ਬਲਦਾਂ ਦੇ ਸ਼ੌਕੀਨ ‘ਗਰੇਵਾਲ’.......... ਲੇਖ਼ / ਰਾਜੂ ਹਠੂਰੀਆ

ਦੁਨੀਆਂ ਵਿੱਚ ਹਰ ਇਨਸਾਨ ਦਾ ਸ਼ੌਕ ਵੱਖੋ-ਵੱਖਰਾ ਹੈ। ਕਿਸੇ ਨੂੰ ਖੇਡਣ ਦਾ, ਕਿਸੇ ਨੂੰ ਲਿਖਣ ਦਾ, ਕਿਸੇ ਨੂੰ ਪੜ੍ਹਨ ਦਾ, ਕਿਸੇ ਨੂੰ ਘੁੰਮਣ ਦਾ…… ਪਰ ਆਪਣੇ ਸ਼ੌਕ ਨੂੰ ਜਿਉਂਦਾ ਰੱਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦਾ, ਕਿਉਂਕਿ ਜਿ਼ੰਦਗੀ ਜਿਉਣ ਲਈ ਅਤੇ ਪਰਿਵਾਰ ਪਾਲਣ ਵਾਸਤੇ ਪਹਿਲਾਂ ਆਮਦਨ ਦੇ ਸਾਧਨ ਲਈ ਕੋਈ ਨਾ ਕੋਈ ਕਿੱਤਾ ਕਰਨਾ ਜਰੂਰੀ ਹੈ। ਉਹ ਗੱਲ ਵੱਖਰੀ ਹੈ ਕਿ ਕਿਸਮਤ ਨਾਲ ਕਿਸੇ ਦਾ ਸ਼ੌਕ ਉਸਦਾ ਕਿੱਤਾ ਵੀ ਬਣ ਜਾਵੇ, ਜਿੱਥੋਂ ਉਸ ਨੂੰ ਆਮਦਨ ਵੀ ਹੋਈ ਜਾਵੇ ਅਤੇ ਉਸ ਦਾ ਸ਼ੌਕ ਵੀ ਪੂਰਾ ਹੋਈ ਜਾਵੇ। ਕਈ ਹਿੰਮਤੀ ਲੋਕ ਆਪਣੇ ਕਾਰੋਬਾਰ ਦੀ ਭੱਜ ਦੌੜ ਦੇ 
ਨਾਲ-ਨਾਲ ਆਪਣਾ ਸ਼ੌਕ ਵੀ ਪੂਰਾ ਕਰਦੇ ਰਹਿੰਦੇ ਹਨ, ਤੇ ਉਹ ਵੀ ਇਸ ਤਰੀਕੇ ਨਾਲ ਕਿ ਹਰ ਪਾਸੇ ਉਹਨਾਂ ਦੇ ਨਾਂ ਦੀ ਚਰਚਾ ਹੋਣ ਲੱਗ ਪੈਂਦੀ ਹੈ। ਕੁਝ ਇਸ ਤਰ੍ਹਾਂ ਦਾ ਹੀ ਕਰ ਵਿਖਾਇਆ ਹੈ ‘ਗਰੇਵਾਲ’ ਭਰਾਵਾਂ ਦੀ ਤਿੱਕੜੀ ਨੇ, ਜੋ ਵੀਹ-ਪੱਚੀ ਕਿੱਲਿਆਂ ਦੀ ਖੇਤੀ ਕਰਦੇ ਹੋਏ ਆਪਣਾ ਸ਼ੌਕ ਵੀ ਪਾਲ਼ ਰਹੇ ਹਨ। ੳਹਨਾਂ ਨੂੰ ਸ਼ੌਕ ਹੈ ਬਲਦ ਭਜਾਉਣ ਦਾ ਜਾਂ ਇਹ ਕਹਿ ਲਈਏ ਕਿ ਉਹ ਨੇ ‘ਸ਼ੌਕੀ ਬਲਦਾਂ ਦੇ’ ਇਹਨਾਂ ਦੇ ਇਸ ਸੌ਼ਕ ਨੂੰ ਵੇਖ ਕਿ ਕਈ ਲੋਕ ਇਹਨਾਂ ਨੂੰ ਕਹਿਣ ਲੱਗੇ ਕਿ ਬਲਦਾਂ ਤੇ ਕਬੂਤਰਾਂ ਦੇ ਸ਼ੌਕ ਘਰ ਤਬਾਹ ਕਰ ਦਿੰਦੇ ਹਨ। ਪਰ ਇਹਨਾਂ ਕਿਸੇ ਦੀ ਪਰਵਾਹ ਨਾ ਕਰਦਿਆਂ ਆਪਣਾ ਸ਼ੌਕ ਜਾਰੀ ਰੱਖਿਆ ਅਤੇ ਇਹ ਸਾਬਿਤ ਕਰਕੇ ਵਿਖਾਇਆ ਕਿ ਸਹੀ ਤਰੀਕੇ ਨਾਲ ਪਾਲ਼ੇ ਸ਼ੌਕ ਘਰ ਤਬਾਹ ਨਹੀਂ ਕਰਦੇ ਸਗੋਂ ਦੁਨੀਆਂ ਵਿੱਚ ਤੁਹਾਡਾ ਨਾਂ ਚਮਕਾਉਦੇ ਹਨ। ਬਲਦ ਭਜਾਉਣ ਵਾਲਿਆਂ ਦੇ ਘਰ ਤਬਾਹ ਹੋਣ ਵਾਰੇ ਇਹਨਾਂ ਦਾ ਕਹਿਣਾ ਹੈ ਕਿ ਇਸ ਵਿੱਚ ਗਊ ਦੇ ਜਾਇਆਂ ਦਾ ਕੋਈ ਕਸੂਰ ਨਹੀਂ, ਬਲਕਿ ਬਲਦ ਭਜਾਉਣ ਵਾਲਿਆਂ ਦੀਆਂ ਆਪਣੀਆਂ ਮਾੜੀਆਂ ਆਦਤਾਂ ਕਰਕੇ ਹੀ ਹੁੰਦਾ ਹੈ। ਕਿਉਂਕਿ ਕਈ ਬਲਦ ਭਜਾਉਣ ਗਏ ਚਾਰ-ਪੰਜ ਜਾਣਿਆਂ ਨੂੰ ਆਪਣੇ ਨਾਲ ਲੈ ਕੇ ਤੁਰਦੇ ਹਨ ਤੇ ਖੇਡਾਂ ‘ਤੇ ਜਾਣ ਸਾਰ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹਨ, ਬਲਦ ਭੱਜੇ ਨਾ ਭੱਜੇ, ਜਿੱਤੇ ਨਾ ਜਿੱਤੇ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਤਾਂ ਆਪਣੀ ਮਹਿਫਲ ਸਜਾ ਕੇ ਬਹਿ ਜਾਂਦੇ ਹਨ। ਇਸ ਤਰ੍ਹਾਂ ਸ਼ਾਮ ਨੂੰ ਹਜ਼ਾਰ, ਦੋ ਹਜ਼ਾਰ ਨੂੰ ਥੁੱਕ ਲਾ ਕੇ ਘਰ ਮੁੜ ਆਉਂਦੇ ਹਨ। ਦੱਸੋ ਇਸ ਤਰ੍ਹਾਂ ਘਰ ਤਬਾਹ ਨਹੀਂ ਹੋਵੇਗਾ ਤਾਂ ਹੋਰ ਕੀ ਹੋਵੇਗਾ।

ਗਰੇਵਾਲ ਭਰਾਵਾਂ ਦੀ ਤਿੱਕੜੀ ਵਿੱਚ ਸਭ੍ਹ ਤੋਂ ਵੱਡਾ ਹੈ, ਗੁਰਪ੍ਰੀਤ ਸਿੰਘ ਗਰੇਵਾਲ, ਉਸ ਤੋਂ ਛੋਟਾ ਹੈ ਮਨਪ੍ਰੀਤ ਸਿੰਘ ਗਰੇਵਾਲ, ਜਿਸ ਨੂੰ ਜੱਸਾ ‘ਢੈਪਈ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਸਭ੍ਹ ਤੋਂ ਛੋਟਾ ਹੈ ਰਵਿੰਦਰ ਸਿੰਘ ਗਰੇਵਾਲ। ਇਹ ਪਿੰਡ ‘ਢੈਪਈ’ ਦੀਆਂ ਗਲ਼ੀਆਂ ਵਿੱਚ ਖੇਡ ਕੇ ਜਵਾਨ ਹੋਏ ਹਨ, ਜੋ ਲੁਧਿਆਣਾ ਜਿਲ੍ਹਾ ਵਿੱਚ, ਲੁਧਿਆਣਾ ਤੋਂ ਪੱਖੋਵਾਲ ਰੋਡ ‘ਤੇ ਨਹਿਰ ਦੇ ਕੰਢੇ ਵਸਿਆ ਹੋਇਆ ਹੈ, ਜਿਸ ਦੀ ਹੱਦ ਸ਼ਹੀਦ ਕਰਤਾਰ ਸਿੰਘ ‘ਸਰਾਭਾ’ ਦੇ ਪਿੰਡ ਨਾਲ ਲੱਗਦੀ ਹੈ। ਇਸ ਢੈਪਈ ਨੂੰ ਢੈਪਈ ਗਰੇਵਾਲਾਂ ਦੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਪਿੰਡ ਵਿੱਚ ਸਿਰਫ ਦੋ ਪਰਿਵਾਰਾਂ ਤੋਂ ਇਲਾਵਾ, ਸਾਰੇ ਜਿਮੀਂਦਾਰ ਪਰਿਵਾਰ ਗਰੇਵਾਲ ਹਨ।
ਬਲਦਾਂ ਨਾਲ ਲਗਾਅ ਇਹਨਾਂ ਨੂੰ ਬਚਪਨ ਤੋਂ ਹੀ ਹੋ ਗਿਆ ਸੀ, ਕਿਉਂਕਿ ਬਾਪੂ(ਦਾਦਾ) ਸ੍ਰ: ਦਿਦਾਰ ਸਿੰਘ ਬਲਦਾਂ ਨਾਲ ਖੇਤੀ ਕਰਦਾ ਸੀ, ਇਹ ਅਕਸਰ ਬਾਪੂ ਨਾਲ ਖੇਤ ਜਾਂਦੇ ਅਤੇ ਜਦੋਂ ਬਾਪੂ ਵਾਹੇ ਹੋਏ ਖੇਤ ਵਿੱਚ ਸੁਹਾਗੀ ਫੇਰਨ ਲੱਗਦਾ ਤਾਂ ਇਹ ਵਾਰੋ-ਵਾਰੀ ਸੁਹਾਗੀ ‘ਤੇ ਬੈਠ ਕੇ ਝੂਟੇ ਲੈਂਦੇ ਰਹਿੰਦੇ। ਬਲਦ ਭਜਾਉਣ ਦਾ ਸ਼ੌਕ ਇਹਨਾਂ ਨੂੰ ਆਪਣੇ ਗੁਆਂਢੀ ਸ੍ਰ: ਕਰਨੈਲ ਸਿੰਘ ‘ਫੌਜੀ’ ਵੱਲ ਵੇਖ ਕੇ ਪਿਆ। ਇੱਕ ਦਿਨ ਜਦੋਂ ਗੁਰਪ੍ਰੀਤ ਤੇ ਜੱਸਾ ਆਪਣੇ ਪਿੰਡ ਵਿੱਚ ਹੋ ਰਹੀਆਂ ਬੈਲ ਗੱਡੀਆਂ ਦੀਆਂ ਦੌੜਾਂ ਵੇਖ ਕੇ ਘਰ ਆਏ, ਤਾਂ ਆ ਕੇ ਬਾਪੂ ਨੂੰ ਕਹਿਣ ਲੱਗੇ, ਬਾਪੂ ਸਾਨੂੰ ਵੀ ਕਰਨੈਲ ਦੇ ਵੱਛਿਆਂ ਵਰਗੇ ਵੱਛੇ ਲਿਆ ਕੇ ਦੇ, ਅਸੀਂ ਵੀ ਖੇਡ ‘ਤੇ ਭਜਾਇਆ ਕਰਾਂਗੇ। ਫੇਰ ਆਪਣਾ ਨਾਂ ਵੀ ਸਪੀਕਰ ਵਿੱਚ ਬੋਲਿਆ ਕਰਨਗੇ। ਸੁਣ ਕੇ ਇਹਨਾਂ ਦੇ ਪਿਤਾ ਸ੍ਰ: ਵਿਸਾਖ ਸਿੰਘ ਕਹਿਣ ਲੱਗੇ, ਤੁਸੀਂ ਹਾਲੇ ਬਹੁਤ ਛੋਟੇ ਹੋ, ਪਹਿਲਾਂ ਪੜ੍ਹਾਈ ਪੂਰੀ ਕਰ ਲਵੋ ਫੇਰ ਭਜਾਈ ਜਾਇਓ ਵੱਛੇ। ਪਰ ਬਾਪੂ ਕਹਿਣ ਲੱਗਾ ਬੱਚਿਆਂ ਦਾ ਦਿਲ ਨਹੀਂ ਤੋੜੀਦਾ ਹੁੰਦਾ, ਤੇ ਬਾਪੂ ਕੁਝ ਦਿਨਾਂ ਬਾਅਦ ਹੀ ਦੋ ਛੋਟੇ-ਛੋਟੇ ਵੱਛੇ ਖ੍ਰੀਦ ਕੇ ਲੈ ਆਇਆ। ਇੱਕ ਬੱਗਾ ਤੇ ਦੂਜਾ ਪੀਲ਼ਾ। ਓਹਦੋਂ ਨਾ ਵੱਛਿਆ ਦੀ ਭੱਜਣ ਵਾਲੀ ਉਮਰ ਸੀ ਤੇ ਨਾ ਇਹਨਾਂ ਦੀ ਭਜਾਉਣ ਵਾਲੀ। ਹਰ ਰੋਜ ਸਕੂਲੋਂ ਆ ਕੇ ਇਹ ਇਹ ਦੋਵਾਂ ਵੱਛਿਆਂ ਨੂੰ ਲੈ ਕੇ ਖੇਤ ਚਲੇ ਜਾਂਦੇ ਅਤੇ ਗੇੜਾ ਕਢਾਕੇ ਵਾਪਿਸ ਘਰ ਲੈ ਆਉਂਦੇ। ਬਾਪੂ ਜੀ ਦੀ ਉਮਰ ਢਲਣ ਲੱਗੀ, ਉਹਨਾਂ ਦੇ ਪਿਤਾ ਜੀ ਪਹਿਲਾਂ ਇੱਕ ਟਰਾਂਸਪੋਰਟ ਵਿੱਚ ਸਰਵਿਸ ਕਰਦੇ ਹੋਣ ਕਰਕੇ ਉਹਨਾਂ ਦਾ ਖੇਤੀ ਵੱਲ ਝੁਕਾਅ ਥੋੜਾ ਘੱਟ ਸੀ। ਇਸ ਲਈ ਬਾਪੂ ਜੀ ਦੀ ਸਿਹਤ ਦਾ ਖਿਆਲ ਕਰਦਿਆਂ ਦਸਵੀਂ ਦੀ ਪੜ੍ਹਾਈ ਤੋਂ ਬਾਅਦ ਗੁਰਪ੍ਰੀਤ ਸਾਰੀ ਖੇਤੀ ਆਪ ਕਰਨ ਲੱਗ ਪਿਆ, ਖੇਤੀ ਦੇ ਨਾਲ ਉਸ ਨੂੰ ਬਚਪਨ ਤੋਂ ਦਿਲ ਵਿੱਚ ਪਲਦੇ ਆ ਰਹੇ ਸ਼ੌਕ ਨੂੰ ਪੂਰਾ ਕਰਨ ਦੀ ਵੀ ਤਾਂਘ ਲੱਗੀ ਰਹਿੰਦੀ। ਜੱਸੇ ਤੇ ਰਵਿੰਦਰ ਦੇ ਪੜ੍ਹਦੇ ਹੋਣ ਅਤੇ ਖੇਤੀ ਦੀ ਜਿੰਮੇਵਾਰੀ ਕਰਕੇ ੳਹ ਸ਼ੌਕ ਨੂੰ ਬੈਲ ਗੱਡੀਆਂ ਦੀਆਂ ਦੌੜਾਂ ਵੇਖ ਕੇ ਪੂਰਾ ਕਰ ਲੈਂਦੇ। ਇਸ ਸਮਂੇ ਦੌਰਾਨ ਪ੍ਰਮਾਤਮਾ ਵੱਲੋਂ ਬਖਸ਼ੀ ਉਮਰ ਭੋਗ ਕੇ ਬਾਪੂ ਜੀ ਸਵਰਗ ਸਧਾਰ ਗਏ। ਉਸ ਤੋਂ ਬਾਅਦ ਜੱਸੇ ਨੇ ਵੀ ਪੜ੍ਹਾਈ ਪੂਰੀ ਕਰਕੇ ਗੁਰਪ੍ਰੀਤ ਦਾ ਖੇਤੀ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਫਿਰ ਸਾਲ ਕੁ ਬਾਅਦ ਆਪਣੇ ਸ਼ੌਕ ਨੂੰ ਪੂਰ ਚੜਾਉਣ ਲਈ ਗੁਰਪ੍ਰੀਤ ਆਪਣੇ ਪਿਤਾ ਦੀ ਸਹਿਮਤੀ ਨਾਲ ਮੇਲਟਾ ਸਿਟੀ (ਰਾਜਸਥਾਨ) ਦੀ ਮੰਡੀ ਤੋਂ ਤਿੰਨ ਵੱਛੇ ਖ੍ਰੀਦ ਕੇ ਲੈ ਆਇਆ। ਉਹਨਾਂ ਦੇ ਪਿਤਾ ਵੀ ਜਾਣਦੇ ਸਨ, ਕਿ ਇਹ ਉਹਨਾਂ ਦਾ ਬਚਪਨ ਤੋਂ ਸੌ਼ਂਕ ਸੀ। ਬਾਕੀ ਉਹਨਾਂ ਦੇ ਪਿਤਾ ਨੂੰ ਖੁਦ ਵੀ ਕਬੱਡੀ ਖੇਡਣ ਦਾ ਸ਼ੌਂਕ ਸੀ, ਤੇ ਉਹ ਆਪਣੇ ਸਮੇ ਵਿੱਚ ਕਬੱਡੀ ਦੇ ਇੱਕ ਵਧੀਆ ਖਿਡਾਰੀ ਰਹੇ ਸਨ। ਇਸ ਲਈ ਉਹ ਸ਼ੌਂਕ ਦਾ ਮੁੱਲ ਚੰਗੀ ਤਰਾਂ ਜਾਣਦੇ ਸਨ। 
ਰਾਜਸਥਾਨ ਤੋਂ ਲਿਆਂਦੇ ਇਹਨਾਂ ਤਿੰਨਾਂ ਵੱਛਿਆਂ ਵਿੱਚੋਂ ਇੱਕ ਬੱਗਾ ਵੱਛਾ ਭੱਜਣ ਲਈ ਵਧੀਆ ਨਿਕਲ ਆਇਆ। ਪਰ ਜਦੋਂ ਇਸ ਵੱਛੇ ਨੂੰ ਖੇਡ ਮੇਲਿਆਂ ਵਿੱਚ ਲਿਜਾਣਾ ਸੁਰੂ ਕੀਤਾ ਤਾਂ ਵਧੀਆ ਭੱਜਣ ਵਾਲੇ ਬਲਦਾਂ ਵਿੱਚੋਂ ਕੋਈ ਵੀ ਆਪਣਾ ਬਲਦ ਇਹਨਾਂ ਦੇ ਬਲਦ ਨਾਲ ਜੋੜਨ ਨੂੰ ਤਿਆਰ ਨਾ ਹੁੰਦਾ, ਕੁਝ ਨਾ ਕੁਝ ਕਹਿ ਕੇ ਟਾਲ੍ਹਾ ਮਾਰ ਦਿੰਦਾ ਕਿਉਂਕਿ ਹਰ ਕੋਈ ਨਵੇਂ ਬਲਦ ਨਾਲ ਆਪਣਾ ਬਲਦ ਜੋੜਨ ਤੋਂ ਕੰਨੀ ਕਤਰਾਉਂਦਾ ਹੈ। ਇਸ ਤਰ੍ਹਾਂ ਕਈ ਮਹੀਨੇ ਲੰਘ ਗਏ। ਹੌਸਲਾ ਵਧਾਉਣ ਵਾਲੇ ਹੌਸਲਾ ਵਧਾਉਂਦੇ ਰਹੇ ਤੇ ਢਾਹੁਣ ਵਾਲੇ ਢਾਹੁਣ ਦੀ ਕੋਸਿ਼ਸ਼ ਕਰਦੇ ਰਹੇ, ਪਰ ਇਹਨਾਂ ਹੌਸਲਾ ਨਾ ਹਾਰਿਆ ਅਤੇ ਆਪਣੀ ਕੋਸਿ਼ਸ਼ ਜਾਰੀ ਰੱਖੀ। ਫਿਰ ਇੱਕ ਦਿਨ ਪਿੰਡ ਗੋਪਾਲਪੁਰ (ਰੋਪੜ) ਦੇ ਖੇਡ ਮੇਲੇ ਤੇ ਇਹਨਾਂ ਦੇ ਰਿਸ਼ਤੇਦਾਰ ਸ਼ੇਖੂਪੁਰੀਆਂ ਦੇ ਜੇਤੂ ਬਲਦ ਦਾ ਜੋੜੀਦਾਰ ਬਲਦ ਕਿਸੇ ਕਾਰਨ ਇਸ ਖੇਡ ਮੇਲੇ ਤੇ ਨਾ ਪਹੁੰਚਿਆ। ਅਤੇ ਉਹਨਾਂ ਨੇ ਰਿਸ਼ਤੇਦਾਰੀ ਵਜੋਂ ਉਲਾਂਭ੍ਹਾ ਜਿਹਾ ਲਾਉਣ ਦੀ ਖਾਤਿਰ ਆਪਣਾ ਬਲਦ ਇਹਨਾਂ ਦੇ ਬਲਦ ਨਾਲ ਜੋੜ ਦਿੱਤਾ। ਉਸ ਦਿਨ ਪ੍ਰਮਾਤਮਾ ਦੀ ਕ੍ਰਿਪਾ ਨਾਲ ਉਸ ਖੇਡ ਮੇਲੇ ਵਿੱਚ ਪਹੁੰਚੀ ਬਲਦਾਂ ਦੀ 100 ਜੋੜੀ ਵਿਚੋਂ ਇਹਨਾਂ ਦੀ ਜੋੜੀ ਦਾ ਇੱਕ ਸਕਿੰਟ ਦੇ ਫਰਕ ਨਾਲ ਪਹਿਲਾ ਨੰਬਰ ਬਣਿਆ, ਇਹ ਕੋਈ ਮਮੂਲੀ ਫਰਕ ਨਹੀਂ ਸੀ, ਕਿਉਂਕਿ ਬਲਦਾਂ ਦੀ ਇਸ ਖੇਡ ਵਿੱਚ ਜਿੱਤ ਹਾਰ ਪੁਆਇੰਟਾਂ ਦੇ ਫਰਕ ਨਾਲ ਹੀ ਹੁੰਦੀ ਹੈ। ਉਸ ਦਿਨ ਤੋਂ ਬਾਅਦ ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਇਹਨਾਂ ਦਾ ਬਲਦ ਲਗਾਤਾਰ ਚਾਰ ਸਾਲ ਪਹਿਲੇ ਤਿੰਨਾਂ ਨੰਬਰਾਂ ਵਿੱਚ ਰਿਹਾ। ਤੇ ਗੁਰਪ੍ਰੀਤ ਬਿਨਾ ਨਾਗਾ ਪਾਏ ਹਰ ਸਾਲ ਰਾਜਸਥਾਨ ਦੀਆਂ ਵੱਖ-ਵੱਖ ਮੰਡੀਆਂ ਜਿਵੇਂ; ਮੇਲਟਾ ਸਿਟੀ, ਨਾਗੌਰ, ਪਰਬਤਸਰ, ਡੀਡੂਆਣਾ, ਡੇਗਆਣਾ, ਬੱਕਰੀ ਅਤੇ ਅਸ਼ੋਪ ਤੋਂ ਛਾਂਟ-ਛਾਂਟ ਕੇ ਵੱਛੇ ਲਿਆਉਂਦਾ ਰਿਹਾ, ਜਿੰਨ੍ਹਾਂ ਵਿੱਚੋਂ ਇਹਨਾਂ ਕੋਲ ਦੋ ਵੱਛੇ ਮੇਲਟਾ ਸਿਟੀ ਦੀ ਮੰਡੀ, ਇੱਕ ਵੱਛਾ ਨਾਗੌਰ ਦੀ ਮੰਡੀ, ਇੱਕ ਪਰਬਤਸਰ ਦੀ ਮੰਡੀ ਅਤੇ ਇੱਕ ਅਸ਼ੋਪ ਦੀ ਮੰਡੀ ਤੋਂ ਲਿਆਂਦੇ ਹੋਏ ਵੱਛਿਆਂ ਨੇ ਇਹਨਾਂ ਦੀ ਝੋਲੀ ‘ਚ ਬਹੁਤ ਸਾਰੀਆਂ ਜਿੱਤਾਂ ਪਾਈਆਂ। ਇਹਨਾਂ ਨੇ ਵੀ ਹਰ ਵੱਛੇ ਨੂੰ ਚਾਹੇ ਉਹ ਭੱਜੇ, ਚਾਹੇ ਨਾ ਭੱਜੇ ਸਭ੍ਹ ਨੂੰ ਬਿਨਾ ਵਿਤਕਰਾ ਕੀਤਿਆਂ ਬੱਚਿਆਂ ਵਾਂਗ ਚੰਗੀਆਂ ਖੁਰਾਕਾਂ ਦੇ ਕੇ ਪਾਲਿਆ, ਤੇ ਹੁਣ ਤੱਕ ਹਰ ਵੱਛਾ ਖੁਰਾਕ ਦੇ ਸਿਰ ‘ਤੇ ਹੀ ਜਿੱਤਿਆ ਨਾ ਕਿ ਨਸਿ਼ਆਂ ਦੇ ਸਿਰ ‘ਤੇ, ਕਿੳਂੁਕਿ ਹੋਰਾਂ ਖੇਡਾਂ ਵਾਂਗ ਇਸ ਖੇਡ ਵਿੱਚ ਵੀ ਬਲਦਾਂ ਨੂੰ ਨਸ਼ੇ ਵਾਲੇ ਟੀਕੇ ਲਾ ਕੇ ਜਾਂ ਹੋਰ ਨਸ਼ੇ ਜਿਵੇਂ ਅਫੀਮ, ਡੋਡੇ ਤੇ ਸ਼ਰਾਬ ਆਦਿ ਪਿਆ ਕੇ ਭਜਾਉਣ ਦੀ ਬਿਮਾਰੀ ਚੱਲੀ ਹੋਈ ਹੈ। ਇਸ ਸਮੇ ਦੌਰਾਨ ਇਹਨਾਂ ਨੂੰ ਇੱਕ ਵੱਡਾ ਸਦਮਾਂ ਪਹੁੰਚਿਆ। ਜਦੋਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਸਦਮੇ ਕਰਕੇ ਇਹਨਾਂ ਨੇ ਇੱਕ ਸਾਲ ਬਲਦ ਨਹੀਂ ਭਜਾਏ। ਫਿਰ ਹੌਲੀ-ਹੌਲੀ ਦੁਬਾਰਾ ਖੇਡ ਮੇਲਿਆਂ ‘ਤੇ ਜਾਣਾ ਸ਼ੁਰੂ ਕਰ ਦਿੱਤਾ ਤੇ ਜਿੱਤਾਂ ਦਾ ਸਿਲਸਿਲਾ ਵੀ ਦੁਬਾਰਾ ਸ਼ੁਰੂ ਹੋ ਗਿਆ। ਕੁਝ ਵਰੇ ਪਹਿਲਾਂ ਗੁਰਪ੍ਰੀਤ ਇਟਲੀ ਆ ਗਿਆ। ਪਿੱਛੇ ਜੱਸੇ ਤੇ ਰਵਿੰਦਰ ਨੇ ਇਸ ਸ਼ੌਕ ਨੂੰ ਬਰਕਰਾਰ ਰੱਖਿਆ ਹੋਇਆ ਹੈ, ਗੁਰਪ੍ਰੀਤ ਹੁਣ ਇਹ ਸ਼ੌਕ ਇੰਟਰਨੈਟ ‘ਤੇ ਬੈਲ ਗੱਡੀਆਂ ਦੀਆਂ ਦੌੜਾਂ ਵੇਖ ਜਾਂ ਅਮਰੀਕ ਸਿੰਘ ਭਾਗੋਵਾਲੀਆ ਦੇ ਅਜੀਤ ਵਿੱਚ ਛਪਦੇ ‘ਸ਼ੌਕੀ ਬਲਦਾਂ ਦੇ’ ਆਰਟੀਕਲ ਪੜ੍ਹ ਕੇ ਪੂਰਾ ਕਰ ਲੈਂਦਾ ਹੈ ਅਤੇ ਖੇਡਾਂ ਦੇ ਸੀਜਨ ਵਿੱਚ ਜੱਸੇ ਹੋਰਾਂ ਤੋਂ ਟੈਲੀਫੋਨ ‘ਤੇ ਜਾਣਕਾਰੀ ਲੈਂਦਾ ਰਹਿੰਦਾ ਹੈ,ਕਿ ਕਿਹੜੀ ਖੇਡ ‘ਤੇ ਕੌਣ ਜਿੱਤਿਆ, ਆਪਣਾ ਵੱਛਾ ਕਿਵੇਂ ਰਿਹਾ ਵਗੈਰਾ………।
ਅਸੀਂ ਦੁਆ ਕਰਦੇ ਹਾਂ ਕਿ ਇਹਨਾਂ ਤਿੰਨ੍ਹਾਂ ਭਰਾਵਾਂ ਦਾ ਬਲਦ ਭੁਜਾਉਣ ਦਾ ਸ਼ੌਕ ਇਸੇ ਤਰ੍ਹਾਂ ਬਰਕਰਾਰ ਰਹੇ, ਇਹ ਆਪਣੀ ਜਿੱਤ ਦੇ ਝੰਡੇ ਗੱਡਦੇ ਰਹਿਣ ਅਤੇ ਇਹਨਾਂ ਨੂੰ ਵੇਖ ਕੇ ਅਗਲੀ ਪੀੜੀ ਵੀ ਇਸ ਪੇਂਡੂ ਖੇਡ ਨੂੰ ਬਚਾਈ ਰੱਖੇ।




Post a Comment