ਕਿੱਥੇ ਜਾਣ ਉਹ ਜਿਹੜੇ ਸਭ੍ਹ ਕੁਝ ਵੇਚ ਕੇ ਆਏ ਹਨ-ਰਾਜੂ ਹਠੂਰੀਆ.......... ਲੇਖ਼ / ਰਾਜੂ ਹਠੂਰੀਆ

ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਅੱਖਾਂ ‘ਚ ਸੁਪਨੇ ਸਜਾਈ ਦਸ-ਦਸ ਲੱਖ ਏਜੰਟਾਂ ਨੂੰ ਦੇ ਕੇ ਪੰਜਾਬੀ ਇਟਲੀ ਆ ਰਹੇ ਹਨ। ਹਰ ਇੱਕ ਦੇ ਇੱਥੇ ਆਉਣ ਦੀ ਕਹਾਣੀ ਭਾਵੇਂ ਵੱਖੋ-ਵੱਖਰੀ ਹੈ, ਪਰ ਮਕਸਦ ਸਾਰਿਆਂ ਦਾ ਇੱਕੋ ਹੀ ਹੈ। ਅਕਸਰ ਆਪੋ ਵਿੱਚ ਗੱਲਾਂ ਕਰਦਿਆਂ ਤਕਰੀਬਨ ਸਾਰਿਆਂ ਦਾ ਇਹੋ ਕਹਿਣਾ ਹੁੰਦਾ ਹੈ ਕਿ ਆਪਣਾ ਦੇਸ਼ ਤੇ ਘਰ ਪਰਿਵਾਰ ਛੱਡਣ ਨੂੰ ਕੀਹਦਾ ਜੀਅ ਕਰਦਾ ਬਸ ਢਿੱਡ ਕਾਰੇ ਕਰਵਾਉਂਦਾ। ਪਰ ਸੱਚ ਸਾਰਿਆਂ ਨੂੰ ਪਤਾ ਕਿ ਢਿੱਡ ਵਿਚਾਰੇ ਦਾ ਕੋਈ ਕਸੂਰ ਨਹੀਂ, ਇਹ ਤਾਂ ਦੋ ਚਾਰ ਰੋਟੀਆਂ ਨਾਲ ਸਬਰ ਕਰ ਲੈਂਦਾ। ਟਿਕਣ ਤਾਂ ਸਾਨੂੰ ਪਿੰਡ ਵਿੱਚ ਲੱਖਾਂ ਦੀ ਕੀਮਤ ਨਾਲ ਉਸਰ ਰਹੀਆਂ ਕੋਠੀਆਂ ਤੇ ਮਹਿੰਗੀਆਂ ਕਾਰਾਂ ਨਹੀਂ ਦਿੰਦੀਆਂ। ਸਿਆਣਿਆਂ ਦਾ ਕਹਿਣਾ ਕਿ ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਜਿ਼ਆਦਾ ਕਦੇ ਨਹੀਂ ਮਿਲਦਾ। ਇਹਦਾ ਮਤਲਬ ਇਹ ਨਹੀਂ ਕਿ ਹੱਥ ‘ਤੇ ਹੱਥ ਧਰ ਕੇ ਬੈਠ ਜਾਓ ਤੇ ਸਾਰਾ ਕੁਝ ਆਪੇ ਹੀ ਹੋਈ ਜਾਵੇਗਾ, ਕੁਝ ਪਾਉਣ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਬਾਕੀ ਭਾਈ ਜਿੰਨ੍ਹਾਂ ਨੂੰ ਢਿੱਡ ਭਰਨ ਦਾ ਫਿਕਰ ਹੈ ਉਹਨਾਂ ਵਿਚਾਰਿਆਂ ‘ਚ ਤਾਂ ਬੱਸ ਦੀ ਟਿਕਟ ਲੈਣ ਦੀ ਹਿੰਮਤ ਨਹੀਂ, ਉਹਨਾਂ ਨੇ ਜਹਾਜ਼ ਦੀ ਹਜ਼ਾਰਾਂ ਰੁਪਏ ਵਾਲੀ ਟਿਕਟ ਕਿੱਥੋਂ ਲੈ ਲੈਣੀ ਹੈ ਤੇ ਉਹ ਏਜੰਟ ਨੂੰ ਦਸ ਲੱਖ ਕਿਥੋਂ ਲਿਆ ਕੇ ਦੇਣਗੇ। ਖ਼ੈਰ ਮਕਸਦ ਤਾਂ ਸਾਰਿਆਂ ਦਾ ਵੱਧ ਤੋਂ ਵੱਧ ਪੈਸੇ ਕਮਾ ਕੇ ਐਸ਼ ਆਰਾਮ ਦੀ ਜਿ਼ੰਦਗੀ ਜਿਉਣ ਦਾ ਹੀ ਹੈ। ਪਰ ਪੈਸੇ ਕਮਾਉਣ ਦੇ ਚੱਕਰਾਂ ‘ਚ ਐਸ਼ ਆਰਾਮ ਤਾਂ ਪਤਾ ਨਹੀਂ ਕਿੱਧਰ ਉਡਾਰੀ ਮਾਰ ਜਾਂਦਾ ਹੈ ਬਸ ਜਾਗਦੇ ਸੌਂਦੇ ਪੈਸਾ-ਪੈਸਾ ਹੀ ਹੋਣ ਲੱਗ ਪੈਂਦੀ ਹੈ। ਪਰ ਹੁਣ ਸੰਸਾਰ ਵਿੱਚ ਆਈ ਆਰਥਿਕ ਮੰਦਹਾਲੀ ਕਾਰਨ ਮਿਹਨਤ ਨਾਲ ਪੈਸਾ ਕਮਾਉਣਾ ਪਹਿਲਾਂ ਜਿੰਨਾ ਸੌਖਾ ਨਹੀਂ ਰਹਿ ਗਿਆ। ਇਟਲੀ ਤਾਂ ਦੇਸ਼ ਵੀ ਛੋਟਾ ਜਿਹਾ ਹੈ ਤੇ ਨਵੇਂ ਕਾਰੋਬਾਰਾਂ ਵਿੱਚ ਇੱਥੇ ਕੋਈ ਵਾਧਾ ਵੀ ਨਹੀਂ ਹੋ ਰਿਹਾ। ਪਰ ਫਿਰ ਵੀ ਵਿਦੇਸ਼ੀਆਂ ਦਾ ਇੱਥੇ ਧੜਾ-ਧੜ ਆਉਣਾ ਜਾਰੀ ਹੈ। ਕਈਆਂ ਨੂੰ ਤਾਂ ਭੁਲੇਖਾ ਹੁੰਦਾ ਹੈ ਕਿ ਇੱਥੇ ਸ਼ਾਇਦ ਸੌਖੇ ਢੰਗ ਨਾਲ ਬਹੁਤੇ ਪੈਸੇ ਕਮਾਏ ਜਾ ਸਕਦੇ ਹਨ, ਪਰ ਕਈਆਂ ਨੂੰ ਭੁਲੇਖਾ ਪਾਇਆ ਜਾਂਦਾ ਹੈ। ਪਿਛਲੇ ਮਹੀਨੇ ਇੱਕ ਅਜਿਹੀ ਹੀ ਘਟਨਾ ਵਾਪਰੀ………। 
ਇੱਕ ਪਿੰਡ ਦੇ ਤਿੰਨ ਚਾਰ ਮੁੰਡੁੇ ਦੋ ਕੁ ਸਾਲ ਤੋਂ ਇਟਲੀ ਵਿੱਚ ਰਹਿ ਰਹੇ ਹਨ, ਉਹਨਾਂ ਵਿੱਚੋਂ ਇੱਕ ਮਹੀਨਾ ਕੁ ਪਹਿਲਾਂ ਇੰਡੀਆ ਗਿਆ ਤੇ ਜਾਂਦੇ ਨੂੰ ਘਰ ਦੇ ਪੁੱਛਣ ਲੱਗੇ “ਕਿੰਨੇ ਪੈਸੇ ਲੈ ਕੇ ਆਇਆਂ?” ਉਹ ਕਹਿਣ ਲੱਗਾ “ਉੱਥੇ ਕੰਮਾਂ ਦਾ ਮੰਦਾ ਹਾਲ ਹੈ, ਮੈਂ ਤਾਂ ਥੋੜੀਆਂ ਬਹੁਤੀਆਂ ਦਿਹਾੜੀਆਂ ਲਾ ਕੇ ਟਿਕਟ ਜੋਗੇ ਮਸਾਂ ਇਕੱਠੇ ਕੀਤੇ ਹਨ।” ਅੱਗੋਂ ਘਰਦੇ ਗਲ਼ ਨੂੰ ਆਉਣ ਕਿ “ਤੂੰ ਝੂਠ ਬੋਲਦਾਂ, ਆਪਣੇ ਫਲਾਣਿਆਂ ਦੇ ਮੁੰਡੇ ਨੇ ਤਾਂ ਸਾਲ ‘ਚ ਦੋ ਲੱਖ ਭੇਜ ਦਿੱਤਾ, ਉਹ ਵੀ ਤਾਂ ਤੇਰੇ ਕੋਲ ਹੀ ਰਹਿੰਦਾ ਤੇ ਤੂੰ ਆਖੀ ਜਾਨਾਂ ਉੱਥੇ ਕੁਝ ਨਹੀਂ ਬਣਦਾ।” ਉਸ ਨੇ ਵਥੇਰਾ ਸਮਝਾਉਣ ਦੀ ਕੋਸਿ਼ਸ਼ ਕੀਤੀ ਪਰ ਘਰ ਦੇ ਮੰਨਣ ਲਈ ਤਿਆਰ ਹੀ ਨਹੀਂ ਸਨ। ਜਦੋਂ ਉਸ ਨੇ ਇੱਥੇ ਵਾਪਿਸ ਆ ਕੇ ਉਸ ਵਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹ ਪੈਸੇ ਉਸ ਨੇ ਦਲਾਲੀ ਕਰਕੇ ਕਮਾਏ ਸਨ। ਕਿਸੇ ਏਜੰਟ ਕੋਲ ਦੋ ਜਾਣਿਆਂ ਨੂੰ ਫਸਾ ਕੇ ਉਹਨਾਂ ਤੋਂ ਲੱਖ-ਲੱਖ ਵਟੋਰਿਆ ਸੀ। ਅਜਿਹੇ ਲੋਕਾਂ ਕਰਕੇ ਵੀ ਕਈ ਵਾਰ ਆਉਣ ਵਾਲੇ ਦੋਚਿੱਤੀ ਵਿੱਚ ਪੈ ਜਾਂਦੇ ਹਨ ਫਿਰ ਉਹ ਪੰਜਾਬੀ ਦੀ ਕਹਾਵਤ “ਮੋਤੀ ਚੂਰ ਦੇ ਲੱਡੂ ਜਿਹੜਾ ਖਾਹਵੇ, ਉਹ ਵੀ ਪਛਤਾਵੇ ਤੇ ਜਿਹੜਾ ਨਾ ਖਾਹਵੇ ਉਹ ਵੀ ਪਛਤਾਵੇ” ਵਾਂਗੂੰ ਨਾ ਖਾਹ ਕੇ ਪਛਤਾਉਣ ਨਾਲੋਂ ਖਾਹ ਕੇ ਪਛਤਾਉਣ ਨੂੰ ਪਹਿਲ ਦਿੰਦੇ ਹਨ। ਜਿਵੇਂ ਕਹਿੰਦੇ ਹਨ ਕਿ “ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈ” ਤਾਂ ਹੀ ਉਸ ਦੀ ਸ਼ੰਕਾ ਦੂਰ ਹੁੰਦੀ ਹੈ। ਠੀਕ ਉਸ ਮੱਛੀ ਵਾਂਗ ਇੱਥੇ ਆ ਕੇ ਸਭ੍ਹ ਦੀ ਸ਼ੰਕਾ ਦੂਰ ਹੋ ਜਾਂਦੀ ਹੈ। ਚਲੋ ਹਰ ਕੋਈ ਆਸ ਲੈ ਕੇ ਆਉਂਦਾ ਹੈ ਤੇ ਜਿ਼ੰਦਗੀ ਤਾਂ ਚਲਦੀ ਵੀ ਆਸਾਂ ਦੇ ਸਹਾਰੇ ਹੀ ਹੈ, ਜੇ ਆਸ ਟੁੱਟੀ ਤਾਂ ਸਮਝੋ ਜਿ਼ੰਦਗੀ ਮੁੱਕੀ। ਪਰ ਹੁਣ ਬਦਲੇ ਹਾਲਾਤਾਂ ਕਾਰਨ ਆਸਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ, ਨਜ਼ਰ ਆਵੇ ਵੀ ਕਿੱਥੋਂ ਕੰਮਾਂ ਦੇ ਹਾਲਾਤ ਹੀ ਐਨੇ ਵਿਗੜ ਚੁੱਕੇ ਹਨ ਕਿ ਜੀਹਦਾ ਵੀ ਦਾਅ ਲੱਗਦਾ ਉਹ ਦੂਜੇ ਦਾ ਕੰਮ ਛੁਡਾ ਕੇ ਉੱਥੇ ਆਪ ਜਾਂ ਆਪਣੇ ਕਿਸੇ ਕਰੀਬੀ ਨੂੰ ਲਵਾਉਣ ਦੀ ਕੋਸਿ਼ਸ਼ ਕਰਦਾ ਹੈ, ਜੇ ਇਹੀ ਹਰਕਤ ਕੋਈ ਇਟਾਲੀਅਨ ਕਰੇ ਤਾਂ ਉਸ ਨੂੰ ਨਸਲੀ ਵਿਤਕਰਾ ਕਿਹਾ ਜਾਂਦਾ ਹੈ, ਪਰ ਜਿਹੜੇ ਆਪਣੇ ਹੀ ਆਪਣਿਆਂ ਨਾਲ ਇਸ ਤਰ੍ਹਾਂ ਕਰ ਰਹੇ ਹਨ ਉਹਨਾਂ ਨੂੰ ਕਿਹੜੇ ਸ਼ਬਦਾਂ ਨਾਲ ਨਿਵਾਜੀਏ ਇਹ ਗੱਲ ਸਮਝੋਂ ਬਾਹਰ ਹੈ। ਦਸ ਪੰਦਰਾਂ ਸਾਲ ਇੱਕੋ ਫੈਕਟਰੀ ਜਾਂ ਫਾਰਮ ਵਿੱਚ ਕੰਮ ਕਰਨ ਵਾਲੇ ਵੀ ਅੱਜ ਘਰਾਂ ‘ਚ ਵਿਹਲੇ ਬੈਠੇ ਹਨ। ਇਹਨਾਂ ਵਿੱਚੋਂ ਕਈ ਤਾਂ ਉਹ ਹਨ, ਜਿਹੜੇ ਜਿੱਥੇ ਕੰਮ ਕਰਦੇ ਸਨ ਉਹ ਕੰਮ ਹੀ ਬੰਦ ਹੋ ਗਏ, ਕਈਆਂ ਦੇ ਆਪਣਿਆਂ ਨੇ ਹੀ ਪੇਟ ਵਿੱਚ ਲੱਤ ਮਾਰੀ ਤੇ ਕਈਆਂ ਨੂੰ ਮਾਲਕਾਂ ਨੇ ਹਟਾ ਕੇ ਉਹਨਾਂ ਦੀ ਜਗ੍ਹਾ ਘੱਟ ਪੈਸਿਆਂ ਵਿੱਚ ਕੰਮ ਕਰਨ ਵਾਲੇ ਬੰਦੇ ਰੱਖ ਲਏ। ਇਹ ਸਭ੍ਹ ਕੁਝ ਇਸ ਲਈ ਹੋ ਰਿਹਾ ਹੈ ਕਿ ਇੱਥੇ ਕੰਮ ਘੱਟ ਤੇ ਕੰਮ ਲੱਭਣ ਵਾਲਿਆਂ ਦੀ ਗਿਣਤੀ ਜਿ਼ਆਦਾ ਹੈ, ਜਿੱਥੇ ਇੱਕ ਬੰਦੇ ਦੀ ਲੋੜ ਹੁੰਦੀ ਹੈ ਉੱਥੇ ਦਸ ਜਾਣੇ ਪਹੁੰਚੇ ਹੁੰਦੇ ਹਨ। ਫਿਰ ਮਾਲਕ ਨੇ ਤਾਂ ਉਸ ਨੂੰ ਹੀ ਰੱਖਣਾ ਹੁੰਦਾ ਹੈ ਜਿਹੜਾ ਘੱਟ ਪੈਸਿਆਂ ਵਿੱਚ ਜਿ਼ਆਦਾ ਕੰਮ ਕਰੇਗਾ, ਕਿਉਂਕਿ ਵਪਾਰੀ ਬੰਦੇ ਨੇ ਤਾਂ ਆਪਣਾ ਫਾਇਦਾ ਦੇਖਣਾ ਹੁੰਦਾ ਹੈ। ਹਾਲਾਤ ਇੱਥੋਂ ਤੱਕ ਨਿੱਘਰ ਚੁੱਕੇ ਹਨ ਕਿ ਘੱਟ ਪੈਸਿਆਂ ਦੀ ਗੱਲ ਤਾਂ ਇੱਕ ਪਾਸੇ ਰਹੀ ਕਈ ਵਾਰ ਬਿਨਾਂ ਪੇਪਰਾਂ ਵਾਲਿਆਂ ਤੋਂ ਤਾਂ ਕਈ-ਕਈ ਮਹੀਨੇ ਕੰਮ ਕਰਵਾਕੇ ਵੀ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਤੇ ਉਹ ਵਗੈਰ ਪੇਪਰਾਂ ਤੋਂ ਹੋਣ ਕਰਕੇ ਕੋਈ ਕੇਸ ਵੀ ਨਹੀਂ ਕਰ ਸਕਦੇ, ਕਿਉਂਕਿ ਜੇ ਪੁਲਿਸ ਕੋਲ ਜਾਣਗੇ ਵੀ ਤਾਂ ਪੈਸਿਆਂ ਦਾ ਤਾਂ ਪਤਾ ਨਹੀਂ ਮਿਲਣਗੇ ਜਾਂ ਨਹੀਂ ਪਰ ਉਹਨਾਂ ਨੂੰ ਦਸ ਜਾਂ ਪੰਦਰਾਂ ਦਿਨ ਤੋਂ ਪਹਿਲਾਂ ਇਹ ਦੇਸ਼ ਛੱਡਣ ਦਾ ਅਦੇਸ਼ ਜ਼ਰੂਰ ਮਿਲ ਜਾਵੇਗਾ। ਇਸ ਲਈ ਉਹ ਚੁੱਪ ਵਿੱਚ ਹੀ ਭਲੀ ਸਮਝਦੇ ਹਨ। ਕਈ ਵਿਚਾਰੇ ਮਜਬੂਰੀ ਵੱਸ ਦੋ ਵੇਲੇ ਦੀ ਰੋਟੀ ਅਤੇ ਰਹਾਇਸ਼ ਦੀ ਖਾਤਿਰ ਕੰਮ ਕਰਨ ਲਈ ਮਜਬੂਰ ਹਨ। ਜਿਹੜੇ ਤਾਂ ਪਿਛਲੇ ਕੁਝ ਸਮੇਂ ਤੋਂ ਇੱਥੇ ਰਹਿ ਰਹੇ ਹਨ ਤੇ ਉਹਨਾਂ ਨੇ ਚਾਰ ਪੈਸੇ ਕਮਾਏ ਹੋਏ ਹਨ, ਉਹਨਾਂ ਵਿੱਚੋਂ ਕਈਆਂ ਨੇ ਤਾਂ ਇੱਥੋਂ ਦੇ ਨਿਘਰਦੇ ਹਾਲਾਤਾਂ ਤੋਂ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਲਾਉਂਦੇ ਹੋਏ ਆਪਣੇ ਘਰਾਂ ਨੂੰ ਵਾਪਿਸ ਪਰਤਣਾ ਸ਼ੁਰੂ ਕਰ ਦਿੱਤਾ ਹੈ। ਪਰ ਗੰਭੀਰ ਸਮੱਸਿਆ ਉਹਨਾਂ ਲਈ ਹੈ ਜਿਹੜੇ ਕੁਝ ਕੁ ਸਮਾਂ ਪਹਿਲਾਂ ਦਸ-ਦਸ ਲੱਖ ਰੁਪਈਆ ਲਾ ਕੇ ਇੱਥੇ ਆਏ ਹਨ ਜਾਂ ਆ ਰਹੇ ਹਨ। ਕਿਉਂਕਿ ਇਹਨਾਂ ਵਿੱਚੋਂ ਜਿੰਨ੍ਹਾਂ ਦਾ ਤਾਂ ਪਿੱਛੇ ਸਰਦਾ ਉਹ ਤਾਂ ਸ਼ਾਇਦ ਵਾਪਿਸ ਚਲੇ ਵੀ ਜਾਣ, ਪਰ ਜਿਹੜੇ ਸਭ੍ਹ ਕੁਝ ਵੇਚ ਵੱਟ ਕੇ ਆਉਂਦੇ ਹਨ ਉਹਨਾਂ ਨੂੰ ਇੱਥੇ ਵੀ ਕੁਝ ਬਣਦਾ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਵਾਪਿਸ ਜਾਣ ਜੋਗੇ ਰਹਿੰਦੇ ਹਨ। ਇਹਨਾਂ ਵਿੱਚੋਂ ਕਈ ਕਿਸੇ ਪਾਸੇ ਪੇਸ਼ ਨਾ ਜਾਂਦੀ ਵੇਖ ਗਲਤ ਰਸਤੇ ਵੀ ਅਪਣਾ ਰਹੇ ਹਨ, ਜਿਵੇਂ ਪਿੱਛੇ ਜਿਹੇ ਕਈ ਨੌਜਵਾਨ ਮਾਰਕੀਟਾਂ ਵਿੱਚੋਂ ਚੋਰੀ ਕਰਦੇ ਫੜੇ ਗਏ, ਕਈ ਨਕਲੀ ਨੋਟ ਚਲਾਉਂਦੇ ਫੜੇ ਗਏ ਅਤੇ ਕਈਆਂ ਦੀਆਂ ਨਸੇ਼ ਦੀ ਸਮੱਗਲਿੰਗ ਕਰਨ ਵਰਗੀਆਂ ਖ਼ਬਰਾਂ ਵੀ ਸੁਨਣ ਨੂੰ ਮਿਲੀਆਂ ਹਨ। ਇਹ ਸਭ੍ਹ ਕੁਝ ਵੇਖ ਸੁਣ ਕੇ ਡਰ ਜਿਹਾ ਲੱਗਦਾ ਹੈ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਲੱਖਾਂ ਸੁਪਨੇ ਲੈ ਕੇ ਇੱਥੇ ਆਈ ਸੀ ਕਿਤੇ ਇੱਥੇ ਹੀ ਤਬਾਹ ਨਾ ਹੋ ਜਾਵੇ, ਸੁਪਨੇ ਕਿਤੇ ਸੁਪਨੇ ਬਣ ਕੇ ਹੀ ਨਾ ਰਹਿ ਜਾਣ ਅਤੇ ਪਿੱਛੇ ਰਾਹਾਂ ਤੱਕਦੇ ਮਾਂ-ਪਿਉਂ ਰਾਹਾਂ ਤੱਕਦੇ ਹੀ ਰਹਿ ਜਾਣ। ਅੱਗੇ ਜਾ ਕੇ ਕੀ ਹੋਣ ਵਾਲਾ ਹੈ ਇਸ ਦਾ ਜਵਾਬ ਤਾਂ ਸਮਾਂ ਹਮੇਸ਼ਾ ਆਪਣੀ ਬੁੱਕਲ ਵਿੱਚ ਲਕੋਈ ਰੱਖਦਾ ਹੈ। ਅਸੀ ਤਾਂ ਬਸ ਸਮੇਂ-ਸਮੇਂ ਨਾਲ ਇੱਥੋਂ ਦੇ ਹਾਲਾਤਾਂ ਵਾਰੇ ਲਿਖ ਕੇ ਆਉਣ ਵਾਲਿਆਂ ਨੂੰ ਜਾਣੂ ਹੀ ਕਰਵਾ ਸਕਦੇ ਹਾਂ ਤਾਂ ਕਿ ਕੋਈ ਵੀ ਇੱਥੇ ਆਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਸਕੇ। ਜਿਹੜੇ ਇੱਥੇ ਆ ਚੁੱਕੇ ਹਨ ਉਹਨਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਭ੍ਹ ਕੁਝ ਠੀਕ ਹੋ ਜਾਵੇ, ਸਭ੍ਹ ਦੇ ਸੁਪਨੇ ਪੂਰੇ ਹੋਣ ਤੇ ਹਰ ਕੋਈ ਹੱਸਦਾ ਖੇਡਦਾ ਜਿਵੇਂ ਘਰੋਂ ਆਇਆ ਸੀ ਉਸ ਤਰ੍ਹਾਂ ਹੀ ਹੱਸਦਾ ਖੇਡਦਾ ਆਪਣੇ ਘਰ ਵਾਪਿਸ ਪਰਤੇ।

****
Post a Comment