ਕਬਾੜ ਦਾ ਜੁਗਾੜ.......... ਵਿਅੰਗ / ਨਿਰਮਲ ਜੌੜਾ

ਅਖ਼ਬਾਰ ਵਿੱਚ ਛਪੇ ਇਸ਼ਤਿਹਾਰ ਨੂੰ ਸਵੇਰੇ ਚਾਹ ਤੋਂ ਪਹਿਲਾਂ ਮੇਰੇ ਮੂਹਰੇ ਧਰਦਿਆਂ ਮੇਰੀ ਸਰਦਾਰਨੀ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਵਾਂਗ ਦਸ ਰਹੀ ਸੀ, ‘‘ ਵੇਖੋ ਜੀ ਸੁਪਰ ਡੁਪਰ ਬਜ਼ਾਰ ਵਾਲੇ ਕਿੰਨੇ ਮਹਿੰਗੇ ਭਾਅ ਕਬਾੜ ਖਰੀਦ ਰਹੇ ਆ,
ਪੰਜਾਹ ਰੁਪਏ ਕਿਲੋ ਪੁਰਾਣੇ ਅਖ਼ਬਾਰ, ਦੋ ਸੌ ਰੁਪਏ ਕਿਲੋ ਪਲਾਸਟਿਕ , ਟੁੱਟੀਆਂ ਚੱਪਲਾਂ, ਬੂਟ ਤੇ ਜੁੱਤੀਆਂ, ਢਾਈ ਸੌ ਰੁਪਏ ਕਿਲੋ ਪੁਰਾਣੇ ਟਾਇਰ ਟਿਊਬਾਂ, ਤਿੰਨ ਸੌ ਰੁਪਏ ਕਿਲੋ ਪੁਰਾਣੇ ਕੱਪੜੇ ਮੈਂ ਤਾਂ ਜੀ ਅੱਕੀ ਪਈ ਸੀ। ਬਈ ਇੰਨਾਂ ਨੂੰ ਸਿੱਟਾਂ ਤਾਂ ਸਿੱਟਾਂ ਕਿਥੇ? ਪੁਰਾਣੇ ਕੱਪੜੇ ਤਾਂ ਹੁਣ ਕੰਮ ਵਾਲੀਆਂ ਵੀ ਨੀ ਲੈ ਕੇ ਜਾਂਦੀਆਂ ਤੇ ਆਹ ਦੇਖ ਲਓ ਕਿ ਅੱਜ ਮਲਟੀ ਨੈਸ਼ਨਲ ਕੰਪਨੀਆਂ ਦਾ ਕਮਾਲ, ਨਵਿਆਂ ਤੋਂ ਵੀ ਮਹਿੰਗਾ ਵਿਕੂ ਇਹ ਸਭ ਕੁਝ। ’’
ਮੇਰੇ ਚਾਹ ਪੀਦਿਆਂ ਪੀਦਿਆਂ ਉਹਨੇ ਇਧਰ ਉਧਰ ਪਿਆ ਪੁਰਾਣਾ ਸਮਾਨ ਚੱਕ ਚੱਕ ਵੇਖਣਾ ਸ਼ੁਰੂ ਵੀ ਕਰਤਾ। ਕਿਸੇ ਵੱਡੀ ਲਾਟਰੀ ਦੇ ਨਿਕਲਣ ਵਾਂਗ ਬਾਗੋ ਬਾਗ ਹੋਈ ਉਹ ਮੈਨੂੰ ਸਕੂਲ ਜਾਂਦੇ ਬੱਚੇ ਵਾਂਗ ਵਾਰ ਵਾਰ ਸਮਝਾ ਰਹੀ ਸੀ , ‘‘ ਪੂਰੇ ਪੰਜ ਵਜੇ ਆ ਜਾਇਓ। ਭੀੜ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਦੇਈਏ ਆਪਾਂ ਤਾਂ ਠੀਕ ਹੈ। ਇਹੋ ਜੀ ਸਕੀਮ ਇੱਕ ਅੱਧਾ ਦਿਨ ਹੀ ਰਹਿੰਦੀ ਹੁੰਦੀ ਆ। ’’
ਮੈਂ ਇਸ਼ਤਿਹਾਰ ਨੂੰ ਇਕ ਵਾਰ ਫਿਰ ਗੌਰ ਨਾਲ ਵੇਖਿਆ ‘ਗੱਲ ਤਾਂ ਠੀਕ ਆ’ ਇਕੱਲੀ ਇਕੱਲੀ ਚੀਜ਼ ਦੇ ਭਾਅ ਸਪਸ਼ਟ ਲਿਖੇ ਸੀ। ਪਰ ਇਸ ਭਾਅ ਕਬਾੜ ਖਰੀਦ ਕੇ ਸੁਪਰ ਡੁਪਰ ਬਜ਼ਾਰ ਨੂੰ ਕੀ ਬਚੂ ਇਸ ਸੌਦੇ ਵਿੱਚ ? ਸੋਚਦਾ ਸੋਚਦਾ ਮੈਂ ਡਿਪਾਰਟਮੈਂਟ ਚਲਾ ਗਿਆ।
ਤਿੰਨ ਕੁ ਵਜੇ ਸਰਦਾਰਨੀ ਦਾ ਫੋਨ ਆ ਗਿਆ, ‘ ਯਾਦ ਆ ਅੱਜ ਜਾਣਾ ਆਪਾਂ ਸੁਪਰ ਡੁਪਰ ਬਜ਼ਾਰ, ਮੈਂ ਤਾਂ ਸਾਰਾ ਸਮਾਨ ਕੱਢ ਲਿਆ, ਕੋਸ਼ਿਸ਼ ਕਰਾਂਗੇ ਕਿ ਸਾਰਾ ਸਮਾਨ ਇੱਕੇ ਗੇੜੇ ਵਿੱਚ ਲੈ ਜਾਈਏ ਪਰ ਸਮਾਨ ਹੈ ਜ਼ਿਆਦਾ। ਚਲ ਕੋਈ ਨੀ ਜਿੰਨਾਂ ਵੱਧ ਹਊ ਉਨਾਂ ਈ ਫਾਇਦਾ। ਇਸ ਭਾਅ ਮੁੜ ਕੇ ਨੀ ਵਿਕਣਾ ਜ਼ਿੰਦਗੀ ਵਿੱਚ ਕਬਾੜ। ਬੱਸ ਤੁਸੀਂ ਆ ਜਾਓ।। ਜਦ ਤੱਕ ਮੈਂ ਤੇ ਬਿਨੇ ( ਪੁੱਤਰ ) ਬਾਕੀ ਸਮਾਨ ਵੀ ਇਕੱਠਾ ਕਰ ਲਈਏ ’’।
ਆਪਣਾ ਭਾਸ਼ਣ ਦੇ ਕੇ ਉਹਨੇ ਫੋਨ ਕੱਟ ਦਿੱਤਾ। ਮੈਂ ਡਿਪਾਰਟਮੈਂਟ ਦੀ ਲਾਇਬ੍ਰੇਰੀ ਵਿੱਚ ਜਾ ਕੇ ਇਕ ਵਾਰੀ ਫਿਰ ਉਹ ਇਸ਼ਤਿਹਾਰ ਦੇਖਿਆ, ਰੇਟ ਚੈੱਕ ਕੀਤੇ, ਹੁਣ ਮੈਂ ਵੀ ਪੱਕਾ ਮਨ ਬਣਾ ਲਿਆ ਸੁਪਰ ਡੁਪਰ ਬਜ਼ਾਰ ਵਿੱਚ ਕਬਾੜ ਵੇਚਣ ਦਾ ।
ਪੰਜ ਵਜੇ ਘਰ ਪਹੁੰਚਿਆ, ਕਬਾੜ ਨਾਲ ਪੂਰੀ ਤਰ੍ਹਾਂ ਲੈੱਸ ਕਾਰ ਦਰਵਾਜੇ ਮੂਹਰੇ ਖੜੀ ਸੀ। ਮੋਟਰ ਸਾਈਕਲ ਖੜਾ ਕਰਕੇ ਕਾਰ ਦੇ ਆਲੇ ਦੁਆਲੇ ਗੇੜਾ ਮਾਰਿਆ, ਤੂੜ ਤੂੜ ਕੇ ਕਬਾੜ ਭਰਿਆ ਪਿਆ ਸੀ। ਬਿਨੇ ਨੂੰ ਪਹਿਲਾਂ ਹੀ ਉਹਨੇ ਅਗਲੀਆਂ ਦੋਹਾਂ ਸੀਟਾਂ ਦੇ ਵਿਚਾਲੇ ਫਿਟ ਕਰਕੇ ਬਿਠਾਇਆ ਹੋਇਆ ਸੀ ਤੇ ਆਪ ਘਰ ਨੂੰ ਜ਼ਿੰਦਾ ਲਾ ਕੇ ਚਾਬੀ ਘੁਮਾਉਂਦੀ ਘੁਮਾਉਂਦੀ ਮੇਰੇ ਵੱਲ ਐਂ ਦੇਖ ਰਹੀ ਸੀ ਜਿਵੇਂ ਜੰਗਲ ’ਚ ਖੜਾ ਸ਼ਿਕਾਰੀ ਸਾਹਮਣੇ ਖੜੇ ਸ਼ਿਕਾਰ ਨੂੰ ਦੇਖਦਾ । ਮੈਂ ਅਜੇ ਚਾਹ ਪਾਣੀ ਬਾਰੇ ਸੋਚ ਹੀ ਰਿਹਾ ਸੀ ਕਿ ਉਹਨੇ ਪਹਿਲਾਂ ਹੀ ਜੋਤਸ਼ੀ ਵਾਂਗ ਮੇਰੇ ਚਿਹਰੇ ਨੂੰ ਪੜ੍ਹ ਕੇ ਕਿਹਾ, ‘ ਅੱਜ ਚਾਹ ਛੱਡੋ ਪਹਿਲਾਂ ਕਬਾੜ ਵੇਚ ਆਈਏ, ਆਉਂਦੇ ਹੋਏ ਕੌਫੀ ਪੀ ਲਵਾਂਗੇ ਕਿਤੋਂ , ਮੇਰਾ ਤਾਂ ਇਰਾਦਾ ਅੱਜ ਡਿਨਰ ਵੀ ਰੈਸਟੋਰੈਂਟ ਵਿੱਚ ਕਰਾਂਗੇ।।।। ਬਥੇਰੇ ਪੈਸੇ ਬਣ ਜਾਣੇ ਆਂ ਇਸ ਰੱਦੀ ਸਮਾਨ ਦੇ ’।
ਕਾਰ ਦੇ ਕੋਲ ਚਾਰ-ਪੰਜ ਗੱਠੜੀਆਂ ਕੱਪੜਿਆਂ ਦੀਆਂ ਬੰਨੀਆਂ ਪਈਆਂ ਸਨ। ਡਰਾਈਵਰ ਦੇ ਨਾਲ ਦੀ ਸੀਟ ਤੇ ਬੈਠ ਕੇ ਉਹ ਆਖਣ ਲੱਗੀ ਲਓ ਹੁਣ ਮੈਨੂੰ ਫੜਾ ਦਿਓ ਇਹ ਗੱਠੜੀਆਂ। ਮੈਂ ਸਾਰੀਆਂ ਗੱਠੜੀਆਂ ਉਹਦੇ ਗੋਡਿਆਂ ਤੇ ਧਰ ਦਿੱਤੀਆਂ । ਗੱਠੜੀਆਂ ਥੱਲੇ ਉਹ ਮਾਂ-ਪੁੱਤ ਲੁਕੇ ਪਏ ਸਨ ਪਰ ਫਿਰ ਵੀ ਉਹ ਥੱਲਿਉਂ ਕੁਝ ਨਾ ਕੁਝ ਬੋਲੀ ਜਾਂਦੀ ਸੀ, ‘ ਕੋਈ ਨੀ ਬੱਸ ਸਾਹ ਆਉਣ ਜੋਗੀ ਜਗਾ ਹੈਗੀ।।। ਤੁਸੀਂ ਤੋਰੀ ਰੱਖੋ ਗੱਡੀ। ਦਸ ਮਿੰਟ ਔਖੇ ਹੋ ਲਾਂਗੇ। ਕਬਾੜ ਤਾਂ ਸਾਰਾ ਵਿਕ ਜਾਊ ।।।ਉਹ ਵੀ ਐਨੇ ਮਹਿੰਗੇ ਭਾਅ। ’ ਉਹ ਔਖੀ ਹੋ ਕੇ ਵੀ ਜੇਤੂ ਭਲਵਾਨ ਵਾਂਗ ਖੁਸ਼ ਸੀ।
ਡਰਾਈਵਰ ਸੀਟ ਤੇ ਇਕ ਤਾਂ ਮੈਂ ਬੈਠਾ ਬਹੁਤ ਔਖਾ ਸੀ ਤੇ ਦੂਜਾ ਕਾਰ ’ਚੋਂ ਮੁਸ਼ਕ ਮਾਰਨ ਲੱਗ ਪਿਆ, ਪਤਾ ਨੀ ਕਿੰਨਾ ਕਿੰਨਾ ਪੁਰਾਣਾ ਨਿੱਕ ਸੁੱਕ ਰੱਖਿਆ ਸੀ। ਮੇਨ ਰੋਡ ਤੇ ਚੜਦਿਆਂ ਹਿਲ ਹਿਲ ਕੇ ਕੁਝ ਸੈੱਟ ਹੋਏ। ਪਤਾ ਨਹੀਂ ਉਹਨੇ ਔਖੀ ਸੌਖੀ ਹੋ ਕੇ ਕਿਵੇਂ ਪਰਸ ਚੋਂ ਫੋਨ ਕੱਢ ਕੇ ਆਵਦੇ ਪੇਕੀਂ ਮਿਲਾ ਲਿਆ, ‘‘ ਹਾਂ ਮੰਮੀ। ਅਸੀਂ ਤਾਂ ਚੱਲੇ ਆਂ।।। ਹਾਂ ਹਾਂ ਸਾਰਾ ਸਮਾਨ ਲੱਦ ਲਿਆ, ਹੋਏ ਤਾਂ ਔਖੇ ਪਰ ਇੱਕ ਗੇੜੇ ’ਚ ਹੀ ਲੈ ਚੱਲੇ ਆਂ। ਅੱਛਾ ਹੁਣ ਤੁਸੀਂ ਐਥੇ ਨਾ ਵੇਚਿਓ ਕਬਾੜ ਸਾਈਕਲਾਂ ਵਾਲਿਆਂ ਨੂੰ।।। ਬੱਸ ਗੱਡੀ ’ਚ ਲੱਦ ਕੇ ਸਾਡੇ ਕੋਲ ਆ ਜਾਓ। ਪਰ ਪ੍ਰੋਗਰਾਮ ਇਕ ਅੱਧੇ ਦਿਨ ’ਚ ਹੀ ਬਣਾ ਲਿਓ। ਇਹੋ ਜਿਹੀਆਂ ਸਕੀਮਾਂ ਐਟਰੈਕਸ਼ਨ ਵਾਸਤੇ ਹੁੰਦੀਆਂ।।।।।।।।ਇਕ ਦੋ ਦਿਨਾਂ ’ਚ ਜਿਹੜੇ ਫਾਇਦਾ ਲੈ ਗਏ। ਲੈ ਗਏ ’’।
ਸ਼ਾਇਦ ਇਸ ਕਬਾੜ ਬਾਰੇ ਉਹ ਪਹਿਲਾਂ ਵੀ ਦਿਨੇ ਉਨ੍ਹਾਂ ਨੂੰ ਦੱਸ ਚੁੱਕੀ ਸੀ। ਸੁਪਰ ਡੁਪਰ ਸ਼ੋਅ ਰੂਮ ਪਹੁੰਚੇ । ਭੀੜ ਭੜੱਕਾ। ਪਾਂ ਪਾਂ ਪੀਂ ਪੀਂ। ਗੱਡੀਆਂ ਤੇ ਗੱਡੀਆਂ। ਲੋਕ ਤਾਂ ਜਿਵੇਂ ਘਰਾਂ ਦਾ ਸਾਰਾ ਕਬਾੜ ਚੁੱਕ ਲਿਆਏ ਹੋਣ।
‘‘ ਦੇਖਿਆ ਮੈਂ ਕਿਹਾ ਸੀ ਨਾ।।ਆਹ ਵੇਖ ਲਓ ਹੁਣ, ਅਜੇ ਵੀ ਵੇਲੇ ਸਿਰ ਆ ਗਏ ਆਪਾਂ ।।। ਹੁਣ ਛੇਤੀ ਕਰੋ।।।।। ਇਧਰ ਉਧਰ ਵੇਖਣ ਦਾ ਟੈਮ ਨਹੀਂ ਹੁਣ।।।।।।ਉਹ ਵੇਖੋ ਸਾਹਮਣੇ ਲਿਖਿਆ, ਕਬਾੜ ਇਥੇ ਵੇਚੋ।’’
ਕਬਾੜ ਖਰੀਦਣ ਵਾਲੇ ਕਾਉਂਟਰ ਤੇ ¦ਮੀ ਕਤਾਰ ਸੀ । ਆਸੇ ਪਾਸੇ ਮੈਨੂੰ ਜਾਨਣ ਵਾਲੇ ਕਈ ਬੰਦੇ ਖੜੇ ਸੀ। ਘਰ ਵਾਲੀ ਨੇ ਮੇਰੀ ਝਿਜਕ ਸਮਝਦਿਆਂ ਕਿਹਾ ,‘‘ ਲੈ ਮੈਂ ਖੜ ਜਾਨੀ ਆਂ ।।।ਇਹ ਕੋਈ ਮਾੜੀ ਥਾਂ।।। ਆਪਣਾ ਸਮਾਨ ਆ।।। ਆਪ ਵੇਚਦੇ ਆਂ।।।। ਕਿਸੇ ਨੂੰ ਕੀ ’’। ਉਹਨੂੰ ਮੇਰੇ ਨਾਲੋਂ ਜ਼ਿਆਦਾ ਗੁੱਸਾ ਮੈਨੂੰ ਜਾਨਣ ਵਾਲਿਆਂ ਤੇ ਸੀ। ਦੋ ਢਾਈ ਘੰਟਿਆਂ ਬਾਅਦ ਜਦੋਂ ਸਾਡੀ ਵਾਰੀ ਆਈ ਤਾਂ ਪਹਿਲਾਂ ਮੈਂ ਰੇਟ ਕਨਫਰਮ ਕੀਤੇ। ਜਦੋਂ ਉਨ੍ਹਾਂ ਕਿਹਾ ਬਿਲਕੁਲ ਏਸੇ ਰੇਟ ਤੇ ਖਰੀਦ ਰਹੇ ਹਾਂ ਤਾਂ ਮੈਨੂੰ ਕਾਰ ਵਿਚਲੀ ਮੁਸ਼ਕਲ ਤੇ ਮੁਸ਼ਕ ਦੇ ਨਾਲ ਨਾਲ ਢਾਈ ਘੰਟੇ ਕਤਾਰ ਵਿੱਚ ਖੜਨ ਦਾ ਥਕੇਵਾਂ ਵੀ ਭੁੱਲ ਗਿਐ।
ਟਰਾਲੀਆਂ ’ਚੋਂ ਸਮਾਨ ਲਾਹ ਕੇ ਤੋਲਣਾ ਸ਼ੁਰੂ ਕੀਤਾ । ਅਖ਼ਬਾਰ, ਮੈਗਜ਼ੀਨ, ਪਲਾਸਟਿਕ, ਜੁੱਤੀਆਂ, ਚੱਪਲਾਂ, ਬਾਲਟੀਆਂ,ਕੱਪ, ਟਾਇਰ, ਟਿਊਬਾਂ, ਕੱਪੜੇ ਤੇ ਹੋਰ ਨਿੱਕ ਸੁੱਕ। ਕਬਾੜ ਤੁਲਦਾ ਜਾ ਰਿਹਾ ਸੀ ਸਰਦਾਰਨੀ ਦੀਆਂ ਉਂਗਲਾਂ ਕੈਲਕੂਲੇਟਰ ਤੇ ਟੱਕ-ਟੱਕ ਵੱਜ ਰਹੀਆਂ ਸੀ। ਕਾਉਂਟਰ ਤੇ ਬੈਠੇ ਟਾਈ ਵਾਲੇ ਬਾਊ ਨੇ ਸਾਰਾ ਜੋੜ ਲਾ ਕੇ ਪਰਚੀ ਮੇਰੇ ਵੱਲ ਕਰਦਿਆਂ ਕਿਹਾ, ‘‘ ਉੱਨੀ ਹਜ਼ਾਰ ਦੋ ਸੌ ਤੀਹ ਰੁਪਏ ਬਣ ਗਏ ਤੁਹਾਡੇ ’’
ਸਰਦਾਰਨੀ ਨੇ ਕੈਲਕੂਲੇਟਰ ਨਾਲ ਰਕਮ ਮਿਲਾਈ ਤੇ ਮੈਨੂੰ ਇਸ਼ਾਰੇ ਨਾਲ ਦੱਸ ਦਿੱਤਾ, ਬਈ ਠੀਕ ਹੈ।।।।।।ਨਾਲੇ ਮੇਰੇ ਵੱਲ ਇਸ ਤਰਾਂ ਵੇਖ ਰਹੀ ਸੀ ਜਿਵੇਂ ਆਖ ਰਹੀ ਹੋਵੇ ‘‘ ਕਿਉਂ ਸਰਦਾਰ ਜੀ।। ਅਖ਼ਬਾਰ ਪੜ੍ਹਨਾ ਸਿਖੋ, ਕੰਮ ਦੀਆਂ ਗੱਲਾਂ ਪੜ੍ਹਿਆ ਕਰੋ, ਸਿਰਫ਼ ਆਵਦੀਆਂ ਖ਼ਬਰਾਂ ਤੇ ਫੋਟੋਆਂ ਦੇਖ ਕੇ ਖੁਸ਼ ਹੋ ਜਾਂਨੇ ਆਂ ’’।
ਮੈਂ ਵੀ ਮਨ ਬਣਾਇਆ।।।ਹੋਰ ਕੁਝ ਨਹੀਂ ਖਰੀਦਣਾ ਇਨਾ ਪੈਸਿਆਂ ਦਾ, ਤੋਲੇ ਸਵਾ ਤੋਲੇ ਸੋਨੇ ਦੀ ਮੁੰਦਰੀ ਬਣਵਾ ਕੇ ਘਰ ਵਾਲੀ ਨੂੰ ਦੇ ਦਿਆਂਗੇ ਆਖਰ ਮਿਹਨਤ ਤਾਂ ਸਾਰੀ ਏਹਨੇ ਈ ਕੀਤੀ ਆ। ਟਾਈ ਵਾਲੇ ਬਾਬੂ ਨੇ ਮੇਰੀ ਸੋਚ ਨੂੰ ਤੋੜਦਿਆਂ ਉੱਨੀ ਹਜ਼ਾਰ ਦੋ ਸੌ ਤੀਹ ਰੁਪਏ ਦੇ ਕੂਪਨ ਮੇਰੇ ਹੱਥ ’ਚ ਫੜਾਤੇ ਅਖੇ ਸ਼ੋਅ ਰੂਮ ਦੇ ਅੰਦਰ ਚਲੇ ਜਾਓ ਜੋ ਸਮਾਨ ਖਰੀਦਣਾ ਹੈ ਖਰੀਦ ਲਓ।
ਆਹ ਕੀ ਹੋ ਗਿਆ ? ਸਾਰਾ ਸਮਾਨ ਏਥੋਂ ਖਰੀਦਣਾ ਪਊ?
ਇਕੱਠ ਜ਼ਿਆਦਾ ਹੋਣ ਕਰਕੇ ਮੈਂ ਬਹਿਸ ’ਚ ਪੈਣਾ ਠੀਕ ਨਾ ਸਮਝਿਆ। ਸਰਦਾਰਨੀ ਵੀ ਆਖਣ ਲੱਗੀ ‘‘ ਚਲੋ ਸ਼ੋਅ ਰੂਮ ਦੇ ਅੰਦਰ ਚਲਦੇ ਆਂ।।। ਆਪਾਂ ਸਾਮਾਨ ਤਾਂ ਖਰੀਦਣਾ ਈ ਐ ।।।ਏਥੋਂ ਖਰੀਦ ਲੈਨੇ ਆ।। ’’
ਅਸੀਂ ਸ਼ੋਅ ਰੂਮ ਅੰਦਰ ਚਲੇ ਗਏ। ਮੈਂ ਬਿਨੇ ਨੂੰ ਕਿਹਾ ਤੂੰ ਦੋ ਤਿੰਨ ਜ਼ੀਨਾਂ ਤੇ ਟੀ ਸ਼ਰਟਾਂ ਪਸੰਦ ਕਰ ਲੈ ।। ਮੈਂ ਵੀ ਦੋ ਕੁ ਸ਼ਰਟਾਂ ਵੇਖ ਲੈਨਾ। ਘਰ ਵਾਲੀ ਇਕ ਦਮ ਭੜਕ ਉੱਠੀ, ‘‘ ਲੈ ਹੁਣ ਤੁਹਾਡੇ ਕੱਪੜਿਆਂ ਤੇ ਤਾਂ ਨੀ ਬਰਬਾਦ ਕਰਨੇ ਸਾਰੇ ਪੈਸੇ, ਪਹਿਲਾਂ ਘਰ ਦਾ ਜ਼ਰੂਰੀ ਸਮਾਨ ਖਰੀਦ ਲਈਏ’’।
ਵੱਖ-ਵੱਖ ਕਾਉਂਟਰਾਂ ਤੇ ਖੜੇ ਟਾਈ ਵਾਲੇ ਸੇਲਜ਼ਮੈਨਾਂ ਦੇ ਨਾਲ ਝਗੜ ਰਹੇ ਕਸਟਮਰਾਂ ਦੇ ਹੱਥ ਵਿੱਚ ਸਾਡੇ ਵਰਗੇ ਕੂਪਨ ਫੜੇ ਦੇਖ ਕੇ ਅਸੀਂ ਵੀ ਉਹਨਾਂ ਵੱਲ ਨੂੰ ਹੋਏ ਤਾਂ ਮੇਰੇ ਵੱਲ ਹੱਥ ਕਰਕੇ ਇਕ ਸੇਲਜ਼ਮੈਨ ਮੁੰਡਾ, ਜਿਹੜਾ ਸ਼ਾਇਦ ਮੈਨੂੰ ਜਾਣਦਾ ਸੀ, ਆਖਣ ਲੱਗਾ, ‘‘ ਲੈ ਆਹ ਪ੍ਰੋਫੈਸਰ ਸਾਹਿਬ ਨੂੰ ਪੁੱਛ ਲਵੋ, ਇਹਨਾਂ ਕੋਲ ਵੀ ਕੂਪਨ ਆ, ਇਹ ਪੜ੍ਹੇ ਲਿਖੇ ਆ।। ਸਾਰੀ ਗੱਲ ਸਮਝਦੇ ਆ। ਲਓ।। ਦੱਸੋ ਇਨ੍ਹਾਂ ਨੂੰ ਪ੍ਰੋਫੈਸਰ ਸਾਹਿਬ ।।।।ਬਈ ਆਹ ਜਿਹੜੀ ਕਬਾੜ ਵੇਚ ਕੇ ਐਕਸਚੇਜ਼ ਵਾਲੀ ਸਕੀਮ ਐ।।।।।।ਇਹਦੇ ਵਿੱਚ ਜਿੰਨੇ ਕੂਪਨ ਤੁਸੀਂ ਐਡਜਸਟ ਕਰਵਾਉਣੇ ਹੋਣ ।।।।ਉਸ ਤੋਂ ਚਾਰ ਗੁਣਾਂ ਸਮਾਨ ਖਰੀਦਣਾ ਪੈਂਦਾ।।। ਯਾਨੀ ਜੇਕਰ ਤੁਸੀਂ ਦਸ ਹਜ਼ਾਰ ਰੁਪਏ ਦਾ ਸਮਾਨ ਖਰੀਦਿਆ ਤਾਂ ਢਾਈ ਹਜ਼ਾਰ ਰੁਪਏ ਦੇ ਕੂਪਨ ਐਡਜਸਟ ਹੋ ਜਾਣਗੇ ਤੇ ਤੁਹਾਨੂੰ ਸਿਰਫ ਸਾਢੇ ਸੱਤ ਹਜ਼ਾਰ ਰੁਪਏ ਨਗਦ ਦੇਣੇ ਪੈਣਗੇ। ’’ ਗੱਲ ਸੁਣ ਕੇ ਮੇਰੇ ਆਵਦੇ ਹੋਸ਼ ਉੱਡ ਗਏ। ਅੱਖ ਦੇ ਝਪਕੇ ਨਾਲ ਮੈਂ ਤਾਂ ਸੱਸੀ ਵਾਂਗੂ ਲੁੱਟਿਆ ਲੁੱਟਿਆ ਮਹਿਸੂਸ ਕੀਤਾ। ਨਾਲ ਖੜੀ ਸਰਦਾਰਨੀ ਦਾ ਮੂੰਹ ਪੀਲ ਪੈਣਾ ਸ਼ੁਰੂ ਹੋ ਗਿਆ। ਟਾਈ ਵਾਲਾ ਮੁੰਡਾ ਵਾਰ ਵਾਰ ਮੈਨੂੰ ਕਹਿ ਰਿਹਾ ਸੀ , ‘‘ ਦੱਸੋ ਪ੍ਰੋਫੈਸਰ ਸਾਹਿਬ।।। ਆਹ ਕੂਪਨ ਦੇ ਥੱਲੇ ਬਾਰੀਕ ਲਾਈਨ ਪੜ੍ਹ ਕੇ ਇਨ੍ਹਾਂ ਨੂੰ ਸਮਝਾਓ । ’’
ਇਸ਼ਤਿਹਾਰ ਅਤੇ ਕੂਪਨ ਦੇ ਥੱਲੇ ਵਾਲੀ ਬਰੀਕ ਲਾਈਨ ਨੂੰ ਜ਼ੋਰ ਲਗਾ ਕੇ ਪੜਦਿਆਂ ਪੜਦਿਆਂ ਮੇਰੀਆਂ ਅੱਖਾਂ ਘਰ ਵਾਲੀ ਨਾਲ ਮਿਲੀਆਂ, ਦੋ ਨੈਣ ਤੇਰੇ ਦੋ ਨੈਣ ਮੇਰੇ ਮਿਲ ਕੇ ਦੋ ਤੋਂ ਚਾਰ ਹੋਏ ।।।ਪਰ ਸਾਡੇ ਚਾਰੇ ਨੈਣਾਂ ਵਿੱਚ ਵੀ ਜਿਵੇਂ ਹਨੇਰਾ ਪਸਰਨ ਲੱਗਾ।।।।।ਮਤਲਬ ਜੇ ਇਹ ਸਵਾ ਉਨੀ ਹਜ਼ਾਰ ਦੇ ਕੂਪਨ ਐਡਜਸਟ ਕਰਨੇ ਹਨ ਤਾਂ ਸਾਨੂੰ ਅੱਸੀ ਹਜ਼ਾਰ ਦਾ ਸਮਾਨ ਖਰੀਦਣਾ ਪਊ। ਫਿਲਮੀ ਸੀਨ ਵਾਂਗ ਇਕ ਦੂਜੇ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਸਟਿਲ ਖੜ੍ਹੇ ਰਹੇ। ਨਾਲ ਦੀ ਨਾਲ ਬਿਨੇ ਜੀ ਇੱਕ ਕੈਮਰਾ ਚੱਕ ਲਿਆਏ ਅਖੇ ‘ ਪਾਪਾ ਆਹ ਕੈਮਰਾ ਆਪਾਂ ਲੈ ਲਈਏ।। ਬਹੁਤ ਸੋਹਣਾ। ’ ਉਸ ਕੈਮਰੇ ਤੇ ਨੌ ਹਜ਼ਾਰ ਨੌ ਸੌ ਨੜਿੱਨਵੇਂ ਰੁਪਏ ਦਾ ਟੈਗ ਲੱਗਾ ਸੀ। ਟਾਈ ਵਾਲਾ ਬਾਬੂ ਕਹਿੰਦਾ ‘ ਇਸ ਕੈਮਰੇ ਦੇ ਨਾਲ ਆਹ ਢਾਈ ਸੌ ਰੁਪਏ ਦੀ ਟਾਰਚ ਬਿਲਕੁਲ ਫਰੀ ਆ ਜੀ। ’ ਘਰ ਵਾਲੀ ਟਾਰਚ ਜਗਾ ਬੁਝਾ ਕੇ ਦੇਖਣ ਲੱਗ ਪਈ। ਮੇਰਾ ਮੱਥਾ ਹੋਰ ਠਣਕਿਆ। ਬਈ ਜੇ ਇਹਨੂੰ ਇਹ ਟਾਰਚ ਪਸੰਦ ਆ ਗਈ ਤਾਂ ਕੈਮਰਾ ਵੀ ਖਰੀਦਣਾ ਪਊ। ਸਰਦਾਰਨੀ ਲੱਗੀ ਹਿਸਾਬ ਕਿਤਾਬ ਲਾਉਣ ‘ ਨੌ ਹਜ਼ਾਰ ਨੌ ਸੌ ਨੜਿੱਬਵੇਂ।।।।ਤੇ ਸਾਡੇ ਕੋਲੇ ਆਹ ਕੂਪਨ ਆ ।।।।ਪੱਚੀ ਪ੍ਰਤੀਸ਼ਤ ਤਾਂ ਇਹ ਐਡਜਸਟ ਹੋ ਜਾਣਗੇ। ’ ਟਾਈ ਵਾਲਾ ਬਾਬੂ ਝਟਪਟ ਬੋਲਿਆ ‘ ਨਹੀਂ ਭੈਣਜੀ ਨਹੀਂ, ਇਹ ਕਬਾੜ ਐਕਸਚੇਜ਼ ਆਫਰ ਇਲੈਕਟ੍ਰੋਨਿਕ ਸਮਾਨ ਤੇ ਲਾਗੂ ਨਹੀਂ ਹੁੰਦੀ। ਇਹ ਸਿਰਫ ਕੱਪੜਿਆਂ ਅਤੇ ਜੁੱਤੀਆਂ ਤੇ ਲਾਗੂ ਹੁੰਦੀ ਆ।’
‘‘ਤੇ ਘਰੇਲੂ ਸਮਾਨ ਤੇ ?’’ ਸਰਦਾਰਨੀ ਨੇ ਵੇਲਾ ਸੰਭਾਲਦਿਆਂ ਟਾਈ ਵਾਲੇ ਬਾਬੂ ਨੂੰ ਪੁੱਛਿਆ।
‘‘ ਨਹੀਂ ਭੈਣਜੀ ।।ਗਰੌਸਰੀ ਤੇ ਫੂਡ ਤੇ ਵੀ ਇਹ ਆਫਰ ਲਾਗੂ ਨਹੀਂ ਹੁੰਦੀ, ਇਹ ਸਿਰਫ ਕੱਪੜਿਆਂ ਅਤੇ ਜੁੱਤੀਆਂ ਤੇ ਹੀ ਲਾਗੂ ਹੁੰਦੀ ਆ।’’ ਅਸੀਂ ਜਿਵੇਂ ਇਕ ਦਮ ਠੰਡੇ ਪਾਣੀ ਵਿੱਚ ਬਹਿ ਗਏ। ਸਿਰਫ ਕੱਪੜੇ ਅਤੇ ਜੁੱਤੀਆਂ ਕਿਵੇਂ ਖਰੀਦੀਆਂ ਜਾਣ ਅੱਸੀ ਹਜ਼ਾਰ ਦੀਆਂ। ਕਬਾੜ ਦਾ ਜੁਗਾੜ ਮਹਿੰਗਾ ਪੈਂਦਾ ਦੇਖਕੇ ਅਸੀਂ ਇਕ ਦੂਜੇ ਨੂੰ ਬਿਨਾਂ ਬੁਲਾਏ ਸ਼ੋਅ ਰੂਮ ਤੋਂ ਬਾਹਰ ਆ ਗਏ । ਮੈਂ ਸਰਦਾਰਨੀ ਦਾ ਮੂਡ ਬਦਲਣ ਦੀ ਕੋਸ਼ਿਸ਼ ਕੀਤੀ, ‘‘ਚੱਲ ਕੋਈ ਨੀ, ਤੂੰ ਮਨ ਨਾ ਖਰਾਬ ਕਰ, ਦੱਸ ਕਿਹੜੇ ਰੈਸਟੋਰੈਂਟ ਵਿੱਚ ਰੋਟੀ ਖਾਣੀ ਆਂ ? ’’
ਸਰਦਾਰਨੀ ਕਹਿੰਦੀ , ‘‘ ਘਰ ਚੱਲੋ, ਦਾਲ ਬਣੀ ਪਈ ਆ।।।। ਆਟਾ ਗੁੰਨਿਆਂ ਪਿਆ, ਟੈਮ ਨਾਲ ਰੋਟੀ ਖਾਈਏ। ਘਰ ਵਰਗੀ ਰੋਟੀ ਦੀ ਰੀਸ ਨਹੀਂ ’’।
ਉਹਨੇ ਕਾਹਲੀ ਕਾਹਲੀ ਨਾਲ ਪਰਸ ’ਚੋਂ ਫੋਨ ਕੱਢਿਆ ਤੇ ਡਾਇਲ ਕਰਦੀ ਕਰਦੀ ਆਖਣ ਲੱਗੀ , ‘‘ ਪਹਿਲਾਂ ਮੈਂ ਮੰਮੀ ਨੂੰ ਫੋਨ ਕਰ ਦਿਆਂ।। ਹੋਰ ਨਾ ਸਵੇਰ ਨੂੰ ਗੱਡੀ ਭਰ ਕੇ ਲੈ ਆਉਣ ਕਬਾੜ ਦੀ। ’’








Post a Comment