੱਤਿਉ ਕਰੋ ਜਵਾਈ ਨਾਲ ਮਿਲਣੀ!
ਹਰਿੰਦਰ- ਮਖਿਆ, ਆਉ ਵੀ ਅੰਦਰ। ਡੰਡ ਨਾ ਪਾਇਆ ਕਰੋ। ਆਪਣੀ ਕੋਈ ਦੁਸ਼ਮਣੀ ਆ ਉਹਨਾਂ ਨਾਲ?
ਅਜਮੇਰ- ਹੈ ਕਿਉਂ ਨ੍ਹੀਂ? ਮੈਂ ਤਾਂ ਜਲਿਆਵਾਲੇ ਬਾਗ ਦਾ ਬਦਲਾ ਲੈਣਾ। ਭਾਜੀ ਪਾ ਕੇ ਇਹ ਅੰਗਰੇਜ਼ ਜਾਣਗੇ ਕਿੱਥੇ? ਮੈਂ ਤਾਂ ਕਰ ਦੂੰ ਇਹਨਾਂ ਦੀ ਨਸਲ ਖਰਾਬ।
ਹਰਿੰਦਰ- ਰਹਿਣ ਦੋ, ਵੱਡੇ ਊਧਮ ਸਿੰਘ ਬਣਦੇ ਆ।
ਅਜਮੇਰ- ਤੇਰਾ ਭਾਈ ਤਾਂ ਨਹੀਂ ਆਉਂਦਾ, ਓ ਬਾਬਰੀਏ (ਬਰਾਬਰਾ) ਤੂੰ ਹੀ ਨਿਕਲਿਆ! ਤੈਥੋਂ ਵਾਰ ਕੇ ਵਿਸਕੀ ਪੀਵਾਂ। ਨੀ, ਇੱਕ ਪਲ ਵਿੱਚ ਸਦੀਆਂ ਜੀਵਾਂ। ਹਾਅਤ!
ਹਰਿੰਦਰ- ਬਥੇਰੇ ਬੱਕਰੇ ਬੁਲਾ ਲਏ। ਬਸ ਕਰੋ। -ਹਾਂ ਆਏਂ ਬੀਬੇ ਬਣ ਕੇ ਆਖੇ ਲੱਗ ਜਿਆ ਕਰੋ। ਵੜ੍ਹ ਚੱਲ ਘਰੇ। -ਹੁਣ ਕੀ ਹੋ ਗਿਐ, ਬਰੈਕਾਂ ਲਾ ਲਈਆਂ?
ਅਜਮੇਰ- ਨਹੀਂ ਬਈ, ਮੈਂ ਤੈਥੋਂ ਪਹਿਲਾਂ ਅੰਦਰ ਨ੍ਹੀਂ ਜਾਣਾ। ਗੋਰਿਆਂ ਦੇ ਕਹਿਣ ਆਂਗੂੰ ਲੇਡੀਜ਼ ਫੱਸਟ।
ਹਰਿੰਦਰ- ਠੀਕ ਐ, ਮੈਂ ਪਹਿਲਾਂ ਵੜ੍ਹਦੀ ਆਂ। ਆਜੋ ਆਜੋ, ਸੰਗੋ ਨਾ। ਲਿਆਉ ਡੋਰ ਬੰਦ ਕਰਕੇ ਜ਼ਿੰਦਾ ਲਾ ਦਇਏ। ਸ਼ਾਬਾਸ਼ ਦੈਟਸ ਮੋਰ ਲਾਇਕ ਇੱਟ।
ਅਜਮੇਰ- ਗੌਰਮੈਂਟ ਜੀ! ਆਹ ਸੋਫਾ ਵਿਹਲਾ ਪਿਐ, ਬਹਿ ਜਾਂ ਏਥੇ?
ਹਰਿੰਦਰ- ਆਹੋ, ਹੋਰ ਬਾਜੇ ਆਲੇ ਸੱਦਾਂ, ਉਹਨਾਂ ਦੇ ਆਇਆਂ ਤੋਂ ਬੈਠੋਂਗੇ? -ਰੋਟੀ ਖਾਣੀ ਆ?
ਅਜਮੇਰ- ਖਾਣੀ ਕਿਉਂ ਨ੍ਹੀਂ? ਮੇਰਾ ਬਰਤ ਰੱਖਿਆ ਵਿਐ?
ਹਰਿੰਦਰ- ਚੰਗਾ ਹਿੱਲਿਓ ਨਾ। ਅਈਥੇ ਹੀ ਬੇਠੇ ਰਹੀਓ। ਮੈਂ ਰੋਟੀ ਲਾਹੁਣ ਲੱਗਦੀ ਆਂ।
ਅਜਮੇਰ- ਨਹੀਂ। ਅੜਕ ਜਾਹ, ਮਾੜਾ ਜਿਹਾ ਡੱਬਾ-ਡੂਬਾ ਲਾ ਲੈਣ ਦੇ।
ਹਰਿੰਦਰ- ਕਸਰ ਆ ਅਜੇ?- ਅੱਗੇ ਈ ਟੱਲੀ ਹੋ ਕੇ ਆਏ ਓ। ਕੀ ਲੋੜ੍ਹ ਸੀ ਘਰ ਆਉੁਣ ਦੀ? ਪੱਬ ਚ ਈ ਰਹਿਣ ਲੱਗ ਜੋ। ਰੱਜੇ ਤਾਂ ਰਹੋਂਗੇ?
ਅਜਮੇਰ- ਜਿੰਨੀ ਪੀਤੀ ਸੀ ਉਹ ਤਾਂ ਲਹਿ ਗਈ ਸਾਉਰੇ ਦੀ, ਬੈਠੀ ਆ ਹਲੇ ਤਾਈਂ। ਇੰਡੀਅਨਾਂ ਦੇ ਪੱਬਾਂ ਦੀ ਬੀਅਰ ਕਾਹਦੀ ਆ? ਪਾਣੀ ਪਾ ਕੇ ਨਿਰੀ ਲੱਸੀ ਈ ਬਣਾਈ ਪਈ ਹੁੰਦੀ ਆ। ਗਲਾਸੀ ਲਾਏ ਬਿਨਾਂ ਨ੍ਹੀਂ ਗੱਲ ਬਣਨੀ। -ਆ ਡਰਾਅ ਚ ਖਾਲੀ ਬੋਤਲ ਕਾਸਨੂੰ ਰੱਖੀ ਪਈ ਆ?
ਹਰਿੰਦਰ- ਮੈਨੂੰ ਕੀ ਪਤੈ? ਮੈਂ ਥੋੜਾ ਪੀਂਦੀ ਆਂ। ਤੁਸੀਂ ਜਾਣੋ, ਥੋਡਾ ਕੰਮ ਜਾਣੇ। -ਮੈਂ ਤੜਕੇ ਦੀ ਉੱਠੀ ਹੋਈ ਆਂ। ਸਵੇਰ ਦੀ ਮੰਜੇ ਨਾਲ ਪਿੱਠ ਲਾ ਕੇ ਨ੍ਹੀਂ ਦੇਖੀ। ਸੌਣੈ ਮੈਂ ਵੀ। ਤੋਰੀ-ਫੁਲਕਾ ਛਕੋ ਤੇ ਪੈਣ ਦੀ ਕਰੋ।
ਅਜਮੇਰ- ਲਾਹ ਲੈ ਫੇਰ। ਗੱਲ ਸੁਣੀ? ਕੁਸ਼ ਨ੍ਹੀਂ ਕੁਸ਼ ਚੱਲ ਇਉਂ ਕਰ ਰਹਿਣ ਦੇ ਰੋਟੀ ਨੂੰ ਭੁੱਖ ਨ੍ਹੀਂਪੱਬ ਚ ਭੁੰਨ੍ਹੇ ਹੋਏ ਸਟੇਕ ਜਿਹੇ ਖਾਹ ਲੇ ਸੀਗੇ।
ਹਰਿੰਦਰ- ਇਸ ਬੰਦੇ ਦੀਆਂ ਵੀ ਸਲਾਹਾਂ ਨ੍ਹੀਂ ਬਣਦੀਆਂ।
ਅਜਮੇਰ- ਚੰਗਾ ਭਾਗਵਾਨੇ ਮੈਂ ਉੱਤੇ ਚੱਲਦਾਂ ਦੀਪੂ ਕੋਲ, ਤੂੰ ਵੀ ਛੇਤੀ ਆਜੀਂ। ਚੁੱਲੇ-ਚੌਂਕੇ ਦਾ ਕੰਮ ਮੁਕਾ ਕੇ।
ਹਰਿੰਦਰ- ਧਿਆਨ ਨਾਲ ਬਚ ਕੇ ਜਾਇਓ।
ਅਜਮੇਰ- ਤੂੰ ਮੈਨੂੰ ਸ਼ਰਾਬੀ ਸਮਝਦੀ ਏਂ?
ਹਰਿੰਦਰ- ਦੇਖਿਐ? ਮੈਂ ਕਿਹਾ ਸੀ ਨਾ? ਲੱਗੇ ਸੀ ਡਿੱਗਣ ਭੰਨ੍ਹ ਦੇਣਾ ਸੀ ਟੀ ਵੀ ਹੁਣੇ ਈ। ਅਜੇ ਤਾਂ ਇਹਦੀਆਂ ਕਿਸਤਾਂ ਵੀ ਨਹੀਂ ਉਤਾਰ ਹੋਈਆਂ। ਸੰਭਲ ਕੇ ਚੜ੍ਹਿਓ ਪੌੜੀਆਂ? ਸਿੱਧੇ ਬੈੱਡਰੂਮ ਚ ਜਾ ਕੇ ਦੀਪੂ ਨਾਲ ਪੈ ਜੀਉ। ਦੇਖ ਕੇ ਪਇਉ, ਮੁੰਡੇ ਦੀ ਲੱਤ-ਬਾਂਹ ਤੇ ਨਾ ਭਾਰ ਦੇ ਦਿਉ। ਮੈਂ ਦਾਲ ਨਾਲ ਦੋ ਬਰੈੱਡਾਂ ਖਾਹ ਕੇ ਥੋਡੇ ਮਗਰੇ ਆਈ।
ਅਜਮੇਰ- ਦੀਪੂ? ਪੁੱਤ ਸੁੱਤਾ ਪਿਐਂ, ਹੈਂ? ਓ ਮੇਰਾ ਲਾਡੀ ਮੇਰਾ ਸੋਨਾ ਮੇਰਾ ਮੋਤੀ ਮੇਰਾ ਹੀਰਾ ਗਹਿਰੀ ਨੀਂਦ ਵਿੱਚ ਲੱਗਦੈ? ਮੈਂ ਤਾਂ ਆਪਦੇ ਦੀਪੂ ਪੁੱਤ ਨਾਲ ਖੇਲਣਾ ਸੀ। ਲਾਡ-ਬਾਡੀਆਂ ਕਰਨੀਆਂ ਸੀ। ਝੂਟੇ-ਮਾਟੇ ਦੇਣੇ ਸੀ। -ਖੈਰ ਕੋਈ ਨ੍ਹੀਂ ਪੁੱਤਰਾ, ਸਵੇਰੇ ਸਹੀ। ਤੈਨੂੰ ਕੱਚੀ ਨੀਂਦੇ ਨ੍ਹੀਂ ਜਗਾਉਣਾ। ਅੱਧੀ ਰਾਤ ਹੋਈ ਪਈ ਆ- ਮੈਂ ਵੀ ਸੌਂ ਜਾਂਨੈ।
ਹਰਿੰਦਰ- (ਲੈ ਖਾਂ! ਮੰਜੇ ਤੇ ਇੰਝ ਮੂਧਾ ਹੋਇਆ ਪਿਐ, ਜਿਵੇਂ ਵੱਢ ਕੇ ਚਰੀ ਦੀ ਭਰੀ ਟਰਾਲੀ ਚ ਸਿੱਟੀ ਹੁੰਦੀ ਹੈ। ਮਸਾਂ-ਮਸਾਂ ਉਡੀਕਦੀ ਨੂੰ ਰਾਤ ਆਉਂਦੀ ਐ ਤੇ ਇਹ ਸਾਹਬ ਬਹਾਦਰ ਘਰੇ ਆਉਂਦੇ ਈ ਪਿੱਠ ਮਰੋੜ ਕੇ ਸੌਂ ਜਾਣਗੇ। ਬੰਦਾ ਕੋਈ ਕਬੀਲਦਾਰੀ ਦੀ ਗੱਲ ਈ ਕਰੇ। ਤੀਵੀਂ ਨਾਲ ਦੁੱਖ-ਸੁੱਖ ਸਾਂਝਾ ਕਰੇ। ਤੜਕੇ ਉੱਠਦਾ ਈ ਘਰੋਂ ਕੰਮ ਤੇ ਚਲਿਆ ਜਾਂਦੈ। ਸਾਰੀ ਦਿਹਾੜੀ ਆਏਂ ਫੋਕੀ ਨਿਕਲ ਜਾਂਦੀ ਆ। ਆਥਣ ਨੂੰ ਉਥੋਂ ਫੈਕਟਰੀਉਂ ਹੱਟਦਾ ਸਿੱਧਾ ਈ ਪੱਬ ਚ ਵੜ੍ਹ ਜਾਂਦੈ। ਰਾਤ ਚਾੜ ਕੇ ਘਰ ਨੂੰ ਆਉਂਦੈ। ਬਿੰਦ ਵਿੱਚ ਦੀ ਘਰਾੜੇ ਮਾਰਨ ਲੱਗ ਜੂ। ਕੀ ਕਰਾਂ? ਗੱਲ ਵੀ ਜ਼ਰੂਰੀ ਐ। ਉਠਾਲ ਲੈਨੀ ਆ। ਠਹਿਰ ਕੇ ਲਾਹ ਲਊ ਨੀਂਦ। ਪੱਬ ਚ ਬੈਠਾ ਤਾਸ਼ ਈ ਕੁੱਟਦਾ ਸੀ, ਕਿਹੜਾ ਹੱਲਟ ਹੱਕਦਾ ਆਇਐ।)
ਅਜਮੇਰ- ਕੀ ਬਿੱਲੀ ਆਂਗੂੰ ਪਰਚਾਂਡੇ ਜਿਹੇ ਮਾਰੀ ਜਾਨੀ ਆ? ਸੌਂ ਲੈਣ ਦੇ?
ਹਰਿੰਦਰ- ਆ ਹਾ! ਦਰ ਵੜ੍ਹਦਿਆਂ ਥੋਨੂੰ ਨੀਂਦ ਆਉਣ ਲੱਗ ਜਾਂਦੀ ਆ, ਪੱਬ ਵਾਲੇ ਚਾਹੇ ਸਾਰੀ ਰਾਤ ਬਹਾਈ ਰੱਖਦੇ, ਹਿੱਲਣ ਦਾ ਨਾਂ ਨ੍ਹੀਂ ਲੈਣਾ ਉਥੋਂ?
ਅਜਮੇਰ- ਤੈਂ ਜਗਾ ਕੇ ਮੈਥੋਂ ਕੀ ਕਸੀਦਾ ਕਢਾਉਣੈ?
ਹਰਿੰਦਰ- ਸੁਣੋ ਜੀ। ਅੱਜ ਮੇਰੇ ਛੋਟੇ ਭਰਾ, ਲੱਖੇ ਦਾ ਫੋਨ ਆਇਆ ਸੀ। ਉਹ ਜਰਮਨ ਤੱਕ ਤਾਂ ਪਹੁੰਚ ਗਿਐ। ਛੇ ਮਹਿਨੇ ਹੋ ਚੱਲੇ ਨੇ ਘਰੋਂ ਬੇਘਰ ਹੋਏ ਨੂੰ। ਕਹਿੰਦਾ ਸੀ, ਭੈਣ ਜੀ ਦੋ ਹਜ਼ਾਰ ਪੌਂਡ ਹੋਰ ਭੇਜ ਦੋ। -ਉਹਨੇ ਕਿਸੇ ਬੰਦੇ ਨਾਲ ਗੱਲ ਕਰੀ ਹੋਈ ਐ, ਜਿਹੜਾ ਉਹਨੂੰ ਆਪਣੀ ਲੌਰੀ ਚ ਲਕੋ ਕੇ ਫੇਅਰੀ ਰਾਹੀਂ ਡੋਬਰ ਤੱਕ ਲੈ ਆਉ। ਅੱਗੋਂ ਇੱਥੇ ਆਏ ਨੂੰ ਆਪਾਂ ਸਾਂਭ ਲਵਾਂਗੇ। ਕਿਸੇ ਤਣ ਪੱਤਣ ਲੱਗ ਜੂ। ਭੁੱਬਾਂ ਮਾਰ-ਮਾਰ ਰੋਂਦਾ ਸੀ। ਅਖੇ, ਕਈ ਦਿਨਾਂ ਦਾ ਭੁੱਖਾਂ। -ਦਿਨ-ਰਾਤ ਹੋਟਲਾਂ ਚ ਭਾਂਡੇ ਮਾਂਜਣੇ ਪੈਂਦੇ ਨੇ।
ਅਜਮੇਰ- ਇੱਥੇ ਆ ਕੇ ਕਿਹੜਾ ਪ੍ਰਧਾਨ ਮੰਤਰੀ ਬਣ ਜੂ। ਅਹੇ ਜਿਹਾ ਦਿਹਾੜੀ-ਦੱਪਾ ਉਹਨੂੰ ਇੱਥੇ ਕਰਨਾ ਪਊ। -ਕੰਨਾਂ ਚੋਂ ਮੈਲ ਕੱਢ ਕੇ ਸੁਣ ਲੈ, ਤੇਰੇ ਭਾਈ ਨੂੰ ਦੇਣ ਲਈ ਮੇਰੇ ਕੋਲ ਤਾਂ ਫੁੱਟੀ ਕੌਡੀ ਨ੍ਹੀਂ। ਮੇਰੀ ਮਸ਼ੀਨ ਲਾਈ ਹੋਈ ਆ ਬਈ ਨੋਟ ਛਾਪ-ਛਾਪ ਦਈ ਚੱਲਾਂ? ਛੇ ਹਜ਼ਾਰ ਪੌਂਡ ਤਾਂ ਪਹਿਲਾਂ ਹੀ ਦਈ ਬੈਠਾਂ।
ਹਰਿੰਦਰ- ਦੇਖ ਲਉ, ਕਿਸੇ ਖੱਲ-ਖੂੰਝੇ ਚ ਹੱਥ-ਪੈਰ ਮਾਰ ਕੇ? ਆਪਣੇ ਬਿਨਾਂ ਉਹਦਾ ਪਰਦੇਸਾਂ ਚ ਕੌਣ ਆ? ਤੁਸੀਂ ਹੀ ਬਾਂਹ ਫੜ੍ਹਨੀ ਆ ਉਹਦੀ।
ਅਜਮੇਰ- ਏਜੰਟਾਂ ਦੇ ਢਹੇ ਮੈਥੋਂ ਪੁੱਛ ਕੇ ਚੜ੍ਹਿਆ ਸੀ? ਇੰਡੀਆ ਚ ਐਸ਼ ਕਰਦੇ ਨੇ ਅੱਡੀਆਂ ਚੁੱਕ ਕੇ ਫਾਹਾ ਲਿਐ। ਉਥੇ ਤਾਂ ਹੱਗਣ ਵੀ ਹੀਰੋ-ਹੌਂਡੇ ਤੇ ਜਾਂਦਾ ਸੀ। ਹੁਣ ਹੋਣ ਦੇ ਔਖਾ, ਤਾਂ ਹੀ ਅਕਲ ਆਊ। ਜਿੰਨੀ ਲੱਗੂ ਸੱਟ, ਓਨੇ ਨਿਕਲਣਗੇ ਵੱਟ।
ਹਰਿੰਦਰ- ਨਾ ਜੀ, ਇੰਝ ਨਾ ਕਹੋ। ਰੱਬ ਦਾ ਵਾਸਤੈ। ਤਰਸ ਖਾਉ ਮੇਰੇ ਵੀਰ ਤੇ।
ਅਜਮੇਰ- ਮੈਂ ਕਹਿਨਾਂ ਉਹ ਮੇਰੇ ਤੇ ਤਰਸ ਖਾਵੇ। -ਮੈਨੂੰ ਤਾਂ ਤੇਰੇ ਮਾਪਿਆਂ ਨੇ ਕੰਗਾਲ ਕਰਕੇ ਰੱਖ ਤਾ। ਖੁਦਾ-ਨਾਖਾਸਤਾ ਜੇ ਕੱਲ੍ਹ ਨੂੰ ਕੋਈ ਬਿਪਤਾ ਆ ਪਵੇ ਤਾਂ ਵਰਤਣ ਨੂੰ ਪੱਲੇ ਇੱਕ ਵੀ ਖੋਟਾ ਸਿੱਕਾ ਨ੍ਹੀਂ ਆਪਣੇ ਕੋਲ।
ਹਰਿੰਦਰ- ਮੈਂ -ਕਹਿੰਦੀ -ਸੀ, ਨਿਆਣੇ ਦੇ ਚਾਈਲਡ-ਬੈਨੀਫਿੱਟ ਦਾ ਬੈਂਕ ਚ ਤਿੰਨ ਹਜ਼ਾਰ ਜਮ੍ਹਾ ਪਿਐ। ਉਹ ਕੱਢਵਾ ਕੇ ਪਾ ਦਿੰਨੇ ਆ। ਲੱਖਾ ਵੀਰਾ ਇੱਥੇ ਆ ਕੇ ਇੱਕ ਨਿੱਕੀ ਪੈਨੀ ਨੀ੍ਹਂ ਰੱਖਦਾ, ਕੰਮ ਕਰਕੇ ਸਾਰੇ ਮੋੜ ਦੂ।
ਅਜਮੇਰ- ਪਹਿਲਾਂ ਪਿਛਲੇ ਤਾਂ ਮੋੜ ਦੇਵੇ। ਸਰਕਾਰ ਮਾਪਿਆਂ ਨੂੰ ਚਾਈਲਡ-ਬੈਨੀਫਿੱਟ ਬੱਚੇ ਦੇ ਖਰਚੇ ਲਈ ਦਿੰਦੀ ਐ ਤੇ ਉਹ ਬੱਚੇ ਉੱਤੇ ਹੀ ਖਰਚ ਹੋਣੇ ਚਾਹੀਦੇ ਨੇ। ਥੋੜੇ-ਥੋੜੇ ਕਰਕੇ ਮੈਂ ਇਸ ਲਈ ਜੋੜਦਾਂ ਬਈ ਦੀਪੂ ਦੇ ਵੱਡੇ ਹੋਏ ਦੇ ਕੰਮ ਆਉਣ। ਕੱਲ੍ਹ ਨੂੰ ਆਪਾਂ ਉਹਦਾ ਵਿਆਹ ਵੀ ਕਰਨੈ, ਕਿ ਨਹੀਂ? ਤੇਰੇ ਡੇਲੇ ਕੱਢ ਦੂੰ ਜੇ ਉਹਨਾਂ ਪੌਂਡਾਂ ਕੰਨੀ ਝਾਕੀ ਏਂ ਤਾਂ। ਮੈਨੂੰ ਥੋਡੇ ਘਰਦਿਆਂ ਦੀ ਸਮਝ ਨ੍ਹੀਂ ਲੱਗਦੀ, ਕੁੜੀਆਂ ਨੂੰ ਦੇਈਦਾ ਹੁੰਦੈ ਕਿ ਲਈਦੈ? ਪਿਛਲੇ ਜਮਾਨਿਆਂ ਵਿੱਚ ਸਿਆਣਿਆਂ ਨੇ ਕੁੜੀ ਦੇ ਘਰ ਦਾ ਪਾਣੀ ਨਾ ਪੀਣਾ। ਪਰ ਇੱਥੇ ਤਾਂ ਉਲਟੀ ਗੰਗਾ ਹੀ ਵਹਿੰਦੀ ਆ। ਤੂੰ ਹਰ ਵੇਲੇ ਪੇਕਿਆ ਦਾ ਟੌਰ ਚੱਕਦੀ ਰਹਿੰਦੀ ਏਂ। ਉਹਨਾਂ ਨੇ ਕਦੇ ਕੁਸ਼ ਕਰਿਐ?
ਹਰਿੰਦਰ- ਹੋਰ ਏਦੂੰ ਪਰ੍ਹੇ ਉਹ ਕੀ ਕਰ ਦੇਣ? ਉਹਨਾਂ ਨੇ ਮੈਨੂੰ ਪਾਲਿਐ-ਪੋਸਿਐ, ਪੜ੍ਹਾਇਐ-ਲਿਖਾਇਆ, ਵਿਆਹਿਐ।
ਅਜਮੇਰ- ਕਿਵੇਂ ਸੰਘ ਪਾੜਦੀ ਐ? ਨੀਵਾਂ ਬੋਲ ਦੀਪੂ ਨਾ ਉੱਠ ਜੇ। ਤੇਰੇ ਮਾਪਿਆਂ ਨੇ ਕੀ ਦੁਨੀਆਂ ਤੋਂ ਅਲਿਹਦਾ ਕਰ ਦਿੱਤੈ? ਸਾਰਾ ਜੱਗ ਇਵੇਂ ਕਰਦੈ।
ਹਰਿੰਦਰ- ਜਾਣੀ ਤੁਸੀਂ ਮੇਰੇ ਭਰਾ ਦੀ ਕੋਈ ਮਦਦ ਨ੍ਹੀਂ ਕਰਨੀ? ਠੀਕ ਆ ਫੇਰ। ਹੁਣ ਗੱਲਾਂ ਈ ਦੋ ਹੋਣਗੀਆਂ, ਜਾਂ ਤਾਂ ਤੁਸੀਂ ਪੌਂਡ ਭੇਜ ਦੋ। ਨਹੀਂ, ਥੋਡੀ ਮੇਰੀ ਸਾਸਰੀਅਕਾਲ ਐ। ਨਾ ਤੁਸੀਂ ਮੇਰੇ ਕੁੱਝ ਲੱਗਦੇ ਓ, ਨਾ ਮੈਂ ਥੋਡੀ। ਖਾਹ ਲਿਓ ਮੈਥੋਂ ਪਰੌਠੇ! ਮੈਂ ਵੀ ਵਾਈਫ ਵਾਲੀ ਕੋਈ ਡਿਊਟੀ ਪੂਰੀ ਨਹੀਂ ਕਰਨੀ! 
ਅਜਮੇਰ- ਮੈਨੂੰ ਦਾਬੇ ਦਿੰਦੀ ਏਂ? ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ। ਜੇ ਮੈਂ ਪੈਸੇ ਦੇ ਕੇ ਸਭ ਕੁੱਝ ਕਰਾਉਣੈ ਤਾਂ ਤੈਥੋਂ ਫੇਰ ਮੈਂ ਬੜੇਵੇਂ ਲੈਣੇ ਆ, ਕੋਈ ਖੋਏ ਦੀ ਬਰਫੀ ਵਰਗੀ ਮੇਮ ਨਾ ਘਰੇ ਰੱਖੂੰ? ਟਿੰਡ-ਫੌਹੜੀ ਚੁੱਕ ਤੇ ਏਸੇ ਵੇਲੇ ਮੇਰੇ ਘਰੋਂ ਨਿਕਲ ਜਾ। ਫੱਕ-ਔਫ! ਉੱਠ ਖੜ੍ਹ? ਆਪਦੇ ਭਰਾ ਕੋਲ ਈ ਤੁਰ ਜਾ। ਵਗ ਜਾ ਵਗ। ਮੈਂ ਕੀ ਕਹਿੰਨਾਂ? ਮੈਂ ਲੜਾਈ ਤੋਂ ਟਲਦਾ ਸੀ ਬਈ ਦੀਪੂ ਸੁੱਤਾ ਪਿਐ। ਪਰ ਲਾਤੋਂ ਕੇ ਭੂਤ ਬਾਤੋਂ ਸੇ ਕਬ ਮਾਨਤੇ ਹੈਂ? ਛਤਰੌਲ ਫੇਰਨਾ ਈ ਪਊ ਤੇਰੇ। ਲਿਆ ਫੇਰ, ਦੇ ਈ ਦਵਾਂ ਤੈਨੂੰ ਦਾਖੂ ਦਾਣਾ। ਹੈਂਅ! ਹੂੰਅ!! ਘਸੁੰਨਾਂ ਨਾਲ ਖੜਕੈਂਤੀ ਕਰਨ ਦਾ ਸੁਆਦ ਨ੍ਹੀਂ ਆਉਂਦਾ। ਗੋਡੇ ਮਾਰ-ਮਾਰ ਠੋਕਦਾਂ ਤੇਰੀ ਕੰਡ। ਗੁੱਝੀ ਸੱਟ ਪਵਾਉਂਦੀ ਆ ਅਸਲੀ ਚੀਕਾਂ!
ਹਰਿੰਦਰ- ਹਾਏ ਹਈ ਮਰਗੀ ਅਈ ਬੀਬੀ ਲੋਕੋ ਵੇ, ਬਚਾ ਲਉ ਕਮਲਾ ਜੱਟ ਆਂਡੇ ਆਂਗੂੰ ਫੈਂਟੀ ਜਾਂਦੈ ਮੈਨੂੰ।
ਅਜ਼ਮੇਰ- ਤੇਰੀ ਮਾਂ ਭੈਣ ਚੋ ਸਾਲੀ ਦੇ ਬਹੁਤੇ ਹੀ ਖੰਭ ਨਿਕਲਦੇ ਆਉਂਦੇ ਨੇ। ਗਾਟਾ ਵੱਢਦੂੰ ਮੈਂ। ਕਿੱਦਣ ਦਾ ਮੂੰਹ ਅਲੀ ਝਾਕਦਾਂ। ਤੇਰਾ ਵੀ ਕਸੂਰ ਨ੍ਹੀਂ। ਚਿਰ ਹੋ ਗਿਆ ਸੀ ਵੱਜੀਆਂ ਨੂੰ। ਤੈਨੂੰ ਤਾਂ ਦੂਏ-ਤੀਏ ਦਿਨ ਡੋਜ਼ ਮਿਲਦੀ ਰਹੇ, ਫੇਰ ਲੋਟ ਰਹਿੰਦੀ ਏਂ। ਤੇਰੀ ਢੂਹੀ ਤੇ ਖਾਜ ਹੁੰਦੀ ਸੀ, ਹੋਰ ਕੁਸ਼ ਨ੍ਹੀਂ। ਜਨਾਨੀ ਨੂੰ ਅੱਖ ਦੀ ਘੂਰ ਬਥੇਰੀ ਹੁੰਦੀ ਐ। ਕਾਹਨੂੰ? ਏਨੀਆਂ ਕੁ ਲੱਤਾਂ-ਮੁੱਕੀਆਂ ਨਾਲ ਤੇਰਾ ਕੀ ਬਣਿਐ? ਜਿਗਰਾ ਰੱਖ, ਹੇਠੋਂ ਸੰਮਾਂ ਆਲੀ ਡਾਂਗ ਸਰੋਂ ਦੇ ਤੇਲ ਚ ਭਿਉਂ ਕੇ ਲਿਆਉਂਨਾਂ ਤੇ ਮੁਰੰਮਤ ਕਰਦਾਂ ਤੇਰੀ। ਰੋਜ਼-ਰੋਜ਼ ਦਾ ਯੱਭ ਮੁਕਾ ਕੇ ਛੱਡੂੰ ਅੱਜ। 
ਹਰਿੰਦਰ- ਹਾੜੇ-ਹਾੜੇ! ਬਖਸ਼ ਦੋ ਜੀ। ਬਸ ਕਰੋ ਹੁਣ ਹੋਰ ਨਾ ਕੁੱਟੋ। ਜਾਨੋਂ ਮਾਰਨੈ ਮੈਨੂੰ? ਗਲਤੀ ਹੋ ਗਈ ਮੈਥੋਂ ਅਣਜਾਣ ਤੋਂ। ਸੌਰੀ-ਸੌਰੀ-ਸੌਰੀ ਜੀ। ਮੁੜ ਕੇ ਨ੍ਹੀਂ ਵੱਧ-ਘੱਟ ਬੋਲਦੀ। ਆਹ ਲਉ, ਥੋਡੇ ਪੈਰੀਂ ਪੈਨੀ ਆਂ। ਜਿਵੇਂ ਕਹੋਂਗੇ, ਉਵੇਂ ਕਰੂੰਗੀ।
ਦੀਪੂ- ਐਂ ਐਂ ਐਂ ਟੈਂਅ ਆਂ ਅੰਊਂ ਉਂਅ ਐ ਐਂ।
ਹਰਿੰਦਰ- ਝਾਕੋ? ਮੁੰਡੇ ਨੂੰ ਜਗਾ ਕੇ ਰੱਖ ਦਿੱਤੈ।
ਅਜਮੇਰ- ਮੈਂ ਕੀ ਕੀਤੈ? ਲੜਾਈ ਤਾਂ ਤੈਂ ਛੇੜੀ ਹੈ।
ਹਰਿੰਦਰ- ਕੀ ਹੋਇਆ ਮੇਰੇ ਪੁੱਤ ਨੂੰ। ਅਲੇ-ਅਲੇ-ਅਲੇ। ਰੋਣ ਕਿਉਂ ਲੱਗ ਪਿਐ। -ਨਾ ਮੇਰੇ ਬਿੱਲੇ ਚੁੱਪ ਕਰ ਜਾ।
ਅਜਮੇਰ- ਲਿਆ ਮੈਂ ਢਿੱਡ ਤੇ ਪਾ ਲੈਂਦਾਂ ਤੇ ਥਾਪੜ ਕੇ ਹੁਣੇ ਸੁਆ ਦਿੰਨੈਂ। -ਹੂੰਅ ਹੂੰਅ ਓਅ ਓਅ।
ਹਰਿੰੰਦਰ- ਮੈਂ ਲੋਰੀ ਸੁਣਾਉਂਦੀ ਆਂ । -ਮੇਰੇ ਬਾਲ ਮੇਰੇ ਲਾਲ, ਸੌਂ ਜਾ ਮੰਮੀ ਨਾਲ ਸੌਂ ਜਾ ਨੀਂਦੀਆ ਰਾਣੀ ਆ ਜਾ ਮੇਰੇ ਲਾਡਲੇ ਨੂੰ ਸੁਆ ਜਾ ਮੇਰੇ ਸੂਰਜ ਮੇਰੇ ਚੰਨ ਮੇਰੀਆਂ ਅੱਖਾਂ ਦੇ ਤਾਰੇ ਮੇਰੇ ਰਾਜ ਦੁਲਾਰੇ ਬੁੜਾਪੇ ਦੇ ਸਹਾਰੇਸੌਂ ਜਾ ਊਂ ਅ।
ਦੀਪੂ- --------------------------।
ਅਜਮੇਰ- ਲਉ ਜੀ ਸੌਂ ਗਿਐ, ਦੀਪੂ। ਐਧਰ ਹੋ, ਕੰਧ ਵੱਲ ਇੱਕ ਪਾਸੇ ਕਰਕੇ ਲਿਟਾ ਦੇਵਾਂ ਪੁੱਤ ਨੂੰ।
ਹਰਿੰਦਰ- (ਜਿੱਥੇ ਮਰਜ਼ੀ ਪਿਆ ਰਹਿ। ਮੈਂ ਤਾਂ ਪਿੱਠ ਕਰਕੇ ਪੈਂਦੀ ਆਂ। ਪਾਪੀਆਂ! ਤੈਨੂੰ ਜ਼ਿੰਦਗੀ ਭਰ ਨਹੀਂ ਬਲਾਉਣਾ। -ਨਿਆਣੇ ਦੇ ਭਵਿੱਖ ਦੀ ਚਿੰਤਾ ਨਾ ਹੁੰਦੀ ਤਾਂ ਡੰਗਰ ਬੰਦੇ ਤੋਂ ਕਦੇ ਨਾ ਐਨੀ ਕਪੱਤ ਕਰਾਉਂਦੀ। ਮੈਨੂੰ ਤਾਂ ਦੀਪੂ ਦਾ ਐ ਬਈ ਇਹਦੀ ਬਿਚਾਰੇ ਦੀ ਜ਼ਿੰਦਗੀ ਰੁਲ ਜੂ। ਮਸ਼ੋਰਾਂ ਵਾਂਗੂੰ ਫਿਰੂ। ਬੱਚੇ ਨੂੰ ਦੋਨਾਂ ਦੀ ਲੋੜ੍ਹ ਐ। ਇਕੱਲੀ ਮਾਂ ਜਾਂ ਇਕੱਲਾ ਪਿਉ, ਜੁਆਕ ਦੀ ਓਨੀ ਵਧੀਆ ਪਰਵਰਿਸ਼ ਨਹੀਂ ਕਰ ਸਕਦੇ, ਜਿੰਨੀ ਅੱਛੀ ਤਰ੍ਹਾਂ ਦੋਨੋਂ ਮੀਆਂ-ਬੀਵੀ ਰਲ੍ਹ ਕੇ ਕਰ ਸਕਦੇ ਹਨ। ਇਸੇ ਲਈ ਤਾਂ ਸਭ ਸਹੀ ਜਾਂਦੀ ਆਂ। ਨਹੀਂ, ਮੈਂ ਫੌਹੜੇ ਖਾਣ ਲਈ ਨ੍ਹੀਂ ਸੀ ਆਈ ਵਲੈਤ ਚ। ਆਏ ਦਿਨ ਛਿੱਤਰ ਖਾਹ-ਖਾਹ ਮੇਰਾ ਪਿੰਡਾ ਥਾਂ-ਥਾਂ ਤੋਂ ਪੱਛਿਆ ਪਿਐ ਇਉਂ ਲੱਗਦੈ ਜਿਵੇਂ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਪ੍ਰਮਾਣੂ ਬੰਬਾਂ ਦੇ ਪਰੀਖਣ ਤੋਂ ਬਾਅਦ ਪੁਖਰਾਨ ਦੀ ਜ਼ਮੀਨ ਦਿੱਸਦੀ ਸੀ। ਇੱਕ ਮੈਂ ਹੀ ਆਂ ਜਿਹੜੀ ਕਹਿਰਾਂ ਦਾ ਜ਼ੁਲਮ ਜਰੀ ਜਾਂਨੀ ਆਂ। ਮੇਰੀ ਥਾਂ ਕੋਈ ਹੋਰ ਹੁੰਦੀ ਤਾਂ ਅਹੇ ਜੇ ਅੜ੍ਹਬ ਬੰਦੇ ਨਾਲ ਇੱਕ ਦਿਨ ਨਾ ਕੱਟਦੀ, ਬੋਰੀ-ਬਿਸਤਰਾ ਚੁੱਕ ਕੇ ਕਿੱਦਣ ਦੀ ਹਵਾ ਹੋ ਜਾਂਦੀ। ਮੇਰੇ ਅਣਮੁੱਲੇ ਰੂਪ ਦਾ ਆਨਾ ਮੁੱਲ ਨ੍ਹੀਂ ਪਿਆ ਏਸ ਘਰ ਚ। ਜਦੋਂ ਮੈਂ ਕਵਾਰੀ ਸੀ, ਉਦੋਂ ਮਰੱਬਿਆਂ ਦੇ ਮਾਲਕ ਮੁੰਡਿਆਂ ਦੇ ਰਿਸ਼ਤੇ ਆਉਂਦੇ ਹੁੰਦੇ ਸੀ ਮੈਨੂੰ। ਲੋਕਾਂ ਨੇ ਤਾਂ ਮੇਰੇ ਪੇਕਿਆਂ ਦੀਆਂ ਦੇਹਲੀਆਂ ਨੀਵੀਂਆਂ ਕਰੀ ਤੀਆਂ ਸੀ ਮੇਰੇ ਸਾਕ ਲਈ। ਮੈਂ ਹੀ ਇੰਗਲੈਂਡ ਦੇ ਲਾਲਚ ਵਿੱਚ ਏਸ ਅਨਪੜ੍ਹ ਅਤੇ ਨੰਗ-ਮੁਲੰਗ ਤੇ ਡੁੱਲ ਗੀ। ਇੰਡੀਆ ਵਿਆਹ ਕਰਾਉਂਦੀ ਤਾਂ ਪੀੜੇ ਤੇ ਰੇਬ ਪਜਾਮੀ ਪਾ ਕੇ ਬੈਠੀ ਹੁਕਮ ਚਲਾਉਂਦੀ। ਰਾਜ ਕਰਦੀ ਰਾਜ। ਬੀਹ ਨੌਕਰ ਮੇਰਾ ਗੋਲਪੁਣਾ ਕਰਨ ਤੇ ਹੁੰਦੇ। ਮੇਰੇ ਨਾਲ ਦੀਆਂ ਪੜ੍ਹ ਕੇ ਮਾਸਟਰਨੀਆਂ ਲੱਗੀਆਂ ਹੋਈਆਂ ਨੇ। ਮੈਂ ਇੱਥੇ ਫੈਕਟਰੀਆਂ ਚ ਮਜ਼ਦੂਰੀਆਂ ਕਰਦੀ ਆਂ। ਮੇਰਾ ਤਾਂ ਉਹ ਹਾਲ ਐ, ਪੱਥਣੀਆਂ ਪਈਆਂ ਪਾਥੀਆਂ ਬੀ ਏ ਪੜ੍ਹ ਕੇ ਕਿਸੇ ਨਾ ਕੰਮ ਆਈ। ਮੈਂ ਤਾਂ ਬੀ ਐੱਡ ਕਰਕੇ ਖੂਹ ਚ ਪਾ ਦਿੱਤੀ। ਇਹ ਆਪ ਅੰਗੂਠਾ ਛਾਪ ਸੀ, ਇਹਨੇ ਮੇਰੀ ਪੜਾਈ ਦੀ ਵੀ ਰਤਾ ਕਦਰ ਨ੍ਹੀਂ ਪਾਈ।)
ਅਜਮੇਰ- (ਮਨਾ ਚੰਗਾ ਭਲਾ ਸਾਰੇ ਇੰਡੀਆ ਵਿਆਹ ਕਰਵਾਉਣ ਤੋਂ ਵਰਜਦੇ ਸੀ। ਬਲਰਾਜ ਸਿੱਧੂ ਨੇ ਵੀ ਬਥੇਰੀਆਂ ਮੱਤਾਂ ਦਿੱਤੀਆਂ ਸੀ। ਸਭ ਕਹਿੰਦੇ ਸੀ ਬਈ ਇੰਡੀਆ ਦੀਆਂ ਕੁੜੀਆਂ ਨੂੰ ਤਾਂ ਪਿੱਛੇ ਦਾ ਹੀ ਰਹਿੰਦੈ। ਸਭ ਹੂੰਝ-ਹੂੰਝ ਮਾਪਿਆਂ ਦੇ ਬੱਬਰ ਚ ਹੀ ਪਾਈ ਜਾਂਦੀਆਂ ਰਹਿੰਦੀਆਂ ਹਨ। ਮੇਰੀ ਅਕਲ ਤੇ ਪਰਦਾ ਪੈ ਗਿਆ ਸੀ। ਸੋਚਿਆ ਸੀ ਇੱਥੇ ਦੀਆਂ ਕੁੜੀਆਂ ਨੂੰ ਕਨਾਨੂੰ ਦਾ ਪਤਾ ਹੁੰਦੈ। ਮਾੜਾ ਜਿਹਾ ਖਹਿਬੜੋ, ਜਦੇ ਹੀ ਧਮਕੀ ਦੇਣ ਲੱਗ ਪੈਂਦੀਆਂ, ਕਹਿਣਗੀਆਂ ਸੱਦਾਂ ਪੁਲੀਸ? ਪੁਲਸ ਤਾਂ ਜਿਵੇਂ ਸਾਲੀਆਂ ਨਾਲੇ ਨਾਲ ਬੰਨ੍ਹੀ ਫਿਰਦੀਆਂ ਹੁੰਦੀਆਂ। ਇੱਟ-ਖੜੱਕੇ ਤੋਂ ਡਰਦੇ ਨੇ ਇੰਡੀਆ ਤੋਂ ਇਹ ਰਕਾਨ ਲਿਆਂਦੀ ਸੀ। ਮੈਂ ਸਮਝਦਾ ਸੀ ਪੰਜਾਬ ਦੀਆਂ ਕੁੜੀਆਂ ਸਾਊ ਹੁੰਦੀਆਂ। ਪਰ ਮਾੜੇ ਕਰਮਾਂ ਨੂੰ ਅਹੇ ਜਿਹੀ ਕੱਬੀ ਤੇ ਕਲੈਹਣੀ ਟੱਕਰੀ ਆ, ਨਿੱਤ ਕਲੇਸ਼ ਰੱਖਦੀ ਆ। ਜਿਹੜੀਆਂ ਵਿਆਹੀਆਂ ਤੀਵੀਂਆਂ ਪੇਕਿਆਂ ਦਾ ਮੋਹ ਨਹੀਂ ਛੱਡਦੀਆਂ, ਉਹ ਮੂਰਖਾਂ, ਆਪ ਤਾਂ ਔਖੀਆਂ ਹੁੰਦੀਆਂ ਹੀ ਹਨ। ਸਗੋਂ ਦੂਜਿਆਂ ਨੂੰ ਵੀ ਤੰਗ ਕਰਦੀਆਂ ਹਨ। ਹਰ ਕੁੜੀ ਨੂੰ ਸ਼ਾਦੀ ਹੋਣਸਾਰ ਆਪਣੇ ਪੇਕੇ ਪਰਿਵਾਰ ਨਾਲੋਂ ਪਿਆਰ ਘਟਾ ਕੇ ਪਤੀ ਦੇ ਟੱਬਰ ਨਾਲ ਰਚਣਾ-ਮਿਚਣਾ ਚਾਹੀਦੈ ਤੇ ਸਾਹੁਰੇ ਘਰ ਨੂੰ ਹੀ ਆਪਣੇ ਅਸਲੀ ਘਰ ਵਜੋਂ ਸਵਿਕਾਰ ਲੈਣਾ ਚਾਹੀਦਾ ਹੈ। ਇਧਰਲੇ ਬੰਦੇ ਜਿਹੜੇ ਇੰਡੀਆ ਵਿਆਹ ਕਰਵਾਉਣ ਜਾਂਦੇ ਨੇ, ਕੁੜੀਆਂ ਵਾਲਿਆਂ ਦਾ ਲੈਣ-ਦੇਣ ਲੈ ਕੇ ਕੰਘਾ ਕਰਕੇ ਰੱਖ ਦਿੰਦੇ ਨੇ। ਮੂੰਹੋਂ ਮੰਗ-ਮੰਗ ਟਰੱਕਾਂ ਦੇ ਟਰੱਕ ਭਰੇ ਲੈਂਦੇ ਨੇ। ਇੱਕ ਮੈਂ ਹਾਂ ਜੀਹਨੇ ਇੱਕ ਰੁਪਈਏ ਵਿੱਚ ਵਿਆਹ ਕਰਵਾਇਆ ਸੀ। ਇਹਦੇ ਮਾਪਿਆਂ ਦੱਲਿਆਂ ਤੋਂ ਡੱਕਾ ਨ੍ਹੀਂ ਲਿਆ। ਉਨ੍ਹਾਂ ਨੂੰ ਤਾਂ ਮੇਰਾ ਏਨੇ ਨਾਲ ਹੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ। ਅੱਜ-ਕੱਲ੍ਹ ਸਭ ਅਹਿਸਾਨਫਰਾਮੋਸ਼ ਨੇ। ਕੋਈ ਨਹੀਂ ਕਿਸੇ ਦਾ ਗੁਣ ਪਾਉਂਦੈ। ਜੇ ਕਿਤੇ ਇੱਥੇ ਇੰਗਲੈਂਡ ਵਿੱਚ ਵਿਆਹ ਕਰਵਾਉਂਦਾ ਤਾਂ ਅਗਲੇ ਨੇ ਸੂਈ ਤੋਂ ਜਹਾਜ਼ ਤੱਕ ਹਰ ਚੀਜ਼ ਕੁੜੀ ਨੂੰ ਦਾਜ ਵਿੱਚ ਦੇਣੀ ਸੀ। ਵਿਆਹ ਕਰਵਾਉਣ ਵੇਲੇ ਮੇਰੀ ਤਾਂ ਮੱਤ ਮਾਰੀ ਗਈ ਸੀ। ਹੱਥੀਂ ਆਪਣੀ ਰੇਖ ਚ ਮੇਖ ਗੱਡ ਬੈਠਾ। ਸ਼ਾਇਦ ਵਿਕਟੋਰੀਆ ਦੀ ਹਾਅ ਲੱਗ ਗਈ ਐ, ਜਿਹੜੀ ਮੈਨੂੰ ਇਹ ਲੜਾਕੀ ਮਿਲੀ ਹੈ। ਜਦੋਂ ਦੀ ਆਈ ਐ, ਘਰ ਨੂੰ ਪਾਨੀਪੱਤ ਦਾ ਮੈਦਾਨ ਈ ਬਣਾਇਆ ਪਿਐ। ਵਿਕਰੋਟਰੀਆਂ ਮੇਰੇ ਤੇ ਬੜਾ ਮਰਦੀ ਹੁੰਦੀ ਸੀ। ਉਹ ਤਾਂ ਮੇਰੀ ਖਾਤਰ ਆਪਣੇ ਮਾਪਿਆਂ ਦਾ ਘਰ ਵੀ ਛੱਡ ਆਈ ਸੀ। ਬੜੀਆਂ ਮਿੰਨਤਾਂ ਕਰੀਆਂ ਮੇਰੀਆਂ ਬਈ ਉਸ ਰੰਨ ਨੇ। ਕਹਿੰਦੀ ਸੀ ਵਿਆਹ ਕਰਵਾ ਲੈ, ਨਹੀਂ ਹੱਥੀਂ ਜਹਿਰ ਦੇ ਦੇ। ਮੈਂ ਹੀ ਨ੍ਹੀਂ ਉਹਨੂੰ ਲੱਤ ਲਾਈ। ਦੇਸੀ ਲਾੜੇ ਅਤੇ ਵਲਾਇਤੀ ਲਾੜੀ ਦੇ ਜਿਹੜੇ ਜੁਆਕ ਹੁੰਦੇ ਨੇ ਉਹ ਇਥੇ ਦੇ ਹੋ ਕੇ ਹੀ ਰਹਿ ਜਾਂਦੇ ਨੇ। ਇੰਡੀਆਂ ਜਾਣ ਲਈ ਉਹਨਾਂ ਵਿੱਚ ਕੋਈ ਖਿੱਚ ਨਹੀਂ ਹੁੰਦੀ। ਇਸੇ ਵਜ੍ਹਾ ਕਰਕੇ ਮੇਮ ਨਾਲ ਸ਼ਾਦੀ ਨਹੀਂ ਸੀ ਕੀਤੀ। ਮੈਂ ਆਪਣੇ ਪੁਰਖਿਆਂ ਦੀ ਧਰਤੀ ਨਾਲੋਂ ਰਿਸ਼ਤਾ ਨਹੀਂ ਸੀ ਤੋੜਨਾ ਚਾਹੁੰਦਾ। ਚੰਗਾ ਰਹਿੰਦਾ ਵਿਕਰੋਟੀਆ ਨਾਲ ਵਿਆਹ ਕਰਵਾ ਲੈਂਦਾ ਤਾਂ, ਦੋਨੋਂ ਜੀਅ ਮੌਜਾਂ ਕਰਦੇ। ਗੋਰੀਆਂ ਦੀ ਸਿਫਤ ਐ ਬਈ ਡੱਕਾ ਨ੍ਹੀਂ ਕਿਸੇ ਨੂੰ ਦਿੰਦੀਆਂ, ਨਾ ਪੇਕਿਆਂ ਨੂੰ, ਨਾ ਸਾਹੁਰਿਆਂ ਨੂੰ। ਆਪ ਕਮਾਉਂਦੀਆਂ ਤੇ ਆਪ ਹੀ ਉਡਾਉਂਦੀਆਂ। ਨਾ ਹੀ ਜਮ੍ਹਾ ਕਰ-ਕਰ ਬੈਂਕਾਂ ਭਰਦੀਆਂ। ਅੰਗਰੇਜ਼ਣਾਂ ਦਾ ਤਾਂ ਸਿੱਧਾ ਹਿਸਾਬ ਹੁੰਦੈ, ਦਾਲ ਰੋਟੀ ਖਾਉ, ਪ੍ਰਭੂ ਕੇ ਗੁਣ ਗਾਉ। ਅਸੀਂ ਏਸ਼ੀਅਨ ਹੀ ਆਪਣੇ ਲਈ ਸਿਰ-ਦਰਦੀਆਂ ਪੈਦਾ ਕਰ ਲੈਂਨੇ ਵਾਂ। ਬੇਸ਼ੱਕ ਮੈਨੂੰ ਅੰਗਰੇਜ਼ੀ ਚੱਜ ਨਾਲ ਨਹੀਂ ਆਉਂਦੀ, ਫੇਰ ਵੀ ਅਸੀਂ ਪੂਰੀ ਗਿੱਟ-ਮਿੱਟ ਕਰ ਲਈ ਦੀ ਸੀ। ਗੋਰੀ ਨਸਲ ਦੀ ਹੋ ਕੇ ਵੀ ਵਿਕਟੋਰੀਆ ਮੁਸਲਮਾਨਣੀਆਂ ਵਾਂਗੂੰ ਬਹੁਤ ਪਿਆਰ ਕਰਦੀ ਹੁੰਦੀ ਸੀ। ਅਜੇ ਤਾਈਂ ਭੁਲਾਇਆਂ ਨ੍ਹੀਂ ਭੁੱਲਦੀ। ਹਾਏ! ਵਿਕੀ (ਵਿਕਟੋਰੀਆ) ਕਿੱਥੇ ਐਂ ਤੂੰ? -ਲੋਕ ਪੁੱਤਾਂ ਦੀ ਦਾਤ ਲਈ ਰੱਬ ਅੱਗੇ ਨੱਕ ਰਗੜਦੇ ਨੇ। ਸਾਨੂੰ ਮਿਹਰਵਾਨ ਹੋ ਕੇ ਪ੍ਰਮਾਤਮਾ ਨੇ ਦੀਪੂ ਦਿੱਤੈ, ਇਹ ਉਹਦਾ ਜੀਵਨ ਬਰਬਾਦ ਕਰਨ ਤੇ ਤੁਲੀ ਹੋਈ ਆ। ਮੈਂ ਸੱਤੇ ਦਿਨ ਕੰਮ ਕਰਕੇ ਹੱਡ ਭੰਨ੍ਹਾਉਂਦਾਂ ਬਈ ਚਾਰ ਛਿੱਲੜ ਜਮ੍ਹਾ ਹੋ ਜਾਣ ਤਾਂ ਕਿ ਬਲੂਰ ਦੀ ਲਾਈਫ ਬਣ ਜੇ। ਪਰ ਇਹਨੇ ਕੁੱਤੀ ਨੇ ਔਲਾਦ ਦੇ ਮੂੰਹ ਦੀ ਬੁਰਕੀ ਖੋਹ ਕੇ ਮਾਪਿਆਂ ਨੂੰ ਰਜਾਉਣ ਤੇ ਲੱਕ ਬੰਨ੍ਹਿਆ ਹੋਇਐ। - ਮੇਰੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਆ ਏਸ ਗੰਦੀ ਜਨਾਨੀ ਨੇ। ਝਾਕਣਾ ਨ੍ਹੀਂ ਮੈਂ ਤਾਂ ਹੁਣ ਇਹਦੇ ਮਤਲਵਪ੍ਰਸਤ ਵੱਲ।)
ਕਮਰਾ- (ਤਕੜੇ ਚਿਰ ਤੋਂ ਖਾਸੀ ਦੇਰ ਲਈ ਕੰਨ ਪਾੜਵੀਂ ਖਾਮੋਸ਼ੀ!) 

ਹਰਿੰਦਰ- (ਚੱਲ ਬੀਬੀ ਹਰਿੰਦਰ ਕੁਰੇ! ਜੇ ਇਹ ਹੀਂਡੀ ਆ ਤਾਂ ਤੂੰ ਹੀ ਲਿਫ ਜਾਹ। ਠੰਡਾ ਤੱਤਾ ਸਮੋਣ ਦੀ ਜਾਚ ਸਿੱਖ। ਇਸਤਰੀ ਨੂੰ ਹੀ ਸਿਆਣਪ ਸੋਚਣੀ ਪੈਂਦੀ ਆ ਅਖੀਰ ਨੂੰ। ਸੰਤਾਨ ਖਾਤਰ ਝੱਲ ਲੈ ਚਗੌਂਟੇ, ਹੋਰ ਕੀ ਆ।)
ਅਜਮੇਰ- (ਭਾਈ ਅਜਮੇਰ ਸਿਆਂ! ਤੂੰ ਹੀ ਅਕਲ ਦਾ ਰਾਹ ਫੜ੍ਹ। ਇਹਨੂੰ ਆਕੜਕੰਨੀ ਤੀਵੀਂ ਨੂੰ ਤਾਂ ਤਿਉ ਨਹੀਂ ਆਉਂਦਾ। ਤੂੰ ਕਿਉਂ ਨਿਆਣੀ ਦੀ ਜ਼ਿੰਦਗੀ ਉਜਾੜਣ ਲੱਗਿਐਂ? ਉਹ ਜਾਣੇ! ਔਖਾ-ਸੌਖਾ ਹੋ ਕੇ ਜਿਵੇਂ ਕਹਿੰਦੀ ਆ ਉਵੇਂ ਕਰ ਲੈ।)
ਦੀਪੂ- ਊ ਊ ਐ ਐਂ।
ਅਜਮੇਰ- ਇਹ ਫੇਰ ਕਿਉਂ ਰੋਣ ਲੱਗ ਪਿਐ? ਭੁੱਖਾ ਤਾਂ ਨ੍ਹੀਂ? ਦੁੱਧ ਪਿਲਾਇਆ ਸੀ?
ਹਰਿੰਦਰ- ਹਾਂ ਜੀ, ਰੱਜ ਕੇ ਪਿਆ ਸੀ। ਪਤਾ ਨ੍ਹੀਂ ਕਾਹਤੋਂ ਦੋ ਕੁ ਦਿਨਾਂ ਦਾ ਦੀਪੂ, ਇਉਂ ਹੀ ਰਿਹਾੜ ਜਿਹੀ ਕਰੀ ਜਾਂਦੈ। ਨਾ ਕੁੱਝ ਖਾਂਦੈ, ਨਾ ਪੀਂਦੈ, ਨਾ ਹੀ ਚੱਜ ਨਾਲ ਖੇਡਦਾ-ਖੁਡਦੈ।
ਅਜਮੇਰ- ਜੀ ਪੀ ਤੋਂ ਚੈਕਅੱਪ ਕਰਵਾ ਕੇ ਦਵਾਈ ਲੈਣੀ ਸੀ ਕੋਈ। ਕੁੱਝ ਦੁੱਖਦਾ ਨਾ ਹੋਵੇ।
ਹਰਿੰਦਰ- ਗਈ ਸੀ ਡਾਕਟਰ ਦੇ ਵੀ ਦਾਦਣਾ ਦੇਖ-ਦੁਖ ਕੇ ਕਹਿੰਦਾ, ਕੁਸ਼ ਨ੍ਹੀਂ ਹੋਇਆ। ਇਹ ਤਾਂ ਪਰਫੈਕਟਲੀ ਵੈੱਲ ਆ। -ਜਦੋਂ ਦਾ ਗੁਆਡੀਆਂ ਨੇ ਘਰ ਮੂਵ ਕੀਤੈ, ਦੀਪੂ ਉਦੋਂ ਦਾ ਈ ਉਦਾਸ ਜਿਹਾ ਰਹਿੰਦੈ। ਅੱਗੇ ਤਾਂ ਉਹਨਾਂ ਦੇ ਨਿਆਣਿਆਂ ਨਾਲ ਖੇਡਦਾ ਰਹਿੰਦਾ ਸੀ। ਇੱਲਤਾਂ ਬਹੁਤ ਕਰਦਾ ਸੀ। ਹੁਣ ਇਹਦਾ ਜੀਅ ਨ੍ਹੀਂ ਲੱਗਦੈ। ਗੁੱਸੇ ਨਾਲ ਜੋ ਚੀਜ਼ ਹੱਥ ਚ ਆਉਂਦੀ ਹੈ, ਚਲਾ ਕੇ ਮਾਰਦੈ। ਸ਼ੁਕਰ ਹੋਉ ਜਦ ਸਤੰਬਰ ਚ ਨਰਸਰੀ ਜਾਣ ਲੱਗੂ। ਘਰੇ ਤਾਂ ਕੱਲਾ ਕਰਕੇ ਕੰਧਾਂ-ਕੌਲਿਆਂ ਨਾਲ ਵੱਜਦਾ ਫਿਰਦੈ। ਉਂਝ, ਮੈਂ ਵੀ ਡਾਕਟਰ ਦੇ ਕਹੇ ਨਾਲ ਸਹਿਮਤ ਹਾਂ। ਮੈਨੂੰ ਵੀ ਲੱਗਦੈ ਇਹ ਢਿੱਲਾ-ਮੱਠਾ ਨਹੀਂ, ਸਗੋਂ ਲੋਨਲੀ ਫੀਲ ਕਰਦੈ।
ਅਜਮੇਰ- ਇਹਨੂੰ ਖੇਡਣ ਲਈ ਖੇਡ ਦੇ ਦਿੰਨੇ ਆਂ ਫੇਰ। -ਹੁਣ ਤਾਂ ਗੈਪ ਵੀ ਖਾਸਾ ਹੀ ਪੈ ਗਿਐ।
ਹਰਿੰਦਰ- ਵਾਹੇਗੁਰੂ ਕਹੋ! ਆਪਣੀ ਤਾਂ ਭਾਈ ਬੱਸ ਆ।
ਅਜਮੇਰ- ਇੱਕ ਨਾਲ ਈ। ਇੱਕ ਨਾਲ ਕੀ ਬਣਦੈ?
ਹਰਿੰਦਰ- ਹੋਰ ਪੰਜਾਹ ਚਾਹੀਦੈ ਆ? ਬੰਦੇ ਨੂੰ ਜੰਮਣਾ ਪਵੇ ਫੇਰ ਪਤਾ ਲੱਗੇ। ਇੱਕ ਜੀਅ ਬਹੁਤ ਆ ਹੋਰ ਗਾਹਾਂ ਹਾਕੀ ਦੀ ਟੀਮ ਥੋੜਾ ਬਣਾਉਣੀ ਆ?
ਅਜਮੇਰ- ਘੱਟੋ-ਘੱਟ ਇੱਕ ਤਾਂ ਹੋਰ ਹੋਵੇ। ਸਿਆਣੇ ਕਹਿੰਦੇ ਹੁੰਦੇ ਆ, ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲਕੜੀ। ਕੱਲਾ ਨਾ ਹੋਵੇ ਪੁੱਤ ਜੱਟ ਦਾ। ਕੱਲੇ ਨੂੰ ਤਾਂ ਸ਼ਰੀਕ ਹੀ ਵੱਢ ਦਿੰਦੇ ਆ। ਇੱਕ ਜਣਾ ਕਿਹੜੇ ਕਿਹੜੇ ਪਾਸੇ ਹੋਊ? ਜਿਵੇਂ ਉਹ ਕਵਿਤਾ ਨ੍ਹੀਂ ਇੱਕ:-
ਇੱਕ ਪੁੱਤ ਨਾ ਜਾਈਂ ਰੰਨੇ।
ਲਾਡ ਵਿੱਚ ਨਾ ਆਖਾ ਮੰਨੇ।
ਬਾਹਰ ਜਾਵੇ ਤਾਂ ਮਾਪੇ ਅੰਨ੍ਹੇ।
ਘਰ ਆਵੇ ਤਾਂ ਭਾਂਡੇ ਭੰਨੇ।
ਇੱਕ ਪੁੱਤ ਨਾ ਜਾਈਂ ਰੰਨੇ।
ਇੱਕ ਪੁੱਤ ਨਾ।
ਹਰਿੰਦਰ- ਨਾਂਹ! -ਨਾ!! ਅਜੇ ਨ੍ਹੀਂ। ਹਾਲੇ ਹੱਥ ਤੰਗ ਐ।
ਅਜਮੇਰ- ਉੱਪਰ ਵਾਲਾ ਨਿਆਣੇ ਦਊ ਤਾਂ ਦਾਣੇ ਵੀ ਦਊ। ਬੜ੍ਹਾ ਦਇਆਵਾਨ ਐ ਉਹ, ਕੀੜਿਆਂ ਮਕੌੜਿਆਂ ਨੂੰ ਪੱਥਰਾਂ ਚ ਅੰਨ੍ਹ ਦਿੰਦੈ।
ਹਰਿੰਦਰ- ਨਾ ਬਾਬਾ ਨਾ, ਹੋਰ ਖਰਚੇ ਥੋੜੇ ਨੇ? ਪਹਿਲਾਂ ਚਾਰ ਛਿੱਲੜ ਜੋੜ ਲਈਏ।
ਅਜਮੇਰ- ਜੋੜ ਕੇ ਕਿਹੜਾ ਜਮਾਲੇ ਹੋਰਾਂ ਸ਼ਾਹ ਹੋ ਜਾਣੈ? ਮਿਸ਼ਾਲ ਬਾਲ ਕੇ ਰਾਤ ਕੱਟਾਂਗੇ। -ਭੋਲੀਏ ਹਰੇਕ ਜੀਅ ਵਿਧਮਾਤਾ ਤੋਂ ਆਪਣੇ ਚੰਗੇ-ਮਾੜੇ ਭਾਗ ਲਿਖਾ ਕੇ ਇਸ ਦੁਨੀਆਂ ਚ ਆਉਂਦੈ। ਇੰਨਸਾਨ ਦੇ ਕਰਮਾਂ ਚ ਹੁੰਦੈ ਉਹ ਉਹਨੂੰ ਹਰ ਹਾਲ ਮਿਲ ਕੇ ਰਹਿੰਦੈ। ਏਸ ਮੁਲਖ ਵਿੱਚ ਤਾਂ ਬੱਚਾ ਜੰਮਦਾ ਹੀ ਕਮਾਉਣ ਲੱਗ ਜਾਂਦੈ। -ਕੀ ਖਿਆਲ ਆ?
ਹਰਿੰਦਰ- ਮੈਂ ਕੀ ਕਹਿਣੈ? ਅਫੋਰਡ ਕਰ ਸਕਦੇ ਹੋ ਤਾਂ ਦੇਖ ਲਉ?
ਅਜਮੇਰ- ਦੇਖਣਾ, ਦਿਖਾਉਣਾ ਕੀ ਆ? ਮਿਹਨਤ ਕਰਕੇ ਜੋੜੀ ਬਣਾਉਂਦੇ ਆਂ ਤੇ ਐਤਕੀ ਲੋਹੜੀ ਮਨਾਉਂਦੇ ਆਂ। -ਇੱਕ ਗੱਲ ਤਾਂ ਦੱਸ। ਮੇਰੇ ਆਲੇ-ਦੁਆਲੇ ਕੀ ਕਡਿੰਆਲੀ ਤਾਰ ਦੀ ਵਾੜ ਕਰੀ ਹੋਈ ਆ, ਜਿਹੜਾ ਦੂਰ ਹੋ ਕੇ ਪਈ ਐਂ? ਕੰਜਰਦੀਏ, ਕੋਲ ਨੂੰ ਆਜਾ?
ਹਰਿੰਦਰ- ਆਹੋ, ਅੱਗੇ ਕੁੱਟਣ ਵੇਲੇ ਜੇ ਕੋਈ ਹੱਡੀ-ਪਸਲੀ ਸਾਬਤੀ ਬੱਚ ਗਈ ਐ ਤਾਂ ਉਹ ਵੀ ਤੋੜਣ ਦਾ ਇਰਾਦਾ ਹੋਣੈ? ਸੁਰਮਾ ਬਣਾ ਦੋ ਮੇਰਾ!
ਅਜਮੇਰ- ਮੇਰਾ ਦਿਮਾਗ ਖਰਾਬ ਹੋਇਐ, ਜੋ ਇੰਡੀਆ ਦੇ ਪੁਲਸੀਆਂ ਵਾਂਗੂੰ ਤੈਨੂੰ ਬਿਨਾਂ ਕਸੂਰੋਂ ਕੁੱਟੂੰਗਾ? ਛੱਮਕ-ਛੱਲੋ, ਮੈਂ ਤਾਂ ਪਿਆਰ ਕਰਨ ਲਈ ਸੱਦਦਾਂ।
ਹਰਿੰਦਰ- ਜਾਣਦਿਆ ਕਰੋ, ਕੁਫਰ ਤੋਲਣ ਨੂੰ। ਸ਼ਰਾਬ ਤੋਂ ਛੁੱਟ ਤੁਸੀਂ ਕਿਸੇ ਹੋਰ ਨੂੰ ਪਿਆਰ ਨ੍ਹੀਂ ਕਰਦੇ।
ਅਜਮੇਰ- ਕਰਦਾ ਕਿਉਂ ਨਹੀਂ? ਮੈਨੂੰ ਤਾਂ ਤੇਰਾ ਤਿਉ ਈ ਬਹੁਤ ਆਉਂਦੈ। ਕਹੇਂ ਤਾਂ ਹਨੂੰਮਾਨ ਵਾਂਗੂੰ ਛਾਤੀ ਪਾੜ੍ਹ ਕੇ ਦਿਖਾ ਦਿੰਦਾਂ? -ਐਵੇਂ ਕਵਾਰੀਆਂ ਕੁੜੀਆਂ ਵਾਂਗੂੰ ਨਖਰੇ ਜਿਹੇ ਕਰਕੇ ਬੰਦੇ ਦਾ ਬਹੁਤਾ ਦਿਲ ਨ੍ਹੀਂ ਤੜਫਾਈਦੈ।
ਹਰਿੰਦਰ- ਮੈਂ ਨ੍ਹੀਂ ਤੁਹਾਡੇ ਨੇੜੇ ਆਉਣਾ। ਪਰ੍ਹੇ ਹੋ ਜੋ। ਮੈਂ ਕਿਹਾ ਨਾ, ਹੱਟ ਜੋ। ਮੇਰੇ ਪੱਟਾਂ ਤੇ ਹੱਥ ਨਾ ਫੇਰੋ। ਗੁੱਸੇ ਆਂ ਮੈਂ ਧਾਡੇ ਨਾਲ।
ਅਜਮੇਰ- ਨਾ ਮੇਰੀ ਜਾਨ ਰੁੱਸ ਨਾ। ਮਿੰਨਤ ਕਰਦਾਂ ਤੇਰੀ। ਪੈਰੀਂ ਹੱਥ ਲਵਾ ਲੈ? ਆਹ ਦੇਖ ਤੇਰੇ ਗੋਡੇ ਘੁੱਟਦਾਂ। ਚਾਹੇ ਜਿਵੇਂ ਮਾਸਟਰ ਨਿਆਣਿਆਂ ਨੂੰ ਸਜਾ ਦੇਣ ਲਈ ਕਰਵਾਉਂਦੇ ਹੁੰਦੇ ਨੇ ਉਵੇਂ ਲੱਤਾਂ ਹੇਠ ਦੀ ਕੰਨ ਫੜ੍ਹਾ ਕੇ ਮੁਰਗਾ ਬਣਾ ਲੈ? ਪਰ ਕਿਵੇਂ ਨਾ ਕਿਵੇਂ ਮੰਨ ਜਾ। ਮੇਰੇ ਵਾਸਤੇ ਨਾ ਸਹੀ, ਦੀਪੂ ਦੀ ਖਾਤਰ ਸਹੀ। -ਡਾਰਲਿੰਗ, ਤੇਰੀ ਬੇਰੁਖੀ ਤਾਂ ਮੈਨੂੰ ਕਤਲ ਕਰੀ ਜਾ ਰਹੀ ਹੈ। ਕਿਆ ਮਜ਼ਾ ਬਾਰ-ਬਾਰ ਮਿਲਤਾ ਹੈ ਤੁਮੇ ਹਮ ਸੇ ਰੂਠ ਜਾਨੇ ਮੇ, ਰੂਠਨੇ ਕੋ ਲਗਤੀ ਹੈਂ ਦੋ ਘੜੀਆਂ ਉਮਰ ਕੱਟ ਜਾਏਗੀ ਮਨਾਨੇ ਮੇ।
ਹਰਿੰਦਰ- ਜਿੰਨੇ ਮਰਜ਼ੀ ਡਾਇਲਾਗ ਮਾਰ ਲੋ, ਐਨਾ ਸੁਖਾਲਾ ਮੰਨਣ ਵਾਲੀ ਨ੍ਹੀਂ ਮੈਂ। ਖੂਬ ਸਮਝਦੀ ਆਂ ਮੈਂ ਤੁਹਾਡੀਆਂ ਚਾਲਾਂ, ਦਿਨੇ ਲੜਾਈਆਂ, ਰਾਤ ਨੂੰ ਸੁਲ੍ਹਾ-ਸਫਾਈਆਂ।
ਅਜਮੇਰ- ਪੀਤੀ ਖਾਧੀ ਵਿੱਚ ਆਦਮੀ ਨੂੰ ਪਤਾ ਨਹੀਂ ਲੱਗਦਾ ਹੁੰਦਾ। ਉਂੱਚਾ-ਨੀਵਾਂ ਬੋਲਿਆ ਜਾਂਦੈ। ਤੂੰ ਬੁਰਾ ਨਾ ਮਨਾਇਆ ਕਰ। ਪੁੱਤ ਜੱਟਾਂ ਦੇ ਬੋਲਦੇ ਕੌੜਾ , ਦਿਲਾਂ ਦੇ ਅਸੀਂ ਖੰਡ ਹੀਰੀਏ।
ਹਰਿੰਦਰ- ਮੈਂ ਹੋਰ ਕੀ ਸਿਆਪੇ ਕਰਦੀ ਆਂ? ਆਹੀ ਤਾਂ ਮੈਂ ਕਹਿੰਦੀ ਆਂ, ਜਿੰਨਾ ਚਿਰ ਮੂਤ ਪੀਣਾ ਨ੍ਹੀਂ ਛੱਡਦੇ, ਓਨੀ ਦੇਰ ਮੈਂ ਤੁਹਾਡਾ ਆਪਣੀ ਬੀਹੀ ਚੋਂ ਗੱਡਾ ਨ੍ਹੀਂ ਲੰਘਣ ਦੇਣਾ। -ਕੋਈ ਚੰਗੀ ਚੀਜ਼ ਨ੍ਹੀਂ ਹੈ ਇਹ। ਸ਼ਰਾਬ ਡੈਣ ਤਾਂ ਸ਼ਰਾਬੀ ਨੂੰ ਕਹਿੰਦੀ ਆ, ਪਹਿਲਾਂ ਤੂੰ ਮੈਨੂੰ ਪੀ, ਫੇਰ ਮੈਂ ਤੈਨੂੰ ਪਿਉਂਗੀ। -ਬਚ ਜਾਉ ਜੇ ਬਚ ਹੁੰਦੈ ਤਾਂ।
ਅਜਮੇਰ- ਮੇਰੀ ਮੈਰਲਿਨ ਮੁਨਰੋ, ਤੂੰ ਆਪਣੇ ਨਰਗਸੀ ਨੈਣਾਂ ਚੋਂ ਪਲਾਉਂਦੀ ਰਹੇਂ ਤਾਂ ਮੈਂ ਸ਼ਰਾਬ ਕਾਸ ਨੂੰ ਪੀਣੀ ਆ? ਤੂੰ ਲੜਦੀ-ਝਗੜਦੀ ਐ, ਤਾਂ ਮੈਂ ਦੁੱਖੀ ਹੋਇਆ ਪੀਨਾਂ । ਜੇ ਤੂੰ ਇੱਕ ਵਾਰ ਪਿਆਰ ਨਾਲ ਅੱਖਾਂ ਚ ਅੱਖਾਂ ਪਾ ਕੇ ਕਹੇਂ, ਛੱਡਦੇ ਸੌਫੀਆਂ ਪੀਣੀ ਮੈਂ ਨਾ ਡੀਪਲੋਮੈਟ ਤੋਂ ਘੱਟ ਮਿੱਤਰਾ ਤਾਂ ਮੈਂ ਦਾਰੂ ਵਨੀ ਝਾਕਾਂ ਨਾ। ਤੀਵੀਂਆਂ ਪਿੱਛੇ ਤਾਂ ਮਰਦ ਤਸਬੀਹਾਂ ਸਿੱਟ ਦਿੰਦੇ ਨੇ, ਸ਼ਰਾਬ ਤਾਂ ਚੀਜ਼ ਈ ਕੁੱਝ ਨਹੀਂ। -ਹਾਂ ਸੱਚ, ਮੈਨੂੰ ਕਹਿੰਨੀ ਐਂ, ਪਹਿਲਾਂ ਤੂੰ ਆਪਦੇ ਪੇਕਿਆਂ ਦਾ ਹੇਜ਼ ਛੱਡ? ਜਿਹੜੇ ਲੜਾਈ ਦੀ ਅਸਲੀ ਜੜ੍ਹ ਐ।
ਹਰਿੰਦਰ- ਮੰਨਜ਼ੂਰ ਐ। ਜਿਵੇਂ ਤੁਸੀਂ ਕਹੋਂ ਮੈਂ ਉਮੇ ਕਰੂੰ। ਜਿਦਣ ਮੇਰਾ ਤੁਹਾਡੇ ਨਾਲ ਵਿਆਹ ਹੋਇਆ ਸੀ, ਉਦਣੇ ਮਾਪਿਆਂ ਨਾਲੋਂ ਟੁੱਟ ਕੇ ਮੈਂ ਤੁਹਾਡੇ ਨਾਲ ਜੁੜ ਗਈ ਸੀ। ਮਰਦੇ ਦਮ ਤੱਕ ਮੈਂ ਤਾਂ ਥੋਡਿਆਂ ਸਾਹਾਂ ਚ ਸਾਹ ਲੈਣੈ। ਮੈਂ ਬਚਨ ਦਿੰਦੀ ਹਾਂ ਕਿ ਸਾਰੀ ਉਮਰ ਤਨ, ਮਨ, ਧਨ ਨਾਲ ਤੁਹਾਡੀ ਸੇਵਾ ਕਰਕੇ ਤੁਹਾਨੂੰ ਸਦਾ ਖੁਸ਼ ਰੱਖਣ ਦਾ ਯਤਨ ਕਰਾਂਗੀ। ਤੁਹਾਡੀ ਇੱਛਾ ਦੇ ਵਿਰੁੱਧ ਕੋਈ ਐਸਾ ਕੰਮ ਨਹੀਂ ਕਰਾਂਗੀ ਜਿਸ ਨਾਲ ਤੁਹਾਡਾ ਦਿਲ ਦੁੱਖੇ। ਹੁਣ ਤੋਂ ਜੇਕਰ ਕੋਈ ਖੁਨਾਮੀ ਕਰਾਂ ਤਾਂ ਮੈਨੂੰ ਨਿਸ਼ੰਗ ਮਸਾਲਾ ਰਗੜਨ ਵਾਲੇ ਕੁੰਡੇ ਚ ਪਾ ਕੇ ਘੋਟਣੇ ਨਾਲ ਦਰੜ ਦਿਉ। ਮੈਂ ਸੀਅ ਤੱਕ ਨਹੀਂ ਕਰੂੰਗੀ। -ਹੁਣ ਤੁਸੀਂ ਵਾਅਦਾ ਕਰੋ ਕਿ ਮੁੜ ਕੇ ਚੰਦਰੀ ਦਾਰੂ ਨੂੰ ਮੂੰਹ ਨਹੀਂ ਲਾਉਂਦੇ?
ਅਜਮੇਰ- ਲੈ ਫੇਰ, ਹੁਣ ਤਾਂ ਲੜਾਈ ਮੁੱਕ ਗੀ। ਤੂੰ ਵਾਅਦੇ ਦੀ ਗੱਲ ਕਰਦੀ ਐਂ, ਮੈਂ ਅੱਜ ਤੋਂ ਸ਼ਰਾਬ ਨਾ ਪੀਣ ਦੀ ਸਹੁੰ ਪਾਉਂਨਾਂ। ਕਹੇਂ ਤਾਂ ਜਿਹੜੀ ਆਪਣੀ ਰਸੋਈ ਚ ਖਾਲੀ ਬੋਤਲ ਪਈ ਆ, ਉਹ ਵੀ ਭੰਨ੍ਹ ਆਵਾਂ?
ਹਰਿੰਦਰ- ਰਹਿਣ ਦੋ ਐਨੀ ਉਵਰਐਕਟਿੰਗ ਕਰਨ ਦੀ ਕੋਈ ਜ਼ਰੂਰਤ ਨ੍ਹੀਂ। -ਫਿਲਹਾਲ ਤਾਂ ਮੇਰੇ ਰੂਪ ਦੀ ਭਰੀ ਸਰਾਹੀ ਨੂੰ ਡੀਕ ਲਾ ਕੇ ਗੱਟਾਗਟ ਪੀਣ ਦੀ ਕਰੋ।
ਅਜਮੇਰ- ਨਾਭੇ ਆਲੇ ਠੇਕੇ ਦੀਏ ਬੰਦ ਬੋਤਲੇ, ਤੈਨੂੰ ਲਾਹਾਂ ਨਾ ਬੁੱਲ੍ਹਾਂ ਦੇ ਨਾਲ ਲਾ ਕੇ। -ਖਬਨੀ ਕਿਉਂ, ਅੱਜ ਤੂੰ ਮੈਨੂੰ ਹੁਸੀਨ ਬਹੁਤ ਲੱਗਦੀ ਏਂ, ਤੇਰਾ ਪੁਰਨੂਰ ਜਲਵਾ ਔਰ ਮੇਰੀ ਖੁਰਖਾਬ ਬੇਦਾਰੀ। ਯੇ ਆਲਮ ਹੈ, ਦੋ ਆਲਮ ਮੇ ਜੋ, ਆਲਮ ਹੋ ਨਹੀਂ ਸਕਤਾ।
ਹਰਿੰਦਰ- ਉੜਦੂ ਜਈ ਨਾ ਘੋਟੋ ਜੀ, ਪੰਜਾਬੀ ਚ ਸੱਚੋ-ਸੱਚ ਦੱਸੋ ਤੁਹਾਨੂੰ ਮੈਂ ਕਿੰਨੀ ਕੁ ਸੋਹਣੀ ਲੱਗਦੀ ਆਂ?
ਅਜਮੇਰ- ਐਨੀ ਸੋਹਣੀ-ਐਨੀ ਸੋਹਣੀ ਕਿ ਮੇਰਾ ਜੀਅ ਕਰਦੈ, ਤੇਰੇ ਨਾਲ ਦੁਬਾਰਾ ਵਿਆਹ ਕਰਵਾ ਲਵਾਂ।
ਹਰਿੰਦਰ- ਦੱਤ! ਸ਼ੈਤਾਨ ਕਿਸੇ ਥਾਂ ਦੇ। ਪੁਰਾਣੇ ਵਿਆਹ ਨੂੰ ਕੀ ਉੱਲੀ ਲੱਗ ਗਈ ਐ? ਬਦਮਾਸ਼ ਨਾ ਹੋਵੋਂ ਤਾਂ, ਜਨਾਨੀ ਵਡਿਆਉਣੀ ਤਾਂ ਕੋਈ ਤੁਹਾਡੇ ਤੋਂ ਸਿੱਖੇ।
ਅਜ਼ਮੇਰ- ਆਏ-ਹਾਏ! ਮਾਧੁਰੀ ਦੀਕਸ਼ਿਤ ਈ ਬਣੀ ਪਈ ਐਂ ਅੱਜ ਤਾਂ। ਆਹ ਚਾਈਨਾ ਸਿਲਕ ਦਾ ਨਸਵਾਰੀ ਸੂਟ ਮੇਰੀ ਬਿਊਟੀ-ਕੁਈਨ ਦੇ ਪਾਇਆ ਹੋਇਆ ਬੜਾ ਫੱਬਦੈ। ਚਾਨਣ ਵੰਨਾ ਰੰਗ ਤੇਰਾ ਪੁਨਿਆ ਨੂੰ ਪਾਉਂਦਾ ਮਾਤ ਨੀ, ਥੋੜਾ ਜਿਹਾ ਨੇੜੇ ਹੋ ਜਾ ਸਿਨੇ ਚੋਂ ਨਿਕਲੇ ਲਾਟ ਨੀ ।
ਹਰਿੰਦਰ- ਬਾਅਲਾ ਧੱਕਾ ਨਾ ਕਰਿਉ, ਹੈਂ? ਪੀਤੇ ਤੇ ਤਾਂ ਤੁਸੀਂ ਜਾਨਵਰ ਬਣ ਜਾਂਦੇ ਹੋ।
ਅਜਮੇਰ- ਸਿੱਧੀ ਤਰ੍ਹਾਂ ਆ ਜਾ ਲੀਹ ਤੇ ਫੇਰ?
ਹਰਿੰਦਰ- ਸਬਰ ਕਰੋ, ਲੀੜੇ ਪਾੜਨੇ ਆ? ਹੌਲੀ-ਹੌਲੀ ਚੜ੍ਹ ਮਿੱਤਰਾ। ਮੈਂ ਪਤਲੇ ਬਾਂਸ ਦੀ ਪੋਰੀ। ਹਾਏ! ਬੰਦਿਆਂ ਵਾਂਗੂੰ ਪੋਲਾ-ਪੋਲਾ ਨ੍ਹੀਂ ਚੁੰਮ ਸਕਦੇ? ਖਾਣੈ ਮੈਨੂੰ? ਜੈਂਟਲੀ ਕਿੱਸ ਕਰੋ। ਹਈ! ਮੈਂ ਕਹਿੰਨੀ ਆਂ ਦੰਦੀਆਂ ਨਾ ਵੱਢੋਨਾਲਾ ਤੋੜਨੈ? ਖੜੋ-ਖੜੋ-ਖੜੋ!
ਅਜਮੇਰ- ਕਿਉਂ? ਹੁਣ ਕੀ ਹੋ ਗਿਐ?
ਹਰਿੰਦਰ- ਥੱਲੇ ਫਰਸ਼ ਤੇ ਚੱਲਦੇ ਆਂ, ਮੰਜਾ ਚਿੰਕੂ-ਚਿੰਕੂ ਕਰੂ। ਖੜਕੇ ਨਾਲ ਦੀਪੂ ਦੀ ਨੀਂਦ ਖਰਾਬ ਹੋਊ।
ਅਜਮੇਰ- ਠੀਕ ਆ, ਜਿਵੇਂ ਤੇਰੀ ਖੁਸ਼ੀ! ਔਥੇ ਚੱਲ ਭੁੰਜੇ ਰੜੇ ਨੂੰ, ਜਿੱਥੇ ਮੈਂ ਕਾਰਪੈਟ ਤੇ ਸਿਰਹਾਣਾ ਸਿੱਟਿਐ।
ਹਰਿੰਦਰ- ਟਾਇਮ ਵੇਸਟ ਨਾ ਕਰੀ ਜਾਉ, ਫੱਟਾਫਟ ਆਉ। ਨੰਗੇ ਪਿੰਡੇ ਠੰਡ ਲੱਗਦੀ ਆ ਮੈਨੂੰ।
ਅਜਮੇਰ- !!!!!!!!!!!!!!!!!!!!!!!!!
ਹਰਿੰਦਰ- !!!!!!!!!!!!!!!!!!!!!!!!!
ਫਲੋਰ ਬੋਰਡ (ਫਰਸ਼ ਦੇ ਫੱਟੇ)- ਠੱਕ ਠੱਕ ਠੱਕਾ ਠੱਕ
ਅਜਮੇਰ- ਆਹ! ਨਜ਼ਾਰਾ ਆ ਗਿਐ।
ਹਰਿੰਦਰ- ਹੌਲੀ ਫੁੱਲ ਅਰਗੀ ਹੋ ਗਈ ਆਂ ਮੈਂ ਵੀ।
ਅਜਮੇਰ- ਵਾਹ ਬਈ ਵਾਹ! ਤੂੰ ਤਾਂ ਮਿੰਟਾਂ-ਸਕਿੰਟਾਂ ਚ ਈ ਮੈਨੂੰ ਬਹਿਸ਼ਤ ਦੀ ਯਾਤਰਾ ਕਰਵਾ ਦਿੰਦੀ ਏਂ। -ਤੂੰ ਤੇ ਦੀਪੂ ਨਾ ਹੋਵੋਂ ਤਾਂ ਮੈਨੂੰ ਇਹ ਜ਼ਿੰਦਗੀ ਜਿਉਣੀ ਫਜ਼ੂਲ ਤੇ ਬੇਮਤਲਵੀ ਲੱਗੇ।
ਹਰਿੰਦਰ- ਆਹਾ! ਸੱਚੀਂ ਮਜ਼ਾ ਆ ਗਿਐ। ਐਨੀ ਜ਼ਿਆਦਾ ਮੁਹੱਬਤ ਨਾ ਦਿਆ ਕਰੋ ਜਿਹੜੀ ਕਿ ਮੈਂ ਸਾਂਭ ਹੀ ਨਾ ਸਕਾਂ! ਮੈਂ ਰੱਬ ਦਾ ਲੱਖ-ਲੱਖ ਸ਼ੁਕਰ ਗੁਜ਼ਾਰਦੀ ਆਂ ਜਿਸ ਨੇ ਮੇਰੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਹੈ। ਦੀਪੂ ਵਰਗਾ ਪਿਆਰਾ ਪੁੱਤ ਤੇ ਤੁਹਾਡੇ ਵਰਗਾ ਖੂਬਸੁਰਤ ਅਤੇ ਪਿਆਰ ਕਰਨ ਵਾਲਾ ਪਤੀ ਦਿੱਤੈ। ਮੈਨੂੰ ਹੋਰ ਕੀ ਚਾਹੀਦੈ? -ਲਾਇਫ ਇਜ਼ ਟੂ ਸ਼ੋਰਟ ਫਾਰ ਲੱਵ। ਹੁਣ ਤੋਂ ਆਪਾਂ ਰੁਸਿਆ-ਲੜਿਆ ਨਹੀਂ ਕਰਨਾ?
ਅਜਮੇਰ- ਲੈ ਹੈ, ਲੜਨ ਆਪਣੇ ਦੁਸ਼ਮਣ। -ਚੱਲ ਲੀੜੇ ਪਾ ਲਈਏ, ਬੈੱਡ ਤੇ ਲੇਟ ਕੇ ਗੱਲਾਂ ਕਰਾਂਗੇ। -ਆਏਂ ਕਰ, ਤੂੰ ਪਰ੍ਹੇ ਪੈਅ ਜੀਂ, ਮੈਂ ਉਰਲੇ ਪਾਸੇ ਪੈਅ ਜਾਨਾਂ। ਦੀਪੂ ਨੂੰ ਆਪਾਂ ਵਿਚਾਲੇ ਕਰ ਲੈਂਨੇ ਆਂ।
ਹਰਿੰਦਰ- ਔਰਾਈਟ, ਜਿਵੇਂ ਤੁਹਾਡੀ ਮਰਜ਼ੀ। ਦੀਪੂ ਦੇ ਡੈਡੀ, ਤੁਸੀਂ ਕਹਿੰਦੇ ਸੀ ਗੱਲਾਂ ਕਰਨੀਆਂ ਪਲੰਘ ਤੇ ਢੂਹੀ ਲਾਉਂਦਿਆਂ ਹੀ ਮੇਰੀ ਅੱਖ ਤਾਂ ਲੱਗਦੀ ਜਾਂਦੀ ਆ। ਸੁੱਤੀ ਪਈ ਆਂ ਮੈਂ ਤਾਂ। ਤੁਸੀਂ ਜਾਗਦੇ ਹੋ ਕਿ ਸੌਂ ਗਏ?
ਅਜਮੇਰ- ਹਾਂ, ਦੀਪੂ ਦੀ ਮਾਂ, ਮੈਂ ਵੀ ਸਮਝ ਲੈ ਸੌਂ ਗਿਆਂ।
ਦੀਪੂ- ਮੰਮੀ-ਦੈਦੀ ਮੈਨੂੰ ਵੀ ਦੇਥ ਲੋ ਮੈਂ ਵੀ ਛੁੱਤਾ ਪਿਆਂ!
ਅਜਮੇਰ- ਉਏ ਬਦਮਾਸ਼ਾ ਤੂੰ ਅਜੇ ਤੱਕ ਜਾਗਦਾ ਈ ਐ?
ਹਰਿੰਦਰ- ਅਸੀਂ ਤਾਂ ਸਮਝੇ ਸੀ ਦੀਪੂ......... !

****

Post a Comment