ਜਦੋਂ ਇੱਕ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ.......... ਲੇਖ਼ / ਰਾਜੂ ਹਠੂਰੀਆ


ਪੈਸਾ ਵੀ ਕੀ ਚੀਜ਼ ਹੈ,ਇਹਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ੍ਹਾਂ ਵੀ ਮਿਲ ਜਾਵੇ ਉਸ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ। ਪਰ ਜਿੰਨ੍ਹਾਂ ਦਾ ਸਬਰ ਹਿੱਲਿਆ ਹੋਵੇ ਉਹ ਦਿਨਾਂ ਵਿੱਚ ਹੀ ਲੱਖਾਂਪਤੀ ਤੇ ਫਿਰ ਕਰੋੜਾਂਪਤੀ ਬਨਣ ਦੀ ਸੋਚਦੇ ਹਨ। ਗੱਲ ਕੀ ਨੜਿਨਵੇਂ ਦੇ ਗੇੜ ਵਿੱਚ ਪੈ ਜਾਂਦੇ ਹਨ। ਫਿਰ ਨਾ ਉਹਨਾਂ ਦਾ ਸੌ ਪੂਰਾ ਹੁੰਦਾ ਹੈ ਤੇ ਨਾ ਉਹ ਸੰਤੁਸ਼ਟ ਹੁੰਦੇ ਹਨ।
ਪਿਛਲੇ ਕੁਝ ਸਾਲਾਂ ਤੋਂ ਇਹਨਾਂ ਲੋਕਾਂ ਲਈ ਇਟਲੀ ਬੜਾ ਸਹਾਈ ਹੋਇਆ ਹੈ। ਕਿੳਂੁਕਿ ਇਹਨਾਂ ਸਾਲਾਂ ਵਿੱਚ ਇੱਥੇ ਕਈ ਵਾਰੀ ਵਿਦੇਸ਼ੀਆਂ ਨੂੰ ਪੱਕੇ ਤੌਰ 'ਤੇ ਆਉਣ ਲਈ ਪੇਪਰ ਖੋਲੇ ਗਏ। ਇਹਨਾਂ ਲੋਕਾਂ ਪੈਸਾ ਇਕੱਠਾ ਕਰਨ ਲਈ ਏਜੰਟ ਬਣਕੇ ਇਟਲੀ ਆਉਣ ਦੇ ਚਾਹਵਾਨਾਂ ਦੀ ਬੜੀ ਛਿੱਲ ਲਾਹੀ ਤੇ ਲਾਹ ਰਹੇ ਹਨ। ਜੇ ਪੰਜਾਬੀ ਦੇ ਸਿੱਧੇ ਸਾਦੇ ਸ਼ਬਦਾਂ ਵਿੱਚ ਕਹਿ ਲਈਏ ਕਿ ਇਹਨਾਂ ਦਲਾਲਪੁਣੇ ਵਿੱਚ ਬੜਾ ਪੈਸਾ ਕਮਾਇਆ। ਦਲਾਲ ਸ਼ਬਦ ਕਹਿਣ ਸੁਨਣ ਨੂੰ ਥੋੜਾ ਕੌੜਾ ਹੈ। ਪਰ ਜੇ ਮੈਂ ਗਲਤ ਨਾ ਹੋਵਾਂ ਤਾਂ ਪੰਜਾਬ ਵਿੱਚ ਜਦੋਂ ਕੋਈ ਦੋ ਧਿਰਾਂ ਵਿਚਕਾਰ ਪੈ ਕੇ, ਪੈਸੇ ਲੈ ਕੇ ਕੋਈ ਕੰਮ ਕਰਵਾਉਂਦਾ ਹੈ ਤਾਂ ਉਸ ਨੂੰ ਦਲਾਲ ਹੀ ਕਹਿੰਦੇ ਹਨ। ਖੈ਼ਰ ਸ਼ਬਦ ਨਾਲ ਕੋਈ ਫਰਕ ਨਹੀਂ ਪੈਂਦਾ। ਕੰਮ ਤਾਂ ਜਿਹੜਾ ਹੈ ਓਹੀ ਰਹਿਣਾ। ਇਸ ਸਮੇਂ ਦੋਰਾਨ ਜਿੱਥੇ ਇਹ ਲੋਕ ਪੈਸੇ ਕਮਾਉਣ ਵਿੱਚ ਲੱਗੇ ਹੋਏ ਸਨ ਉੱਥੇ ਕਈਆਂ ਇਨਸਾਨੀਅਤ ਦੇ ਤੌਰ 'ਤੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੀ ਬਿਨਾਂ ਕਿਸੇ ਲਾਲਚ ਮੱਦਦ ਵੀ ਕੀਤੀ। ਪਰ ਮੈਂ ਅੱਜ ਗੱਲ ਕਰਨੀ ਚਾਹੁੰਨਾਂ ਜਿਹੜੇ ਏਜੰਟ ਬਣੇ ਹੋਏ ਹਨ।
ਇਹਨਾਂ ਵਿੱਚੋਂ ਕਈ ਤਾਂ ਇੱਥੋਂ ਦੇ ਹਾਲਾਤ ਆਉਣ ਵਾਲੇ ਨੂੰ ਸਹੀ-ਸਹੀ ਦੱਸਦੇ ਹਨ ਤੇ ਠੋਕ ਕੇ ਪੈਸੈ ਮੰਗਦੇ ਹਨ। ਫਿਰ ਆਉਣ ਵਾਲੇ ਦੀ ਮਰਜ਼ੀ,ਚਾਹੇ ਆਵੇ ਚਾਹੇ ਨਾ। ਪਰ ਬਹੁਤੀ ਗਿਣਤੀ ਉਹਨਾਂ ਦੀ ਹੈ ਜਿਹੜੇ ਇੱਥੋਂ ਦੇ ਹਾਲਾਤ ਇਸ ਢੰਗ ਨਾਲ ਪੇਸ਼ ਕਰਦੇ ਹਨ ਕਿ ਆਉਣ ਵਾਲਾ ਨਾਂਹ ਕਰ ਹੀ ਨਹੀਂ ਸਕਦਾ। ਆਉਣ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਉਹ ਇੱਥੇ ਆਕੇ 75 ਤੋਂ 80 ਹਜ਼ਾਰ ਤੱਕ ਕਮਾ ਲਵੇਗਾ। ਜਿਸ ਵਿੱਚੋਂ 25 ਤੋਂ 30 ਹਜ਼ਾਰ ਤੱਕ ਖਰਚ ਕਰਕੇ, 50 ਹਜ਼ਾਰ ਆਰਾਮ ਨਾਲ ਬਚਾ ਲਵੇਗਾ। ਆਉਣ ਵਾਲਾ ਝੱਟ ਯੂਰੋ ਨੂੰ ਰੁਪਈਆਂ ਨਾਲ ਜ਼ਰਬਾਂ ਦੇ ਕੇ, ਏਜੰਟ ਨੂੰ ਅੱਠ-ਦਸ ਲੱਖ ਦੇਣ ਲਈ ਤਿਆਰ ਹੋ ਜਾਂਦਾ ਹੈ। ਇਹ ਚਾਹੇ ਵਿਆਜੂ ਲੈਣੇ ਪੈਣ ਜਾਂ ਇਸ ਲਈ ਜ਼ਮੀਨ ਵੇਚਣੀ ਪਵੇ। ਪਰ ਇਹ ਕਮਾਈ ਨਾਲ ਪੂਰੇ ਕਦੋਂ ਹੋਣਗੇ, ਹੋਣਗੇ ਵੀ ਜਾਂ ਨਹੀਂ ਇਸ ਗੱਲ ਦਾ ਪਤਾ ਤਾਂ ਇੱਥੇ ਆ ਕੇ ਹੀ ਲੱਗਦਾ ਹੈ। ਏਜੰਟ ਨੂੰ ਕੀ ਆ ਉਹਦੀ ਤਾਂ ਉਹ ਗੱਲ ਹੈ ਕਿ "ਲਾਗੀ ਨੇ ਤਾਂ ਲਾਗ ਲੈਣਾ,ਚਾਹੇ ਜਾਂਦੀ ਰੰਡੀ ਹੋ ਜਾਵੇ"। ਇਹਨਾਂ ਨੇ ਆਪਣੀਆਂ ਜੇ਼ਬਾਂ ਭਰਨ ਲਈ ਕਿੰਨਿਆਂ ਨੂੰ ਝੂਠ ਬੋਲਕੇ ਤਬਾਹ ਕੀਤਾ ਇਹ ਲਿਸਟ ਤਾਂ ਬਹੁਤ ਲੰਬੀ ਹੈ। ਪਰ ਮੈਂ ਕੁਝ ਕੁ ਵਾਕਿਆਤ ਸਾਂਝੇ ਕਰਨਾ ਚਾਹਾਂਗਾ ਕਿ ਕਿਵੇਂ ਕਈਆਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵੀ ਨਹੀਂ ਬਖਸਿ਼ਆ।
ਕਈਆਂ ਨੇ ਤਾਂ ਸਿੱਧਾ ਜਿਹਾ ਢੰਗ ਅਪਣਾਇਆ ਹੋਇਆ ਕਿ ਅੱਠ-ਦਸ ਜਾਣਿਆਂ ਨੂੰ ਪੇਪਰ ਭ�ਆ ਹੈ� ਲਾਰਾ ਲਾ ਕੇ ਉਹਨਾਂ ਤੋਂ ਲੱਖ ਜਾਂ ਦੋ ਲੱਖ ਪਹਿਲਾਂ ਫੜ ਲੈਣਾ ਹੈ ਤੇ ਇੱਕ ਸਾਲ ਦਾ ਸਮਾਂ ਦੇ ਦੇਣਾ ਹੈ ਕਿ ਜੇ ਪੇਪਰ ਨਿਕਲ ਆਏ ਤਾਂ ਬਾਕੀ ਪੈਸੇ ਲਵਾਂਗੇ,ਜੇ ਨਾ ਨਿਕਲੇ ਤਾਂ ਅਸੀਂ ਆਪਣਾ ਖਰਚਾ ਜੋ ਕਿ ਵੀਹ ਤੋਂ ਪੱਚੀ ਹਜ਼ਾਰ ਹੋਵੇਗਾ ਕੱਟ ਕੇ ਬਾਕੀ ਪੈਸੇ ਵਾਪਿਸ ਕਰ ਦੇਵਾਂਗੇ। ਹੁਣ ਪੇਪਰ ਭਰੇ ਚਾਹੇ ਨਾ। ਇੱਕ ਸਾਲ ਅਗਲੇ ਦੇ ਪੈਸੇ ਵਰਤਣੇ ਤੇ ਫਿਰ ਵੀਹ ਪੱਚੀ ਹਜ਼ਾਰ ਦੀ ਕੁੰਡੀ ਲਾ ਕੇ ਬਾਕੀ ਪੈਸੇ ਵਾਪਿਸ ਕਰ ਦੇਣੇ। ਇਸ ਤਰਾਂ ਨਾ ਕੋਈ ਕੁਝ ਕਹਿ ਸਕਦਾ ਹੈ। ਬੈਠੇ ਬਠਾਇਆਂ ਮੋਟੀ ਰਕਮ ਜ਼ੇਬ 'ਚ ਬਿਨਾਂ ਰਿਸਕ ਦੇ। ਕਈ ਆਪ ਤਾਂ ਇੱਥੇ ਵਿਹਲੇ ਬੈਠੇ ਹੁੰਦੇ ਹਨ ਤੇ ਕਿਸੇ ਏਜੰਟ ਨਾਲ ਹਿੱਸਾ ਪੱਤੀ ਕਰਕੇ ਆਪਣੇ ਹੀ ਕਿਸੇ ਕਰੀਬੀ ਨੂੰ ਇਹ ਕਹਿ ਕੇ ਫਸਾ ਦੇਣਗੇ ਕਿ ਇੱਥੇ ਕੰਮ ਦੀ ਕੋਈ ਘਾਟ ਨਹੀਂ। ਕਈ ਸਖਸ਼ ਤਾਂ ਇਹੋ ਜਿਹੇ ਹਨ ਕਿ ਉਹਨਾਂ ਆਪਣੇ ਸਕੇ ਭਰਾ ਵੀ ਨਹੀਂ ਬਖਸ਼ੇ। ਗਰੀਬ ਭਰਾ ਤੋਂ ਪਹਿਲਾਂ ਉਸਦੇ ਹਿੱਸੇ ਆਉਂਦੀ ਕੁਝ ਜ਼ਮੀਨ ਜਾਂ ਉਹਦਾ ਕੋਈ ਪਲਾਟ ਆਪਣੇ ਨਾਂ ਕਰਵਾਕੇ ਉਸ ਨੂੰ ਇੱਥੇ ਸੱਦਿਆ। ਹੁਣ ਉਸਦੀ ਗਰੀਬੀ ਦੂਰ ਹੋਵੇਗੀ ਜਾਂ ਨਹੀਂ ਇਹ ਤਾਂ ਪਤਾ ਨਹੀਂ। ਪਰ ਇਸ ਤਰਾਂ ਇੱਕ ਭਰਾ ਦੂਜੇ ਭਰਾ ਤੋਂ ਦੂਰ ਜਰੂਰ ਹੋ ਗਿਆ ਹੋਵੇਗਾ। ਇੱਕ ਦਿਨ ਮੈਨੂੰ ਜਾਣ ਪਹਿਚਾਣ ਵਾਲੇ ਨੇ ਦੱਸਿਆ ਕਿ ਕਿਸੇ ਏਜੰਟ ਨੇ ਇਕ ਮੁੰਡੇ ਨੂੰ ਸੀਜ਼ਨ (9 ਮਹੀਨੇ ਲਈ ਕੰਮ) ਵਾਲੇ ਪੇਪਰਾਂ 'ਤੇ ਮੰਗਵਾਉਣ ਲਈ ਉਸ ਤੋਂ ਅੱਠ ਲੱਖ ਲਿਆ ਸੀ। ਜਦੋਂ ਆਕੇ ਉਸ ਨੇ ਪੁੱਛਿਆ ਕਿ ਕੰਮ 'ਤੇ ਕਦੋਂ ਭੇਜੋਗੇ ਤਾਂ ਅੱਗੋਂ ਜਬਾਬ ਮਿਲਿਆ "ਐਨਾ ਥੋੜਾ ਤੈਨੂੰ ਸਿੱਧੇ ਤਰੀਕੇ ਨਾਲ ਇੱਥੇ ਪਹੁੰਚਦਾ ਕਰ ਦਿੱਤਾ। ਨੌ ਮਹੀਨੇ ਦਾ ਤੇਰੇ ਕੋਲ ਵੀਜ਼ਾ ਹੁਣ ਜਿੱਥੇ ਮਰਜ਼ੀ ਜਾਹ।" ਜਿੱਥੇ ਭਰਾ ਭਰਾ ਨੂੰ ਧੋਖਾ ਦੇਈ ਜਾਂਦਾ ਉੱਥੇ ਦੂਜਿਆਂ ਕਦੋਂ ਬਖਸ਼ਣਾ ਹੋਇਆ। ਪਰ ਇਹ ਠੱਗੀਆਂ ਮਾਰਨ ਵਾਲੇ ਪੈਸੇ ਦੇ ਲਾਲਚ ਵਿੱਚ ਭੁੱਲ ਜਾਂਦੇ ਹਨ ਕਿ ਦੁਨੀਆਂ ਪਰੇ ਤੋਂ ਪਰੇ ਪਈ ਹੈ। ਖੱਜਲ ਖੁਆਰ ਕਰਨ ਵਾਲੇ ਏਜੰਟਾਂ ਦੀ ਕਿਸੇ ਦੇ ਮੂੰਹੋ ਮਾਂ-ਭੈਣ ਇੱਕ ਹੁੰਦੀ ਜਾਂ ਉਹਨਾਂ ਦੀ ਕੁੱਟਮਾਰ ਹੁੰਦੀ ਤਾਂ ਆਮ ਸੁਣੀ ਜਾਂਦੀ ਹੈ। ਪਰ ਮੈਂ ਇੱਕ ਧੋਖੇਵਾਜ਼ ਏਜੰਟ ਨਾਲ ਜੋ ਅੱਖੀਂ ਹੁੰਦੀ ਵੇਖੀ ਉਹ ਪਹਿਲਾਂ ਕਦੇ ਨਹੀਂ ਸੀ ਸੁਣੀ। ਜੋ ਉਸ ਏਜੰਟ ਨਾਲ ਬੀਤੀ ਮੈਂ ਉਹ ਸਭ੍ਹ ਨਾਲ ਸਾਂਝੀ ਕਰਨੀ ਚਾਹਾਂਗਾ। ਤਾਂ ਕਿ ਜੇ ਕੋਈ ਧੋਖਾਧੜੀ ਕਰਨ ਵਾਲਾ ਵੀ ਇਸ ਨੂੰ ਪੜੇਗਾ, ਹੋ ਸਕਦਾ ਹੈ ਕਿਸੇ ਦੀ ਜਿ਼ੰਦਗੀ ਖਰਾਬ ਕਰਨ ਤੋਂ ਪਹਿਲਾਂ ਇਸ ਏਜੰਟ ਦੀ ਕਹਾਣੀ ਉਸ ਦੀਆਂ ਅੱਖਾਂ ਅੱਗੇ ਘੁੰਮ ਜਾਵੇ ਤੇ ਸ਼ਾਇਦ ਕਿਸੇ ਦੀ ਜਿ਼ਦਗੀ ਬਰਬਾਦ ਹੋਣੋ ਬਚ ਜਾਵੇ।
ਇੱਕ ਏਜੰਟ ਆਪਣੇ ਗਾਹਕ ਲੱਭਦਾ ਹੋਇਆ ਹੋਰਾਂ ਪਿੰਡਾਂ ਤੋਂ ਹੁੰਦਾ ਹੋਇਆ ਕਿਸੇ ਜਾਣ ਪਹਿਚਾਣ ਵਾਲੇ ਦੇ ਰਿਸ਼ਤੇਦਾਰ ਦੇ ਘਰ ਮੇਰੇ ਨਾਨਕੇ ਪਿੰਡ ਆ ਗਿਆ । ਜਿਸ ਦੇ ਘਰ ਰਹਿਣ ਲੱਗਾ ਉਸ ਦੀਆਂ ਕੁੜੀਆਂ ਵਿਆਹੁਣ ਵਾਲੀਆਂ ਸਨ । ਏਜੰਟ ਉਸ ਨੂੰ ਭਰਮਾਉਣ ਲੱਗਾ ਕਿ ਮੈਂ ਤੈਨੂੰ ਡੁਬਈ ਭੇਜ ਦਿੰਦਾ ਹਾਂ, ਐਨੇ ਪੈਸੇ ਲੱਗਣਗੇ । ਤੂੰ ਓਥੇ ਵਧੀਆ ਕਮਾਈ ਕਰ ਲਵੇਂਗਾ। ਕੁੜੀਆਂ ਵਿਆਹੁਣੀਆਂ ਸੌਖੀਆਂ ਹੋ ਜਾਣਗੀਆਂ । ਪਰ ਉਹ ਆਦਮੀ ਜਿੰਨੇ ਪੈਸੇ ਏਜੰਟ ਨੇ ਮੰਗੇ ਦੇਣ ਤੋਂ ਅਸਮਰੱਥ ਸੀ । ਉਸ ਨੇ ਨਾਂਹ ਕਰ ਦਿੱਤੀ । ਫੇਰ ਏਜੰਟ ਉਸ ਨੂੰ ਕਹਿਣ ਲੱਗਾ “ਚੰਗਾ ਫਿਰ ਤੂੰ ਇਸ ਤਰਾਂ ਕਰ ਮੈਨੂੰ ਦੋ ਤਿੰਨ ਹੋਰ ਗਾਹਕ ਡੁਬਈ ਜਾਣ ਵਾਲੇ ਲੱਭ ਕੇ ਦੇ ਦੇ । ਮੈਂ ਪੈਸੇ ਆਪੇ ਉਹਨਾਂ ਤੋਂ ਪੂਰੇ ਕਰ ਲਵਾਂਗਾ ਤੂੰ ਜਿੰਨੇ ਦੇਣੇ ਹੋਏ ਦੇ ਦੇਵੀਂ।” ਉਸ ਆਦਮੀ ਨੂੰ ਇਹ ਗੱਲ ਜਚ ਗਈ । ਉਸ ਨੇ ਪਿੰਡ ਵਿੱਚੋਂ ਦੋ ਜਾਣੇ ਤਿਆਰ ਕਰ ਲਏ । ਏਜੰਟ ਨੇ ਦੋ ਸਾਲ ਦਾ ਕੰਮ ਦਾ ਵੀਜ਼ਾ ਲਵਾਉਣ ਦੇ ਜਿੰਨ੍ਹੇ ਪੈਸੇ ਮੰਗੇ ਉਹਨਾਂ ਨੇ ਅੱਧੇ ਪਹਿਲਾਂ ਦੇ ਦਿੱਤੇ ਤੇ ਬਾਕੀ ਵੀਜ਼ਾ ਲੱਗਣ ਤੇ ਦੇਣ ਦਾ ਇਕਰਾਰ ਕਰ ਲਿਆ। ਉਹਨਾਂ ਦਿਨਾਂ ਵਿੱਚ ਏਜੰਟ ਪੂਰੀ ਟੌਹਰ ਨਾਲ ਪਿੰਡ ਵਿੱਚ ਘੁੰਮਦਾ। ਵਧੀਆ ਕੱਪੜੇ ਪਾ ਕੇ, ਸ਼ੇਵ ਕਰਕੇ ਰੱਖਦਾ । ਜਦੋਂ ਗਲ੍ਹੀ ਵਿੱਚੋਂ ਲੰਘਦਾ ਤਾਂ ਗਲ੍ਹੀ 'ਚ ਖੇਡਦੇ ਜੁਆਕ ਇੱਕ ਦੂਜੇ ਨੂੰ ਆਖਦੇ "ਔਹ ਵੇਖੋ ਓਏ ਭਾਈ ਬਾਹਰੋਂ ਆਇਆ, ਕਿੰਨਾਂ ਗੋਰਾ ਰੰਗ ਏ ਪਤੰਦਰ ਦਾ।" ਏਜੰਟ ਹੋਰ ਚੌੜਾ ਹੋ ਕੇ ਤੁਰਨ ਲੱਗ ਪੈਂਦਾ । ਪਰ ਰੱਬ ਜਾਣੇ ਉਹਨੇ ਕਦੇ ਜਹਾਜ਼ 'ਚ ਬੈਠ ਕੇ ਵੇਖਿਆ ਵੀ ਸੀ ਕਿ ਨਹੀਂ । ਕੁਝ ਕੁ ਦਿਨ ਰਹਿ ਕੇ ਏਜੰਟ ੳੁੱਥੋਂ ਚਲਿਆ ਗਿਆ ।
ਫਿਰ ਉਸਦਾ ਸੁਨੇਹਾਂ ਆ ਗਿਆ ਕਿ ਤੁਹਾਡੇ ਵੀਜੇ਼ ਲੱਗ ਗਏ ਹਨ ਬਾਕੀ ਰਹਿੰਦੇ ਪੈਸਿਆਂ ਦਾ ਇੰਤਜ਼ਾਮ ਕਰਕੇ ਤਿਆਰੀ ਕਰ ਲਵੋ ਆਪਾਂ ਦਿੱਲੀ ਨੂੰ ਜਾਣਾ ਤੇ ਜਲਦੀ ਹੀ ਤੁਹਾਡੀ ਫਲਾਈਟ ਕਰਵਾ ਦੇਣੀ ਹੈ । ਉਹ ਪੈਸੇ ਲੈ ਕੇ ਦਿੱਲੀ ਚਲੇ ਗਏ । ਪੈਸੇ ਉਹਨਾਂ ਪਾਸਪੋਰਟ ਲੈ ਕੇ ਹੀ ਦੇਣੇ ਸਨ । ਜਦੋਂ ਏਜੰਟ ਪਾਸਪੋਰਟ ਲੈ ਕੇ ਆਇਆ ਤਾਂ ਕਹਿਣ ਲੱਗਾ ਬਾਕੀ ਦੇ ਪੈਸੇ ਦੇ ਦਿਓ । ਉਹਨਾਂ ਪਾਸਪੋਰਟ ਖੋਹਲ ਕੇ ਵੇਖੇ ਤਾਂ ਸਿਰਫ ਇੱਕ ਹਫਤੇ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਸੀ । ਸਾਰੇ ਏਜੰਟ ਦੇ ਗਲ੍ਹ ਪੈ ਗਏ ਕਿ “ਤੂੰ ਤਾਂ ਕਹਿੰਦਾ ਸੀ ਕਿ ਦੋ ਸਾਲ ਦਾ ਕੰਮ ਦਾ ਵੀਜ਼ਾ ਲਵਾ ਕੇ ਦੇਵਾਂਗਾ।” ਏਜੰਟ ਟਾਲਮਟੋਲ ਕਰਨ ਲੱਗਿਆ ਕਹਿੰਦਾ “ਤੁਸੀਂ ਇੱਕ ਵਾਰ ਡੁਬਈ ਪਹੁੰਚੋ ਮੈਂ ਆਪੇ ਸੈਟਿੰਗ ਕਰਵਾ ਦਿਆਂਗਾ।” ਸਾਰਿਆਂ ਟੂਰਿਸਟ ਵੀਜ਼ੇ ਤੇ ਜਾਣ ਤੋਂ ਨਾਂਹ ਕਰ ਦਿੱਤੀ ਤੇ ਕਹਿਣ ਲੱਗੇ ਜਾਂ ਤਾਂ ਦੋ ਸਾਲ ਦਾ ਵੀਜ਼ਾ ਲਵਾ ਕੇ ਦੇ, ਨਹੀਂ ਸਾਡੇ ਪੈਸੇ ਵਾਪਿਸ ਕਰ ਜਿਹੜੇ ਪਹਿਲਾਂ ਲਏ ਸੀ ਅਸੀਂ ਪੰਜਾਬ ਨੂੰ ਵਾਪਿਸ ਜਾਂਦੇ ਹਾਂ। ਏਜੰਟ ਨੇ ਦਿੱਲੀ 'ਚ ਕਈ ਦਿਨ ਟਾਲਮਟੋਲ ਕਰਦਿਆਂ ਲੰਘਾਅ ਦਿੱਤੇ, ਪਰ ਉਹਨਾਂ ਪਿੱਛਾ ਨਾ ਛੱਡਿਆ । ਆਖਿ਼ਰ ਏਜੰਟ ਉਹਨਾਂ ਨੂੰ ਨਾਲ ਲੈ ਕੇ ਵਾਪਿਸ ਪੰਜਾਬ ਆਪਣੇ ਪਿੰਡ ਆ ਗਿਆ ਤੇ ਰਾਹ ਵਿੱਚ ਭਰੋਸਾ ਦਵਾਉਂਦਾ ਆਇਆ ਕਿ ਕੁਝ ਦਿਨਾਂ ਵਿੱਚ ਹੀ ਉਹਨਾਂ ਦਾ ਵੀਜ਼ਾ ਲਵਾ ਦੇਵੇਗਾ, ਜੇ ਨਾ ਲੱਗਿਆ ਤਾਂ ਪੈਸੇ ਵਾਪਿਸ ਕਰ ਦੇਵੇਗਾ । ਪਰ ਪੱਟੂ ਰਾਤ ਨੂੰ ਸਾਰਿਆਂ ਨੂੰ ਸੁੱਤੇ ਪਏ ਛੱਡ ਕੇ ਭੱਜ ਗਿਆ । ਜਦੋਂ ਉਹਨਾਂ ਸਵੇਰੇ ਉੱਠ ਕੇ ਉਹਦੇ ਘਰਦਿਆਂ ਤੋਂ ਪੁੱਛਿਆ ਕਿ “ਉਹ ਕਿੱਥੇ ਹੈ?” ਤਾਂ ਉਹਨਾਂ ਇਹ ਕਹਿ ਕੇ ਪਿੱਛਾ ਛੁਡਵਾ ਲਿਆ ਕਿ “ਅਸੀਂ ਤਾਂ ਉਸ ਨੂੰ ਘਰੋਂ ਬੇਦਖਲ ਕੀਤਾ ਹੋਇਆ। ਸਾਨੂੰ ਨਹੀਂ ਪਤਾ ਉਹ ਕੀ ਕਰਦਾ ਕੀ ਨਹੀਂ। ਜਦੋਂ ਜੀਅ ਕਰਦਾ ਆ ਜਾਂਦਾ ਜਦੋਂ ਜੀਅ ਕਰਦਾ ਚਲਿਆ ਜਾਂਦਾ।” ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਕਿ ਹੁਣ ਕੀ ਕਰੀਏ। ਫੇਰ ਉਹਨਾਂ ਉਸ ਦੇ ਪਿੰਡ ਤੋਂ ਉਹਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਕਈ ਮਹੀਨੇ ਕੋਈ ਪਤਾ ਨਾ ਲੱਗਾ। ਅਖ਼ੀਰ ਕਿਸੇ ਨੇ ਖ਼ਬਰ ਦਿੱਤੀ ਕਿ ਉਹ ਪਟਿਆਲੇ ਕਿਸੇ ਹੋਟਲ ਵਿੱਚ ਰਹਿੰਦਾ ਹੈ। ਬਸ ਫਿਰ ਕੀ ਸੀ ਖ਼ਬਰ ਮਿਲਦੇ ਸਾਰ ਉਹ ਪਟਿਆਲੇ ਪਹੁੰਚ ਗਏ। ਪਹਿਲਾਂ ਉਹਨਾਂ ਪੁਲਿਸ ਨੂੰ ਇਤਲਾਹ ਦਿੱਤੀ ਕਿ ਇਸ ਤਰਾਂ ਇੱਕ ਆਦਮੀ ਸਾਡੇ ਨਾਲ ਧੋਖਾ ਕਰਕੇ ਆਇਆ ਅਸੀਂ ਉਸ ਤੋਂ ਆਪਣੇ ਪੈਸੇ ਵਾਪਿਸ ਲੈਣ ਆਏ ਹਾਂ। ਪੁਲਿਸ ਵਾਲੇ ਕਹਿੰਦੇ “ਤੁਸੀਂ ਜਾ ਕੇ ਇੱਕ ਵਾਰ ਪੁੱਛ ਲਵੋ ਜੇ ਨਾ ਮੰਨਿਆ ਫੇਰ ਅਸੀਂ ਆਪਣੇ ਤਰੀਕੇ ਨਾਲ ਮਨਾ ਲਵਾਂਗੇ।” ਜਦੋਂ ਉਹਨਾਂ ਹੋਟਲ ਪਹੁੰਚ ਕੇ ਹੋਟਲ ਵਾਲੇ ਤੋਂ ਪੁੱਛਿਆ ਕਿ “ਫਲਾਣਾ ਬੰਦਾ ਕਿਥੇ ਆ।” ਹੋਟਲ ਵਾਲਾ ਕਹਿੰਦਾ “ਮੈਨੂੰ ਕੀ ਪਤਾ ਮੈਂ ਨਹੀਂ ਜਾਣਦਾ ਉਹਨੂੰ।”ਉਹ ਸਭ੍ਹ ਕੁਝ ਜਾਣਦੇ ਹੋਏ ਵੀ ਪੈਰਾਂ ਤੇ ਪਾਣੀ ਨਾ ਪੈਣ ਦੇਵੇ। ਉਹਨਾਂ ਏਧਰ ਓਧਰ ਵੇਖਣਾ ਸ਼ੁਰੂ ਕਰ ਦਿੱਤਾ।ਉਹਨਾਂ ਨੂੰ ਉੱਥੇ ਪਹੁੰਚਿਆਂ ਕਾਫੀ ਸਮਾਂ ਹੋ ਗਿਆ ਸੀ ਤੇ ਬਾਥਰੂਮ ਦਾ ਦਰਵਾਜਾ ਓਹਦੋਂ ਦਾ ਹੀ ਬੰਦ ਪਿਆ ਸੀ। ਥੋੜੀ ਸੱ਼ਕ ਹੋ ਗਈ ਉਹਨਾਂ ਹੋਟਲ ਵਾਲੇ ਨੂੰ ਪੁੱਛਿਆ “ਬਾਥਰੂਮ ਵਿੱਚ ਕੌਣ ਏ?” ਤਾਂ ਉਹ ਕਹਿਣ ਲੱਗਾ “ਮੇਰੇ ਘਰਵਾਲੀ ਏ ਤੁਸੀਂ ਕੀ ਲੈਣਾ।” ਉਹ ਕਹਿੰਦੇ “ਸਾਨੂੰ ਪਤਾ ਕੌਣ ਆ,ਤੂੰ ਉਹਨੂੰ ਬਾਹਰ ਕੱਢ।” ਹੋਟਲ ਵਾਲਾ ਔਖਾ ਹੋ ਗਿਆ ਕਹਿੰਦਾ “ਮੈਂ ਪੁਲਿਸ ਨੂੰ ਫੋਨ ਕਰਦਾਂ ਤੁਸੀਂ ਐਵੇਂ ਮੈਨੂੰ ਪਰੇਸ਼ਾਨ ਕਰ ਰਹੇ ਹੋ।” ਉਹ ਕਹਿੰਦੇ “ਇਹ ਖੇਚਲ ਤੈਨੂੰ ਕਰਨ ਦੀ ਲੋੜ ਨਹੀਂ ਅਸੀਂ ਪੁਲਿਸ ਵਾਲਿਆਂ ਨੂੰ ਦੱਸ ਕੇ ਆਏ ਹਾਂ ਜੇ ਕਹੇਂ ਤਾਂ ਅਸੀਂ ਬੁਲਾ ਦਿੰਦੇ ਆਂ।” ਹੋਟਲ ਵਾਲਾ ਏਨੀ ਗੱਲ ਸੁਣ ਕੇ ਠੰਡਾ ਹੋ ਗਿਆ ਤੇ ਉਹਨੇ ਬਾਥਰੂਮ ਦਾ ਦਰਵਾਜਾ ਖੁਲਵਾ ਦਿੱਤਾ । ਅੰਦਰੋਂ ਏਜੰਟ ਸਾਹਿਬ ਨੀਵੀਂ ਪਾਈ ਬਾਹਰ ਆ ਗਏ। ਉਹਨਾਂ ਬਾਹੋਂ ਫੜਿਆ ਤੇ ਕਹਿਣ ਲੱਗੇ “ਚੱਲ ਤੈਨੂੰ ਪੁਲਿਸ ਦੇ ਹਵਾਲੇ ਕਰਨਾ ਹੈ।” ਏਜੰਟ ਮਿੰਨਤਾਂ ਕਰਨ ਲੱਗ ਪਿਆ “ਮੈਂ ਤੁਹਾਡੇ ਪੈਸੇ ਵਾਪਿਸ ਕਰ ਦੇਵਾਂਗਾ ਪੁਲਿਸ ਕੋਲ ਫੜਾਉਣ ਨੂੰ ਰਹਿਣ ਦਿਓ। ਉੱਥੇ ਜਾ ਕੇ ਤੁਹਾਡੇ ਪੱਲੇ ਕੁਝ ਨਹੀਂ ਪੈਣਾ। ਮੈਨੂੰ ਥੋੜੇ ਦਿਨਾਂ ਦਾ ਸਮਾਂ ਦਿਓ ਮੈਂ ਤੁਹਾਡੇ ਪੈਸੇ ਪਹੁੰਚਦੇ ਕਰ ਦੇਵਾਂਗਾ।” ਹੁਣ ਉਹ ਕਦੋਂ ਇਤਬਾਰ ਕਰਨ ਲੱਗੇ ਸੀ। ਉਹਨਾਂ ਉਸਨੂੰ ਕਾਰ ਵਿੱਚ ਨਾਲ ਬਿਠਾਇਆ ਤੇ ਆਪਣੇ ਪਿੰਡ ਲੈ ਆਏ।
ਪਿੰਡ ਦੋ ਕੁ ਦਿਨ ਤਾਂ ਕੁਝ ਨਾ ਕਿਹਾ ਪਰ ਉਸ ਤੇ ਪੂਰੀ ਨਿਗਾਹ ਰੱਖੀ ਜਾਂਦੀ ਕਿ ਫੇਰ ਨਾ ਭੱਜ ਜਾਵੇ। ਜਦੋਂ ਏਜੰਟ ਨੇ ਕੋਈ ਲੜ ਸਿਰਾ ਨਾ ਫੜਾਇਆ । ਉਹਨਾਂ ਸੋਚਿਆ ਕਿ ਪੈਸੇ ਤਾਂ ਇਹਨੇ ਪਤਾ ਨਹੀਂ ਦੇਣੇ ਆ ਕਿ ਨਹੀਂ, ਪਰ ਇਹਨੂੰ ਇਹੋ ਜਿਹਾ ਸਬਕ ਸਿਖਾਉਣਾ ਕਿ ਮੁੜਕੇ ਕਿਸੇ ਨਾਲ ਧੋਖਾ ਕਰਨ ਤੋਂ ਪਹਿਲਾਂ ਦਸ ਵਾਰ ਸੋਚੇ। ਬਸ ਫਿਰ ਦੂਜੇ ਦਿਨ ਜਦੋਂ ਰੇੜੇ 'ਤੇ ਖੇਤ ਨੂੰ ਪੱਠੇ ਲੈਣ ਜਾਣਾ ਸੀ ਕਹਿੰਦੇ ਅੱਜ ਬਲਦ ਨੂੰ ਆਰਾਮ ਕਰਨ ਦਿਓ ਏਜੰਟ ਨੂੰ ਜੋੜ ਕੇ ਲੈ ਜਾਨੇ ਆਂ। ਪਹਿਲੇ ਦਿਨ ਜਦੋਂ ਏਜੰਟ ਪੱਠਿਆਂ ਨਾਲ ਲੱਦਿਆ ਰੇੜਾ ਖਿੱਚੀ ਜਾ ਰਿਹਾ ਸੀ। ਉਸਨੇ ਪਹਿਲਾਂ ਵਾਂਗ ਹੀ ਵਧੀਆ ਕੱਪੜੇ ਪਾਏ ਹੋਏ ਸਨ ਤੇ ਸ਼ੇਵ ਕੀਤੀ ਹੋਈ ਸੀ। ਉਸ ਤੋਂ ਬਾਅਦ ਸ਼ੇਵ ਕਰਨੀ ਭੁੱਲ ਗਿਆ, ਦਾੜੀ ਵਧਣ ਲੱਗੀ ਤੇ ਸਿਰ ਉੱਤੇ ਮੜਾਸਾ ਮਾਰਨ ਲੱਗ ਪਿਆ। ਹੁਣ ਹਰ ਰੋਜ਼ ਰੇੜਾ ਖਿੱਚਕੇ ਖੇਤ ਨੂੰ ਲੈਕੇ ਜਾਂਦਾ। ਪੱਠੇ ਵੱਡਕੇ ਲੱਦਕੇ ਹੱਥੀਂ ਖਿੱਚਕੇ ਘਰ ਨੂੰ ਲੈਕੇ ਆਉਂਦਾ। ਗਲ੍ਹੀਆਂ 'ਚ ਖੇਡਦੇ ਜੁਆਕ ਜਿਹੜੇ ਜਦੋਂ ਕਹਿੰਦੇ ਸੀ ਭਾਈ ਬਾਹਰੋਂ ਆਇਆ, ਕਿੰਨ੍ਹਾਂ ਗੋਰਾ, ਸੁਣਕੇ ਏਜੰਟ ਚੌੜਾ ਹੋ ਕੇ ਤੁਰਦਾ ਸੀ। ਓਹੀ ਜੁਆਕ ਰੌਲਾ ਪਾ ਰਹੇ ਸਨ “ਵੇਖੋ ਓਏ ਭਾਈ ਬਲਦ ਦੀ ਥਾਂ ਰੇੜਾ ਖਿੱਚੀ ਜਾਂਦਾ। ਪਤੰਦਰ ਬਲੈਤੀ ਨੂੰ ਵੀ ਮਾਤ ਪਾਈ ਜਾਂਦਾ” ਸੁਣਕੇ ਏਜੰਟ ਨੀਵੀਂ ਪਾਕੇ ਇਕੱਠਾ ਜਿਹਾ ਹੁੰਦਾ ਜਾਂਦਾ। ਉਹਨਾਂ ਦਿਨਾਂ ਵਿੱਚ ਹੀ ਕਣਕ ਦੀ ਵਾਡੀ ਸ਼ੁਰੂ ਹੋ ਗਈ। ਹੁਣ ਉਸਨੂੰ ਪੱਠਿਆ ਤੋਂ ਇਲਾਵਾ ਸਾਰਾ ਦਿਨ ਕਣਕ ਵੀ ਵੱਡਣੀ ਪੈਂਦੀ। ਜੇ ਫਾਂਟ ਪਿੱਛੇ ਰਹਿ ਜਾਂਦੀ ਤਾਂ ਗਾਲ੍ਹਾਂ ਵੀ ਸੁਨਣੀਆਂ ਪੈਂਦੀਆਂ। ਜਿਵੇਂ ਇੱਕ ਗੀਤ ਦੇ ਬੋਲ “ਵੱਸ ਅੜਬਾਂ ਦੇ ਪੈ ਗਈ, ਨੀ ਸਾਰੇ ਵੱਟ ਕੱਡ ਦੇਣਗੇ” ਵਾਂਗ ਦਿਨਾਂ ਵਿੱਚ ਏਜੰਟ ਤੱਕਲੇ ਵਰਗਾ ਕਰ ਦਿੱਤਾ। ਇੱਕ ਦਿਨ ਹੱਥ ਜੋੜਕੇ ਖੜ ਗਿਆ ਤੇ ਕਹੇ “ਮੇਰੇ ਕੋਲ ਥੋੜੇ ਪੈਸੇ ਹੈਗੇ ਆ ਉਹ ਤੁਸੀਂ ਲੈ ਲਵੋ। ਬਾਕੀਆਂ ਦਾ ਕਚਹਿਰੀ ਜਾਕੇ ਕਾਗਜ਼ ਬਣਵਾ ਲਵੋ ਮੈਂ ਉਹ ਵੀ ਛੇਤੀ ਹੀ ਦੇ ਦੇਵਾਂਗਾ। ਹੁਣ ਮੈਥੋਂ ਹੋਰ ਸਹਿਣ ਨਹੀਂ ਹੁੰਦਾ ਮਿੰਨਤ ਨਾਲ ਮੈਨੂੰ ਛੱਡ ਦਿਓ।” ਉਹਨਾਂ ਵੀ ਸੋਚਿਆ ਚਲੋ ਏਹਦੇ ਨਾਲ ਹੁਣ ਬਹੁਤ ਗਈ ਏ, ਜਿਹੜੇ ਪੈਸੇ ਮਿਲਦੇ ਨੇ ਓਹੀ ਸਹੀ। ਇਸ ਤਰ੍ਹਾਂ ਉਹਨਾਂ ਜਿੰਨੇ ਕੁ ਪੈਸੇ ਮਿਲੇ ਲੈ ਕੇ ਤੇ ਬਾਕੀ ਪੈਸਿਆਂ ਦਾ ਕਚਿਹਰੀ 'ਚ ਕਾਗਜ਼ ਬਣਾਕੇ ਉਸਨੂੰ ਛੱਡ ਦਿੱਤਾ।
ਉਸ ਦਿਨ ਤੋਂ ਜਿਹੜਾ ਵੀ ਏਜੰਟ ਧੋਖਾ ਕਰਦਾ ਸੁਣਿਆ। ਮੈਨੂੰ ਕਿਸੇ ਨਾ ਕਿਸੇ ਦੇ ਰੇੜੇ ਅੱਗੇ ਜੁੜਿਆ ਦਿਸਦਾ। ਇਸ ਲਈ ਇਹੋ ਜਿਹਾ ਕੰਮ ਕਰਨ ਵਾਲਿਆਂ ਨੂੰ ਐਨਾਂ ਜਰੂਰ ਆਖਾਂਗਾ ਕਿ ਪੈਸੇ ਕਮਾਉਣ ਲਈ ਆਏ ਹਾਂ ਪੈਸੇ ਜਰੂਰ ਕਮਾਓ। ਪਰ ਧੋਖੇ ਨਾਲ ਕਿਸੇ ਦੀ ਜਿ਼ੰਦਗੀ ਬਰਬਾਦ ਨਾ ਕਰੋ। ਨਹੀਂ ਤਾਂ ਹੋ ਸਕਦਾ ਕੋਈ ਅੱਕਿਆ ਹੋਇਆ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਕਰ ਗੁਜ਼ਰੇਗਾ।



Post a Comment