ਰੋਟੀ……… ਨਜ਼ਮ/ਕਵਿਤਾ / ਸੁਮਿਤ ਟੰਡਨ




ਭੁੱਖੇ ਢਿੱਡ ਨਾ ਘਰ ਤੋਂ ਤੁਰੀਏ, ਚਾਹੇ ਲੱਖ ਮਜਬੂਰੀ
ਰਿਜਕ ਲਈ ਤੂੰ ਫਿਰਨਾ ਮਿੱਤਰਾ, ਰੋਟੀ ਬਹੁਤ ਜ਼ਰੂਰੀ।
ਸਬਰ ਪਿਆਲਾ ਮਹਿੰਗਾ ਭਰਦਾ, ਸਸਤੀ ਮਿਲੇ ਗ਼ਰੂਰੀ,
ਰੁੱਖੀ ਸੁੱਕੀ ਹੱਸ ਕੇ ਖਾ ਲੈ, ਨਹੀਂ ਮਿਲਦੀ ਜੇ ਚੂਰੀ।
ਟੁੱਕੜਾਂ ਖ਼ਾਤਰ ਕੂਕਰ ਫਿਰਦੇ, ਟੁੱਕੜਾਂ ਲਈ ਫਕੀਰ,
ਜਿੱਥੇ ਮੋਹਰ ਹੈ ਦਾਣੇ ਦੀ, ਉੱਥੇ ਲੈ ਜਾਵੇ ਤਕਦੀਰ।
ਚੋਗ ਖਿਲਾਰੀ ਦਾਤੇ ਨੇ ਉਹਨੂੰ ਚੁਗਦੀ ਪਈ ਅਹੀਰ,
ਢਿੱਡ ਦੀ ਖ਼ਾਤਰ ਮਾਸ ਨੂੰ ਵੇਚਾਂ, ਹੌਅਕਾ ਦਏ ਜ਼ਮੀਰ।
ਭੁੱਖਿਆਂ ਨੂੰ ਨਾ ਬੁਰਕੀ ਕਿਧਰੇ, ਰੱਜਿਆਂ ਦੇ ਘਰ ਦਾਣੇ
ਖੀਸਾ ਜਿਸਦਾ ਪੈਸਿਆਂ ਦਾ, ਉਹਦੇ ਕਮਲੇ ਦਿਸਣ ਸਿਆਣੇ।
ਰੋਟੀ ਦੀ ਲਾਚਾਰੀ ਦੇ ਵਿੱਚ ਉਲਝੇ ਤਾਣੇ ਬਾਣੇ
ਜਦੋਂ ਬੁਰਕੀ ਡਿੱਗ ਪਈ ਦਾਤੇ ਦੀ, ਫ਼ਿਰ ਮੌਲਾ ਕੌਣ ਪਛਾਣੇ ?
ਕਈ ਰੋਟੀ ਖ਼ਾਤਰ ਪੈੱਨ ਫੜਦੇ, ਕਈ ਰੋਟੀ ਖ਼ਾਤਰ ਤੀਰ
ਨਿੱਕੇ ਹੱਥ ਜਦੋਂ ਰੋੜੀ ਕੁੱਟਦੇ, ਦੇਖ ਕੇ ਵਗਦਾ ਨੀਰ।
ਨਾ ਤੂੰ ਰੱਜਿਆ ਨਾ ਮੈਂ ਰੱਜਿਆ, ਨਾ ਰੱਜੇ ਸਾਡੇ ਪੀਰ
ਭੁੱਖ ਮੇਰੇ ਲਈ ‘ਰਾਂਝਾ’ ਬਣ ਗਈ, ਰੋਟੀ ਬਣ ਗਈ ‘ਹੀਰ’।

Post a Comment