ਆਪ ਦੀਆਂ ਕੁੱਝ ਬਾਪ ਦੀਆਂ (2).......... ਵਿਅੰਗ / ਜੀ. ਸਿੱਧੂ. ਹਿੰਮਤਪੁਰਾ


ਜਿਉਂ ਹੀ ਨਿਰਮਲ ਨੇ ਦਰਵਾਜਾ ਖੜਕਾਇਆ ਇੱਕ ਔਰਤ ਨੇ ਕੁੰਡਾ ਖੋਲ੍ਹਿਆ। ਸਾਡੀ ਸਤਿ ਸ੍ਰੀ ਅਕਾਲ ਦਾ ਜੁਆਬ ਦਿੰਦਿਆਂ ਸਾਨੂੰ ਡਰਇੰਗ ਰੂਮ ਵਲ ਜਾਣ ਦਾ ਇਸਾਰਾ ਕੀਤਾ ਅਤੇ ਨਾਲ ਹੀ ਨਿਰਮਲ ਨੂੰ ਨਹੋਰਾ ਮਾਰਿਆ, "ਤੂੰ ਤਾਂ ਭਾਈ ਈਦ ਦਾ ਚੰਦ ਹੀ ਹੋ ਗਿਆ ਕਿਤੇ ਗੇੜਾ ਹੀ ਨੀ ਮਾਰਿਆ।"

"ਬਸ ਆਂਟੀ ਕੰਮ 'ਚੋ ਵਿਹਲ ਹੀ ਨਹੀਂ ਨਿਕਲਦੀ ਜੀਅ ਤਾਂ ਬਹੁਤ ਕਰਦਾ ਥੋਨੂੰ ਮਿਲਣ ਨੂੰ, ਅੰਕਲ ਤਾਂ ਕਈ ਵਾਰ ਰਾਹ ਖਹਿੜੇ ਮਿਲ ਪੈਂਦੇ ਆ। ਨਾਲੇ ਥੋਨੂੰ ਪਤਾ ਦੋਨੋ ਜਾਣੇ ਨੌਕਰੀ ਕਰਦੇ ਹੋਣ ਤਾਂ ਦਫਤਰੋਂ ਘਰ, ਘਰੋਂ ਦਫਤਰ। ਫਿਰ ਕਦੇ ਬੱਚੇ ਸਕੂਲ ਛੱਡ ਕੇ ਆਉਣੇ, ਕਦੇ ਲੈ ਕੇ ਆਉਣੇ। ਬਸ ਝੰਜਟ ਹੀ ਝੰਜਟ ਨੇ ਤੇ ਇਹਨਾ ਝੰਜਟਾਂ ਨੂੰ ਹੀ ਜਿੰਦਗੀ ਕਹਿ ਲਈ ਦਾ। ਹੋਰ ਤੁਸੀਂ ਸੁਣਾਓ ਤੁਹਾਡੀ ਸਿਹਤ ਦਾ ਕੀ ਹਾਲ ਐ। ਅੰਕਲ ਨੀ ਦਿਸਦੇ ਆਏ ਨੀ ਹਾਲੇ ਕਚਹਿਰੀਓਂ?"
"ਘਰ ਆਇਆਂ ਨੂੰ ਤਾਂ ਹੋ ਗਿਆ ਘੰਟਾ ਬਸ ਤੈਨੂੰ ਪਤਾ ਹੀ ਐ ਨਾਹ ਧੋਹ ਕੇ ਪੰਦਰਾਂ ਵੀਹ ਮਿੰਟ ਦੀ ਗੇੜੀ ਮਾਰਦੇ ਹੁੰਦੇ ਆ। ਆਉਣ ਵਾਲੇ ਹੀ ਹਨ। ਤੁਸੀਂ ਕੀ ਲਵੋਂਗੇ ਦੁੱਧ ਜਾਂ ਚਾਹ?" ਏਨੇ ਨੂੰ ਵਿਹੜੇ ਵਿਚੱ ਪੈੜ ਚਾਲ ਹੋਈ। ਦਰਮਿਆਨੇ ਜਿਹੇ ਕੱਦ ਦੇ ਆਦਮੀ ਨਾਲ ਦੁਆ ਸਲਾਮ ਕੀਤੀ, ਹੱਥ ਮਿਲਾਏ ਅਤੇ ਅਸੀਂ ਫਿਰ ਸੋਫਿਆਂ ਉਪਰ ਠੀਕ ਹੋਕੇ ਬੈਠ ਗਏ।
"ਇਹ ਨੇ ਮੇਰੇ ਉਹ ਦੋਸਤ ਜਿਹਨਾ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਦੀਪ ਨੂੰ ਮਿਲੇ ਸਨ ਨਿਊਜੀਲੈਂਡ ਵਿੱਚ।"
"ਤੈਨੂੰ ਉਡੀਕਦਿਆਂ ਦੀਆਂ ਸਾਡੀਆਂ ਅੱਖਾਂ ਪੱਕ ਗਈਆਂ, ਤੂੰ ਮਲਕ ਦੇਣੇ ਘਰ ਆਕੇ ਬੈਠ ਗਿਆਂ। ਫੇਰ ਤਾਂ ਖੜਾ ਹੋ ਵਈ ਇੱਕ ਵਾਰੀ।"
ਮੈ ਆਗਿਆਕਾਰ ਬੱਚੇ ਵਾਂਗ ਖੜਾ ਹੋ ਗਿਆ ਤੇ ਉਸਨੇ ਮੈਨੂੰ ਘੁੱਟ ਕੇ ਗਲਵਕੜੀ ਵਿੱਚ ਲੈ ਲਿਆ ਜਿਵੇਂ ਸਾਰਾ ਮੋਹ ਉਬਾਲਾ ਮਾਰਕੇ ਬਾਹਰ ਨਿਕਲ ਆਇਆ ਹੋਵੇ। ਜਿਉਂ ਹੀ ਮੈਂ ਉਸਦੀ ਗਿਰਫ਼ਤ 'ਚੋ ਨਿਕਲਕੇ ਸੋਫ਼ੇ ਉਪਰ ਬੈਠਣ ਲੱਗਾ, ਉਹ ਮੈਨੂੰ ਕਹਿੰਦਾ, "ਇਉਂ ਨੀ ਇੱਕ ਵਾਰ ਫਿਰ ਖੜਾ ਹੋ।" ਜਿਉਂ ਹੀ ਮੈਂ ਖੜਾ ਹੋਇਆ ਉਸਨੇ ਦੁਗਣੇ ਜੋਸ਼ ਨਾਲ ਘੁੱਟਕੇ ਚੁੱਕਣ ਦੀ ਕੋਸਿਸ਼ ਕੀਤੀ 'ਤੇ ਮੇਰੇ ਸਰੀਰ ਵਿੱਚ ਮੋਹ ਅਤੇ ਅਪਣਤ ਦੀ ਤਾਰ ਜਿਹੀ ਫਿਰ ਗਈ।
'ਹੁਣ ਆਇਆ ਸੁਆਦ' ਕਹਿਕੇ ਉਸਨੇ ਫਰਿਜ ਵਿਚੋਂ ਗੋਡੇ ਜਿੱਡੀ ਬੋਤਲ ਕੱਢ ਲਈ। ਘਰ ਵਾਲੀ ਨੂੰ ਗਲਾਸ ਲਿਆਉਣ ਨੂੰ ਕਹਿਕੇ ਆਪ ਅਲਮਾਰੀ 'ਚੋਂ ਨਮਕੀਨ ਚੁੱਕਣ ਚਲਾ ਗਿਆ। ਨਿਰਮਲ ਨੇ ਮੇਰੇ ਵੱਲ ਵੇਖਿਆ। ਮੈਂ ਨਾਹ ਵਿੱਚ ਸਿਰ ਹਲਾਇਆ।
'ਅੰਕਲ ਇਹ ਕਦੇ ਫੇਰ ਸਹੀ। ਇਹਨਾ ਨੇ ਹਾਲੇ ਮੋਗੇ ਜਾਣਾ ਅਤੇ ਫਿਰ ਪਿੰਡ'
'ਇਹਦੇ ਨਾਲ ਮੋਗਾ ਜਾਂ ਪਿੰਡ ਦੂਰ ਹੋਜੂ' ਕਹਿੰਦਿਆ ਉਸਨੇ ਤਿੰਨਾਂ ਗਲਾਸਾ ਵਿੱਚ ਬਠਿੰਡੇ ਵਾਲੇ ਪੈੱਗ ਪਾ ਦਿੱਤੇ। 'ਚੱਕੋ ਵਈ ਆਪਾਂ ਤਾਂ ਖੜਕਾ ਤੇ' ਉਸਨੇ ਸਾਡੇ ਗਲਾਸਾਂ ਵਿੱਚ ਆਪਣਾ ਗਲਾਸ ਮਾਰਕੇ ਕਿਹਾ ਅਤੇ ਇੱਕ ਚੀਘੀ ਵਿੱਚ ਆਪਣਾ ਗਲਾਸ ਖਾਲੀ ਕਰਕੇ ਧਰਦਿਆਂ ਸਾਨੂੰ ਹੁਕਮੀ ਲਹਿਜੇ 'ਚ ਕਿਹਾ, "ਮੁਕਾਓ ਯਾਰ ਐਵੇਂ ਜੱਕਾਂ ਤੱਕਾਂ ਜਿਹੀਆਂ 'ਚ ਪਏ ਫਿਰਦੇ ਓ।' ਸਾਡੇ ਲਈ ਜਿਵੇਂ ਉਸ ਕੋਲ ਦੁਸਰੀ ਔਪਸਨ ਹੀ ਨਹੀ ਸੀ। ਸਾਡੇ ਸਾਰੀਆਂ ਹੀ ਖਾਨਿਓ ਗਈਆਂ। ਉਸਨੇ ਦੁਬਾਰਾ ਫਿਰ ਨਾਦਰਸਾਹੀ ਹੁਕਮ ਦੁਹਰਾਇਆ ਤਾਂ ਮੈਂ ਬੜੀ ਨਿਮਰਤਾ ਨਾਲ ਕਿਹਾ, 'ਅਸਲ ਵਿੱਚ ਮੈਂ ਪਹਿਲਾ ਹੀ ਨਿਰਮਲ ਨਾਲ ਇਹ ਗੱਲ ਕਰਕੇ ਤੁਰਿਆ ਸੀ ਵਈ ਜੇ ਪੀਣ ਪਾਣ ਵਾਲੀ ਗੱਲ ਐ ਤਾਂ ਆਪਾਂ ਕਿਸੇ ਦਿਨ ਫਿਰ ਮਿਲ ਲਵਾਂਗੇ। ਅੱਜ ਹਾਲੇ ਮੈ ਟਰੈਵਲ ਏਜੰਟ ਦੇ ਜਾਣਾ, ਟਿਕਟਾਂ ਚੁਕਣੀਆਂ। ਫਿਰ ਕਿਸੇ ਦੋਸਤ ਮਿੱਤਰ ਨੇ ਪਿੰਡ ਆਉਣਾ। ਇਸ ਤਰਾਂ ਸੱਤਰ ਅੱਸੀ ਕਿਲੋਮੀਟਰ ਪਬਲਕ ਟਰਾਂਸਪੋਰਟ 'ਤੇ ਸਫਰ ਕਰਨਾ। ਜਿਸ ਕਰਕੇ ਪੀਣ ਦਾ ਸੁਆਲ ਹੀ ਪੈਦਾ ਨਹੀ ਹੁੰਦਾ। ਤੁਸੀਂ ਸਾਨੂੰ ਕਿਸੇ ਵੀ ਤਰਾਂ ਮਜਬੂਰ ਨਾ ਕਰੋ। ਮੈ ਕਿਸੇ ਦਿਨ ਫਿਰ ਆ ਜਾਵਾਂਗਾ, ਮੇਰੀ ਬੇਨਤੀ ਮਨਜੂਰ ਕਰੋ'
'ਆ ਗੱਲ ਕਰਕੇ ਤਾਂ ਤੁਸੀ ਮੇਰੇ ਪਹਿਲੇ ਦੋ ਪਿੱਗਾਂ ਦੀ ਵੀ ਜੱਖਣਾ ਵੱਢ ਤੀ' ਉਸਦਾ ਚਿਹਰਾ ਉਤਰ ਗਿਆ 'ਕਿੱਦੇ ਦੇ ਕਹਿੰਦੇ ਸੀ ਆਊਗਾ ਨਾਨਕਾ ਮੇਲ। ਫੜਲੋ ਪੂਸ਼ ਖੜੇ ਬੋਤੇ ਦੀ'
'ਤੁਸੀ ਦੂਜਿਆਂ ਦੀ ਵੀ ਮਜਬ੍ਰੂਰੀ ਵੇਖਿਆ ਕਰੋ' ਉਸਦੀ ਪਤਨੀ ਨੇ ਰਸੋਈ 'ਚੋ ਕਿਹਾ।
ਉਸਨੇ ਗੁਸੇ ਅਤੇ ਨਿਰਾਸਤਾ ਭਰੀ ਤਕਣੀ ਨਾਲ ਆਪਣੀ ਪਤਨੀ ਵੱਲ ਵੇਖਿਆ, 'ਚਲੋ ਭਾਈ ਥੋਡੀ ਮਰਜੀ' ਅਤੇ ਨਾਲ ਹੀ ਉਸਨੇ ਡੁਲ੍ਹਦਾ ਡੁਲ੍ਹਦਾ ਪੈੱਗ ਆਪਣੇ ਗਲਾਸ ਵਿੱਚ ਪਾਇਆ ਅਤੇ ਇੱਕ ਡੀਕ ਵਿੱਚ ਜਿਵੇ ਉਹ ਸਾਰੀ ਨਿਰਾਸਤਾ, ਗੁੱਸਾ ਅਤੇ ਕੜਵਾਹਟ ਡਕਾਰ ਗਿਆ ਹੋਵੇ।
'ਆਹ ਤਾਂ ਹੋਈ ਨਾ ਗੱਲ। ਗੱਲਾਂ ਹੁਣ ਅਸੀ ਥੋਡੇ ਨਾਲ ਪੀਣ ਵਾਲਿਆਂ ਤੋਂ ਵੀ ਵੱਧ ਮਾਰਾਂਗੇ' ਮੈਂ ਉਸਦਾ ਚਿਹਰਾ ਠੀਕ ਜਿਹਾ ਹੁੰਦਾ ਵੇਖ ਕੇ ਗੱਲ ਦੂਸਰੀ ਲੀਹ ਉਪਰ ਪਾਉਦਿਆਂ ਕਿਹਾ 'ਕਿਨਾ ਕੁ ਚਿਰ ਹੋ ਗਿਆ ਜੀ ਮਨਦੀਪ ਨੂੰ ਓਧਰ ਗਿਆਂ'
'ਮੈਨੂੰ ਲੱਗਦਾ ਦੋ ਸਾਲ ਦੇ ਨੇੜ ਹੋ ਚੱਲੇ ਆ'
'ਫੇਰ ਤਾਂ ਪੀ਼ ਆਰ਼ ਹੋਣ ਵਾਲੀ ਹੋਓ'
'ਪੀ ਆਰ ਪੂਅਰ ਦਾ ਤਾਂ ਪਤਾ ਨਹੀ ਕਹਿੰਦਾ ਸੀ ਹਾਲੇ ਇੱਕ ਅੱਦਾ ਸਾਲ ਹੋਰ ਲੱਗਜੂ ਪੱਕੇ ਹੋਣ ਨੂੰ। '
'ੳਹ ਤਾਂ ਹੋ ਹੀ ਜਾਣਾ ਜਿਹੜਾ ਕੇਰਾਂ ਉਸ ਮੁਲਕ ਵਿੱਚ ਵੜ ਗਿਆ'
'ਊਂ ਛੋਟੇ ਵੀਰ ਤੂੰ ਉਹਨੂੰ ਵੇਖਿਆ ਆਪਣੀਆਂ ਅੱਖਾਂ ਨਾਲ' ਗੱਲ ਬਾਤ ਤੋਂ ਲੱਗਦਾ ਸੀ ਉਸਨੂੰ ਸਾਡਾ ਨਾ ਪੀਣ ਦਾ ਫੈਸਲਾ ਹੁਣ ਬਹੁੱਤਾ ਚੁੱਭ ਨਹੀ ਸੀ ਰਿਹਾ।
'ਤੁਸੀਂ ਦਸ ਵੀਹ ਮੁੰਡਿਆ 'ਚ ਖੜੇ ਜਾਂ ਬੈਠੇ ਦੀ ਮੈਨੂੰ ਤਸਵੀਰ ਵਿਖਾਓ ਮੈਂ ਹੁਣ ਸਿਆਣ ਦੂੰ। ਅਸੀ ਪੰਦਰਾਂ ਵੀਹ ਦਿਨ ਇਕੱਠਿਆਂ ਨੇ ਇੱਕ ਹੀ ਪੈਕਿੰਗ ਹਾਉਸ ਵਿੱਚ ਕੰਮ ਕੀਤਾ। ਮੁੰਡਾ ਬਹੁੱਤ ਸਾਊ ਐ ਥੋਡਾ। '
'ਮੇਰੇ ਕੁ ਜਿੱਡਾ ਕੱਦ ਹੈਗਾ' ਉਸਨੇ ਆਪਣੀ ਇੱਕ ਅੱਖ ਨੂੰ ਸੂੰਘੇੜ ਕੇ ਮੇਰੇ ਵੱਲ ਤੱਕਦਿਆਂ ਕਿਹਾ।
'ਕੱਦ ਦੇ ਹਿਸਾਬ ਨਾਲ ਤਾਂ ਮੈਨੂੰ ਵੀ ਸੱਕ ਪੈਦੀ ਐ ਕਿ ਮੈ ਕਿਸੇ ਹੋਰ ਦੇ ਮੁੰਡੇ ਨੂੰ ਮਿਲਿਆਂ' ਮੈਂ ਵੀ ਉਸੇ ਲਹਿਜੇ ਵਿੱਚ ਜੁਆਬ ੱਿਦਤਾ
'ਤੇ ਰੰਗ ਤਾਂ ਹੈਗਾ ਮੇਰੇ ਜਿਨਾ ਹੀ ਸਾਫ ਸਥਰਾ'
'ਨਾ ਰੰਗ ਦੇ ਹਿਸਾਬ ਨਾਲ ਵੀ ਤੁਹਾਡਾ ਮੂੰਡਾ ਨਹੀਂ ਲੱਗਦਾ, ਉਹਦਾ ਰੰਗ ਥੋਡੇ ਜਿਨਾ ਸਾਫ ਨਹੀ ਤੁਸੀਂ ਤਾ ਅੰਗਰੇਜਾਂ ਨੂੰ ਮਾਤ ਪਾਈ ਜਾਨੇ ਓ' ਸਰਾਬ ਦੇ ਸਰੂਰ ਵਿੱਚ ਵਾਕਿਆ ਉਸਦਾ ਰੰਗ ਬਹੁੱਤ ਹੀ ਲਾਲ ਹੋ ਗਿਆ ਸੀ।
'ਫੇਰ ਵੀਰ ਮੁੰਡਾ ਤਾਂ ਮੇਰਾ ਹੀ ਆ। ਊਂ ਗਿਆ ਸਾਲਾ ਆਪਦੇ ਮਾਮਿਆ 'ਤੇ। ਉਹ ਵੀ ਸਾਲੇ ਬੋਤਿਆਂ ਵਰਗੇ ਆ ਘਸਮੈਲੇ ਜਿਹੇ' ਉਸਨੇ ਆਪਣੀ ਪਤਨੀ ਵੱਲ ਚੋਰ ਅੱਖ ਨਾਲ ਵੇਖਦਿਆਂ ਕਿਹਾ।
ਉਸਨੇ ਇੱਕ ਹੋਰ ਵੱਡਾ ਪੈਗ ਪਾਇਆ ਅਤੇ ਨੀਟ ਹੀ ਸੰਘੋ ਥੱਲੇ ਸੁੱਟ ਲਿਆ।
'ਏਹ ਸੀ ਦੀਪ ਦੇ ਨਾਂ ਦਾ।' ਉਹ ਰਤਾ ਕੁ ਹੇਠਾਂ ਨੂੰ ਰਿਸਕਿਆ, ਲੰਬਾ ਹੌਂੋਕਾ ਲਿਆ ਅਤੇ ਛੱਤ ਵੱਲ ਨੂੰ ਤੱਕਣ ਲੱਗ ਪਿਆ, ਜਿਵੇਂ ਕਿਸੇ ਸੋਚ ਦੀ ਡੂੰਘੀ ਖੱਡ ਵਿੱਚ ਡਿਗ ਪਿਆ ਹੋਵੇ।
ਜਿਸ ਦਿਨ ਦੀਪ ਮੈਨੂੰ ਪਹਿਲੇ ਦਿਨ ਮਿਲਿਆ ਸੀ। ਕਿਸ ਤਰਾਂ ਸਮੋਕੋ (ਟੀ ਬਰੇਕ) ਵੇਲੇ ਬਿਨਾ ਕੁੱਝ ਖਾਧਿਆਂ ਪੀਤਿਆ ਹੀ ਕੰਮ 'ਤੇ ਜਾ ਲੱਗਿਆ ਸੀ, ਫਿਰ ਲੰਚ ਵੇਲੇ ਵੀ ਜਦ ਉਸਨੇ ਕੁੱਝ ਨਾ ਖਾਧਾ ਜਦੋਂ ਦੂਸਰੇ ਸਾਰੇ ਪੰਜਾਬੀ ਵਰਕਰ ਆਪਣੇ ਆਪਣੇ ਖਾਣ ਵਾਲੇ ਸਮਾਨ ਉਪਰ ਟੁੱਟ ਕੇ ਪੈ ਗਏ ਸਨ। ਮੈੰ ਆਪਣੀ ਘਰਵਾਲੀ ਨੂੰ ਦੱਸਿਆ ਕਿ ਇਸ ਮੁੰਡ ਨੇ ਨਾ ਟੀ ਬਰੇਕ ਵੇਲੇ ਕੁੱਝ ਖਾਧਾ, ਹੁਣ ਵੀ ਇਸ ਕੋਲ ਖਾਣ ਲਈ ਕੁੱਝ ਨਹੀ ਲੱਗਦਾ। ਜਿਵੇ ਉਹ ਮੇਰਾ ਪਹਿਲਾਂ ਹੀ ਮਨ ਪੜ੍ਹੀ ਬੈਠੀ ਹੋਵੇ ਕਹਿੰਦੀ, 'ਰੋਟੀਆਂ ਆਪਣੇ ਕੋਲੇ ਵਾਧੂ ਐ। ਬਹੁੱਤਾ ਜਾਨੇ ਓ ਮਹੰਮਦ ਸਦੀਕ (ਉਸਦੀ ਪੱਗ ਦਾ ਸਟਾਇਲ ਕਰਕੇ ਅਤੇ ਗੋਲ ਚਿਹਰਾ ਹੋਣ ਕਰਕੇ ਉਸ ਗੁਰਦਾਸਪੁਰੀਏ ਨੂੰ ਸਾਰੇ ਪੰਜਾਬੀ ਕਾਮੇ ਮੁਹੰਮਦ ਸਦੀਕ ਹੀ ਕਹਿੰਦੇ ਕੋਈ ਉਸਦਾ ਅਸਲੀ ਨਾਮ ਕੋਈ ਨਹੀਂ ਸੀ ਜਾਣਦਾ) ਕਿਆ ਤੋ ਦੋ ਮੰਗ ਦਿਨੀ ਆਂ, ਫੜਾ ਆਓ। ਨਾਲੇ ਹਾਲ ਚਾਲ ਪੁਛ ਆਇਓ।' ਹਾਲ ਚਾਲ ਤੋਂ ਉਸਦਾ ਭਾਵ ਪਿਛਾਂਹ ਤੋਂ ਕਿਹੜੇ ਪਿੰਡਾਂ ਦਾ ਰਹਿੱਣ ਵਾਲਾ।
'ਲਿਆ ਪਾ ਕੌਲੀ 'ਚ ਦਾਲ ਸਬਜੀ ਕੋਈ ਇੱਕ ਅੱਧਾ ਪੁੰਨ ਦਾ ਕੰਮ ਹੀ ਕਰਕੇ ਵੇਖ ਲਈਏ। ਕੀਆ ਐਸ ਔਖੇ ਕੰਮ ਤੌਂ ਜਾਨ ਹੀ ਛੁੱਟ ਜੇ।' ਮੈਂ ਵੀ ਉਹਨਾ ਦਿਨਾ ਵਿੱਚ ਵਾਹਵਾ ਔਖਾ ਸੀ। ਸਾਰੀ ਉਮਰ ਕੰਮ ਨੀ ਸੀ ਕੀਤਾ; ਜਾਂ ਪੜਿਆ ਸੀ ਜਾਂ ਪੜਾਇਆ ਸੀ। ਤੇ ਇੱਥੇ ਆਕੇ ਆਲੂਆਂ ਗੰਢਿਆਂ ਨਾਲ ਮੱਥਾ ਮਾਰਨਾ ਪੈ ਗਿਆ। ਕਈ ਵਾਰ ਵੀਹ ਵੀਹ ਕਿੱਲੋ ਦੇ ਬੋਰਿਆਂ ਦੀ ਸਟੈਕਿੰਗ ਕਰਨੀ ਪੈਂਦੀ ਤਾ ਨਾਨੀ ਯਾਦ ਆ ਜਾਂਦੀ। ਮੈ ਚਾਰ ਰੋਟਿਆਂ 'ਤੇ ਸਬਜੀ ਦੀ ਕੌਲੀ ਲੈਕੇ ਉਸਨੂੰ ਫੜਾਉਣ ਚਲਾ ਗਿਆ। ਖਾਣ ਲਈ ਕਿਹਾ। ਪਹਿਲਾ ਤਾਂ ਉਹ ਨਾ ਨੁੱਕਰ ਜਿਹੀ ਕਰਦਾ ਰਿਹਾ। ਜਦ ਮੈਂ ਥੋੜਾ ਅਪਣਤ ਜਿਹੀ ਨਾਲ ਕਿਹਾ 'ਖਾ ਲੈ ਯਾਰ ਇਹਨਾ 'ਤੇ ਤਾਂ ਤੇਰੀ ਹੀ ਮੋਹਰ ਲੱਗੀ ਆ'
'ਅੰਕਲ ਕਿਹੜਾ ਪਿੰਡ ਐ ਥੋਡਾ' ਉਸ ਨੇ ਖਾਣੇ ਦਾ ਸਮਾਨ ਫੜਦਿਆਂ ਕਿਹਾ।
'ਬੋਲੀ ਦੇ ਹਿਸਾਬ ਨਾਲ ਤੇਰੇ ਪਿੰਡ ਦੇ ਨੇੜ ਤੇੜ ਹੀ ਹੋਊ। ਤੂੰ ਕਿਹੜੇ ਇਲਾਕੇ ਦਾਂ' ਮੈਂ ਮੋੜਵਾਂ ਸਵਾਲ ਕੀਤਾ।
'ਮੈ ਤਾਂ ਲੁਧਿਆਣੇ ਜਿਲੇ ਦਾਂ'
'ਜਗਰਾਓਂ ਤੋਂ ਅੱਗੇ ਮੇਰਾ ਜਿਲਾ ਸੁਰੂ ਹੋ ਜਾਂਦਾ'
'ਫਿਰ ਤਾਂ ਇੱਕ ਇਲਾਕੇ ਦੇ ਆਂ, ਮੇਰਾ ਵੀ ਪਿੰਡ ਜਗਰਾਓ ਦੇ ਨਾਲ ਹੀ ਦਿਹੜਕੇ ਆ ਪਰ ਅਸੀਂ ਰਹਿੰਨੇ ਜਗਰਾਓਂ ਹੀ ਆਂ।'
'ਖਾ ਰੋਟੀ ਪਾਣੀ ਫਿਰ ਕਰਦੇ ਆਪਾਂ ਗੱਲਾਂ ਬਾਤਾਂ,' ਕਹਿੰਦਿਆਂ ਮੈਂ ਆਪਣੇ ਟਿਕਾਣੇ 'ਤੇ ਆਕੇ ਤੇਜੀ ਨਾਲ ਰੋਟੀ ਖਾਣ ਲੱਗ ਪਿਆ।
'ਇਕੱਲੇ ਰਹਿੰਦੇ ਜੁਆਕਾਂ ਤੋਂ ਕਿੱਥੇ ਸਵੇਰੇ ਸਵੇਰੇ ਰੋਟੀ ਪਾਣੀ ਤਿਆਰ ਹੁੰਦਾ। ਰਜਾਈ 'ਚੋ ਨਿਕਲਕੇ ਮੂੰਹ ਹੱਥ ਹੀ ਧੋ ਹੁੰਦਾ ਹੋਊ; ਓਦੋ ਨੂੰ ਕੰਟਰੈਕਟਰ ਹਾਰਨ ਮਾਰ ਦਿੰਦੇ ਆਂ' ਘਰਵਾਲੀ ਨੇ ਉਸ ਨੂੰ ਰੋਟੀ ਖਾਂਦੇ ਨੂੰ ਵੇਖ ਕੇ ਕਿਹਾ।
ਉਸ ਦਿਨ ਤੋਂ ਬਾਅਦ ਜਦ ਵੀ ਉਸਨੂੰ ਟਾਈਮ ਮਿਲਦਾ ਉਹ ਸਾਡੇ ਨਾਲ ਆ ਕੇ ਗੱਲੀਂ ਪੈ ਜਾਦਾ। ਸਾਥੋਂ ਬਿਨਾ ਝਿੱਜਕ ਖਾਣ ਪੀਣ ਦੀਆਂ ਚੀਜਾਂ ਲੈਕੇ ਖਾ ਲੈਦਾ। ਪਰ ਰਹਿੰਦਾ ਬੜਾ ਰਿਜ਼ੱਰਵ ਸੀ। ਮੈ ਕਈ ਵਾਰ ਉਸਨੂੰ ਕੁਰੇਦਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕਿਆ। ਫਿਰ ਉਸਨੂੰ ਅਤੇ ਕੁੱਝ ਹੋਰ ਬੰਦਿਆਂ ਨੂੰ ਕੰਟਰੈਕਟਰ ਨੇ ਆਪਣੀ ਹੋਰ ਕਾਰ ਪੱਕੀ ਆਉਣ ਜਾਣ ਵਾਸਤੇ ਦੇ ਦਿੱਤੀ ਅਤੇ ਦੀਪ ਨੂੰ ਚੰਗੀ ਅੰਗਰੇਜੀ ਆਉਣ ਕਰਕੇ ਉਸ ਗਰੁੱਪ ਦਾ ਮੋਢੀ ਬਣਾਕੇ ਹੋਰ ਕਿਸੇ ਕੰਮ ਉਪਰ ਭੇਜ ਦਿੰਦਾ ਤਾਂ ਕਿ ਜੇ ਕੋਈ ਮੁਸਕਲ ਪੈ ਜਾਵੇ ਤਾਂ ਉਹ ਉਹਨਾ ਪੰਜ ਕੁ ਆਦਮੀਆਂ ਦੀ ਸਮੱਸਿਆ ਹੱਲ ਕਰ ਸਕੇ। ਕਦੇ ਟੁਟਵਾਂ ਕੰਮ ਕਰਕੇ ਉਹ ਸਾਡੇ ਨਾਲ ਪਕੇ ਕੰਮ 'ਤੇ ਦਿਹਾੜੀ ਲਾ ਜਾਂਦੇ। ਉਹ ਜਦ ਵੀ ਆਉਂਦਾ ਵਾਹ ਲੱਗਦੀ ਮੈਨੂੰ ਭਾਰੇ ਕੰਮ ਉਪਰ ਨਾ ਲੱਗਣ ਦਿੰਦਾ। ਮੇਰੇ ਹੱਥੋਂ ਔਖਾ ਕੰਮ ਫੜ ਲੈਂਦਾ। ਕਦੇ ਸਰਸਰੀ ਜਿਹੀਆਂ ਗੱਲਾਂ ਵੀ ਕਰ ਲੈਂਦਾ। ਆਪਣੇ ਗਰੁੱਪ ਵਿੱਚ ਵੀ ਇੱਕ ਅਮ੍ਰਿਤਧਾਰੀ ਆਦਮੀ ਨਾਲ ਹੀ ਬਹੁੱਤਾ ਬੈਠਦਾ ਉਠਦਾ ਸੀ। ਮੇਰੀ ਵੀ ਉਸ ਆਦਮੀ ਨਾਲ ਚੰਗੀ ਮਿਚਾ ਮਿਲਦੀ ਸੀ, ਅਸਲ ਵਿੱਚ ਉਹ ਹਰ ਇੱਕ ਨਾਲ ਹੀ ਛੇਤੀ ਘੁੱਲ ਮਿਲ ਜਾਂਦਾ ਸੀ। ਇੱਕ ਦਿਨ ਦੀਪ ਉਹਨਾ ਦੇ ਨਾਲ ਨਾ ਆਇਅ। ਜਦ ਮੈਂ ਉਸ ਆਦਮੀ ਨੂੰ ਦੀਪ ਦੇ ਨਾ ਆਉਣ ਦਾ ਕਾਰਣ ਪੁਛਿਆ ਤਾਂ ਉਹ ਕਹਿੰਦਾ, 'ੳਸਦੀ ਅੱਜ ਇੰਮੀਗਰੇਸਨ ਦੇ ਤਰੀਖ ਸੀ। ਵਹਿਗੁਰੂ ਨੇ ਜੇ ਭਲਾ ਚਾਹਿਆ ਤਾਂ ਹੋ ਸਕਦਾ ਅੱਜ ਉਸਦੇ ਪੀ਼ ਆਰ ਦਾ ਸਟਿੱਕਰ ਹੀ ਲੱਗ ਜਾਵੇ। ਕਹਿੰਦਾ ਸੀ ਜੇ ਕੰਮ ਸਿਰੇ ਚੜ੍ਹ ਗਿਆ ਮੈਂ ਰਿੰਗ ਕਰੂੰਗਾ। ਬਹੁੱਤ ਬੀਬਾ ਮੁੰਡਾ। ਚੰਗੇ ਸੰਸਕਾਰਾਂ ਵਾਲਾ' ਉਸਨੇ ਦੋਵੇਂ ਹੱਥ ਉਪਰ ਨੂੰ ਕਰਕੇ ਕਿਹਾ 'ਬਾਬਾ ਵਜਾ ਦੇ ਮੇਰੇ ਮਬਾਇਲ ਦੀ ਘੰਟੀ ਕਿ ਬਣ ਗਿਆ ਮਨਦੀਪ ਸਿਓ ਦਾ ਕੰਮ' ਉਸਦਾ ਰੋਮ ਰੋਮ ਦੀਪ ਲਈ ਦੁਆਵਾਂ ਮੰਗੀ ਜਾਂਦਾ ਸੀ।
'ਪੀ਼ ਆਰ ਤਾਂ ਇਹਨਾ ਨੂਂ ਦੇਣੀ ਪੈਣੀ ਐ ਸਰਦਾਰ ਜੀ ਜਦੋ ਇਹਨਾ ਦੀ ਪੜ੍ਹਾਈ ਪੂਰੀ ਹੋਗੀ ਏਹਦੇ 'ਚ ਤਾਂ ਚੱਕਰ ਹੀ ਕੋਈ ਨੀ' ਮੈਂ ਆਪਣੀ ਦਲੀਲ ਦਿੱਤੀ।
'ਇਹਦਾ ਪੰਗਾ ਹੋਰ ਐ। ਇਹ ਕਿਸੇ ਮਗਰ ਲੱਗ ਕੇ ਜਲਦੀ ਪੱਕਾ ਹੋਣ ਦੇ ਚੱਕਰ ਵਿੱਚ ਕਿਸੇ ਨੂੰ ਪੈਸੇ ਦੇਕੇ ਕਿਸੇ ਫਿਜੀ ਵਾਲੀ ਨਾਲ ਵਿਆਹ ਕਰਵਾਈ ਬੈਠਾ। ਤੁਸੀਂ ਸੁਣਿਆ ਹੀ ਹੋਣਾ ਪੰਜਾਹ ਸੱਠ ਜਾਅਲੀ ਵਿਆਹਾਂ ਦਾ ਪ੍ਰਬੰਧ ਕਰਵਾਉਣ ਵਾਲੀ ਇੱਕ ਜਨਾਨੀ ਦੀ ਕਿਸੇ ਨੇ ਇੰਮੀਗਰੇਸਨ ਵਾਲਿਆਂ ਨੂੰ ਸਕਾਇਤ ਕਰਤੀ ਸੀ। ਉਹਨਾ 'ਚ ਇਹ ਵੀ ਆਉਂਦਾ ਪਰ ਇਹਦੇ ਪੱਖ 'ਚ ਇਹ ਗੱਲ ਜਾਂਦੀ ਐ ਕਿ ਉਹ ਫਿਜੀ ਵਾਲੀ ਹਾਲੇ ਵੀ ਇਹਦੇ ਨਾਲ ਰਹਿੰਦੀ ਐ। ਉਪਰੋਂ ਰੱਬ ਦੀ ਕੁੱਦਰਤ ਦੋ ਕੁ ਮਹੀਨੇ ਹੋਗੇ ਇਹਨਾ ਦੇ ਇੱਕ ਬੱਚੀ ਨੇ ਜਨਮ ਲੈ ਲਿਆ ਜਿਸ ਨਾਲ ਇਸ ਦਾ ਕੇਸ ਸਟਰੌਂਗ ਬਣ ਗਿਆ। ਲੱਗਦਾ ਬਾਬਾ ਦੀਪ 'ਤੇ ਮਿਹਰ ਕਰੂਗਾ' ਅਮ੍ਰਿਤਧਾਰੀ ਆਦਮੀ ਉਪਰ ਨੂੰ ਉਂਗਲ ਕਰਕੇ ਕਿਹ ਰਿਹਾ ਸੀ। ਇਨੇ ਨੂੰ ਪੈਕਿੰਗ ਹਾਊਸ ਦਾ ਬਿਗਲ ਵਜ ਗਿਆ 'ਤੇ ਅਸੀਂ ਕੰਮਾ 'ਤੇ ਜਾ ਲੱਗੇ।
'ਤੁਸੀਂ ਸੌ ਗਏ ਜਾਂ ਉਂਝ ਹੀ ਉਪਰ ਨੂੰ ਮੂੰਹ ਕਰੀ ਛੱਤ ਵੱਲ ਝਾਕੀ ਜਾਨੇ ਓ। ਵੀਹ ਵਾਰੀ ਥੋਨੂੰ ਕਿਹਾ, ਕਿ ਹੋਲੀ ਹੋਲੀ ਪੀਆ ਕਰੋ। ਚਾਰ ਪੰਜ ਗਲਾਸ ਭਰ ਭਰਕੇ ਅੰਦਰ ਮਾਰੇ। ਹੁਣ ਉਹ ਵਿਚਾਰੇ ਥੋਡੇ ਮੂੰਹ ਵੱਲ ਵੇਖੀ ਜਾਦੇ ਆ। ਤੁਸੀ ਪਤਾ ਨੀ ਕਿਹੜੇ ਖਿਆਲਾ ਵਿੱਚ ਖੋਏ ਫਿਰਦੇ ਓ' ਦੀਪ ਦੀ ਮਾਂ ਨੇ ਸਾਨੂੰ ਵੀ ਗੁੰਮ ਸੁੰਮ ਬੈਠਿਆਂ ਨੂੰ ਵੇਖ ਕੇ ਕਿਹਾ।
'ਨਾ ਤੂੰ ਸੋਚਦੀ ਹੋਵੇਂਗੀ ਮੈਂ ਸੌਂ ਗਿਆ। ਮੈਂ ਤਾਂ ਊਈ ਦੀਪ ਦੀਆਂ ਯਾਂਦਾ ਦੇ ਖੂਹ ਵਿੱਚ ਡਿੱਗ ਪਿਆ, ਮੈਂਨੂੰ ਤਾਂ ਓਵੇਂ ਬਿੱਡ ਤੇ ਲੰਮਾ ਪਿਆ ਦਿਸੀ ਜਾਂਦਾ' ਫਿਰ ਉਸਨੇ ਸੰਭਲ ਦਿਆਂ ਸਿਰ ਦੇ ਵਾਲਾਂ ਨੂੰ ਠੀਕ ਕਰਦਿਆਂ ਕਿਹਾ, 'ਬਾਈ ਜੀ ਅਸੀਂ ਪਿਓ ਪੁੱਤ ਘੱਟ ਅਤੇ ਆੜੀ ਜਿਆਦੇ ਆਂ। ਉਹ ਮੇਰੇ ਨਾਲ ਸਾਰੀ ਗੱਲ ਕਰ ਲੈਂਦਾ ਸੀ। ਆਹ ਕੋਠੀ ਦਾ ਵਿੱਢ ਵਿੱਢ ਲਿਆ ਇਹ ਹਾਲੇ ਵਿੱਚ ਹੀ ਸੀ ਮੈਨੂੰ ਕਹਿੰਦਾ ਡੈਡੀ ਜੇ ਮੈ ਬਾਹਰ ਪੜ੍ਹਣ ਚਲਾ ਜਾਵਾਂ। ਹੋਰ ਮੁੰਡੇ ਮੇਰੇ ਨਾਲ ਦੇ ਜਾਈ ਜਾਂਦੇ ਐ। ਮੈ ਕਿਹਾ ਬਈ ਤੈਨੂੰ ਜਾਣ ਦਾ ਪ੍ਰਬੰਧ ਆਪੇ ਕਰਨਾ ਪਊ ਮੈ ਨੀ ਇਹੋ ਜਿਹੇ ਕੰਮ 'ਚ ਪਿਆ। ਪੈਸਿਆਂ ਦਾ ਦੱਸ ਕਿੰਨੇ ਕੁ ਲੱਗਣ ਗੇ। ਕਹਿੰਦਾ ਪਹਿਲੇ ਸਾਲ ਦੀ ਫੀਸ ਅਤੇ ਹੋਰ ਖਰਚੇ ਤਕਰੀਬਨ ਪੰਜ ਕੁ ਲੱਖ ਬਾਕੀ ਅਗਲੇ ਸਾਲ ਦੀ ਫੀਸ ਮੈਂ ਆਪੇ ਉਥੇ ਕੰਮ ਕਰਕੇ ਕੱਢ ਲਵਾਂਗਾ। ਬਾਕੀ ਪੰਦਰਾਂ ਕੁ ਲੱਖ ਅਕਾਊਂਟ 'ਚ ਵਿਖਾਉਣਾ ਪੈਣਾ। ਉਹ ਕੋਈ ਵੀ ਲਿਖਕੇ ਦੇ ਸਕਦਾ। ਮੈ ਕਿਹਾ ਹੋਜੂ ਪ੍ਰਬੰਧ। ਕੱਲ੍ਹ ਤੋਂ ਕੋਠੀ ਦਾ ਕੰਮ ਬੰਦ। ਤੂੰ ਆਪਣੇ ਕਾਗਜ ਪੱਤਰ ਤਿਆਰ ਕਰ ਲੈ। ਬਸ ਫਿਰ ਕੀ ਸੀ ਸਵੇਰੇ ਆਏ ਮਿਸਤਰੀਆਂ ਮਜਦੂਰਾਂ ਨੂੰ ਮੈ ਕਿਹਾ ਕੋਠੀ ਦੀ ਚੱਠ ਅੱਜ ਹੀ ਕਰਲੋ। ਆਪਣਾ ਸਮਾਨ ਸੰਭਾਲ ਦਿਓ ਖਾਣ ਪੀਣ ਦਾ ਬੰਦੋਬਸਤ ਮੈਂ ਕਰਦਾ। ਖਾਓ ਪੀਓ ਅਤੇ ਅੱਜ ਦੀ ਦਿਹਾੜੀ ਵੀ ਸਭ ਨੂੰ ਮਿਲੂਗੀ। ਉਹ ਕਹਿਣ ਗੱਲ ਤਾਂ ਦੱਸ ਕੀ ਹੋਗੀ? ਮੈ ਕਿਹਾ ਗੱਲ ਕੋਈ ਨੀ ਹੋਈ, ਮੁੰਡਾ ਬਾਹਰਲੇ ਮੁਲਕ ਨੂੰ ਚੱਲਿਆ। ਕੋਠੀ ਉਪਰ ਲੱਗਣ ਵਾਲੇ ਪੈਸੇ ਉਸਦੇ ਖਰਚੇ ਲਈ ਚਾਹੀਦੇ ਐ, ਜਦੋਂ ਫਿਰ ਪੈਸੇ ਇਕੱਠੇ ਹੋਗੇ ਥੋਨੂੰ ਫੇਰ ਅਵਾਜ ਮਾਰ ਲਵਾਂਗੇ। ਫਿਰ ਕੰਮ ਸੁਰੂ ਕਰ ਲਵਾਂਗੇ। ਓਹੀ ਗੱਲ ਹੋਈ ਦੋ ਮਹੀਨਿਆਂ 'ਚ ਦੀਪ ਸਿਓ ਫੁਰਰ ਹੋ ਗਿਆ। ਸਾਡੀ ਦੋਨਾ ਦੀ ਪੂਰੀ ਆੜੀ ਐ। ਹੁਣ ਵੀ ਸਾਰੀ ਗੱਲ ਮੇਰੇ ਨਾਲ ਫੋਨ 'ਤੇ ਕਰ ਲੈਂਦਾ। ਦੋ ਕੁ ਮਹੀਨੇ ਪਹਿਲਾ ਕਹਿੰਦਾ ਡੈਡੀ ਇੱਕ ਫਿਜੀ ਦੀ ਗੋਰੀ ਮੇਰੇ ਨਾਲ ਵਿਆਹ ਕਰਾਉਣ ਨੂੰ ਕਹਿੰਦੀ ਐ। ਉਸਦੇ ਕੋਲ ਆਪਣਾ ਘਰ ਐ। ਕਹਿੰਦਾ ਇੰਡੀਆ ਦੇ ਇੱਕ ਕਰੋੜ ਦਾ ਤਾਂ ਘਰ ਹੀ ਹੈ। ਮੈ ਕਿਹਾ, 'ਹੈ ਤਾਂ ਤੇਰੀ ਮਰਜੀ ਪਰ ਮੇਰੀ ਵੀ ਇੱਕ ਇੱਛਿਆ। ਤੂੰ ਆਵੇਂ ਇਥੇ ਪੰਜਾਬ 'ਚ। ਕੁੜੀ ਲੱਭੇ ਤੂੰ ਆਪਦੀ ਮਰਜੀ ਦੀ। ਲੈਣਾ ਆਪਾਂ ਕਿਸੇ ਤੋ ਆਨਾ ਨੀ। ਪਰ ਅਗਲੇ ਨੂੰ ਕਹਿ ਦੇਣਾ ਵਿਆਹ ਦੀ ਛੰਡ ਕੱਢਦੇ। ਵਿਆਹ ਵੀ ਮੈਰਿਜ ਪੈਲਿਸ 'ਚ ਨਹੀ ਕਰਨਾ। ਭਾਵੇ ਅਗਲਾ ਆਪਦੇ ਖੇਤ 'ਚ ਹੀ ਸਮਿਆਨਾ ਲਾਦ, ੇ ਜੇ ਫਸਲ ਬੀਜੀ ਹੋਈ ਤਾਂ ਆਪਾਂ ਫਸਲ ਦੇ ਪੈਸੇ ਦੇ ਦਿਆਂਗੇ ਤੇ ਫਸਲ ਵਢਾ ਦਿਆਂਗੇ ਗਰੀਬਾਂ ਨੂੰ। ਸਾਰੀ ਜਵਾਨੀ ਤਾਂ ਗਾਲ ਤੀ ਇਨਕਲਾਬ ਲਿਆਉਂਦਿਆਂ ਨੇ ਇੱਕ ਦਿਨ ਲਈ ਤਾ ਉਹਨਾ ਦੀ ਮੌਜ ਕਰ ਦਿਆਂਗੇ। ਕੁੜੀ ਵਾਲਿਆਂ ਨੂੰ ਕਹਿ ਦੇਣਾ ਬਰਾਤੀਆਂ ਦੀ ਸੇਵਾ ਕਰਦਿਓ ਜਿਨੀ ਮਰਜੀ ਕੋਈ ਨਿਰਾਜ ਨਾ ਜਾਵੇ। ਲੋਕੀਂ ਗੱਲਾਂ ਕਰਨ ਮਹਿਫਲਾਂ 'ਚ ਬਹਿਕੇ ਕਿ ਵਿਆਹ ਦੇਖਿਆਂ ਦੀਪ ਦਾ ਬਾਕੀ ਗੱਲਾਂ ਝੂਠ। ਮੇਰੀ ਗੱਲ ਸੁਣਕੇ ਕਹਿੰਦਾ ਜਿਵੇ ਤੁਸੀਂ ਕਹਿਨੇ ਓ ਉਸ ਤਰਾਂ ਕਰਲਾਂ ਗੇ। ਆਪਣੀਆਂ ਤਾਂ ਸਿਧੀਆਂ ਗੱਲਾਂ। ਬਲ ਫਰੇਬ ਨਾ ਆਉਦੇ। ਨਾ ਉਹਨੂੰ ਕਰਨ ਦੇਈਦੇ' ਇਸ ਤੋਂ ਪਹਿਲਾ ਉਹ ਕੋਈ ਹੋਰ ਗੱਲ ਕਰਦਾ ਨਿਰਮਲ ਨੇ ਖੜੇ ਹੁੰਦਿਆਂ ਕਿਹਾ,' ਚੰਗਾ ਅੰਕਲ ਸਾਨੂੰ ਦਿਓ ਇਜ਼ਾਜਤ ਫੇਰ ਕਦੇ ਬੈਠਾਂ ਗੇ ਮਾਰਾਂਗੇ ਗੱਲਾਂ। '
'ਅੱਜ ਤਾਂ ਸਾਥ ਨਿਭਾਇਆ ਨੀ ਫੇਰ ਕਦੇ ਕਿਸੇ ਦਾ ਆਇਆ ਨੀ, ਚਲੋ ਥੋਡੀ ਮਰਜੀ' ਉਸਨੇ ਉਬਾਸੀ ਲੈਦੇ ਨੇ ਕਿਹਾ। ਸਾਡੇ ਨਾਲ ਢਿੱਲੇ ਜਿਹੇ ਹੱਥ ਮਿਲਾ ਕੇ ਸੋਫੇ 'ਤੇ ਢੇਰੀ ਹੋ ਗਿਆ। ਮੈਨੂੰ ਸਮਝ ਨਹੀ ਸੀ ਆ ਰਹੀ ਕਿ ਦੀਪ ਦੇ ਬਾਪ ਦੀਆਂ ਇਛਾਵਾਂ, ਉਸਦੀ ਧੀ ਦੇ ਮੋਹ ਦੀ ਤੰਦ ਅਤੇ ਦੀਪ ਦੀਆਂ ਮਜਬੂਰੀਆਂ ਦੇ ਢੇਰ ਦੇ ਹੁੰਦਿਆਂ ਇਹ ਪਰਵਾਸ ਦਾ ਮਹਿਲ ਕਿਵੇਂ ਉਸਰੇਗਾ। ਸਾਇਦ ਸਭ ਨੂੰ ਆਪਣੇ ਆਪਣੇ ਹਿੱਸੇ ਦੀ ਅਧੂਰੀ ਹੀ ਚੱਠ ਕਰਨੀ ਪਵੇਗੀ।




No comments: