ਆਖਰੀ ਦਾਅ.......... ਕਹਾਣੀ / ਭਿੰਦਰ ਜਲਾਲਾਬਾਦੀ

ਰਣਦੀਪ ਇੰਗਲੈਂਡ ਵਿਚ 'ਕੱਚਾ' ਸੀ। ਉਸ ਨੂੰ 'ਪੱਕੇ' ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ 'ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ 'ਭੋਰ-ਚੋਰ' ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ 'ਲੇਖੇ' ਲੱਗ ਗਈ ਸੀ।

ਰਣਬੀਰ ਨੇ ਹੀ 'ਬਾਹਰ' ਆਉਣ ਦੀ ਰਟ ਲਾਈ ਰੱਖੀ ਸੀ ਅਤੇ ਹਿੰਡ ਨਹੀਂ ਛੱਡੀ ਸੀ। ਗ਼ਰੀਬ ਬਾਪ ਦੇ ਗਲ 'ਗੂਠਾ' ਦੇ ਕੇ ਆਪਣੀ ਬਾਹਰ ਆਉਣ ਦੀ ਜਿ਼ਦ ਪੁਗਾਈ ਸੀ। ਰਣਬੀਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਬਾਪ 'ਕੱਲੇ-'ਕੱਲੇ ਪੁੱਤ ਨੂੰ ਪ੍ਰਦੇਸ ਤੋਰਨ ਦੇ ਹੱਕ ਵਿਚ ਨਹੀਂ ਸੀ। ਢਿੱਡ ਦੀ ਆਂਦਰ ਨੂੰ ਉਹ ਆਪਣੀਆਂ ਅੱਖਾਂ ਤੋਂ ਪਰ੍ਹੇ ਨਹੀਂ ਕਰਨਾ ਚਾਹੁੰਦਾ ਸੀ। ਪਰ ਕੀ ਕਰਦਾ? ਉਹ ਸੁੱਖਾਂ ਸੁੱਖ-ਸੁੱਖ ਕੇ ਮਸਾਂ ਲਏ ਸੁੱਖੀ ਲੱਧੇ ਪੁੱਤਰ ਦੀ ਜਿ਼ਦ ਅੱਗੇ ਹਾਰ ਗਿਆ ਸੀ ਅਤੇ ਉਸ ਨੇ ਪੁੱਤਰ ਦੀ ਖ਼ੁਸ਼ੀ ਲਈ ਫ਼ਾਈਨੈਂਸ ਕੰਪਨੀ ਦੇ ਜਾ ਕੇ ਛੇ ਲੱਖ ਰੁਪਏ 'ਤੇ ਅੰਗੂਠਾ ਛਾਪ ਦਿੱਤਾ ਸੀ ਅਤੇ ਜ਼ਮੀਨ ਦੇ ਨੰਬਰ ਦੇ ਦਿੱਤੇ ਸਨ। ਕਰਜ਼ਾ ਮੋੜਨ ਦੀ ਸ਼ਰਤ ਤਿੰਨ ਸਾਲ ਰੱਖੀ ਗਈ ਸੀ, ਨਾ ਮੋੜਨ ਦੀ ਸੂਰਤ ਵਿਚ ਜ਼ਮੀਨ 'ਕੁਰਕ' ਹੋ ਜਾਣੀ ਸੀ। 
ਵਲਾਇਤ ਪਹੁੰਚ ਕੇ ਉਸ ਦਾ ਜਿ਼ੰਦਗੀ ਜਿਉਣ ਦਾ ਉਤਸ਼ਾਹ ਮਾਰਿਆ ਗਿਆ ਅਤੇ ਉਲੀਕੇ ਸੁਪਨੇ ਚਕਨਾਚੂਰ ਹੋ ਗਏ। 
ਸਵੇਰੇ ਰੋਟੀ ਲੜ ਬੰਨ੍ਹ ਉਹ ਲਾਵਾਰਿਸਾਂ ਵਾਂਗ ਗੁਰਦੁਆਰੇ ਦੇ ਚੌਂਕ ਕੋਲ ਜਾ ਖੜ੍ਹਦਾ। ਕਦੇ ਉਸ ਨੂੰ ਕੰਮ ਮਿਲ ਜਾਂਦਾ ਅਤੇ ਕਦੇ-ਕਦੇ ਹਫ਼ਤਾ-ਹਫ਼ਤਾ ਦਿਹਾੜੀ ਨਸੀਬ ਨਾ ਹੁੰਦੀ। ਜੋ ਰਣਬੀਰ ਗਾਹੇ-ਵਗਾਹੇ ਕਮਾਉਂਦਾ, ਉਸ ਨਾਲ ਤਾਂ ਕਮਰੇ ਦਾ ਕਿਰਾਇਆ ਹੀ ਮਸਾਂ ਤੁਰਦਾ ਸੀ। ਮੱਚਦੇ ਢਿੱਡ ਦੀ ਅੱਗ ਬੁਝਾਉਣ ਵਾਸਤੇ ਰੋਟੀ ਉਸ ਨੂੰ ਗੁਰਦੁਆਰੇ ਤੋਂ ਖਾਣੀ ਪੈਂਦੀ। ਮਾਂ-ਬਾਪ ਨੂੰ ਪਿੰਡ ਫ਼ੋਨ ਕਰਨ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਫ਼ੋਨ ਕਰਦਾ ਵੀ ਕਿਸ ਖ਼ੁਸ਼ੀ ਜਾਂ ਉਤਸ਼ਾਹ ਵਿਚ? ਉਸ ਦੀ ਤਾਂ ਆਪਣੀ ਜਿ਼ੰਦਗੀ ਵਿਚ ਭੰਗ ਭੁੱਜੀ ਜਾ ਰਹੀ ਸੀ! ਬਾਪ ਦੀ ਕਬੀਲਦਾਰੀ ਦਾ ਫਿ਼ਕਰ ਉਸ ਨੂੰ ਤੋੜ-ਤੋੜ ਖਾਂਦਾ ਰਹਿੰਦਾ। ਰਣਬੀਰ ਨੂੰ ਨਾ ਦਿਨੇ ਚੈਨ ਅਤੇ ਨਾ ਰਾਤ ਨੂੰ ਨੀਂਦ ਪੈਂਦੀ ਸੀ। ਉਸ ਦੀ ਦੇਹ ਨੂੰ ਦਿਨ ਰਾਤ ਤੋੜਾਖੋਹੀ ਲੱਗੀ ਰਹਿੰਦੀ। 
"ਮੈਂ ਤਾਂ ਬਾਪੂ ਦੇ ਠੂਠੇ ਵੀ ਡਾਂਗ ਮਾਰੀ! ਜਿਹੜੇ ਦੋ ਸਿਆੜ ਸੀ, ਉਹ ਵੀ ਗਿਰਵੀ ਰਖਵਾ ਦਿੱਤੇ, ਹੁਣ ਮੋੜੂੰ ਕਿੱਥੋਂ?" ਕਦੇ-ਕਦੇ ਉਹ ਬੈੱਡ ਵਿਚ ਪਿਆ ਆਪਣੇ ਆਪ ਨੂੰ ਲਾਹਣਤ ਪਾਉਂਦਾ ਅਤੇ ਉਸ ਦਾ ਉਚੀ-ਉਚੀ ਰੋਣ ਨਿਕਲ ਜਾਂਦਾ। ਉਸ ਦਾ ਦਿਮਾਗ ਘੋੜ-ਦੌੜ ਵਿਚ ਹੀ ਪਿਆ ਰਹਿੰਦਾ ਅਤੇ ਜਿ਼ੰਦਗੀ ਦੀ ਗੱਡੀ ਹਨ੍ਹੇਰੀ ਖੱਡ ਵੱਲ ਨੂੰ ਸਰਕਦੀ ਜਾਪਦੀ। ਇਹਨਾਂ ਸੋਚਾਂ ਵਿਚ ਰੁਲਿਆ ਰਣਬੀਰ ਇਕ ਦਿਨ ਸਾਈਕਲ 'ਤੇ ਚੜ੍ਹਿਆ ਆ ਰਿਹਾ ਸੀ। ਦਿਮਾਗ ਉਸ ਦਾ ਟਿਕਾਣੇ ਨਹੀਂ ਸੀ। ਪੰਜ ਦਿਨ ਹੋ ਗਏ ਸਨ, ਕੋਈ ਕੰਮ ਨਹੀਂ ਮਿਲਿਆ ਸੀ। ਉਹ ਦੁਪਿਹਰ ਤੱਕ ਗੁਰਦੁਆਰੇ ਦੇ ਚੌਂਕ ਕੋਲ ਖੜ੍ਹ ਕੇ ਨਿਰਾਸ਼ ਹੋਇਆ ਮੁੜ ਆਉਂਦਾ। ਕਮਰੇ ਦਾ ਕਿਰਾਇਆ ਉਸ ਦੇ ਜਿ਼ਹਨ ਵਿਚ ਕੀਰਨੇਂ ਪਾ ਰਿਹਾ ਸੀ। ਕਦੇ-ਕਦੇ ਉਸ ਦਾ ਮਨ ਉਚਾਟ ਹੋ ਕੇ ਖ਼ੁਦਕਸ਼ੀ ਕਰਨ ਨੂੰ ਕਰਦਾ। ਅੱਜ ਉਸ ਦੇ ਪੱਲੇ ਇਕ 'ਪੈਨ੍ਹੀ' ਵੀ ਨਹੀਂ ਸੀ। ਸੋਚਾਂ ਉਸ ਨੂੰ ਅੰਦਰੋ-ਅੰਦਰੀ ਘੁਣ ਵਾਂਗ ਖਾ ਰਹੀਆਂ ਸਨ। ਮਜਬੂਰ ਬਾਪ ਦਾ ਗਰੀਬੜਾ ਜਿਹਾ ਭੋਲਾ ਚਿਹਰਾ ਉਸ ਦੇ ਸਿਰ ਵਿਚ ਵਦਾਣ ਵਾਂਗ ਸੱਲ ਕਰੀ ਜਾ ਰਿਹਾ ਸੀ। ਅਜੇ ਉਸ ਨੇ ਸਾਈਕਲ ਵੱਡੀ ਸੜਕ ਤੋਂ ਮੋੜਿਆ ਹੀ ਸੀ ਕਿ ਅਚਾਨਕ ਇਕ ਗੋਰੀ ਬਿਰਧ ਮਾਈ ਉਸ ਦੇ ਸਾਈਕਲ ਅੱਗੇ ਆ ਗਈ। ਰਣਬੀਰ ਦੇ ਬਰੇਕ ਲਾਉਂਦਿਆਂ-ਲਾਉਂਦਿਆਂ ਸਾਈਕਲ ਬੁੱਢੀ ਵਿਚ ਜਾ ਵੱਜਿਆ। ਕਸੂਰ ਸਾਰਾ ਰਣਬੀਰ ਦਾ ਵੀ ਨਹੀਂ ਸੀ। ਮਾਈ ਵੀ ਅੰਨ੍ਹੇਵਾਹ ਸੜਕ ਨੂੰ ਧੁੱਸ ਦੇਈ ਤੁਰੀ ਆ ਰਹੀ ਸੀ।
ਸਾਈਕਲ ਰਣਬੀਰ ਨੇ ਇਕ ਪਾਸੇ ਸੁੱਟ ਦਿੱਤਾ ਅਤੇ 'ਸੌਰੀ-ਸੌਰੀ' ਕਰਦੇ ਨੇ ਮਾਈ ਬਾਹੋਂ ਫ਼ੜ ਜਾ ਉਠਾਈ। ਮਾਈ ਵੀ "ਔਹ ਗੌਡ-ਔਹ ਗੌਡ" ਕਰਦੀ ਖੜ੍ਹੀ ਹੋ ਗਈ। ਉਸ ਨੇ ਰਣਬੀਰ ਨੂੰ ਗਹੁ ਨਾਲ ਤੱਕਿਆ ਤਾਂ ਰਣਬੀਰ ਤ੍ਰਭਕ ਗਿਆ। ਉਸ ਨੂੰ ਗੋਰੀ ਬਿਰਧ ਮਾਈ ਤੋਂ ਭੈਅ ਆਇਆ। ਉਸ ਨੇ ਫਿ਼ਰ 'ਸੌਰੀ-ਸੌਰੀ' ਦੀ ਰਟ ਲਾ ਲਈ। 
"ਕੀ ਨਾਂ ਏਂ ਤੇਰਾ, ਯੰਗਮੈਨ?"
"ਰਣਬੀਰ, ਰਣਬੀਰ ਸਿੰਘ!"
"ਲੋਕਲ ਹੀ ਰਹਿੰਨੈਂ?"
"ਹਾਂ ਜੀ!"
"ਕੋਈ ਗੱਲ ਨਹੀਂ, ਘਬਰਾ ਨਾ! ਐਹੋ ਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਨੇ, ਚਿੰਤਾ ਨਾ ਕਰ!" ਬੁੱਢੀ ਨੇ ਉਸ ਨੂੰ ਧਰਵਾਸ ਦਿੱਤਾ। 
ਰਣਬੀਰ ਦਾ ਮਨ ਹਲਕਾ ਹੋ ਗਿਆ।
"ਕਿਹੜੀ ਰੋਡ 'ਤੇ ਰਹਿੰਨੈ?"
"ਹਾਈ ਰੋਡ 'ਤੇ, ਇੱਕੀ ਨੰਬਰ 'ਚ!"
"ਇੱਕੀ ਹਾਈ ਰੋਡ? ਕੋਈ ਗੱਲ ਨਹੀਂ! ਫਿ਼ਕਰ ਨਾ ਕਰ! ਅਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਹਨ!"
ਉਹਨਾਂ ਦੇ ਗੱਲਾਂ ਕਰਦਿਆਂ-ਕਰਦਿਆਂ ਦੋ-ਚਾਰ ਗੋਰੇ ਹੋਰ ਇਕੱਠੇ ਹੋ ਗਏ।
"ਤੂੰ ਜਾਹ ਯੰਗਮੈਨ!" ਬੁੱਢੀ ਨੇ ਪੋਲਾ ਜਿਹਾ ਮੋਢਾ ਥਾਪੜਦਿਆਂ ਰਣਬੀਰ ਨੂੰ ਕਿਹਾ। 
ਉਹ ਸਾਈਕਲ ਚੁੱਕ ਘਰ ਨੂੰ ਤੁਰ ਪਿਆ।
ਬੁੱਢੀ ਇਕੱਠੇ ਹੋਏ ਗੋਰਿਆਂ ਨਾਲ ਗੱਲੀਂ ਲੱਗ ਗਈ।
....ਤੇ ਤੀਸਰੇ ਦਿਨ ਰਣਬੀਰ ਨੂੰ ਬੁੱਢੀ ਦੇ 'ਕਲੇਮ' ਦਾ ਇਕ ਪੱਤਰ ਮਿਲਿਆ, ਜੋ ਬੁੱਢੀ ਦੇ ਵਕੀਲ ਪੁੱਤਰ ਵੱਲੋਂ ਲਿਖਿਆ ਗਿਆ ਸੀ। ਲਿਖਿਆ ਸੀ ਕਿ ਜਾਂ ਤਾਂ ਇਸ ਬੁੱਢੀ ਮਾਈ ਨੂੰ ਤਿੰਨ ਹਜ਼ਾਰ ਪੌਂਡ 'ਮੁਆਵਜ਼ਾ' ਦਿੱਤਾ ਜਾਵੇ ਅਤੇ ਨਹੀਂ ਤਾਂ ਕੋਰਟ ਕੇਸ ਲਈ ਤਿਆਰ ਰਹੋ! ਰਣਬੀਰ ਦੀਆਂ ਅੱਖਾਂ ਅੱਗੇ ਭੂਚਾਲ ਆ ਗਿਆ। ਤਿੰਨ ਹਜ਼ਾਰ ਪੌਂਡ? ਪੈਸੇ ਪੱਖੋਂ ਤਾਂ ਉਸ ਦੀ ਜਾਨ ਅੱਗੇ ਦੁਸਾਂਗ ਵਿਚ ਫ਼ਸੀ ਹੋਈ ਸੀ ਅਤੇ ਹੁਣ ਉਸ ਨੂੰ ਬੁੱਢੀ ਦੇ ਵਕੀਲ ਪੁੱਤਰ ਦਾ ਜਿੰਨ ਸਤਾਉਣ ਲੱਗ ਪਿਆ ਸੀ! ਰਣਬੀਰ ਜਿ਼ੰਦਗੀ ਪੱਖੋਂ ਘੋਰ ਨਿਰਾਸ਼ ਅਤੇ ਉਦਾਸ ਹੋ ਗਿਆ ਅਤੇ ਡਿੱਪਰੈਸ਼ਨ ਦਾ ਸਿ਼ਕਾਰ ਹੋ ਗਿਆ। ਜਦ ਉਸ ਨੇ ਆਪਣੇ ਯਾਰਾਂ-ਮਿੱਤਰਾਂ ਨੂੰ ਆਪਣੀ ਮੁਸ਼ਕਿਲ ਦੱਸੀ ਤਾਂ ਉਹ ਵਲਾਇਤੀ ਜਨ-ਜੀਵਨ ਦੇ ਤਜ਼ਰਬੇ ਪੱਖੋਂ ਕੋਰੇ ਹੋਣ ਕਾਰਨ ਲਾਪ੍ਰਵਾਹਾਂ ਵਾਂਗ ਹੱਸ ਕੇ ਹੀ ਚੁੱਪ ਹੋ ਗਏ। ਰਣਬੀਰ ਦੀ ਜਿ਼ੰਦਗੀ ਨਰਕ ਬਣ ਗਈ। ਉਸ ਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੀ। ਡਿੱਪਰੈਸ਼ਨ ਵੱਧਦਾ ਹੀ ਜਾ ਰਿਹਾ ਸੀ। ਇਕ ਰਾਤ ਉਹ ਅਥਾਹ ਬੇਚੈਨ ਹੋ ਗਿਆ ਅਤੇ ਉਸ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ ਸੀ। ਅਚਾਨਕ ਉਸ ਨੂੰ ਆਪਣੇ ਘਰ ਦੇ ਪਿਛਲੇ ਪਾਸੇ ਦੀ ਲੰਘਦੀ ਗੱਡੀ ਦੀ ਚੀਕ ਸੁਣਾਈ ਦਿੱਤੀ, ਜੋ ਉਸ ਦੀ ਰੂਹ ਵਾਂਗ ਹੀ ਹਾਉਕੇ ਜਿਹੇ ਲੈਂਦੀ, ਕੂਕ ਰਹੀ ਸੀ! ਪਤਾ ਨਹੀਂ ਉਸ ਨੂੰ ਕੀ ਸੁੱਝਿਆ, ਉਹ ਫ਼ੁਰਤੀ ਨਾਲ ਉਠਿਆ ਅਤੇ ਨੰਗੇ ਪੈਰੀਂ ਰੇਲਵੇ ਲਾਈਨ ਨੂੰ ਤੁਰ ਪਿਆ...! ਬੱਸ ਇਹੀ ਉਸ ਦਾ 'ਆਖਰੀ ਦਾਅ' ਰਹਿ ਗਿਆ ਸੀ। ਰੇਲਵੇ ਲੀਹ ਵੱਲ ਤੁਰੇ ਜਾਂਦੇ ਰਣਬੀਰ ਨੂੰ ਆਪਣੇ ਘਰ ਦੇ ਜੀਅ ਤਾਂ ਕੀ, ਆਪਣੇ ਪਸ਼ੂ ਵੀ ਯਾਦ ਆ ਰਹੇ ਸਨ...!

****

Post a Comment