ਆਖਦੈ ਮੈਨੂੰ ਸਮੁੰਦਰ.......... ਗ਼ਜ਼ਲ / ਸੁਰਜੀਤ ਜੱਜ (ਪ੍ਰੋ.)


ਮੇਰੀਆਂ ਤਲ਼ੀਆਂ 'ਤੇ ਦੀਵਾ, ਰੋਜ਼ ਇਕ ਧਰਦਾ ਏ ਉਹ
ਮੀਟ ਕੇ ਅੱਖਾਂ ਤੁਰਾਂ, ਇਹ ਆਸ ਵੀ ਕਰਦਾ ਏ ਉਹ

ਆਖਦੈ ਮੈਨੂੰ ਸਮੁੰਦਰ ਵਾਂਗ ਤੂੰ ਹੋ ਜਾ ਅਥਾਹ,
ਆਪ ਇਕ ਵੀ ਬੂੰਦ ਨੂੰ, ਕਰਨੋਂ ਫਨਾਹ ਡਰਦਾ ਏ ਉਹ

ਪਿੱਠ ਵਿਚ ਖੰਜ਼ਰ ਖੁਭੋ ਕੇ, ਉਸ ਨੇ ਹੌਕਾ ਭਰ ਲਿਆ

ਇਸ ਤਰ੍ਹਾਂ ਵੀ ਦਰਦ, ਮੇਰੇ ਹੋਣ ਦਾ ਜਰਦਾ ਏ ਉਹ

ਇਕ ਨਦੀ ਉਸ ਦੇ ਵੀ ਥਲ ਵਿੱਚੋਂ ਦੀ ਗੁਜ਼ਰੀ ਹੋਏਗੀ
ਬੈਠ ਕੇ ਰੇਤਾ 'ਤੇ, ਚਸ਼ਮੇ ਲਈ ਦੁਆ ਕਰਦਾ ਏ ਉਹ

ਸੋਚ ਉਸ ਦਾ ਡੁਬਣਾ ਕਿੰਨਾ ਵਚਿੱਤਰ ਹੋਏਗਾ
ਖ਼ਾਬ ਦੀ ਕਿਸ਼ਤੀ ਚਿ, ਸਾਗਰ ਅੱਖ ਦਾ ਤਰਦਾ ਏ ਉਹ

ਬਰਫ਼ ਜਦ ਹੁੰਦਾ ਹਾਂ ਮੈਂ, ਉਹ ਪਹਿਨਦੈ ਅੱਗ ਦਾ ਲਿਬਾਸ
ਜਿਸ ਘੜੀ ਮੈਂ ਪਿਘਲਦਾ ਹਾਂ, ਉਸ ਘੜੀ ਠਰਦਾ ਏ ਉਹ

ਸੋਚਦੈ, ਤੋੜੇਗਾ ਮੇਰੀ ਤਪਸ਼ ਦਾ ਆਖਿਰ ਗ਼ਰੂਰ
ਇਸ ਭੁਲੇਖੇ ਵਿਚ ਹਮੇਸ਼ਾ, ਥਾਂ-ਕੁ-ਥਾਂ ਵਰ੍ਹਦਾ ਏ ਉਹ


Post a Comment