ਟੀਚਰਾਂ ਦੇ ਮਸੀਹਾ: ਸ੍ਰ: ਗੁਰਚਰਨ ਸਿੰਘ.......... ਲੇਖ਼ / ਮਨਜੀਤ ਸਿੰਘ ਸਿੱਧੂ (ਪ੍ਰੋ.)

ਇਕ ਦਿਨ ਕਮਿਊਨਿਸਟ ਪਾਰਟੀ ਮੋਗਾ ਦੀ ਦੇ ਦਫਤਰ ਅਖਬਾਰ ਪੜ੍ਹਨ ਲਈ ਮੈਂ ਬੈਠਾ ਹੋਇਆ ਸੀ ਉਸ ਵੇਲੇ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਤਿੰਨ ਮੈਂਬਰ ਟੀਚਰਾਂ ਵਲੋਂ ਚੁਣ ਕੇ ਲਾਇਆ ਕਰਦੇ ਸਨ। ਇਹਨਾਂ ਮੈਂਬਰਾਂ ਦੀ ਮਿਆਦ 6 ਸਾਲ ਹੁੰਦੀ ਸੀ ਅਤੇ ਹਰ ਵਰਗ ਦੇ ਮੈਂਬਰਾਂ ਵਿਚੋਂ ਇਕ ਤਿਹਾਈ ਮੈਂਬਰ ਹਰ ਦੋ ਸਾਲ ਬਾਅਦ ਰੀਟਾਇਰ ਹੋ ਜਾਂਦੇ ਸਨ ਅਤੇ ਉਨਾਂ ਦੀ ਥਾਂ ਭਰਨ ਲਈ ਫੇਰ ਚੁਣੇ ਜਾਂਦੇ ਸਨ, ਜਿਵੇਂ ਤਿੰਨ ਗਰੈਜੂਏਟ ਹਲਕੇ ਦੇ ਮੈਂਬਰ ਹੁੰਦੇ ਸਨ ਅਤੇ ਤਿੰਨ ਟੀਚਰ ਹਲਕੇ ਦੇ ਮੈਂਬਰ ਹੁੰਦੇ ਸਨ। ਲੋਕਲ ਬਾਡੀਜ਼ ਤੋਂ ਵੀ ਮੈਂਬਰ ਚੁਣੇ ਜਾਂਦੇ ਸਨ। ਕੁਝ ਮੈਂਬਰ ਨਾਮਜ਼ਦ ਵੀ ਕੀਤੇ ਜਾਂਦੇ ਸਨ। ਜਦੋਂ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਵੇਲੇ ਵਿਧਾਨ ਪ੍ਰੀਸ਼ਦ ਨਵੀਂ ਗਠਿਤ ਹੋਈ ਸੀ ਅਤੇ ਉਨ੍ਹਾਂ ਚੋਂ ਇਕ ਤਿਹਾਈ ਮੈਂਬਰ ਵੀ ਰੀਟਾਇਰ ਹੋਏ ਸਨ। ਟੀਚਰ ਹਲਕੇ ਵਿੱਚੋਂ ਪ੍ਰੋਫੈਸਰ ਵਰਿਆਮ ਸਿੰਘ ਖਾਲਸਾ ਕਾਲਿਜ ਅੰਮ੍ਰਿਤਸਰ ਵਾਲੇ ਪਹਿਲੀ ਵਾਰ ਰੀਟਾਇਰ ਹੋਏ ਸਨ। ਗੁਰਚਰਨ ਸਿੰਘ ਕਿਸ਼ਨਪੁਰਾ ਵਾਲੇ ਉਸ ਵੇਲੇ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸਨ।ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਬੋਰਡ ਟੀਚਰ ਯੂਨੀਅਨ ਨੇ ਅਪਣੀਆਂ ਮੰਗਾਂ ਲਈ ਪੰਜਾਬ ਭਰ ਵਿੱਚ ਇਕ ਸ਼ਕਤੀਸ਼ਾਲੀ ਮੁਕੰਮਲ ਹੜਤਾਲ ਕੀਤੀ ਸੀ।ਉਹ ਹੜਤਾਲ ਨੂੰ ਤੱਤਕਾਲੀਨ ਕੇਂਦਰੀ ਸਿਖਿਆ ਮੰਤ੍ਰੀ ਮੌਲਾਨਾ ਅਬੂ ਅਲ ਕਲਾਮ ਆਜ਼ਾਦ ਦੀ ਦਖਲ ਅੰਦਾਜ਼ੀ ਨਾਲ ਖਤਮ ਹੋਈ ਸੀ। ਜਿਹੜੇ ਕੁਝ ਟੀਚਰ ਸਮੇਤ ਗੁਰਚਰਨ ਸਿੰਘ ਪ੍ਰਧਾਨ ਦੇ ਇਹ ਬੇਨਤੀ ਕਰਨ ਆਏ ਸਨ ਕਿ ਜੇ ਇਹ ਖਾਲੀ ਹੋਈ ਸੀਟ ਕਿਸੇ ਕਾਲਿਜ ਟੀਚਰ ਦੀ ਬਜਾਏ ਪੰਜਾਬ ਬੋਰਡ ਟੀਚਰਜ਼ ਯੂਨੀਅਨ ਲਈ ਛੱਡ ਦਿਤੀ ਜਾਏ ਤਾਂ ਟੀਚਰਜ਼ ਯੂਨੀਅਨ ਦਾ ਅਮੈ. ਐਲ. ਸੀ. ਸਕੂਲ ਟੀਚਰਾਂ ਦੀ ਹੜਤਾਲ ਖੱਤਮ ਕਰਨ ਵਿੱਚ ਸਹਾਈ ਹੋ ਸਕੇਗਾ। ਮੋਗਾ ਦੀ ਕਮਿਊਨਿਸਟ ਪਾਰਟੀ ਨੇ ਪੰਜਾਬ ਦੀ ਕਮਿਊਨਿਸਟ ਪਾਰਟੀ ਨਾਲ ਗਲਬਾਤ ਕਰਨ ਲਈ ਕਿਹਾ, ਨਾਲ ਹੀ ਇਹ ਵੀ ਯਕੀਨ ਦਿਲਵਾਇਆ ਕਿ ਜ਼ਿਲਾ ਫੀਰੋਜ਼ਪੁਰ ਦੀ ਕਮਿਊਨਿਸਟ ਪਾਰਟੀ ਇਸ ਦੀ ਸਪੋਰਟ ਕਰੇਗੀ। ਇਸ ਤਰਾਂ ਕਿਉਂਕੇ ਪ੍ਰੋ. ਵਰਿਆਮ ਸਿੰਘ ਕਮਿਊਨਿਸਟ ਪਾਰਟੀ ਦੇ ਮੈਂਬਰ ਜਾਂ ਹਮਦਰਦ ਸਨ, ਕਮਿਊਨਿਸਟ ਪਾਰਟੀ ਪੰਜਾਬ ਦੀ ਮੁਦਾਖਲਤ ਸਦਕਾ, ਉਹ ਚੋਣ ਮੈਦਾਨ ਚੋਂ ਪਿੱਛੇ ਹਟ ਗਏ ਅਤੇ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਦੋ ਐਮ. ਐਲ. ਸੀ. ਚੁਣੇ ਗਏ, ਸ੍ਰ: ਗੁਰਚਰਨ ਸਿੰਘ ਕਿਸ਼ਨਪੁਰਾ ਕਲਾਂ ਅਤੇ ਰੋਹਤਕ ਦੇ ਊਦੇ ਸਿੰਘ ਮਾਨ।ਇਨ੍ਹਾਂ ਦੋਨਾਂ ਦੇ ਐਮ.ਐਲ.ਸੀ. ਚੁਣੇ ਜਾਣ ਨਾਲ ਪੰਜਾਬ ਬੋਰਡ ਟੀਚਰਜ਼ ਯੂਨੀਅਨ ਨੂੰ ਬੜੀ ਤਕਵੀਅਤ ਮਿਲੀ। ਸ੍ਰ: ਗੁਰਚਰਨ ਸਿੰਘ ਬੀ. ਏ. ਬੀ. ਟੀ. ਸਨ ਅਤੇ ਊਦੇ ਸਿੰਘ ਮਾਨ ਐਸ. ਵੀ. ਟੀਚਰ ਸਨ। ਇਸ ਲਈ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੀ ਕਿਆਦਤ ਗੁਰਚਰਨ ਸਿੰਘ ਹੋਰਾਂ ਦੇ ਹੱਥਾਂ ਵਿੱਚ ਹੀ ਰਹੀ।
ਗੁਰਚਰਨ ਸਿੰਘ ਦਾ ਪਿੰਡ ਕਿਸ਼ਨਪੁਰਾ ਕਲਾਂ ਜ਼ਿਲਾ ਫਿਰੋਜ਼ਪੁਰ ਵਿੱਚ ਸੀ ਅਤੇ ਮੋਗੇ ਤੋਂ ਦਸ ਬਾਰਾਂ ਮੀਲ ਸੀ। ਉਨ੍ਹਾਂ ਦਾ ਜ਼ਿਆਦਾ ਔਣ ਜਾਣ ਮੋਗੇ ਹੀ ਸੀ। ਮੋਗਾ ਸ਼ਹਿਰ ਵਿੱਚ ਚੰਗੀ ਦਾਣਾਂ ਮੰਡੀ ਸੀ, ਦੂਜੇ ਮੋਗਾ ਸਿਆਸੀ ਤੌਰ ਤੇ ਵੀ ਜਾਗ੍ਰਿਤ ਸੀ। ਸ੍ਰ: ਗੁਰਚਰਨ ਸਿੰਘ ਹੋਰਾਂ ਦਾ ਗਾਲਬਨ 1918 ਜਾਂ 1919 ਦਾ ਜਨਮ ਸੀ। ਉਨ੍ਹਾਂ ਨੇ ਬੀ. ਏ. ਡੀਐਮ. ਕਾਲਜ ਮੋਗਾ ਤੋਂ 1943 ਵਿੱਚ ਪਾਸ ਕੀਤੀ ਅਤੇ ਬੀ. ਟੀ. ਸਰਕਾਰੀ ਸੈਂਟਰਲ ਟਰੇਨਿੰਗ ਕਾਲਿਜ ਲਾਹੌਰ ਤੋ 1945 ਵਿੱਚ ਪਾਸ ਕੀਤੀ। ਬੀ. ਟੀ. ਪਾਸ ਕਰਨ ਉਪਰੰਤ ਉਹ ਡਿਸਟਿਕ ਬੋਰਡ ਫੀਰੋਜ਼ਪੁਰ ਦੇ ਸਕੂਲ ਕਿਸ਼ਨਪੁਰਾ ਵਿੱਚ ਟੀਚਰ ਨਿਯੁਕਤ ਹੋ ਗਏ ਸਨ। ਫੰਡਾਂ ਦੀ ਤੰਗੀ ਕਾਰਨ ਡਿਸਟਿਕ ਬੋਰਡਾਂ ਜਾਂ ਮਿਊਂਸੀਪਲ ਸਕੂਲਾਂ ਦੇ ਟੀਚਰਾਂ ਦੀ ਹਾਲਤ ਚੰਗੀ ਨਹੀਂ ਸੀ ਹੁੰਦੀ। ਸਰਕਾਰੀ ਸਕੂਲਾਂ ਦੇ ਮੁਕਾਬਲੇ ਤਨਖਾਹ ਸਕੇਲ ਵੀ ਘੱਟ ਹੁੰਦੇ ਸਨ। ਲੋਕਲ ਬਾਡੀ ਸਕੂਲਾਂ ਦੇ ਟੀਚਰਾਂ ਨੂੰ ਪੈਨਸ਼ਨ ਵੀ ਨਹੀਂ ਮਿਲਦੀ ਸੀ। ਰੀਟਾਇਰ ਹੋਣ ਉਪਰੰਤ ਟੀਚਰਾਂ ਦੀ ਹਾਲਤ ਬਹੁਤ ਮੰਦੀ ਹੁੰਦੀ ਸੀ। ਕੇਵਲ ਕੰਟਰੀ ਬਿਊਟਰੀ ਪ੍ਰਾਵੀਡੈਂਟ ਫੰਡ ਹੀ ਹੁੰਦਾ ਸੀ। ਰੀਟਾਇਰਮੈਂਰਟ ਉਪਰੰਤ ਗਰੈਚੁਟੀ ਵੀ ਨਹੀਂ ਹੁੰਦੀ ਸੀ। ਸੋ ਟੀਚਰ ਨਿੱਕੇ ਮੋਟੇ ਕੰਮ ਕਰਕੇ ਗੁਜ਼ਾਰਾ ਕਰਨ ਲਈ ਮਜ਼ਬੂਰ ਹੁੰਦੇ ਸਨ। ਇਨ੍ਹਾਂ ਤੰਗੀਆਂ ਤੁਰਸ਼ੀਆਂ ਤੇ ਸਰਕਾਰੀ ਸਕੂਲਾਂ ਵਾਲੀਆਂ ਸਹੂਲਤਾਂ ਲੈਣ ਵਾਸਤੇ ਲੋਕਲ ਬਾਡੀ ਟੀਚਰਜ਼, ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਝੰਡੇ ਹੇਠ ਜਥੇਬੰਦ ਹੋ ਗਏ ਸਨ।
ਯੂਨੀਅਨ ਨੇ ਆਪਣੀਆਂ ਮੰਗਾਂ ਵਾਸਤੇ ਜਲਸੇ ਜਲੂਸ ਕਢਣੇ, ਅਧਿਕਾਰੀਆਂ ਨੂੰ ਮੰਗਪਤਰ ਦੇਣੇ ਅਤੇ ਮੈਮੋਰੈਂਡਮ ਭੇਜਣੇ ਪਰ ਆਗੂ ਕੋਈ ਦਲੁੇਰ, ਬੁੱਧੀਜੀਵੀ ਅਤੇ ਅੰਗ੍ਰੇਜ਼ੀ ਵਿੱਚ ਪ੍ਰਾਬੀਨ ਹੋਣਾ ਚਾਹੀਦਾ ਸੀ।ਕਿਉਂਕਿ ਉਸ ਸਮੇਂ ਜਿਆਦਾ ਕੰਮ ਅੰਗਰੇਜ਼ੀ ਵਿੱਚ ਹੀ ਹੁੰਦਾ ਸੀ ਸ੍ਰ: ਗੁਰਚਰਨ ਸਿੰਘ ਦਲੇਰ ਅਤੇ ਸਾਹਸੀ ਭੀ ਸਨ ਅਤੇ ਅੰਗ੍ਰੇਜ਼ੀ ਫਾਰਸੀ ਜਬਾਨਾਂ ਦੇ ਮਾਹਰ ਵੀ ਸਨ।ਸ੍ਰ: ਗੁਰਚਰਨ ਸਿੰਘ ਨੇ ਇਨ੍ਹਾਂ ਮੁਸ਼ਕਲ ਹਾਲਾਤਾਂ ਵਿੱਚ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੀ ਤਿੰਨ ਸਾਲ ਪ੍ਰਧਾਨਗੀ ਕੀਤੀ ਅਤੇ ਟੀਚਰਜ਼ ਲਹਿਰ ਨੂੰ ਸਿਖਰ ਤੇ ਲੈ ਗਿਆ। 1953 ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਹੀ ਪੰਜਾਬ ਦੇ ਬੋਰਡ ਟੀਚਰਜ਼ ਨੇ 1953 ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਹੀ ਪੰਜਾਬ ਦੇ ਬੋਰਡ ਟੀਚਰਜ਼ ਨੇ ਸ਼ਕਤੀਸ਼ਾਲੀ ਲੰਮੀ ਹੜਤਾਲ ਕੀਤੀ ਅਤੇ ਉਸ ਸਮੇਂ ਦੇ ਸਵ: ਮੌਲਾਨਾ ਅਬੂ- ਅਲ ਕਲਾਂਮ ਆਜ਼ਾਦ ਕੇਂਦਰੀ ਸਿਖਿਆ ਮੰਤ੍ਰੀ ਦੀ ਮੁਦਾਖਲਤ ਕਾਰਨ ਇਹ ਹੜਤਾਲ ਸਮਾਪਤ ਹੋਈ ਸੀ ਅਤੇ ਤਨਖਾਹ ਸਕੇਲਾਂ ਵਿੱਚ ਕੁਝ ਸੁਧਾਰ ਆਇਆ ਅਤੇ ਸਕੂਲਾਂ ਨੂੰ ਪ੍ਰਾਵਿੰਸ਼ਲਾਈਜ਼ ਕਰਨ ਦਾ ਵੀ ਵਚਨ ਦਿਤਾ ਗਿਆ ਸੀ। ਪਰ ਪੰਜਾਬ ਸਰਕਾਰ ਲੋਕਲ ਬਾਡੀ ਟੀਚਰਜ਼ ਨਾਲ ਕੀਤੇ ਵਾਅਦੇ ਪੂਰੇ ਕਰਨੋ ਆਨਾ ਕਾਨੀ ਕਰਨ ਲੱਗੀ। ਮੌਲਾਨਾ ਆਜ਼ਾਦ ਪੰਜਾਬ ਦੇ ਮਸਲਿਆਂ ਦੇ ਇੰਚਾਰਜ ਸਨ ਅਤੇ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤ੍ਰੀ ਬਣ ਗਏ। ਮੌਲਾਨਾ ਆਜ਼ਾਦ ਨਾਲ ਪ੍ਰਤਾਪ ਸਿੰਘ ਵਿਰੋਧੀ ਧੜੇ ਜਿਵੇਂ ਪ੍ਰਬੋਧ ਚੰਦਰ, ਗੋਪੀਚੰਦ ਭਾਰਗੋ ਨਾਲ ਸਬੰਧ ਸੁਖਾਵੇਂ ਸਨ। ਇਸ ਲਈ ਵੀ ਰਾਜਨੀਤੀ ਪੱਖੋਂ ਪ੍ਰਤਾਪ ਸਿੰਘ ਕੈਰੋਂ, ਮੌਲਾਨਾ ਆਜ਼ਾਦ ਦਾ ਵਕਾਰ ਘਟਾਉਣਾ ਚਾਹੁੰਦੇ ਸਨ। ਇਸ ਦੌਰਾਨ ਸ੍ਰ: ਗੁਰਚਚਨ ਸਿੰਘ 1954 ਤੋਂ ਐਮ. ਐਲ. ਸੀ. ਬਣ ਚੁਕੇ ਸਨ। ਉਨ੍ਹਾਂ ਦੇ ਸਬੰਧ ਹਿੰਦ ਸਮਾਚਾਰ ਦੇ ਐਡੀਟਰ ਲਾਲਾ ਜਗਤ ਨਰਾਇਣ ਨਾਲ ਵੀ ਚੰਗੇ ਸਨ। ਪ੍ਰਤਾਪ ਸਿੰਘ ਕੈਰੋਂ ਲਾਲਾ ਜੀ ਦੇ ਵਿਰੋਧੀ ਸਨ। ਇਨ੍ਹਾਂ ਸਥਿਤੀਆਂ ਵਿੱਚ ਕਈ ਰਾਜਨੀਤਕ ਹਲਕੇ ਗੁਰਚਰਨ ਸਿੰਘ ਨੂੰ ਨੀਚਾ ਦਿਖਾਉਣਾ ਚਾਹੁੰਦੇ ਸਨ। ਇਕ ਵਾਰ ਪ੍ਰਤਾਪ ਸਿੰਘ ਕੈਰੋਂ ਕਿਸ਼ਨਪੁਰਾ ਕਲਾਂ ਦਾ ਦੌਰਾ ਕਰਨ ਆਏ। ਪੰਚਾਇਤ ਸ੍ਰ: ਗੁਰਚਰਨ ਸਿੰਘ ਦੀ ਉਂਠ ਰਹੀ ਰਾਜਨੀਤਕ ਸ਼ਕਤੀ ਤੋਂ ਪ੍ਰੇਸ਼ਾਨ ਸੀ।ਪਿੰਡ ਵਿੱਚ ਕਿਸੇ ਬੁੱਧੀਜੀਵੀ ਦਾ ਨੇਤਾ ਬਣਨਾ ਮੁਸ਼ਕਲ ਹੁੰਦਾ ਹੈ ਕਿਉਂਕੇ ਉਹ ਪੜ੍ਹਾਈ ਕਰਨ ਸਮੇਂ ਪਿੰਡੋਂ ਬਾਹਰ ਰਿਹਾ ਹੁੰਦਾ ਹੈ ਅਤੇ ਜੇ ਮੁਲਾਜ਼ਮ ਬਣੇ ਤਾਂ ਵੀ ਉਸ ਨੇ ਪਿੰਡੋਂ ਬਾਹਰ ਹੀ ਰਹਿਣਾ ਹੋਇਆ। ਪਿੰਡ ਦੀ ਪੰਚਾਇਤ ਨੇ ਸ੍ਰ: ਗੁਰਚਰਨ ਸਿੰਘ ਦੇ ਵਿਰੁੱਧ ਇਕ ਮਤਾ ਪਾਸ ਕੀਤਾ ਜਿਹੜਾ ਕਿ ਸਾਰੇ ਸਕੂਲਾਂ ਨੂੰ ਛਾਪ ਕੇ ਭੇਜਿਆ ਗਿਆ ਤਾਂ ਜੋ ਟੀਚਰ ਉਨ੍ਹਾਂ ਦੇ ਵਿਰੁਧ ਵੋਟ ਪਾਉਣ। ਮੁਖ ਮੰਤ੍ਰੀ ਕੈਰੋਂ ਪਾਸ ਉਨ੍ਹਾਂ ਦੇ ਵਿਵਹਾਰ ਵਿਰੁੱਧ ਸ਼ਕਾਇਤ ਕੀਤੀ ਗਈ। ਪਰ ਗੁਰਚਰਨ ਸਿੰਘ ਫਿਰ ਵੀ ਬੜੀ ਸ਼ਾਨ ਨਾਲ ਜਿੱਤੇ, ਕਿਉਂਕਿ ਪਿੰਡ ਦੀ ਸਿਆਸਤ ਨੇ ਬੁੱਧੀਜੀਵੀ ਤਬਕੇ ਤੇ ਕੋਈ ਮੰਦਾ ਪ੍ਰਭਾਵ ਨਾ ਪਾਇਆ। ਉਨ੍ਹਾਂ ਨੂੰ ਪਤਾ ਸੀ ਕਿ ਸ੍ਰ: ਗੁਰਚਰਨ ਸਿੰਘ ਨੇ ਉਨ੍ਹਾਂ ਨੂੰ ਸਹੂਲਤਾਂ ਦਿਵਾਉਣ ਵਾਸਤੇ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਦੀ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰਨ ਵਾਸਤੇ ਨੌਕਰੀ ਤੋਂ ਅਸਤੀਫਾ ਦੇ ਦਿਤਾ। ਮੇਰੇ ਸ੍ਰ:ਗੁਰਚਰਨ ਸਿੰਘ ਹੋਰਾਂ ਨਾਲ ਸਬੰਧ ਬੜੇ ਚੰਗੇ ਹੁੰਦੇ ਸਨ। ਇਕ ਵਾਰ ਜਦੋਂ ਉਨ੍ਹਾਂ ਦੀ ਚੋਣ ਹੋਣੀ ਸੀ ਤਾਂ ਮੈਨੂੰ ਮੋਗੇ ਮਿਲੇ ਅਤੇ ਅਸੀਂ ਚਾਹ ਪੀਣ ਇਕ ਰੈਸਟੋਰੈਂਟ ਵਿੱਚ ਚਲੇ ਗਏ ਚਾਹ ਪੀਂਦਿਆਂ ਮੈਨੂੰ ਗੁਰਚਰਨ ਸਿੰਘ ਹੋਰੀਂ ਕਹਿਣ ਲੱਗੇ ਕਿ ਸ੍ਰ: ਮਨਜੀਤ ਸਿੰਘ ਜੇ ਮੈਂ ਐਮ. ਐਲ. ਸੀ. ਦੀ ਚੋਣ ਜਿਤ ਗਿਆ ਤਾਂ ਸਮਝੋ ਕਿ ਤੁਸੀਂ ਹੀ ਜਿਤ ਗਏ ਹੋ। ਮੈਨੂੰ ਵਿਧਾਨ ਸਭਾ ਦਾ ਲੈਟਰ ਪੈਡ ਦੇ ਕੇ ਕਹਿਣ ਲੱਗੇ ਇਸ ਪੈਡ ਤੇ ਕਿਸੇ ਵੀ ਅਫਸਰ ਨੂੰ ਕਿਸੇ ਕੰਮ ਲਈ ਚਿੱਠੀ ਲਿਖ ਦੇਵੋ ਤਾਂ ਮੈਂ ਚਿੱਠੀ ਨੂੰ ਆਪਣੇ ਵਲੋਂ ਹੀ ਲਿੱਖੀ ਕਹਾਂਗਾ। ਸ਼ੁਰੂ ਸ਼ੁਰੂ ਵਿੱਚ ਮੈਂ ਉਸਦੇ ਵਿਰੁੱਧ ਸੀ। ਕਈ ਹਲਕੇ ਮੈਨੂੰ ਉਸ ਵਿਰੁੱਧ ਚੋਣ ਲੜਣ ਲਈ ਵੀ ਉਕਸਾਂੳਦੇ ਸਨ ਪਰ ਮੈਂ ਸੋਚਿਆ ਕਿ ਉਹ ਟੀਚਰ ਭਲਾਈ ਲਈ ਹੀ ਲੜ ਰਿਹਾ ਹੈ। ਇਹ ਲੜਾਈ ਟੀਚਰਾਂ ਦੀ ਏਕਤਾ ਭੰਗ ਕਰੇਗੀ। ਏਕਤਾ ਬਿਨਾਂ ਕੋਈ ਲੜਾਈ ਜਿਤੀ ਨਹੀਂ ਜਾ ਸਕਦੀ। ਯਾਦਾਂ ਤਾਂ ਉਨ੍ਹਾਂ ਨਾਲ ਬਹੁਤ ਜੁੜੀਆਂ ਹਨ। ਪਰ ਇਥੇ ਮੇਰਾ ਮਕਸਦ ਉਨ੍ਹਾਂ ਦੀ ਸਖਸ਼ੀਅਤ ਦੀ ਰੂਨਮਾਈ ਕਰਨੀ ਹੈ। ਉਹ 1945 ਤੋਂ ਲੈ ਕੇ 1980 ਤੱਕ ਐਮ. ਐਲ. ਸੀ. ਰਹੇ ਜਦੋਂ ਤੱਕ ਕਿ ਪੰਜਾਬ ਲੈਜਿਸਲੇਟਿਵ ਕਾਊਂਸਲ ਭੰਗ ਨਾ ਕਰ ਦਿਤੀ ਗਈ। 1956 ਵਿੱਚ ਉਨ੍ਹਾਂ ਨੇ ਬੋਰਡ ਟੀਚਰਜ਼ ਦੀ ਭਲਾਈ ਵਾਸਤੇ ਆਖਰੀ ਵੱਡੀ ਲੜਾਈ ਲੜੀ। ਚੰਡੀਗੜ ਬੋਰਡ ਟੀਚਰਜ਼ ਨੇ ਇਕ ਬਹੁਤ ਵੱਡਾ ਜਲੂਸ ਕੱਢਿਆ ਅਤੇ ਬਹੁਤ ਵੱਡੀ ਰੈਲੀ ਕਰਕੇ 11 ਸੈਕਟਰ ਸਥਿਤ ਪੁਰਾਣੀ ਸੈਕਟਰੀਏਟ ਦੇ ਸਾਹਮਣੇ ਦੋਨਾਂ ਐਮ. ਐਲ. ਸੀ. ਨੇ ਤੰਬੂ ਲਗਾਕੇ ਭੁੱਖ ਹੜਤਾਲ ਸ਼ੁਰੂ ਕਰ ਦਿਤੀ।ਉਹ ਭੁੱਖ ਹੜਤਾਲੀ ਦੋਨੋਂ ਵਿਧਾਨ ਪ੍ਰੀਸ਼ਦ ਦੇ ਕਾਂਗਰਸੀ ਮੈਂਬਰ ਸਨ। ਦੋਨੋਂ ਐਮ. ਐਲ. ਸੀ. ਬਣਨ ਉਪਰੰਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।ਇਸ ਵਾਸਤੇ ਦੋ ਕਾਂਗਰਸੀ ਵਿਧਾਇਕਾਂ ਦਾ ਭੁੱਖ ਹੜਤਾਲ ਤੇ ਬੈਠਣਾ ਆਂਮ ਕਾਂਗਰਸੀ ਮੈਂਬਰਾਂ ਲਈ ਅਤੇ ਹਾਈ ਕਮਾਂਡ ਲਈ ਇਕ ਚਿੰਤਾ ਦਾ ਵਿਸ਼ਾ ਬਣ ਗਿਆ।ਮੈਂ ਵੀ ਦੋ ਚਾਰ ਦਿਨ ਭੁੱਖ ਹੜਤਾਲੀ ਕੈਂਪ ਵਿੱਚ ਰਿਹਾਂ। ਮੈਂ ਉਸ ਵੇਲੇ ਗੁਰਚਰਨ ਸਿੰਘ ਹੋਰਾਂ ਦੀ ਅੰਗਰੇਜ਼ੀ ਡਰਾਫਟਿੰਗ ਦੀ ਕਮਾਲ ਦੇਖੀ। ਹਰਦੇਵ ਸਿੰਘ ਡਾਲਾ ਉਸ ਸਮੇਂ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਜਨਰਲ ਸਕਤਰ ਸਨ। ਗੁਰਚਰਨ ਸਿੰਘ ਹੋਰਾਂ ਨੇ ਭੁੱਖ ਹੜਤਾਲ ਤੇ ਪਿਆਂ ਹੀ ਸ੍ਰ: ਹਰਦੇਵ ਸਿੰਘ ਨੂੰ ਮੌਲਾਨਾ ਆਜ਼ਾਦ ਨੂੰ ਮੈਮੋਰੈਂਡਮ ਡਰਾਫਟ ਕਰਕੇ ਭੇਜਣ ਲਈ ਡਿਕਟੇਸ਼ਨ ਦੇਣੀ ਅਤੇ ਕਾਪੀਆਂ ਹੋਰ ਅਧਿਕਾਰੀਆਂ ਨੂੰ ਵੀ ਭੇਜੀਆਂ, ਨਾਲ ਹੀ ਮੈਮੋਰੈਂਡਮ ਦੀਆਂ ਕਾਪੀਆਂ ਅਖਬਾਰਾਂ ਨੂੰ ਵੀ ਭਿਜਵਾਈਆਂ। ਮੁੱਖ ਮੰਤ੍ਰੀ ਪ੍ਰਤਾਪ ਸਿੰਘ ਕੈਰੋਂ ਬੜਾ ਅਖੱੜ ਅਤੇ ਸਖਤ ਮੰਨਿਆ ਜਾਂਦਾ ਸੀ।ਉਸਨੇ ਦੋਹਾਂ ਵਿਧਾਨਕਾਰਾਂ ਦੀ ਭੁੱਖ ਹੜਤਾਲ ਨੂੰ ਅਣਗੌਲਿਆ ਹੀ ਕਰ ਦਿਤਾ। ਮੁੱਖ ਮੰਤ੍ਰੀ ਦਾ ਕਹਿਣਾ ਸੀ ਕਿ ਜੇ ਇਹ ਮਰ ਗਏ ਤਾਂ ਇਨ੍ਹਾਂ ਦੀ ਯਾਦ ਵਿੱਚ ਇਕ ਸਮਾਧ ਬਣਵਾ ਦਿਆਂਗੇ। ਕਦੀ ਲੰਘਦਿਆਂ ਮੇਂ ਵੀ ਮੱਥਾ ਟੇਕ ਜਇਆ ਕਰਾਂਗਾ।
ਦੋ ਚਾਰ ਦਿਨ ਬਾਅਦ ਸਵ: ਡਾ: ਜਗਜੀਤ ਸਿੰਘ ਚੌਹਾਨ ਵੀ ਆ ਗਏ ਉਸਨੇ ਕਿਹਾ ਕਿ ਭੁੱਖ ਹੜਤਾਲੀਆਂ ਦੀ ਹਾਲਤ ਦੀ ਨਜ਼ਾਕਤ ਨੂੰ ਮੀਡੀਏ ਵਿੱਚ ਨਸ਼ਰ ਕਰਾਂਗੇ ਤਾਂ ਹੀ ਗੱਲ ਬਣੇਗੀ। ਸੋ ਉਸ ਨੇ ਦੋਨਾਂ ਭੁਖਹੜਤਾਲੀਆਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਕੇ ਰੀਪੋਰਟ ਲਿਖ ਦਿਤੀ। ਦੋਹਾਂ ਭੁਖ ਹੜਤਾਲੀਆਂ ਦੀ ਹਾਲਤ ਨਾਜ਼ਕ ਹੈ। ਦੋਨਾਂ ਦੇ ਭਾਰ ਘੱਟ ਗਿਆ ਹੈ । ਪੇਸ਼ਾਬ ਵਿੱਚ ਚਰਬੀ ਆਦਿ ਆ ਰਹੀ ਹੈ। ਦਿਲ ਵੀ ਪ੍ਰਭਾਵਤ ਹੋ ਰਿਹਾ ਹੈ। ਜਿਗਰ ਨੂੰ ਵੀ ਨੁਕਸਾਨ ਹੋ ਰਿਹਾ ਹੈ। ਕਿਡਨੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਜਦੋਂ ਇਹ ਰੀਪੋਰਟ ਪ੍ਰੈਸ ਵਿੱਚ ਛਪੀ ਸਵ:ਮੌਲਾਨਾ ਆਜ਼ਾਦ ਨੇ ਯੂਨੀਅਨ ਨੇਤਾਵਾਂ ਸਮੇਤ ਮੁੱਖ ਮੰਤ੍ਰੀ ਨੂੰ ਗੱਲ ਬਾਤ ਲਈ ਆਪਣੇ ਮੰਤਰਾਲੇ ਵਿੱਚ ਬੁਲਾ ਲਿਆ।ਉਸ ਵੇਲੇ ਦੇ ਡੀ. ਪੀ. ਆਈ. ਜੋਸ਼ੀ ਨੂੰ ਵੀ ਨਾਲ ਹੀ ਬੁਲਾ ਲਿਆ। ਮੁਕਦੀ ਗਲ ਕਿ ਮੌਲਾਨਾਂ ਆਜ਼ਾਦ ਦੀ ਹਾਜ਼ਰੀ ਵਿੱਚ ਮੁੱਖ ਮੰਤ੍ਰੀ ਪੰਜਾਬ ਨੇ ਲੋਕਲ ਬਾਡੀ ਸਕੂਲ ਆਮ ਚੋਣਾ ਉਪਰੰਤ ਪ੍ਰਾਵਿੰਸ਼ਲਾਈਜ਼ ਕਰਨੇ ਮੰਨ ਲਏ। ਚੋਣਾਂ ਵੀ ਹੋ ਗਈਆਂ ਪਰ ਪੰਜਾਬ ਸਰਕਾਰ ਟੱਸ ਤੋਂ ਮੱਸ ਨਾ ਹੋਈ । ਯੂਨੀਅਨ ਨੇ ਫੇਰ ਦਿੱਲੀ ਜਾ ਕੇ ਮੌਲਾਨਾ ਅਜ਼ਾਦ ਕੇਂਦਰੀ ਸਿਖਿਆ ਮੰਤ੍ਰੀ ਦੀ ਕੋਠੀ ਅੱਗੇ ਰੈਲੀ ਕਰਕੇ ਭੱਖ ਹੜਤਾਲ ਦਾ ਐਲਾਨ ਕਰ ਦਿਤਾ। ਮੌਲਾਨਾ ਆਜ਼ਾਦ ਨੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰੀ ਸਟੇਟ ਐਜੂਕੇਸ਼ਨ ਮੰਤ੍ਰੀ ਸ੍ਰੀ ਮਾਲੀ ਨੂੰ ਚੰਡੀਗੜ੍ਹ ਲੋਕਲ ਬਾਡੀ ਸਕੂਲ ਪ੍ਰੋਵਿੰਸ਼ਲਾਈਜ਼ ਕਰਨ ਦੇ ਵਾਅਦੇ ਨੂੰ ਅਮਲੀਜਾਮਾਂ ਪਹਿਨਾਉਣ ਵਾਸਤੇ 1.10.1957. ਤੋਂ ਕਰਨ ਲਈ ਭੇਜ ਦਿਤਾ ਅਤੇ ਪੰਜਾਬ ਸਰਕਾਰ ਨੇ ਲੋਕਲ ਬਾਡੀ ਸਕੂਲਾਂ ਨੂੰ ਪ੍ਰਾਵਿੰਸ਼ਲਾਈਜ਼ ਕਰਨ ਦਾ ਨੋਟੀਫੀਕੇਸ਼ਨ ਜਾਰੀ ਕਰ ਦਿਤਾ। ਇਸ ਤਰਾਂ ਪੰਜਾਬ ਦੇ ਹਜ਼ਾਰਾਂ ਟੀਚਰਾਂ ਨੂੰ ਤਨਖਾਹ, ਤਨਖਾਹ ਸਕੇਲਾਂ, ਪੈਂਸ਼ਨ, ਗਰੈਚੁਟੀ ਦੇ ਸੰਬਧ ਵਿੱਚ ਸਰਕਾਰੀ ਸਕੂਲ ਟੀਚਰਾਂ ਦੇ ਬਰਾਬਰ ਹੋ ਗਏ। ਅਤੇ ਨਿਤ ਨਿਤ ਦਾ ਕਲੇਸ਼ ਮੁੱਕ ਗਿਆ।
ਇਸ ਤਰਾਂ ਗੁਰਚਰਨ ਸਿੰਘ ਦੀ ਸੁਚੱਜੀ ਅਗਵਾਈ ਵਿੱਚ ਹਜ਼ਾਰਾਂ ਟੀਚਰਾਂ ਨੂੰ ਸਰਕਾਰੀ ਸਕੂਲ ਟੀਚਰਾਂ ਵਾਲੇ ਸਾਰੇ ਲਾਭ ਪ੍ਰਾਪਤ ਹੋ ਗਏ। ਇਸ ਤਰਾਂ ਪਹਿਲਾਂ ਪੰਜਾਬ ਸਿਵਲ ਸਰਵਿਸਜ਼ ਦੇ ਰੂਲਜ਼ ਅਨੁਸਾਰ ਜਿਨ੍ਹਾਂ ਦੀ ਸਰਕਾਰੀ ਨੌਕਰੀ ਦਸ ਸਾਲ ਬਣਦੀ ਸੀ ਉਹੋ ਹੀ ਪੈਨਸ਼ਨ ਲੈ ਸਕਦੇ ਸੀ ਇਸ ਤੋਂ ਘੱਟ ਸਰਵਿਸ ਵਾਲੇ ਨਹੀਂ। ਲਸ਼ਮਣ ਸਿੰਘ ਗਿੱਲ ਦੀ ਵਜ਼ਾਰਤ ਸਮੇਂ ਜਿਸ ਵਿੱਚ ਡਾ: ਜਗਜੀਤ ਸਿੰਘ ਚੌਹਾਨ ਵਿੱਤ ਮੰਤ੍ਰੀ ਸਨ ਅਤੇ ਉਨ੍ਹਾਂ ਦਾ ਵੱਡਾ ਭਰਾ ਅਮਰੀਕ ਸਿੰਘ ਉਸ ਸਮੇਂ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦਾ ਪ੍ਰਧਾਨ ਸੀ ਅਤੇ ਸ੍ਰ: ਗੁਰਚਰਨ ਸਿੰਘ ਨਾਲ ਵੀ ਡਾਕਟਰ ਚੌਹਾਨ ਦੇ ਸਬੰਧ ਬੜੇ ਦੋਸਤਾਨਾਂ ਸੀ।ਇਕ ਅੰਤਲਾ ਹੱਲਾ ਮਾਰ ਕੇ ਸਾਰੇ ਪ੍ਰਵਿੰਸ਼ਲਾਈਜ਼ ਟੀਚਰ, ਪੈਨਸ਼ਨ ਦੇ ਹਕੱਦਾਰ ਹੋ ਗਏ ਪਰ ਸ਼ਰਤ ਕਿ ਉਹ ਲੋਕਲਬੌਡੀ ਹਿੱਸੇ ਦਾ ਸੀ. ਪੀ. ਐਫ. ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦੇਣ। ਇਕ ਵਾਰ ਫਿਰ ਵੀ ਕੋਠਾਰੀ ਕਮਿਸ਼ਨ ਲਾਗੂ ਕਰਾਉਣ ਵਾਸਤੇ ਭੱਖ ਹੜਤਾਲ ਕੀਤੀ ਜਿਸ ਵਿੱਚ ਗੋਪਾਲ ਕ੍ਰਿਸ਼ਨ ਚਤਰਥ ਐਮ. ਐਲ ਸੀ. ਵੀ ਸ਼ਾਮਲ ਸੀ ਇ੍ਹਨਾਂ ਭੁੱਖ ਹੜਤਾਲਾਂ ਦਾ ਗੁਰਚਰਨ ਸਿੰਘ ਦੀ ਸਿਹਤ ਤੇ ਮਾੜਾ ਪ੍ਰਭਾਵ ਪਿਆ ਅਤੇ ਬਲੱਡ ਪ੍ਰੈਸ਼ਰ ਰਹਿਣ ਲਗ ਪਿਆ।ਗੁਰਚਰਨ ਸਿੰਘ ਦੀ ਕੁਰਬਾਨੀ ਅਤੇ ਅਗਵਾਈ ਨੇ ਟੀਚਰਾਂ ਦੀ ਕਾਇਆ ਕਲਪ ਕਰ ਦਿਤੀ।
ਕਈ ਵਾਰ ਜਦੋਂ ਮੈਂ ਪੰਜਾਬ ਜਾਂਦਾ ਹਾਂ ਤਾਂ ਉਨ੍ਹਾਂ ਦੇ ਪਿੰਡ ਦਾ ਇਕ ਟੀਚਰ ਬਰਕਤ ਰਾਮ ਜਿਹੜਾ ਕਦੀ ਉਸ ਦੇ ਵਿਰੁੱਧ ਹੁੰਦਾ ਸੀ, ਮੈਨੂੰ ਕਹਿੰਦਾ ਹੁੰਦਾ ਹੈ,ਟੀਚਰਾਂ ਨੂੰ ਸ੍ਰ: ਗੁਰਚਰਨ ਸਿੰਘ ਦੀ ਕੋਈ ਯਾਦਗਾਰ ਬਣਾਉਣ ਲਈ ਪ੍ਰੇਰਨਾ ਦੇ ਕੇ ਜਾਇਓ, ਤੁਹਾਡੇ ਬਿਨਾਂ ਤਾਂ ਕਿਸੇ ਨੇ ਉਂਤਾ ਨਹੀਂ ਵਾਚਣਾ। ਸਾਡੇ ਵਰਗਿਆਂ ਨੂੰ ਕਿਂਥੇ ਪੈਨਸ਼ਨਾਂ ਤੇ ਹੋਰ ਸਹੂਲਤਾਂ ਮਿਲਣੀਆਂ ਸਨ। ਪਤਾ ਨਹੀਂ ਟੀਚਰ ਕਿੳਂ ਅਹਿਸਾਨ ਫਰਾਮੋਸ਼ ਹਨ।ਮਾਸਟਰ ਬਰਕਤ ਰਾਮ ਦੀ ਉਮਰ ਇਸ ਵੇਲੇ ਲਗ ਭਗ 97 ਸਾਲ ਦੀ ਹੋਵੇਗੀ। ਪਰ ਅੱਜ ਵੀ ਸ੍ਰ: ਗੁਰਚਰਨ ਸਿੰਘ ਦੲ ਰਿਣ ਚਕਾਉਣ ਲਈ ਉਤਾਵਲੇ ਹਨ।
ਇਕ ਗੱਲ ਹੋਰ ਜਿਸ ਤੋਂ ਉਸਦੇ ਵਿਰੋਧੀ ਤ੍ਰਹਿੰਦੇ ਸਨ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਕਮੇਟੀ ਦੇ 1959 ਤੱਕ ਦੋ ਸਾਲ ਮੈਂਬਰ ਵੀ ਰਹੇ ਅਤੇ ਉਨ੍ਹਾਂ ਦੀ ਕਾਂਗਰਸ ਵਿਂਚ ਵਧ ਰਹੀ ਸ਼ਕਤੀ ਤੋਂ ਭੈਭੀਤ ਸਨ। ਪਰ ਇਹ ਪਦਵੀ ਟੀਚਰ ਵਰਗ ਦੀ ਹਾਲਤ ਵਿੱਚ ਵੀ ਸਹਾਈ ਹੁੰਦੀ ਸੀ।ਉਸ ਨੇ ਬਤੌਰ ਮੈਂਬਰ ਵਿਧਾਨ ਪ੍ਰੀਸ਼ਦ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਹੋਣ ਦਾ ਕੋਈ ਨਿੱਜੀ ਲਾਭ ਨਾਲੋਂ ਟੀਚਰ ਵਰਗ ਨੂੰ ਵਧੇਰੇ ਲਾਭ ਲੈ ਕੇ ਦਿੱਤੇ
ਸ੍ਰ: ਗੁਰਚਰਨ ਸਿੰਘ ਦੀ ਪੰਜਾਬ ਦੇ ਟੀਚਰਾਂ ਨੂੰ ਇਕ ਬਹੁਤ ਵੱਡੀ ਦੇਣ ਹੈ। ਇਸ ਤਰ੍ਹਾਂ ਉਹ ਟੀਚਰ ਵਰਗ ਦੇ ਮਸੀਹਾ ਸਨ।
ਟੀਚਰਾਂ ਦਾ ਇਹ ਮਸੀਹਾ ਲਗ ਭਗ 73-74 ਸਾਲ ਦੀ ੳਮਰ ਭੋਗ ਕੇ 23 ਦਸੰਬਰ 1993 ਨੂੰ ਸਦੀਵੀ ਵਿਛੋੜਾ ਦੇ ਗਏ।
000000000

Post a Comment