ਇਕ ਸ਼ਾਇਰ ਦੁਆਰਾ ਉਠਾਏ ਵਿਵਾਦ ਵਿਚ ਘਿਰਿਆ ਇਕ ਮਕਬੂਲ ਹੋ ਰਿਹਾ ਗਾਇਕ .......... ਲੇਖ਼ / ਪਰਮਿੰਦਰ ਤੱਗੜ (ਡਾ.)

ਅਕਸਰ ਅਜਿਹਾ ਵਾਪਰਦੈ ਕਿ ਜਦੋਂ ਕੋਈ ਸ਼ੋਹਰਤ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਹੁੰਦੈ ਤਾਂ ਉਸ ਦਾ ਝੱਗਾ ਖਿੱਚਣ ਵਾਲੇ ਵੀ ਨਾਲ਼ ਹੀ ਪੈਦਾ ਹੋ ਜਾਂਦੇ ਹਨ। ਜਿੰਨੀ ਦੇਰ ਤੱਕ ਕੋਈ ਸ਼ੋਹਰਤ ਹਾਸਲ ਨਹੀਂ ਕਰਦਾ ਓਨੀ ਦੇਰ ਜੋ ਮਰਜ਼ੀ, ਜੀਹਦਾ ਮਰਜ਼ੀ, ਜਿਵੇਂ ਮਰਜ਼ੀ ਗਾਈ ਜਾਵੇ ਕੋਈ ਫ਼ਿਕਰ ਨਹੀਂ ਪਰ ਜਦ ਉਹ ਗਾਇਕ ਮਕਬੂਲ ਹੋ ਜਾਵੇ ਤਾਂ ਝੱਟ ਉਹਨਾਂ ਸ਼ਾਇਰਾਂ ਨੂੰ ਫ਼ਿਕਰ ਆ ਪੈਂਦਾ ਹੈ ਕਿ ਇਸ ਨੇ ਸਾਡੀ ਸ਼ਾਇਰੀ ਨੂੰ ਤ੍ਰੋੜ–ਮਰੋੜ ਕੇ ਗਾਇਆ ਹੈ। ਅਜਿਹਾ ਹੀ ਵਾਪਰਿਐ ਇਹਨੀਂ ਦਿਨੀਂ ਇਕ ਨਵੇਂ ਅੰਦਾਜ਼ ਵਿਚ ਉਭਰੇ ਚੰਗੀ ਸ਼ਾਇਰੀ ਦੇ ਰਚਨਹਾਰ ਤੇ ਪੁਖ਼ਤਾ ਗਾਇਕੀ ਦੇ ਸਿਤਾਰੇ ਨਾਲ਼। ਖ਼ਾਸ ਗੱਲ ਇਹ ਕਿ ਇਸ ਵਿਵਾਦ ’ਚੋਂ ਕੁਝ ਨਿਕਲੇ ਜਾਂ ਨਾ ਨਿਕਲੇ ਪਰ ਇਲਜ਼ਾਮ ਲਾਉਣ ਵਾਲੇ ਸ਼ਾਇਰ ਨੂੰ ਪਹਿਲਾਂ ਯਕੀਨਨ ਚੋਣਵੇਂ ਲੋਕ ਹੀ ਜਾਣਦੇ ਹੋਣਗੇ ਪਰ ਇਹਨਾਂ ਖ਼ਬਰਾਂ ਤੋਂ ਬਾਅਦ ਹਰ ਕੋਈ ਉਸ ਅਣਗੌਲ਼ੇ ਸ਼ਾਇਰ ਦੇ ਨਾਂ ਨੂੰ ਜਾਣ ਗਿਆ ਹੈ। ਲੋਕ ਤਾਂ ਇਹ ਸੋਚ ਰਹੇ ਹਨ ਕਿ ਹੁਣ ਇਸ ਵਿਵਾਦ ਨੂੰ ਹੋਰ ਅਖ਼ਬਾਰਾਂ ਦੁਆਰਾ ਅੰਸ਼ਕ ਰੂਪ ਵਿਚ ਖ਼ਬਰ ਨੂੰ ਚੱਕਣ ਦੇ ਨਾਲ਼-ਨਾਲ਼ ਪੰਜਾਬੀ ਦੇ ਇਕ ਸੁਪ੍ਰਸਿਧ ਅਖ਼ਬਾਰ ਨੇ ਬੜੇ ਗੰਭੀਰ ਅੰਦਾਜ਼ ਵਿਚ ਚੱਕ ਲਿਆ ਹੈ ਅਤੇ ਇਕ ਵਿਸਤ੍ਰਿਤ ਰਿਪੋਰਟ ਅਹਿਮ ਪੰਨੇ ’ਤੇ ਛਾਇਆ ਕੀਤੀ ਹੈ ਜਿਵੇਂ ਕੋਈ ਬੜਾ ਵੱਡਾ ਖ਼ਜ਼ਾਨਾ ਹੱਥ ਲੱਗ ਗਿਆ ਹੋਵੇ। ਖ਼ਜ਼ਾਨਾ ਹੱਥ ਲੱਗੇ ਵੀ ਕਿਉਂ ਨਾ ਜਿਸ ਅਖ਼ਬਾਰ ਦੇ ਪੱਤਰਕਾਰ ਨੇ ਇਹ ਸਟੋਰੀ ਬਣਾਈ ਹੈ ਉਸ ਅਖ਼ਬਾਰ ਦੇ ਅੰਦਰ ਇਕ ਪ੍ਰਮੁਖ ਪੰਜਾਬੀ ਗਾਇਕ ਦਾ ਵੀ ਆਉਣਾ ਜਾਣਾ ਹੈ ਇਸੇ ਪੱਤਰਕਾਰ ਰਾਹੀਂ ਉਸ ਗਾਇਕ ਨੇ ਲੋਕ ਸਭਾ ਦੀਆਂ ਚੋਣਾਂ ਮੌਕੇ ਵੱਡੇ-ਵੱਡੇ ਇਸ਼ਤਿਹਾਰ ਅਤੇ ਸਪਲੀਮੈਂਟ ਵੀ ਕਢਵਾਏ ਸਨ। ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਰਸੂਖ਼ ਵਾਲ਼ੇ ਕਈ ਸ਼ਾਇਰਾਂ ਨੂੰ ਵੀ ਇਸ ਵਿਵਾਦ ਨੂੰ ਹਵਾ ਦੇਣ ਖ਼ਾਤਰ ਉਕਸਾਇਆ ਹੈ। ਲੋਕਾਂ ਦੀਆਂ ਗੱਲਾਂ ਉਦੋਂ ਹੋਰ ਸੱਚੀਆਂ ਪ੍ਰਤੀਤ ਹੁੰਦੀਆਂ ਹਨ ਜਦੋਂ ਇਕ ਟੀ ਵੀ ਚੈਨਲ ਵੱਲੋਂ ਪੇਸ਼ ਕੀਤੇ ਜਾਂਦੇ ਇਕ ਲਾਈਵ ਸ਼ੋਅ ਵਿਚ ਇਕ ਪ੍ਰਤੀਯੋਗੀ ਦੁਆਰਾ ਵਿਵਾਦ ਵਿਚ ਘਿਰ ਰਹੇ ਗਾਇਕ ਦੀ ਕੰਪੋਜ਼ੀਸ਼ਨ ਗਾਈ ਜਾਂਦੀ ਹੈ ਅਤੇ ਸਾਡਾ ਇਹ ਮਹਾਨ ਕਹਾਉਣ ਵਾਲ਼ਾ ਸਰਕਾਰੀ ਸਨਮਾਨ ਪ੍ਰਾਪਤ ਗਾਇਕ ਅਜਿਹੀ ਟਿੱਪਣੀ ਕਰਦਾ ਹੈ ਜੋ ਉਸ ਦੀ ਸੋਚ ਦਾ ਮੁਜ਼ਾਹਰਾ ਕਰ ਜਾਂਦੀ ਹੈ ਕਿ ਉਹ ਮਨ ਅੰਦਰ ਕੀ ਰੂੜੀ ਲਾਈ ਬੈਠਾ ਹੈ। ਬੇਸ਼ਕ ਲੋਕ ਇਹ ਸੋਚਦੇ ਹਨ ਕਿ ਇਸ ਪੱਧਰ ’ਤੇ ਪੁੱਜ ਕੇ ਅਜਿਹਾ ਵਿਵਹਾਰ ਮਨ ਅੰਦਰ ਰੱਖਣਾਂ ਏਨੇ ਵੱਡੇ ਅਤੇ ਸਰਕਾਰੀ ਸਨਮਾਨਯਾਫ਼ਤਾ ਗਾਇਕ ਨੂੰ ਸ਼ੋਭਾ ਨਹੀਂ ਦਿੰਦਾ। ਜਿੱਥੋਂ ਤੱਕ ਵਿਵਾਦ ਉਠਾਉਣ ਵਾਲ਼ੇ ਸ਼ਾਇਰ ਦਾ ਸਬੰਧ ਹੈ ਕਿ ਇਕ ਮਕਬੂਲ ਹੋ ਰਹੇ ਗਾਇਕ ਨੇ ਉਸ ਦੀ ਸ਼ਾਇਰੀ ਨੂੰ ਉਸ ਦਾ ਨਾਂ ਲਏ ਬਿਨਾ ਗਾਇਆ ਹੈ ਅਤੇ ਤ੍ਰੋੜ ਮਰੋੜ ਕੇ ਗਾਇਆ ਹੈ। ਜੇਕਰ ਗਾਇਕ ਤ੍ਰੋੜ ਮਰੋੜ ਕੇ ਤਾਂ ਗਾ ਲੈਂਦਾ ਪਰ ਉਸ ਦਾ ਨਾਂ ਮੰਚ ਤੋਂ ਜ਼ਰੂਰ ਲੈ ਦਿੰਦਾ ਤਾਂ ਸ਼ਾਇਦ ਇਹ ਗ਼ਿਲਾ ਨਹੀਂ ਸੀ ਹੋਣਾ। ਨਾਲੇ ਸੱਤ ਸਾਲ ਪਹਿਲਾਂ ਗਾਈ ਆਈਟਮ ’ਤੇ ਇਤਰਾਜ਼ ਉਦੋਂ ਕਰਨਾ ਜਦ ਗਾਇਕ ਮਕਬੂਲ ਹੋ ਗਿਆ ਹੋਵੇ ਤਾਂ ਗੱਲ ਕੁਝ ਹਜ਼ਮ ਨਹੀਂ ਹੁੰਦੀ। ਇਹ ਵੀ ਹੋ ਸਕਦੈ ਸ਼ਾਇਰ ਨੂੰ ਪਹਿਲਾਂ ਪਤਾ ਹੀ ਨਾ ਲੱਗਿਆ ਹੋਵੇ ਕਿ ਉਸ ਦੀ ਸ਼ਾਇਰੀ ਦਾ ਚੀਰ-ਹਰਣ ਹੋ ਰਿਹਾ ਹੈ ਪਰ ਇਹ ਗੱਲ ਵੀ ਹਜ਼ਮ ਨਹੀਂ ਹੁੰਦੀ ਕਿਉਂਕਿ ਉਸ ਸ਼ਾਇਰ ਦਾ ਇੰਟਰਨੈਟ ਨਾਲ਼ ਡੂੰਘਾ ਵਾਸਤਾ ਹੈ ਅਤੇ ਉਸ ਦਾ ਪ੍ਰੋਫ਼ਾਈਲ ਇੰਟਰਨੈਟ ’ਤੇ ਮੌਜੂਦ ਹੈ। ਨਾਲ਼ੇ ਇਸ ਗਾਇਕ ਨੂੰ ਤਾਂ ਸਰੋਤਿਆਂ ਦੇ ਰੂ-ਬ-ਰੂ ਹੀ ਸਭ ਤੋਂ ਪਹਿਲਾਂ ਇੰਟਰਨੈਟ ਦੀ ਯੂਟਿਊਬ ਵੈਬਸਾਇਟ ਨੇ ਕਰਵਾਇਆ ਹੈ। ਹੁਣ ਇਹ ਵਿਵਾਦ ਵੀ ਇੰਟਰਨੈਟ ਰਾਹੀਂ ਹੀ ਫ਼ੈਲਾਇਆ ਜਾ ਰਿਹਾ ਹੈ। ਰਹੀ ਗੱਲ ਮਕਬੂਲ ਗਾਇਕ ਦੀ ਚੁੱਪ ਦੀ- ਗਾਇਕ ਨੂੰ ਚਾਹੀਦਾ ਹੈ ਕਿ ਦੋ ਟੁੱਕ ਗੱਲ ਕਰਕੇ ਵਿਵਾਦ ਦਾ ਫਸਤਾ ਵੱਢੇ। ਕਿਉਂਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਹਰ ਕੋਈ ਪਹਿਲਾਂ ਲਿਖੇ ਦਾ ਅਨੁਕਰਨ ਹੀ ਕਰਦਾ ਹੈ ਅਜਿਹਾ ਮਸ਼ਹੂਰ ਵਿਦਵਾਨ ਰੋਲਾ ਬਾਰਤ ਦਾ ਕਹਿਣਾ ਹੈ। ਕਈ ਵਾਰ ਅਜਿਹਾ ਵੀ ਹੋ ਜਾਂਦਾ ਹੈ ਕਿ ਕਿਸੇ ਸ਼ਾਇਰ ਦੀ ਰਚਨਾ ਹੀ ਏਨੀ ਮਕਬੂਲ ਹੋ ਜਾਂਦੀ ਹੈ ਕਿ ਉਸ ਦੇ ਰਚਨਹਾਰ ਦਾ ਨਾਂ ਮਨਫ਼ੀ ਹੋ ਕੇ ਰਹਿ ਜਾਂਦਾ ਹੈ ਸਗੋਂ ਰਚਨਾ ਹੀ ਪ੍ਰਧਾਨ ਸਥਾਨ ਗ੍ਰਹਿਣ ਕਰ ਲੈਂਦੀ ਹੈ ਜੋ ਕਿਸੇ ਸ਼ਾਇਰ ਦੀ ਸ਼ਾਇਰੀ ਦਾ ਹਾਸਲ ਮੰਨਿਆ ਜਾਣਾ ਚਾਹੀਦਾ ਹੈ। ਮਿਸਾਲ ਵਜੋਂ ‘ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਨਿਗਾਹ ਮਾਰਦਾ ਆਈਂ ਵੇ’ ਕਿੰਨੇ ਲੋਕ ਜਾਣਦੇ ਹਨ ਕਿ ਲੋਕਗੀਤ ਦਾ ਦਰਜਾ ਹਾਸਲ ਕਰ ਚੁੱਕੇ ਇਸ ਗੀਤ ਦਾ ਰਚਨਹਾਰ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਹੈ। ਜੇਕਰ ਏਡੀ ਵੱਡੀ ਦਲੀਲ ਦੇ ਬਾਵਜੂਦ ਵੀ ਉਸ ਸ਼ਾਇਰ ਨੂੰ ਗ਼ਿਲਾ ਹੈ ਤਾਂ ਉਸ ਦੀ ਸਮਝ ਦੀ ਸਿਹਤਯਾਬੀ ਲਈ ਦੁਆ ਹੀ ਕੀਤੀ ਜਾ ਸਕਦੀ ਹੈ। 


Post a Comment