ਗੁਰਮੁਖੀ ਲਿਖਤ ਵਿਚ ਆ ਵੜੀ ਬੇਲੋੜੀ ਬਿੰਦੀ……… ਲੇਖ / ਗਿ. ਸੰਤੋਖ ਸਿੰਘ


ਏਥੇ ਮੈ ਹਿੰਦੁਸਤਾਨੀ ਬੀਬੀਆਂ ਦੇ ਮੱਥੇ ਉਪਰ ਚਿਪਕਾਈ ਜਾਣ ਵਾਲ਼ੀ ਬਿੰਦੀ ਦਾ ਜ਼ਿਕਰ ਨਹੀ ਕਰਨ ਲੱਗਾ। ਉਹ ਬਿੰਦੀ ਤਾਂ ਸ਼ਾਇਦ ਭਾਰਤੀ ਇਸਤਰੀ ਦੇ ਮੇਕਅਪ ਦਾ ਹਿੱਸਾ ਬਣ ਕੇ, ਕਿਸੇ ਬੀਬੀ ਦੇ ਸੁਹੱਪਣ ਵਿਚ ਵਾਧਾ ਕਰਦੀ ਹੋਵੇਗੀ ਜਾਂ ਘਟੋ ਘਟ ਅਜਿਹਾ ਸਮਝਿਆ ਜਾਂਦਾ ਹੈ ਕਿ ਉਹ ਕਰਦੀ ਹੈ ਪਰ ਮੈ ਤਾਂ ਉਸ ਬਿੰਦੀ ਦਾ ਜ਼ਿਕਰ ਕਰਨ ਲੱਗਾ ਹਾਂ ਜੋ ਗੁਰਮੁਖੀ ਲਿਖਤ ਦੇ ਤੇਰਵੇਂ ਅੱਖਰ, ਜ ਦੇ ਪੈਰ ਵਿਚ ਅੜ ਕੇ, ਪੰਜਾਬੀ ਲਿਖਤ ਦੀ ਯੱਖਣਾ ਪੁੱਟਦੀ ਹੈ।


ਪਹਿਲਾਂ ਪਹਿਲ ਗੁਰਮੁਖੀ ਦੇ ਪੈਂਤੀ ਅੱਖਰ ਹੀ ਹੁੰਦੇ ਸਨ ਤੇ ਪੰਜਾਬੀ ਉਚਾਰਣ ਅਨੁਸਾਰ ਇਹਨਾਂ ਨਾਲ ਸਰ ਜਾਂਦਾ ਸੀ ਇਸ ਲਈ ਇਸ ਦਾ ਨਾਂ ਵੀ ‘ਪੈਂਤੀ’ ਹੀ ਸੀ ਤੇ ਹੈ। ਫਿਰ ਫ਼ਾਰਸੀ ਦੇ ਸ਼ਬਦਾਂ ਦਾ, ਸਮੇ ਅਨੁਸਾਰ ਪੰਜਾਬੀ ਵਿਚ ਪ੍ਰਵੇਸ਼ ਕਰ ਜਾਣ ਕਰਕੇ, ਕੁਝ ਹੋਰ ਅੱਖਰਾਂ ਦੀ ਲੋੜ ਪਈ ਤਾਂ ਵਿਦਵਾਨਾਂ ਨੇ ਪੰਜ ਅੱਖਰ ਪਹਿਲਿਆਂ ਦੇ ਪੈਰੀਂ ਬਿੰਦੀਆਂ ਲਾ ਕੇ, ਹੋਰ ਵਧਾ ਲਏ ਤੇ ਇਸ ਤਰ੍ਹਾਂ ਇਸ ਨਵੀ ਸਮੱਸਿਆ ਦਾ ਹੱਲ ਕਢ ਕੇ ਕਾਰਜ ਸਾਰ ਲਿਆ; ਜਿਵੇਂ:

ਸ਼ ਖ਼ ਗ਼ ਜ਼ ਫ਼
ਲੱਲੇ ਦੇ ਪੈਰ ਵਿਚ ਬਿੰਦੀ ਲਾ ਕੇ ਲ਼ ਬਣਾ ਕੇ ਇਸ ਦਾ ਤਾਲ਼ਵੀ ਉਚਾਰਨ ਕਰਨ ਦਾ ਪ੍ਰਸੰਗ ਇਹਨਾਂ ਪੰਜ ਅੱਖਰਾਂ ਤੋਂ ਵੱਖਰਾ ਹੈ। ਇਸ ਬਾਰੇ ਵੀ ਕੁਝ ਵਿਦਵਾਨ ਬੇਲੋੜਾ ਭੰਬਲ਼ਭੂਸਾ ਜਿਹਾ ਪੈਦਾ ਕਰਨ ਲਈ, ਲ਼ ਦੀ ਥਾਂ ਲ੍ਹ, ਅਰਥਾਤ, ਲੱਲੇ ਦੇ ਪੈਰ ਵਿਚ ਬਿੰਦੀ ਦੀ ਥਾਂ ੍ਹ ਪਾ ਕੇ ਲਿਖਣ ਦੀ ਗ਼ਲਤ ਜਿਦ ਕਰਦੇ ਹਨ।
ਕਿਉਂਕਿ ਪੰਜਾਬੀ ਉਚਾਰਨ ਵਿਚ ਪਹਿਲਾਂ ਇਹਨਾਂ ਆਵਾਜ਼ਾਂ ਦੀ ਮੌਜੂਦਗੀ ਨਾ ਹੋਣ ਕਰਕੇ, ਇਹਨਾਂ ਨੂੰ ਦਰਸਾਉਣ ਲਈ ਵੱਖਰੇ ਅੱਖਰਾਂ ਦੀ ਲੋੜ ਨਹੀ ਸੀ। ਜਦੋਂ ਲੋੜ ਪਈ ਤਾਂ ਪੰਜਾਂ ਅੱਖਰਾਂ ਦੇ ਪੈਰੀਂ ਬਿੰਦੀਆਂ ਲਾ ਕੇ ਕੰਮ ਸਾਰ ਲਿਆ ਗਿਆ ਪਰ ਹੁਣ ਤਾਂ ਜਿਵੇਂ ਬੇਲੋੜੀ ਬਿੰਦੀ ਹਰ ਥਾਂ ਲਾਉਣ ਦਾ ਇਹ ਰਿਵਾਜ਼ ਜਿਹਾ ਹੀ ਪੈ ਗਿਆ ਹੈ। ਮੁਢਲੇ ਪੰਜਾਬੀ ਸ਼ਬਦਾਂ ਦੇ ਉਚਾਰਨ ਲਈ ਇਹਨਾਂ ਦੀ ਲੋੜ ਨਹੀ ਸੀ। ਸੋ ਜੇ ਇਹ ਬਿੰਦੀ ਨਾ ਵੀ ਵਰਤੀ ਜਾਵੇ ਤਾਂ ਪੰਜਾਬੀ ਦੇ ਉਚਾਰਨ ਵਿਚ ਕੋਈ ਦੋਸ਼ ਨਹੀ। ਹਾਂ, ਜੇ ਇਹ ਬੇਲੋੜੀ ਲਾਈ ਜਾਵੇ ਤਾਂ ਪੂਰੀ ਦੀ ਪੂਰੀ ਹੀ ਗ਼ਲਤ ਹੈ।
ਪੰਜਾਬੀ ਦੇ ਨਵੇਂ ਲਿਖਾਰੀ ਸ਼ਾਇਦ ਇਕ ਦੂਜੇ ਤੋਂ ਅੱਗੇ ਲੰਘਣ ਲਈ ਵਧ ਤੋਂ ਵਧ ਬਿੰਦੀਆਂ ਲਾ ਕੇ ਹੀ ਆਪਣੀ ਵਿਦਿਅਕ ਦੌੜ ਦੀ ਪਰਾਪਤੀ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹੋਣ ਤੇ ਇਸ ‘ਮਹਾਨ ਕਾਰਜ’ ਵਿਚ ਦੂਜਿਆਂ ਨੂੰ ਪਛਾੜਨ ਦਾ ਇਹ ਸਭ ਤੋਂ ਸੌਖਾ ਢੰਗ ਉਹਨਾਂ ਨੇ ਅਪਣਾ ਲਿਆ ਹੋਵੇ! ਏਥੋਂ ਤੱਕ ਕਿ ਸਕੂਲਾਂ ਦੇ ਪੰਜਾਬੀ ਦੇ ਟੀਚਰ ਵੀ ਇਸ ਦੌੜ ਵਿਚ ਨਵੇਂ ਲਿਖਾਰੀਆਂ ਤੋਂ ਪਿੱਛੇ ਨਹੀ ਰਹਿੰਦੇ। ਠੀਕ ਵੀ ਹੈ, “ਤਾਏ ਧੀ ਚੱਲੀ ਤੇ ਮੈਂ ਕਿਉਂ ਰਹਾਂ ‘ਕੱਲੀ।“
ਦੱਸੋ ਭਈ:
ਕਾਰਜ਼, ਪੰਜ਼ਾਬ, ਬੈਲਜ਼ੀਅਮ, ਮਜ਼ਬੂਰ, ਬਰਿਜ਼, ਫਰਿਜ਼, ਲੈਂਗੁਵੇਜ਼, ਕਾਲਜ਼,
ਹਜ਼ਮ, ਜ਼ਾਂਦਾ, ਗੁਜ਼ਰਾਤ, ਵਜ਼ਦ, ਪੇਜ਼, ਏਜ਼, ਮੈਰਿਜ਼, ਹਾਜ਼ਮਾ, ਅਪਾਹਜ਼, ਜ਼ਲਵਾ, 
ਰਿਫ਼ਿਊਜ਼ੀ, ਹਜ਼ਮ, ਜ਼ੁਰਅਤ, ਜ਼ਬਤ, ਤਵੱਜ਼ੋਂ, ਰੰਜ਼ਸ਼, ਜ਼ਾਮਨ, ਤਜ਼ਰਬਾ, ਬਾਵਜ਼ੂਦ, 
ਵਾਲ਼ੇ ਚੰਗੇ ਭਲੇ ਜ ਦੇ ਪੈਰ ਵਿਚ ਬੇਲੋੜੀ ਬਿੰਦੀ ਫਸਾ ਕੇ, ਪੰਜਾਬੀ ਉਚਾਰਨ ਦੀ ਯੱਖਣਾ ਪੁੱਟਣ ਦਾ ‘ਸ਼ੁਭ ਕਾਰਜ’ ਕਰਕੇ, ਅਸੀਂ ਕੀ ਕੱਦੂ ਵਿਚ ਤੀਰ ਮਾਰ ਰਹੇ ਹਾਂ!
ਪਹਿਲਾਂ ਨਾਲ਼ੋਂ ਹੁਣ ਵਧ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਗ਼ਲਤੀਆਂ ਹੋਣ ਦੇ ਕੁਝ ਕਾਰਨਾਂ ਵਿਚੋਂ ਇਕ ਇਹ ਵੀ ਹੈ ਕਿ ਹਰੇਕ ਲਿਖਾਰੀ ਆਪਣੀ ਸਮਝ ਅਨੁਸਾਰ ਲਿਖਦਾ ਹੈ ਤੇ ਇੰਟਰਨੈਟ ਉਪਰ ਪ੍ਰਕਾਸ਼ਨਾਵਾਂ ਛਪਣ ਕਰਕੇ, ਜੋ ਵੀ ਲੇਖਕ ਲਿਖਦਾ ਹੈ ਓਸੇ ਰੂਪ ਵਿਚ ਛਪ ਜਾਂਦਾ ਹੈ। ਸੰਪਾਦਕਾਂ ਪਾਸ ਨਾ ਸਮਾ ਹੁੰਦਾ ਹੈ ਆਈ ਲਿਖਤ ਨੂੰ ਸੋਧਣ ਦਾ ਤੇ ਨਾ ਹੀ ਉਹ ਇਸ ਦੀ ਲੋੜ ਸਮਝਦੇ ਹਨ। ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵਧ ਹੈ। ਅੰਗ੍ਰੇਜ਼ੀ ਵਾਂਗ ਅਸੀਂ ਸ਼ਬਦ ਜੋੜਾਂ ਦੇ ਸਹੀਪਣ ਨੂੰ ਜਰੂਰੀ ਨਹੀ ਸਮਝਦੇ। ਫਿਰ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਕਸਾਰਤਾ ਦਾ ਮਸਲਾ ਅਜੇ ਤੱਕ ਕੋਈ ਸੰਸਥਾ ਸੁਲਝਾ ਨਹੀ ਸਕੀ। ਪੰਜਾਬੀ ਯਨੂੀਵਰਸਿਟੀ ਪਟਿਆਲਾ ਨੇ ਇਸ ਪਾਸੇ ਉਦਮ ਕੀਤਾ ਸੀ ਤੇ 159 ਵਿਦਵਾਨਾਂ ਦੀ ਰਾਇ ਲੈ ਕੇ, ਉਹਨਾਂ ਨੇ ਇਸ ਮਸਲੇ ਬਾਰੇ ਇਕ ਵੱਡਾ ਗ੍ਰੰਥ ਵੀ ਰਚਿਆ ਸੀ ਪਰ ਉਸ ਉਪਰ ਸਾਰਿਆਂ ਦੀ ਸੰਮਤੀ ਨਹੀ ਹੋ ਸਕੀ ਤੇ ਖ਼ੁਦ ਯੂਨੀਵਰਸਿਟੀ ਆਪਣੀਆਂ ਪ੍ਰਕਾਸ਼ਨਾਵਾਂ ਵਿਚ ਵੀ, ਆਪਣੇ ਬਣਾਏ ਨਿਯਮਾਂ ਉਪਰ ਅਮਲ ਨਹੀ ਕਰਦੀ। ਇਸ ਗੱਲ ਦਾ ਕੁਝ ਕੁ ਅਹਿਸਾਸ ਮੈਨੂੰ ਪਹਿਲਾਂ ਇਸ ਗ੍ਰੰਥ ਦੀ ਭੂਮਿਕਾ ਪੜ੍ਹ ਕੇ ਹੋਇਆ ਸੀ। ਮੇਰੀ ਪਿਛਲੀ ਪਟਿਆਲਾ ਫੇਰੀ ਦੌਰਾਨ ਮੈਨੂੰ ਯੂਨੀਵਰਸਿਟੀ ਦੇ ਵਿਦਵਾਨਾਂ ਵੱਲੋਂ ਕੁਝ ਗ੍ਰੰਥ ਤੋਹਫ਼ੇ ਵਜੋਂ ਬਖਸ਼ੇ ਗਏ। ਉਹਨਾਂ ਵਿਚੋਂ ਇਕ ਗ੍ਰੰਥ ‘ਸਿੱਖ ਇਤਿਹਾਸ ਦੇ ਚੋਣਵੇਂ ਮੂਲ ਸਰੋਤ’, ਲਿਖਤ ਡਾ. ਗੁਰਬਚਨ ਸਿੰਘ ਨਈਅਰ, ਮੈ ਆਪਣੇ ਨਾਲ਼ ਏਥੇ ਸਿਡਨੀ ਵਿਚ ਵੀ ਲੈ ਆਇਆ। ਹੁਣ ਜਦੋਂ ਮੈ ਇਸ ਕਿਤਾਬ ਨੂੰ ਪੜ੍ਹ ਰਿਹਾ ਹਾਂ ਤਾਂ ਪਤਾ ਲੱਗਿਆ ਕਿ ਜਿੰਨੀ ਯੱਖਣਾ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਸ ਕਿਤਾਬ ਵਿਚ ਪੁੱਟੀ ਗਈ ਹੈ, ਇਸ ਤੋਂ ਵਧ ਮੈ ਹੋਰ ਕਿਤੇ ਨਹੀ ਵੇਖੀ। ਲੱਗਦਾ ਹੈ ਕਿ ਜਿਵੇਂ ਜੋ ਕਾਹਲ਼ੀ ਵਿਚ ਲੇਖਕ ਨੇ ਲਿਖ ਦਿਤਾ ਉਸ ਦੀ ਪ੍ਰਰੂਫ਼ ਰੀਡਿੰਗ ਕਰਕੇ, ਕਿਸੇ ਨੇ ਸ਼ਬਦ ਜੋੜਾਂ ਨੂੰ ਸੋਧਣ ਦੀ ਲੋੜ ਹੀ ਨਹੀ ਸਮਝੀ। ਇਹ ਉਸ ਸੰਸਥਾ ਦਾ ਹਾਲ਼ ਹੈ ਜੋ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ ਦੀ ਸਰਬਪੱਖੀ ਉਨਤੀ ਵਾਸਤੇ ਹੀ ਹੋਂਦ ਵਿਚ ਲਿਆਂਦੀ ਗਈ ਸੀ। ਬਾਕੀ ਅਦਾਰਿਆਂ ਦਾ ਤਾਂ ਫਿਰ ਰੱਬ ਹੀ ਰਾਖਾ ਹੋ ਸਕਦਾ ਹੈ!
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਵਿਚ, ਚਾਰ ਕੁ ਦਹਾਕੇ ਪਹਿਲਾਂ, ਬਾਕੀਆਂ ਨਾਲ਼ੋਂ ਸ਼ਬਦ ਜੋੜਾਂ ਦੀ ਸ਼ੁਧਤਾ ਤੇ ਸਰਲਤਾ ਵਧ ਹੋਇਆ ਕਰਦੀ ਸੀ ਪਰ ਹੁਣ ਓਥੇ ਵੀ ਇਹੋ ਹਾਲ ਹੈ।
ਜੇ ਅਸੀਂ ਇਸ ਗੱਲ ਨੂੰ ਯਾਦ ਰੱਖ ਲਈਏ ਤਾਂ ਬੇਲੋੜੀ ਬਿੰਦੀ ਤੋਂ ਕਿਸੇ ਹੱਦ ਤੱਕ, ਬਲਕਿ ਵਾਹਵਾ ਹੀ, ਸਾਡਾ ਛੁਟਕਾਰਾ ਹੋ ਸਕਦਾ ਹੈ। ਗੱਲ ਇਉਂ ਹੈ ਕਿ ਬੇਲੋੜੇ ਅਧਕ ਵਾਂਗ ਹੀ, ਜਿਥੇ ਸੌ ਫ਼ੀ ਸਦੀ ਸਾਨੂੰ ਯਕੀਨ ਨਾ ਹੋਵੇ ਓਥੇ ਬਿੰਦੀ ਲਾਉਣ ਦੀ ਜ਼ਹਿਮਤ ਅਸੀਂ ਨਾ ਉਠਾਈਏ। ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਜੇਕਰ ਕਿਤੇ ਬਹੁਤ ਹੀ ਥੋਹੜੇ ਥਾਂਵਾਂ ਉਪਰ ਬਿੰਦੀ ਲਾਉਣੋ ਅਸੀਂ ਉਕ ਵੀ ਗਏ ਤਾਂ ਸਿਆਣਾ ਪਾਠਕ ਖ਼ੁਦ ਹੀ ਇਸ ਦਾ ਸਹੀ ਉਚਾਰਨ ਕਰ ਲਵੇਗਾ। ਜੇ ਬੇਲੋੜੀਆਂ ਫਾਲਤੂ ਬਿੰਦੀਆਂ ਸਾਡੀਆਂ ਲਿਖਤਾਂ ਵਿਚ ਹੋਣ ਦੇ ਬਾਵਜੂਦ ਵੀ ਪਾਠਕ ਇਹਨਾਂ ਲਿਖਤਾਂ ਨੂੰ ਪੜ੍ਹ ਕੇ ਸਮਝ ਲੈਂਦੇ ਹਨ ਤਾਂ ਕਿਤੇ ਰਹਿ ਗਈ ਬਿੰਦੀ ਤੋਂ ਬਿਨਾ ਵੀ ਉਹ ਸਾਰ ਹੀ ਲੈਣਗੇ; ਇਸ ਬਾਰੇ ਸਾਨੂੰ ਬੇਲੋੜੇ ਫਿਕਰ ਦੀ ਲੋੜ ਨਹੀ।

Post a Comment