ਤੰਤੀ ਸਾਜ ; ਪਿਛੋਕੜ,ਰਚਨਾਂ ਅਤੇ ਮਹੱਤਵ........ ਲੇਖ਼ / ਹਰਮਿੰਦਰ ਕੰਗ


ਸਿੱਖ ਧਰਮ ਦਾ ਇਤਿਹਾਸ ਕੋਈ ਬਹੁਤਾ ਪੁਰਾਣਾਂ ਨਹੀਂ।ਬਾਬੇ ਨਾਨਕ ਤੋਂ ਲੈ ਕੇ ਹੁਣ ਤੱਕ ਜੋ ਵੀ ਘਟਨਾਂਕ੍ਰਮ ਵਾਪਰਿਆ ਹੈ ਉਹ ਕਿਸੇ ਨਾਂ ਕਿਸੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ। ਸਾਡੇ ਦਸਾਂ ਗੁਰੂਆਂ ਨੇਂ ਪੂਰੀ ਜਿੰਦਗੀ ਦੇ ਤਜੁਰਬੇ, ਘਟਨਾਵਾਂ, ਸਮਕਾਲੀ ਹਾਲਾਤਾਂ,ਨਾਮ ਸਿਮਰਨ ਅਤੇ ਨਿੱਜੀ ਅਨੁਭਵਾਂ ਨੂੰ ਗੁਰਬਾਣੀਂ ਦੇ ਰੂਪ ਵਿੱਚ ਆਦਿ ਗ੍ਰੰਥ ਵਿੱਚ ਦਰਜ ਕੀਤਾ ਅਤੇ ਸਮੁੱਚੀ ਕੌਮ ਨੂੰ ਉਪਦੇਸ਼ ਦਿੱਤਾ ਕਿ ਕੋਈ ਵੀ ਇਸ ਬਾਣੀਂ ਨੂੰ ਪੜ੍ਹ ਸਮਝ ਕੇ ਅਤੇ ਇਸ 'ਤੇ ਅਮਲ ਕਰਕੇ ਆਪਣਾਂ ਜੀਵਨ ਤਾਂ ਸਫਲ ਬਣਾ ਹੀ ਸਕਦਾ ਹੈ ਨਾਲ ਹੀ ਮਾਤ ਲੋਕ ਤੋਂ ਮੁਕਤ ਹੋ ਕੇ ਪ੍ਰਮਾਤਮਾਂ ਨਾਲ ਵੀ ਮਿਲਾਪ ਪਾ ਸਕਦਾ ਹੈ।ਬਾਬੇ ਨਾਨਕ ਨੇ ਖੁਦ ਬਾਣੀ ਦੀ ਰਚਨਾਂ ਕੀਤੀ ਅਤੇ ਬਾਣੀ ਪੜ੍ਹਨ ਸੁਣਨ ਦੀ ਰੀਤ ਚਲਾਈ। ਗੁਰੁ ਨਾਨਕ ਇੱਕ ਅਦੁੱਤੀ ਸ਼ਖਸ਼ੀਅਤ ਹੋਣ ਦੇ ਨਾਲ ਨਾਲ ਇੱਕ ਫਿਲਾਸਫਰ ਵੀ ਸਨ ਜੋ ਭਲੀ ਭਾਂਤੀ ਜਾਣਦੇ ਸਨ ਕਿ ਬਾਣੀ ਨੂੰ ਹੋਰ ਵੀ ਇਕਾਗਰਤਾ ਨਾਲ ਵਾਚਿਆ ਜਾ ਸਕਦਾ ਹੈ ਜੇਕਰ ਇਸ ਨਾਲ ਸੰਗੀਤ ਨੂੰ ਜੋੜ ਦਿੱਤਾ ਜਾਵੇ।ਬਾਬੇ ਨਾਨਕ ਨੇਂ ਹੀ ਮੁੱਢਲੇ ਦੌਰ ਵਿੱਚ ਬਾਣੀ ਦਾ ਗਾਇਨ ਕਰਨ ਦੀ ਨਿਰਾਲੀ ਰੀਤ ਆਰੰਭੀ। ਸ਼ਾਇਦ ਇਹੀ ਕਾਰਨ ਹੈ ਕਿ ਆਦਿ ਬੀੜ ਵਿੱਚ ਸਾਰੀ ਬਾਣੀ ਨੂੰ 31 (ਇਕੱਤੀ) ਨਿਰਧਾਰਿਤ ਰਾਗਾਂ ਵਿੱਚ ਦਰਜ ਕੀਤਾ ਗਿਆ ਹੈ। ਬਾਬੇ ਨਾਨਕ ਤੋ ਬਾਅਦ ਵੀ ਸਾਰੇ ਨੌਵਾਂ ਗੁਰੂਆਂ ਨੇ ਵੀ ਇਸੇ ਪ੍ਰਥਾ ਨੂੰ ਅੱਗੇ ਤੋਰਿਆ।ਗੁਰੁ ਨਾਨਕ ਖੁਦ ਬਾਣੀਂ ਦਾ ਗਾਇਨ ਕਰਿਆ ਕਰਦੇ ਸਨ 'ਤੇ ਮਰਦਾਨਾਂ ਰਬਾਬ ਵਜਾਉਦਾ ਅਤੇ ਇਸ ਅਲੌਕਿਕ ਜੁਗਲਬੰਦੀ ਵਿੱਚੋਂ ਇੱਕ ਇਲਾਹੀ ਨਾਦ ਪੈਦਾ ਹੁੰਦਾ ਜੋ ਆਤਮਾਂ ਨੂੰ ਪ੍ਰਮਾਤਮਾਂ ਨਾਲ ਜੋੜਨ ਵਿੱਚ ਸਹਾਈ ਹੁੰਦਾ।ਮਰਦਾਨੇਂ ਨੂੰ ਨਾਨਕ ਨਾਲੋ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ।ਰਬਾਬ ਸਾਨੂੰ ਗੁਰੁ ਨਾਨਕ ਨੇਂ ਈਜਾਦ ਕਰ ਕੇ ਦਿੱਤਾ। ਵਿਗਿਆਨਿਕ ਤੱਥ ਵੀ ਕਹਿੰਦੇ ਹਨ ਕਿ ਮਨੁੱਖ ਦੀ ਪ੍ਰਵਿਰਤੀ ਮੁੱਢ ਤੋਂ ਹੀ ਸੰਗੀਤ ਵੱਲ ਰੁਚਿਤ ਰਹੀ ਹੈ।ਸੋ ਅੱਜ ਵੀ ਜਦੋਂ ਅਸੀਂ ਬਾਣੀਂ ਅਤੇ ਸੰਗੀਤ ਦੇ ਸੁਮੇਲ ਨੂੰ ਕੀਰਤਨ ਦੇ ਰੂਪ ਵਿੱਚ ਸ਼ਰਵਣ ਕਰਦੇ ਹਾਂ ਤਾਂ ਸੁਭਾਵਿਕ ਹੀ ਮਨ ਵਿੱਚ ਮਾਨਸਰੋਵਰ ਝੀਲ ਦੇ ਪਾਣੀ ਜਿਹਾ ਟਿਕਾਅ ਪੈਦਾ ਹੁੰਦਾ ਹੈ 'ਤੇ ਇੱਕ ਅਜੀਬ ਕਿਸਮ ਦਾ ਰਸ ਉਪਜਦਾ ਹੈ ਜਿਸ ਨਾਲ ਇਲਾਹੀ ਅਨੰਦ ਮਿਲਦਾ ਹੈ। 

ਜੇਕਰ ਅਸੀਂ ਗੁਰੁ ਗ੍ਰੰਥ ਸਹਿਬ ਜੀ ਦੀ ਰਚਨਾਂ 'ਤੇ ਹੋਰ ਡੁੰਘੇਰੀ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਆਦਿ ਬੀੜ ਵਿੱਚ ਦਰਜ ਸਮੁੱਚੀ ਬਾਣੀ ਕਾਵਿਕ ਰੂਪ ਵਿੱਚ ਦਰਜ ਕੀਤੀ ਮਿਲਦੀ ਹੈ।ਇਸ ਵਿੱਚ ਭਿੰਨ ਭਿੰਨ ਕਾਵਿਕ ਰੂਪ ਜਿਵੇਂ ਸ਼ਬਦ, ਵਾਰਾਂ, ਸਲੋਕ, ਪੌੜੀਆਂ, ਅਸ਼ਠਪਦੀਆਂ, ਛੰਦ ਆਦਿ ਸਾਰੇ ਹੀ ਕਵਿਤਾ ਦੇ ਰੂਪ ਹਨ ਜਿੰਨਾਂ ਦਾ ਵਿਸ਼ੇਸ਼ ਤਰੁੰਨਮ ਵਿੱਚ ਗਾਇਨ ਕੀਤਾ ਜਾ ਸਕਦਾ ਹੈ।ਸੋ ਸਾਰੇ ਹੀ ਗੁਰੂ ਸਹਿਬਾਨਾਂ ਨੇ ਜਿੰਨੀ ਬਾਣੀ ਗੁਰੂ ਗ੍ਰੰਥ ਸਹਿਬ ਜੀ ਵਿੱਚ ਦਰਜ ਕੀਤੀ,ਉਹ ਸਾਰੀ ਦੀ ਸਾਰੀ ਕਿਸੇ ਨਾਂ ਕਿਸੇ ਨਿਰਧਾਰਤ ਸੁਰ ਵਿੱਚ ਗਾਇਨ ਵੀ ਕੀਤੀ ਜਾ ਸਕਦੀ ਹੈ।ਸੋ ਆਦਿ ਬੀੜ ਵਿੱਚ ਸਮੁੱਚੀ ਬਾਣੀਂ ਨੂੰ ਇਕੱਤੀ ਰਾਗਾਂ ਵਿੱਚ ਦਰਜ ਕੀਤਾ ਗਿਆ ਹੈ। 1430 ਅੰਗਾਂ ਵਿੱਚ ਦਰਜ ਬਾਣੀਂ ਦੇ 2026 ਸ਼ਬਦ, 305 ਅਸ਼ਠਪਦੀਆਂ, 145 ਛੰਦ, 22 ਵਾਰਾਂ, 471 ਪੌੜੀਆਂ ਅਤੇ 664 ਸਲੋਕਾਂ ਨੂੰ ਕੇਵਲ ਪੜ੍ਹਿਆ ਹੀ ਬਲਕਿ ਕੀਰਤਨ ਦੇ ਰੂਪ ਵਿੱਚ ਗਾਇਨ ਵੀ ਕੀਤਾ ਜਾ ਸਕਦਾ ਹੈ।ਇਸੇ ਗੱਲ ਨੂੰ ਜਿਹਨ ਵਿੱਚ ਰੱਖ ਕੇ ਸਾਡੇ ਗੁਰੁ ਸਹਿਬਾਨਾਂ ਨੇ ਸਾਜ ਵੀ ਈਜਾਦ ਕੀਤੇ। ਬਾਬੇ ਨਾਨਕ ਨੇ ਰਬਾਬ, ਸ਼੍ਰੀ ਗੁਰੁ ਅਰਜਨ ਦੇਵ ਜੀ ਨੇਂ ਸਾਰੰਦਾ ਅਤੇ ਜੋੜੀ, ਗੁਰੁ ਹਰਗੋਬਿੰਦ ਜੀ ਨੇ ਸਾਰੰਗੀ, ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇਂ ਤਾਊਸ ਅਤੇ ਦਿਲਰੁਬਾ ਸਾਜ ਆਪਣੇਂ ਹੱਥੀਂ ਬਣਾਏ ਅਤੇ ਬਾਣੀ ਦਾ ਕੀਰਤਨ ਕਰਨ ਦੀ ਪਿਰਤ ਪਾਈ ਤੇ ਲੋਕਾਈ ਨੂੰ ਵੀ ਬਾਣੀਂ ਨੂੰ ਨਿਰਧਾਰਤ ਰਾਗਾਂ ਵਿੱਚ ਗਾਉਣ ਸੁਣਨ ਦਾ ਉਪਦੇਸ਼ ਦਿੱਤਾ। ਇਹਨਾਂ ਸਾਰੇ ਸਾਜਾਂ ਵਿੱਚੋਂ ਗੁਰੁ ਅਰਜਨ ਦੇਵ ਜੀ ਦੁਆਰਾ ਬਣਾਇਆ ਗਿਆ ਸਾਜ ਜੋੜੀ ਇੱਕ ਤਾਲ ਦੇਣ ਵਾਲਾ ਸਾਜ ਹੈ।ਇਸ ਸਾਜ ਦੇ ਅਜੋਕੇ ਰੂਪ ਨੂੰ ਹੁਣ ਅਸੀਂ ਤਬਲਾ ਕਹਿੰਦੇ ਹਾਂ।ਗੁਰੁ ਸਹਿਬਾਨਾਂ ਦੁਆਰਾ ਬਣਾਏ ਗਏ ਬਾਕੀ ਦੇ ਸਾਰੇ ਸਾਜਾਂ ਜਿਵੇਂ ਰਬਾਬ, ਸਰੰਦਾ, ਸਾਰੰਗੀ, ਤਾਊਸ, ਦਿਲਰੁਬਾ ਨੂੰ 'ਤੰਤੀ ਸਾਜ' ਕਿਹਾ ਜਾਂਦਾ ਹੈ।ਇਹ ਸਾਜ ਇੱਕ ਖਾਸ ਧਾਤ ਦੀਆਂ ਤਾਰਾਂ ਅਤੇ ਲੱਕੜ ਦੀ ਸਹਾਇਤਾ ਨਾਲ ਬਣਾਏ ਜਾਂਦੇ ਹਨ।ਵਿਗਿਆਨਿਕ ਤੌਰ ਤੇ ਇਹਨਾਂ ਸਾਜਾਂ ਦੀ ਕਾਰਜਸ਼ੈਲੀ ਨੂੰ ਇਸ ਆਧਾਰ 'ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਜਦ ਕਿਸੇ ਵਿਸ਼ੇਸ਼ ਧਾਤ ਦੀਆਂ ਤਾਰਾਂ ਨੂੰ ਕਿਸੇ ਖੁੱਲੇ ਮੂੰਹ ਵਾਲੇ ਲੱਕੜ ਦੇ ਬਕਸੇ 'ਤੇ ਕਸ ਕੇ ਛੋਹਿਆ ਜਾਂਦਾ ਹੈ ਤਾਂ ਇਹਨਾਂ ਵਿੱਚ ਕੰਪਨ ਪੈਦਾ ਹੁੰਦਾ ਹੈ ਜੋ ਧੁਨੀ ਦੇ ਰੂਪ ਵਿੱਚ ਸਾਨੂੰ ਸੁਣਾਈ ਦਿੰਦਾ ਹੈ। ਦੇਖਣ ਨੂੰ ਭਾਵੇ ਸਾਰੇ ਤੰਤੀ ਸਾਜ ਇੱਕੋ ਜਿਹੇ ਪ੍ਰਤੀਤ ਹੁੰਦੇ ਹਨ ਪਰ ਇਹਨਾਂ ਦੀ ਰਚਨਾਂ ਅਤੇ ਆਕਾਰ ਇੱਕ ਦੁਜੇ ਤੋਂ ਭਿੰਨ ਹੈ।ਪਹਿਲਾਂ ਹੀ ਵਰਣਨ ਕੀਤਾ ਗਿਆ ਹੈ ਕਿ ਇਹ ਸਾਰੇ ਸਾਜ ਧਾਤ ਦੀਆਂ ਤਾਰਾਂ ਅਤੇ ਲੱਕੜ ਤੋਂ ਬਣੇ ਹੋਏ ਹਨ। ਨਾਨਕਸ਼ਾਹੀ ਰਬਾਬ ਇੱਕ ਅਤੀ ਸੁਰੀਲਾ ਅਤੇ ਮਧੁਰ ਧੁਨ ਪੈਦਾ ਕਰਨ ਵਾਲਾ ਤੰਤੀ ਸਾਜ ਹੈ ਜੋ ਮਨ ਦੀਆਂ ਡੂੰਘੀਆਂ ਅਤੇ ਸੂਖਮ ਭਾਵਨਾਵਾਂ ਨੂੰ ਸਹਿਜੇ ਹੀ ਟੁੰਬ ਸਕਣ ਦੀ ਸਮਰੱਥਾ ਰੱਖਦਾ ਹੈ। ਆਕਾਰ ਵਿੱਚ ਸਰੰਦਾ ਸਾਜ ਰਬਾਬ ਤੋਂ ਥੋੜਾ ਛੋਟਾ ਸਾਜ ਹੈ ਇਸਨੂੰ ਤਾਰਾਂ ਦੇ ਹੀ ਬਣੇ ਗਜ ਨਾਲ ਵਜਾਇਆ ਜਾਂਦਾ ਹੈ। ਪੰਚਮ ਪਾਤਸ਼ਾਹ ਆਪ ਸਰੰਦਾ ਵਜਾ ਕੇ ਇਲਾਹੀ ਕੀਰਤਨ ਕਰਿਆ ਕਰਦੇ ਸਨ। ਸੂਖਮ ਸੰਗੀਤਕ ਸੂਝ ਬੂਝ ਵਾਲੇ ਸ਼੍ਰੀ ਗੁਰੁ ਹਰਗੋਬਿੰਦ ਸਹਿਬ ਜੀ ਨੇ ਸਾਰੰਗੀ ਸਾਜ ਨੂੰ ਗੁਰੁ ਦਰਬਾਰ ਵਿੱਚ ਥਾਂ ਦੇ ਕੇ ਸਦਾ ਲਈ ਇਸ ਸਾਜ ਨੂੰ ਸਿੱਖ ਕੌਮ ਦੀ ਵਿਰਾਸਤ ਦਾ ਹਿੱਸਾ ਬਣਾ ਦਿੱਤਾ। ਤਾਰਾਂ ਦੇ ਹੀ ਬਣੇ ਗਜ ਨਾਲ ਵਜਾਉਣ ਵਾਲੇ ਸਾਰੰਗੀ ਸਾਜ ਨੂੰ ਵੀਰ ਰਸੀ ਧੁਨਾਂ ਵਜਾਉਣ ਲਈ ਉੱਤਮ ਮੰਨਿਆਂ ਜਾਂਦਾ ਹੈ। ਗੁਰੁ ਗ੍ਰੰਥ ਸਹਿਬ ਵਿੱਚ ਦਰਜ 22 ਵਾਰਾਂ ਦਾ ਕੀਰਤਨ ਸਾਰੰਗੀ ਨਾਲ ਹੀ ਉੱਤਮਤਾ ਨਾਲ ਕੀਤਾ ਜਾ ਸਕਦਾ ਹੈ।ਦਸਮ ਪਿਤਾ ਗੁਰੁ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣੀ ਅਤੇ ਮਜਲੂਮਾਂ ਦੀ ਰਾਖੀ ਲਈ ਜਿੱਥੇ ਸ਼ਸ਼ਤਰ ਬਖਸ਼ਿਸ਼ ਕੀਤੇ ਉੱਥੇ ਦੋ ਸਾਜ ਵੀ ਖਾਲਸੇ ਨੂੰ ਬਖਸ਼ਿਸ਼ ਕੀਤੇ।ਇਹ ਸਾਜ ਹਨ 'ਤਾਊਸ' ਅਤੇ 'ਦਿਲਰੁਬਾ'।

ਤਾਊਸ ਸਾਜ ਲੱਕੜ ਨੂੰ ਪੰਛੀ ਮੋਰ ਦੀ ਸ਼ਕਲ ਦਾ ਆਕਾਰ ਦੇ ਕੇ ਬਣਾਇਆ ਗਿਆ ਹੈ।ਫਾਰਸੀ ਭਾਸ਼ਾ ਵਿੱਚ ਤਾਊਸ ਮੋਰ ਨੂੰ ਕਿਹਾ ਜਾਂਦਾ ਹੈ।ਇਸ ਸਾਜ ਦੀਆਂ ਤਾਰਾਂ 'ਤੇ ਗਜ ਫੇਰ ਕੇ ਪੈਦਾ ਹੁੰਦੀ ਅਸਮਾਨ ਛੂਹਦੀ ਇਲਾਹੀ ਧੁਨ ਗੁਰ ਸ਼ਬਦ ਦੇ ਅਨੁਕੂਲ ਮੰਨੀਂ ਜਾਂਦੀ ਹੈ।ਤੰਤੀ ਸਾਜ ਤਾਊਸ ਦੀ ਸ਼ਕਲ ਨੂੰ ਬਦਲ ਕੇ ਅਤੇ ਇਸ ਦੇ ਆਕਾਰ ਨੂੰ ਥੋੜਾ੍ਹ ਜਿਹਾ ਛੋਟਾ ਕਰ ਕੇ 'ਦਿਲਰੁਬਾ'ਸਾਜ ਦੀ ਰਚਨਾਂ ਕੀਤੀ ਗਈ।ਇਸ ਸਾਜ ਦੀ ਸੁਰੀਲੀ ਧੁਨ ਗੁਰੂ ਸ਼ਬਦ ਨਾਲ ਜੁੜ ਕੇ ਪ੍ਰਾਣੀ ਨੂੰ ਕੀਲ ਲੈਣ ਦੀ ਸਮਰੱਥਾ ਰੱਖਦੀ ਹੈ।ਇਹਨਾਂ ਵਿਰਾਸਤੀ ਸਾਜਾਂ ਨੂੰ ਹੀ ਨਵਾਂ ਰੂਪ ਦੇ ਕੇ ਅੱਜ ਅਨੇਕਾਂ ਹੀ ਅਧੁਨਿਕ ਕਿਸਮ ਦੇ ਸ਼ਾਜ ਬਣਾਏ ਗਏ ਹਨ।


ਸਮਰੱਥਾ ਪ੍ਰਦਾਨ ਕਰਨ ਵਾਲਾ ਹੋਣਾਂ ਚਾਹੀਦਾ ਹੈ 'ਤੇ ਅਜਿਹਾਂ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਮਨ ਇਕਾਗਰ ਹੋ ਕੇ ਅਤੇ ਚੰਚਲਤਾ ਛੱਡ ਕੇ ਗੁਰ ਸ਼ਬਦ ਨਾਲ ਇੱਕ ਸੁਰ ਹੋਵੇ।ਪਰ ਜੇਕਰ ਸੰਗੀਤ ਵਿੱਚ ਹੀ ਅਜਿਹੀ ਚੰਚਲਤਾ ਭਰ ਦਿੱਤੀ ਜਾਵੇ ਤਾਂ ਮਨ ਟਿਕਣ ਦੀ ਬਜਾਏ ਇੱਧਰ ਉੱਧਰ ਦੌੜੇਗਾ।ਗੁਰਬਾਣੀ ਦਾ ਗਾਇਨ ਆਮ ਗਾਇਨ ਨਹੀਂ ਹੈ। ਸੋ ਗੁਰਮਤਿ ਸੰਗੀਤ ਉਹ ਮਧਿਅਮ ਹੁੰਦਾ ਹੈ ਜਿਸ ਦੇ ਜਰੀਏ ਗੁਰੁ ਸ਼ਬਦ ਨੇ ਪ੍ਰਾਣੀ ਦੇ ਮਨ ਦੇ ਧੁਰ ਅੰਦਰ ਤੱਕ ਵਸਣਾਂ ਹੁੰਦਾ ਹੈ।ਕੀਰਤਨ ਦੌਰਾਨ ਗੁਰਸਬਦਾਂ ਦੀ ਪ੍ਰਧਾਨਤਾ ਦਾ ਹੋਣਾਂ ਵੀ ਅਤੀ ਜਰੂਰੀ ਹੋਣਾਂ ਚਾਹੀਦਾ ਹੈ। ਤੰਤੀ ਸਾਜਾਂ ਨਾਲ ਕੀਰਤਨ ਦੌਰਾਨ ਇਸ ਗੱਲ ਨੂੰ ਉਚੇਚੇ ਤੌਰ ਤੇ ਜਿਹਨ ਵਿੱਚ ਰੱਖਿਆ ਜਾਂਦਾ ਹੈ ਕਿ ਸੰਗੀਤ ਸ਼ਬਦ 'ਤੇ ਭਾਰੂ ਨਹੀਂ ਹੋਣ ਦਿੱਤਾ ਜਾਂਦਾ।

ਪ੍ਰਚੱਲਤ ਕੀਰਤਨ ਕਰਨ ਦੇ ਢੰਗਾਂ ਵਿੱਚ ਸਿਰਫ ਇਹੀ ਗੱਲ ਰੜਕਦੀ ਹੈ ਕਿ ਅਧੁਨਿਕ ਸਾਜਾਂ ਨਾਲ ਕੀਤੇ ਗਏ ਕੀਰਤਨ ਦੌਰਾਨ ਸੰਗੀਤ ਸ਼ਬਦਾ ਤੇ ਭਾਰੂ ਹੋ ਜਾਣ ਕਾਰਨ ਬੇਸ਼ੱਕ ਕੰਨ ਰਸ ਤਾਂ ਜਰੂਰ ਮਿਲਦਾ ਹੈ ਪਰ ਅਜਿਹਾ ਕੀਰਤਨ ਸ਼੍ਰਵਣ ਕਰਨ ਸਮੇਂ ਮਨ ਨੂੰ ਬਾਹਰੀ ਵਾਤਾਵਰਣ ਚੋਂ ਕੱਢ ਕੇ ਇਲਾਹੀ ਬਾਣੀਂ ਨਾਲ ਜੋੜਨਾਂ ਮੁਸ਼ਕਿਲ ਹੋ ਜਾਂਦਾ ਹੈ। ਗੁਰੁ ਸ਼ਬਦ ਦੇ ਵੱਖ ਵੱਖ ਸੂਖਮ ਅਨੁਭਵਾਂ ਨੂੰ ਮਨੁੱਖੀ ਮਨ ਦੇ ਧੁਰ ਅੰਦਰ ਤੱਕ ਲੈ ਜਾਣ ਲਈ ਗੁਰੁ ਸ਼ਬਦ ਦੇ ਸੂਖਮ ਅਤੇ ਕੋਮਲ ਅਨੁਭਵਾਂ ਨੂੰ ਪ੍ਰਗਟਾਉਣ ਵਾਲੇ ਤੰਤੀ ਸਾਜਾਂ ਦੀ ਲੋੜ ਮਹਿਸੂਸ ਕਰਦਿਆਂ ਹੀ ਸਾਡੇ ਗੁਰੁ ਸਹਿਬਾਨਾਂ ਨੇ ਇਹ ਤੰਤੀ ਸਾਜ ਸਾਡੀ ਝੋਲੀ ਪਾਏ। ਹੁਣ ਜੇਕਰ ਅਸੀਂ ਇਹਨਾਂ ਸਾਜਾਂ ਨੂੰ ਹੀ ਵਿਸਾਰ ਦੇਵਾਂਗੇ ਤਾਂ ਸ਼ਾਇਦ ਅਸੀ ਗੁਰੁ ਸ਼ਬਦ ਦੇ ਮੂਲ ਉਦੇਸ਼ ਨੂੰ ਵਿਸਥਾਰ ਪੂਰਵਕ ਸਮਝ ਸਕਣ ਤੋਂ ਅਸਮਰੱਥ ਹੋਵਾਂਗੇ। ਆਦਿ ਬੀੜ ਵਿੱਚ ਦਰਜ ਰਾਗਾਂ ਦਾ ਵੀ ਆਪਣਾਂ ਆਪਣਾਂ ਵਿਸ਼ੇਸ਼ ਮਹੱਤਵ ਹੈ।ਇਹਨਾਂ ਰਾਗਾਂ ਵਿੱਚ ਕਿਤੇ ਵੈਰਾਗ ਅਤੇ ਖੁਸ਼ੀ ਦਾ ਅਨੁਭਵ ਹੈ ਕਿਤੇ ਮਿਲਾਪ ਅਤੇ ਵਿਛੋੜੇ ਦੀ ਕਸਕ। ਕਿਤੇ ਭਟਕ ਰਹੇ ਮਨ ਦੀ ਅਵਸਥਾ ਅਤੇ ਕਿਤੇ ਪੂਰਨ ਆਨੰਦ ਦਾ ਅਨੁਭਵ ਹੈ। ਇਹਨਾਂ ਰਾਗਾਂ ਅਤੇ ਸ਼ਬਦ ਦੇ ਰੂਪ ਵਿੱਚ ਇਹਨਾਂ ਵਿੱਚ ਛੁਪਿਆ ਹੋਇਆ ਉਦੇਸ਼ ਸਮਝਣਾ ਕੋਈ ਔਖਾ ਨਹੀ ਬਸ਼ਰਤੇ ਕਿ ਕੋਈ ਗੁਰ ਮਰਿਆਦਾ ਅਨੁਸਾਰ ਸਾਨੂੰ ਸੋਝੀ ਕਰਵਾਉਣ ਵਾਲਾ ਹੋਵੇ। ਹੁਣ ਉਦਾਹਰਣ ਦੇ ਤੌਰ ਤੇ ਹਰ ਰੋਜ ਅਸੀਂ ਗੁਰੁ ਘਰਾਂ ਵਿੱਚ ਆਨੰਦ ਸਾਹਿਬ ਦੀਆਂ ਪੰਜ ਪਉੜੀਆਂ ਦਾ ਕੀਰਤਨ ਸ਼੍ਰਵਣ ਕਰਦੇ ਹਾਂ। ਪਰ ਕਿੰਨੇਂ ਕੁ ਕੀਰਤਨੀਏ ਹਨ ਜੋ ਪਰਮ ਅਨੰਦ ਦੇਣ ਵਾਲੇ ਆਨੰਦ ਸਹਿਬ ਦਾ ਕੀਰਤਨ ਰਾਮਕਲੀ ਰਾਗ ਵਿੱਚ ਗਾਇਨ ਕਰਦੇ ਹਨ। ਸੋ ਸਾਨੂੰ ਵੀ ਚਾਹੀਦਾ ਹੈ ਕਿ ਅਸੀ ਬਾਣੀਂ ਨੂੰ ਨਿਸਚਿੱਤ ਕੀਤੇ ਰਾਗਾਂ,ਨਿਸਚਿੱਤ ਕੀਤੇ ਸਮੇਂ ਅਤੇ ਗੁਰੁ ਸਹਿਬਾਨਾਂ ਦੇ ਨਿਸਚਿੱਤ ਕੀਤੇ ਸਾਜਾਂ ਦੁਆਰਾ ਹੀ ਸ਼੍ਰਵਣ ਕਰੀਏ ਤਾਂ ਜੋ ਰਾਗ ਅਤੇ ਸਾਜ ਦੀ ਧੁਨੀ ਦਾ ਅਨੁਭਵ ਗੁਰੂਸ਼ਬਦ ਦੀ ਅੰਦਰੂਨੀਂ ਭਾਵਨਾਂ ਨਾਲ ਇੱਕ ਸੁਰ ਹੋ ਕੇ ਸਾਡੇ ਹਿਰਦਿਆਂ ਵਿੱਚ ਵਾਸ ਕਰੇ।

ਹੁਣ ਬਹੁਤ ਸਾਰੇ ਕੀਰਤਨੀ ਜਥੇ ਤੰਤੀ ਸਾਜਾਂ ਨਾਲ ਕੀਰਤਨ ਕਰਨ ਨੂੰ ਤਰਜੀਹ ਦੇ ਰਹੇ ਹਨ।ਬਹੁਤ ਸਾਰੀਆਂ ਅਕੈਡਮੀਆਂ ਵਿੱਚ ਵੀ ਗੁਰਮਤਿ ਸੰਗੀਤ ਦੀ ਸਿੱਖਿਆ ਲੈ ਰਹੇ ਸਿੱਖਿਆਰਥੀ ਵੀ ਨਾਲ ਨਾਲ ਤੰਤੀ ਸਾਜ ਨੂੰ ਵਜਾਉਣ ਦੀ ਟਰੇਨਿੰਗ ਲੈ ਰਹੇ ਹਨ।ਵਿਦੇਸ਼ਾਂ ਵਿੱਚ ਵੀ ਖਾਸ ਕਰ ਇੰਗਲੈਂਡ ਵਿੱਚ ਕਈ ਗੁਰਮਤਿ ਸੰਗੀਤ ਅਕੈਡਮੀਆਂ ਵਿਸ਼ੇਸ਼ ਤੌਰ 'ਤੇ ਤੰਤੀ ਸਾਜਾਂ ਨਾਲ ਕੀਰਤਨ ਕਰਨ ਦੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ। ਪੰਜਾਬ ਵਿੱਚ ਜਵੱਧੀ ਟਕਸਾਲ ਵਲੋਂ ਅਜਿਹੇ ਉਪਰਾਲੇ ਨਿਰੰਤਰ ਜਾਰੀ ਹਨ। ਇਸੇ ਟਕਸਾਲ ਵਿੱਚੋਂ ਹੀ ਤੰਤੀ ਸਾਜਾਂ ਦੀ ਸਿੱਖਿਆ ਲੈ ਕੇ ਅਨੇਕਾਂ ਜਥੇ ਦੇਸ਼ਾਂ ਵਿਦੇਸ਼ਾਂ ਵਿੱਚ ਅੱਜ ਗੁਰੁ ਸਹਿਬਾਨਾਂ ਦੀ ਤੰਤੀ ਸਾਜਾਂ ਦੀ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰਨ ਦੀ ਰੀਤ ਨੂੰ ਮੁੜ ਸੁਰਜੀਤ ਕਰਨ ਲਈ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ 'ਤੇ ਹੌਲੀ ਹੌਲੀ ਹੋਰ ਵੀ ਜਿਗਿਆਸੂਆਂ ਨੂੰ ਇਹਨਾਂ ਦੇ ਮਹੱਤਵ ਤੋਂ ਜਾਣੂ ਕਰਵਾ ਰਹੇ ਹਨ।ਅਜਿਹਾ ਹੀ ਯਤਨ ਕੀਤਾ ਹੈ ਮੈਲਬੌਰਨ ਦੇ ਗੁਰੁਦੁਆਰਾ ਕਰੇਗੀਬਰਨ ਦੇ ਮੁੱਖ ਪ੍ਰਬੰਧਕ ਡਾਕਟਰ ਸੰਤੋਖ ਸਿੰਘ ਹੋਰਾਂ ਨੇ। ਇਹਨਾਂ ਨੇ ਤੰਤੀ ਸਾਜਾਂ ਦੁਆਰਾ ਗੁਰੂ ਸ਼ਬਦ ਦਾ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰਨ ਦੇ ਮਾਹਿਰ ਭਾਈ ਮਨਵੀਰ ਸਿੰਘ ਹੋਰਾਂ ਦੇ ਜਥੇ ਨੂੰ ਪੰਜਾਬ ਤੋਂ ਬੁਲਾ ਕੇ ਤੰਤੀ ਸਾਜਾਂ ਨਾਲ ਕੀਰਤਨ ਰਾਹੀਂ ਸੰਗਤ ਨੂੰ ਗੁਰੁ ਸ਼ਬਦ ਨਾਲ ਜੋੜਨ ਦਾ ਯਤਨ ਆਰੰਭਿਆ ਹੈ ਤੇ ਇਹ ਕਾਰਜ ਸਫਲਤਾ ਪੂਰਵਕ ਚੱਲ ਰਿਹਾ ਹੈ। ਸਾਨੂੰ ਸਾਰਿਆਂ ਨੂੰ ਹੀ ਸਾਡੇ ਗੁਰੁ ਸਹਿਬਾਨਾਂ ਦੀ ਬਖਸ਼ਿਸ਼ ਕੀਤੀ ਵਿਰਾਸਤ ਨਾਲ ਜੁੜਨਾਂ ਚਾਹੀਦਾ ਹੈ। ਸਾਡੇ ਗੁਰੂ ਸਹਿਬਾਨਾਂ ਵਲੋਂ ਬਖਸ਼ਿਸ਼ ਕੀਤੇ ਇਹ ਤੰਤੀ ਸਾਜ ਕਿਤੇ ਵਿਰਾਸਤੀ ਨਿਸ਼ਾਨੀਆਂ ਹੀ ਨਾਂ ਬਣ ਕੇ ਰਹਿ ਜਾਣ।ਸੋ ਸਮੁੱਚੀ ਕੌਮ ਦਾ ਇਹ ਫਰਜ ਬਣਦਾ ਹੈ ਕਿ ਅਸੀ ਗੁਰੂਆਂ ਦੀ ਆਰੰਭੀ ਰੀਤ ਨੂੰ ਸਮਝੀਏ ਅਤੇ ਹੋਰ ਅੱਗੇ ਵਧਾਈਏ। ਸ਼ਬਦ ਅਤੇ ਸੁਰ ਦੇ ਸੁਮੇਲ ਨੂੰ ਗੁਰੂ ਸਹਿਬਾਨਾਂ ਦੇ ਬਚਨਾਂ ਅਤੇ ਆਪਣੇ ਯਤਨਾਂ ਸਦਕਾ ਸਮਝ ਕੇ ਸਮੁੱਚੀ ਲੋਕਾਈ ਦੀ ਭਲਾਈ ਲਈ ਘਾਲਣਾਂ ਘਾਲੀਏ।

ਗੁਰ ਫਤਿਹ।


Post a Comment