ਸੁਪਨੇ………… ਨਜ਼ਮ/ਕਵਿਤਾ / ਸੁਮਿਤ ਟੰਡਨ

ਕੁਛ ਨਗ਼ਦ ਤੇ ਕੁਛ ਉਧਾਰੇ ਸੁਪਨੇ,
ਜਿੱਤ ਕੇ ਕਦੇ ਨਾ ਹਾਰੇ ਸੁਪਨੇ
ਪਿਓ ਦੇ ਮੋਢੇ- ਮਾਂ ਦੀ ਗੋਦੀ ਬਹਿ ਕੇ ਜਦੋਂ ਉਸਾਰੇ ਸੁਪਨੇ
ਵਗਦੀਆਂ ਨਲੀਆਂ ਗੁੱਟ ਨਾਲ ਪੂੰਝ ਕੇ ਝੱਗੇ ਦੇ ਨਾਲ ਝਾੜੇ ਸੁਪਨੇ
ਰੋ ਕੇ ਹੱਸਣਾ- ਹੱਸ ਕੇ ਰੋਣਾ, ਸੱਧਰਾਂ ਵਾਂਗ ਸੰਵਾਰੇ ਸੁਪਨੇ,
ਪਿੱਠੂ ਗਰਮ ਕਰਾਰੇ ਕਰ ਕੇ, ਲੱਗੇ ਬੜੇ ਨਿਆਰੇ ਸੁਪਨੇ
ਬਚਪਨ ਵਾਲੀ ਢਾਬ ਦੇ ਉੱਤੇ, ਗੀਟਿਆਂ ਬਦਲੇ ਹਾਰੇ ਸੁਪਨੇ
ਲੁਕਣ ਮਿਟੀ ਤੇ ਬਾਂਦਰ ਕੀਲਾ, ਕਹਿ ਕੇ ਜਦੋਂ ਪੁਕਾਰੇ ਸੁਪਨੇ
ਬਣਾ ਕੇ ਖੱਗਾ ਢੱਕਣ ਦਾ ਕਦੇ ਪੋਸ਼ਨ ਪਾ-ਪਾ ਤਾਰੇ ਸੁਪਨੇ
ਲੜ-ਲੜ ਬਹਿਣਾ ਪੀੜ੍ਹੀ ਤੇ, ਨਾ ਭੂੰਜੇ ਪੈਰ ਪਸਾਰੇ ਸੁਪਨੇ
ਗੁੱਲੀ ਡੰਡਾ ਤੇ ਬੀਚੋ ਖੇਡ ਕੇ, ਕੰਚੇ ਬਣੇ ਹਮਾਰੇ ਸੁਪਨੇ
ਤਾਰਿਆਂ ਵਾਲੀ ਰਾਤ ਨੂੰ ਇੱਕ ਦਿਨ, ਰੂਹ ਨਾਲ ਜਦੋਂ ਨਿਹਾਰੇ ਸੁਪਨੇ
ਚੰਨ ਨੂੰ ਕਹਿ ਕੇ ਚੰਦਾ ਮਾਮਾ, ਰਿਸ਼ਤਿਆਂ ਦੇ ਨਾਂ ਵਾਰੇ ਸੁਪਨੇ
ਅੱਜ ਵੀ ਆਉਂਦੇ ਯਾਦ ਬਥੇਰੇ, ਸੱਜਣ ਯਾਰ ਪਿਆਰੇ ਸੁਪਨੇ
ਰਿੱਕੀ ਬਚਪਨ ਬੜਾ ਸੁਨਿਹਰੀ, ਸੋਚ ਕੇ ਵਕਤ ਗੁਜ਼ਾਰੇ ਸੁਪਨੇ
ਸੁਪਨੇ ਤਾਂ ਫਿਰ ਸੁਪਨੇ ਰਹਿਣੇ, ਖੱਟੇ ਮਿੱਠੇ ਖਾਰੇ ਸੁਪਨੇ
ਸੁਪਨਿਆਂ ਨੂੰ ਭਰਮਾਵੇ ਕਿਹੜਾ, ਇਹ ਜੋ ਹੋਏ ਬੇ-ਚਾਰੇ ਸੁਪਨੇ
ਕੁਛ ਨਗ਼ਦ ਤੇ ਕੁਛ ਉਧਾਰੇ ਸੁਪਨੇ
ਜਿੱਤ ਕੇ ਕਦੇ ਨਾ ਹਾਰੇ ਸੁਪਨੇ॥








Post a Comment