ਯੇਹ ਕੰਬਖ਼ਤ ਇਸ਼ਕ.......... ਵਿਅੰਗ / ਮਿੰਟੂ ਬਰਾੜ

ਇਸ਼ਕ ਨੇ ਗ਼ਾਲਬ ਨਿਕੰਮਾ ਕਰ ਦੀਆ,
ਵਰਨਾ ਹਮ ਵੀ ਆਦਮੀ ਥੇ ਕਾਮ ਕੇ।
ਮਿਰਜ਼ਾ ਗ਼ਾਲਬ ਸਾਹਿਬ ਨੇ ਸ਼ਾਇਦ ਜਦੋਂ ਇਹ ਸ਼ੇਅਰ ਲਿਖਿਆ ਹੋਣਾ ਤਾਂ ਉਨ੍ਹਾਂ ਕਦੇ ਨਹੀਂ ਸੋਚਿਆ ਹੋਣਾ ਕੇ ਇਹ ਰਹਿੰਦੀ ਦੁਨੀਆ ਤੱਕ ਸਿਰ ਚੜ੍ਹ ਕੇ ਬੋਲਦਾ ਰਹੇਗਾ। ਉਂਜ ਤਾਂ ਕਹਿੰਦੇ ਹਨ ਕੇ ਚੰਗਾ ਸ਼ੇਅਰ ਉਹ ਹੁੰਦਾ ਜੋ ਹਰ ਇਕ ਨੂੰ ਆਪਣਾ-ਆਪਣਾ ਜਿਹਾ ਲੱਗੇ ਤੇ ਸੱਚ ਦੇ ਕਰੀਬ ਹੋਵੇ।

ਮੌਜੂਦਾ ਵਕਤ ਚ ਜੇ ਇਹ ਸ਼ੇਅਰ ਪੜ੍ਹਨ ਦਾ ਸਚਮੁਚ ਹੱਕਦਾਰ ਕੋਈ ਹੈ ਤਾਂ ਉਹ ਹੈ ਬਜ਼ੁਰਗ ਕਾਂਗਰਸੀ ਨੇਤਾ,ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭਜਨ ਲਾਲ ਤੇ ਸਾਬਕਾ ਮੰਤਰੀ ਸ੍ਰੀਮਤੀ ਜਸਮਾ ਦੇਵੀ ਜੀ ਦਾ ਹੋਣਹਾਰ, ਸਭ ਤੋਂ ਵੱਡਾ ,ਕਾਲਕਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਜਿੱਤਿਆ ਐਂਮ.ਐਂਲ.ਏ. ਤੇ ਭੂਪਿੰਦਰ ਸਿੰਘ ਹੁੱਡਾ ਸਰਕਾਰ ਦਾ ਉਪ ਮੁੱਖ ਮੰਤਰੀ ਜਨਾਬ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਹੀ ਹੈ।ਮੈਨੂੰ ਨਹੀਂ ਲਗਦਾ ਕਿ ਤੁਹਾਨੂੰ ਕਿਉਂ ਕਹਿਣਾ ਪਵੇ, ਕਿਉਂਕਿ ਜਨਾਬ ਹੋਰਾਂ ਦਾ ਇਸ਼ਕ ਹੁਣ ਕੋਈ ਲੁਕਿਆ ਨਹੀਂ। ਜੇ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਖ਼ਬਰਾਂ ਵਾਲੇ ਚੈਨਲਾਂ ਕੋਲ ਕੋਈ ਮਸਾਲੇਦਾਰ ਖ਼ਬਰ ਹੈ ਤਾਂ ਉਹ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਤੇ ਅਨੁਰਾਧਾ ਬਾਲੀ ਉਰਫ਼ ਫਿਜ਼ਾ ਦੇ ਇਸ਼ਕ ਦੇ ਕਿੱਸੇ ਹੀ ਤਾਂ ਹਨ। ਤੇ ਹੋਵੇ ਵੀ ਕਿਉਂ ਨਾ, ਇਹੋ ਜਿਹੇ ਕਿੱਸੇ ਕੋਈ ਰੋਜ਼-ਰੋਜ਼ ਥੋੜ੍ਹਾ ਹੀ ਬਣਦੇ ਹਨ।ਸਦੀਆਂ ਲਗ ਜਾਂਦੀਆਂ ਇੰਨਾ ਨੂੰ ਹੋਂਦ ਚ ਆਉਂਦਿਆਂ।
ਤੁਸੀ ਹੁਣ ਆਪ ਹੀ ਦੇਖ ਲਓ ਪਤਾ ਨਹੀਂ ਕਿਹੜੇ ਯੁਗੜਿਆਂ ਦੀ ਗੱਲ ਹੈ ਜਦੋਂ ਰਾਂਝੇ ਨੇ ਤਖ਼ਤ ਹਜ਼ਾਰਾ ਛਡਿਆ ਵੀ ਸੀ ਕਿ ਨਹੀਂ? ਤੇ ਪਤਾ ਨਹੀਂ ਕਦੋਂ ਮਿਰਜ਼ੇ ਨੇ ਆਪਣਾ ਰਾਜ ਭਾਗ ਤਿਆਗਿਆ ਸੀ ਕਿ ਨਹੀਂ? ਮੇਰਾ ਇਥੇ ਸਾਡੇ ਮਹਾਨ ਕਿੱਸਾਕਾਰਾਂ ਤੇ ਸ਼ੱਕ ਕਰਨਾ ਜਾਂ ਕੋਈ ਉਂਗਲੀ ਉਠਾਉਣ ਦਾ ਮਕਸਦ ਨਹੀਂ, ਮੈਂ ਤਾਂ ਸਿਰਫ਼ ਇਹ ਹੀ ਜਤਾਉਣਾ ਚਾਹੁੰਦਾ ਹਾਂ ਕੇ ਜੋ ਆਪਾਂ ਅੱਖੀਂ ਨਹੀਂ ਦੇਖਿਆ ਉਸ ਤੇ ਥੋੜ੍ਹਾ ਬਹੁਤ ਤਾਂ ਕਿੰਤੂ-ਪ੍ਰੰਤੂ ਹੋ ਹੀ ਜਾਂਦਾ ।
ਪਰ ਇਥੇ ਤਾਂ ਅੱਜ ਦੇ ਇਸ ਇੰਦਰ ਨੇ ਸਚਮੁਚ ਹੀ ਆਪਣੀ ਬੇਗੋ ਲਈ ਆਪਣੀ ਹੱਟੀ ਨੂੰ ਅੱਗ ਲਾ ਲਈ ਹੈ।ਰਾਂਝੇ ਤੇ ਮਿਰਜ਼ੇ ਵਰਗੇ ਤਾਂ ਹਾਲੇ ਰਾਜ ਭਾਗ ਦੇ ਦਾਅਵੇਦਾਰ ਹੀ ਸਨ ਪਰ ਇਹ ਜਨਾਬ ਤਾਂ ਆਪਣੇ ਸਿਰੋਂ ਤਾਜ ਵਗਾਹ ਕੇ ਆਏ ਹਨ। ਇਸ ਨੂੰ ਕਹਿੰਦੇ ਹਨ - ਤਿਆਗ ਤੇ ਜਦੋਂ ਇਹੋ ਜਿਹੇ ਕਿੱਸੇ ਮੌਜੂਦਾ ਸਮੇਂ ਚ ਹੋ ਰਹੇ ਹੋਣ ਤਾਂ ਟੀ.ਵੀ. ਚੈਨਲਾਂ ਵਾਲੇ ਇਨ੍ਹਾਂ ਨੂੰ ਨਾ ਦਿਖਾਉਣ ਤਾਂ ਵਿਚਾਰੇ ਆਸ਼ਕ ਸਾਹਿਬ ਦੀ ਕੁਰਬਾਨੀ ਤਾਂ ਅਜਾਈਂ ਹੀ ਚਲੀ ਜਾਣੀ ਸੀ।
ਲਓ ਜੇ ਹੁਣ ਆਪਾਂ ਵਿਸਥਾਰ ਨਾਲ ਦੇਖਦੇ ਹਾਂ ਕਿ ਇਹ ਸਭ ਕੁਝ ਹੋਇਆ ਕਿੱਦਾਂ ਤੇ ਇਸ ਦੇ ਵਿਸਥਾਰ ਚ ਜਾਣ ਲਈ ਚਾਰ ਕੁ ਦਹਾਕੇ ਪਿੱਛੇ ਮੁੜਨਾ ਪਊ। ਇਹ ਗੱਲ ਸੱਠ ਦੇ ਦਹਾਕੇ ਦੀ ਹੈ ਜਦੋਂ ਹਾਲੇ ਨਵਾਂ-ਨਵਾਂ ਹਰਿਆਣਾ ਹੋਂਦ ਚ ਆਇਆ ਸੀ ਓਸ ਟਾਈਮ ਬਿਸ਼ਨੋਈ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਇਕ ਪਰਵਾਰ ਜੋ ਕਿ ਵੰਡ ਸਮੇਂ ਜਿਲ੍ਹਾ ਬਹਾਵਲਪੁਰ ਪਾਕਿਸਤਾਨ ਤੋਂ ਉਂਠ ਕੇ ਓਦੋਂ ਦੇ ਸਾਂਝੇ ਪੰਜਾਬ ਦੇ ਹਿਸਾਰ ਜਿੱਲ੍ਹੇ ਦੀ ਆਦਮਪੁਰ ਮੰਡੀ ਵਿਚ ਆ ਵਸਿਆ ਸੀ ਤੇ ਹੌਲੀ-ਹੌਲੀ ਆਪਣੇ ਪੈਰ ਜਮਾਉਣ ਲਈ ਵਪਾਰ ਕਰਨ ਲੱਗਿਆ ਸੀ। ਇਸੇ ਪਰਵਾਰ ਦੇ ਇਕ ਅਣਥੱਕ ਤੇ ਮਿਹਨਤੀ ਨੌਜਵਾਨ ਨੇ ਵੱਡੀ ਮਿਹਨਤ ਕੀਤੀ। ਅੱਜ ਵੀ ਪ੍ਰਤੱਖ ਦਰਸ਼ੀ ਦੱਸਦੇ ਹਨ ਕਿ ਭਜਨ ਲਾਲ ਨਾ ਦਾ ਇਹ ਨੌਜਵਾਨ ਬੱਸਾਂ ਰਾਹੀਂ ਘਿਓ ਦੇ ਪੀਪੇ ਪੰਜਾਬ ਦੇ ਬਾਰਡਰ ਨਾਲ ਲਗਦੀ ਕਾਲਾਂ ਵਾਲੀ ਮੰਡੀ ਚ ਲਿਆ ਕੇ ਵੇਚਦਾ ਸੀ ਤੇ ਵਟਾਂਦਰੇ ਚ ਛੋਲੇ ਇਥੋਂ ਲੈ ਕੇ ਜਾਂਦਾ ਸੀ।(ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਭਜਨ ਲਾਲ ਸਾਈਕਲ ਉੱਤੇ ਪਿੰਡਾਂ ਵਿਚ ਕਪੜੇ ਵੇਚਿਆ ਕਰਦਾ ਸੀ।)
ਐਨੀ ਮਿਹਨਤ ਸਦਕਾ ਭਜਨ ਲਾਲ ਨੂੰ ਚੌਧਰੀ ਭਜਨ ਲਾਲ ਬਣਦੇ ਦੇਰ ਨਾ ਲੱਗੀ ਤੇ ਜਦੋਂ ਪੰਜਾਬ ਤੇ ਹਰਿਆਣਾ ਵੱਖ ਹੋਏ ਤਾਂ ਗ਼ੈਰ ਜਾਟ ਲੋਕਾਂ ਚ ਚੌਧਰੀ ਸਾਹਿਬ ਦੀ ਤੂਤੀ ਬੋਲਣ ਲੱਗ ਗਈ ਸੀ ਤੇ ਓਸ ਤੋਂ ਬਾਅਦ ਤਾਂ ਚੱਲ ਸੋ ਚੱਲ ਸੰਨ। 1979 ਚ ਆ ਕੇ ਉਹ ਹਰਿਆਣਾ ਦੇ ਪਹਿਲੀ ਵਾਰ ਮੁੱਖ ਮੰਤਰੀ ਬਣ ਗਏ। ਫੇਰ ਰਾਜੀਵ ਗਾਂਧੀ ਸਰਕਾਰ ਚ ਕੇਂਦਰੀ ਖੇਤੀ ਮੰਤਰੀ ਰਹੇ ਤੇ ਮੁੜ 1991 ਚ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ। ਵਾਰੀ ਤਾਂ ਤੀਜੀ ਵੀ ਇਨ੍ਹਾਂ ਦੀ ਆ ਗਈ ਸੀ ਪਰ ਇਸ ਵਾਰ ਕਾਂਗਰਸ ਕਿਸੇ ਜਾਟ ਨੂੰ ਮੁੱਖ ਮੰਤਰੀ ਦੀ ਗੱਦੀ ਤੇ ਬੈਠਾ ਦੇਖਣਾ ਚਾਹੁੰਦੀ ਸੀ। ਸੋ ਬਾਜ਼ੀ ਮਾਰ ਗਿਆ ਭੂਪਿੰਦਰ ਸਿੰਘ ਹੁੱਡਾ। ਪਰ ਦੂਜੇ ਪਾਸੇ ਪੁਰਾਣੇ ਤੇ ਟਕਸਾਲੀ ਕਦਾ ਵਰ ਭਜਨ ਲਾਲ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਸੀ। ਸੋ ਇਥੇ ਕਿਸਮਤ ਨੇ ਗੇੜਾ ਖਾਧਾ ਤੇ ਸਾਡੀ ਅਜ ਦੀ ਕਹਾਣੀ ਦੇ ਮੁੱਖ ਪਾਤਰ ਯਾਨੀ ਕਿ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਦੇ ਹਿੱਸੇ ਹਰਿਆਣਾ ਦੇ ਉਪ ਮੁਖ ਮੰਤਰੀ ਦੀ ਕੁਰਸੀ ਆਈ।ਹੁਣ ਇਸ ਕਹਾਣੀ ਤੋਂ ਸਹਿਜੇ ਹੀ ਸਿੱਟਾ ਕੱਢਿਆ ਜਾ ਸਕਦਾ ਕਿ ਚਾਹੇ ਭਜਨ ਲਾਲ ਨੂੰ ਭਜਨੇ ਤੋਂ ਚੌਧਰੀ ਭਜਨ ਲਾਲ ਬਣਨ ਲਈ ਲੱਖ ਪਾਪੜ ਵੇਲਣੇ ਪਏ ਹੋਣ ਪਰ ਇਨ੍ਹਾਂ ਦੇ ਘਰ ਜੰਮੇ ਦੋਹਾਂ ਪੁੱਤਰਾਂ ਨੂੰ ਤਾਂ ਆਪਾਂ ਸਾਉਣ ਦੇ ਅੰਨ੍ਹੇ ਕਹਿ ਸਕਦੇ ਹਾਂ ਜਿਨ੍ਹਾਂ ਜਨਮ ਤੋਂ ਲੈ ਕੇ ਅੱਜ ਤੱਕ ਹਰਾ ਹੀ ਹਰਾ ਦੇਖਿਆ।
ਹੁਣ ਆਪਾਂ ਫੇਰ ਆਪਣੇ ਅਜ ਦੇ ਹੀਰੋ ਤੇ ਆਉਂਦੇ ਹਾਂ ਜਨਾਬ ਹੋਰਾਂ ਨੂੰ ਜੰਮਦਿਆਂ ਹੀ ਸਾਰੇ ਸੁਖ ਮਿਲੇ ਤੇ ਛੋਟੀ ਉਮਰੇ ਹੀ ਚੌਧਰ ਵੀ ਹੱਥ ਆ ਗਈ ਜਦੋਂ ਕਾਂਗਰਸ ਨੇ ਕਾਲਕਾ ਤੋਂ ਇਨ੍ਹਾਂ ਨੂੰ ਟਿਕਟ ਨਾਲ ਨਿਵਾਜ਼ ਦਿਤਾ। ਬਾਪ ਦੇ ਲਾਏ ਰੁੱਖ ਨੂੰ ਫਲ ਲੱਗਿਆ ਤੇ ਇਹ ਐਂਮ.ਐਂਲ.ਏ. ਜਿੱਤ ਗਏ। ਬੱਸ ਫੇਰ ਕੀ ਸੀ ਚੌਧਰ ਬਾਪ ਕੋਲੋਂ ਆਪ ਕੋਲ ਆਉਣ ਲੱਗ ਪਈ ਸੀ।ਬੱਸ ਇਸ ਤੋਂ ਬਾਅਦ ਹੀ ਕੋਈ ਘਾਲਾ ਮਾਲਾ ਹੋਇਆ ਜਦੋਂ ਇਕ ਵਕੀਲ ਕੁੜੀ 37 ਸਾਲਾ ਅਨੁਰਾਧਾ ਬਾਲੀ ਨੇ ਆ ਕੇ 43 ਸਾਲਾ ਜਨਾਬ ਚੰਦਰ ਮੋਹਨ ਸਾਹਿਬ ਹੋਰਾਂ ਦੇ ਦਿਲ ਤੇ ਦਸਤਕ ਦੇ ਦਿੱਤੀ ਤੇ ਪਤਾ ਨਹੀਂ ਕਦੋਂ ਜਨਾਬ ਬੱਬੂ ਮਾਨ ਹੋਰਾਂ ਦਾ ਗੀਤ “ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ” ਗੁਣ ਗੁਨ੍ਹਾਉਣ ਲਗ ਪਏ।ਲਉ ਜੀ ਜੇ ਹੁਣ ਚੋਰੀ ਦਾ ਗੁੜ ਬੁੱਕਲ ਵਿਚ ਭੰਨ ਕੇ ਖਾਈ ਜਾਂਦੇ ਤਾਂ ਕੀਹਨੂੰ ਇਤਰਾਜ਼ ਹੋਣਾ ਸੀ। ਪਰ ਜਦੋਂ ਦੋ ਜਵਾਕਾਂ ਦਾ ਪਿਓ ਤੇ 18 ਵਰ੍ਹਿਆਂ ਤੋਂ ਵਿਚਾਰੀ ਸੀਮਾ ਰਾਣੀ ਨਾਲ ਵਿਆਹਿਆ ਬੰਦਾ ਸ਼ਰ੍ਹੇਆਮ ਇਸ਼ਕ ਫਰਮਾਏਗਾ ਤਾਂ ਵੀਰ ਇਹ ਵਿਚਾਰਾ ਮੀਡੀਆ ਕਿਥੇ ਜਾਵੇਗਾ। ਇਕ ਦਿਨ ਕਿਸੇ ਪੱਤਰਕਾਰ ਵੀਰ ਦੀ ਨਿਗਾਹ ਪੈ ਗਈ ਕੇ ਕਿੰਨੇ ਦਿਨ ਹੋ ਗਏ ਉਪ ਮੁਖ ਮੰਤਰੀ ਸਾਹਿਬ ਨੂੰ ਆਪਣੇ ਦਫ਼ਤਰ ਆਇਆ। ਸ਼ੁਰੂ-ਸ਼ੁਰੂ ਚ ਤਾਂ ਲੋਕਾਂ ਜਿਆਦਾ ਧਿਆਨ ਨਹੀਂ ਦਿੱਤਾ ਇਨ੍ਹਾਂ ਖ਼ਬਰਾਂ ਵੱਲ ਪਰ ਜਦੋਂ ਵਕਤ ਗੁਜ਼ਰਦਾ ਗਿਆ ਤਾਂ ਹਰ ਇਕ ਦਾ ਧਿਆਨ ਇਸ ਪਾਸੇ ਨੂੰ ਗਿਆ। ਬੇਸ਼ੱਕ ਪਰਵਾਰ ਕੋਲੋਂ ਇਹ ਗੱਲ ਲੁਕੀ ਨਹੀਂ ਸੀ ਪਰ ਇਹ ਉਦੋਂ ਜੱਗ ਜ਼ਾਹਰ ਹੋ ਗਈ ਜਦੋਂ ਇਕ ਦਿਨ ਮਜਨੂੰ ਜੀ ਆਪਣੀ ਲੈਲਾ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਆ ਗਏ ਤੇ ਕਹਿਣ ਲੱਗੇ “ਛੋੜ ਆਏ ਵੋ ਗਲੀਆਂ”
ਹੁਣ ਗੱਲ ਆ ਗਈ ਗਲੀਆਂ ਛੱਡਣ ਦੀ।ਘਰਦਿਆਂ ਤੋਂ ਬਿਨਾਂ ਕਿਸੇ ਨੂੰ ਕੀ ਇਤਰਾਜ਼ ਸੀ ਗਲੀਆਂ ਛੱਡਣ ਦਾ, ਬਾਕੀਆਂ ਲਈ ਤਾਂ ਮਸਾਲੇਦਾਰ ਖ਼ਬਰਾਂ ਹੀ ਸੀ ਇਹ ਕਾਂਡ, ਪਰ ਜਨਾਬ ਨੇ ਤਾਂ ਹੱਦ ਕਰ ਦਿੱਤੀ ਜਦੋਂ ਘਰ ਦੀਆਂ ਗਲੀਆਂ ਦੇ ਨਾਲ-ਨਾਲ ਆਪਣੇ ਧਰਮ ਦੀਆਂ ਗਲੀਆਂ ਵੀ ਛੱਡ ਦਿੱਤੀਆਂ, ਤੇ ਬੜੇ ਹੀ ਸ਼ਾਨ ਨਾਲ ਕੈਮਰਿਆਂ ਦੇ ਸਾਹਮਣੇ ਬੈਠ ਕੇ ਇਹ ਆਧੁਨਿਕ ਸੱਸੀ ਪੁੰਨੂੰ ਦੁਨੀਆ ਨੂੰ ਕਹਿ ਰਹੇ ਸੀ ਕੇ ਹੁਣ ਸਾਨੂੰ ਚੰਦਰ ਮੋਹਨ ਤੇ ਅਨੁਰਾਧਾ ਬਾਲੀ ਕਹਿ ਕੇ ਨਾ ਬੁਲਾਓ, ਅਸੀਂ ਤਾਂ ਹੁਣ ਇਸਲਾਮ ਧਾਰਨ ਕਰ ਲਿਆ ਤੇ ਚਾਂਦ ਮੁਹੰਮਦ ਤੇ ਫਿਜ਼ਾ ਬਣ ਗਏ ਹਾਂ।ਇਸ ਨੂੰ ਕਹਿੰਦੇ ਆ ਵਕਤ-ਵਕਤ ਦੇ ਰਾਗ। ਇਕ ਵਕਤ ਇਸ ਬਿਸ਼ਨੋਈ ਪਰਵਾਰ ਤੇ ਉਹ ਸੀ ਜਦੋਂ ਇੰਨਾ ਦੇ ਵਡੇਰਿਆਂ ਇਸਲਾਮ ਕਬੂਲਣ ਦੀ ਥਾਂ ਤੇ ਇਨ੍ਹਾਂ ਆਪਣੀ ਵਸੀ-ਵਸਾਈ ਦੁਨੀਆ ਛੱਡ ਦਿੱਤੀ ਸੀ ਤੇ ਗ਼ਰੀਬੀ ਨੂੰ ਗਲ ਲਾ ਲਿਆ ਸੀ। ਪਰ ਹੁਣ ਦੇਖੋ ਇਸ ਪੀੜ੍ਹੀ ਦਾ ਹਾਲ ! ਧਰਮ ਛੱਡ ਵੀ ਕੋਣ ਰਿਹਾ ਜਿਸ ਦੇ ਮੋਢਿਆਂ ਤੇ ਹਿੰਦੁਸਤਾਨ ਦੇ ਇਕ ਅਹਿਮ ਰਾਜ ਦਾ ਭਾਰ ਸੀ ਜੇ ਕੋਈ ਛੋਟਾ ਜੁਆਕ ਇੰਝ ਕਰਦਾ ਤਾਂ ਚਲੋ ਬਚਪਣਾ ਕਿਹਾ ਜਾ ਸਕਦਾ ਸੀ। ਹੁਣ ਇਸ ਨੂੰ ਤੁਸੀਂ ਕੀ ਕਹੋਗੇ? ਇਥੇ ਮੈਨੂੰ ਰਹਿ ਰਹਿ ਕੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਯਾਦ ਆ ਰਹੀਆਂ ਕਿ ਕਿਵੇਂ ਉਨ੍ਹਾਂ ਧਰਮ ਨੂੰ ਬਚਾਉਣ ਲਈ ਸਰਬੰਸ ਬਾਰ ਦਿਤਾ ਸੀ।ਵਾਰ-ਵਾਰ ਇਹ ਲਾਈਨਾਂ ਮੇਰੇ ਜਿਹਨ ਚ ਆ ਰਹੀਆਂ ਸੀ ਕਿ “ਨਾ ਕਹੂ ਅਬ ਕੀ ਨਾ ਕਹੂ ਤਬ ਕੀ, ਜੇ ਨਾ ਹੋਤੇ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ”ੇ। ਚਲੋ ਛੱਡੋ ਜੀ ਇਥੇ ਤਾਂ ਜਨਾਬ ਹੋਰਾਂ ਆਪਣੇ ਵੱਡ-ਵਡੇਰਿਆਂ ਦੀ ਲਾਜ ਨਹੀਂ ਰੱਖੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕੁਰਬਾਨੀ ਤਾਂ ਇਹਨਾਂ ਲਈ ਦੂਰ ਦੀ ਗੱਲ ਹੈ।
ਇਹ ਕਹਾਣੀ ਇਥੇ ਹੀ ਖ਼ਤਮ ਹੋਣ ਵਾਲੀ ਨਹੀਂ, ਅਸਲੀ ਮੋੜ ਤਾਂ ਹੁਣ ਆਉਣੇ ਹਨ। ਲਓ ਜੀ ਜਦੋਂ ਜਨਾਬ ਹੋਰਾਂ ਮੀਡੀਆ ਸਾਹਮਣੇ ਗੱਲ ਖਿਲਾਰ ਹੀ ਦਿੱਤੀ ਤਾਂ ਬਾਕੀ ਪਰਵਾਰ ਤਾਂ ਪਹਿਲਾਂ ਹੀ ਤਿਆਰ ਬੈਠਾ ਸੀ। ਉਨ੍ਹਾਂ ਨੂੰ ਤਾਂ ਜਦੋਂ ਦੀਆਂ ਪਿਆਰ ਪੀਂਘਾ ਹੁਲਾਰੇ ਲੈ ਰਹੀਆਂ ਸਨ ਓਸੇ ਦਿਨ ਤੋਂ ਹੀ ਭਿਣਕ ਸੀ ਬੱਸ ਲੋਕ ਲੱਜੋਂ ਆਪਣੀ ਇੱਜ਼ਤ ਸਾਂਭੀ ਬੈਠੇ ਸਨ। ਫੇਰ ਕੀ ਸੀ ਬੁਲਾ ਲਈ ਚੌਧਰੀ ਭਜਨ ਲਾਲ ਜੀ ਨੇ ਵੀ ਪ੍ਰੈਂਸ ਕਾਨਫਰੰਸ ਆਪਣੇ ਛੋਟੇ ਮੁੰਡੇ ਕੁਲਦੀਪ ਬਿਸ਼ਨੋਈ ਨਾਲ ਮਿਲ ਕੇ ਤੇ ਕਰ ਦਿੱਤਾ ਬੇਦਖ਼ਲ ਤੇ ਨਾਲ ਦੀ ਨਾਲ ਹੀ ਮੁੱਖ ਮੰਤਰੀ ਹੁੱਡਾ ਸਾਹਿਬ ਨੇ ਵੀ ਕੁਰਸੀ ਖਿਸਕਾ ਲਈ ਉਪ ਮੁੱਖ ਮੰਤਰੀ ਵਾਲੀ, ਕਮਾਂਡੋ ਵਾਲੇ ਵੀ ਛੱਡ ਗਏ ਸਾਥ ਨਾਲ ਦੀ ਨਾਲ। ਪਰ ਜੇ ਹਾਲੇ ਸਾਥ ਸੀ ਤਾਂ ਫਿਜ਼ਾ ਦਾ ਜ਼ਰੂਰ ਸੀ। ਹੁਣ ਤੱਕ ਤਾਂ ਗੱਲਾਂ ਦੇ ਹਵਾਈ ਕਿਲ੍ਹੇ ਸਨ ਤੇ ਹੁਣ ਸ਼ੁਰੂ ਹੋ ਚੁੱਕਿਆ ਸੀ ਕੁਰਬਾਨੀਆਂ ਦਾ ਦੌਰ ਇਸ ਪ੍ਰੇਮੀ ਜੋੜੇ ਤੇ, ਫਿਜ਼ਾ ਤਾਂ ਚਲੋ ਜਿਵੇਂ ਤਿਵੇਂ ਇਕ ਮੱਧ ਵਰਗੀ ਜ਼ਿੰਦਗੀ ਚੋ ਦੀ ਲੰਘ ਕੇ ਆਈ ਸੀ। ਪਰ ਆਪਣੇ ਚਾਂਦ ਜੀ ਤਾਂ ਜਿਉਂ ਜੰਮੇ ਸੀ ਕਦੇ ਸੁੱਖ ਨਾਲ ਗ੍ਰਹਿਣ ਦੇਖਿਆ ਹੀ ਨਹੀਂ ਸੀ, ਹਾਲੇ ਤੱਕ ਹਵਾਵਾਂ ਰੁਮਕਦੀਆਂ ਰਹੀਆਂ ਸਨ ਝੱਖੜ ਤਾਂ ਪਹਿਲੀ ਬਾਰ ਝੁੱਲਿਆ ਸੀ ਜਨਾਬ ਹੋਰਾਂ ਦੀ ਜ਼ਿੰਦਗੀ ਚ, ਤੇ ਹੁਣ ਸੀ ਅਸਲੀ ਪਰਖ ਦੀ ਘੜੀ, ਇੱਕ ਰਾਜੇ ਮਹਾਰਾਜਿਆਂ ਜਿਹੀ ਜ਼ਿੰਦਗੀ ਜਿਉਣ ਵਾਲਾ ਇਕ ਦਮ ਇਕ ਛੋਟੇ ਜਿਹੇ ਫਲੈਟ ਚ ਬਿਨਾਂ ਕਿਸੇ ਜਾਇਦਾਦ ਦੇ ਇਕੱਲੇ ਪਿਆਰ ਰਸ ਚ ਡੁੱਬ ਕੇ ਦੇਖੋ ਕਿੰਨੇ ਦਿਨ ਲੰਘਾਉਂਦਾ? ਜਿਥੇ ਹੁਕਮ ਚਲਦੇ ਸੀ ਲੋਕਾਂ ਤੇ ਓਥੇ ਹੁਣ ਲੋਕਾਂ ਦੇ ਜ਼ਬਾਨੀ ਤੀਰ ਝੱਲਣੇ ਪੈਣੇ ਸੀ।
ਚਲੋ ਜੀ ਕਿਵੇਂ ਨਾ ਕਿਵੇਂ ਜ਼ਿੰਦਗੀ ਚੱਲਣ ਲੱਗ ਪਈ। ਜਨਾਬ ਲਗ ਪਏ ਆਪਣੇ ਵੋਟਰਾਂ ਨੂੰ ਭਰਮਾਉਣ ਤੇ ਕਹਿੰਦੇ ਇਸ ਬਾਰ ਤੁਹਾਡਾ ਚਾਂਦ ਫਿਜ਼ਾ ਨਾ ਦੀ ਬੱਦਲੀ ਦੇ ਓਹਲੇ ਬਹਿ ਕੇ ਤੁਹਾਡੀ ਸੇਵਾ ਕਰੇਗਾ ਤੇ ਆਉਣ ਵਾਲੇ ਵੋਟਾਂ ਚ ਤੁਸੀਂ ਫਿਜ਼ਾ ਨੂੰ ਜਿਤਾਉਣਾ ਹੈ। ਪਰ ਇਹ ਤਾਂ ਦੂਰ ਦੀਆਂ ਗੱਲਾਂ ਸੀ ਹਾਲੇ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ । ਇਥੇ ਮੈਂ ਕੁਝ ਦੋਸ਼ ਅੱਜ ਦੇ ਯੁੱਗ ਨੂੰ ਵੀ ਦੇਣਾ ਚਾਹਾਂਗਾ ਕਿਉਂਕਿ ਕੰਪਿਊਟਰ ਯੁੱਗ ਹੋਣ ਕਾਰਣ ਸਭ ਕੁਝ ਝੱਟ-ਪੱਟ ਹੋ ਜਾਂਦਾ ਸੋ ਰਾਂਝੇ ਨੇ ਤਾਂ ਕਹਿੰਦੇ ਆ ਕੇ ਬਾਰਾਂ ਸਾਲ ਮੱਝਾਂ ਚਰਾਉਣਾ ਚ ਹੀ ਲੰਘਾ ਦਿੱਤੇ ਸੀ। ਪਰ ਇਥੇ ਤਾਂ ਆਧੁਨਿਕ ਯੁੱਗ ਦੇ ਰਾਂਝੇ ਦੇ ਪੱਲੇ ਬਾਰਾਂ ਹਫ਼ਤੇ ਵੀ ਹੀਰ ਦੇ ਹੱਥ ਦੀ ਚੂਰੀ ਨਸੀਬ ਨਹੀਂ ਹੋਈ।ਜੱਗ-ਜਹਾਨ ਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਇਕ ਬਾਰ ਫੇਰ ਕੈਮਰਿਆਂ ਮੂਹਰੇ ਫਿਜ਼ਾ ਆਈ ਬੈਠੀ ਸੀ ਬੱਸ ਫ਼ਰਕ ਇੰਨਾ ਸੀ ਕਿ ਇਸ ਬਾਰ ਉਹ ਇਕੱਲੀ ਸੀ ਤੇ ਇਸ ਦਾ ਪੁੰਨੂੰ ਇਸ ਨੂੰ ਛੱਡ ਕੇ ਤੁਰ ਗਿਆ ਸੀ । ਸੱਸੀ ਵਿਚਾਰੀ ਧਾਹਾਂ ਮਾਰ-ਮਾਰ ਕੇ ਪੁੰਨੂੰ ਦੇ ਅਗਵਾ ਹੋਣ ਦਾ ਰੌਲਾ ਪਾ ਰਹੀ ਸੀ ਤੇ ਆਖੀਰ ਅੱਠ ਘੰਟਿਆਂ ਦੇ ਵਿਰਲਾਪ ਪਿਛੋਂ ਇਕ ਚੈਨਲ ਤੇ ਪੁੰਨੂੰ ਦੀ ਆਵਾਜ਼ ਸੁਣਨ ਨੂੰ ਮਿਲੀ ਕਿ ਮੈਂ ਕੋਈ ਬੱਚਾ ਨਹੀਂ ਜਿਸ ਨੂੰ ਅਗਵਾ ਕਰ ਲਿਆ ਹੈ। ਮੈਂ ਆਪਣੀ ਮਰਜ਼ੀ ਨਾਲ ਹਰਿਦੁਆਰ ਆਇਆ ਹਾਂ। ਪਰ ਸੱਚ ਤਾਂ ਕੁਝ ਹੋਰ ਹੀ ਸੀ ਜਨਾਬ ਦਾ ਮੋਬਾਈਲ ਕੋਈ ਹੋਰ ਹੀ ਲੋਕੇਸ਼ਨ ਦਿਖਾ ਰਿਹਾ ਸੀ।ਤੇ ਮੀਡੀਆ ਕਹਿੰਦਾ ਕਿ ਅਖੀਰ ਸ਼ਾਮ ਨੂੰ ਦਿੱਲੀ ਦੇ ਬੱਸ ਅੱਡੇ ਤੇ ਪੁਲਿਸ ਨੇ ਇਕ ਸ਼ੱਕੀ ਢੰਗ ਨਾਲ ਭੱਜ ਰਹੇ ਬੰਦੇ ਨੂੰ ਫੜਿਆ ਤਾਂ ਉਹ ਵਿਚਾਰਾ ਆਪਣਾ ਚਾਂਦ ਹੀ ਸੀ । ਦੇਖੋ ਕਿਸਮਤ ਦੇ ਰੰਗ ਯਾਰੋ ਕਿ ਇਨ੍ਹਾਂ ਦੇ ਬਜ਼ੁਰਗਾਂ ਨੇ ਬੱਸਾਂ ਤੇ ਧੱਕੇ ਖਾ-ਖਾ ਕੇ ਆਪਣੀ ਅਕਲ ਨਾਲ ਆਪਣੀ ਔਲਾਦ ਨੂੰ ਜਹਾਜ਼ਾਂ ਤੇ ਚੜ੍ਹਨ ਦੇ ਕਾਬਿਲ ਬਣਾ ਦਿੱਤਾ ਸੀ।ਪਰ ਅੱਗੇ ਔਲਾਦ ਦੇ ਦਿਮਾਗ਼ ਦੇ ਵਾਰੇ-ਵਾਰੇ ਜਾਈਏ ਜੋ ਜਹਾਜ਼ਾਂ ਨੂੰ ਛੱਡ ਕੇ ਫੇਰ ਬਸ ਅੱਡਿਆ ਤੇ ਭੱਜੀ ਫਿਰਦੀ ਹੈ। ।
ਇਸ ਕਹਾਣੀ ਦਾ ਅੰਤ ਹਾਲੇ ਆ ਵੀ ਨਹੀਂ ਸਕਦਾ ਕਿਉਂਕਿ ਹਾਲੇ ਇਹ ਲੇਖ ਲਿਖੇ ਜਾਣ ਤੱਕ ਜਾਰੀ ਹੈ ਤੇ ਪਲ-ਪਲ ਨਵੇਂ ਮੋੜ ਲੈ ਰਹੀ ਹੈ ਜਿਵੇਂ ਕਿ ਵਿਚਾਰੀ ਫਿਜ਼ਾ ਨੀਂਦ ਦੀਆਂ ਗੋਲੀਆਂ ਜਿਆਦਾ ਮਾਤਰਾ ਚ ਖਾਣ ਕਰਕੇ ਚੌਵੀ ਘੰਟੇ ਹਸਪਤਾਲ ਚ ਗੁਜਾਰ ਕੇ ਆਈ ਹੈ ਤੇ ਵਿਚਾਰੀ ਆਸ ਲਾਈ ਬੈਠੀ ਸੀ ਕੇ ਕਦੋਂ ਮੇਰਾ ਚੰਦ ਚੜ੍ਹੇਗਾ ਤੇ ਕਦੋਂ ਮੈਂ ਉਸ ਨੂੰ ਅਰਘ ਦੇਵਾਂਗੀ। ਪਰ ਵਿਚਾਰੀ ਇਹ ਭੁਲੀ ਬੈਠੀ ਸੀ ਕੇ ਜੋ ਚੰਦਰ ਆਪਣੀ ਸੀਮਾ ਚ (ਕੋਲ) ਨਹੀਂ ਰਹਿ ਸਕਿਆ ਉਹ ਚਾਂਦ ਫਿਜ਼ਾ ਦਾ ਵਿਹੜਾ ਕਦੋਂ ਰੁਸ਼ਨਾਉਣ ਲੱਗਿਆ।ਥੋੜ੍ਹੇ ਦਿਨ ਸਦਮੇ ਚ ਰਹਿਣ ਤੋਂ ਪਿਛੋਂ ਫਿਜ਼ਾ ਜੀ ਦੇ ਸ਼ੁਭ ਚਿੰਤਕਾਂ ਨੇ ਫੇਰ ਅਜ ਦੀ ਇਸ ਹੀਰ ਸਲੇਟੀ ਨੂੰ ਹੌਸਲਾ ਦਿਤਾ ਕੇ ਹੱਥ ਤੇ ਹੱਥ ਧਰ ਕੇ ਬੈਠੇ ਤੋਂ ਕੁੱਝ ਨਹੀਂ ਮਿਲਣ ਵਾਲਾ ਤੇ ਕੁੱਝ ਨਾ ਕੁੱਝ ਕਰਦੇ ਰਹਿਣਾ ਚ ਹੀ ਹੁਣ ਤਾਂ ਭਲਾਈ ਹੈ। ਸੋ ਫੇਰ ਆਪਣੇ ਚੈਨਲਾਂ ਵਾਲੇ ਵੀਰ ਜੋ ਕਿ ਬੜੀ ਕੁਰਬਾਨੀ ਕਰ ਰਹੇ ਸਨ ਚੋਬੀ ਘੰਟੇ ਫਿਜ਼ਾ ਦੇ ਦਰਵਾਜ਼ੇ ਮੂਹਰੇ ਕੁੱਝ ਨਵਾ ਤੇ ਚਟਪਟਾ ਹਾਸਿਲ ਕਰਨ ਲਈ ਨੂੰ ਕੁੱਝ ਰਾਹਤ ਆਈ ਜਦੋਂ ਇਸ ਹੀਰ ਨੇ ਰਾਂਝੇ ਤੇ ਪਤਾ ਨਹੀਂ ਕਿਹੜੀ ਮਜਬੂਰੀ ਬਸ ਤੇ ਦਿਲ ਤੇ ਪੱਥਰ ਧਰ ਕੇ ਅਗਵਾ ਤੇ ਬਲਾਤਕਾਰ ਜਿਹੇ ਦੋਸ਼ ਲਾ ਦਿੱਤੇ ਤੇ ਉਂਧਰ ਜਨਾਬ ਚਾਂਦ ਜੀ ਨੂੰ ਜਦ ਲੱਗੀ ਪੁਲਿਸ ਲੱਭਣ ਤਾਂ ਲੰਡਨੋਂ ਇਕ ਫੈਕਸ ਆਈ ਕੇ ਅਸੀਂ ਤਾਂ ਆਪਣਾ ਇਲਾਜ ਕਰਾਉਣ ਇਥੇ ਆਏ ਹਾਂ। ਮੇਰੇ ਜਿਹੇ ਨਾ ਸਮਝ ਫੇਰ ਚਕਰਾ ਚ ਪੈ ਗਏ ਕੇ ਕੱਲ ਤਕ ਤਾਂ ਜਨਾਬ ਹੋਰਾਂ ਕੋਲ ਦੁਆਨੀ ਨਹੀਂ ਸੀ ਤੇ ਇਹ ਲੰਦਨ ਪਤਾ ਨਹੀਂ ਕਿੰਞ ਪਹੁੰਚ ਗਏ ਤੇ ਦੂਜੀ ਦੁਚਿੱਤੀ ਇਹ ਸੀ ਕੇ ਕੱਲ ਤਕ ਦੇਖਣ ਨੂੰ ਤਾਂ ਚਾਂਦ ਜੀ ਬੜੇ ਲਿਸ਼ਕਾਰੇ ਮਾਰ ਰਹੇ ਸਨ ਇਹ ਹੁਣ ਕਿਹੜੀ ਬਿਮਾਰੀ ਚੰਬੜ ਗਈ? ਸੋਚ ਸੋਚ ਕੇ ਸਾਡੀ ਛੋਟੇ ਬੰਦਿਆ ਦੀ ਛੋਟੀ ਸੋਚ ਇਸ ਨਤੀਜੇ ਤੇ ਪਹੁੰਚੀ ਕੇ ਇਹ ਬਿਮਾਰੀ ਜਰੂਰ ਕੀਤੇ ਦਿਮਾਗ਼ ਚ ਹੋਵੇਗੀ ਨਹੀਂ ਤਾਂ ਭੱਲਾਂ ਇਕ ਪਿੰਡ ਦਾ ਸਰਪੰਚ ਆਪਣੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੁੰਦਾ ਤੇ ਇਹ ਤਾਂ ਇਕ ਮੋਹਰੀ ਸੂਬੇ ਦੇ ਡਿਪਟੀ ਮੁੱਖ ਮੰਤਰੀ ਦੀ ਕੁਰਸੀ ਦੇ ਲੱਤ ਮਾਰ ਕੇ ਭੱਜੇ ਹਨ। ਤਾਹੀ ਤਾਂ ਸੋਚਦਾ ਕੇ ਦਰੁਸਤ ਦਿਮਾਗ਼ ਨਾਲ ਤਾਂ ਇੰਝ ਫੈਸਲਾ ਨਹੀਂ ਹੋ ਸਕਦਾ।
ਮੈਨੂੰ ਤਾਂ ਲਗਦਾ ਇਹ ਫ਼ਸਲੀ ਬਟੇਰ ਸੀ ਜੋ ਚੋਗ ਚੁਗ ਕੇ ਉਡਾਰੀ ਮਾਰ ਚੁੱਕਿਆ।ਪਰ ਇਹ ਤਾਂ ਮੇਰੀ ਸੋਚ ਹੈ ਹਾਲੇ ਪਤਾ ਨਹੀਂ ਵਕਤ ਦੇ ਗਰਭ ਵਿਚ ਕੀ ਸੱਚ ਲੁਕਿਆ ਪਿਆ ਪਰ ਹੁਣ ਤੱਕ ਜੋ ਇਤਿਹਾਸ ਹੋ ਚੁੱਕਿਆ ਉਹ ਤਾਂ ਕੋਈ ਸਨਮਾਨ ਵਧਾਉਣ ਵਾਲਾ ਨਹੀਂ ਤਾਂਹੀਓਂ ਤਾਂ ਮੇਰੇ ਜਿਹੇ ਨਾ ਸਮਝ ਨੂੰ ਵੀ ਵਿਅੰਗ ਕਰਨ ਦਾ ਮੌਕਾ ਮਿਲ ਗਿਆ ਨਹੀਂ ਤਾਂ ਮੇਰੀ ਕੀ ਜੁਰਅਤ ਸੀ ਕਿ ਚੌਧਰੀ ਭਜਨ ਲਾਲ ਦੇ ਪਰਵਾਰ ਤੇ ਵਿਅੰਗ ਲਿਖ ਸਕਦਾ।ਅਖੀਰ ਵਿਚ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਕਿ ਸਾਰੇ ਜਰੂਰੀ ਕੰਮ ਛੱਡ ਕੇ ਅੱਜ ਦੇ ਇਨ੍ਹਾਂ ਆਧੁਨਿਕ ਆਸ਼ਕਾਂ ਦੀਆਂ ਪ੍ਰੇਮ ਕਹਾਣੀਆਂ ਦਾ ਸਾਡੇ ਜਿਹੇ ਵਿਦੇਸ਼ਾਂ ਚ ਬੈਠੇ ਲੋਕਾਂ ਨੂੰ ਸਿੱਧਾ ਪ੍ਰਸਾਰਨ ਦਿਖਾ ਰਹੇ ਹਨ ਤੇ ਨਾਲ਼ੇ ਜਰੂਰੀ ਕੰਮਾਂ ਦਾ ਕੀ ਹੈ ਇਹ ਤਾਂ ਜਿੰਦਗੀ ਭਰ ਚਲਦੇ ਹੀ ਰਹਿਣੇ ਹਨ। ਭੱਲਾਂ ਕਦੇ ਇਹੋ ਜਿਹੇ ਆਸ਼ਕ ਰੋਜ-ਰੋਜ ਜੰਮਦੇ ਹਨ ?

Post a Comment