ਦੁਨੀਆ ਕਰੇ ਸਵਾਲ ਤੋ ਹਮ, ਕਿਆ ਜਵਾਬ ਦੇਂ……… ਲੇਖ / ਸੁਮਿਤ ਟੰਡਨ, ਆਸਟ੍ਰੇਲੀਆ

ਗੁਰਸ਼ਾਨ : ਬਚਪਨ ਦੀ ਫੁਲਵਾੜੀ ਵਿੱਚ ਖਿੜ ਰਿਹਾ ਨੰਨ੍ਹਾਂ ਗੁਲਾਬ, ਜਿਸ ਦੀਆਂ ਤੋਤਲੀਆਂ ਪੰਖੁੜੀਆਂ ‘ਚੋਂ ਹਾਲੇ ਮਾਂ ਸ਼ਬਦ ਵੀ ਸ਼ਾਇਦ ਪੂਰਨ ਰੂਪ ਵਿੱਚ ਵਿਕਸਿਤ ਨਹੀਂ ਸੀ ਹੋਇਆ ਕਿ ਸਮੇਂ ਦੇ ਰਾਕਸ਼ਸ ਨੇ ਉਸ ਨੂੰ ਖਿੜਨ ਤੋਂ ਪਹਿਲਾਂ ਹੀ ਮਿੱਧ ਕੇ ਰੱਖ ਦਿੱਤਾ । ਕਸੂਰ ਕੀ ਸੀ ਉਸ ਮਾਸੂਮ ਦਾ ? ਉੱਤਰ : ਕੋਈ ਵੀ ਨਹੀਂ ! ਇੱਕਲੌਤੀ ਔਲਾਦ ਦਾ ਬੇਵਜਾਹ ਮਾਰਿਆ ਜਾਣਾ ਮਾਂ-ਬਾਪ ਲਈ ਕਿੰਨਾ ਦੁਖਦਾਈ ਹੋ ਸਕਦਾ ਹੈ ਇਹ ਤਾਂ ਸਿਰਫ਼ ਹਾਲਾਤ ਨਜਿੱਠਣ ਵਾਲੇ ਜਾਂ ਹਾਲਾਤ ਨਜਿੱਠ ਚੁੱਕੇ ਮਾਪੇ ਹੀ ਜਾਣ ਸਕਦੇ ਹਨ । ਕੀ ਐਸੀ ਮੌਤ ਨੂੰ ਕਾਲ ਜਾਂ ਹੋਣੀ ਕਹਿ ਕੇ ਝੂਠੀ ਤਸੱਲੀ ਲਈ ਜਾ ਸਕਦਾ ਹੈ ? ਸ਼ਾਇਦ ਨਹੀਂ ! ਸਿਆਣੇ ਦੱਸਦੇ ਹਨ ਕਿ ਜਿਸ ਵਸਤੂ ਦਾ ਨਾ ਕੋਈ ਰੰਗ, ਨਾ ਜ਼ਾਤ, ਨਾ ਧਰਮ ਅਤੇ ਨਾ ਕੋਈ ਨਸਲ ਹੋਵੇ ਉਸ ਵਸਤੂ ਨੂੰ ਖੁਸ਼ਬੂ, ਮਹਿਕ ਜਾਂ ਹਵਾ ਮੰਨਿਆ ਜਾਂਦਾ ਹੈ । ਬਚਪਨ ਵੀ ਐਸੀ ਸ਼ੈਅ ਦਾ ਨਾਮ ਹੈ, ਜਿਸ ਵਿੱਚ ਕਿਸੇ ਪ੍ਰਕਾਰ ਦੇ ਕੋਈ ਅਲੰਕਾਰ ਅੰਕਿਤ ਨਹੀਂ ਹੁੰਦੇ ਫਿਰ ਭਲਾ ਐਸੇ ਗੁਲਫ਼ਾਮ (ਖ਼ਸ਼ਬੂ) ਨਾਲ ਕਿਸਦਾ ਵੈਰ ਹੋ ਸਕਦਾ ਸੀ, ਜਿਸ ਦੀ ਮਹਿਕ ਵਿੱਚ ਹਰ ਵੇਲੇ ਚੁਫੇਰਾ ਮਹਿਕਦਾ ਹੋਵੇ ? ਜਵਾਬ ਇਸ ਵੇਲੇ ਵੀ, ਸਿਰਫ਼ ਨਾਮੋਸ਼ੀ ਹੈ ।
ਦਰਿੰਦਗ਼ੀ ਦੀ ਹੱਦ ਪਾਰ ਕਰ ਰਹੀ ਇਨਸਾਨੀਅਤ ਨੇ ਗੁਰਸ਼ਾਨ ਕਾਂਡ ਨਾਲ ਇਨਸਾਨ ਨੂੰ ਹਰ ਨਜ਼ਰ ਵਿੱਚ ਨੀਵਾਂ ਕਰ ਕੇ ਰੱਖ ਦਿੱਤਾ ਹੈ। ਬੱਚਿਆਂ ਦੀਆਂ ਤੋਤਲੀਆਂ ਆਵਾਜ਼ਾਂ ਤਾਂ ਖਿਜ਼ਾ ਵਿੱਚ ਵੀ ਫ਼ਿਜ਼ਾ ਭਰ ਦਿੰਦੀਆਂ ਹਨ । ਰੱਬ ਦਾ ਰੂਪ ਸਮਝੇ ਜਾਣ ਵਾਲੇ ਬੱਚੇ, ਜਿਨ੍ਹਾਂ ਦੀ ਨਜ਼ਰ ਵਿੱਚ ਸੱਭ ਆਪਣੇ ਹੀ ਆਪਣੇ ਸਮਾਏ ਹੁੰਦੇ ਹਨ ਉਹਨਾਂ ਨੂੰ ਕੀ ਪਤਾ ਜਿਸ ਅੰਕਲ ਦੀ ਉਹ ਉੰਗਲੀ ਫੜ ਕੇ ਤੁਰਨਾ ਸਿੱਖ ਰਹੇ ਹਨ ਉਹੀ ਅੰਕਲ ਉਹਨਾਂ ਦੇ ਕਦਮ ਜ਼ਿੰਦਗ਼ੀ ਤੋਂ ਪਰ੍ਹਾਂ ਮੌਤ ਦੇ ਰਾਹ ਵੱਲ ਲਿਜਾ ਰਿਹਾ ਹੈ ? ਬੱਚਿਆਂ ਲਈ ਤਾਂ ਜ਼ਿੰਦਗ਼ੀ ਅਤੇ ਮੌਤ ਬੇ- ਮਾਅਨੇ ਹੁੰਦੀ ਹੈ, ਜਿਨ੍ਹਾਂ ਨੂੰ ਮੰਮੀ ਪਾਪਾ ਦੇ ਨਾ ਤੋਂ ਬਿਨਾ ਹੋਰ ਕਿਸੇ ਮਿਠਾਸ ਦਾ ਅਨੁਭਵ ਹੀ ਨਹੀਂ ਹੁੰਦਾ । ਐਸੀ ਹੀ ਦਿਸ਼ਾ ਵਿੱਚੋਂ ਗੁਜ਼ਰ ਰਿਹਾ ਗੁਰਸ਼ਾਨ ਜ਼ਿੰਦਗ਼ੀ ਦੇ ਮੌੜ ‘ਤੇ ਉਸ ਵੇਲੇ ਦਿਸ਼ਾਹੀਣ ਹੋ ਗਿਆ ਜਦੋਂ ਉਸਦੇ ਮੰਮੀ ਪਾਪਾ ਨੇ ਉਸ ਤੋਂ ਇੱਕ ਪਲ ਲਈ ਮੂੰਹ ਮੋੜਿਆ । ਕਾਰਨ ਭਾਵੇਂ ਕੋਈ ਵੀ ਸਾਬਤ ਹੋਣ ? ਪਰ ਉਸ ਅਣਹੋਣੀ ਨੇ ਇੱਕ ਵਾਰ ਤਾਂ ਸੱਬ ਨੂੰ ਹਲੂਣ ਕੇ ਰੱਖ ਦਿੱਤਾ । ਕਿਸੇ ਮਾਸੂਮ ਨੂੰ ਕਾਰ ਦੇ ਬੂਟ ਵਿੱਚ ਤਿੰਨ ਘੰਟੇ ਤੱਕ ਲੈ ਕੇ ਸੜਕਾਂ ‘ਤੇ ਫਿਰੀ ਜਾਣਾ ਤੇ ਨੀਮ ਬੇਹੋਸ਼ੀ ਦੀ ਹਾਲਤ ਜਾਂ ਸਦਾ ਦੀ ਲੰਮੀ ਨੀਂਦ ਸੌਂ ਚੁੱਕੇ ਬਾਲਕ ਨੂੰ ਝਾੜੀਆਂ ਉਹਲੇ ਸੁੱਟ ਦੇਣਾ, ਕਿੰਨੀ ਘਟੀਆ ਗੱਲ ਜਾਪਦੀ ਹੈ, ਉਸ ਪੰਜਾਬੀ ਦੀ । ਉਸ ਵੇਲੇ ਉਸ ਵਿਅਕਤੀ ਦੇ ਦਿਮਾਗ਼ ਅੰਦਰ ਕੀ ਉਪਜ ਰਿਹਾ ਸੀ, ਜਿਸ ਕਾਰਨ ਉਸਨੇ ਐਸਾ ਕਦਮ ਪੁੱਟਿਆ ਇਹ ਤਾਂ ਮਨੋਵਿਗਿਆਨਕ ਮਾਹਰ ਜਾਂ ਸਮਾਂ ਹੀ ਦੱਸ ਸਕੇਗਾ ? ਪਰ ਜੋ ਦਾਗ਼ ਅੱਜ ਇਨਸਾਨੀਅਤ ਦੇ ਦਾਮਨ ਉੱਤੇ ਲੱਗ ਚੁੱਕੇ ਹਨ ਉਨ੍ਹਾਂ ਨੂੰ ਮਿਟਾਵੇ ਕੌਣ ?
ਆਸਟ੍ਰੇਲੀਆ ਵਿੱਚ ਦਿਨੋ-ਦਿਨ ਵਧੀ ਪੰਜਾਬੀਆਂ ਦੀ ਤਾਦਾਦ ਨੇ (ਹੋਰ ਵੀ ਬਹੁਤ ਨਸਲਾਂ ਇਸ ਦੇਸ਼ ਵਿੱਚ ਆਈਆਂ ਹਨ ਪਰ ਘਟਨਾ ਦਾ ਜ਼ਿਕਰ ਸਿਰਫ਼ ਇਨ੍ਹਾਂ ਲੋਕਾਂ ਨਾਲ ਹੀ ਸੰਬੰਧਿਤ ਹੈ) ਜਿੱਥੇ ਇਸ ਦੇਸ਼ ਨੂੰ ਪੈਸਾ, ਸੱਭਿਅਤਾ ਅਤੇ ਭਾਈਚਾਰੇ ਨਾਲ ਮੇਲ ਕਰਵਾਇਆ, ੳੁੱਥੇ ਕੁੱਝ ਐਸੇ ਅੰਸ਼ ਵੀ ਮੁਹੱਈਆ ਕਰਵਾਏ ਜਿਹੜੇ ਸ਼ਾਇਦ ਨਾ ਤਾਂ ਸਮਾਜ ਲਈ ਲੋੜੀਂਦੇ ਸੰਨ ਅਤੇ ਨਾ ਹੀ ਦੇਸ਼ ਲਈ ਜ਼ਰੂਰਤਮੰਦ । ਸਦਾ ਸੁਰਖ਼ੀਆਂ ਵਿੱਚ ਰਹਿਣ ਵਾਲੀ ਪੰਜਾਬੀ ਕੌਮ ਕਿੱਥੇ ਤਾਂ ਆਪਣੀਆਂ ਸੂਰਮਗਤੀਆਂ ਕਾਰਨ ਜਾਂ ਅਣਥੱਕ ਮਿਸਾਲਾਂ ਕਾਰਨ ਚਰਚਾ ਦਾ ਵਿਸ਼ਾ ਬਣਦੀ ਸੀ ਅਤੇ ਕਿੱਥੇ ਅੱਜ ਝੂਠ, ਕੰਮਚੋਰੀ, ਠੱਗੀਆਂ, ਬੇ-ਈਮਾਨੀਆਂ, ਦਗ਼ਾਬਾਜ਼ੀਆਂ ਜਾਂ ਕਤਲਾਂ ਦੀ ਸ਼੍ਰੇਣੀ ਵਿੱਚ ਮੂਹਰੇ ਆਉਣ ਕਾਰਨ ਚਰਚਾ ਵਿੱਚ ਆ ਰਹੀ ਹੈ। ਇਹ ਕੁੱਝ 1-2% ਲੋਕ ਹੀ ਅਜਿਹੇ ਹੁੰਦੇ ਹਨ ਜੋ ਸਾਫ਼ ਪਾਣੀ ਨੂੰ ਗੰਧਲਾ ਕਰਨ ਦੀ ਹਿੰਮਤ ਰੱਖਦੇ ਹਨ । ਬਾਕੀ 98% ਲੋਕ ਦੇਸ਼ ਬਾਰੇ, ਸਮਾਜ ਬਾਰੇ, ਪਰਿਵਾਰ ਬਾਰੇ ਜਾਂ ਫਿਰ ਆਪਣੇ ਬੋਰ ਸੋਚ ਕੇ ਕੰਮ ਕਰਦੇ ਹਨ । ਜਿਨ੍ਹਾਂ ਨੂੰ ਸਮਾਜ ਦਾ ਡਰ ਜਾਂ ਆਪਣੇ ਆਪ ਦੇ ਰੁਤਬੇ ਦਾ ਭੋਰਾ ਫਿਕਰ ਹੁੰਦਾ ਹੈ । ਪਰ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਲਈ ਸਮਾਜ ਨਾ ਦੀ ਕੋਈ ਵਸਤੂ ਨਹੀਂ ਹੁੰਦੀ, ਅਤੇ ਜੋ ਚਿੱਤ ਆਉਂਦੀ ਕਰ ਜਾਂਦੇ ਹਨ। ਜਿਸ ਦੇ ਨਤੀਜੇ ਬਾਅਦ ਵਿੱਚ ਪੂਰੀ ਕੌਮ ਨੂੰ ਭੁਗਤਣੇ ਪੈਂਦੇ ਹਨ । ਇਸ ਵਾਰ ਦਾ ਖ਼ਮਿਆਜ਼ਾ ਸ਼ਾਇਦ ਹਰੇਕ ਪੰਜਾਬੀ ਨੂੰ ਸਹਿਨ ਕਰਨਾ ਪਿਆ ? ਜਿਵੇਂ ਨੌਕਰੀ ਕਰਦੇ ਸਮੇਂ ਮੈਨੂੰ ਆਪਣੇ ਸਹਿਕਰਮੀ ਨੇ ਭਾਵੇਂ ਮਖੌਲ ਵਿੱਚ ਹੀ ਸਹੀ ਪਰ ਐਸੀ ਫੇਟ ਮਾਰੀ ਕਿ ਮੇਰੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ, ਉਸਦਾ ਵਿਅੰਗ ਸੀ : “ਹੂ ਕਿਲਡ ਦੈਟ ਟੋਡਲਰ ? .... ਵੁਡਨ’ਟ ਬੀ ਯੂ ! ਸ਼ੇਮ ਆਨ ਯੂਅਰ ਕਮਿਊਨਿਟੀ …..!” ਹੁਣ ਜੇਕਰ ਅਜਿਹਾ ਕੁੱਝ ਤੁਹਾਡੇ ਨਾਲ ਵੀ ਵਾਪਰਿਆ ਹੋਵੇ ਤਾਂ ਉਸ ਵੇਲੇ ਤੁਸੀਂ ਹਾਲਾਤ ਦਾ ਸਾਹਮਣਾ ਕਿਵੇਂ ਕੀਤਾ ਹੋਵੇਗਾ, ਸ਼ਾਇਦ ਵਰਣਨ ਕਰਨ ਦੀ ਲੋੜ ਨਹੀਂ ਜਾਪਦੀ !
ਲੋਕ ਦਿਖਾਵਾ ਅੱਜ ਸਾਡੀ ਕੌਮ ਦਾ ਮੁੱਖ ਗਹਿਣਾ ਬਣਦਾ ਜਾ ਰਿਹਾ ਹੈ, ਜਿਸ ਲਈ ਹਰ ਆਮ ਆਦਮੀ ਵਿੱਥ ਤੋਂ ਬਾਹਰ ਹੋ ਕੇ ਆਪਣੇ ਆਪ ਨੂੰ ੳੁੱਚਾ ਦਰਸਾਉਣ ਦੀ ਦੌੜ ‘ਚ ਗਵਾਚਿਆ ਫਿਰ ਰਿਹਾ ਹੈ। ਇਸ ਗੱਲ ਦਾ ਲੇਖ ਨਾਲ ਸੰਬੰਧ ਇਸ ਲਈ ਹੈ ਕਿਊਂਕਿ ਸਾਡੀ ਹੀ ਇੱਕ ਕੌਮ ਐਸੀ ਹੈ ਜਿਸਨੂੰ ਸ਼ੇਖੀਆਂ ਮਾਰਨ ਦੀ ਆਦਤ ਹੈ, ਭਾਵੇਂ ਆਸਟ੍ਰੇਲੀਆ ਇੱਕ ਮਿਹਨਤਕਸ਼ ਅਤੇ ਅਮਨਪਸੰਦ ਲੋਕਾਂ ਦਾ ਦੇਸ਼ ਹੈ, ਇਸ ਲਈ ਲੋਕ ਦਿਖਾਵੇ ਦੀਆਂ ਰੀਤਾਂ ਦਾ ਨਾ ਤਾਂ ਇੱਥੇ ਜ਼ਿਆਦਾ ਕਿਸੇ ‘ਤੇ ਅਸਰ ਹੈ ਅਤੇ ਨਾ ਹੀ ਕੋਈ ਫ਼ਖ਼ਰ ਮਹਿਸੂਸ ਕਰਦਾ ਹੈ ਪਰ ਅਸੀਂ ਪਿੱਛੇ ਰਹਿਣ ਵਾਲੇ ਨਹੀਂ ਹਾਂ ਨਾ ! ਇਸ ਦਿਖਾਵੇ ਦੀ ਦੌੜ ਵਿੱਚ ਇਹ ਵੀ ਭੁੱਲਦੇ ਜਾ ਰਹੇ ਹਾਂ ਕਿ ਕਿਹੜੀਆਂ ਵਸਤਾਂ ਦਿਖਾਵਾ ਕਰਨ ਦੇ ਯੋਗ ਹਨ ਅਤੇ ਕਿਹੜੀਆਂ ਨਹੀਂ । ਇੱਕ ਛੋਟੀ ਜਹੀ ਮਿਸਾਲ ਵਜੋਂ ਅਸੀਂ ਦੇਖ ਸਕਦੇ ਹਾਂ ਕਿ : ‘ਅੱਜ ਦੇ ਪੰਜਾਬੀਆਂ ਨੂੰ ਸਿੱਖੀ ਵਿਰਾਸਤ ਵਿੱਚ ਮਿਲੀ ਦੇਣ ਹੈ, ਜਿਸ ਦੇ ਸਿਧਾਤਾਂ ਦਾ ਸਾਨੂੰ ਪੂਰਨ ਰੂਪ ਵਿੱਚ ਪਾਲਣ ਕਰਨਾ ਚਾਹੀਦਾ ਹੈ । ਗੁਰੂਮਹਾਰਾਜ ਵਲੋਂ ਬਖ਼ਸ਼ੇ ਚਿੰਨ੍ਹ ਸਿੰਘਾਂ ਲਈ ਇੱਕ ਲਾਸਾਨੀ ਦੇਣ ਅਤੇ ਵਿਲੱਖਣ ਪਹਿਚਾਣ ਹਨ । ਹੁਣ ਇਨ੍ਹਾਂ ਚਿੰਨ੍ਹਾਂ ਨੂੰ (ਖ਼ਾਸਕਰ ਖੰਡਾ) ਕਾਰਾਂ ਦੇ ਸ਼ੀਸ਼ਿਆਂ ਤੇ ਛਪਵਾ ਕੇ ਜਾਂ ਮੋਟਰਸਾਇਕਲਾਂ ਦੇ ਸਾਇਲੈਂਸਰਾਂ ਜਾਂ ਨੰਬਰ ਪਲੇਟਾਂ ‘ਤੇ ਚਿਪਕਾ ਕੇ ਇੱਕ ਤਾਂ ਜਿੱਥੇ ਪਾਕ ਪਵਿੱਤਰ ਚਿੰਨ੍ਹਾਂ ਦੀ ਬੇਕਦਰੀ ਕੀਤੀ ਜਾ ਰਹੀ ਹੈ ਉੱਥੇ ਇਹ ਚਿੰਨ੍ਹ ਹੋਰ ਲੋਕਾਂ ਲਈ ਧਾਰਮਿਕ ਨਿਸ਼ਾਨੀ ਨਹੀਂ ਸਗੋਂ ਕਿਸੇ ਗੈਂਗ ਜਾਂ ਗਿਰੋਹ ਦੀ ਛਵੀ ਦਰਸਾਉਣ ਲਈ ਮਜਬੂਰ ਕਰਦੇ ਹਨ, ੳਨ੍ਹਾਂ ਨੂੰ ਕੀ ਪਤਾ ਕਿ ਇਹ ਚਿੰਨ੍ਹ ਸਾਡੇ ਲਈ ਕੀ ਮਾਅਨੇ ਰੱਕਦੇ ਹਨ ? ਕੀ ਅਜਿਹੇ ਚਿੰਨ੍ਹ ਜਿਨ੍ਹਾਂ ਲਈ ਦਸ ਗੁਰੂਆਂ ਨੇ ਆਪੇ ਅਤੇ ਮਾਪੇ ਵਾਰ ਕੇ ਸਾਨੂੰ ਵਿਲੱਖਣ ਪਹਿਚਾਣ ਦਿੱਤੀ ਅਤੇ ਅਸੀਂ ਉਨ੍ਹਾਂ ਦਾ ਐਨਾ ਛੋਟਾ ਮੁੱਲ ਪਵਾਈਏ, ਜਾਇਜ਼ ਕਹਾਉਂਦਾ ਹੈ ? ਜਵਾਬ ਪਾਠਕ ਆਪਣੇ ਦਿਲ ‘ਤੇ ਹੱਥ ਰੱਖ ਕੇ ਆਪ ਭਾਲ ਸਕਦੇ ਹਨ । ਇੱਕ ਤਾਂ ਜਿੱਥੇ ਅਜਿਹੀਆਂ ਗੱਲਾਂ ਸਾਨੂੰ ਆਸਟ੍ਰੇਲੀਅਨ ਸਮਾਜ ਵਿੱਚ ਦੂਸਰਿਆਂ ਨਾਲੋਂ ਜ਼ਿਆਦਾ ਹੋਛੇ ਸਿੱਧ ਕਰਦੀਆਂ ਹਨ ਅਤੇ ਉੱਥੇ ਹੋਰ ਨਸਲਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਵੀ ਸਥਾਪਿਤ ਕਰਦੀਆਂ ਹਨ, ਜਿਸ ਨਾਲ ਸਹਿਜੇ ਹੀ ਮਨੁੱਖਤਾ ਵਿੱਚ ਫਰਕ ਅਤੇ ਨਸਲੀ ਟਿੱਪਣੀਆਂ ਨੂੰ ਹੁੰਗਾਰਾ ਮਿਲਣਾ ਸੁਭਾਵਿਕ ਹੈ । ਇੱਥੇ ਇਹ ਗੱਲ ਸਾਂਝੀ ਕਰਨ ਦਾ ਮਤਲਬ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ, ਸਗੋਂ ਆਪਣਿਆਂ ਨੂੰ ਆਉਣ ਵਾਲੀਆਂ ਅਲਾਮਤਾਂ ਤੋਂ ਚੌਕੰਨਾ ਕਰਨਾ ਹੈ ।
ਪੰਜਾਬੀ ਹੋਣਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ ਪਰ ਪੰਜਾਬੀਅਤ ਦਾ ਆਪਣੇ ਹੱਥੀਂ ਘਾਣ ਕਰਨਾ ਵੀ ਤਾਂ ਅਪਮਾਨ ਵਾਲੀ ਗੱਲ ਹੈ। ਅਸੀਂ ਸਾਰੇ ਹੀ ਦੇਖ ਰਹੇ ਹਾਂ ਕਿ ਪਿਛਲੇ ਕੁੱਝ ਸਮੇਂ ਤੋਂ ਆਸਟ੍ਰੇਲੀਆ ਵਿੱਚ ਵਾਪਰੀਆਂ ਨਿੰਦਕ ਘਟਨਾਵਾਂ ਵਿੱਚ (ਵਿਸ਼ੇ ਭਾਵੇਂ ਕੋਈ ਲੈ ਲਓ) ਪੰਜਾਬੀਆਂ ਦੇ ਚਿਹਰੇ ਸਾਹਮਣੇ ਆ ਰਹੇ ਹਨ, ਜੋ ਕਿ ਸ਼ਰਮਨਾਕ ਗੱਲ ਹੈ । ਅਤੇ ਹੁਣ ਸੱਭ ਤੋਂ ਜ਼ਿਆਦਾ ਨਿੰਦਣਯੋਗ ਕਰਤੂਤ ਨੇ ਪੰਜਾਬੀ ਕੌਮ ਨੂੰ ਇੱਕ ਨਵਾਂ ਨਾਮ ਪ੍ਰਦਾਨ ਕਰ ਦਿੱਤਾ ਹੈ ਕਿ “ਮਾਸੂਮ ਬੱਚਿਆਂ ਦੇ ਕਾਤਲਾਂ ਦੀ ਕੌਮ” ! ਇਹ ਵੀ ਸੱਭ ਜਾਣਦੇ ਹਨ ਕਿ ਜਾਨਵਰ ਵੀ ਬੱਚੇ ਅਤੇ ਵੱਡੇ ਵਿੱਚ ਫ਼ਰਕ ਸਮਝਦੇ ਹਨ, ਫਿਰ ਇਨਸਾਨ ਦੀ ਐਸੀ ਦਰਿੰਦਗ਼ੀ ਦਾ ਕੀ ਰਾਜ਼ ਹੈ ? ਗੁਰਸ਼ਾਨ ਹਾਦਸੇ ਨਾਲ ਜਿੱਥੇ ਉਸਦੇ ਮਾਪਿਆਂ ਨੂੰ ਨਾ ਪੂਰਾ ਹੋਣਾ ਘਾਟਾ ਪਿਆ ਹੈ ਉੱਥੇ ਪੂਰੀ ਪੰਜਾਬੀ ਕੌਮ ਨੂੰ ਨਿਮੋਝੂਣਾ ਮਹਿਸੂਸ ਕਰਨਾ ਪੈ ਰਿਹਾ ਹੈ ।ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਭ ਤੋਂ ਪਹਿਲਾਂ ਪ੍ਰਮਾਤਮਾ ਸਾਡੀ ਕੌਮ ਨੂੰ ਸਮੁੱਤ ਬਖ਼ਸ਼ੇ ਅਤੇ ਦੁਨੀਆ ਵਿੱਚ ਚੰਗਾ ਮੁਕਾਮ ਹਾਸਿਲ ਕਰਨ ਲਈ ਬਲ ਬਖ਼ਸ਼ੇ ਅਤੇ ਫਿਰ ਗੁਰਸ਼ਾਨ ਜਹੇ ਨਰਗਸੀ ਫੁੱਲ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ । ਦੁਨੀਆ ਦੇ ਇਤਿਹਾਸ ਵਿੱਚ ਪੰਜਾਬੀ ਲੋਕ ਸਦਾ ਚੰਗੀ ਕੌਮ ਬਣ ਕੇ ਉੱਭਰਨ ਨਾ ਕਿ ਕਾਤਲਾਂ ਜਾਂ ਦਗ਼ਾਬਾਜਾਂ ਦੀ ਕੌਮ ਬਣਕੇ ।


No comments: