ਹਾਦਸਿਆਂ ਦੇ ਬਾਵਜੂਦ.......... ਗ਼ਜ਼ਲ / ਬਲਜੀਤ ਪਾਲ ਸਿੰਘ

ਹਾਦਸਿਆਂ ਦੇ ਬਾਵਜੂਦ ਅਸੀਂ ਝੁਕੇ ਨਹੀਂ
ਜਦ ਰਸਤੇ ਰੋਕੇ ਤੂਫਾਨਾਂ ਅਸੀਂ ਰੁਕੇ ਨਹੀਂ

ਭਾਵੇਂ ਝੜ ਹੀ ਜਾਂਦੇ ਪੀਲੇ ਜ਼ਰਦ ਪੱਤੇ
ਬਹਾਰਾਂ ਵਾਲੀ ਆਮਦ ਦੇ ਕਿੱਸੇ ਮੁੱਕੇ ਨਹੀਂ

ਤੁਸੀਂ ਕੌਣ ਹੋ ਸਾਡੇ ਫੈਸਲੇ ਕਰਨ ਵਾਲੇ
ਜੁਰਮ ਤੁਹਾਡੇ ਸਾਡੇ ਕੋਲੋਂ ਲੁਕੇ ਨਹੀਂ

ਅਸੀਂ ਤੁਹਾਡੀ ਹਰ ਸੌਗਾਤ ਸੰਭਾਲੀ ਹੈ
ਅੱਖੀਆਂ ਦੇ ਵਿਚ ਹੰਝੂ ਕਦੇ ਸੁੱਕੇ ਨਹੀਂ

ਵਕਤ ਹੈ ਹਰਿਆਲੀ ਨੂੰ ਅਜੇ ਵੀ ਸਾਂਭ ਲਵੋ
ਮੇਰੇ ਮਸ਼ਵਰੇ ਫਜ਼ੂਲ ਅਤੇ ਬੇਤੁਕੇ ਨਹੀਂ

ਮੁੜਕਾ ਵਗੇ ਕਿਸਾਨਾਂ ਅਤੇ ਮਜ਼ਦੂਰਾਂ ਦਾ
ਸ਼ਾਹੂਕਾਰ ਦੇ ਕਰਜ਼ੇ ਫਿਰ ਵੀ ਚੁਕੇ ਨਹੀਂ

ਜਿੰਨਾਂ ਖਾਤਿਰ ਦਰਦ ਬੜਾ ਹੀ ਢੋਇਆ ਹੈ
ਜਦ ਵੀ ਭੀੜ ਬਣੀ ਉਹ ਨੇੜੇ ਢੁਕੇ ਨਹੀਂ

No comments: