ਅਵਾਰਾ ਕੁੱਤਿਆਂ ਦਾ ਫ਼ੈਮਿਲੀ ਪਲੈਨਿੰਗ.......... ਵਿਅੰਗ / ਸਿ਼ਵਚਰਨ ਜੱਗੀ ਕੁੱਸਾ

ਇਕ ਦਿਨ ਸੱਥ ਵਿਚ ਬੈਠੇ ਸਰਪੰਚ ਨੇ ਅਵਾਰਾ ਕੁੱਤਿਆਂ ਤੋਂ ਦੁਖੀ ਹੋ ਕੇ ਕੋਈ ਠੋਸ ਕਦਮ ਚੁੱਕਣ ਲਈ ਫ਼ੈਸਲਾ ਕੀਤਾ। ਸਰਪੰਚ ਦੇ ਸੱਦੇ ਉਪਰ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਕਿਤੇ ਰਾਤ ਨੂੰ ਇੱਕ ਅਵਾਰਾ ਕੁੱਤੇ ਨੇ ਪਿੰਡ ਦੇ ਕਿਸੇ ਬਜ਼ੁਰਗ ਨੂੰ ਵੱਢ ਖਾਧਾ ਸੀ ਅਤੇ ਕਦੇ ਅਗਲੇ ਦਿਨ ਇੱਕ ਸੁੱਤੇ ਪਏ ਬੱਚੇ ਨੂੰ ਬੁਰੀ ਤਰ੍ਹਾਂ ਚੂੰਡ ਧਰਿਆ ਸੀ। ਲੋਕ ਧੜਾ-ਧੜ ਪਹੁੰਚ ਰਹੇ ਸਨ। ਸੱਥ ਵਿਚ ਇਕੱਠ ਹੋ ਰਿਹਾ ਸੀ।
-"ਕੀ ਦੱਸੀਏ ਸਰਪੈਂਚ ਸਾਹਬ...! ਮੈਂ ਰਾਤ ਨ੍ਹੇਰੇ ਹੋਏ ਬੌਡਿਆਂ ਅੱਲੀਓਂ ਤੁਰਿਆ ਆਉਂਦਾ ਸੀ, ਓਥੇ ਤੀਹਾਂ-ਪੈਂਤੀਆਂ ਦੀ ਕੁਤੀਹੜ ਨਾਨਕਾ ਮੇਲ਼ ਮਾਂਗੂੰ ਬੈਠੀ, ਮੈਨੂੰ ਦੇਖ ਕੇ ਮੇਰੇ ਸਾਲ਼ੇ ਇਉਂ 'ਕੱਠੇ ਹੋਣ ਲੱਗ ਪਏ, ਜਿਵੇਂ ਅੱਤਿਵਾਦੀ ਨੂੰ ਦੇਖ ਕੇ ਸੀ. ਆਰ. ਪੀ. 'ਕੱਠੀ ਹੁੰਦੀ ਐ...!" ਇਕ ਨੇ ਦੁਹਾਈ ਦਿੱਤੀ।

ਲੋਕ ਹੱਸ ਪਏ।
-"ਹਾਸਾ ਨੀ ਬਾਈ ਸਿਆਂ...! ਜਿਸ ਤਨ ਲੱਗੀਆਂ ਸੋਈ ਜਾਣੇ...!
ਅਜੇ ਤਾਂ ਚੰਗੇ ਕਰਮਾਂ ਨੂੰ ਮੇਰੇ ਕੋਲ਼ੇ ਅਣਘੜਤ ਜਿਆ ਰੈਂਗੜਾ ਸੀ, ਤੇ ਮੈਂ ਤਾਂ ਭਾਈ ਰੈਂਗੜਾ ਘੁੰਮਾਉਂਦਾ ਲਿਆ ਭੱਜ਼...! ਮੈਂ ਤਾਂ ਲਾਈ ਦੌੜ ਮੰਗੂ ਕੇ ਮੱਲ ਮਾਂਗੂੰ, ਤੇ ਪਿੰਡ ਆ ਕੇ ਸਾਹ ਲਿਆ...! ਮੇਰੇ ਸਾਲ਼ੇ ਮੇਰੇ ਮਗਰ ਪਿੰਡ ਤੱਕ ਆਏ, ਜਿਵੇਂ ਪੁਲ਼ਸ ਭੁੱਕੀ ਦੇ ਬਲੈਕੀਏ ਮਗਰ ਆਉਂਦੀ ਐ...!"
-"ਉਏ ਆਹੀ ਤਾਂ ਮੈਂ ਪਿੱਟਦੈਂ ਬਈ ਇਹਨਾਂ ਨੂੰ ਬੰਦੇ ਦੇ ਲਹੂ ਦਾ ਸੁਆਦ ਪੈ ਗਿਆ, ਹੁਣ ਇਹ ਕੁਤੀੜ੍ਹ ਕਦੋਂ ਭਲੀ ਗੁਜ਼ਾਰੂ...?"
-"ਬੰਦੇ ਦੇ ਲਹੂ ਦੀ ਗੱਲ ਸੁਣ ਲੈ...!" ਇਕ ਨੇ ਦੂਜੇ ਦੇ ਪੱਟ 'ਤੇ ਧੱਫ਼ਾ ਜਿਹਾ ਮਾਰਿਆ।
-"ਮਹੀਨਾਂ ਕੁ ਹੋਇਐ...! ਆਹ ਨਾਲ਼ ਦੇ ਪਿੰਡ, ਇਕ ਨਵੀਂ-ਨਵੇਲ ਵਿਆਹੀ ਨੂੰਹ ਦਾ ਰਾਤ ਨੂੰ ਸੁੱਤੀ ਪਈ ਦਾ ਮੂੰਹ ਈ ਖਾ ਜਾਣਾਂ ਸੀ ਖ਼ਸਮਾਂ ਨੂੰ ਖਾਣੇਂ ਨੇ...! ਪੈਂਦੀ ਸੱਟੇ ਮੂੰਹ 'ਤੇ ਬੁਰਕ ਜਾ ਭਰਿਆ..!" ਕਿਸੇ ਹੋਰ ਨੇ ਅਕਾਸ਼ਬਾਣੀ ਕੀਤੀ।
-"ਲੈ ਦੇਖ਼...! ਆ ਦੇਖਿਆ ਨਾ ਤਾਅ, ਬੁਰਕ ਕਿੱਥੇ ਮਾਰਿਆ ਲੋਹੜਾ ਪੈਣੇ ਨੇ...! ਮੂੰਹ ਤੋਂ ਬਿਨਾਂ ਹੋਰ ਕੋਈ ਥਾਂ ਈ ਨ੍ਹੀ ਲੱਭੀ ਕੋਹੜੀ ਹੋਣੇ ਨੂੰ...?" 
ਇਕ ਸੰਨਾਟਾ ਛਾ ਗਿਆ।
-"ਸਾਡੇ ਨਾਲ਼ੋਂ ਤਾਂ ਸਾਲ਼ਾ ਕੁੱਤਾ ਈ ਚੰਗੈ...! ਸਾਡਾ ਤਾਂ ਕਿਸੇ ਨੇ ਕਦੇ ਮੂੰਹ ਦੇ ਨੇੜੇ ਪ੍ਰਛਾਵਾਂ ਵੀ ਨੀ ਢੁੱਕਣ ਦਿੱਤਾ...!" ਅਮਲੀ ਚੁੱਪ ਚਾਪ ਬੈਠਾ ਮਨ ਵਿਚ ਹੀ ਸੋਚ ਰਿਹਾ ਸੀ, "ਇਹ ਸਾਲ਼ੀਆਂ ਲੋਟ ਈ ਕੁੱਤਿਆਂ ਤੋਂ ਆਉਂਦੀਐਂ...!"
-"ਪੌਡਰ ਦੀ ਬਾਸ਼ਨਾਂ ਆਈ ਹੋਣੀ ਐਂ...?" 
-"ਇਕ ਨਵੀਆਂ ਬਿਆਹੀਆਂ ਲਾਚੜੀਆਂ ਵੀਆਂ ਪੌਡਰ ਥੱਪਦੀਐਂ ਵੀ ਬਹੁਤੈ...!"
-"ਫ਼ੇਰ ਬਚਗੀ ਬਈ...?" ਅਮਲੀ ਨੇ ਹਮਦਰਦੀ ਨਾਲ਼ ਉੱਚਾ ਹੋ ਕੇ ਪੁੱਛਿਆ।
-"ਉਹਨੇ ਉਠ ਕੇ ਪਾਅਤਾ ਚੀਕ ਚੰਘਿਆੜਾ...!"
-"ਪਾਉਣਾ ਈ ਸੀ...? ਹੋਰ ਉਹਨੂੰ ਚੂਰੀ ਕੁੱਟ ਕੇ ਖੁਆਉਣੀਂ ਸੀ...!"
-"ਫ਼ੇਰ ਰੌਲ਼ੇ ਤੋਂ ਡਰਦਾ ਭੱਜ ਗਿਆ ਹੋਣੈਂ...?"
-"ਹੋਰ ਉਹਨੇ ਖੜ੍ਹ ਕੇ ਜਿੰਦਾਬਾਦ-ਮੁਰਦਾਬਾਦ ਦੇ ਨਾਅਰੇ ਲਾਉਣੇ ਸੀ...? ਤਲੈਂਬੜਾਂ ਤੋਂ ਡਰਦੇ ਤਾਂ ਵੱਡੇ-ਵੱਡੇ ਖੱਬੀ ਖ਼ਾਨ ਭੱਜ ਜਾਂਦੇ ਐ...! ਉਹ ਤਾਂ ਫ਼ੇਰ ਲੰਡਰ ਕੁੱਤਾ ਸੀ...! ਕਿਹੜਾ ਮਗਰ ਬਚਾਅ ਕਰਨ ਵਾਸਤੇ ਫ਼ੁੱਫ਼ੜ ਹੋਰਾਂ ਨੇ ਆਉਣਾਂ ਸੀ ...?"
ਹਾਸੜ ਪੈ ਗਈ।
-"ਇੱਕ ਗੱਲ ਸਮਝ ਨੀ ਆਈ...! ਬਈ ਇਹ ਸਾਲ਼ੀ ਐਨੀਂ ਕੁਤੀੜ੍ਹ ਆਈ ਕਿੱਧਰੋਂ ਐਂ...?" ਬਚਿੱਤਰ ਛੜੇ ਨੇ ਦਿਮਾਗ 'ਤੇ ਹੱਥ ਮਾਰ ਕੇ ਪੁੱਛਿਆ। ਜਿਵੇਂ 'ਘਿਰੜ-ਘਿਰੜ' ਕਰਦੇ ਰੇਡੀਓ 'ਤੇ ਮਾਰੀਦੈ!
-"ਮੈਨੂੰ ਤਾਂ ਇਹਦੇ ਪਿੱਛੇ ਪਾਕਿਸਤਾਨ ਦੀ ਆਈ. ਐੱਸ਼. ਆਈ. ਦਾ ਹੱਥ ਲੱਗਦੈ...!" ਅੱਭੜਵਾਹਿਆਂ ਵਾਂਗ ਆਉਂਦਾ ਬਚਨਾਂ 'ਕਾਲੀ' ਬੋਲਿਆ। 
-"ਲਓ ਜੀ...! ਬੱਸ ਆਹੀ ਕਸਰ ਰਹਿੰਦੀ ਸੀ...! ਕਰ ਲਓ 'ਕਾਲੀਆਂ ਦੇ ਘਿਉ ਨੂੰ ਭਾਂਡਾ...!" ਦਲੀਪ ਨੇ ਮੱਥੇ 'ਤੇ ਹੱਥ ਮਾਰਿਆ।
ਸਾਰਾ ਪਿੰਡ ਹੱਸ ਪਿਆ।
-"ਮੁਰਦਾ ਬੋਲੂ ਤੇ ਖੱਫ਼ਣ ਈ ਪਾੜੂ...!" ਨੰਜੂ ਦਾ ਹਾਸਾ ਬੰਦ ਨਹੀਂ ਹੁੰਦਾ ਸੀ।
-"ਜੇ ਕੁੱਤਿਆਂ ਦਾ ਧਿਆਨ ਖਿੱਚਣ ਆਸਤੇ ਮੈਨੂੰ ਪਾਣੀ ਆਲ਼ੀ ਟੈਂਕੀ 'ਤੇ ਚੜ੍ਹਨਾਂ ਪਿਆ, ਮੈਂ ਪਿੱਛੇ ਨੀ ਹਟੂੰਗਾ...! ਇਕ ਆਰੀ ਹੁਕਮ ਦੀ ਲੋੜ ਐ...! ਪੈਟਰੋਲ ਆਲ਼ੀ ਬੋਤਲ ਵੀ ਮੇਰੇ ਘਰੇ ਭਰੀ, ਤਿਆਰ ਪਈ ਐ...!" ਸੁਰਿੰਦਰ ਰਾਮ ਮਾਸਟਰ ਨੇ ਪੂਰੇ ਜੋਰ ਨਾਲ਼ ਹਿੱਕ ਥਾਪੜ ਕੇ ਆਪਣੀ 'ਸੇਵਾ' ਪੇਸ਼ ਕੀਤੀ।
-"ਲੈ...! ਇਹਨੇ ਓਦੂੰ ਕੱਛ 'ਚੋਂ ਗੰਧਾਲ਼ਾ ਕੱਢ ਮਾਰਿਆ...!" ਪੂਰਨਾਂ ਖਹਿਰਾ ਬੋਲਿਆ।
-"ਇਹਨਾਂ ਨੂੰ ਪਾਣੀ ਆਲ਼ੀਆਂ ਟੈਂਕੀਆਂ 'ਤੇ ਚੜ੍ਹਨ ਤੋਂ ਬਿਨਾ ਕੋਈ ਕੰਮ ਧੰਦਾ ਈ ਨ੍ਹੀ...! ਗੰਧਾਲ਼ੇ ਨੀ, ਇਹ ਅੱਜ ਕੱਲ੍ਹ ਪੈਟਰੋਲ ਆਲ਼ੀਆਂ ਬੋਤਲਾਂ ਨੂੰ ਈ ਗਰਨੇਟ ਬਣਾਈ ਫ਼ਿਰਦੇ ਐ...!" 
-"ਇਹ ਫ਼ਾਰਮੂਲਾ ਮਾਸਟਰ ਜੀ ਤੁਸੀਂ ਆਪਣੇ ਕੋਲ਼ੇ ਈ ਰੱਖੋ...! ਤੁਸੀਂ ਮਾਸਟਰ ਲਾਣਾਂ ਤਾਂ ਜੇ ਮਿਸਤਰੀ ਮੰਜੀ ਨਾ ਠੋਕਣ ਆਵੇ ਤਾਂ ਟੈਂਕੀ 'ਤੇ ਜਾ ਚੜ੍ਹਦੇ ਐਂ, ਤੇ ਜਾਂ ਜੇ ਕੱਟਾ ਮੱਝ ਚੁੰਘਜੇ, ਪਾਣੀ ਆਲ਼ੀ ਟੈਂਕੀ 'ਤੇ ਚੜ੍ਹਨ ਲੱਗੇ ਫ਼ੋਰਾ ਲਾਉਨੇ ਐਂ...! ਇਹ ਤਾਂ ਹੁਣ ਥੋਨੂੰ ਆਦਤ ਜੀ ਈ ਪੈ ਗਈ...!"
-"ਯਾਰ ਮੈਂ ਇਕ ਜਾਨਵਰਾਂ ਦੀ ਗੱਲ ਦੇਖੀ ਐ...!" ਪਾੜ੍ਹੇ ਨੇ ਹੋਰ ਗੱਲਾਂ ਵੱਲੋਂ ਬੇਧਿਆਨਾਂ ਹੋ ਕੇ ਚਲਾਈ, "ਇਕ ਦਿਨ ਮੈਂ ਟੀ. ਵੀ. 'ਤੇ ਇਕ ਪ੍ਰੋਗਰਾਮ ਦੇਖੀ ਜਾਵਾਂ...! ਜੰਗਲ 'ਚ ਇਕ ਮੱਝ ਦਾ ਕੱਟਾ ਡਿੱਗ ਪਿਆ ਨਦੀ 'ਚ...! ਉਹਦੇ ਮੂਹਰੇ ਨਦੀ 'ਚ ਬੈਠਾ ਮਗਰਮੱਛ...! ਮਗਰਮੱਛ ਦੇ ਮੂੰਹ 'ਚ ਆਉਣ ਤੋਂ ਪਹਿਲਾਂ ਮੱਝ ਨੇ ਕੱਟਰੂ ਨਦੀ 'ਚੋਂ ਬਾਹਰ ਧੂਅ ਲਿਆ ਤੇ ਨਦੀ ਦੇ ਕਿਨਾਰੇ 'ਤੇ ਬਾਹਰ ਖੜ੍ਹਾ ਸ਼ੇਰ...! ਤੇ ਸ਼ੇਰ ਨੇ ਭਾਈ ਕੱਟਰੂ ਨੂੰ ਮੂੰਹ ਪਾ ਲਿਆ...!"
-"ਓਹ-ਹੋ...! ਕਿੱਡਾ ਜਾਲਮ ਐਂ...!"
-"ਮੱਝ ਨੇ ਬਥੇਰਾ ਜੋਰ-ਜੂਰ ਲਾਇਆ, ਪਰ ਉਹਨੇ ਕੱਟਰੂ ਨਾ ਛੱਡਿਆ...! ਫ਼ੇਰ ਮੱਝ ਨੇ ਕੀ ਕੀਤਾ, ਸਿਰਤੋੜ ਜੰਗਲ ਵੱਲ ਨੂੰ ਭੱਜ ਲਈ ਤੇ ਪੰਜ ਕੁ ਮਿੰਟਾਂ 'ਚ ਈ ਸੈਂਕੜੇ ਮੱਝਾਂ 'ਕੱਠੀਆਂ ਕਰ ਲਿਆਈ...!"
-"ਵਾਹ ਜੀ ਵਾਹ...!"
-"ਉਹ ਤਾਂ ਆ ਪਈਆਂ ਫ਼ੌਜ ਦੀ ਛਾਉਣੀ ਵਾਂਗੂੰ...! ਤੇ ਮੱਝਾਂ ਨੇ ਤਾਂ ਪਾ ਦਿੱਤੇ ਖਿਲਾਰੇ...! ਸ਼ੇਰ ਚੱਕ ਲਿਆ ਸਿੰਗਾਂ 'ਤੇ...! ਕਰਤਾ ਲਹੂ-ਲੁਹਾਣ, ਤੇ ਸ਼ੇਰ ਨੂੰ ਤਾਂ ਭੱਜਣ ਨੂੰ ਰਾਹ ਨਾ ਲੱਭੇ...! ਉਹ ਤਾਂ ਜਿੱਧਰ ਭੱਜੇ, ਭੂਸਰੀਆਂ ਮੱਝਾਂ ਮੂਹਰੇ...!"
-"ਜੰਗਲੀ ਜਾਨਵਰ ਹੁੰਦੇ ਤਾਂ ਭੈੜ੍ਹੇ ਐ ਭਾਈ...! ਆਈ 'ਤੇ ਆ ਜਾਣ ਤਾਂ ਪਾੜ ਧਰਦੇ ਐ...!"
-"ਪਰ ਸਰਪੰਚ ਸਾਹਿਬ...!" ਪਾੜ੍ਹੇ ਨੇ ਮਨ ਦੀ ਗੱਲ ਸਾਂਝੀ ਕਰਨੀ ਚਾਹੀ, "ਮੈਨੂੰ ਇਕ ਗੱਲ ਦੀ ਸਮਝ ਨੀ ਆਈ, ਬਈ ਉਹਨੇ ਕਿਹੜੀ ਭਾਸ਼ਾ 'ਚ ਜਾ ਕੇ ਦੂਜੀਆਂ ਮੱਝਾਂ ਨੂੰ ਸਮਝਾਇਆ ਹੋਊ...? ਬੋਲਣਾਂ ਤਾਂ ਮੱਝਾਂ ਨੂੰ ਆਉਂਦਾ ਨੀ...!"
-"ਬਈ ਰੱਬ ਜਾਣੇ...! ਇਹ ਤਾਂ ਰੱਬ ਵੱਲੋਂ ਈ ਐਂ ਗੁਣ ਐਂ ਕੋਈ...! ਫ਼ੇਰ ਕੱਟਰੂ ਛੁਡਾ ਲਿਆ...?"
-"ਹਾਂ...! ਜ਼ਖ਼ਮੀ ਤਾਂ ਦਿੱਤਾ ਉਹਨੇ ਕਰ ਬਹੁਤ...! ਪਰ ਕੱਟਰੂ ਛੁਡਾ ਲਿਆ...!"
-"ਕਿਆ ਬਾਤ ਐ...! ਮਾਂ ਤਾਂ ਫ਼ੇਰ ਮਾਂ ਈ ਹੁੰਦੀ ਐ ਬਈ...! ਜਿਹੜੀਆਂ ਜੁਆਕਾਂ ਦੀ ਪ੍ਰਵਾਹ ਨੀ ਕਰਦੀਆਂ, ਲੋਕ ਉਹਨਾਂ ਨੂੰ ਡੈਣਾਂ ਆਖਦੇ ਐ...! ਐਥੇ ਤਾਂ ਆਬਦੇ ਜੁਆਕ ਛੱਡ ਕੇ ਪੇਕੀਂ ਜਾ ਵੜਦੀਐਂ...!"
-"ਮੈਨੂੰ ਭਾਸ਼ਾ ਤੋਂ ਗੱਲ ਯਾਦ ਆਗੀ...! ਤੁਸੀਂ ਭਾਸ਼ਾ ਦੀ ਬਾਤ ਸੁਣ ਲਓ...!" ਅਮਲੀ ਨੇ ਆਪਣੀ ਵਾਰੀ ਲਈ, "ਆਹ ਜਿੱਦਣ ਮਰਦਮ-ਸ਼ਮਾਰੀ ਆਲ਼ੇ ਆਏ ਸੀ, ਉਹ ਸਾਲ਼ੇ ਮੈਨੂੰ ਪੁੱਛੀ ਜਾਣ, ਅਖੇ ਅਮਲੀ ਜੀ, ਆਪ ਕੀ ਆਯੂ ਕਿਤਨੀ ਹੈ...? ਮੈਖਿਆ, ਬੱਤੀਆਂ ਕੁ ਸਾਲਾਂ ਦੀ ਹੋਣੀਂ ਐ ਤੇ ਪੰਜਾਂ ਕੁ ਸਾਲਾਂ ਨੂੰ ਮੈਨੂੰ ਤੇਤੀਮਾਂ ਲੱਗ ਜਾਣੈਂ...! ਚੁੱਪ ਕਰ ਕੇ ਮੁੜਗੇ...! ਬਈ ਦੱਸੋ ਸਾਲ਼ਿਓ, ਤੁਸੀਂ ਮੇਰੀ ਆਯੂ ਪੁੱਛ ਕੇ ਮੇਰੇ ਨਾਲ਼ 'ਨੰਦ-ਕਾਜ' ਕਰਨੈਂ...?" ਅਮਲੀ ਦੇ ਕਹਿਣ 'ਤੇ ਫ਼ਿਰ ਹਾਸਾ ਪੈ ਗਿਆ।
-"ਤੁਸੀਂ ਓਸ ਗੱਲ ਵੱਲ ਆਓ, ਜਿਹੜੀ ਵਾਸਤੇ 'ਕੱਠੇ ਹੋਏ ਐਂ...!" ਸਰਪੰਚ ਬੋਲਿਆ। ਉਹ ਅਵਲ਼ੀਆਂ-ਸਵਲ਼ੀਆਂ ਗੱਲਾਂ ਤੋਂ ਅੱਕ ਗਿਆ ਸੀ।
-"ਇਹਦਾ ਇੱਕ ਹੱਲ ਹੈਗਾ ਸਰਪੈਂਚ ਜੀ...!" ਪਿੱਲਾ ਦਰਜੀ ਬੋਲਿਆ। ਉਸ ਦੀ ਅਵਾਜ਼ ਬਿੰਡੇ ਵਾਂਗ ਟਿਆਂਕੀ ਸੀ।
-"ਦੱਸ਼...?"
-"ਉਹ ਜਿਹੜਾ ਛੰਜੇ ਗਾਂਧੀ ਨੇ ਕੰਮ ਜਿਆ ਤੋਰਿਆ ਸੀ, ਬੰਦਿਆਂ ਦੇ 'ਪਰੇਸ਼ਨ ਕਰਨ ਆਲ਼ਾ...? ਆਪਾਂ ਉਹੀ ਕੰਮ ਕੁੱਤਿਆਂ ਦਾ ਕਿਉਂ ਨ੍ਹੀ ਕਰਦੇ...?"
-"ਲੈ, ਹੋਰ ਕਾਹਨੂੰ ਕੰਮ ਐਂ ਸਾਨੂੰ ਕੋਈ...!" ਕਿਸੇ ਨੇ ਨੱਕ ਚਾੜ੍ਹਿਆ।
-"ਫ਼ੇਰ ਪੜਵਾਈ ਚੱਲੋ ਲੱਤਾਂ...! ਕੋਈ ਬਾਨ੍ਹ ਐਂ...?" 
ਸਾਰੇ ਇੱਕ-ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਏ।
-"ਗੱਲ ਪਿੱਲੇ ਦੀ ਵੀ ਠੀਕ ਐ...! ਪਰ ਨਸਬੰਦੀ ਲਈ ਪ੍ਰਸ਼ਾਸਨ ਨਾਲ਼ ਗੱਲ ਕਰਨੀ ਪਊ...!"
-"ਦੇਖੋ ਜੀ...!" ਪਿੱਲੇ ਨੇ ਫ਼ੇਰ ਵਾਰੀ ਲਈ।
-"ਆਹ ਹੱਡਾਂਰੋੜੀ ਵੱਲੀਂ ਕਤੂਰਿਆਂ ਦੀਆਂ ਡਾਰਾਂ ਦੀਆਂ ਡਾਰਾਂ ਈ ਫ਼ਿਰਦੀਐਂ...! ਇਹਨਾਂ ਨੇ ਵੱਡੇ ਹੋ ਕੇ ਵਾਰਦਾਤਾਂ ਈ ਕਰਨੀਐਂ...? ਉਹਨਾਂ ਨੂੰ ਪਾਓ ਕੁੱਤੇ ਮਾਰਨ ਆਲ਼ੀ ਦੁਆਈ ਤੇ ਬਾਕੀਆਂ ਦਾ ਕਰੋ ਓਸ ਗੱਲ ਦੇ ਆਖਣ ਮਾਂਗੂੰ, 'ਪਰੇਸ਼ਨ...!"
-"ਇਹ ਤਾਂ ਪਾਪ ਐ ਬਈ...!" ਗੁਰਦਿਆਲ ਸਿਉਂ ਗ੍ਰੰਥੀ ਬੋਲਿਆ।
-"ਫ਼ੇਰ ਗ੍ਰੰਥੀ ਜੀ ਉਹਨਾਂ ਨੂੰ ਆਪਣੇ ਗ੍ਰਹਿ ਵਿਖੇ ਲੈ ਆਓ...! ਰੱਬ ਦੇ ਜੀਅ ਐ...!" ਪਿੱਲਾ ਵੱਟ ਖਾ ਗਿਆ।
ਗ੍ਰੰਥੀ ਉਠ ਕੇ ਤੁਰ ਚੱਲਿਆ।
ਸੱਚੀ ਗੱਲ ਉਸ ਦੇ ਡਾਂਗ ਵਾਂਗ ਸਿਰ ਵਿਚ ਵੱਜੀ ਸੀ।
ਹਫ਼ਤੇ ਦੇ ਵਿਚ-ਵਿਚ ਪ੍ਰਸ਼ਾਸਨ ਨਾਲ਼ ਗੱਲ-ਬਾਤ ਹੋ ਗਈ।
-"ਜੇ ਤੁਸੀਂ ਸਾਨੂੰ ਇਕ-ਦੋ ਸਹਿਯੋਗੀ ਬੰਦੇ ਦੇ ਦਿਓਂ ਤਾਂ ਸਾਡਾ ਕੰਮ ਸੌਖਾ ਹੋਜੇ...!" ਕਰਮਚਾਰੀ ਨੇ ਕਿਹਾ।
-"ਅਸੀਂ ਸਾਰਾ ਪਿੰਡ ਹਾਜ਼ਰ ਆਂ ਜੀ...!" ਸਾਧੂ ਘੈਂਟ ਨੇ ਹਿੱਕ ਠੋਕ ਦਿੱਤੀ।
ਅਗਲੇ ਦਿਨ ਪ੍ਰਸ਼ਾਸਨ ਵਾਲ਼ੇ ਵੈਨ ਲੈ ਕੇ ਪਿੰਡ ਆ ਗਏ।
-"ਹਾਂ ਬਈ..! ਪ੍ਰਸ਼ਾਸਨ ਵਾਲ਼ਿਆਂ ਨਾਲ਼ ਕਿਹੜੇ ਕਿਹੜੇ ਤਿਆਰ ਐ...?" ਸਰਪੰਚ ਨੇ ਸਾਰੇ ਪਿੰਡ ਵੱਲ ਬੇਥਵੀ ਗੱਲ ਸੁੱਟੀ।
-"ਇਕ ਤਾਂ ਮੈਂ ਤਿਆਰ ਆਂ ਜੀ, ਸਰਪੈਂਚ ਜੀ...!" ਅਮਲੀ ਧਰਤੀ ਤੋਂ ਗਜ ਉੱਚਾ ਹੋ ਕੇ ਬੋਲਿਆ।
ਤਿੰਨ ਚਾਰ ਉਸ ਨਾਲ਼ ਹੋਰ ਉਹਦੇ ਵਰਗੇ ਹੀ ਤਿਆਰ ਹੋ ਗਏ।
ਅਮਲੀ ਕੋਲ਼ ਗੋਲ਼ ਜਿਹਾ ਜਾਲ਼ ਫ਼ੜਿਆ ਹੋਇਆ ਸੀ। ਉਹ ਕੁੱਤੇ ਨੂੰ ਬੁਛਕਾਰ ਕੇ ਬਿਸਕੁਟ ਪਾਉਂਦਾ ਅਤੇ ਆਪਣਾ ਜਾਲ਼ ਸੁੱਟਦਾ। ਜਦ ਕੁੱਤਾ ਜਾਲ਼ ਵਿਚ ਆ ਫ਼ਸਦਾ ਤਾਂ ਪ੍ਰਸ਼ਾਸਨ ਵਾਲ਼ੇ ਉਸ ਦੇ ਜਬਰੀ ਬੇਹੋਸ਼ੀ ਵਾਲ਼ਾ ਟੀਕਾ ਲਾ ਕੇ ਆਪਣੀ ਵੈਨ ਵਿਚ ਸੁੱਟ ਲੈਂਦੇ। 
ਅਮਲੀ ਕਮਾਂਡ ਕਰਨ ਵਾਲ਼ਿਆਂ ਵਾਂਗ ਅੱਗੇ ਅੱਗੇ ਜਾਲ਼ ਫ਼ੜੀ ਤੁਰਿਆ ਜਾ ਰਿਹਾ ਸੀ। ਜੇ ਉਸ ਨੂੰ ਕੋਈ ਕੁੱਤਾ ਦਿਸਦਾ ਤਾਂ ਉਹ ਉਸ ਅੱਗੇ ਜਾ ਕੇ ਰਹਿਮ ਦੀ ਨਜ਼ਰ ਜਿਹੀ ਨਾਲ਼ ਝਾਕਦਾ, ਗਿੱਦੜਮਾਰ ਜਿਹੀਆਂ ਗੱਲਾਂ ਸ਼ੁਰੂ ਕਰ ਦਿੰਦਾ, "ਆ ਜਾ...! ਆ ਜਾਹ ਬੇਲੀ ਮੇਰਿਆ..!! ਬਥੇਰੇ ਲਾਡ ਲਡਾ ਲਏ ਤੂੰ ਵੀ..! ਸਾਲ਼ਿਆ ਪੈਂਤੀ ਕਤੂਰਿਆਂ ਦਾ ਪਿਉ ਤੇ ਪੰਦਰਾਂ ਕੁੱਤੀਆਂ ਦਾ ਬਣਕੇ ਖ਼ਸਮ ਚੰਦ, ਹੁਣ ਸਾਨੂੰ ਆਕੜ-ਆਕੜ ਦਿਖਾਉਨੈਂ...? ਆ ਜਾਹ...! ਅੱਜ ਲਿਆਂਦੀ ਤੈਨੂੰ ਖੱਸੀ ਕਰਨ ਆਲ਼ੀ ਮੋਟਰ...! ਇਹ ਲਾਉਣਗੇ ਤੇਰੇ ਖੁਰੀਆਂ...! ਹਲਾਲ ਕਰਨਗੇ ਤੇਰੀ ਉਹ ਨਾੜ, ਜਿਹੜੀ ਸਿਆਪੇ ਹੱਥੀ ਐ...! ਸਾਲ਼ਿਆਂ ਨੇ ਜੰਮ-ਜੰਮ ਕੇ ਛਾਉਣੀ ਬਣਾ ਧਰੀ...! ਕੀ ਹੋ ਗਿਆ ਰੱਬ ਨੇ ਸਾਨੂੰ ਇਕ ਵੀ ਜੁਆਕ ਜੰਮਣ ਆਲ਼ੀ ਨੀ ਦਿੱਤੀ...? ਪਰ ਪੁੱਤ ਹੁਣ 'ਭਾਅਪਾ ਜੀ' ਬਣਨ ਜੋਗਾ ਤੈਨੂੰ ਅਸੀਂ ਵੀ ਨੀ ਛੱਡਣਾ...! ਕਰ ਲੈ ਖੜ੍ਹ ਕੇ ਜਿਹੜੇ ਅਛਨੇ-ਪਛਨੇ ਕਰਨੇ ਐਂ...! ਦੇ ਲੈ ਰੋਹਬ...! ਪਤਾ ਤਾਂ ਉਦੋਂ ਲੱਗੂ, ਜਦੋਂ ਬੇਸੁਰਤੀ ਤੋਂ ਬਾਅਦ ਸੁਰਤ ਟਿਕਾਣੇਂ ਆਈ...! ਫ਼ੇਰ ਖੁਦਕਸ਼ੀ ਕਰਦਾ ਫ਼ਿਰੇਂਗਾ, ਬਈ ਮੈਂ ਆਬਦੀ ਪਤਨੀ ਪ੍ਰਮੇਸ਼ਰੀ ਜੋਕਰਾ ਨੀ ਰਿਹਾ...! ਜੇ ਇੱਕ ਅੱਧੀ ਹੋਵੇ ਤਾਂ ਜਰ ਵੀ ਲਈਏ...? ਪਰ ਤੂੰ ਤਾਂ ਬਣਿਆਂ ਫ਼ਿਰਦੈਂ ਸਾਊਦੀ ਅਰਬ ਦਾ ਸ਼ੇਖ਼...!"
ਪ੍ਰਸ਼ਾਸਨ ਵਾਲ਼ੇ ਹੱਸਦੇ ਲੋਟ-ਪੋਟ ਹੋ ਰਹੇ ਸਨ।
-"ਪਾਪ ਤਾਂ ਅਸੀਂ ਵੀ ਨ੍ਹੀ ਸੀ ਕਰਨਾ...! ਪਰ ਤੁਸੀਂ ਸਾਲ਼ਿਓ ਸਾਨੂੰ ਈ ਗੱਬਰ ਸਿੰਘ ਬਣ-ਬਣ ਦਿਖਾਉਣ ਲੱਗਪੇ...! ਕਦੇ ਕਿਸੇ ਦੇ ਮੂੰਹ ਨੂੰ ਪੈਗੇ ਤੇ ਕਦੇ ਕਿਸੇ ਦੀ ਗੱਲ੍ਹ ਨੂੰ ਚਿੰਬੜਗੇ, ਜਿਵੇਂ ਸੱਤ ਫ਼ੇਰੇ ਲਏ ਹੁੰਦੇ ਐ...! ਤੁਸੀਂ ਤਾ ਲੱਗ ਗਏ ਸੀ ਟਾਹਲੀਆਂ ਵਿਹੁ ਕਰਨ..! ਕੁੱਤੀਆਂ ਨਾਲ਼ ਥੋਡਾ ਸਰਿਆ ਨਾ, ਤੁਸੀਂ ਤਾਂ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਜਾ ਚਿੰਬੜੇ...! ਸਾਲ਼ੀ ਕੋਈ ਹਾਅਥ ਈ ਨੀ ਰਹੀ ਥੋਨੂੰ...! ਊਂ ਈਂ ਹਲ਼ਕ ਤੁਰੇ...! ਨਾਸਾਂ 'ਚ ਦਮ ਈ ਐਨਾਂ ਕੀਤਾ ਪਿਐ, ਬੱਸ ਈ ਕੋਈ ਨੀ ਰਿਹਾ...!"
-"ਅਮਲੀਆ, ਇਹ ਓਹੀ ਐ, ਜਿਹੜਾ ਧੋਨੀ ਕੀ ਨੂੰਹ ਦੇ ਮੂੰਹ ਨੂੰ ਪਿਆ ਸੀ...!" ਨਾਲ਼ ਦੇ ਨੇ ਹੋਰ ਫ਼ੋਕੀ ਸਿੰਗੜੀ ਛੇੜ ਦਿੱਤੀ।
-"ਆ ਜਾਹ ਤੂੰ ਤਾਂ ਬਈ ਮੋਤੀ ਸਿਆਂ...! ਤੇਰੀ ਤਾਂ ਮੈਂ ਬਹੁਤ ਚਿਰ ਦਾ ਭਾਲ਼ 'ਚ ਤੁਰਿਆ ਫ਼ਿਰਦੈਂ...! ਤੇਰਾ ਤਾਂ ਕਰ ਦਿਆਂਗੇ ਸਿਗਨਲ ਫ਼ੱਟੜ ਅੱਜ਼...! ਤੂੰ ਤਾ ਕੁੜੀ ਯਾਹਵੇ ਦਿਆ ਸਾਰੇ ਬਾਡਰ ਈ ਟੱਪ ਗਿਆ...? ਇਕ ਚੋਰੀ ਤੇ ਉਤੋਂ ਸੀਨਾਂ ਜੋਰੀ..! ਲੈ ਡਾਕਧਾਰ ਸਾਹਬ...! ਪਰੇਸ਼ਨ ਕਰਨ ਆਲ਼ਾ ਚਿਮਟਾ ਜਿਆ ਤੁਸੀਂ ਮੈਨੂੰ ਫ਼ੜਾਇਓ, ਇਹਦਾ ਕਲਿਆਣ ਦੇਖਿਓ ਮੈਂ ਕਿਵੇਂ ਕਰਦੈਂ..! ਜਣੀਂ ਖਣੀਂ ਦੇ ਮੂੰਹ ਨੂੰ ਜਾ ਚਿੰਬੜਨਾ, ਕੋਈ ਰਾਹ ਐ...? ਡਾਕਧਾਰ ਜੀ, ਅੱਬਲ ਤਾਂ ਮੈਨੂੰ ਇਹਦਾ ਕੰਮ ਜੜਾਂ 'ਚੋਂ ਈ ਕਰ ਲੈਣ ਦਿਓ...? ਇਹ ਸਾਲ਼ਾ ਮੈਨੂੰ ਜਾਅਦੇ ਚਾਂਭਲ਼ਿਆ ਲੱਗਦੈ..? ਸਾਲ਼ਾ ਹੈ ਤਾਂ ਸੋਹਣਾਂ-ਸੁਨੱਖਾ...! ਕਿਸੇ ਕੁੱਤੀ ਨੇ ਇਹਨੂੰ ਨਾਂਹ-ਨੁੱਕਰ ਨੀ ਕੀਤੀ ਹੋਣੀ, ਤੇ ਸਾਲ਼ਾ ਜਾ ਕੇ ਬੁੜ੍ਹੀਆਂ-ਕੁੜੀਆਂ 'ਤੇ ਵੀ ਟਰਾਈਆਂ ਮਾਰਨ ਲੱਗ ਪਿਆ...? ਲੱਗ ਪਿਆ ਕਰਨ ਟੈਛਟ...!" ਅਮਲੀ ਨੇ ਜਾਲ਼ ਉਸ ਦੇ ਗਲ਼ 'ਚ ਜਾ ਪਾਇਆ। 
ਕੁੱਤਾ ਧੁਰਲ਼ੀਆਂ ਜਿਹੀਆਂ ਮਾਰ ਰਿਹਾ ਸੀ।
-"ਸਾਲ਼ਿਆ ਬਹਿੜਕਿਆਂ ਦਿਆ...! ਤੈਨੂੰ ਐਸ ਅੜੰਗੇ ਦਾ ਤਾਂ ਪਤਾ ਈ ਨੀ ਸੀ...! ਤੂੰ ਤਾਂ ਬਣਿਆਂ ਫ਼ਿਰਦਾ ਸੀ ਬਿਨ-ਲਾਦਨ ਸਾਡੇ 'ਤੇ..! ਦੱਸੋ ਗੌਰਮਿੰਟ ਜੀ, ਇਹਨੂੰ ਕਿਹੜੇ ਖੂੰਜੇ ਰੱਖਣੈਂ...? ਇਹ ਤਾਂ ਮੇਰਾ ਸ਼ਿਕਾਰ ਐ...! ਅਬ ਤੇਰਾ ਕਿਆ ਹੋਗਾ ਕਾਲ਼ਿਆ...?"
-"ਅਮਲੀਆ, ਕਿਤੇ ਇਹਦਾ ਸ਼ਿਕਾਰ ਕਰਦਾ ਕਰਦਾ ਕਿਤੇ ਤੂੰ ਨਾ ਦੋਨੋਂ ਜਹਾਨ ਸਫ਼ਲੇ ਕਰ ਜਾਈਂ...!" ਕਿਸੇ ਨੇ ਕਿਹਾ।
-"ਇਹ ਕੌਣ ਐਂ ਬਈ...?" ਅਮਲੀ ਨੇ ਬਾਜ਼ ਵਰਗੀ ਨਜ਼ਰ ਦਾ ਚਾਰੇ ਪਾਸੇ ਗੇੜਾ ਦਿੱਤਾ। ਪਰ ਮੁੜ ਕੇ ਕੋਈ ਨਾ ਬੋਲਿਆ।
-"ਥੋਡਾ ਕੰਮ ਐਂ ਚੰਗੇ ਭਲੇ ਬੰਦੇ ਨੂੰ ਥਿੜਕਾਉਣਾਂ...!"
-"ਕੁੱਤਿਆਂ ਤੋਂ ਬਾਅਦ ਕਿਤੇ ਤੇਰੀ ਵਾਰੀ ਨਾ ਆਜੇ ਅਮਲੀਆ...! ਕਿਤੇ ਤੈਨੂੰ ਵੀ ਨਾ ਖੱਸੀ ਕਰ ਮਾਰਨ...!" ਲੱਛੇ ਕੂਕੇ ਨੇ ਕਿਹਾ।
-"ਵੱਡੇ ਭਾਈ...! ਅਖੇ ਅੰਨ੍ਹਿਆਂ ਸੌਂ ਜਾ...! ਉਹ ਹੱਸ ਕੇ ਕਹਿੰਦਾ, ਚੁੱਪ ਈ ਕਰ ਜਾਣੈਂ...! ਸਾਡਾ ਕੀ ਐ...? ਅਸੀਂ ਤਾਂ ਜਿਹੋ ਜੇ ਐਸ ਜਹਾਨ ਤੇ ਆਏ, ਤੇ ਜਿਹੋ ਜਿਆ ਨਾ ਆਏ...!" ਅਮਲੀ ਦੇ ਅੰਦਰੋਂ ਉਸ ਦੀ ਲੰਮੀ ਜ਼ਿੰਦਗੀ ਦੀ ਚੀਸ ਬੋਲੀ।
-"ਅਮਲੀਆ..! ਤੂੰ ਬੰਦੇ ਫ਼ੜਦਾ ਫ਼ੜਦਾ ਕੁੱਤੇ ਕਦੋਂ ਕੁ ਤੋਂ ਫ਼ੜਨ ਲੱਗ ਪਿਆ...?" ਕਿਸੇ ਹੋਰ ਨੇ ਰਾਹ ਜਾਂਦਿਆਂ ਸਿੰਗੜੀ ਛੇੜ ਦਿੱਤੀ।
-"ਜਦੋਂ ਤੋਂ ਲੋੜ ਪੈ ਗਈ ਬਾਈ...! ਅਜੇ ਤਾਂ ਮੈਂ ਸੱਪ ਫ਼ੜਨ ਲੱਗਣੈਂ, ਸੱਪ...! ਤੇ ਉਹ ਵੀ ਤੇਰੇ ਅਰਗੇ ਕੌਡੀਆਂ ਆਲ਼ੇ...! ਉਏ ਜੇ ਥੋਨੂੰ ਨੀ ਧੀਆਂ-ਭੈਣਾਂ ਦਾ ਦਰਦ, ਸਾਨੂੰ ਤਾਂ ਹੈ...! ਨਾਲ਼ੇ ਸ਼ਰਮ ਤਾਂ ਥੋਨੂੰ ਆਉਣੀ ਚਾਹੀਦੀ ਐ...! ਮੇਰੇ ਤਾਂ ਨਾ ਰੰਨ ਤੇ ਨਾ ਕੰਨ..! ਪੈਂਦੇ ਤਾਂ ਇਹ ਥੋਡੀਆਂ ਨੂੰ ਐਂ...! ਫ਼ੜਨੇਂ ਤਾਂ ਇਹ ਥੋਨੂੰ ਚਾਹੀਦੇ ਐ, ਪਰ ਫ਼ੜੀ ਜਾਨੈਂ, ਮੈਂ..! ਜਿਹੜਾ ਹੈ ਵੀ ਬੋਤੇ ਦੀ ਪੂਛ ਅਰਗਾ 'ਕੱਲਾ...!"
ਕੁੱਤੇ ਫ਼ੜਨ ਦੀ ਸਾਰੀ ਕਾਰਵਾਈ ਕਰਕੇ ਸ਼ਾਮ ਤੱਕ ਪ੍ਰਸ਼ਾਸਨ ਵਾਲ਼ੇ ਵਿਹਲੇ ਹੋ ਗਏ।
-"ਸਰਪੈਂਚ ਸਾਹਿਬ...! ਜੇ ਤੁਸੀਂ ਹਾਂਮੀਂ ਭਰੋਂ ਤਾਂ ਅਸੀਂ ਅਮਲੀ ਨੂੰ ਪੱਕੀ ਨੌਕਰੀ ਦੇ ਸਕਦੇ ਐਂ...!" ਪ੍ਰਸ਼ਾਸਨ ਦੇ ਕਰਮਚਾਰੀ ਨੇ ਕਿਹਾ।
-"ਤੇ ਜਦੋਂ 'ਲਾਕੇ ਦੇ ਕੁੱਤੇ ਮੁੱਕ ਗਏ ਸਰਕਾਰ ਜੀ, ਫ਼ੇਰ...?" ਅਮਲੀ ਨੇ ਅਗਲਾ ਡਰ ਜ਼ਾਹਿਰ ਕੀਤਾ।
-"ਫ਼ੇਰ ਬੰਦਿਆਂ 'ਤੇ ਹੋਜਾਂਗੇ...! ਬੰਦੇ ਵੀ ਅੱਜ ਕੱਲ੍ਹ ਹਟ ਕੁੱਤੀਏ ਨੀ ਕਹਿਣ ਦਿੰਦੇ...! ਆਏ ਸਾਲ ਜੁਆਕ ਪਾਥੀ ਮਾਂਗੂੰ ਪੱਥ ਧਰਦੇ ਐ...!"
ਹਾਸਾ ਮੱਚ ਗਿਆ।
-"ਕੁੱਤਿਆਂ ਆਲ਼ਾ ਕੰਮ ਤਾਂ ਮੈਂ ਮੁਖ਼ਤ ਕਰਨ ਨੂੰ ਤਿਆਰ ਐਂ ਜੀ...! ਇਹਨਾਂ ਨੇ ਤਾਂ ਅੱਤ ਈ ਚੱਕ ਲਈ ਸੀ...!"
-"ਚੱਲ ਕੋਈ ਨਾ...! ਨਾਲ਼ੇ ਕੰਮ ਕਰੀ ਚੱਲ ਤੇ ਨਾਲ਼ੇ ਪੈਸੇ ਲਈ ਚੱਲ਼...!" ਸਰਪੰਚ ਨੇ ਕਿਹਾ।
-"ਚਲੋ...! ਜਿਵੇਂ ਤੂੰ ਲੋਟ ਸਮਝੇਂ ਸਰਪੈਂਚਾ...!"
ਅਮਲੀ ਉਹਨਾਂ ਦੇ ਨਾਲ਼ ਤੁਰ ਗਿਆ। ਉਸ ਨੂੰ ਪੱਕੀ ਨੌਕਰੀ ਦੇ ਦਿੱਤੀ ਗਈ।

No comments: