ਫ਼ਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਕਿ
ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦਿ ।।
- ਬਾਬਾ ਸ਼ੇਖ਼ ਫ਼ਰੀਦ ਜੀ



ਕਲਾਮ ਬੁੱਲ੍ਹੇ ਸ਼ਾਹ ਜੀ

ਸਾਵਣ ਸੋਹੇ ਮੇਘਲਾ ਘਟ ਸੋਹੇ ਕਰਤਾਰ
ਠੋਰ ਠੋਰ ਅਨਾਇਤ ਬਸੇ ਪਪੀਹਾ ਕਰੇ ਪੁਕਾਰ

ਸੋਹਣ ਮਲਿਹਾਰਾਂ ਸਾਰੇ ਸਾਵਣ
ਦੂਤੀ ਦੁੱਖ ਲੱਗੇ ਉੱਠ ਜਾਵਣ
ਨੀਂਗਰ ਖੇਡਣ ਕੁੜੀਆਂ ਗਾਵਣ
ਮੈਂ ਘਰ ਰੰਗ ਰੰਗੀਲੇ ਆਵਣ
ਆਸਾਂ ਪੁੰਨੀਆਂ

ਮੇਰੀਆਂ ਆਸਾਂ ਰੱਬ ਪੁਚਾਈਆਂ
ਮੈਂ ਤਾਂ ਉਨ ਸੰਗ ਅੱਖੀਆਂ ਲਾਈਆਂ
ਸਈਆਂ ਦੇਣ ਮੁਬਾਰਕ ਆਈਆਂ
ਸ਼ਾਹ ਅਨਾਇਤ ਆਖਾਂ ਸਾਈਆਂ
ਆਸਾਂ ਪੁੰਨੀਆਂ

ਜ਼ਰੂਰੀ ਚਿੱਠੀ ਪੰਜਾਬੀਆਂ ਦੇ ਨਾਂ........... ਲੇਖ਼ / ਰਿਸ਼ੀ ਗੁਲਾਟੀ

ਸਮੂਹ ਪੰਜਾਬੀਆਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ ।
ਦੋਸਤੋ ! ਬੜੀ ਜਲਦੀ ਵਿੱਚ ਆਪ ਜੀ ਇਹ ਚਿੱਠੀ ਲਿਖਣ ਕਰਕੇ ਬਿਨਾਂ ਕਿਸੇ ਭੂਮਿਕਾ ਦੇ ਸਿੱਧਾ ਮੁੱਦੇ ਵਾਲੀ ਗੱਲ ਤੇ ਆਉਂਦਾ ਹਾਂ । ਇਸ ਮੁੱਦੇ ਤੇ ਬਹੁਤ ਜਿ਼ਆਦਾ ਸੋਚ ਵਿਚਾਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ,ਕਿਉਂ ਜੋ ਮੈਂ ਇਹ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਆਪ ਜੀ ਦੇ ਸਨਮੁੱਖ ਆਪਣੀ ਗੱਲ ਰੱਖ ਸਕਾਂ ਤਾਂ ਜੋ ਆਪ ਜਲਦੀ ਤੋਂ ਜਲਦੀ ਆਪਣੀ ਕੀਮਤੀ ਰਾਏ ਦੇ ਸਕੋਂ । ਗੱਲ ਇਉਂ ਹੈ ਕਿ ਆਪਾਂ ਸਭ ਆਪਣੇ ਸੁਨਹਿਰੇ ਭਵਿੱਖ ਦੀ ਆਸ ‘ਚ ਲੱਖਾਂ ਰੁਪਇਆ ਲਗਾ ਕੇ ਪੜ੍ਹਨ ਲਈ ਆਸਟ੍ਰੇਲੀਆ ਆਏ ਹੋਏ ਹਾਂ । ਇਹ ਕੋਈ ਜ਼ਰੂਰੀ ਨਹੀਂ ਕਿ ਜੋ ਆਪਾਂ ਸੋਚੀਏ ਜਾਂ ਚਾਹੀਏ, ਉਦਾਂ ਹੀ ਹੋਏ ਜਾਂ ਉਹੀ ਸਭ ਕੁਝ ਸਾਨੂੰ ਪ੍ਰਾਪਤ ਹੋਏ, ਕਿਉਂ ਜੋ ਦੁੱਖ-ਸੁੱਖ ਸਰੀਰਾਂ ਦੇ ਨਾਲ਼ ਹਨ । ਇਹ ਕਈ ਵਾਰ ਦੇਖਣ ਜਾਂ ਪੜ੍ਹਨ ‘ਚ ਆਇਆ ਹੈ ਕਿ ਕਈ ਵਿਦਿਆਰਥੀਆਂ ਦੀ ਅਨਹੋਣੀ ਮੌਤ ਹੋ ਚੁੱਕੀ ਹੈ । ਮੌਤ ਇੱਕ ਅਟੱਲ ਸਚਾਈ ਹੈ, ਕੋਈ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ । ਜਿੰਦਗੀ ‘ਚ ਸਫ਼ਲ ਹੋਣ ਲਈ, ਜੋ ਸੰਘਰਸ਼ ਦਾ ਰਸਤਾ ਅਸੀਂ ਅਪਣਾ ਰੱਖਿਆ ਹੈ, ਉਸ ਰਸਤੇ ਤੇ ਚੱਲਦਿਆਂ ਅਸੀਂ ਇੰਨੇ ਕੁ ਵਿਅਸਤ ਜਾਂ ਪ੍ਰੇਸ਼ਾਨ ਹਾਂ ਕਿ “ਮੌਤ” ਸ਼ਬਦ ਕਿਸੇ ਦੇ ਯਾਦ ਚੇਤੇ ਵੀ ਨਹੀਂ ਹੈ, ਜਦ ਕਿ ਹਰ ਇੱਕ ਦਾ ਅੰਜ਼ਾਮ ਇਹੀ ਹੈ । ਹੁਣ ਸਮੱਸਿਆ ਇਹ ਹੈ ਕਿ ਜੋ ਕੋਈ ਬਦਕਿਸਮਤ ਇਸ ਅਣਹੋਣੀ ਦਾ ਸਿ਼ਕਾਰ ਹੋ ਜਾਂਦਾ ਹੈ, ਉਸਦੀ ਲਾਸ਼ ਪੰਜਾਬ ਭੇਜਣ ਤੇ ਬਹੁਤ ਜਿ਼ਆਦਾ ਖ਼ਰਚ ਆਉਂਦਾ ਹੈ । ਜਿਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵਾਰ-ਵਾਰ ਅਪੀਲਾਂ ਕਰਨੀਆਂ ਪੈਂਦੀਆਂ ਹਨ ਤੇ ਕਈ ਵਾਰ ਜ਼ਰੂਰਤ ਮੁਤਾਬਿਕ ਫੰਡ ਇਕੱਠੇ ਹੋਣ ਤੇ ਟਾਈਮ ਲੱਗ ਸਕਦਾ ਹੈ ਤੇ ਲਾਸ਼ ਸਮੇਂ ਸਿਰ ਨਹੀਂ ਭੇਜੀ ਜਾ ਸਕਦੀ । ਇਹ ਆਪਾਂ ਸਮਝ ਸਕਦੇ ਹਾਂ ਕਿ ਕਿਸੇ ਵੀ ਮਾਪਿਆਂ ਦਾ, ਜਿਨ੍ਹਾਂ ਦਾ ਜੁਆਨ ਧੀ-ਪੁੱਤ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ, ਉਨ੍ਹਾਂ ਤੇ ਕੀ ਬੀਤਦੀ ਹੋਵੇਗੀ ? ਜਦ ਲਾਸ਼ ਫੰਡ ਦੀ ਕਮੀ ਕਰਕੇ ਮਾਪਿਆਂ ਨੂੰ ਨਾ ਭੇਜੀ ਜਾ ਸਕਦੀ ਹੋਵੇ ਤਾਂ ਉਹ ਹੋਰ ਜਿ਼ਆਦਾ ਕੰਡਿਆਂ ਦੀ ਸੇਜ ਤੇ ਹੋ ਜਾਂਦੇ ਹਨ । ਮਜ਼ਬੂਰ ਮਾਪੇ ਘਰ ਬੈਠੇ ਵਿਲਕਦੇ ਰਹਿੰਦੇ ਹਨ, ਲਾਸ਼ ਇੱਥੇ ਰੁਲਦੀ ਰਹਿੰਦੀ ਹੈ । ਅਜਿਹੇ ਮੌਕੇ ਮਾਪੇ ਚਾਹੇ ਚੰਡੀਗੜ੍ਹ ਕੋਠੀ ‘ਚ ਬੈਠੇ ਹੋਣ ਜਾਂ ਫਰੀਦਕੋਟ ਕਿਰਾਏ ਦੇ ਮਕਾਨ ‘ਚ, ਸਭ ਦੀਆਂ ਭਾਵਨਾਵਾਂ ਬਰਾਬਰ ਹੁੰਦੀਆਂ ਹਨ । ਸਭ ਦੀ ਇੱਕ ਹੀ ਇੱਛਾ ਹੁੰਦੀ ਹੈ, ਸਭ ਨੂੰ ਇਹੀ ਲੱਗਦਾ ਹੈ ਕਿ ਬੱਸ ਉਹ ਜਾਣ ਵਾਲੇ ਦਾ “ਮੂੰਹ” ਦੇਖ ਲੈਣ, ਜਿੰਦਗੀ ‘ਚ ਹੋਰ ਕੁਝ ਨਹੀਂ ਚਾਹੀਦਾ । ਬਥੇਰੇ ਅਜਿਹੇ ਲੋਕ ਵਿਦੇਸ਼ਾਂ ‘ਚ ਵੱਸਦੇ ਨੇ, ਜਿਹੜੇ ਪੰਜਾਬ ‘ਚ ਕਿਸੇ ਆਪਣੇ ਪਿਆਰੇ ਦੇ ਜਹਾਨ-ਏ-ਫ਼ਾਨੀ ਤੋਂ ਤੁਰ ਜਾਣ ਤੇ ਉਸਨੂੰ ਜਾਂਦੀ ਵਾਰ ਦਾ ਸਲਾਮ ਵੀ ਨਾ ਕਹਿ ਸਕੇ । ਬਹੁਤਿਆਂ ਦੇ ਜਨਮ ਦਾਤੇ ਜਾਂ ਮਾਂ ਜਾਏ ਤੁਰ ਗਏ । ਬਥੇਰਿਆਂ ਦੀਆਂ ਰੱਖੜੀ ਬੰਨਣ ਵਾਲੀਆਂ ਭੈਣਾਂ ਤੁਰ ਗਈਆਂ । ਕੀ ਜਾਣ ਵਾਲਿਆਂ ਦੇ ਅੰਤਿਮ ਦਰਸ਼ਨ ਨਾ ਕਰ ਸਕਣ ਵਾਲੇ, ਅਜਿਹੇ ਸਮੇਂ ਆਪਣੇ ਇੱਥੇ ਆ ਕੇ ਵਸਣ ਤੇ ਪਛਤਾਵਾ ਨਹੀਂ ਕਰਦੇ ਹੋਣਗੇ ? ਕੀ ਡਾਲਰਾਂ ਦੀ ਚਮਕ ਆਪਣੇ ਪਿਆਰਿਆਂ ਦੀ ਯਾਦ ਧੁੰਦਲਾ ਕਰ ਸਕਦੀ ਹੈ ? ਯਾਦ ਰਹੇ, ਸਮਾਂ ਕਿਸੇ ਦੇ ਵੱਸ ਨਹੀਂ ਹੈ, ਕਿਸੇ ‘ਤੇ ਵੀ ਆਪਣਾ ਬੁਰਾ ਪ੍ਰਭਾਵ ਪਾ ਸਕਦਾ ਹੈ । ਮੇਰੇ ‘ਤੇ, ਤੁਹਾਡੇ ‘ਤੇ, ਰਾਮ ਲਾਲ ‘ਤੇ, ਸੋਹਣ ਸਿੰਘ ‘ਤੇ, ਡੇਵਿਡ ‘ਤੇ, ਅਲੀ ਹਸਨ ‘ਤੇ । ਕੌਣ ਦਾਅਵਾ ਕਰ ਸਕਦਾ ਹੈ ਕਿ ੳਹਦੇ ਦੁਆਲੇ ਬੁਰਾ ਸਮਾਂ ਆਉਣ ਤੋਂ “ਲਛਮਣ ਰੇਖਾ” ਖਿੱਚੀ ਹੋਈ ਹੈ ?
ਜ਼ਰਾ ਆਪਣਾ ਧਿਆਨ ਕੇਂਦਰਿਤ ਕਰੋ, ਪੰਜਾਬ ‘ਚ ਬੈਠੇ ਉਸ ਬਦਨਸੀਬ ਪਰਿਵਾਰ ‘ਤੇ, ਜਿਸ ਦਾ ਜਵਾਨ ਪੁੱਤ ਸਾਲ ਜਾਂ ਦੋ ਸਾਲ ਪਹਿਲਾਂ ਸੁਨਿਹਰੇ ਭਵਿੱਖ ਦੀ ਆਸ ‘ਚ ਏਥੇ ਆਇਆ ਤੇ ਬੇਰਹਿਮ ਮੌਤ ਨੇ ਉਸਨੂੰ ਆਪਣੇ ਪੰਜਿਆਂ ‘ਚ ਜਕੜ ਲਿਆ । ਹੁਣ ਕੀ ਇਹ ਜ਼ਰੂਰੀ ਹੈ ਕਿ ਹਰ ਇੱਕ ਦੇ ਮਾਪਿਆਂ ਦੀ ਜੇਬ ਏਨਾਂ ਭਾਰ ਝੱਲਦੀ ਹੋਵੇ ਕਿ ਲਾਸ਼ ਮੰਗਵਾਉਣ ਤੇ ਖਰਚ ਕਰ ਸਕਦੇ ਹੋਣ । ਜੇਕਰ ਲਾਸ਼ ਨਾ ਪਹੁੰਚ ਸਕੇ ਤੇ ਉਸਦਾ ਅੰਤਿਮ ਸੰਸਕਾਰ ਇੱਥੇ ਕਰਕੇ ਉਸਦੇ “ਫੁੱਲ” ਘਰਦਿਆਂ ਨੂੰ ਭੇਜ ਦਿੱਤੇ ਜਾਣ ਤਾਂ ਕੀ ਬੀਤੇਗੀ ਉਸ ਬਦਨਸੀਬ ਮਾਂ ਤੇ, ਜੋ ਆਪਣੇ ਲਾਲ ਨੂੰ ਆਖਰੀ ਪਿਆਰ ਨਾ ਦੇ ਸਕੀ । ‘ਤੇ ਤੁਹਾਡੇ ਤੇ ਕੀ ਬੀਤੇਗੀ ਜੇਕਰ ਉਹ ਮਾਂ ਤੁਹਾਨੂੰ ਹੀ ਕਹੇ, “ਮੇਰੇ ਜਾਂਦੇ ਪੁੱਤ ਨੂੰ ਤਾਂ ਕੋਈ ਨਹੀਂ ਸੀ ਰੋਕ ਸਕਦਾ, ਪਰ ਜੇ ਤੁਸੀਂ ਦਸ-ਦਸ, ਵੀਹ-ਵੀਹ ਡਾਲਰ ‘ਕੱਠੇ ਕਰਕੇ ਉਸਦੀ ਲਾਸ਼ ਪਹੁੰਚਦੀ ਕਰ ਦਿੰਦੇ ਤਾਂ ਮੈਂ ਆਪਣੇ ਪੁੱਤ ਦਾ ਮੂੰਹ ਤਾਂ ਦੇਖ ਲੈਂਦੀ, ਉਸਨੂੰ ਜਾਂਦੀ ਵਾਰੀ ਪਿਆਰ ਤਾਂ ਕਰ ਲੈਂਦੀ ।” ਕੀ ਜੁਆਬ ਦਿਓਗੇ ????? ਸ਼ਾਇਦ ਤੁਸੀਂ ਵੀ ਪਛਤਾਓਗੇ, ਇਹ ਸੋਚ ਕੇ ਕਿ ਚਾਹੇ ਜਾਣ ਵਾਲਾ ਤੁਹਾਡਾ ਕੋਈ ਨਹੀਂ ਸੀ ਪਰ ਕਿਸੇ ਮਾਂ ਦਾ ਤਾਂ ਪੁੱਤ ਸੀ, ਕਿਸੇ ਬਾਪ ਦੇ ਬੁਢਾਪੇ ਦੀ ਡੰਗੋਰੀ ਸੀ, ਕਿਸੇ ਭੈਣ ਦਾ ਵੀਰ ਤੇ ਕਿਸੇ ਵੀਰ ਦੀ ਬਾਂਹ ਸੀ । ਤੁਸੀਂ ਉਸਦੇ ਵਿਲਕਦੇ ਪਰਿਵਾਰ ਨੂੰ ਚਾਹੇ ਦੇਖ ਨਹੀਂ ਸਕਦੇ ਸੀ ਪਰ ਉਸਦੇ ਅੰਤਿਮ ਦਰਸ਼ਨ ਕਰਵਾਉਣ ਦਾ ਇੱਕ ਸਾਧਨ ਬਣ ਸਕਦੇ ਸੀ ।
ਪਿਆਰੇ ਵੀਰੋ, ਰੱਬ ਸਭ ਦੀਆਂ ਲੰਬੀਆਂ ਉਮਰਾਂ ਕਰੇ ਪਰ ਸਚਾਈ ਤੋਂ ਕੋਈ ਨਹੀਂ ਭੱਜ ਸਕਦਾ । ਇਹ ਸਭ ਕੁਝ ਲਿਖਣ ਦਾ ਮਕਸਦ ਆਪ ਸਭ ਸਮਝ ਹੀ ਗਏ ਹੋਵੋਗੇ । ਕਈਆਂ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਇਹ ਵਿਚਾਰ ਜਨਤਕ ਤੌਰ ਤੇ ਆਪ ਸਭ ਨਾਲ ਸਾਂਝਾ ਕਰ ਰਿਹਾ ਹਾਂ ਕਿ ਕੋਈ ਅਜਿਹੀ ਸੰਸਥਾ ਜਾਂ ਫੰਡ ਬਣਾਇਆ ਜਾਵੇ, ਜਿਸ ਵਿੱਚ ਮਾਇਆ ਇਕੱਤਰ ਕਰਕੇ ਕੇਵਲ ਅਜਿਹੇ ਹੀ ਦੁਖਿਆਰੇ ਪਰਿਵਾਰਾਂ ਦੀ ਮੱਦਦ ਕੀਤੀ ਜਾਏ । ਜਿੰਨੇ ਵੀ ਵਿਦਿਆਰਥੀ ਹਨ ਘੱਟੋ ਘੱਟ ਕੇਵਲ 10 ਡਾਲਰ ਪ੍ਰਤੀ ਮਹੀਨਾ ਇਕੱਠਾ ਕਰਕੇ ਸੰਸਥਾ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਉਣ । ਜ਼ਰੂਰੀ ਨਹੀਂ ਸਿਰਫ਼ 10 ਡਾਲਰ ਹੀ, ਜਿ਼ਆਦਾ ਵੀ ਕਰਵਾ ਸਕਦੇ ਹਨ, ਇਹ ਤਾਂ ਆਪਣੀ ਸਕੀਮ ਸਮਝਾਉਣ ਦਾ ਇੱਕ ਤਰੀਕਾ ਮਾਤਰ ਹੈ । ਇਹ ਵੀ ਸੋਚ ਨਹੀਂ ਰੱਖਣੀ ਕਿ ਕੋਈ ਪੈਸੇ ਇਕੱਤਰ ਕਰਨ ਲਈ ਆਏਗਾ ਜਾਂ ਪਰਚੀ ਕੱਟੇਗਾ । ਇਹ ਤਾਂ ਦਿਲਾਂ ਦੇ ਸੌਦੇ ਨੇ, ਦਿਲ ਮੰਨੇ ਦੀ ਗੱਲ ਹੈ । ਅਗਰ ਦਿਲ ‘ਚ ਕਿਸੇ ਅਣਜਾਣ ਪਰਿਵਾਰ ਦੀ ਮੱਦਦ ਕਰਨ ਦੀ ਭਾਵਨਾਂ ਆਉਂਦੀ ਹੈ ਤਾਂ ਬੈਂਕ ਜਾ ਕੇ ਪੈਸੇ ਜਮ੍ਹਾ ਕਰਵਾਉਣਾ ਮਾਮੂਲੀ ਗੱਲ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦਸ ਡਾਲਰ ਜਮ੍ਹਾਂ ਕਰਵਾਉਣ ਕੌਣ ਜਾਏ । ਉਸਦਾ ਵੀ ਇਲਾਜ ਹੈ । ਜੇਕਰ ਤੁਸੀਂ ਜਾਗਰੂਕ ਹੋ ਸਕਦੇ ਹੋ ਤਾਂ ਆਪਣਾ ਆਲਾ-ਦੁਆਲਾ ਵੀ ਜਾਗਰੂਕ ਕਰ ਸਕਦੇ ਹੋ । ਵਾਰੀ ਸਿਰ ਸਭ ਦੀ ਡਿਊਟੀ ਲੱਗ ਸਕਦੀ ਹੈ । ਜੇਕਰ ਤੁਸੀਂ ‘ਕੱਲੇ ਹੀ ਇਸ ਮਹਾਂਯੱਗ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਪੰਜਾਹ ਡਾਲਰ ਜਮ੍ਹਾਂ ਕਰਵਾ ਕੇ ਪੰਜ ਮਹੀਨਿਆਂ ਲਈ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰ ਸਕਦੇ ਹੋ । ਜੇ ਘੱਟ-ਵੱਧ ਵੀ ਕਰਵਾਉਂਦੇ ਹੋ ਤਾਂ ਵੀ ਨਾ ਤਾਂ ਕੋਈ ਤੁਹਾਡੇ ਤੋਂ ਹਿਸਾਬ ਮੰਗੇਗਾ ਤੇ ਨਾ ਹੀ ਬਕਾਏ ਲਈ ਤਕਾਜ਼ਾ ਕਰੇਗਾ । ਹਾਂ ! ਤੁਸੀਂ ਜਰੂਰ ਸੰਸਥਾ ਤੋਂ ਹਿਸਾਬ ਮੰਗਣ ਦੇ ਹੱਕਦਾਰ ਹੋ, ਚਾਹੇ ਕੋਈ ਡਾਲਰ ਦਿੰਦੇ ਹੋ ਜਾਂ ਨਹੀਂ । ਸਾਰੀ ਦੀ ਸਾਰੀ ਰਕਮ ਬੈਂਕ ਵਿੱਚ ਜਮ੍ਹਾਂ ਹੋਏਗੀ । ਜ਼ਰਾ ਸੋਚ ਕੇ ਦੇਖੋ ਕਿ ਇਸ ਵੇਲੇ ਆਸਟ੍ਰੇਲੀਆ ‘ਚ ਕਰੀਬ ਇੱਕ ਲੱਖ ਭਾਰਤੀ ਵਿਦਿਆਰਥੀ ਹਨ, ਜੇਕਰ ਆਪਣੇ ਨਾਲ਼ ਕੇਵਲ 1000 ਹੀ ਜੁੜਦੇ ਹਨ ਤਾਂ ਦਸ ਡਾਲਰ ਦੇ ਹਿਸਾਬ ਨਾਲ਼ ਦਸ ਹਜ਼ਾਰ ਡਾਲਰ ਪ੍ਰਤੀ ਮਹੀਨਾ ਇਕੱਤਰ ਹੋ ਜਾਣਗੇ ਜੋ ਕਿ ਇੱਕ ਲਾਸ਼ ਭਾਰਤ ਭੇਜਣ ਲਈ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹਨ । ਹੁਣ ਦੇਖੋ ਕਿ ਤੁਹਾਡੀ ਨੇਕ ਕਮਾਈ ‘ਚੋਂ ਦਿੱਤੇ ਕੇਵਲ 10 ਡਾਲਰਾਂ ਨਾਲ਼ ਕਿੰਨੇ ਪੁੰਨ ਦਾ ਕੰਮ ਹੋ ਗਿਆ । ਮਾਪਿਆਂ ਦਾ ਪੁੱਤਰ ਤਾਂ ਆਪਾਂ ਵਾਪਿਸ ਨਹੀਂ ਲਿਆ ਸਕਦੇ, ਪਰ ਜਾਂਦੀ ਵਾਰ ਦੇ ਆਖਰੀ ਮੇਲੇ ਕਰਵਾਉਣ ਦੇ ਪੁੰਨ ਦੇ ਕਾਰਜ ‘ਚ ਜਰੂਰ ਭਾਗੀਦਾਰ ਹੋ ਸਕਦੇ ਹਾਂ ।
ਸੋਚ ਇਹ ਹੈ ਕਿ ਰੱਬ ਨਾ ਕਰੇ, ਜਦ ਵੀ ਕਦੀ ਕਿਸੇ ‘ਤੇ ਅਜਿਹੀ ਦੁੱਖ ਦੀ ਘੜੀ ਆ ਜਾਵੇ ਤੇ ਉਹ ਸੰਸਥਾ ਨਾਲ ਸੰਪਰਕ ਕਰੇ ਤਾਂ ਸੰਸਥਾ ਦੇ ਮੈਂਬਰ, ਹੋਈ ਅਨਹੋਣੀ ਦੀ ਪੂਰੀ ਪੜਚੋਲ ਕਰਨਗੇ ਤੇ ਦੁਖੀ ਪਰਿਵਾਰ ਦੀ ਜੋ ਵੀ ਮੁਨਾਸਿਬ ਮੱਦਦ ਕਰਨੀ ਬਣਦੀ ਹੈ, ਉਹ ਕਰਨਗੇ । ਸੰਸਥਾ ਹੋਰ ਕੀ ਕੰਮ ਕਰ ਸਕਦੀ ਹੈ, ਇਸ ਕਿਸਮ ਦਾ ਕੋਈ ਆਇਡੀਆ ਫਿਲਹਾਲ ਮੇਰੇ ਦਿਮਾਗ ਵਿੱਚ ਨਹੀਂ ਆਇਆ ਪਰ ਇਹ ਸੰਸਥਾ ਪੂਰਣ ਰੂਪ ਵਿੱਚ ਧਾਰਮਿਕ ਤੇ ਸਿਆਸੀ ਕਾਰਗੁਜ਼ਾਰੀਆਂ ਤੋਂ ਪਰ੍ਹੇ ਹੋਵੇਗੀ । ਜੇਕਰ ਕਿਸੇ ਵਿਦਿਆਰਥੀ ਦੀ ਫ਼ੀਸ ਦਾ ਇੰਤਜ਼ਾਮ ਨਹੀਂ ਹੁੰਦਾ ਜਾਂ ਪੈਸੇ ਖ਼ਤਮ ਹੋ ਗਏ ਤਾਂ ਸੰਸਥਾ ਅਜਿਹੇ ਲੋਕਾਂ ਦੀ ਮੱਦਦ ਨਹੀਂ ਕਰ ਸਕੇਗੀ । ਅੱਜ ਦੀ ਸੋਚ ਮੁਤਾਬਿਕ ਤਾਂ ਕੇਵਲ ਵਿਦਿਆਰਥੀਆਂ, ਉਨ੍ਹਾਂ ਦੇ ਪਤੀ-ਪਤਨੀ ਜਾਂ ਬੱਚੇ ਨਾਲ਼ ਹੋਈ ਅਨਹੋਣੀ ਵਿੱਚ ਹੀ ਮੱਦਦ ਕੀਤੀ ਜਾਵੇਗੀ ।
ਇੱਥੇ ਵਸਦੇ ਪੁਰਾਣੇ ਬਸਿ਼ੰਦਿਆਂ ਦੀ ਮੱਦਦ ਤੋਂ ਬਿਨਾਂ ਵੀ ਅਸੀਂ ਕੁਝ ਕਰਨ ਜੋਕਰੇ ਨਹੀਂ ਹੋਵਾਂਗੇ । ਜੇਕਰ ਉਹ ਸਾਡੇ ਮਾਰਗ ਦਰਸ਼ਕ ਬਣਨਗੇ ਤਾਂ ਹੀ ਇਹ ਕੰਮ ਅਮਲੀ ਰੂਪ ਵਿੱਚ ਸੁਚਾਰੂ ਢੰਗ ਨਾਲ਼ ਸਿਰੇ ਚੜ੍ਹ ਸਕਦਾ ਹੈ । ਸੰਸਥਾ ਦੀ ਮਾਇਕ ਮੱਦਦ ਲਈ ਅਪੀਲ ਤਾਂ ਸਭ ਨੂੰ ਹੀ ਹੋਇਆ ਕਰੇਗੀ । ਅਗਲੀ ਬੇਨਤੀ ਮੀਡੀਆ ਲਈ ਹੈ ਕਿ ਉਨ੍ਹਾਂ ਦੀ ਮੱਦਦ ਬਿਨਾਂ ਅਸੀੰ ਆਪਣੀ ਸੋਚ, ਆਪਣੇ ਮੰਤਵ ਨੂੰ ਆਮ ਜਨਤਾ ਵਿੱਚ ਨਹੀਂ ਰੱਖ ਸਕਾਂਗੇ । ਇਸ ਲਈ ਉਨ੍ਹਾਂ ਦੇ ਵੀ ਭਰਪੂਰ ਸਹਿਯੋਗ ਦੀ ਜ਼ਰੂਰਤ ਰਹੇਗੀ ।
ਪੰਜਾਬੀ ਭਰਾਓ ! ਇਹ ਹੈ ਮੋਟੀ ਜਿਹੀ ਰੂਪ-ਰੇਖਾ, ਜਿਸਨੂੰ ਤੁਹਾਡੀ ਸਭ ਦੀ ਮੱਦਦ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ । ਯਾਦ ਰਹੇ, ਇਹ ਸਭ ਗੱਲਾਂ ਕੋਈ ਫੈਸਲਾ ਨਹੀਂ ਹਨ, ਕੇਵਲ ਇੱਕ ਸੋਚ ਮਾਤਰ ਹੈ, ਜੋ ਤੁਹਾਡੇ ਨਾਲ਼ ਸਾਂਝੀ ਕੀਤੀ ਹੈ । ਹੁਣ ਸਭ ਅੱਗੇ ਇਹ ਬੇਨਤੀ ਹੈ ਕਿ ਆਪਣੇ ਵਿਚਾਰ ਦੱਸੋ ਕਿ ਕੀ ਪੁੰਨ ਦਾ ਅਜਿਹਾ ਕਾਰਜ ਕਰਨ ਬਾਰੇ ਸੋਚਣਾ ਚਾਹੀਦਾ ਹੈ ? ਜੋ ਗੱਲਾਂ ਤੁਹਾਡੇ ਨਾਲ਼ ਕੀਤੀਆਂ, ਕੀ ਤੁਹਾਨੂੰ ਜਚੀਆਂ ਹਨ ? ਇਹੀ ਸਭ ਤੋਂ ਪਹਿਲਾ ਸੁਆਲ ਹੈ, ਬਾਕੀ ਤਾਂ ਵਿਚਾਰਾਂ ਹੀ ਬਾਅਦ ਦੀਆਂ ਹਨ । ਜੇਕਰ ਜਚੀਆਂ ਹਨ ਤੇ ਤੁਹਾਡਾ ਹਾਂ ਪੱਖੀ ਜੁਆਬ ਹੈ ਤਾਂ ਇਹ ਮਾਰਗ ਦਰਸ਼ਨ ਕਰੋ ਕਿ ਸੰਸਥਾ ਕਿਸ ਤਰ੍ਹਾਂ ਬਣਾਈ ਜਾਏ ? ਮੈਂਬਰ ਕਿੱਥੋਂ ਤੇ ਕਿੰਝ ਚੁਣੇ ਜਾਣ ? ਫੰਡ ਕਿੱਦਾਂ ਇਕੱਤਰ ਕੀਤੇ ਜਾਣ ? ਅਨਹੋਣੀ ਹੋਣ ਤੇ ਮੱਦਦ ਕਰਨ ਦਾ ਫੈਸਲਾ ਕਿੰਝ ਲਿਆ ਜਾਏ ? ਕਿੰਨੀ ਮੱਦਦ ਕੀਤੀ ਜਾਏ ? ਅਜਿਹੀਆਂ ਬੁਨਿਆਦੀ ਸਲਾਹਾਂ ਦੀ ਜ਼ਰੂਰਤ ਹੈ । ਤੁਹਾਡੀ ਸੋਚ ਹਾਂ ਪੱਖੀ ਹੈ ਜਾਂ ਨਾਂਹ ਪੱਖੀ, ਸੂਚਿਤ ਜ਼ਰੂਰ ਕਰਨਾ । ਮੋਬਾਇਲ ਤੇ ਮੈਸੇਜ ਭੇਜ ਸਕਦੇ ਹੋ ਜਾਂ ਈ-ਮੇਲ ਤਾਂ ਸਭ ਤੋਂ ਵਧੀਆ ਤਰੀਕਾ ਹੈ, ਆਪਣੇ ਵਿਚਾਰ ਪਰਗਟ ਕਰਨ ਤੇ ਸੇਧ ਦੇਣ ਦਾ । ਇਹ ਕੋਈ ਇੱਕ ਅੱਧੇ ਦਿਨ ਦੀ ਖੇਡ ਤਾਂ ਹੈ ਨਹੀਂ । ਜੇਕਰ ਹਾਂ ਪੱਖੀ ਹੁੰਗਾਰਾ ਮਿਲਦਾ ਹੈ ਤਾਂ ਅਗਲੀਆਂ ਸਲਾਹਾਂ ਕਰਨ ਲਈ ਆਪ ਸਭ ਨਾਲ਼ ਮੀਡੀਆ ਦੇ ਜ਼ਰੀਏ ਵਾਰ ਵਾਰ ਮਿਲਣਾ ਹੋਏਗਾ ਤੇ ਟਾਈਮ ਤਾਂ ਹਰ ਕੰਮ ਤੇ ਲੱਗਦਾ ਹੀ ਹੈ ।
ਦੋਸਤੋ ! ਅੱਜ ਜੋ ਬੀਜ ਅੱਜ ਤੁਹਾਡੇ ਹਿਰਦਿਆਂ ‘ਚ ਬੀਜਣ ਦੀ ਕੋਸਿ਼ਸ਼ ਕਰ ਰਿਹਾ ਹਾਂ, ਉਸਨੂੰ ਖਾਦ-ਪਾਣੀ ਦੇਣਾ ਤੇ ਮੀਂਹ-ਹਨੇਰੀ ਤੋਂ ਬਚਾ ਕੇ ਰੱਖਣਾ ਤੁਹਾਡੇ ਵੱਸ ਹੈ । ਹੋ ਸਕਦਾ ਹੈ ਇਸ ਬੀਜ ਨੂੰ ਪੁੰਗਰ ਕੇ ਭਰਪੂਰ ਦਰੱਖਤ ਬਨਣ ਤੇ ਵਰ੍ਹੇ ਲੱਗ ਜਾਣ ਤੇ ਉਸ ਸਮੇਂ ਤੱਕ ਮੈਂ ਆਸਟ੍ਰੇਲੀਆ ‘ਚ ਨਾ ਹੋਵਾਂ ਕਿਉਂ ਜੋ ਅੱਜ ਦੇ ਹਾਲਤਾਂ ਮੁਤਾਬਿਕ ਕੇਵਲ ਡੇਢ ਸਾਲ ਹੀ ਇੱਥੇ ਹਾਂ । ਪਰ ਅਗਰ ਤੁਸੀਂ ਭਰਪੂਰ ਸਹਿਯੋਗ ਦਿਓ ਤਾਂ ਸ਼ਾਇਦ ਕਿਸੇ ਅਜਿਹੀ ਮਾਂ ਦੀਆਂ ਆਂਦਰਾਂ ਠੰਢੀਆਂ ਕਰਨ ‘ਚ ਕਾਮਯਾਬ ਹੋ ਜਾਈਏ, ਜਿਸ ਦਾ ਪੁੱਤ-ਧੀ ਇਸ ਦੁਨੀਆਂ ਤੋਂ ਤੁਰ ਗਿਆ ਹੋਵੇ । ਹੋ ਸਕਦਾ ਹੈ ਕਿ ਅਜਿਹੀ ਸੋਚ ਪਹਿਲਾਂ ਵੀ ਕਿਸੇ ਦੇ ਦਿਮਾਗ ‘ਚ ਆਈ ਹੋਵੇ ਤੇ ਕਿਸੇ ਕਾਰਨ ਨੇਪਰੇ ਨਾ ਚੜ੍ਹ ਸਕੀ ਹੋਵੇ । ਜੇਕਰ ਕੋਈ ਅਜਿਹਾ ਵੀਰ ਇਸ ਖ਼ਤ ਨੂੰ ਪੜ੍ਹਦਾ ਹੈ ਤਾਂ ਉਹ ਜ਼ਰੂਰ ਹੀ ਸੰਪਰਕ ਕਰਨ ਦੀ ਖੇਚਲ ਕਰੇ ਤਾਂ ਜੋ ਉਹ ਮੁਨਾਸਿਬ ਸੇਧ ਤੇ ਜਾਣਕਾਰੀ ਦੇ ਸਕੇ ।

ਮੋਬਾਇਲ : 0433 442 722
ਈ ਮੇਲ : rishi22722@yahoo.com

ਬੇਵਸੀ ਦੀ ਵਰਣਮਾਲਾ਼.......... / ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)

ਨਿਮਾਣਾ ਜਿਹਾ ਮੇਰਾ ਮਾਣ
ਅਣਗੌਲਿ਼ਆ ਮੇਰਾ ਥਹੁ-ਪਤਾ
ਤਾਰਿਆਂ ਦੇ ਦੇਸ਼ 'ਚ ਉਡਦਾ ਕਣ
ਕਾਹਦੇ 'ਤੇ ਗਰਬ ਕਰੇ

ਕਿੰਨੀ ਕੁ ਯਾਤਰਾ

ਸਮੁੰਦਰ 'ਚ ਉਠਦੇ ਬੁਲਬੁਲੇ ਦੀ
ਪੱਤੇ 'ਤੇ ਡਿੱਗੀ ਕਣੀ
ਕਿੰਜ ਮੁਖ਼ਾਤਿਬ ਹੋਵੇ ਸ਼ੂਕਦੇ ਦਰਿਆ ਨੂੰ

ਗੁਲਾਬੀ ਮਹਿਕ ਦਾ ਬੁੱਲਾ
ਕਿੰਜ ਬਹਿਸ ਕਰੇ ਝੱਖੜਾਂ ਨਾਲ਼
ਅੱਖਾਂ 'ਚ ਲਿਖੀ ਬੇਵਸੀ ਦੀ ਵਰਣਮਾਲ਼ਾ
ਕਿਵੇਂ ਅਰਥ ਕਰੇ
ਮਰਮਰ 'ਤੇ ਉਕਰੇ ਸਿ਼ਲਾਲੇਖ ਦੇ

ਮੈਂ ਇਕ ਅਣਲਿਖੀ ਨਜ਼ਮ
ਇਕ ਅਣਗਾਈ ਗ਼ਜ਼ਲ
ਕੀ ਮਾਣ ਕਰਾਂ
ਮਹਾਂ ਸ਼ਬਦ-ਕੋਸ਼ਾਂ 'ਤੇ

ਇਕ ਲਫ਼ਜ਼ ਹੈ ਮੇਰੇ ਕੋਲ਼, ਮੁਹੱਬਤ
ਇਕ ਅਹਿਸਾਸ ਹੈ ਮੇਰੇ ਕੋਲ਼, ਦੋਸਤੀ
ਹੜ੍ਹਾਂ ਦੀ ਰੁੱਤ ਵਿੱਚ
ਨਾ ਇਹ ਬੇੜੀਆਂ ਬਣੇ ਨਾ ਮਲਾਹ

ਚੇਤਨਾ ਵਿਚ ਗੁਫਾਵਾਂ ਦਾ ਅੰਧਕਾਰ
ਅਵਚੇਤਨ ਵਿਚ ਸੂਰਜਾਂ ਦਾ ਪਰਿਵਾਰ
ਰੂਹ ਦੀ ਮਿੱਟੀ 'ਚ ਕਿਹੜਾ ਰੰਗ ਬੀਜਾਂ
ਕਿ ਧੁੱਪ ਦੇ ਫੁੱਲ ਖਿੜ ਪੈਣ

ਮੇਰੇ ਪੈਰਾਂ ਹੇਠ
ਅਨੰਤ ਦਿਸ਼ਾਵਾਂ ਦਾ ਕੇਂਦਰ
ਕਿਹੜੀ ਦਿਸ਼ਾ ਦੀ ਸੇਧ ਲਵਾਂ
ਕਿ ਖੁ਼ਦ ਤੋਂ ਪਾਰ ਹੋ ਜਾਵਾਂ
ਕਿਹੜੀ ਕਿਰਨ ਨੂੰ ਅਰਘ ਚੜਾਵਾਂ
ਕਿ ਰਾਖ ਤੋਂ ਅੰਗਿਆਰ ਹੋ ਜਾਵਾਂ.......
------

(ਗੁਰੂਦੇਵ)

ਹਵਾ ਦਾ ਕੋਈ ਵੇਗ ਨਹੀਂ ਹੁੰਦਾ
ਅਰੁੱਕ ਵੇਗ ਹੀ ਸਿਰਨਾਵਾਂ ਉਸਦਾ
ਫੁੱਲ
ਆਪਣੀ ਮਹਿਕ 'ਤੇ ਮਾਣ ਨਹੀਂ ਕਰਦੇ
ਪਾਣੀ ਬੇਖ਼ਬਰ ਆਪਣੀ ਤਰਲਤਾ ਤੋਂ

ਅਣਕਹੇ ਬੋਲ
ਲਫ਼ਜ਼ਾਂ ਦੇ ਤਲਬਗਾਰ ਨਹੀਂ ਹੁੰਦੇ
ਉਡ ਕੇ ਆ ਬਹਿੰਦੇ ਚੁੱਪ ਦੀ ਸਲੇਟ 'ਤੇ

ਕੋਈ ਬੂਹਾ ਨਹੀਂ ਹੁੰਦਾ
ਅੰਧਕਾਰ ਦੇ ਮਹਿਲ ਦਾ
ਛੱਤਾਂ ਪਾੜ ਕੇ ਲੰਘਣਾ ਪੈਂਦਾ
ਜਾਗਦੀਆਂ ਕਿਰਨਾਂ ਨੂੰ

ਮੁਹੱਬਤ ਦੀ ਮਹਿਕ
ਹਵਾ ਦਾ ਮੋਢਾ ਨਹੀਂ ਮੰਗਦੀ
ਕੰਧਾਂ ਦੇ ਅਰਥ ਨਹੀਂ ਜਾਣਦੀ
ਬਸ ਪੁੱਜ ਜਾਂਦੀ
ਇਕ ਸਾਹ ਤੋਂ ਦੂਜੇ ਸਾਹ ਤੱਕ

ਕਿਸੇ ਬਿੰਦੂ ਨਾਲ਼ ਮੋਹ ਪਾਲਣਾ
ਖੜੋਤ ਹੈ ਮੌਤ ਵਰਗੀ
ਦਿਸ਼ਾਵਾਂ ਵੱਲ ਪਿੱਠ ਕਰਨੀ
ਨਿਰੀ ਖ਼ੁਦਕਸ਼ੀ

ਵਿਸ਼ੇਸ਼ਣਾਂ ਤੋਂ ਬੇਪਰਵਾਹ ਸਹਿਜ ਵਿਚਰੀਏ
ਤਾਂ ਹਰ ਹਨੇਰੀ ਗੁਫ਼ਾ 'ਚੋਂ ਪਾਰ ਹੋ ਜਾਈਦਾ
ਸੰਨਾਟੇ ਦਾ ਰਾਗ ਸੁਣ ਲਈਦਾ

ਮੱਥੇ ਵਿਚਲਾ ਭਾਂਬੜ
ਸਹਿਜ ਹੋ ਮਸ਼ਾਲ ਬਣਦਾ
ਤਾਂ ਦਿਸ਼ਾਵਾਂ ਪੈਰਾਂ ਹੇਠ ਵਿਛ ਜਾਂਦੀਆਂ

ਹੇ ਸਖੀ !
ਤੂੰ ਆਪਣੇ ਅੰਦਰਲੇ ਸਚਿਆਰ ਨੂੰ
ਪਰਤੱਖ ਹੋਣ ਤੋਂ ਨਾ ਰੋਕੀਂ........

ਤੇ ਸਿਵਾ ਬੁਝ ਗਿਆ ਸੀ.......... ਕਹਾਣੀ / ਸਿ਼ਵਚਰਨ ਜੱਗੀ ਕੁੱਸਾ

ਹਰਦੀਪ ਨੂੰ ਸ਼ਾਮ ਨੂੰ ਜੰਗਲ-ਪਾਣੀ ਜਾਣ ਦੀ ਆਮ ਆਦਤ ਸੀ। ਜਦ ਉਸ ਨੂੰ ਚਾਰ-ਪੰਜ ਵਜੇ ਮਾੜੀ ਮੋਟੀ ਵਿਹਲ ਮਿਲਦੀ ਤਾਂ ਉਹ ਆਪਣਾ ਸਾਈਕਲ ਚੁੱਕ ਖੇਤਾਂ ਨੂੰ ਤੁਰ ਪੈਂਦਾ। ਭਾਵੇਂ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹਰ ਘਰ ਨੇ ਟੁਆਇਲਟ ਘਰੇ ਹੀ ਪੁਟਵਾ ਲਈ ਸੀ, ਪਰ ਹਰਦੀਪ ਨੇ ਆਪਣਾ 'ਰੁਟੀਨ' ਕਦੇ ਨਾ ਬਦਲਿਆ। ਛੋਟੀ ਉਮਰ ਵਿਚ ਹੀ ਉਸ ਦਾ ਪ੍ਰਮਾਤਮਾਂ 'ਤੇ ਅਥਾਹ ਵਿਸ਼ਵਾਸ ਸੀ। ਹਰ ਇਕ ਦਾ ਭਲਾ ਸੋਚਣ ਵਾਲੇ ਮਨੁੱਖ ਦਾ ਕਿਸੇ ਨੇ ਕੀ ਬੁਰਾ ਕਰਨਾ ਸੀ? ਉਸ ਨੂੰ ਕਦੇ ਡਰ ਨਹੀਂ ਲੱਗਿਆ ਸੀ।

ਜਦ ਉਹ ਸਿਵਿਆਂ ਕੋਲੋਂ ਦੀ ਗੁਜ਼ਰਨ ਲੱਗਿਆ ਤਾਂ ਕਿਸੇ ਦੀ ਚਿਖ਼ਾ 'ਲੱਟ-ਲੱਟ' ਮੱਚ ਰਹੀ ਸੀ। ਚਿਖ਼ਾ ਦੇ ਪਾਸੇ ਅੱਠ-ਦਸ ਬੰਦੇ ਮਸੋਸੇ ਜਿਹੇ ਖੜ੍ਹੇ ਸਨ। ਮਨਹੂਸ ਹਾਲਾਤਾਂ ਵਿਚੋਂ ਗੁਜ਼ਰਦੇ ਪੰਜਾਬ ਦੇ ਹਰ ਪਿੰਡ ਵਿਚ ਕਿਸੇ ਨਾ ਕਿਸੇ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਮੌਤ ਨਾਚ ਕਰਦੀ ਸੀ। ਕਿਸੇ ਦੇ ਪਤੀ ਦਾ ਸਿਵਾ, ਕਿਸੇ ਦੇ ਪੁੱਤ ਦਾ ਸਿਵਾ, ਕਿਸੇ ਦੇ ਭਰਾ ਦਾ ਸਿਵਾ ਅਤੇ ਕਿਸੇ ਮਾਸੂਮ ਬੱਚੇ ਦੇ ਪਿਉ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਕੋਈ 'ਕਰਾਸ-ਫ਼ਾਇਰਿੰਗ' ਵਿਚ ਮਾਰਿਆ ਜਾਂਦਾ, ਕੋਈ 'ਮੁਕਾਬਲੇ' ਵਿਚ ਮਾਰਿਆ ਜਾਂਦਾ ਅਤੇ ਕੋਈ...!
ਲੋਕ ਚੁੱਪ-ਚਾਪ ਚਿਖ਼ਾ 'ਤੇ ਆਖਰੀ ਡੱਕੇ ਸੁੱਟ ਕੇ ਤੁਰ ਜਾਂਦੇ। ਪਰ ਕੋਈ ਪੁੱਛਣ ਅਤੇ ਕਹਿਣ ਦਾ ਸਾਹਸ ਹੀ ਨਾ ਕਰਦਾ। ਕਿਉਂਕਿ ਲੋਕਾਂ ਦੀ ਜ਼ੁਬਾਨ 'ਤੇ ਆਮ ਦੋ ਹੀ ਗੱਲਾਂ ਹੁੰਦੀਆਂ ਸਨ, "ਪੁਲਸ ਨੇ ਕੁੱਟ ਕੇ ਮਾਰਤਾ!" ਜਾਂ "ਮੁਕਾਬਲੇ 'ਚ ਮਾਰਿਆ ਗਿਆ!" ਸੱਚ ਕੀ ਹੁੰਦਾ? ਲੋਕ ਸਭ ਕੁਝ ਪਤਾ ਹੁੰਦੇ ਹੋਏ ਵੀ 'ਚੂੰ' ਨਾ ਕਰਦੇ! ਕਿਹੜਾ ਅੱਗੋਂ ਕੋਈ ਕਾਰਵਾਈ ਹੋਣੀ ਸੀ? ਬੱਸ! ਕਹਿਣ-ਸੁਣਨ ਵਾਲੇ ਦੇ ਹੀ ਪੁੜੇ 'ਸੇਕੇ' ਜਾਂਦੇ ਸਨ!
ਹਰਦੀਪ ਨੇ ਇਕ ਘੋਰ ਉਦਾਸ ਹੋਈ ਬਿਰਧ ਮਾਈ ਨੂੰ ਰੋਕ ਲਿਆ। ਸ਼ਾਇਦ ਉਹ ਚਿਖ਼ਾ ਕੋਲੋਂ ਹੀ ਆ ਰਹੀ ਸੀ।
-"ਇਹ ਕੌਣ ਮਰ ਗਿਆ ਬੇਬੇ?" ਹਰਦੀਪ ਨੇ ਅੰਦਰਲਾ ਸਾਹਸ ਇਕੱਠਾ ਕਰਕੇ ਪੁੱਛਿਆ। ਹਕੀਕਤ ਸੁਣਨ ਲਈ ਆਪਣੇ ਆਪ ਨੂੰ ਤਿਆਰ ਕੀਤਾ।
-"ਪ੍ਰਸਿੰਨੀ ਮਜਬਣ ਮਰਗੀ ਪੁੱਤਾ, ਹਾਏ...!" ਮਾਈ ਇਕ ਤਰ੍ਹਾਂ ਨਾਲ ਫਿ਼ੱਸ ਹੀ ਪਈ। ਉਸ ਦੀਆਂ ਬੁਝੀਆਂ ਅੱਖਾਂ ਚੋਣ ਲੱਗ ਪਈਆਂ।
-"ਹੈਂ...!" ਹਰਦੀਪ ਦਾ ਤਰਾਹ ਨਿਕਲ ਗਿਆ।
-"ਨਪੁੱਤੇ ਰੱਬ ਨੇ ਇਕ ਕੁੜੀ ਕਿਉਂਟਣ ਦਾ ਵੀ ਟੈਮ ਨਾ ਦਿੱਤਾ-ਬੰਦਾ ਚਾਹੁੰਦਾ ਕੀ ਐ-ਹੋ ਕੀ ਜਾਂਦੈ? ਕੀ ਉਸ ਡਾਢੇ ਰੱਬ ਅੱਗੇ ਕੋਈ ਜੋਰ ਐ? ਕਿਹੜੇ ਕਿਸੇ ਨੇ ਖੜ੍ਹਾ ਕੇ ਪੁੱਛਣੈਂ ਜਾਂ ਡਾਂਗ ਮਾਰਨੀ ਐਂ?"
-"..........।" ਹਰਦੀਪ ਦਾ ਅੰਦਰ 'ਝਰਨ-ਝਰਨ' ਕੰਬੀ ਜਾ ਰਿਹਾ ਸੀ। ਉਸ ਦਾ ਸੁਡੌਲ ਸਰੀਰ ਮਿੱਟੀ ਹੋਇਆ ਪਿਆ ਸੀ।
-"ਐਮੇਂ ਬੰਦਾ ਮੇਰੀ-ਮੇਰੀ ਕਰਦਾ ਤੁਰਿਆ ਫਿਰਦਾ ਰਹਿੰਦੈ-ਕਰਦਾ ਤਾਂ ਔਹ ਐ-ਨੀਲੀ ਛੱਤ ਆਲਾ!" ਮਾਈ ਫਿ਼ਸਦੀ, ਅਸਮਾਨ ਵੱਲ ਨੂੰ ਹੱਥ ਜੋੜਦੀ ਤੁਰ ਗਈ।
-"ਨਹੀਂ! ਰੱਬ ਐਡਾ ਨਿਰਦਈ ਨਹੀਂ-ਜਿੱਡੇ ਨਿਰਦਈ ਉਸ ਦੇ ਬੰਦੇ ਐ।" ਹਰਦੀਪ ਦਾ ਮਨ ਬੋਲਿਆ।
-"ਕਹਿੰਦੇ ਐ ਰੱਬ ਇਨਸਾਫ਼ ਕਰਦੈ-ਆਹ ਤੇਰਾ ਇਨਸਾਫ਼ ਐ ਰੱਬਾ? ਜੇ ਵਾਕਿਆ ਈ ਤੇਰਾ ਆਹ ਇਨਸਾਫ਼ ਐ-ਤਾਂ ਜਾਹ, ਮੈਂ ਤੈਨੂੰ ਜਾਂ ਤੇਰੇ ਇਨਸਾਫ਼ ਨੂੰ ਨਹੀਂ ਮੰਨਦਾ!" ਉਸ ਦੀ ਰੂਹ ਅੰਦਰੋ-ਅੰਦਰੀ ਕੱਟੀ-ਵੱਢੀਦੀ ਜਾ ਰਹੀ ਸੀ। ਉਹ ਦਿਮਾਗ ਅਤੇ ਰੱਬ ਨਾਲ ਅੰਦਰੋ-ਅੰਦਰੀ ਬੁਰੀ ਤਰ੍ਹਾਂ ਨਾਲ ਯੁੱਧ ਕਰਦਾ ਚਿਖ਼ਾ ਕੋਲ ਪਹੁੰਚ ਗਿਆ। ਚਿਖ਼ਾ ਆਪਣੇ ਪੂਰੇ ਜੋਬਨ 'ਤੇ ਮੱਚ ਰਹੀ ਸੀ। ਜੀਭਾਂ ਕੱਢਦੀਆਂ ਲਾਟਾਂ ਵਿਚੋਂ ਹਰਦੀਪ ਨੂੰ ਪ੍ਰਸਿੰਨੀ ਮਜਬਣ ਦੀ ਨੁਹਾਰ ਪ੍ਰਤੱਖ ਦਿਸ ਰਹੀ ਸੀ! ਇਕ ਬੜੇ ਹੀ ਦਿਲ ਵਾਲੀ, ਪਰ ਲਾਚਾਰ ਔਰਤ ਦੀ ਨੁਹਾਰ! ਪ੍ਰਸਿੰਨੀ ਦੇ ਬੋਲ ਉਸ ਦੇ ਦਿਲ ਨੂੰ ਕਿਸੇ ਛੁਰੀ ਵਾਂਗ ਪੱਛ ਰਹੇ ਸਨ।
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸ ਆਸਤੇ ਐ? ਜੇ ਮੈਂ ਈ ਤੁਰਗੀ-ਤਾਂ ਇਹਨੂੰ ਬਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
ਉਮਰ ਭਰ ਦੁੱਖਾਂ ਤਕਲੀਫ਼ਾਂ ਨਾਲ ਜੱਦੋਜਹਿਦ ਕਰਨ ਵਾਲਾ ਪ੍ਰਸਿੰਨੀ ਦਾ ਸਰੀਰ ਇਕ ਸੁਆਹ ਦੀ ਢੇਰੀ ਬਣਦਾ ਜਾ ਰਿਹਾ ਸੀ। ਹਰਦੀਪ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸ ਦੀ ਆਤਮਾਂ, ਉਸ ਦੀ ਜ਼ਮੀਰ ਸੁਆਹ ਹੋ ਰਹੀ ਸੀ! ਉਹ ਚਿਖ਼ਾ ਨੂੰ ਧੁਖਦੀ ਛੱਡ, ਸਾਈਕਲ ਲੈ ਕੇ ਰਾਹ 'ਤੇ ਆ ਗਿਆ। ਉਸ ਦੀਆਂ ਅੱਖਾਂ ਵਿਚੋਂ ਹੰਝੂ 'ਪਰਲ-ਪਰਲ' ਚੱਲ ਰਹੇ ਸਨ। ਪ੍ਰਸਿੰਨੀ ਦੀ ਸ਼ਕਲ ਉਸ ਦੇ ਦਿਮਾਗ ਅੰਦਰ ਬੜੀ ਤੇਜ਼ੀ ਨਾਲ ਘੁੰਮ ਰਹੀ ਸੀ। ਉਸ ਨੇ ਸਾਈਕਲ 'ਤੇ ਚੜ੍ਹਨ ਲਈ ਹੰਭਲਾ ਮਾਰਿਆ, ਪਰ ਲੱਤਾਂ ਜਵਾਬ ਦੇ ਗਈਆਂ ਅਤੇ ਉਹ 'ਧੜ੍ਹੰਮ' ਕਰਕੇ ਰਾਹ 'ਤੇ ਹੀ ਡਿੱਗ ਪਿਆ। ਕਾਫ਼ੀ ਚਿਰ ਪਿਆ ਰਿਹਾ। ਫਿਰ ਉਠਣ ਦਾ ਹੌਸਲਾ ਹੀ ਨਾ ਪਿਆ।
ਹਨ੍ਹੇਰਾ ਹੋ ਚੁੱਕਾ ਸੀ।
ਲੋਕ ਖੇਤੋਂ ਘਰਾਂ ਨੂੰ ਪਰਤ ਰਹੇ ਸਨ।
-"ਨੀ ਆਹ ਕੌਣ ਪਿਐ?" ਖੇਤੋਂ ਝੋਨਾਂ ਝਾੜ ਕੇ ਆਉਂਦੀ ਇਕ ਬੁੜ੍ਹੀ ਨੇ ਦੂਜੀ ਨੂੰ ਪੁੱਛਿਆ। ਸਿਰ 'ਤੇ ਉਸ ਦੇ ਪਰਾਲੀ ਦੀ ਭਰੀ ਚੁੱਕੀ ਹੋਈ ਸੀ।
-"ਨ੍ਹੀ ਹੋਊ ਕੋਈ...! ਨਸ਼ੇ ਆਲੀਆਂ ਗੋਲੀਆਂ ਖਾਧੀਆਂ ਲੱਗਦੀਐਂ ਭੁੱਜ ਜਾਣੇ ਦੀਆਂ...!" ਦੂਜੀ ਬੋਲੀ। ਪਹਿਚਾਨਣ ਦੀ ਉਸ ਨੂੰ ਕਿਸੇ ਨੇ ਵੀ ਕੋਸਿ਼ਸ਼ ਨਾ ਕੀਤੀ। ਉਹ ਗੱਲਾਂ ਕਰਦੀਆਂ ਅੱਗੇ ਤੁਰ ਗਈਆਂ। ਹਰਦੀਪ ਨੇ ਸਾਰੀ ਤਾਕਤ ਇਕੱਠੀ ਕੀਤੀ ਅਤੇ ਆਪਣੇ ਨਾਲ ਸਾਈਕਲ ਵੀ ਖੜ੍ਹਾ ਕਰ ਲਿਆ। ਊਧ-ਮਧੂਣਾਂ ਜਿਹਾ ਹੋਇਆ ਉਹ ਪਿੰਡ ਵੱਲ ਨੂੰ ਤੁਰ ਪਿਆ।
ਹਰਦੀਪ ਦਾ ਜਨਮ ਇਕ ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ। ਉਸ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ। ਕਾਲਜ ਦਾ ਖਰਚਾ ਬਾਪੂ ਝੱਲ ਨਹੀਂ ਸਕਦਾ ਸੀ। ਪੜ੍ਹਨਾ ਉਹ ਅੱਗੇ ਵੀ ਚਾਹੁੰਦਾ ਸੀ। ਪਰ ਘਰ ਦੀ ਗਰੀਬੀ ਦੇਖ ਕੇ ਮੁੰਡਾ ਚੁੱਪ ਕਰ ਗਿਆ। ਕਾਲਜ ਜਾਣ ਦੀ ਖਾਹਿਸ਼ ਮੁੰਡੇ ਅੰਦਰ ਹੀ ਦਮ ਤੋੜ ਗਈ। ਸਤਾਰ੍ਹਾਂ ਸਾਲ ਦੀ ਉਮਰ ਵਿਚ ਹਰਦੀਪ ਨੇ ਆਪਣੇ ਮਾਂ-ਬਾਪ ਅੱਗੇ ਕਦੇ ਪੂਰਾ ਮੂੰਹ ਖੋਲ੍ਹ ਕੇ ਵੀ ਗੱਲ ਨਹੀਂ ਸੀ ਕੀਤੀ।
ਹਰਦੀਪ ਦੇ ਬਾਪੂ ਨੇ ਉਸ ਨੂੰ ਨਾਲ ਦੇ ਪਿੰਡ ਇਕ ਡਾਕਟਰ ਕੋਲ ਛੱਡ ਦਿੱਤਾ। ਵਾਹੀ ਵਿਚ ਉਹ ਹਰਦੀਪ ਨੂੰ ਪਾਉਣਾਂ ਨਹੀਂ ਚਾਹੁੰਦਾ ਸੀ। ਨਾਲੇ ਵਾਹੀ ਨੂੰ, ਬਾਪੂ ਕੋਲੇ ਕਿਹੜਾ ਝੱਖੜਆਲੀਏ ਸਰਦਾਰ ਵਾਲੀ ਢੇਰੀ ਸੀ? ਮਾੜੀ-ਮੋਟੀ ਜ਼ਮੀਨ ਸੀ। ਜਿਸ ਨਾਲ ਪੰਜ-ਪਾਂਜੇ ਵੀ ਪੂਰੇ ਨਹੀਂ ਹੁੰਦੇ ਸਨ। ਸਾਰੀ ਉਮਰ ਬਾਪੂ ਮਿੱਟੀ ਨਾਲ ਮਿੱਟੀ ਹੋਇਆ ਰਿਹਾ ਸੀ। ਪਰ ਦੋ ਪੱਕੇ ਖਣ ਨਹੀਂ ਉਸਾਰ ਸਕਿਆ ਸੀ। ਕੰਧਾਂ ਦੇ ਲਿਉੜ ਡਿੱਗਣੋਂ ਨਹੀਂ ਹਟੇ ਸਨ। ਬੇਬੇ ਵਿਚਾਰੀ ਸਾਰੀ ਉਮਰ ਪਿੰਡ ਵਾਲੇ ਛੱਪੜ ਤੋਂ ਮਿੱਟੀ ਢੋਅ-ਢੋਅ ਕੇ ਕੰਧਾਂ ਨੂੰ ਮਜਬੂਤ ਬਣਾਉਣ ਦੀ ਕੋਸਿ਼ਸ਼ ਵਿਚ ਹੀ ਅੱਕਲਕਾਨ ਹੋਈ ਰਹੀ ਸੀ। ਪਰ ਮੀਂਹ-ਕਣੀਂ ਵਿਚ ਉਹਨਾਂ ਦਾ ਜਿਉਣਾਂ ਦੁੱਭਰ ਹੋ ਜਾਂਦਾ।
"ਡਾਕਦਾਰ ਜੀ-ਇਹਨੂੰ ਟੀਕਾ ਟੱਲਾ ਲਾਉਣਾਂ ਸਿਖਾ ਦਿਓ-ਜਦੋਂ ਮਾੜਾ ਮੋਟਾ ਕੰਮ ਸਿੱਖ ਗਿਆ-ਕਿਤੇ ਸਹੁਰੇ ਦੀ ਦੁਕਾਨ ਖੁਲ੍ਹਵਾ ਦਿਆਂਗੇ।" ਬਾਪੂ ਨੇ ਡਾਕਟਰ ਨੂੰ ਆਖਿਆ ਸੀ।
-"ਬੰਤਾ ਸਿਆਂ! ਇਹ ਪਹਿਲੀ ਜਮਾਤ ਦੀ ਪੈਂਤੀ ਨਹੀਂ ਬਈ ਬੰਦਾ ਆਥਣ ਨੂੰ ਸਿੱਖ ਜਾਊ-ਇਸ ਵਿਚ ਕਾਫ਼ੀ ਲਗਨ ਮਿਹਨਤ ਦੀ ਜਰੂਰਤ ਐ-।" ਖ਼ੁਦ ਦਸਵੀਂ ਫ਼ੇਲ੍ਹ ਡਾਕਟਰ ਆਪਣੇ ਆਪ ਨੂੰ ਬੀ ਏ ਪਾਸ ਦੱਸਦਾ ਸੀ। ਕਿਸੇ ਡਾਕਟਰ ਕੋਲ ਸ਼ਹਿਰ ਉਸ ਨੇ ਦੋ ਸਾਲ ਲਾ ਕੇ ਆਪਣੀ ਪ੍ਰੈਕਟਿਸ ਤੋਰ ਲਈ ਸੀ ਅਤੇ ਹੁਣ ਆਪਣੇ ਆਪ ਨੂੰ ਬੀ ਏ ਐੱਮ ਐੱਸ ਡਿਗਰੀ ਪਾਸ ਦਰਸਾਉਂਦਾ ਸੀ!
-"ਚਾਹੇ ਕੁੱਟ ਕੇ ਧੌੜੀ ਲਾਹ ਦਿਓ-ਪਰ ਮੇਰੀ ਮਿੰਨਤ ਐ ਜੀ-ਇਹਨੂੰ ਬੰਦਾ ਬਣਾ ਦਿਓ।" ਬੰਤਾ ਸਿੰਘ ਨੇ ਵਿਆਈਆਂ ਪਾਟੇ ਹੱਥ ਜੋੜੇ।
-"ਕੀ ਨਾਂ ਐਂ ਬਈ ਕਾਕਾ ਤੇਰਾ?"
-"ਜੀ ਹਰਦੀਪ ਸਿੰਘ।"
-"ਕੰਮ ਤਾਂ ਤੈਨੂੰ ਦਿਆਂਗੇ ਸਿਖਾ-ਪਰ ਇਕ ਦੋ ਸਾਲ ਐਥੇ ਲਾਉਣੇ ਪੈਣਗੇ-ਤੇ ਨਾਲੇ ਘਰ ਦਾ ਮਾੜਾ ਮੋਟਾ ਚੱਕਣ-ਧਰਨ ਵੀ ਨਾਲ ਕਰਨਾ ਪਊ।"
-"ਮੈਖਿਆ ਹਜੂਰ ਚਾਹੇ ਗੋਹਾ ਸਿਟਵਾ ਲਿਆ ਕਰਿਓ!" ਬੰਤਾ ਹਰਦੀਪ ਵੱਲੋਂ ਬੋਲਿਆ। ਉਹ ਕਿਸੇ ਸੂਰਤ ਵਿਚ ਵੀ ਪੁੱਤ ਨੂੰ ਵਾਹੀ ਵਿਚ ਅੱਕਲਕਾਨ ਹੋਇਆ ਨਹੀਂ ਦੇਖ ਸਕਦਾ ਸੀ।
-"ਹੋਰ ਸੁਣ! ਰੋਟੀ ਪਾਣੀ ਤੇਰਾ ਐਥੇ-ਪਿੰਡ ਜਾਣ ਲਈ ਪੂਛ ਨਾ ਤੁੜਾਈਂ!" ਡਾਕਟਰ ਨੇ ਰੋਟੀ, ਪਾਣੀ ਅਤੇ ਰਹਾਇਸ਼ ਦਾ ਅਹਿਸਾਨ ਜਤਾ ਕੇ ਕੰਨ ਕੀਤੇ। ਮੁਫ਼ਤੋ-ਮੁਫ਼ਤੀ ਵਿਚ ਮਿਲਿਆ ਦਸਵੀਂ ਪਾਸ ਮੁੰਡਾ ਉਸ ਨੂੰ ਮਾੜਾ ਨਹੀਂ ਸੀ।
-"ਲੈ ਜੀ ਪਿੰਡ ਆ ਕੇ ਇਹਨੇ ਟੋਭਾ ਭਰਨੈਂ? ਉਹੀ ਪਿੰਡ ਐ ਜਿੱਥੇ ਅਸੀਂ ਸਾਰੀ ਉਮਰ ਖਪਦੇ ਮਰਗੇ-ਜੇ ਪਿੰਡ ਦਾ ਨਾਂ ਵੀ ਲਵੇ-ਖੌਂਸੜਾ ਲਾਹ ਲਿਓ-ਮੇਰੇ ਵੱਲੋਂ ਖੁੱਲ੍ਹੀ ਛੁੱਟੀ ਐ।" ਆਖ ਬੰਤਾ ਸਿੰਘ ਤੁਰ ਗਿਆ ਸੀ।
ਬੱਸ! ਉਸ ਦਿਨ ਤੋਂ ਹਰਦੀਪ ਦੀ ਜਿ਼ੰਦਗੀ ਇਸ ਪਿੰਡ ਵਿਚ ਸ਼ੁਰੂ ਹੋ ਗਈ ਸੀ। ਹਰਦੀਪ ਨੂੰ ਡਾਕਟਰ ਦੀ ਰੱਖੀ ਮੱਝ ਵਾਸਤੇ ਪੱਠੇ ਲਿਆਉਣੇ ਪੈਂਦੇ, ਉਗਰਾਹੀ ਕਰਨੀ ਪੈਂਦੀ, ਕਣਕ ਮੱਕੀ ਦੀਆਂ ਬੋਰੀਆਂ ਉਧਾਰ ਵਾਲਿਆਂ ਤੋਂ ਡਾਕਟਰ ਦੇ ਘਰ ਨੂੰ ਢੋਹਣੀਆਂ ਪੈਂਦੀਆਂ। ਖ਼ਾਸ ਕਰਕੇ ਹਰਦੀਪ ਨੂੰ ਡਾਕਟਰ ਦੇ ਨਲੀਚੋਚਲ ਜਿਹੇ ਬੱਚਿਆਂ ਤੋਂ ਬਹੁਤ ਚਿੜ੍ਹ ਸੀ। ਉਸ ਦੇ ਦੁੱਧ ਸੁੱਟਦੇ ਜੁਆਕ ਹਮੇਸ਼ਾ "ਰੀਂ-ਰੀਂ" ਕਰਦੇ ਰਹਿੰਦੇ। ਜਿਹਨਾਂ ਦੀ ਟਹਿਲ ਸੇਵਾ ਸਿਰਫ਼ ਹਰਦੀਪ ਨੂੰ ਹੀ ਕਰਨੀ ਪੈਂਦੀ। ਡਾਕਟਰ ਦੀ ਘਰਵਾਲੀ ਨੂੰ ਤਾਂ ਸੁਰਖੀ-ਬਿੰਦੀ ਹੀ ਵਿਹਲ ਨਹੀਂ ਦਿੰਦੀ ਸੀ। ਪਰ ਹਰਦੀਪ ਬਾਪੂ ਦੀ ਖ਼ਾਹਿਸ਼ ਆਪਣੀ ਜ਼ਮੀਰ ਕੁਚਲ ਕੇ ਵੀ ਪੂਰੀ ਕਰਨੀ ਚਾਹੁੰਦਾ ਸੀ। ਇਕ ਹੋਰ ਕੰਮ ਸਿਖਦੇ ਮੁੰਡੇ "ਨਿੱਕੀ" ਨਾਲ ਉਹ ਕਾਫ਼ੀ ਘੁਲ ਮਿਲ ਗਿਆ ਸੀ। ਜਿ਼ੰਦਗੀ ਦੇ ਰਾਹ ਵਿਚ ਆਉਂਦੇ ਇੱਟਾਂ-ਰੋੜਿਆਂ ਨਾਲ ਜਿਵੇਂ ਹਰਦੀਪ ਨੇ ਇਕ ਤਰ੍ਹਾਂ ਨਾਲ ਸਮਝੌਤਾ ਕਰ ਲਿਆ ਸੀ। ਇੱਟਾਂ ਰੋੜੇ ਜਿ਼ੰਦਗੀ ਦੇ ਰਾਹ ਦਾ ਇਕ ਅੰਗ ਹਨ। ਮੁਸ਼ਕਿਲਾਂ ਨਾਲ ਖਿੜੇ ਮੱਥੇ ਸਾਹਮਣਾ ਕਰਨ ਵਾਲੇ ਹੀ ਮਹਾਨ ਹੋ ਨਿੱਬੜਦੇ ਹਨ। "ਮਰੂੰ-ਮਰੂੰ" ਕਰਨ ਵਾਲੇ ਰਾਹ ਵਿਚ ਹੀ ਮਿੱਟੀ ਬਣ ਜਾਂਦੇ ਹਨ!
ਤਕਰੀਬਨ ਇਕ ਸਾਲ ਹੋ ਗਿਆ ਸੀ ਹਰਦੀਪ ਨੂੰ ਡਾਕਟਰ ਕੋਲ ਆਇਆਂ। ਪਰ ਉਸ ਨੇ ਪਿੰਡ ਜਾਣ ਦਾ ਕਦੀ ਨਾਂ ਤੱਕ ਨਾ ਲਿਆ। ਬੇਬੇ ਅਤੇ ਬਾਪੂ ਉਸ ਨੂੰ ਕਦੀਂ-ਕਦਾਈਂ ਮਿਲ ਜਾਂਦੇ ਸਨ। ਬਾਪੂ ਹਰਦੀਪ ਨੂੰ ਟੀਕੇ ਲਾਉਂਦਾ ਅਤੇ ਮਰੀਜ਼ਾਂ ਦੀ ਮਾੜੀ-ਮੋਟੀ ਚੈੱਕ-ਅੱਪ ਕਰਦਾ ਵੇਖ ਫੁੱਲਿਆ ਨਹੀਂ ਸਮਾਉਂਦਾ ਸੀ। ਹਰਦੀਪ ਦੇ ਗਲ ਵਿਚ ਪਾਇਆ ਸਟੈਥੋਸਕੋਪ ਦੇਖ ਕੇ ਬੇਬੇ ਬਾਪੂ ਨੂੰ ਗੁੱਝਾ-ਗੁੱਝਾ ਆਖਦੀ:
-"ਸੁੱਖ ਨਾਲ ਪੂਰਾ ਡਾਕਦਾਰ ਲੱਗਦੈ!"
-"ਤੂੰ ਜੁਆਕ ਨੂੰ ਨਜ਼ਰ ਨਾ ਲਾਦੀਂ-ਸਾਅਲੀ ਢੇਅਡ!" ਬਾਪੂ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ। ਜਿਸ ਦਿਨ ਬਾਪੂ ਹਰਦੀਪ ਨੂੰ ਮਿਲ ਕੇ ਜਾਂਦਾ ਤਾਂ ਪਿੰਡ ਜਾ ਕੇ ਚਾਰ ਪੈੱਗ 'ਰੂੜੀ-ਮਾਰਕਾ' ਦੇ ਜ਼ਰੂਰ ਚਾਹੜਦਾ ਸੀ। ਖ਼ੁਸ਼ੀ ਉਸ ਦੀਆਂ ਅੱਖਾਂ ਅਤੇ ਕੱਛਾਂ ਵਿਚ ਕੁਤਕੁਤਾੜੀਆਂ ਕਰਦੀ ਰਹਿੰਦੀ।
-"ਸਾਲ ਖੰਡ ਹੋਰ ਐ ਦਲੀਪ ਕੁਰੇ-।" ਉਹ ਪੀਤੀ ਵਿਚ ਘਰੇ ਜਾ ਕੇ ਗੱਲ ਤੋਰ ਲੈਂਦਾ।
-"ਬੱਸ ਆਪਣਾ ਹਰਦੀਪ ਸਿਉਂ ਪੂਰਾ ਡਾਕਦਾਰ ਬਣਜੂਗਾ-ਫੇਰ ਉਹਦੀ ਪਿੰਡ ਈ ਦੁਕਾਨ ਖੁਲ੍ਹਵਾ ਦਿਆਂਗੇ-ਜਦੋਂ ਮੈਂ ਸੱਥ ਵਿਚੋਂ ਦੀ ਲੰਘਿਆ ਕਰੂੰਗਾ-ਲੋਕ ਆਖਿਆ ਕਰਨਗੇ-ਆਹ ਜਾਂਦੈ ਬਈ ਡਾਕਦਾਰ ਹਰਦੀਪ ਸਿੰਘ ਉਪਲ ਦਾ ਪਿਉ-ਫੇਰ ਮੈਂ ਪਿੰਡ 'ਚ ਚੌੜਾ ਹੋ ਕੇ ਤੁਰਿਆ ਕਰੂੰ-ਗਰੀਬ ਗੁਰਬੇ ਨੂੰ ਦੁਆਈ ਸਸਤੀ ਦੁਆਇਆ ਕਰੂੰ-ਅੱਬਲ ਤਾਂ ਮੁਖ਼ਤ!"
ਦਲੀਪ ਕੌਰ ਚੁੱਪ ਚਾਪ ਸੁਣੀਂ ਜਾਂਦੀ।
-"ਦਲੀਪ ਕੁਰੇ! ਅਸੀਂ ਉਹ ਕਿਸਾਨ ਪੁੱਤ ਐਂ-ਜਿਹੜੇ ਫ਼ਸਲ ਬੀਜਣ ਲੱਗੇ 'ਗਰੀਬ ਗੁਰਬੇ ਦੇ ਭਾਗਾਂ ਨੂੰ-ਰਾਹੀ ਪਾਂਧੀ ਦੇ ਭਾਗਾਂ ਨੂੰ' ਆਖ ਕੇ ਬੀਜਣਾ ਸ਼ੁਰੂ ਕਰਦੇ ਐਂ।" ਉਹ ਹਿੱਕ 'ਚ ਧੱਫ਼ੇ ਮਾਰ-ਮਾਰ ਕਹਿੰਦਾ।
ਕਪਾਹਾਂ ਦੀ ਚੁਗਾਈ ਸ਼ੁਰੂ ਹੋਣ 'ਤੇ ਸੀ। ਹਰ ਕੋਈ ਆਪਣਾ ਕਮਰਕੱਸਾ ਕੱਸ ਰਿਹਾ ਸੀ। ਮਜਦੂਰ ਆਪਣੀ ਥਾਂ ਅਤੇ ਕਿਸਾਨ ਆਪਣੀ ਥਾਂ!
-"ਹਰਦੀਪ!" ਡਾਕਟਰ ਨੇ ਹਾਕ ਮਾਰੀ।
-"ਹਾਂ ਜੀ?"
-"ਜਾਹ ਪ੍ਰਸਿੰਨੀ ਦੇ ਟੀਕਾ ਲਾ ਕੇ ਆ!"
ਹਰਦੀਪ ਬੈਗ ਚੁੱਕ ਤੁਰ ਗਿਆ।
ਪ੍ਰਸਿੰਨੀ ਅਲਾਣੀ ਮੰਜੀ 'ਤੇ ਪਈ ਹੁੰਗਾਰ ਮਾਰ ਰਹੀ ਸੀ। ਉਸ ਦਾ ਚਿਹਰਾ ਪੀਲਾ ਜ਼ਰਦ ਹੋਇਆ ਪਿਆ ਸੀ ਅਤੇ ਮੰਜੀ 'ਚ ਪਈ ਉਹ ਹੱਡੀਆਂ ਦੀ ਮੁੱਠ ਹੀ ਤਾਂ ਜਾਪਦੀ ਸੀ! ਉਸ ਦੇ ਸਿਰਹਾਣੇਂ ਉਸ ਦੀ ਧੀ ਅੱਕੀ ਭੁੰਜੇ ਹੀ ਬੈਠੀ ਪਾਣੀ ਪਿਆਉਣ ਦੀ ਕੋਸਿ਼ਸ਼ ਕਰ ਰਹੀ ਸੀ।
-"ਕੀ ਹਾਲ ਐ ਤੁਹਾਡਾ?" ਹਰਦੀਪ ਨੇ ਟੀਕਾ ਲਾਉਣ ਤੋਂ ਬਾਅਦ ਪੁੱਛਿਆ। ਪੀਲੀਏ ਦੀ ਬਿਮਾਰੀ ਪ੍ਰਸਿੰਨੀ ਨੂੰ ਪੂਰੀ ਤਰ੍ਹਾਂ ਜਕੜ ਚੁੱਕੀ ਸੀ। ਪਈ ਪ੍ਰਸਿੰਨੀ ਨੇ 'ਨਾਂਹ' ਵਿਚ ਹੱਥ ਹਿਲਾਇਆ। ਪਰ ਕਮਜ਼ੋਰੀ ਕਾਰਨ ਬੋਲ ਨਾ ਸਕੀ। ਉਸ ਨੇ ਇਸ਼ਾਰੇ ਨਾਲ ਹਰਦੀਪ ਨੂੰ ਕੋਲ ਬੈਠਣ ਲਈ ਮੰਜੀ 'ਤੇ ਹੱਥ ਮਾਰਿਆ।
-"ਹਰਦੀਪ ਸ਼ੇਰਾ! ਡਾਕਦਾਰ ਨੂੰ ਕਹੀਂ-ਕੱਲ੍ਹ ਨੂੰ ਟੀਕਾ ਲਾਉਣ ਮੇਰੇ ਆਪ ਆਵੇ।" ਪ੍ਰਸਿੰਨੀ ਨੇ ਬੜੀ ਔਖ ਨਾਲ ਗੱਲ ਪੂਰੀ ਕੀਤੀ। ਹਰਦੀਪ ਨੇ 'ਹਾਂ' ਵਿਚ ਸਿਰ ਹਿਲਾਇਆ। ਪਰ ਅੰਦਰੋਂ ਉਹ ਉਦਾਸ ਹੋ ਗਿਆ। ਕਿਉਂਕਿ ਡਾਕਟਰ ਨੇ ਪ੍ਰਸਿੰਨੀ ਦੇ ਘਰ ਟੀਕਾ ਲਾਉਣ ਕਦੀ ਆਉਣਾਂ ਹੀ ਨਹੀਂ ਸੀ। ਡਾਕਟਰ ਬੜਾ ਲਾਲਚੀ ਅਤੇ ਬਦ ਬੰਦਾ ਸੀ। ਖਾਂਦੇ-ਪੀਂਦੇ ਘਰੀਂ ਉਹ ਟੀਕਾ ਸਕੂਟਰ 'ਤੇ ਆਪ ਲਾਉਣ ਜਾਂਦਾ। ਪਰ ਗਰੀਬ ਗੁਰਬੇ ਦੇ ਘਰ ਨਿੱਕੀ ਜਾਂ ਹਰਦੀਪ ਨੂੰ ਹੀ ਭੇਜ ਛੱਡਦਾ। ਪ੍ਰੈਕਟਿਸ ਚਲਾਉਣ ਸਮੇਂ ਉਸ ਨੇ ਲੋਕਾਂ ਦੀ ਕਾਫ਼ੀ ਖਾਤਿਰ ਕੀਤੀ ਸੀ। ਪਰ ਹੁਣ ਜਦ ਉਸ ਦੀ ਪ੍ਰੈਕਟਿਸ ਪੂਰੀ ਤਰ੍ਹਾਂ ਚੱਲ ਨਿਕਲੀ ਸੀ ਤਾਂ ਡਾਕਟਰ ਨੇ ਆਪਣੀ ਸੀਮਤ ਅਮੀਰ ਲੋਕਾਂ ਤੱਕ ਹੀ ਕਰ ਲਈ ਸੀ। ਗਰੀਬ ਗੁਰਬੇ ਦੇ ਹਿੱਸੇ ਨਿੱਕੀ ਅਤੇ ਹਰਦੀਪ ਹੀ ਆਉਂਦੇ!
ਅਗਲੇ ਦਿਨ ਪ੍ਰਸਿੰਨੀ ਦੀ ਹਾਲਤ ਬਹੁਤ ਖਰਾਬ ਹੋ ਗਈ। ਵਿਹੜੇ ਦੇ ਕੁਝ ਬੁੜ੍ਹੀਆਂ ਬੰਦੇ ਪ੍ਰਸਿੰਨੀ ਦਾ ਮੰਜਾ ਡਾਕਟਰ ਕੋਲ ਹੀ ਚੁੱਕ ਲਿਆਏ। ਪ੍ਰਸਿੰਨੀ ਮਰੀ ਜਿਹੀ ਅਵਾਜ਼ ਵਿਚ ਡਾਕਟਰ ਅੱਗੇ ਦੁਹਾਈ ਦੇ ਰਹੀ ਸੀ:
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸੇ ਆਸਤੇ ਐ? ਜੇ ਮੈਂ ਈ ਤੁਰ ਗਈ ਤਾਂ ਇਹਨੂੰ ਵਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
-"ਮੈਂ ਇੰਜੈਕਸ਼ਨ ਲਿਖ ਦਿੰਨੈ-ਸ਼ਹਿਰੋਂ ਮੰਗਵਾ ਲਓ-ਘਬਰਾਉਣ ਦੀ ਕੋਈ ਗੱਲ ਨਹੀਂ।" ਡਾਕਟਰ ਨੇ ਚਿੱਟ ਲਿਖ ਦਿੱਤੀ।
ਵਿਹੜੇ ਵਾਲਿਆਂ ਨੇ ਪੈਸੇ ਇਕੱਠੇ ਕਰ ਕੇ, ਸ਼ਹਿਰੋਂ ਟੀਕੇ ਮੰਗਵਾ ਲਏ ਅਤੇ ਡਾਕਟਰ ਸਪੁਰਦ ਕਰ ਦਿੱਤੇ।
-"ਜਿਹੜੇ ਟੀਕੇ ਆਪਾਂ ਪ੍ਰਸਿੰਨੀ ਲਈ ਸ਼ਹਿਰੋਂ ਮੰਗਵਾਏ ਐ-ਉਹ ਆਪਾਂ ਪ੍ਰਸਿੰਨੀ ਦੇ ਨ੍ਹੀ ਲਾਉਣੇ!" ਰਾਤ ਨੂੰ ਰੋਟੀ ਖਾਂਦਾ ਡਾਕਟਰ ਆਖ ਰਿਹਾ ਸੀ।
-"ਹੋਰ ਕੀਹਦੇ ਲਾਉਣੇ ਐਂ ਜੀ?" ਨਿੱਕੀ ਅਤੇ ਹਰਦੀਪ ਇਕੱਠੇ ਹੀ ਬੋਲੇ। ਰੋਟੀ ਉਹਨਾਂ ਦੇ ਹੱਥਾਂ ਵਿਚ ਜਿਵੇਂ ਆਕੜ ਗਈ ਸੀ।
-"ਮੇਲੂ ਬਲੈਕੀਏ ਦੀ ਘਰਵਾਲੀ ਦੇ! ਮੋਟੀ ਸਾਮੀਂ ਐਂ-ਮਜਬਣ ਤੋਂ ਆਪਾਂ ਨੂੰ ਕੀ ਮਿਲੂ?"
-"ਤੇ ਪ੍ਰਸਿੰਨੀ ਦੇ ਕੀ ਲਾਵਾਂਗੇ ਜੀ?" ਹਰਦੀਪ 'ਬਿੱਟ-ਬਿੱਟ' ਡਾਕਟਰ ਦੇ ਜਮਦੂਤ ਮੂੰਹ ਵੱਲ ਤੱਕ ਰਿਹਾ ਸੀ।
-"ਪ੍ਰਸਿੰਨੀ ਦੇ ਲਾਓ ਬੀ-ਟਵੈੱਲਵ...! ਕਾਕਾ ਇਹ ਬਿਜ਼ਨਿਸ ਐ..! ਬੀ-ਟਵੈੱਲਵ ਆਪਾਂ ਨੂੰ ਪੱਚੀ ਪੈਸੇ ਵਿਚ ਪੈਂਦੈ-ਅਤੇ ਜਿਹੜੇ ਟੀਕੇ ਵਿਹੜੇ ਵਾਲਿਆਂ ਨੇ ਸ਼ਹਿਰੋਂ ਮੰਗਵਾਏ ਐ-ਉਹ ਇਕ ਟੀਕਾ ਪੈਂਦੈ ਛੇ ਰੁਪਏ ਦਾ-ਛੇ ਤੋਂ ਬਣਾਉਣੇ ਐਂ ਆਪਾਂ ਸਿੱਧੇ ਚੌਵੀ ਰੁਪਈਏ! ਨਾਲੇ ਇਹਨਾਂ ਮਜ੍ਹਬੀਆਂ ਨੂੰ ਕੀ ਪਤੈ ਬਈ ਕਿਹੜਾ ਟੀਕਾ ਲਾਇਐ? ਬੱਸ ਟੀਕੇ ਦਾ ਰੰਗ ਲਾਲ ਹੋਵੇ-ਦਸ ਦਿਨ ਗਾਈ ਜਾਣਗੇ: ਬੜਾ ਤਾਕਤਵਰ ਟੀਕਾ ਸੀ ਬਈ...!" ਰੋਟੀ ਖਾ ਕੇ ਡਾਕਟਰ ਹੱਥ ਧੋਣ ਚਲਾ ਗਿਆ। ਪਰ ਬੁਰਕੀ ਹਰਦੀਪ ਦੇ ਸੰਘ ਵਿਚ ਫ਼ਸ ਗਈ। ਉਸ ਨੂੰ ਮਹਿਸੂਸ ਹੋਇਆ ਕਿ ਉਹ ਡਾਕਟਰ ਦਾ ਅੰਨ ਨਹੀਂ, ਗਰੀਬ ਪ੍ਰਸਿੰਨੀ ਦਾ ਮਾਸ ਖਾ ਰਿਹਾ ਹੈ! ਉਸ ਨੇ ਬੁਰਕੀ ਉਗਲੱਛ ਦਿੱਤੀ ਅਤੇ ਰਹਿੰਦੀ ਰੋਟੀ ਉਸ ਨੇ ਵੀਹੀ ਵਿਚ ਖੜ੍ਹੇ ਕੁੱਤੇ ਨੂੰ ਪਾ ਦਿੱਤੀ। ਨਾਲ ਬੈਠੇ ਨਿੱਕੀ ਦਾ ਵੀ ਇਹੋ ਹਾਲ ਸੀ!
ਸਾਰੀ ਰਾਤ ਦੋਹਾਂ ਨੂੰ ਹੀ ਨੀਂਦ ਨਾ ਪਈ। ਉਹਨਾਂ ਨੇ ਇਕ-ਦੂਜੇ ਨਾਲ ਜ਼ੁਬਾਨ ਵੀ ਸਾਂਝੀ ਨਾ ਕੀਤੀ। ਪਰ ਬਰਾਬਰ ਉਹਨਾਂ ਦੇ ਦਿਮਾਗਾਂ ਅੰਦਰ ਸੋਚਾਂ ਦੀ ਘੋੜ-ਦੌੜ ਜਾਰੀ ਸੀ। ਮੇਲੂ ਬਲੈਕੀਏ ਦੀ ਪਤਨੀ ਪ੍ਰਤੀ ਡਾਕਟਰ ਇਤਨਾ ਫਿ਼ਕਰਮੰਦ ਸੀ ਅਤੇ ਪ੍ਰਸਿੰਨੀ ਗਰੀਬਣੀ ਪ੍ਰਤੀ ਇਤਨਾ ਬੇਕਿਰਕ? ਮੇਲੂ ਬਲੈਕੀਆ, ਕਿਉਂਕਿ ਮੋਟੀ ਅਸਾਮੀ ਸੀ ਅਤੇ ਪ੍ਰਸਿੰਨੀ ਅਰਥਾਤ ਇਕ ਮਾਂ, ਜੋ ਸਿਰਫ਼ ਆਪਦੀ ਧੀ ਦੇ ਵਿਆਹ ਤੱਕ ਹੀ ਜਿ਼ੰਦਾ ਰਹਿਣ ਦੀ ਤਮੰਨਾਂ ਰੱਖਦੀ ਸੀ! ਮੇਲੂ ਬਲੈਕੀਏ ਕੋਲ ਤਾਂ ਬੇਅੰਤ ਪੈਸਾ ਸੀ, ਲੋੜ ਪੈਣ 'ਤੇ ਉਹ ਆਪਣੀ ਪਤਨੀ ਦਾ ਇਲਾਜ਼ ਕਿਸੇ ਚੰਗੇ ਹਸਪਤਾਲ ਵਿਚ ਵੀ ਕਰਵਾ ਸਕਦਾ ਸੀ। ਦੋ ਨੰਬਰ ਦਾ ਬਣਾਇਆ ਪੈਸਾ ਉਹ ਬੜੀ ਬੇਕਿਰਕੀ ਨਾਲ ਵਰਤਦਾ ਨਹੀਂ, ਸਗੋਂ ਉਡਾਉਂਦਾ ਸੀ! ਹਜ਼ਾਰ-ਹਜ਼ਾਰ ਰੁਪਏ ਦੀ ਤਾਂ ਸ਼ਰਾਬ ਹੀ ਉਹ ਪੁਲੀਸ ਨੂੰ ਪਿਆ ਦਿੰਦਾ ਸੀ। ਪਰ ਵਿਚਾਰੀ ਪ੍ਰਸਿੰਨੀ...? ਜੋ ਸਾਰੀ ਦਿਹਾੜੀ ਮਜ਼ਦੂਰੀ ਕਰਦੀ ਸੀ ਅਤੇ ਸ਼ਾਮ ਨੂੰ ਉਸੀ ਮਜ਼ਦੂਰੀ ਦਾ ਆਟਾ ਲੈ ਕੇ ਆਪਣਾ ਅਤੇ ਆਪਣੀ ਧੀ ਦਾ ਪੇਟ ਪਾਲਦੀ ਸੀ! ਵਿਹੜੇ ਵਾਲਿਆਂ ਨੇ ਗਰੀਬ ਹੋਣ ਦੇ ਬਾਵਜੂਦ ਵੀ ਪੈਸੇ ਇਕੱਠੇ ਕੀਤੇ, ਸਿਰਫ਼ ਪ੍ਰਸਿੰਨੀ ਦੇ ਇਲਾਜ਼ ਵਾਸਤੇ! ਸਿਰਫ਼ ਪ੍ਰਸਿੰਨੀ ਦੀ ਆਖਰੀ ਇੱਛਾ ਪੂਰੀ ਕਰਨ ਵਾਸਤੇ! ਉਸ ਦੀ ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਜਾਂ ਰੱਖਣ ਵਾਸਤੇ! ਤੇ ਇਹੇ ਜਮਦੂਤ ਕਹਿ ਰਿਹਾ ਹੈ ਕਿ ਉਸ ਦੇ ਟੀਕੇ, ਉਸ ਦੇ ਹੀ ਨਹੀਂ ਲਾਉਣੇ? ਇਹ ਕਿਧਰਲਾ ਇਨਸਾਫ਼ ਹੈ? ਆਦਮੀ ਜਾਤਾਂ ਨਾਲ ਉਚਾ-ਨੀਵਾਂ ਨਹੀਂ ਹੁੰਦਾ। ਆਪਣੇ ਕਰਮ-ਕਾਰਜ ਕਰਕੇ ਊਚ-ਨੀਚ ਹੁੰਦਾ ਹੈ! ਫਿਰ ਨੀਚ ਡਾਕਟਰ ਹੋਇਆ ਜਾਂ ਵਿਹੜੇ ਵਾਲੇ? ਡਾਕਟਰ ਤਾਂ ਆਦਮਖੋਰ ਹੈ! ਡਾਕਟਰ ਦਾ ਪਹਿਲਾ ਫ਼ਰਜ਼ ਹੈ ਮਰੀਜ਼ ਦੀ ਜਿ਼ੰਦਗੀ ਬਚਾਉਣਾ, ਤੇ ਇਹੇ ਬੁੱਚੜ ਕਿਸੇ ਗਰੀਬਣੀ ਦੀ ਜਿ਼ੰਦਗੀ ਦੀ ਤੁਲਨਾ ਸਿਰਫ਼ ਕੁਝ ਪੈਸਿਆਂ ਨਾਲ ਕਰ ਰਿਹਾ ਹੈ...?
ਨਿੱਕੀ ਅਤੇ ਹਰਦੀਪ ਜਿਵੇਂ ਪਏ ਸਨ, ਉਵੇਂ ਹੀ ਮੂੰਹ ਹਨ੍ਹੇਰੇ ਹੀ ਉਠ ਖੜ੍ਹੇ ਹੋਏ। ਮੂੰਹ ਹੱਥ ਧੋ ਕੇ ਬਗੈਰ ਚਾਹ ਪੀਤਿਆਂ ਹੀ ਉਹ ਜੰਗਲ-ਪਾਣੀ ਹੋ ਤੁਰੇ। ਤੁਰਦੇ-ਤੁਰਦੇ ਉਹ ਪ੍ਰਸਿੰਨੀ ਦੇ ਸਿਵੇ 'ਤੇ ਪਹੁੰਚ ਗਏ। ਸਿਵਾ ਬੁਝ ਗਿਆ ਸੀ...! ਉਹਨਾਂ ਦੇ ਮਨ ਭਰ ਕੇ ਉਛਲ ਗਏ। ਉਹ ਚੁੱਪ-ਚਾਪ, ਖ਼ਾਮੋਸ਼ ਰੋਂਦੇ ਰਹੇ। ਉਹਨਾਂ ਦੇ ਹੰਝੂ ਪ੍ਰਸਿੰਨੀ ਦੇ ਸਿਵੇ ਦੀ ਸੁਆਹ 'ਤੇ 'ਤਰਿੱਪ-ਤਰਿੱਪ' ਵਰ੍ਹਦੇ ਰਹੇ।
-"ਨਿੱਕੀ-ਦੱਸ ਐਨਾਂ ਕੁਛ ਕਿੱਥੇ ਭਰਾਂਗੇ...?"
-"ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ।"
-"ਮੈਂ ਨਹੀਂ ਡਾਕਟਰੀ ਸਿੱਖਣੀ।"
-"ਮੈਂ ਤਾਂ ਆਪ ਨਹੀਂ ਸਿੱਖਣੀ।" ਅਤੇ ਉਹ ਆਪਣੇ-ਆਪਣੇ ਪਿੰਡਾਂ ਨੂੰ ਚੁੱਪ-ਚਾਪ ਹੋ ਤੁਰੇ। ਡਾਕਟਰ ਦੇ ਪਿੰਡ ਨੂੰ ਹਮੇਸ਼ਾ-ਹਮੇਸ਼ਾ ਲਈ "ਅਲਵਿਦਾ" ਆਖ ਕੇ! ਨਿੱਕੀ ਅਤੇ ਹਰਦੀਪ ਦੇ ਅਰਮਾਨਾਂ ਦਾ ਸਿਵਾ ਬੁਝ ਗਿਆ ਸੀ। "ਗਰੀਬ ਗੁਰਬੇ ਦੇ ਭਾਗਾਂ ਨੂੰ - ਰਾਹੀ ਪਾਂਧੀ ਦੇ ਭਾਗਾਂ ਨੂੰ" ਆਖ ਕੇ ਬੀਜ ਪਾਉਣ ਵਾਲੇ ਬਾਪੂ ਦੇ ਸੁਪਨੇ ਦਾ ਸਿਵਾ ਬੁਝ ਗਿਆ ਸੀ। ਪ੍ਰਸਿੰਨੀ ਦਾ ਸਿਵਾ ਬੁਝ ਗਿਆ ਸੀ। ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਦੀ ਆਖਰੀ ਖ਼ਾਹਿਸ਼ ਮਨ ਵਿਚ ਰੱਖਣ ਵਾਲੀ ਮਾਂ ਦਾ ਸਿਵਾ ਬੁਝ ਗਿਆ ਸੀ। ---ਤੇ ਸਿਵਾ ਬੁਝ ਗਿਆ ਸੀ? ਬੱਸ! ਸਿਵਾ ਬੁਝ ਗਿਆ ਸੀ...!
-"ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ।। ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।। ਜਿਸਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ।।" ਦੂਰੋਂ ਕਿਸੇ ਗੁਰਦੁਆਰੇ ਦੇ ਸਪੀਕਰ ਵਿਚੋਂ ਅਵਾਜ਼ ਆ ਰਹੀ ਸੀ।

ਮੋਮ ਦੇ ਖੰਭ……… ਕਹਾਣੀ / ਮੇਜਰ ਮਾਂਗਟ

ਮੇਰਾ ਨਾਂ ਸੁਰਿੰਦਰਜੀਤ ਕੌਰ ਹੈ।ਸਾਰੇ ਮੈਨੂੰ ਸ਼ਿੰਦੀ ਕਹਿੰਦੇ ਨੇ।ਮੈਂ ਸੀ ਆਪਣੇ ਮਾਂ ਬਾਪ ਦੀ ਲਾਡਲੀ ਸ਼ਿੰਦੀ।ਕਈ ਵਾਰ ਮੇਰੇ ਪਾਪਾ ਆਖਦੇ, “ਇਹ ਕੁੜੀ ਨਹੀਂ ਮੇਰਾ ਮੁੰਡਾ ਹੈ ਇਹ ਤਾਂ...।ਇਹਦੀ ਲਿਆਕਤ ਦੱਸਦੀ ਆ ਬਈ ਬਹੁਤ ਉੱਚੀ ਉਡਾਣ ਭਰੇਗੀ”।
ਇਹ ਗੱਲ ਤਾਂ ਕਈ ਵਾਰੀ ਹੱਥ ਦੇਖਣ ਆਏ ਪਾਂਡੇ ਵੀ ਕਹਿ ਦਿੰਦੇ, “ਜ਼ਜ਼ਮਾਨ ਬੇਟੀ ਦੀਆਂ ਰੇਖਾਵਾਂ ਦੱਸਦੀਆਂ ਨੇ ਕਿਸਮਤ ਦੀ ਬੜੀ ਬਲੀ ਆ,ਬਾਹਰਲੇ ਮੁਲਕ ਦਾ ਯੋਗ ਬਣਦੈ...।ਆਹ ਵੇਖ ਧਨ ਦੀ ਕੋਠੀ।ਸਮਝੋ ਫੁਰਰ ਹੋਈ...।ਸਰਦਾਰ ਜੀ ਫੰਗ ਬਣੇਗੀ,ਥੋਡੇ ਲਈ ਇਹ ਕਿਸਮਤ ਵਾਲੀ ਕੰਨਿਆ।ਕਨੇਡਾ ਅਮਰੀਕਾ ਦਾ ਧਨ ਲਿਖਿਐ।ਤੁਸੀਂ ਵੀ ਉੱਡ ਜਾਵੋਂਗੇ।ਜ਼ਜ਼ਮਾਨ ਬੱਸ ਪਰੋਹਿਤ ਨੂੰ ਖੁਸ਼ ਕਰ ਦਿਉ...”।
ਪਾਪਾ ਵਿਅੰਗ ਨਾਲ ਕਹਿੰਦੇ “ਪੰਡਿਤਾ ਟਿੱਚਰਾਂ ਤਾਂ ਨੀ ਕਰਦਾ।ਪਰਸੂ ਰਾਮਾ ਜੇ ਤੇਰੀ ਜ਼ਬਾਨ ਸੱਚੀ ਹੋ ਜੇ ਮੂੰਹ ਮੰਗਿਆ ਦਾਨ ਦਊਂ।ਹੁਣ ਆ ਲੈ ਫੜ ਦਸਾਂ ਦਾ ਨੋਟ।ਜੇ ਕੁੱਝ ਹੋਰ ਖਾਣਾ ਪੀਣਾ ਤਾਂ ਦੱਸ”।
ਪੰਡਿਤ ਪਰਸੂ ਰਾਮ ਜੋ ਦੋ ਦਹਾਕਿਆਂ ਤੋਂ ਸਾਡੇ ਪਰਿਵਾਰ ਨਾਲ ਸਾਂਝ ਰੱਖਦਾ ਸੀ ਪਾਪਾ ਨੂੰ ਅਸੀਸਾਂ ਦਿੰਦਾ ਤੁਰ ਜਾਂਦਾ।
ਉਦੋਂ ਮੈਂ ਬੀ ਕਾਮ ਪਹਿਲਾ ਦੀ ਵਿਦਿਆਰਥਣ ਸੀ।ਐਮ ਬੀ ਏ ਕਰਨ ਦਾ ਨਿਸ਼ਾਨਾ ਸੀ।ਪਾਪਾ ਕਹਿੰਦੇ ਸੀ ਜਿੰਨੀ ਮਰਜੀ ਪੜ੍ਹ ਖਰਚਾ ਮੈਂ ਆਪੇ ਕਰਾਂਗਾ।ਮੇਰੇ ਪਾਪਾ ਮਿਲਟਰੀ ਚੋਂ ਕੈਪਟਨ ਰਿਟਾਇਰ ਹੋਏ ਸਨ।ਪਹਿਲੀ ਔਲਾਦ ਹੋਣ ਕਾਰਨ ਮੰਮੀ ਪਾਪਾ ਮੈਨੂੰ ਬਹੁਤ ਪਿਆਰ ਕਰਦੇ।ਮੇਰੇ ਤੋਂ ਬਾਅਦ ਭਾਂਵੇਂ ਮੇਰਾ ਛੋਟਾ ਭਰਾ ਵੀ ਹੋਇਆ,ਪਰ ਮੇਰੇ ਪਿਆਰ ਨੂੰ ਕੋਈ ਫਰਕ ਨਾਂ ਪਿਆ।ਮੈਂ ਜੋ ਗੱਲ ਮੂੰਹੋਂ ਕੱਢਦੀ ਪੂਰੀ ਹੁੰਦੀ।ਕਦੇ ਕਦੇ ਮੰਮੀ ਆਖਦੀ “ਤੁਸੀਂ ਸਿਰ ਚੜ੍ਹਾ ਲੈਣੀ ਆਂ...।ਉਨਾਂ ਮੁੰਡੇ ਦਾ ਨੀ ਕਰਦੇ ਜਿੰਨਾ ਏਹਦਾ ਕਰਦੇ ਓਂ...”
ਪਾਪਾ ਕਹਿੰਦੇ “ਬਈ ਇਹ ਕੈਪਟਨ ਪ੍ਰਿਤਪਾਲ ਸਿੰਘ ਦੀ ਪਲੇਠੀ ਧੀ ਆ।ਇਹਦਾ ਸਥਾਨ ਹੋਰ ਕੋਈ ਨਹੀਂ ਲੈ ਸਕਦਾ”
ਪਾਪਾ ਜੀ ਉਨੀਂ ਤਿੰਨ ਭਰਾ ਸਨ।ਇੱਕ ਖੇਤੀ ਕਰਦਾ ਦੂਜਾ ਪਟਵਾਰੀ ਤੇ ਤੀਜੇ ਮੇਰੇ ਪਾਪਾ ਮਿਲਟਰੀ ਮੈਨ।ਦੂਜੇ ਭਰਾ ਪਤਾ ਨਹੀਂ ਕਿਸ ਗੱਲੋਂ ਪਾਪਾ ਨਾਲ ਖਾਰ ਖਾਂਦੇ ਸਨ।ਕਈ ਵਾਰ ਤਾਂ ਸਾਨੂੰ ਸੁਣਾ ਕੇ ਵੀ ਆਖ ਦਿੰਦੇ ਕਿ “ਫੌਜੀ ਤਾਂ ਅੱਧੇ ਕਮਲ਼ੇ ਹੁੰਦੇ ਆ।ਦੇਖ ਏਹਨੇ ਕੁੜੀ ਕਿਵੇਂ ਸਿਰ ਚੜਾਈ ਆ।ਪਿੰਡ ‘ਚ ਵੀ ਪੈਂਟ ਸ਼ਰਟ ਪਾ ਕੇ ਸਕੂਟਰ ਭਜਾਈਂ ਫਿਰੂ।ਕੁੜੀਆਂ ਵਾਲੇ ਕਿਤੇ ਲੱਛਣ ਨੇ ਏਹਦੇ...।ਜਦੋਂ ਕੋਈ ਨਵਾਂ ਚੰਦ ਚਾੜ ਤਾ ਫੇਰ ਪਤਾ ਲੱਗੂ”
ਪਿੰਡ ਦੀਆਂ ਕਈ ਔਰਤਾਂ ਮੇਰੀ ਮਾਂ ਨੂੰ ਆਖਦੀਆਂ “ਕੁੜੇ ਫੌਜਣੇ ਏਹਨੂੰ ਅਕਲ ਦਿਆ ਕਰ ਬਈ ਇਉਂ ਫਿਰਦੀਆਂ ਕੁੜੀਆਂ ਕੱਤਰੀਆਂ ਚੰਗੀਆਂ ਨੀ ਲੱਗਦੀਆਂ ਕੱਲ ਨੂੰ ਬਗਾਨੇ ਘਰ ਜਾਣੈ...”
ਪਰ ਪਾਪਾ ਦੀ ਕਮਿਸਟਰੀ ਕਿਸੇ ਨਾਲ ਨਾ ਰਲ਼ਦੀ।ਉਹ ਕਹਿੰਦੇ “ਸਕੂਟਰ ਕੀ ਗੱਲ ਆ ਮੈਂ ਤਾਂ ਕੁੜੀ ਨੂੰ ਪਾਇਲਟ ਬਣੌਣੈ ਲੋਕਾਂ ਦਾ ਕੀ ਢਿੱਡ ਦੁਖਦੈ”।
ਲੋਕ ਤੇ ਰਿਸ਼ਤੇਦਾਰ ਚਾਹੁੰਦੇ ਸਨ ਮੈਂ ਜਲਦੀ ਵਿਆਹੀ ਜਾਵਾ।ਤਾਂ ਕਿ ਮੈਨੂ ਵੇਖ ਪਿੰਡ ਦੀਆਂ ਹੋਰ ਕੁੜੀਆਂ ਨਾ ਰੀਸ ਕਰਨ।ਬੁੱਢੀਆਂ ਆਖਦੀਆਂ “ਭਾਈ ਏਹਦੇ ਹੱਥ ਪੀਲ਼ੇ ਕਰ ਕੇ ਸੁਰਖਰੂ ਹੋਵੋ।ਜੁੰਮੇਵਾਰੀ ਮੁੱਕੇ ਏਨੀ ਪੜ੍ਹ ਕੇ ਕਿਤੇ ਏਹਨੇ ਲਫਟੈਣ ਲੱਗਣੈ ਕੱਲ ਕਲਾ ਨੂੰ ਸੌ ਕੋਈ ਗੱਲ ਹੋ ਜੇ...”
ਇਹ ਆਲੇ ਦੁਆਲੇ ਦਾ ਦਬਾ ਹੀ ਸੀ ਕਿ ਪਾਪਾ ਨੇ ਮੇਰੇ ਲਈ ਮੁੰਡੇ ਦੇਖਣੇ ਸ਼ੁਰੂ ਕਰ ਦਿੱਤੇ।ਚੰਗੀਆਂ ਨੌਕਰੀਆਂ ਵਾਲੇ ਤੇ ਚੰਗੀਆਂ ਜ਼ਮੀਨਾਂ ਵਾਲੇ।ਜ਼ਮੀਨਾਂ ਵਾਲੇ ਪਾਪਾ ਨੂੰ ਖਿਆਲਾਂ ਪੱਖੋਂ ਚੰਗੇ ਨਾਂ ਲੱਗਦੇ ਤੇ ਨੌਕਰੀਆਂ ਵਾਲੇ ਦਾਜ ਦੀ ਲਿਸਟ ਸੁਣਾ ਦਿੰਦੇ।ਪਾਪਾ ਉਨ੍ਹਾਂ ਨੂੰ ਘਟੀਆ ਦੁਸ਼ਮਣ ਵਾਂਗ ਤਿਆਗ ਕੇ ਆ ਜਾਂਦੇ।ਮੰਮੀ ਕਹਿੰਦੀ ਇਸ ਤਰ੍ਹਾਂ ਤਾਂ ਥੋਡੇ ਕੁੱਝ ਵੀ ਫਿੱਟ ਨੀ ਔਣਾ,ਬੱਸ ਆਪਣੀ ਹੀ ਲੈਫਟ ਰੈਟ ਲੈਫਟ ਰੈਟ ਕਰਦੇ ਰਿਹੋ।ਉੱਤੋਂ ਕੁੜੀ ਦੀ ਉਮਰ ਲੰਘਦੀ ਜਾਂਦੀ ਆ”
ਪਰ ਪਾਪਾ ਚਾਹੁੰਦੇ ਸਨ ਕਿ ਮੇਰਾ ਬਾਹਰ ਜਾਣ ਦਾ ਕੋਈ ਜੁਗਾੜ ਬਣ ਜਾਵੇ।ਪਾਂਡੇ ਦੀ ਕਹੀ ਗੱਲ ਉਨ੍ਹਾਂ ਦੇ ਦਿਲ ਵਿੱਚ ਬੈਠੀ ਸੀ।ਉਹ ਹਮੇਸ਼ਾਂ ਕਹਿੰਦੇ “ਜੇ ਸ਼ਿੰਦੀ ਲਈ ਕੋਈ ਬਾਹਰਲਾ ਮੁੰਡਾ ਮਿਲ ਜਾਵੇ”
ਮੰਮੀ ਵੀ ਅੱਕ ਕੇ ਆਖ ਦਿੰਦੇ ਕਿ “ਚੱਲ ਕਰ ਲੋ ਫੇ ਟਰਾਈ ਨਾਲ ਮੁੰਡੇ ਦਾ ਵੀ ਕੁੱਝ ਬਣ ਜਾਵੇਗਾ”।
ਪਾਪਾ ਹਸ ਕੇ ਆਖਦੇ “ਕੱਲਾ ਮੁੰਡੇ ਦਾ ਕਿਉਂ ਆਪਣਾ ਵੀ ਬਾਹਰ ਜਾਣ ਦਾ ਸਪਨਾ ਪੂਰਾ ਹੋ ਜਾਵੇਗਾ।ਫੇਰ ਤਾਂ ਤੂੰ ਵੀ ਫੌਜਣ ਤੋਂ ਕਨੇਡਾ ਵਾਲੀ ਬਣ ਜਾਵੇਂਗੀ”
ਸਾਡੇ ਸਮਾਜ ਵਿੱਚ ਕਨੇਡਾ ਵਾਲੀ ਫੀਤੀ ਹਰ ਕੋਈ ਲਗਵਾਉਣੀ ਚਾਹੁੰਦੈ।ਤੇ ਫੇਰ ਇੱਕ ਦਿਨ ਕਨੇਡਾ ਵਾਲਾ ਰਿਸ਼ਤਾ ਵੀ ਮਿਲ ਗਿਆ।
ਗੱਲ ਯਾਦ ਕਰਕੇ ਫੇਰ ਮੇਰੇ ਜਿਸਮ ਵਿੱਚ ਸੀਤ ਲਹਿਰ ਚੱਲ ਪਈ।ਮੇਰਾ ਜਿਸਮ ਕੰਬਣ ਲੱਗ ਪਿਆ ਏ।ਅਕਸਰ ਇਵੇਂ ਹੁੰਦਾ ਹੈ ਜਦੋਂ ਮੈਂ ਕਿਸੇ ਨੂੰ ਇਹ ਗੱਲ ਦੱਸਦੀ ਹਾਂ।ਮੇਰੇ ਘਰ ਵਿੱਚ ਤਾਂ ਮੇਰੀ ਗੱਲ ਸੁਣਨ ਵਾਲਾ ਵੀ ਕੋਈ ਨਹੀਂ।ਮੈਂ ਬੱਸ ਬਿਨਾਂ ਖੰਭਾਂ ਵਾਲੀ ਚਿੜੀ ਹਾਂ।ਅੱਜ ਮੇਰਾ ਜੀ ਕਾਰਦਾ ਹੈ ਧਾਹਾਂ ਮਾਰ ਕੇ ਰੋਵਾਂ।ਮੇਰੇ ਪਾਪਾ ਵੀ ਹਮੇਸ਼ਾਂ ਮੈਨੂੰ ਪਿਆਰ ਨਾਲ ਆਖਦੇ ਸਨ ‘ਇਹ ਤਾਂ ਮੇਰੀ ਚਿੜੀ ਹੈ ਚਿੜੀ’।
ਉਂਝ ਮੇਰੇ ਪਾਸ ਸਭ ਕੁੱਝ ਹੈ।ਇੱਕ ਮਿਲੀਅਨ ਡਾਲਰ ਦਾ ਘਰ।ਡਰਾਈਵੇਅ ਵਿੱਚ ਬੀ ਐੱਮ ਡਬਲਿਯੂ ਕਾਰ ਅਤੇ ਮਰਸੈਡੀ ਦਾ ਐੱਸ ਯੂ ਵੀ।ਇਹ ਸ਼ਹਿਰ ਦਾ ਪੌਸ਼ ਏਰੀਆ ਹੈ।ਮੇਰੇ ਹਸਬੈਂਡ ਚਾਰਟਿਡ ਅਕਾਊਂਟੈਟ ਨੇ।ਬਹੁਤ ਵੱਡੀਆਂ ਕੰਪਨੀਆਂ ਦੇ ਅਕਾਊਂਟ ਰੱਖਦੇ ਨੇ।ਕਦੀ ਅਮਰੀਕਾ ਤੇ ਕਦੀ ਕਨੇਡਾ ਦੇ ਦੂਸਰੇ ਸ਼ਹਿਰ ਟਰੈਵਲ ਕਰਦੇ ਰਹਿੰਦੇ ਨੇ।ਬੱਸ ਮੈਂ ਹੀ ਪਿੰਜਰੇ ਪਿਆ ਪੰਛੀ ਹਾਂ।
ਮੇਰਾ ਐੱਮ ਬੀ ਏ ਕਰਨ ਦਾ ਸੁਪਨਾ ਤਾਂ ਵਿਚਕਾਰ ਹੀ ਟੁੱਟ ਗਿਆ ਸੀ।ਹੁਣ ਮੇਰੇ ਹੱਸਬੈਂਡ ਮੇਰੇ ਤੋਂ ਜੌਬ ਵੀ ਕੋਈ ਨਹੀਂ ਕਰਵਾਉਣਾ ਚਾਹੁੰਦੇ।ਕਹਿੰਦੇ ਘਰ ਰਹਿ ਕੇ ਹੀ ਮੇਰੀ ਮੱਦਦ ਕਰਿਆ ਕਰ।ਪਰ ਮੱਦਦ ਤਾਂ ਮੈਂ ਤਾਂ ਕਰਾਂ ਜੇ ਉਹ ਘਰ ਰਹਿਣ।
ਵਿਆਹ ਤੋਂ ਬਾਅਦ ਸਾਡੇ ਇੱਕ ਹੀ ਬੱਚਾ ਹੋਇਆ।ਮੇਰੀ ਧੀ ਰੱਮੀ ਜੋ ਅਠਾਰਾਂ ਵਰਿਆਂ ਦੀ ਹੈ ਤੇ ਅੱਜ ਕੱਲ ਬੋਸਟਨ ਯੂਨੀਵਰਸਿਟੀ ਵਿੱਚ ਮੈਡੀਕਲ ਸਾਇੰਸ ਦੀ ਡਿਗਰੀ ਕਰਦੀ ਹੈ।ਦੋ ਤਿੰਨ ਮਹੀਨੇ ਬਾਅਦ ਘਰ ਆਂਉਦੀ ਏ।ਉਦੋਂ ਮੇਰਾ ਚਾਅ ਨਹੀਂ ਚੁੱਕਿਆ ਜਾਂਦਾ।ਘਰ ਆ ਕੇ ਵੀ ਉਹ ਟੈਲੀਵੀਯਨ,ਕੰਮਪਿਊਟਰ ਜਾਂ ਫੋਨ ਤੇ ਬਿਜ਼ੀ ਰਹਿੰਦੀ ਏ।ਮੇਰੇ ਨਾਲ ਗੱਲਾਂ ਭਾਵੇਂ ਘੱਟ ਕਰਦੀ ਆ ਪਰ ਉਸ ਨੂੰ ਮੇਰੀਆਂ ਬਣਾਈਆਂ ਮੇਥਿਆਂ ਵਾਲੀਆਂ ਰੋਟੀਆਂ ਦਹੀਂ ਨਾਲ ਬਹੁਤ ਪਸੰਦ ਨੇ।ਉਹ ਆਉਣ ਸਾਰ ਕਹੂ “ਮਾਂ ਦਹੀਂ ਨਾਲ ਗਰੀਨ ਰੋਟੀ ਬਣਾ ਦੇ”।ਉਸ ਨੂੰ ਤਾਂ ਫਰੈਂਡਾ ਦੇ ਫੋਨ ਵੀ ਬਹੁਤ ਆਂਉਦੇ ਨੇ।
ਮੇਰੀ ਧੀ ਜਦੋਂ ਸਾਗ ਮੱਕੀ ਦੀ ਰੋਟੀ,ਰਾਜ ਮਾਂਹ ਚੌਲ਼,ਛੋਲੇ ਪੂਰੀਆਂ ਅਤੇ ਚਿਕਨ ਕਰੀ ਬਣਾਉਣ ਲਈ ਆਖਦੀ ਏ ਤਾਂ ਮੈਨੂੰ ਚਾਅ ਚੜ ਜਾਂਦਾ ਏ।ਪਰ ਫੇਰ ਇਹ ਸੋਚ ਕੇ ਮੈਂ ਬਹੁਤ ਉਦਾਸ ਹੋ ਜਾਂਦੀ ਕਿ ਮੇਰੇ ਜਿਸਮ ਨਾਲ ਲੱਗਾ ਇਹ ਖੰਭ ਵੀ ਇੱਕ ਦਿਨ ਟੁੱਟ ਜਾਣਾ ਹੈ।
ਤੁਸੀਂ ਇਹ ਤਾਂ ਮੈਨੂੰ ਪੁੱਛਿਆ ਹੀ ਨਹੀਂ ਕਿ ਤੂੰ ਕਨੇਡਾ ਕਿਵੇਂ ਆਈ ਸੀ?ਤੇ ਤੇਰੇ ਮੰਮੀ ਪਾਪਾ ਹੁਣ ਕਿੱਥੇ ਨੇ?ਲਉਂ ਮੈਂ ਆਪੇ ਹੀ ਦੱਸ ਦਿੰਦੀ ਹਾਂ।ਮੈਨੂੰ ਰਤਾ ਅੱਥਰੂ ਪੂੰਝ ਲੈਣ ਦਿਉ।ਫੇਰ ਦੌੜ ਪਏ ਮੇਰੇ ਸਿਰ ‘ਚ ਖਿਆਲਾਂ ਦੇ ਘੋੜੇ।ਇਨ੍ਹਾਂ ਨੇ ਹੀ ਮੈਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਮਰੀਜ਼ ਬਣਾ ਛੱਡਿਆ ਹੈ।ਡਾਕਟਰ ਕਹਿੰਦਾ ਹੈ,ਮਨ ਨਾਲ ਗੱਲਾਂ ਕਰਨੀਆਂ ਛੱਡ ਦੇ।ਕਾਲਪਨਿਕ ਸਰੋਤਿਆਂ ਨੂੰ ਆਪਣੀਆਂ ਕਹਾਣੀਆਂ ਸੁਣਾਉਣੀਆਂ ਛੱਡ ਕੇ ਖੁਸ਼ ਰਿਹਾ ਕਰ।ਪਰ ਹੋਰ ਮੈਂ ਕਰਾਂ ਵੀ ਕੀ?ਮੇਰੀ ਗੱਲ ਸੁਣਨ ਵਾਲਾ ਹੋਰ ਕਿਹੜਾ ਹੈ?
ਮੇਰੇ ਮੰਮੀ ਪਾਪਾ ਮੇਰੇ ਦਿਲ ਵਿੱਚ ਰਹਿੰਦੇ ਨੇ।ਤੇ ਮੇਰਾ ਭਰਾ ਕਮਲ ਏਸੇ ਸ਼ਹਿਰ ਵਿੱਚ।ਮੈਨੂੰ ਕਦੀ ਨਹੀਂ ਮਿਲਦਾ।ਕਹਿੰਦਾ ਮੈਂ ਉਸਦੀ ਮਨਹੂਸ ਭੈਣ ਹਾਂ।ਉਸ ਦੀ ਘਰ ਵਾਲੀ ਨੂੰ ਤਾਂ ਮੈਂ ਬਿਲਕੁੱਲ ਚੰਗੀ ਨਹੀਂ ਲੱਗਦੀ।ਮੈਨੂੰ ਦੇਖ ਕੇ ਉਨ੍ਹਾਂ ਦੇ ਮੱਥੇ ਤੇ ਵੱਟ ਪੈ ਜਾਂਦੇ ਨੇ।ਮੈਂ ਉਨਾਂ ਦੇ ਘਰ ਜਾਣਾ ਹੀ ਛੱਡ ਤਾ।ਮੇਰੇ ਉਹ ਖੰਭ ਵੀ ਟੁੱਟ ਗਏ।ਮਨਹੂਸ ਜੋ ਹੋਈ।ਖੰਭਾਂ ਹੀਣ ਚਿੜੀ।
ਮੇਰੇ ਹਸਬੈਂਡ ਬਲਵਿੰਦਰ ਸਿੰਘ ਸਹੋਤਾ ਜੋ ਆਪਣੇ ਆਪ ਨੂੰ ਬੌਬ ਸਹੋਟਾ ਕਹਾ ਕੇ ਖੁਸ਼ ਹੁੰਦਾ ਹੈ।ਮੇਰੇ ਨਾਲ ਕਦੀ ਨਹੀਂ ਲੜਿਆ ਅਤੇ ਨਾਂ ਹੀ ਕਿਸੇ ਗੱਲ ਤੋਂ ਮੈਨੂੰ ਰੋਕਿਆ ਏ।ਮੈਂ ਤਾਂ ਚਾਹੁੰਦੀ ਹਾਂ ਉਹ ਮੇਰੇ ਨਾਲ ਲੜੇ ਮੈਨੂੰ ਕਿਸੇ ਗੱਲੋਂ ਰੋਕੇ ਤਾਂ ਮੈਨੂੰ ਵੀ ਲੱਗੇ ਕਿ ਮੈਂ ਉਸਦੀ ਪਤਨੀ ਹਾਂ।ਪਰ ਉਹ ਲੜਨ ਰੋਕਣ ਤਾਂ,ਤਾਂਹੀ ਜੇ ਕਦੀ ਘਰ ਰਹਿਣ।ਜੀਵਨ ਬੇ ਰਸ ਹੈ,ਫਿੱਕਾ ਫਿੱਕਾ।ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਹ ਤਾਕਤਵਰ ਮਜ਼ਬੂਤ ਪਤੀ ਦੀ ਪਤਨੀ ਹੋਵੇ।ਪਰ ਇਹ ਹਰ ਗੱਲ ‘ਚ ਕਮਜੋਰ ਤੇ ਲੋੜ ਤੋਂ ਵੱਧ ਸਾਊ ਆ।ਕਦੀ ਕਦੀ ਏਨੀ ਸ਼ਰਾਫਤ ਤੋਂ ਵੀ ਖਿਝ ਚੜ ਜਾਂਦੀ ਆ...।
ਕਦੀ ਵੀ ਕੰਪਨੀ ਨੂੰ ਕਿਸੇ ਗੱਲੋਂ ਜਵਾਬ ਨਹੀਂ ਦਿੰਦਾ।ਜਿੱਥੇ ਤੋਰ ਦਿੰਦੇ ਨੇ ਤੁਰ ਜਾਂਦਾ ਏ।ਬੰਦੇ ਦੀ ਕੋਈ ਆਪਣੀ ਲਾਈਫ ਵੀ ਤਾਂ ਹੁੰਦੀ ਆ।ਦਰਅਸਲ ਏਹੋ ਜਿਹੇ ਬੰਦੇ ਤਾਂ ਕੰਪਨੀਆਂ ਨੂੰ ਵਿਆਹੇ ਹੋਏ ਹੁੰਦੇ ਨੇ।ਜੇ ਦੋ ਤਿੰਨ ਬੱਚੇ ਹੀ ਹੁੰਦੇ ਤਾਂ ਵੀ ਮੈਨੂੰ ਕੰਪਨੀ ਮਿਲ ਜਾਂਦੀ।ਇਹ ਤਾਂ ਪਹਿਲੇ ਬੱਚੇ ਤੋਂ ਬਾਅਦ ਹੀ ਕਹਿਣ ਲੱਗ ਪਏ, “ਸਿੰਡੀ ਨੋ ਮੋਰ ਬੇਬੀ ਦੈਟਸ ਇਟ।ਟੇਕ ਕੇਅਰ ਕਰਨੀ ਮੁਸ਼ਕਲ ਹੋਵੇਗੀ।ਮੈਂ ਕਿਹੜਾ ਘਰ ਰਹਿਣੈ”।
ਪਰ ਏਦਾਂ ਦੇ ਪਿਉ ਦੇ ਘਰ ਨਿਆਣਿਆਂ ਨੇ ਕਰਨਾ ਵੀ ਕੀ ਸੀ,ਜਿਹਦੇ ਕੋਲ ਨਿਆਣਿਆਂ ਲਈ ਵਕਤ ਹੀ ਨਹੀਂ ਸੀ ਹੋਣਾ।
ਕਲਕੂਲੇਟਰ ਕੰਮਪਿਊਟਰ ਹੀ ਇਹਦੇ ਬੱਚੇ ਨੇ।ਲੈਬ ਟੌਪ ਨੂੰ ਇਸਨੇ ਸਾਰੀ ਉਮਰ ਗੋਦ ‘ਚ ਖਿਡਾਇਆ।ਹੋਟਲ ਹੀ ਇਸਦਾ ਘਰ ਨੇ।ਤੇ ਕਲਾਇੰਟ ਆਪਣੀ ਤੀਵੀਂ ਤੋਂ ਵੀ ਵੱਧ।ਹੋਰ ਕੋਈ ਰਿਸ਼ਤਾ ਰਹੇ ਜਾਂ ਨਾਂ ਰਹੇ ਪਰ ਕਲਾਇੰਟ ਨਾਲ ਰਿਸ਼ਤੇ ਨਹੀਂ ਟੁੱਟਣੇ ਚਾਹੀਦੇ।ਮੈਨੂੰ ਲੱਗਦੈ ਹੈ ਜਿਵੇਂ ਮੈਂ ਕਿਸੇ ਮਸ਼ੀਨ ਨਾਲ ਵਿਆਹੀ ਹੋਵਾਂ।
ਮੇਰਾ ਤਾਂ ਕੀ ਫਿਕਰ ਕਰਨਾ ਸੀ ਆਪਣੀ ਸਿਹਤ ਦਾ ਵੀ ਫਿਕਰ ਨੀ ਕਰਦੇ।ਡਾਕਟਰਾਂ ਕਹਿ ਦਿੱਤਾ ਹੈ ਕਿ ਕਰਿਸਟਰੋਲ ਬਹੁਤ ਹਾਈ ਹੈ।ਸ਼ੂਗਰ ਤੇ ਬਲੱਡ ਪ੍ਰੈਸ਼ਰ ਵੀ ਹੋ ਗਏ ਨੇ।ਵਕਤ ਸਿਰ ਖਾਣਾ ਨਾ ਖਾਣ ਕਰਕੇ ਫੂਡ ਪਾਈਪ ਵਿੱਚ ਪ੍ਰੌਬਲਮ ਹੈ।
ਨਜ਼ਰ ਘੱਟ ਰਹੀ ਹੈ,ਸਿਹਤ ਡਿੱਗ ਰਹੀ ਹੈ।ਏਦਾਂ ਤਾਂ ਹਰਟ ਅਟੈਕ ਵੀ ਹੋ ਸਕਦਾ ਹੈ।ਕੀ ਕਰਨੀ ਹੈ ਏਨੀ ਮਾਇਆ?ਕਿੱਥੇ ਲੈਕੇ ਜਾਣਾ ਹੈ ਇਹ ਮਹਿਲ ਵਰਗਾ ਘਰ?ਇਹ ਮਹਿੰਗੀਆਂ ਕਾਰਾਂ ਇੱਕ ਦਿਨ ਖੜੀਆਂ ਹੀ ਰਹਿ ਜਾਣਗੀਆਂ।ਤੇ ਸਾਹਾਂ ਦਾ ਭੌਰ ਫੁਰਰ ਹੋ ਜਾਵੇਗਾ।ਜਦੋਂ ਮੈਂ ਲੜਦੀ ਹਾਂ ਤਾਂ ਉਲਟ ਮੈਨੂੰ ਹੀ ਆਖਦੈ ਕਿ ਤੂੰ ਡੀਪਰੈਸ਼ਨ ਦੀ ਸ਼ਿਕਾਰ ਏਂ।ਮੇਰੀ ਗੱਲ ਸੁਣਨ ਲਈ ਉਸ ਕੋਲ ਵਕਤ ਹੀ ਨਹੀਂ,ਤਾਂ ਹੀ ਤਾਂ ਤੁਹਾਨੂੰ ਸੁਣਾ ਰਹੀ ਹਾਂ।
ਅੱਜ ਮੈਨੂੰ ਮੰਮੀ ਪਾਪਾ ਦੀ ਬਹੁਤ ਯਾਦ ਆ ਰਹੀ ਆ।ਕਾਸ਼ ਅਪਣੀ ਖੰਭ ਹੀਣ ਚਿੜੀ ਨੂੰ ਪਲੋਸ ਸਕਦੇ।ਪਰ ਮੇਰੇ ਮਨਹੂਸ ਦੇ ਕਰਮਾਂ ‘ਚ ਹੁਣ ਇਹ ਕਿੱਥੇ...।ਮੇਰੀ ਵਜਾ ਕਰਕੇ ਹੀ ਤਾਂ ਸਭ ਵਾਪਰਿਆ ਸੀ।ਲਉ ਹੁਣ ਤੁਹਾਨੂੰ ਇਹ ਘਟਨਾਂ ਵੀ ਦੱਸਣੀ ਹੀ ਪੈਣੀ ਆ।
ਪਾਪਾ ਨੂੰ ਅਖਬਾਰ ‘ਚੋਂ ਮੇਰੇ ਲਈ ਕਨੇਡਾ ਵਾਲਾ ਮੁੰਡਾ ਆਖਰ ਮਿਲ ਹੀ ਗਿਆ ਸੀ।ਏਹ ਹੀ ਜੋ ਅੱਜ ੱਕਲ ਮੇਰੇ ਹਸਬੈਂਡ ਨੇ।ਇਹ ਛੋਟੀ ਉਮਰੇ ਕਨੇਡਾ ਆ ਗਏ ਸਨ ਪਰ ਰਿਸ਼ਤਾ ਇੰਡੀਆਂ ‘ਚੋਂ ਲੱਭਣਾ ਚਾਹੁੰਦੇ ਸੀ।ਇਨ੍ਹਾਂ ਵਿਆਹ ਲਈ ਐਡ ਦਿੱਤੀ ਜਿਸ ਤੇ ਆਪਣੀ ਅਕਾਊਟਿੰਗ ਦੀ ਡਿਗਰੀ ਵੀ ਲਿਖੀ ਹੋਈ ਸੀ।ਪਾਪਾ ਨੇ ਕਿਹਾ ‘ਬਾਹਰਲਾ ਮੁੰਡਾ ਹੈ ਤੇਰੇ ਟੇਸਟ ਦਾ ਟ੍ਰਾਈ ਕਰਕੇ ਵੇਖ ਲੈਂਦਾ ਹਾਂ’।
ਫੇਰ ਮੇਰੀ ਫੋਟੋ ਦੇ ਨਾਲ ਮੇਰੀ ਐਜ਼ੂਕੇਸ਼ਨ ਮੇਰਾ ਟੇਸਟ ਲਿਖ ਕੇ ਪਾਰਸਲ ਭੇਜ ਦਿੱਤਾ ਗਿਆ।ਤੇ ਅਗਲੇ ਹਫਤੇ ਜਨਾਬ ਕਾਰ ਲੈ ਕੇ ਪਿੰਡ ਆ ਪਹੁੰਚੇ।ਇਨਾਂ ਦੀ ਇੱਕ ਮਾਸੀ ਤੇ ਚਾਚੇ ਦਾ ਪੁੱਤ ਵੀ ਨਾਲ ਸਨ।ਮਿਲਣ ਸਾਰ ਇਨਾਂ ਕਿਹਾ “ਐਹੋ ਜਿਹੀ ਕੁੜੀ ਤਾਂ ਮੈਂ ਭਾਲਦਾ ਸੀ।ਐਮ ਬੀ ਏ ਵੀ ਕਰਵਾ ਦਵਾਂਗਾ।ਮੈਨੂੰ ਸਾਰਾ ਕੁੱਝ ਬਹੁਤ ਪਸੰਦ ਆ”।
ਪਾਪਾ ਨੂੰ ਉਸ ਦਾ ਝੱਟ ਰੋਟੀਆਂ ਪਟੱਕ ਦਾਲ ਵਾਲਾ ਅੰਦਾਜ਼ ਬਹੁਤ ਪਸੰਦ ਆਇਆ ਤੇ ਵਿਆਹ ਦੀ ਗੱਲ ਪੱਕੀ ਹੋ ਗਈ।ਬਗੈਰ ਕਿਸੇ ਵਿਚੋਲੇ ਦੇ।ਪੰਦਰਾਂ ਦਿਨਾਂ ਦਾ ਵਿਆਹ ਰੱਖ ਦਿੱਤਾ ਗਿਆ।ਇਨ੍ਹਾਂ ਦੀ ਛੁੱਟੀ ਬੜੀ ਥੋੜੀ ਸੀ।ਇਹ ਪੰਦਰਾਂ ਦਿਨ ਪਾਪਾ ਲਈ ਬੜੇ ਮਹੱਤਵ ਪੂਰਨ ਦਿਨ ਸਨ।ਧੀ ਨੂੰ ਬਾਹਰ ਭੇਜਣ ਦਾ ਸੁਪਨਾ ਪੂਰਾ ਕਰਨ ਲਈ ਉਹ ਜਿਵੇਂ ਕੋਈ ਯੁੱਧ ਲੜ ਰਹੇ ਹੋਣ।
ਏਨੇ ਥੋੜੇ ਦਿਨਾਂ ਵਿੱਚ ਵਿਆਹ ਦੀ ਤਿਆਰੀ ਕਰਨੀ ਕਿਹੜਾ ਸੌਖੀ ਹੁੰਦੀ ਹੈ।ਬੰਨੇ ਹੋਏ ਦਿਨ ਦੌੜ ਰਹੇ ਸਨ ਉਧਰ ਗੱਡੀਆਂ ਰੇੜਿਆਂ ਟਰੈਕਟਰਾਂ ਟਰਾਲੀਆਂ ਤੇ ਸਮਾਨ ਢੋਇਆ ਜਾ ਰਿਹਾ ਸੀ।ਪਾਪਾ ਦਾ ਸਕੂਟਰ ਸ਼ਹਿਰ ਤੋਂ ਘਰ ਤੇ ਘਰੋਂ ਸ਼ਹਿਰ ਵਲ ਸ਼ੂਕਦਾ ਦੌੜ ਰਿਹਾ ਸੀ।ਲੋਕ ਵੇਖ ਰਹੇ ਸਨ।ਪਾਪਾ ਜਿਵੇਂ ਮੈਦਾਨੇ ਜੰਗ ਵਿੱਚ ਜੂਝ ਰਹੇ ਹੋਣ।ਉਦੋਂ ਅਜੇ ਪੈਰਿਜ ਪੈਲਿਸਾਂ ਵਾਲੇ ਵਿਆਹਾਂ ਦਾ ਰਿਵਾਜ਼ ਨਹੀਂ ਸੀ।ਘਰਾਂ ਦੇ ਵਿਹੜਿਆਂ ਵਿੱਚ ਹੀ ਸ਼ਾਦੀਆਂ ਨੇਪਰੇ ਚੜਦੀਆਂ।
ਬੱਸ ਰੰਗ ‘ਚ ਭੰਗ ਪੈ ਗਿਆ ਸੀ।ਮੇਰੇ ਪਾਪਾ ਜੂਝਦੇ ਜੂਝਦੇ ਜਾਨ ਕੁਰਬਾਨ ਕਰ ਗਏ ਆਪਣੀ ਸੋਨ ਚਿੜੀ ਲਈ।ਲਉ ਫੇਰ ਮੇਰੇ ਲੂੰ ਕੰਡੇ ਖੜੇ ਹੋ ਗਏ।
ਵਿਆਹ ਵਿੱਚ ਸਿਰਫ ਦੋ ਦਿਨ ਬਾਕੀ ਸਨ।ਮੰਮੀ ਪਾਪਾ ਨੇ ਉਸ ਦਿਨ ਵਰੀ ਦੇ ਸੂਟ ਤੇ ਸੁਨਿਆਰੇ ਦਿਉਂ ਗਹਿਣੇ ਗੱਟੇ ਲੈਣੇ ਸਨ।ਉਹ ਸਾਡੇ ਪਿੰਡ ਤੋਂ ਅਜੇ ਸ਼ਹਿਰ ਜਾਣ ਲਈ ਜੀ ਟੀ ਰੋਡ ਤੇ ਚੜੇ ਹੀ ਸਨ ਕਿ ਇੱਕ ਦੂਜੇ ਪਾਸਿਉਂ ਤੇਜ ਰਫਤਾਰ ਆਉਂਦੀ ਗੱਡੀ ਨੇ ਇੱਕ ਬੱਸ ਨੂੰ ਬਚਾਉਣ ਲਈ ਅਜਿਹਾ ਕੱਟ ਮਾਰਿਆ ਕਿ ਉਹ ਗੱਡੀ ਬੇਕਾਬੂ ਹੋਕੇ ਪਾਪਾ ਦੇ ਸਕੂਟਰ ਤੇ ਆ ਚੜੀ।ਮੰਮੀ ਪਾਪਾ ਉੱਥੇ ਹੀ ਢੇਰ ਹੋ ਗਏ।ਥਾਂ ਤੇ ਹੀ ਦੋਹਾਂ ਦੀ ਮੌਤ ਹੋ ਗਈ।ਸਾਰੇ ਪਿੰਡ ਵਿੱਚ ਕਹਿਰ ਵਰਤ ਗਿਆ ਸੀ।ਸਾਰੇ ਇਲਾਕੇ ਵਿੱਚ ਕੈਪਟਨ ਪ੍ਰਿਤਪਾਲ ਤੇ ਉਸਦੀ ਪਤਨੀ ਦੀ ਮੌਤ ਦਾ ਮਾਤਮ ਛਾ ਗਿਆ।ਉਸ ਦਿਨ ਕਿਸੇ ਘਰ ਰੋਟੀ ਨਹੀਂ ਸੀ ਪੱਕੀ।ਮੈਂ ਤਾਂ ਸੁਣਨ ਸਾਰ ਬੇਹੋਸ਼ ਹੋ ਗਈ ਸਾਂ।ਜੋ ਵੀ ਸੁਣਦਾ ਆਖਦਾ ‘ਰੱਬਾ ਅਜਿਹਾ ਭਾਣਾ ਕਿਸੇ ਨਾਲ ਨਾਂ ਵਰਤਾਈਂ।ਲੋਕ ਕੰਨਾਂ ਨੂੰ ਹੱਥ ਲਾ ਵਾਹਿਗੁਰੂ ਵਾਹਿਗੁਰੂ ਕਰਦੇ।
ਔਰਤਾਂ ਨੇ ਮੈਨੂੰ ਮਾੜੇ ਕਰਮਾਂ ਵਾਲੀ ਕਿਹਾ।ਤੇ ਚਾਚੀਆਂ ਤਾਈਆਂ ਨੇ ਮਨਹੂਸ।ਕਿਵੇਂ ਭੁੱਲ ਸਕਦੀ ਹਾਂ ਮੈਂ ਉਹ ਦਿਨ,ਜਦੋਂ ਮੇਰੇ ਵਿਆਹ ਤੋਂ ਪਹਿਲਾਂ ਘਰੋਂ ਦੋ ਅਰਥੀਆਂ ਨਿੱਕਲੀਆਂ।ਜਦੋਂ ਮੇਰੇ ਡੈਡੀ ਮੰਮੀ ਨੂੰ ਉਹ ਹੀ ਕੱਪੜੇ ਪੁਆਏ ਗਏ ਸਨ ਜੋ ਉਨ੍ਹਾਂ ਮੇਰੇ ਵਿਆਹ ਤੇ ਪਾਉਣੇ ਸਨ।ਉਨ੍ਹਾਂ ਦਾ ਚਾਅ ਨਾਲ ਸਵਾਇਆ ਕੋਟ ਪੈਂਟ ਉਨ੍ਹਾਂ ਦੀ ਚਿਤਾ ਵਿੱਚ ਰੱਖਿਆ ਗਿਆ ਸੀ।ਇਸ ਕਹਿਰ ਨੇ ਮੈਨੂੰ ਕਮਲ਼ੀ ਕਰ ਦਿੱਤਾ।ਇਹ ਕਿਹੋ ਜਿਹਾ ਆਨੰਦ ਕਾਰਜ ਸੀ ਜਦੋਂ ਮੇਰੀ ਰੂਹ ਜ਼ਿਬਾ ਹੋਈ ਸੀ।
ਉਦੋਂ ਬਲਵਿੰਦਰ ਨੇ ਬੜਾ ਸਿਦਕ ਦਿਖਾਇਆ ਸੀ।ਉਸ ਨੇ ਕਿਹਾ “ਵਿਆਹ ਤਾਂ ਮੈਂ ਏਸੇ ਕੁੜੀ ਨਾਲ ਕਰਾਂਗਾ ਭਾਵੇਂ ਕੁੱਝ ਦਿਨ ਲੇਟ ਪਿਆ ਹੋ ਜਾਵੇ”।
ਹਾਲਾਂਕਿ ਇਨ੍ਹਾਂ ਦਾ ਪਰਿਵਾਰ ਕਹਿ ਰਿਹਾ ਸੀ ‘ਰਿਸ਼ਤਾ ਛੱਡ ਦੇ ਕੁੜੀ ਮਨਹੂਸ ਆ’।ਮੇਰੇ ਰਿਸ਼ਤੇਦਾਰ ਕਹਿ ਰਹੇ ਸਨ ‘ਵਿਆਹ ਜਰੂਰ ਕਰਵਾ ਤੇਰੇ ਮਾਂ ਪਿਉ ਦੀ ਇੱਛਾ ਸੀ ਕਿ ਕੁੜੀ ਕਨੇਡਾ ਜਾਵੇ’।
ਬਲਵਿੰਦਰ ਵੀ ਵਿਆਹ ਲਈ ਅੜਿਆ ਰਿਹਾ ਤੇ ਬਜੁਰਗ ਔਰਤਾਂ ਨੇ ਮੈਨੂੰ ਵੀ ਮਨਾ ਲਿਆਂ ਕਿ “ਧੀਏ ਮਰਨ ਵਾਲਿਆਂ ਨਾਲ ਤਾਂ ਮਰਿਆ ਨੀ ਜਾਂਦਾ ਤਕੜੀ ਹੋ।ਤੁਰ ਗਿਆਂ ਦੀ ਰੂਹ ਨੂੰ ਸ਼ਾਂਤੀ ਮਿਲੂ”।ਕਈ ਮੈਨੂੰ ਮੇਰੇ ਛੋਟੇ ਭਰਾ ਦੀ ਜ਼ਿੰਦਗੀ ਦਾ ਵਾਸਤਾ ਦੇ ਰਹੇ ਸਨ।
ਫੇਰ ਇੱਕ ਦਿਨ ਮੈਨੂੰ ਬੇਜਾਨ ਸਰੀਰ ਨੂੰ ਅਨੰਦਾਂ ਤੇ ਬਿਠਾ ਤਾ।ਲਾਲ ਸੂਟ ਪਾਉਣ ਨਾਲ ਕਿਤੇ ਹਫਤਾ ਪਹਿਲੇਾਂ ਲੱਗੇ ਜ਼ਖਮ ਭਰ ਜਾਣੇ ਸੀ।ਮੈਂ ਰੋਂਦੀ ਕੁਰਲਾਂਦੀ ਰਹੀ।ਡੋਲੀ ਚੜਦੀ ਦੀਆਂ ਧਾਹਾਂ ਅੰਬਰ ਪਾੜ ਦੇਣ ਵਾਲ਼ੀਆਂ ਸਨ।ਮੇਰੇ ਵਿਦਾ ਹੋਣ ਵੇਲੇ ਮੈਨੂੰ ਮਾਂ ਪਿਉ ਦੇ ਹੱਥ ਨਸੀਬ ਨਾ ਹੋਏ।
ਬਲਵਿੰਦਰ ਨਾਲ ਪਹਿਲੀ ਮਿਲਣੀ ਵੀ ਕੁੱਝ ਏਸੇ ਤਰ੍ਹਾਂ ਦੀ ਹੀ ਸੀ।ਜਿਵੇਂ ਕੋਈ ਪੱਥਰ ਨੂੰ ਛੂਹ ਰਿਹਾ ਹੋਵੇ।ਭਾਵਨਾਵਾਂ ਜਦੋਂ ਮਰ ਜਾਣ ਫੇਰ ਕਾਹਦੀ ਖੁਸ਼ੀ ਤੇ ਕਾਹਦੇ ਚਾਅ।ਮੈਂ ਕਈ ਸਾਲ ਇਸ ਪ੍ਰਭਾਵ ‘ਚੋਂ ਨਾ ਨਿੱਕਲ ਸਕੀ।ਜਦੋਂ ਕੁੱਝ ਨਿੱਕਲੀ ਵੀ ਤਾਂ ਇਹ ਬਹੁਤ ਦੂਰ ਚਲੇ ਗਏ।ਹੁਣ ਮੈਂ ਬਲਾਉਂਦੀ ਹਾਂ ਤਾਂ ਇਨ੍ਹਾ ਕੋਲ ਸਮਾਂ ਨਹੀਂ।ਮੈਂ ਜਿੰਦਾ ਲਾਸ਼ ਬਣ ਕੇ ਰਹਿ ਗਈ ਹਾਂ।ਸਾਡੇ ਪਤੀ ਪਤਨੀ ਦੇ ਢੀਚੂੰ ਢੀਚੂੰ ਕਰਦੇ ਸਬੰਧਾਂ ਦੀ ਹੀ ਨਿਸ਼ਾਨੀ ਹੈ ਮੇਰੀ ਬੇਟੀ ਰੱਮੀ।ਹੁਣ ਤਾਂ ਇਹ ਜ਼ਿੰਦਗੀ ਜਿਵੇਂ ਬੋਝ ਬਣ ਗਈ ਆ।
ਪਹਿਲਾਂ ਪਹਿਲ ਤਾਂ ਮੈਂ ਆਪਣੀ ਧੀ ਨਾਲ ਪਰਚੀ ਰਹੀ ਤੇ ਸੋਚਿਆਂ ਸ਼ਾਇਦ ਇਹ ਵੱਡੀ ਹੋਕੇ ਇਹ ਮੇਰੇ ਖੰਭ ਬਣੇਗੀ।ਪਰ ਏਨਾਂ ਮੁਲਕਾਂ ਵਿੱਚ ਤਾਂ ਬੱਚਿਆਂ ਦੇ ਖੰਭ ਨਿੱਕਲਣ ਦੀ ਦੇਰ ਹੁੰਦੀ ਆ ਕਿ ਉਹ ਉੱਡ ਜਾਂਦੇ ਨੇ।ਤਾਂ ਹੀ ਤਾਂ ਫੇਰ ਗੋਰੇ ਕਾਲ਼ੇ ਆਪਣੇ ਅਧੂਰੇ ਰਹਿ ਗਏ ਚਾਵਾਂ ਨੂੰ ਪੂਰਾ ਕਰਨ ਲਈ ਕੁੱਤੇ ਬਿੱਲੀਆਂ ਪਾਲ਼ ਲੈਂਦੇ ਨੇ।ਉਨ੍ਹਾਂ ਨੂੰ ਹੀ ਸੰਵਾਰਦੇ ਦੁਲਾਰਦੇ ਤੇ ਪੁਚਕਾਰਦੇ ਰਹਿੰਦੇ ਨੇ।ਕਾਰ ਦੀ ਅਗਲੀ ਸੀਟ ਤੇ ਬਰਾਬਰ ਬਿਠਾਉਣਗੇ,ਉਨ੍ਹਾਂ ਦੇ ਜਨਮ ਦਿਨ ਮਨਾਉਣਗੇ।ਮੈਂ ਤਾਂ ਉਹ ਵੀ ਨਹੀਂ ਕਰ ਸਕਦੀ।ਕੁੱਲ ਮਿਲਾ ਕੇ ਮੇਰੇ ਹਿੱਸੇ ਤਾਂ ਘਰ ਦਾ ਕੰਮ ਜਾਂ ਪਾਠ ਕਰਨਾ ਹੀ ਰਹਿ ਗਿਆ ਹੈ।
ਮੇਰੀ ਉਮਰ ਅਜੇ ਬਤਾਲੀ ਵਰਿਆਂ ਦੀ ਹੈ ਪਰ ਮੈਂ ਬਹੱਤਰਾਂ ਦੀ ਮਹਿਸੂਸ ਕਰ ਰਹੀ ਹਾਂ।ਜਦੋਂ ਮੇਰੀ ਬੇਟੀ ਦੋ ਚਾਰ ਮਹੀਨੇ ਬਾਅਦ ਕਿਸੇ ਵੀਕ ਐਂਡ ਤੇ ਘਰ ਆਂਉਦੀ ਆ ਫੇਰ ਮੈਂ ਥੋੜਾ ਗੁਟਕਦੀ ਚਹਿਕਦੀ ਵੀ ਹਾਂ।ਅੱਜ ਕੱਲ ਤਾਂ ਉਹ ਵੀ ਮੇਰੀ ਕੋਈ ਗੱਲ ਨਹੀਂ ਸੁਣਦੀ।ਹਰ ਗੱਲ ਤੇ ਆਖ ਦਿੰਦੀ ਆ “ਮੌਮ ਥੋਨੂੰ ਕੀ ਪਤੈ”?ਮੈਂ ਫੇਰ ਅਰਸ਼ ਤੋਂ ਫਰਸ਼ ਤੇ ਆ ਡਿੱਗਦੀ ਹਾਂ।ਮੇਰੇ ਘਰ ਵਾਲਾ ਵੀ ਏਦਾਂ ਹੀ ਕਰਦਾ ਹੈ।ਤੁਸੀਂ ਕਦੇ ਆਹਲਣਿਉ ਡਿੱਗਿਆ ਬੋਟ ਵੇਖਿਆ ਹੈ?ਮੈਨੂੰ ਬੱਸ ਉਹ ਹੀ ਸਮਝ ਲਵੋ।
ਸਭ ਤੋਂ ਜਿਆਦਾ ਅਫਸੋਸ ਤਾਂ ਮੈਨੂੰ ਆਪਣੇ ਭਰਾ ਦਾ ਹੈ।ਕੀ ਨਹੀਂ ਸੀ ਕੀਤਾ ਮੈਂ ਉਸ ਦੇ ਲਈ?ਉਸ ਨੂੰ ਕੱਪੜੇ ਲੀੜੇ ਜਾਕਟਾਂ ਪੈਂਟਾ,ਘੜੀਆਂ ਕੈਮਰੇ ਸਭ ਕੁੱਝ ਭੇਜਦੀ ਰਹੀ।ਸੋਚਦੀ ਸੀ ਕਿ ਹੁਣ ਮੈਂ ਹੀ ਉਸਦੇ ਮਾਂ ਬਾਪ ਹਾਂ,ਕਿਸੇ ਗੱਲੋਂ ਹੌਕਾ ਨਾਂ ਲਵੇ।ਨਾਲੇ ਇੱਕ ਔਰਤ ਦਾ ਪਤੀ ਭਾਵੇਂ ਜਿੰਨਾ ਮਰਜੀ ਅਮੀਰ ਹੋਵੇ ਪਰ ਪੇਕਿਆਂ ਲਈ ਸਮਾਨ ਭੇਜਣ ਸਮੇਂ ਉਹ ਕਿੰਨੀ ਗਰੀਬਣੀ ਤੇ ਬੇਵੱਸ ਹੋ ਜਾਂਦੀ ਆ।ਉਹ ਵੀ ਮੇਰੇ ਵਰਗੀ ਜੋ ਆਪ ਕੰਮ ਵੀ ਨਾ ਕਰਦੀ ਹੋਵੇ ਤੇ ਪਤੀ ਤੇ ਡਿਪੈਂਡ ਹੋਵੇ।ਭਾਵੇਂ ਉਹ ਕੁੱਝ ਨਾਂ ਵੀ ਕਹੇ ਪਰ ਆਪਣੇ ਦਿਲ ਵਿੱਚ ਤਾਂ ਘਟਾ ਮਹਿਸੂਸ ਹੁੰਦਾ ਈ ਆ...।ਬਈ ਕਿਤੇ ਅਗਲਾ ਇਹ ਨਾਂ ਸੋਚੇ ‘ਜੇ ਕੰਮ ਕਰੇ ਤਾਂ ਪਤਾ ਲੱਗੇ ਕਿ ਖਰਚੇ ਕਿੱਦਾ ਕਰੀਦੇ ਨੇ’।
ਊਂ ਕਹਿਣ ਨੂੰ ਤਾਂ ਮੇਰੇ ਏਥੇ ਬਥੇਰੇ ਰਿਸ਼ਤੇਦਾਰ ਰਹਿੰਦੇ ਨੇ।ਪਰ ਜਦ ਮਿਲਦੇ ਵਰਤਦੇ ਈ ਨੀ ਫੇਰ ਮੈਂਨੂੰ ਕਿਸੇ ਦਾ ਕੀ ਭਾਅ...?ਜਦੋਂ ਮੇਰਾ ਸਕਾ ਭਰਾ ਈ ਮੇਰੇ ਨਾਲ ਨੀ ਬੋਲਦਾ ਹੋਰ ਕਿਸੇ ਨੂੰ ਕੀ ਕਹਿਣੈ।ਮਿਲਣ ਵਰਤਣ ਦੀ ਕਿਸੇ ਕੋਲ ਵਿਹਲ ਹੀ ਨਹੀਂ।ਉਲਟਾ ਮੈਨੂੰ ਕਹਿਣ ਗੇ “ਤੂੰ ਤਾਂ ਵਿਹਲੀ ਐਸ਼ਾਂ ਕਰਦੀ ਏਂ,ਸਾਡੇ ਕੋਲ ਟੈਮ ਕਿੱਥੇ ਆ”
ਹੁਣ ਤਾਂ ਟੀ ਵੀ ਹੀ ਮੇਰਾ ਸਕਾ ਸਬੰਧੀ ਹੈ ਜੋ ਮੇਰਾ ਸਾਥ ਦਿੰਦਾ ਏ।ਹਿੰਦੀ ਪੰਜਾਬੀ ਡਰਾਮੇ ਹੀ ਮੇਰਾ ਸਮਾਜ ਨੇ।ਉਨ੍ਹਾਂ ਵਿਚਲੇ ਰਿਸ਼ਤਿਆਂ ਨਾਲ ਜੁੜੀ ਕਦੇ ਮੈਂ ਕਦੇ ਉਦਾਸ ਅਤੇ ਕਦੇ ਖੁਸ਼ ਹੁੰਦੀ ਹਾਂ।ਏਹੋ ਕਹਾਣੀਆਂ ਹੁਣ ਮੇਰਾ ਸੱਚ ਬਣ ਗਈਆਂ ਨੇ ਤੇ ਮੇਰੀ ਇਕੱਲਤਾ ਦਾ ਸਾਥ ਵੀ।
ਮੈਂ ਤਾਂ ਕਿਸੇ ਨਾਲ ਗੱਲ ਕਰਨ ਲਈ ਘਰੋਂ ਬਾਹਰ ਵੀ ਨਹੀਂ ਨਿੱਕਲਦੀ।ਜਿਸ ਨੂੰ ਵੀ ਮਿਲੋ ਆਪਣੇ ਹੀ ਰੋਣੇ ਲੈ ਕੇ ਬੈਠ ਜਾਂਦਾ ਏ।ਆਹ ਸਾਡੇ ਨਾਲ ਦੇ ਘਰ ਵਾਲੇ ਪਾਕਸਤਾਨ ਤੋਂ ਨੇ ਪਰ ਆਪਣੇ ਆਪ ਦਾ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ।ਮੁਸਲਮ ਕਹਾ ਕੇ ਰਾਜੀ ਨਹੀਂ।ਅੰਗਰੇਜੀ ਵਿੱਚ ਹੀ ਗੱਲਾਂ ਕਰਦੇ ਨੇ।ਕਹਿੰਦੇ ਸਾਨੂੰ ਪੰਜਾਬੀ ਹਿੰਦੀ ਉਰਦੂ ਕੁੱਝ ਵੀ ਸਮਝ ਨਹੀਂ ਆਂਉਦਾ।ਪਤਾ ਨਹੀਂ ਲੋਕ ਕਿਵੇਂ ਕੁੱਝ ਵਰਿਆਂ ਵਿੱਚ ਹੀ ਆਪਣਾ ਪਿਛੋਕੜ ਭੁੱਲ ਜਾਂਦੇ ਨੇ।
ਹੋਰ ਤਾਂ ਹੋਰ ਏਹਨਾਂ ਨੇ ਤਾਂ ਆਪਣੇ ਨਾਂ ਵੀ ਬਦਲ ਲਏ ਨੇ।ਔਰਤ ਕਰੀਮਾਂ ਤੋਂ ਕੈਮੀ ਬਣ ਗਈ ਹੈ ਤੇ ਬੰਦਾ ਜਾਵੇਦ ਤੋਂ ਜੇਸਨ।ਦੇਸੀਆਂ ਨੂੰ ਮਿਲਣ ਵਿੱਚ ਇਹ ਹੱਤਕ ਸਮਝਦੇ ਨੇ।ਕਾਲ਼ੇ ਗੋਰੇ ਹੀ ਏਨ੍ਹਾਂ ਦੇ ਮਹਿਮਾਨ ਹੁੰਦੇ ਨੇ।ਹੁਣ ਤਾਂ ਏਹਨਾਂ ਦੇ ਮੁੰਡੇ ਕੁੜੀਆਂ ਕਾਲਿਆਂ ਗੋਰਿਆਂ ਤੋਂ ਬਿਨਾਂ ਕਿਸੇ ਨਾਲ ਬਾਸਕਟ ਬਾਲ ਵੀ ਨਹੀਂ ਖੇਡਦੇ।ਤੇ ਗੋਰੇ ਕਾਲ਼ਿਆਂ ਨੂੰ ਹੀ ਬਾਰ ਬੀ ਕਿਊ ਤੇ ਬੁਲਾ ਕੇ ਉਨ੍ਹਾਂ ਨਾਲ ਬੀਅਰਾਂ ਪੀਣ ਵਿੱਚ ਆਪਣਾ ਮਾਣ ਸਮਝਦੇ ਨੇ।ਜਿੱਦਣ ਨਿਆਣਿਆਂ ਨੇ ਉਹੋ ਕੁੱਝ ਕਰਨਾ ਸ਼ੁਰੂ ਕਰ ਦਿੱਤਾ ਜੋ ਉਹ ਕਰਦੇ ਨੇ ਫੇਰ ਇਨ੍ਹਾਂ ਪਛਤਾਉਣਾ ਏ।ਜਦੋਂ ਕੋਈ ਕੁੜੀ ਕਾਲੇ ਗੋਰੇ ਨਾਲ ਵਿਆਹ ਦੀ ਜਿੱਦ ਫੜ ਕੇ ਬੈਠ ਗਈ ਇਨ੍ਹਾਂ ਫਿਰ ਤੋਂ ਇਨਾਂ ਆਪਣੇ ਖੋਲ ਵਿੱਚ ਜਾ ਵੜਨਾ ਏ।ਬੰਦਾ ਫਿਰ ਜੇਸਨ ਤੋਂ ਜਾਵੇਦ ਬਣ ਕੇ ਮਸਜਿਦ ਜਾਣ ਲੱਗ ਪਵੇਗਾ।ਔਰਤ ਫੇਰ ਕਿਸੇ ਖੱਲ ਖੂੰਜੇ ਸੁੱਟਿਆ ਹਿਜ਼ਾਬ ਪਹਿਨਣ ਲੱਗ ਪਵੇਗੀ।ਇੱਕ ਮੈਂ ਹੀ ਹਾਂ ਜਿਸ ਵਿੱਚ ਕੋਈ ਤਬਦੀਲੀ ਨਹੀਂ ਆਂਉਦੀ।
ਸਟਰੀਟ ਤੋ ਹੋਰ ਬਥੇਰੇ ਨੇ ਜਿਨਾਂ ਦੇ ਘਰਾਂ ਵਿੱਚ ਇਕੱਲਤਾ ਦੀ ਹਨੇਰੀ ਸ਼ੂਕਦੀ ਏ।ਔਹ ਕੁੱਤੇ ਵਾਲੀ ਗੋਰੀ ਡੌਨਾ ਦਾ ਵੀ ਤਾਂ ਏਹੋ ਹਾਲ ਏ।ਕੁੱਤੇ ਨਾਲ ਹੀ ਪਰਚੀ ਰਹਿੰਦੀ ਆ।ਰੋਜ ਉਸ ਨੂੰ ਘਮਾਉਣ ਲੈ ਕੇ ਜਾਊ।ਜੇ ਮੈਂ ਡੋਰ ‘ਚ ਖੜੀ ਹੋਵਾਂ ਤਾਂ ਵਿਸ਼ ਕਰਨਾ ਨਹੀਂ ਭੁੱਲਦੀ।ਕਿਵੇਂ ਲੋਗੜ ਜਿਹਾ ਕੁੱਤਾ ਉਹਦਾ ਮੂੰਹ ਚੱਟਦਾ ਰਹਿੰਦਾ ਏ।ਤੇ ਉਹ ਵੀ ਮਾਈ ਹਨੀ,ਮੇਰਾ ਸਨ ਤੋਂ ਬਿਨਾਂ ਗੱਲ ਨੀ ਕਰਦੀ।ਕਦੀ ਗੁੱਸੇ ਵਿੱਚ ਹੋਵੇ ਤਾਂ ਉਸ ਨੂੰ ਟੌਮ ਕਹਿਕੇ ਘੂਰਦੀ ਆ।ਬੱਸ ਇਹ ਕੁੱਤਾ ਹੀ ਇਹਦੇ ਖੰਭ ਨੇ।ਇਹਦਾ ਪਤੀ ਤੇ ਨਿਆਣੇ ਸਭ ਏਹ ਨੂੰ ਛੱਡ ਕੇ ਦੌੜ ਚੁੱਕੇ ਨੇ।
ਮੇਰੀ ਧੀ ਸਕੂਲੀ ਪੁਸਤਕਾਂ ਵਿੱਚ ਕਲਿੱਫਰਡ ਕੁੱਤੇ ਦੀ ਸੀਰੀਜ਼ ਸਭ ਤੋਂ ਪਸੰਦ ਕਰਦੀ ਸੀ।ਉਸ ਨੂੰ ਕੋਈ ਨਾਲ ਖੇਡਣ ਵਾਲਾ ਚਾਹੀਦਾ ਸੀ।ਉਸ ਨੇ ਵੀ ਕਲਿੱਫਰਡ ਵਰਗਾ ਕੁੱਤਾ ਮੰਗਿਆ ਸੀ।ਪਰ ਉਸ ਦੇ ਡੈਡੀ ਨਹੀਂ ਮੰਨੇ।ਉਹ ਕਹਿੰਦੇ ਤੇਰੇ ਬਰਥ ਡੇਅ ਤੇ ਮੈਂ ਪੱਪੀ ਗਿਫਟ ਨਹੀਂ ਦੇ ਸਕਦਾ।ਦਿਲੋਂ ਮੈਂ ਵੀ ਚਾਹੁੰਦੀ ਸੀ ਕਿ ਉਹ ਕਤੂਰਾ ਰੱਖ ਲਵੇ ਮੇਰਾ ਵੀ ਦਿਲ ਲੱਗਿਆ ਰਹੂ।ਕਹਿੰਦੇ ਪਾਲਤੂ ਜਾਨਵਰ ਰੱਖਣ ਨੱਲ ਤੁਹਾਡਾ ਮਾਨਸਿਕ ਤਨਾਅ ਘਟਦਾ ਹੈ।ਫੇਰ ਸ਼ਾਇਦ ਮੈਂਨੂੰ ਵੀ ਇਹ ਡੀਪ੍ਰੈਸ਼ਨ ਨਾਂ ਹੁੰਦਾ ਤੇ ਮੈਂ ਵੀ ਬਲੱਡ ਪ੍ਰੈੱਸ਼ਰ ਸ਼ੂਗਰ ਦੀ ਮਰੀਜ਼ ਨਾਂ ਬਣਦੀ।
ਸਾਡੇ ਭਾਰਤੀ ਲੋਕਾਂ ਨੂੰ ਭੁਲੇਖਾ ਹੈ ਕਿ ਉਨ੍ਹਾਂ ਦੀ ਔਲਾਦ ਗੋਰਿਆਂ ਵਾਂਗ ਨਹੀਂ ਕਰਦੀ।ਤਾਂ ਹੀ ਉਹ ਸੱਭਿਆਚਾਰ ਦੀ ਦੁਹਾਈ ਦਿੰਦੇ ਰਹਿੰਦੇ ਨੇ।ਉਨ੍ਹਾਂ ਦੇ ਅੰਦਰ ਵੀ ਕੋਈ ਡਰ ਹੀ ਬੈਠਾ ਹੋਣੈ।ਭਲਾ ਉਨ੍ਹਾਂ ਨੂੰ ਪੁੱਛੇ ਕਿ ਗਰਮ ਪਾਣੀ ‘ਚ ਸੁੱਟੀਆਂ ਚੀਜਾਂ ਗਰਮ ਕਿਉਂ ਨੀ ਹੋਣਗੀਆਂ।ਉਹ ਚਾਹੁੰਦੇ ਨੇ ਸੁੱਖ ਸਹੂਲਤਾਂ ਤਾਂ ਕਨੇਡਾਂ ਦੀਆਂ ਮਾਣੀਏ ਤੇ ਬੱਚੇ ਸਿੱਖਣ ਭਾਰਤੀ ਰਹੁ ਰੀਤਾਂ।ਮੈਂ ਤਾਂ ਕਹਿਨੀ ਆਂ ਕਿ ਮੇਰੇ ਵਾਂਗੂੰ ਥੋਨੂੰ ਵੀ ਕਨੇਡਾ ਦਾ ਸਾਰਾ ਪੈਕਿਜ ਇਕੱਠਾ ਹੀ ਮਿਲੂ।
ੳੌਹ ਸਤਵੰਜਾ ਨੰਬਰ ਘਰ ਵਾਲੀ ਵਨੀਤਾ ਜੋ ਸ਼ੈਰਡੀਅਨ ਕਾਲਜ ੱਿਵਚ ਪੜਾਉਂਦੀ ਆ ਦੱਸ ਦੀ ਸੀ ਕਿ ਆਪਣੇ ਮੁੰਡੇ ਕੁੜੀਆਂ ਵੀ ਘੱਟ ਨੀ।ਸਕੂਲਾਂ ਕਾਲਜਾ ਵਿੱਚ ਉਹ ਵੀ ਸਾਰਾ ਕੁੱਝ ਗੋਰਿਆ ਕਾਲਿਆਂ ਵਾਂਗ ਹੀ ਕਰਦੇ ਨੇ।ਮੈਂ ਤਾਂ ਕਹਾਂਗੀ ਕਿ ਉਹ ਦੋਗਲੇ ਹੋ ਗਏ ਨੇ।ਘਰ ਕਿਸੇ ਹੋਰ ਸੱਭਿਆਚਾਰ ਦਾ ਡਰਾਮਾ ਕਰਦੇ ਨੇ ਤੇ ਬਾਹਰ ਕਿਸੇ ਹੋਰ ਦਾ।ਮੁਆਫ ਕਰਨਾ ਉਂਝ ਹੈ ਅਸੀਂ ਸਾਰੇ ਹੀ ਦੋਗਲੇ।ਜਿਨਾਂ ਗੱਲਾਂ ਤੋਂ ਬੱਚਿਆਂ ਨੂੰ ਰੋਕਦੇ ਹਾਂ ਖੁਦ ਉਹ ਆਪ ਕਰਦੇ ਹਾਂ।ਏਹੋ ਕੁੱਝ ਧਾਰਮਿਕ ਥਾਵਾਂ ਤੇ ਹੈ।ਬੱਚਿਆਂ ਨੇ ਵੀ ਸਾਡੇ ਤੇ ਹੀ ਜਾਣਾ ਹੁੰਦਾ ਹੈ।ਜਿਹੜਾ ਬੱਚਾ ਸੱਚ ਸੱਚ ਦੱਸ ਦਿੰਦਾ ਹੈ ਉਹ ਸਾਡੇ ਤੋਂ ਬ੍ਰਦਾਸ਼ਤ ਨਹੀਂ ਹੁੰਦਾ ਤੇ ਫੇਰ ਅਸੀਂ ਉਹਦੇ ਖੰਭ ਕੱਟਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹੀ ਤਾਂ ਬੱਚੇ ਦੌੜ ਜਾਂਦੇ ਨੇ।ਏਸੇ ਲਈ ਮੈਂ ਆਪਣੀ ਧੀ ਨੂੰ ਕੁੱਝ ਨਹੀਂ ਕਹਿੰਦੀ।ਏਥੇ ਹਰ ਕੋਈ ਅੱਖੀ ਦੇਖ ਕੇ ਮੱਖੀ ਨਿਗਲਣ ਦਾ ਆਦੀ ਹੋ ਜਾਂਦਾ ਹੈ।ਮੈਨੂੰ ਲੱਗਦਾ ਹੈ ਮੇਰੀ ਧੀ ਦਾ ਵੀ ਕੋਈ ਬੁਆਏ ਫਰੈਂਡ ਹੈ ਸ਼ਾਇਦ ਉਸੇ ਨਾਲ ਫੋਨ ਤੇ ਲੱਗੀ ਰਹਿੰਦੀ ਹੈ।ਪਿਛਲੀ ਵਾਰ ਇਕੱਠੇ ਮੈਕਸੀਕੋ ਵੀ ਜਾ ਆਏ ਨੇ।ਏਥੇ ਇਹ ਗੱਲਾਂ ਆਮ ਨੇ।ਜਿਆਦਾ ਰੋਕਾਂਗੇ ਤਾਂ ਘਰੋਂ ਦੌੜ ਜਾਊ ਫਿਰ ਕੀ ਕਰ ਲਵਾਂਗੇ?ਉਹੋ ਤਾਂ ਹੁਣ ਮੇਰਾ ਆਸਰਾ ਹੈ।ਇਹਦੇ ਡੈਡੀ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ।
ਜਦੋਂ ਮਨ ਬਹੁਤ ਬੇਚੈਨ ਹੋ ਜਾਂਦਾ ਹੈ ਫੇਰ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਪੈਂਦੀ ਹਾਂ।ਪਾਠ ਕਰਕੇ ਇੱਕ ਗੱਲ ਤਾਂ ਜਰੂਰ ਸਮਝ ਪੈਂਦੀ ਹੈ ਕਿ ਦੁਨੀਆਂ ਦੇ ਇਹ ਸਾਰੇ ਰਿਸ਼ਤੇ ਨਾਤੇ ਝੂਠੇ ਨੇ।ਰੇਤ ਦੀਆਂ ਕੰਧਾਂ।ਇਨਸਾਨ ਦੁਨੀਆਂ ਵਿੱਚ ਇਕਲਾ ਆਇਆ ਸੀ ਤੇ ਇਕੱਲਾ ਹੀ ਜਾਵੇਗਾ।
ਫੇਰ ਇਕੱਲਾ ਰਹਿ ਕਿਉਂ ਨਹੀਂ ਸਕਦਾ? ਮੈਂ ਸੋਚਦੀ ਹਾਂ।ਕਿਉਂ ਦੂਸਰਿਆਂ ਦਾ ਸਹਾਰਾ ਭਾਲਦਾ ਏ।ਉਨ੍ਹਾਂ ਸਹਾਰੇ ਉੱਡਣਾ ਲੋਚਦਾ ਏ।ਮਾਪੇ ਪਤੀ ਪੁੱਤਰ ਭੈਣ ਭਰਾ,ਚਾਚੇ ਤਾਏ ਮਾਮੇ ਮਾਸੀਆਂ ਹੋਰ ਕੀ ਨੇ ਸਭ ਕੁੱਝ ਸਿਰਫ ਗਰਜਾਂ ਦੇ ਰਿਸ਼ਤੇ।
ਪਤਾ ਨਹੀਂ ਅੱਜ ਮੇਰਾ ਮਨ ਕਿਉਂ ਨਹੀਂ ਸ਼ਾਂਤ ਹੋ ਰਿਹਾ।ਪਤੀ ਨੂੰ ਫੋਨ ਕਰਦੀ ਆਂ ਤਾਂ ਅੱਗੋਂ ਮਸ਼ੀਨ ਬੋਲ ਪੈਂਦੀ ਆ।ਧੀ ਨੇ ਫੋਨ ਬੰਦ ਕੀਤਾ ਹੋਇਆ ਹੈ।ਭਰਾ ਅਜੇ ਕੱਲ ਹੀ ਮੇਰੇ ਨਾਲ ਲੜ ਕੇ ਮੈਨੂੰ ਮਨਹੂਸ ਹੋਣ ਦੇ ਤਾਹਨੇ ਮਾਰ ਕੇ ਹਟਿਆ ਹੈ।ਮੇਰਾ ਹੋਰ ਕੌਣ ਹੈ...?ਕੋਈ ਵੀ ਨਹੀਂ।
ਮੈ ਡੈਡੀ ਨੂੰ ਕੋਸਦੀ ਹਾਂ ਕਿਉਂ ਕੀਤਾ ਸੀ ਮੇਰਾ ਰਿਸ਼ਤਾ ਕਨੇਡਾ।ਮੇਰੀ ਔਲਾਦ ਤੇ ਪਤੀ ਤਾਂ ਸਿਸਟਮ ਦਾ ਪੁਰਜਾ ਬਣ ਗਏ ਨੇ।ਮੈਂ ਰਹਿ ਗਈ ਬੇਜਾਨ ਚੀਜਾ ਨਾਲ ਮੱਥਾ ਮਾਰਨ ਲਈ।ਅੱਜ ਅਥਰੂ ਡੱਕੇ ਨਹੀਂ ਜਾ ਰਹੇ।ਮੰਮੀ ਡੈਡੀ ਵਲੋਂ ਮਿਲੇ ਪਿਆਰ ਦਾ ਨਿੱਘ ਬਹੁਤ ਯਾਦ ਆ ਰਿਹਾ ਏ।
ਮੈਂ ਮਨ ਹੋਰ ਪਾਸੇ ਲਾਉਣ ਲਈ ਬੂਹੇ ਵਿੱਚ ਜਾ ਖੜਦੀ ਹਾਂ।ਡੌਨਾ ਕੁੱਤਾ ਲਈ ਆ ਰਹੀ ਹੈ।ਹੱਸਦੀ ਮੁਸਕਰਾਂਉਦੀ ਹੋਈ।ਚੰਗੀ ਤਰ੍ਹਾਂ ਤਿਆਰ ਹੋਈ ਹੋਈ ਏ।ਨੀਲੀ ਜੀਨ ਅਤੇ ਰੈੱਡ ਟੀ ਸ਼ਰਟ ਵਿੱਚ ਕਿੰਨੀ ਜਚਦੀ ਹੈ।ਪੰਜਾਹਾ ਦੀ ਤਾਂ ਹੋਊ ਪਰ ਪੈਂਤੀਆਂ ਤੋਂ ਵੀ ਘੱਟ ਲੱਗਦੀ ਆ।ਉਸਦਾ ਮੇਕ ਅੱਪ ਤੇ ਮੁਸਕਰਾਹਟ ਮੱਲੋ ਮੱਲੀ ਰਾਹ ਜਾਂਦਿਆਂ ਦਾ ਧਿਆਨ ਖਿੱਚਦੇ ਨੇ।ਜੀਣ ਦਾ ਸਾਹਸ ਦਿੰਦੇ ਨੇ।ਮੈਂ ਉਸ ਨਾਲ ਗੱਲ ਕਰਨ ਲਈ ਰੁਕਦੀ ਹਾਂ।
ਉਸਦਾ ਕੁੱਤਾ ਅੱਗੇ ਪਿੱਛੇ ਦੌੜ ਰਿਹਾ ਹੈ।ਕਦੀ ਉਸ ਦੇ ਸੁੰਘਦਾ ਹੈ ਤੇ ਕਦੀ ਮੂੰਹ ਵਲ ਤੱਕ ਕੇ ਚੂੰ ਚੂੰ ਕਰਦਾ ਹੈ।ਜਿਵੇਂ ਕਹਿ ਰਿਹਾ ਹੋਵੇ ਹੁਣ ਮੈਨੂੰ ਗੋਦੀ ਚੁੱਕ।ਉਹ ਵੀ ਵਾਰ ਵਾਰ ਨੋ ਹਨੀ ਨੋ ਮਾਈ ਸਨ ਕਹਿ ਕਹਿ ਟਾਲ ਰਹੀ ਹੈ।ਮੈਨੂੰ ਦੂਰੋਂ ਹੀ ਹੱਥ ਹਿਲਾ ਉਸ ਨੇ ‘ਹੈਲੋ ਸਿੰਡੀ’ ਕਿਹਾ ਹੈ।ਮੈਂ ਬਾਹਰ ਨਿੱਕਲ ਕੇ ਉਸ ਨਾਲ ਗੱਲੀਂ ਜੁੱਟ ਜਾਂਦੀ ਹਾਂ।ਘਰ ਦੀਆਂ,ਸਟਰੀਟ ਦੀਆਂ,ਆਪਣੀ ਇਕੱਲਤਾ ਦੀਆਂ ਮੈਂ ਉਸ ਨਾਲ ਬਹੁਤ ਗੱਲਾਂ ਕਰਦੀ ਹਾਂ।ਉਹ ਮੇਰੀ ਉਦਾਸੀ ਨੂੰ ਭਾਂਪ ਕੇ ਪੁੱਛਦੀ ਹੈ
“ਡਾਰਲਿੰਗ ਕਿਉਂ ਐਨੀ ਉਦਾਸ ਏਂ?”
“ਮੇਰੇ ਵਲ ਵੇਖ ਮੇਰੇ ਮਾਂ ਬਾਪ ਪਤੀ,ਬੱਚੇ ਪਤਾ ਨਹੀਂ ਸਾਰੇ ਕਿੱਥੇ ਨੇ।ਮੈਂ ਫੇਰ ਵੀ ਖੁਸ਼ ਹਾਂ”।ਉਹ ਉੱਚੀ ਉੱਚੀ ਹੱਸੀ।“ਕੀ ਮੈਂ ਜੀਂਦੀ ਨਹੀਂ?ਤੂੰ ਵੀ ਮਜਬੂਤ ਹੋ”।
ਤੇ ਮੈਂ ਕਿਹਾ ਮੇਰਾ ਕੋਈ ਨਹੀਂ ਮੈਂ ਕੀਹਦੇ ਸਹਾਰੇ ਉੱਡਾਂ...।ਤਾਂ ਡੌਨਾ ਜੋਰ ਜੋਰ ਨਾਲ ਹੱਸੀ।
“ਡਾਰਲਿੰਗ ਰਿਸ਼ਤੇ ਤਾਂ ਮੋਮ ਦੇ ਖੰਭ ਹੁੰਦੇ ਨੇ ਰਤਾ ਸੇਕ ਲੱਗਿਆ ਤੇ ਪਿਘਲ ਕੇ ਵੱਖ ਹੋ ਗਏ”
ਮੈਂ ਰੋਜ ਗੁਰਬਾਣੀ ਪੜ੍ਹਦੀ ਹਾਂ ਮੈਨੂੰ ਇਹ ਗੱਲ ਕਿਉਂ ਨਾ ਸਮਝ ਲੱਗੀ।ਮੇਰੇ ਜਿਸਮ ਵਿੱਚ ਜਿਵੇਂ ਕੋਈ ਸ਼ਕਤੀ ਆ ਗਈ ਹੋਵੇ।ਮੈਂ ਪਹਿਲੀ ਵਾਰ ਅੱਜ ਸੋਚ ਰਹੀ ਹਾਂ ਕਿ ਮੈਂ ਕਿਸੇ ਤੋਂ ਕੀ ਲੈਣੈ।ਮੈਨੂੰ ਵੀ ਆਪਣੀ ਮਰਜੀ ਨਾਲ ਜੀਣਾ ਚਾਹੀਦਾ ਏ।ਮੇਰੇ ਡੈਡੀ ਵੀ ਕਹਿੰਦੇ ਸੀ
‘ਬੰਦੇ ਵਿੱਚ ਆਤਮਵਿਸ਼ਵਾਸ ਦੇ ਖੰਭ ਹੋਣੇ ਚਾਹੀਦੇ ਨੇ ਫੇਰ ਨੀ ਉਹ ਡਿੱਗਦਾ’।
ਮੈਨੂੰ ਜਾਪਿਆ ਸਾਰੇ ਰਿਸ਼ਤੇ ਝੂਠੇ ਹਨ।ਰੇਤ ਦੀਆਂ ਕੰਧਾਂ।
ਮੈਂ ਆਲੇ ਦੁਆਲੇ ਵੇਖਿਆ।ਸੂਰਜ ਚਮਕ ਰਿਹਾ ਸੀ ਫੁੱਲ ਖਿੜ ਰਹੇ ਸਨ।ਡੌਨਾ ਮੁਸਕਰਾ ਰਹੀ।ਕੁੱਤਾ ਖੇਡ ਰਿਹਾ ਸੀ।ਫੇਰ ਮੈਂ ਕਿਉਂ ਉਦਾਸ ਸੀ?ਜੀ ਕਰਦਾ ਸੀ ਉੱਡ ਜਾਵਾਂ।ਜਿਵੇਂ ਪੰਛੀ ਖੁੱਲੇ ਅੰਬਰਾਂ ‘ਚ ਉੱਚੀ ਉਡਾਣ ਭਰਦੇ ਨੇ।ਮੇਰੇ ਮਨ ਤੋਂ ਜਿਵੇਂ ਮਣਾ ਮੂੰਹੀ ਬੋਝ ਲੈ ਗਿਆ ਹੋਵੇ।

ਕਾਫਲਾ.......... ਗ਼ਜ਼ਲ / ਹਰਦਮ ਸਿੰਘ ਮਾਨ

ਰੋਜ਼ ਸਾਡੇ ਦਰ ਤੇ ਆਵੇ ਮੁਸ਼ਕਿਲਾਂ ਦਾ ਕਾਫਲਾ।
ਆਫਤਾਂ ਨੂੰ ਪਰ ਕੀ ਜਾਣੇ ਹਿੰਮਤਾਂ ਦਾ ਕਾਫਲਾ।

ਫਿਰ ਕਿਸੇ ਵੀ ਕੋਨੇ ਅੰਦਰ ਠਹਿਰ ਨਹੀਂ ਸਕਣਾ ਹਨੇਰ
ਸਿਦਕ ਲੈ ਕੇ ਤੁਰ ਪਿਆ ਜਦ ਜੁਗਨੂੰਆਂ ਦਾ ਕਾਫਲਾ।


ਗਿੱਧਿਆਂ ਦੇ ਵਿਹੜਿਆਂ ਵਿਚ ਕਾਲ ਜਿਹਾ ਪੈ ਗਿਐ
ਕੋਠਿਆਂ ਤੇ ਸਿਸਕਦਾ ਹੈ ਝਾਂਜਰਾਂ ਦਾ ਕਾਫਲਾ।

ਏਸ ਰਸਮੀ ਦੌਰ ਵਿਚ ਰਲ ਕੇ ਕੋਈ ਕਰੀਏ ਉਪਾਅ
ਭਟਕਿਆ ਹੀ ਹੋਣੈਂ ਕਿਧਰੇ ਰਿਸ਼ਤਿਆਂ ਦਾ ਕਾਫਲਾ।

ਚੜ੍ਹਦੇ ਸੂਰਜ ਨੂੰ ਅਸੀਂ ਕਰਨਾ ਨਹੀਂ ਸਿੱਖੇ ਸਲਾਮ
ਤਾਂ ਹੀ ਸਾਡੇ ਵੱਲ ਹੈ ਆਉਂਦਾ ਤੁਹਮਤਾਂ ਦਾ ਕਾਫਲਾ।

ਵਫ਼ਾਦਾਰੀ ਬਦਲ ਜਾਂਦਾ.......... ਗ਼ਜ਼ਲ / ਕ੍ਰਿਸ਼ਨ ਭਨੋਟ

ਵਫ਼ਾਦਾਰੀ ਬਦਲ ਜਾਂਦਾ ਏ ਪਲ ਪਲ, ਦਲ-ਬਦਲ ਵਾਂਗੂ
ਮਹਾਂ-ਨਗਰੀ ਤਿਰਾ ਹਰ ਇਕ ਬਸ਼ਰ, ਲੱਗਦਾ ਏ ਛਲ ਵਾਂਗੂ

ਤੂੰ ਚਿੱਕੜ ਵਿਚ ਘਿਰਿਐਂ, ਇਹ ਤਾਂ ਤੇਰੀ, ਖੁ਼ਸ਼ਨਸੀਬੀ ਹੈ
ਤਿਰੇ ਹਿੱਸੇ 'ਚ ਹੀ ਆਇਐ ਮਨਾ, ਖਿੜਨਾ ਕੰਵਲ ਵਾਂਗੂ


ਰਤਾ ਵੀ ਧੁੱਪ ਜੋ ਸਹਿੰਦੇ ਨ ਕੁਮਲ਼ਾ ਕੇ ਬਿਖ਼ਰ ਜਾਂਦੇ
ਜੁ ਸਹਿੰਦੇ ਮੌਸਮਾਂ ਦੀ ਮਾਰ,ਉਹ ਰਸ ਜਾਣ ਫ਼ਲ਼ ਵਾਂਗੂ

ਦਿਹਾੜੀ ਵਾਂਗ ਇਕ ਪਲ ਬੀਤਦੈ ਇਹ ਵੀ ਸਮਾਂ ਆਉਂਦੈ
ਕਦੇ ਉਹ ਵੀ ਸਮਾਂ, ਜਾਂਦੀ ਦਿਹਾੜੀ, ਬੀਤ ਪਲ ਵਾਂਗੂ

ਉਹ ਪੁੰਨੂੰ ਸੁਪਨਿਆਂ ਦਾ ਛਲ ਗਿਆ ਹੈ ਜਿੰਦ ਸੱਸੀ ਨੂੰ
ਤੇ ਕੋਹਾਂ ਤੀਕ ਸਾਹਵੇਂ-ਜਿ਼ੰਦਗੀ ਪਸਰੀ ਹੈ ਥਲ ਵਾਂਗੂ

ਰਹੇ ਨਾ ਬੇਸੁਰੀ, ਇਹ ਵੀ ਕਿਸੇ ਸੁਰਤਾਲ ਵਿਚ ਬੱਝੇ
ਅਸੀਂ ਤਾਂ ਲੋਚਦੇ ਹਾਂ ਜਿ਼ੰਦਗੀ ਦੀ ਸੁਰ, ਗ਼ਜ਼ਲ ਵਾਂਗੂ

ਬੁਝੇਗੀ ਪਿਆਸ ਏਸੇ ਆਸ ਦੇ ਵਿਚ ਦੌੜਦੇ ਰਹੀਏ
ਮਹਾਂ-ਨਗਰੀ, ਤਿਰਾ ਕੈਸਾ ਤਲਿੱਸਮ, ਰੇਤ ਛਲ਼ ਵਾਂਗੂ


ਯਥਾਰਥ ਨਾਲ਼ ਵਾਹ ਪੈਂਦੈ, ਤਾਂ ਅਸਲੀ ਰੂਪ ਹੀ ਬਚਦੈ
ਦਿਖਾਵੇ ਦੀ ਚਮਕ ਸਾਰੀ ਤਾਂ ਲਹਿ ਜਾਂਦੀ ਨਿਕਲ ਵਾਂਗੂ

ਕਿਤੇ ਦਮ ਤੋੜ ਬੈਠੇ, ਕਿਸ਼ਨ ਤੂੰ ਦੇਖੀਂ ਗ਼ਜ਼ਲ ਤੇਰੀ
ਪੁਆ ਬੈਠੀਂ ਨਾ ਪੈਖੜ ਡਾਲਰਾਂ ਦਾ, ਨਾਗ-ਵਲ਼ ਵਾਂਗੂ

ਇਕ ਖ਼ਤ ਮੇਰੇ ਦੇਸ਼ਵਾਸੀਆਂ ਦੇ ਨਾਂ.......... ਲੇਖ /ਮਿੰਟੂ ਬਰਾੜ

ਮੇਰੇ ਪਿਆਰੇ ਦੇਸ਼ ਵਾਸੀਓ,
ਅਸੀਂ ਏਥੇ ਵਿਦੇਸ਼ਾਂ ਚ ਰਾਜ਼ੀ ਖ਼ੁਸ਼ੀ ਵਸਦੇ ਸੀ ਤੇ ਉਮੀਦ ਕਰਦੇ ਹਾਂ ਕਿ ਤੁਸੀ ਵੀ ਠੀਕ-ਠਾਕ ਹੋਵੋਗੇ।
ਰਾਜ਼ੀ ਖ਼ੁਸ਼ੀ ਤੋਂ ਬਾਅਦ ਅੱਗੇ ਸਮਾਚਾਰ ਇਹ ਹੈ ਕਿ ਅਸੀ ਜੇਹੜਾ ''ਵਸਦੇ ਹਾਂ'' ਦੀ ਥਾਂ ਤੇ ''ਵਸਦੇ ਸੀ'' ਲਿਖਿਆ ਹੈ।ਓਸੇ ਕਰਕੇ ਹੀ ਅਜ ਤੁਹਾਨੂੰ ਇਹ ਖ਼ਤ ਲਿਖਣ ਲਈ ਮਜਬੂਰ ਹੋਏ ਹਾਂ ਅਤੇ ਸੋਚ ਸੋਚ ਕੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜਦੋਂ ਕੋਈ ਦੁਖੜਾ ਲਗ ਜਾਵੇ ਤਾਂ ਕਹਿੰਦੇ ਹਨ ਕਿ ਉਸ ਨੂੰ ਵੰਡ ਲੈਣਾ ਚਾਹੀਦਾ ਹੈ ਜਿਸ ਨਾਲ ਉਹ ਘੱਟ ਹੋ ਜਾਂਦਾ ਹੈ ਪਰ ਦੁਖੜਾ ਤਾਂ ਓਸੇ ਨੂੰ ਸੁਣਾਇਆ ਜਾਂਦਾ ਹੈ ਜੋ ਕੋਈ ਆਪਣਾ ਹੋਵੇ।ਹੁਣ ਤੁਹਾਡੇ ਨਾਲੋ ਨੇੜੇ ਤਾਂ ਸਾਡਾ ਕੋਈ ਹੋ ਨਹੀਂ
ਸਕਦਾ।ਸੋ ਤੁਹਾਡੇ ਕੋਲ ਢਿੱਡ ਫੋਲਣ ਦੀ ਕੋਸ਼ਸ਼ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀ ਸਾਡੇ ਜ਼ਖ਼ਮਾਂ ਤੇ ਮਲ੍ਹਮ ਲਾ ਕੇ ਸਾਨੂੰ ਕੁਝ ਰਾਹਤ ਦੇਣ ਦੀ ਕੋਸ਼ਸ਼ ਕਰੋਗੇ।
ਦੇਖੋ ਜੀ ਦੁੱਖ ਤਾਂ ਬੰਦੇ ਦੇ ਨਾਲ ਹੀ ਜਨਮ ਲੈਂਦੇ ਹਨ ਤੇ ਮੌਤ ਤਕ ਇਕ ਸੱਚੇ ਮਿੱਤਰ ਵਾਂਗ ਪਰਛਾਵਾਂ ਬਣ ਕੇ ਸਾਥ ਨਿਭਾਉਂਦੇ ਹਨ।ਇਹ ਸਭ ਜਾਣਦੇ ਹੋਏ ਵੀ ਹਰ ਇਕ ਦੀ ਕੋਸ਼ਸ਼ ਦੁੱਖਾਂ ਤੋਂ ਬਚਣ ਦੀ ਹੁੰਦੀ ਹੈ।ਕੋਈ ਇਸ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਕੋਈ ਤਰਲੇ ਕੱਢਦਾ ਹੀ ਮਰ ਜਾਂਦਾ ਹੈ।ਚੱਲੋ, ਇਹ ਤਾਂ ਸਮੇਂ ਦੀ ਚਾਲ ਹੈ, ਇੰਜ ਹੀ ਚੱਲਦੀ ਰਹੇਗੀ ਪਰ ਫ਼ਰਕ ਸਿਰਫ਼ ਐਨਾ ਕੁ ਹੈ ਕਿ ਕੁਝ ਦੁੱਖ ਸਾਡੇ ਵੱਲੋਂ ਆਪ ਸਹੇੜੇ ਹੁੰਦੇ ਹਨ ਤੇ ਕੁਝ ਧੱਕੇ ਨਾਲ ਸਾਡੇ ਗਲ਼ ਪਾਏ ਜਾਂਦੇ ਹਨ।ਬਸ ਇਹਨਾਂ ਦੁੱਖਾਂ ਤੋਂ ਦੁਖੀ ਹੋ ਕੇ ਅਜ ਤੁਹਾਨੂੰ ਇਹ ਖ਼ਤ ਲਿਖਣ ਬੈਠ ਗਏ ਹਾਂ।
ਜਦੋਂ ਅਸੀਂ ਪਹਿਲੇ ਦਿਨ ਘਰੋਂ ਪੈਰ ਪੁੱਟਿਆ ਸੀ ਓਸੇ ਦਿਨ ਹੀ ਅਸੀਂ ਆਪਣੇ ਆਪ ਨੂੰ ਦੁੱਖਾਂ ਦੇ ਖੂਹ ਵਿੱਚ ਧੱਕਾ ਦੇ ਦਿਤਾ ਸੀ ਪਰ ਇਸ ਲਈ ਅਸੀਂ ਕਿਸੇ ਨਾਲ ਗਿਲ੍ਹਾ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਆਪ ਸਹੇੜੇ ਹੋਏ ਦੁੱਖ ਸਨ।ਇਕ ਚੰਗੇ ਭਵਿੱਖ ਦੀ ਭਾਲ ਵਿੱਚ ਅਸੀਂ ਆਪ ਹੀ ਘਰ ਛੱਡਿਆ ਸੀ।ਉਹ ਦੁੱਖ ਵੀ ਕੁਝ ਅਜੀਬ ਜਿਹੇ ਸੀ ਜਿਨ੍ਹਾਂ ਵਿੱਚੋਂ ਇੱਕ ਖ਼ਾਸ ਵਿਛੋੜੇ ਰੂਪੀ ਰਸ ਸੀ। ਉਸ ਵਕਤ ਦੁਨੀਆ ਦਾ ਆਕਾਰ ਵੀ ਬਹੁਤ ਵੱਡਾ ਸੀ ਤੇ ਤੁਹਾਡੇ ਨਾਲ ਸੁੱਖ ਸੁਨੇਹੇ ਸਾਂਝੇ ਕਰਨ ਵਿੱਚ ਡੇਢ-ਡੇਢ ਮਹੀਨਾ ਲਗ ਜਾਂਦਾ ਸੀ ਤੇ ਸਾਰਾ ਦਿਨ ਡਾਕ ਦੀ ਉਡੀਕ ਜਿਹੀ ਲੱਗੀ ਰਹਿੰਦੀ ਸੀ।ਉਸ ਵਕਤ ਵਿਛੋੜੇ ਦੇ ਦੁੱਖ ਨੂੰ ਛੱਡ ਕੇ ਹੋਰ ਕੋਈ ਖ਼ਾਸ ਦੁੱਖ ਨਹੀਂ ਸੀ।ਜੇ ਕੋਈ ਛੋਟੀ ਮੋਟੀ ਔਕੜ ਆਉਂਦੀ ਵੀ ਸੀ ਤਾਂ ਉਸ ਨੂੰ ਡਾਲਰ ਆਪਣੇ ਉੱਤੇ ਲੈ ਲੈਂਦੇ ਸਨ।ਉਸ ਵਕਤ ਜੇ ਅਸੀਂ ਵਿਛੋੜੇ ਵਾਲਾ ਦੁੱਖ ਸਹੇੜਿਆ ਸੀ ਤਾਂ ਬਹੁਤ ਸਾਰੇ ਬਿਨਾ ਮਤਲਬ ਦੇ ਦੁੱਖਾਂ ਤੋਂ ਸਾਡਾ ਖਹਿੜਾ ਵੀ ਛੁੱਟ ਗਿਆ ਸੀ; ਜਿਵੇਂ, ਨਾ ਤਾਂ ਏਥੇ ਆ ਕੇ ਸਾਨੂੰ ਆਪਣੀ ਕੋਈ ਵੀ ਲੋੜ ਪੂਰੀ ਕਰਨ ਲਈ ਹਾੜੀ-ਸਾਉਣੀ ਉਡੀਕਣੀ ਪੈਂਦੀ ਸੀ ਤੇ ਨਾ ਹੀ ਆੜ੍ਹਤੀਏ ਦੀਆਂ ਮਿੰਨਤਾਂ ਕਰਨ ਦੀ ਲੋੜ ਸੀ ਅਤੇ ਨਾ ਕੋਈ ਜੀਵਨ ਦੀਆਂ ਮੁਢਲੀਆਂ ਸਹੂਲਤਾਂ ਦੀ ਘਾਟ ਸੀ।
ਸੱਚ, ਇਕ ਹੋਰ ਜਿਹੜੀ ਸਮੱਸਿਆ ਸਾਨੂੰ ਏਥੇ ਆਈ ਉਹ ਇਹ ਕਿ ਏਥੋਂ ਦੇ ਪੜ੍ਹੇ ਲਿਖੇ ਲੋਕਾਂ ਨਾਲੋਂ ਤਾਂ ਆਪਣੇ ਅਨਪੜ੍ਹ ਲੋਕ ਹੀ ਜਿਆਦਾ ਗੱਲਾਂ ਜਾਣਦੇ ਸਨ ਤੇ ਸ਼ੁਰੂ ਸ਼ੁਰੂ ਵਿੱਚ ਕਈ ਵਾਰੀਂ ਅਜੀਬ ਜਿਹੇ ਹਾਲਾਤ ਬਣ ਜਾਂਦੇ ਸਨ।਀ਿ ਇਕ ਦਿਨ ਮੈਂ ਇਕ ਗੋਰੇ ਨੂੰ ਦੱਸਿਆ ਕਿ ਸਾਡੇ ਬਿਜਲੀ ਚਲੀ ਜਾਂਦੀ ਹੈ ਤਾਂ ਮੂਹਰਿਓਂ ਮੈਨੂੰ ਗੋਰਾ ਹੈਰਾਨ ਹੋ ਕੇ ਕਹਿੰਦਾ ਕਿ ਉਹ ਕਿੱਥੇ ਚਲੀ ਜਾਂਦੀ ਹੈ! ਲੈ ਹੁਣ ਤੁਸੀ ਦੱਸੋ ਕਿ ਬਿਜਲੀ ਕਿਥੇ ਚਲੀ ਜਾਂਦੀ ਹੈ! ਜੇ ਇਹਨਾਂ ਦੀ ਬਿਜਲੀ ਕਦੇ ਗਈ ਹੋਵੇ ਤਾਂ ਇਹਨਾਂ ਨੂੰ ਪਤਾ ਹੋਵੇ! ਹੋਰ ਸੁਣ ਲਓ ਜੇ ਇਹਨਾਂ ਦੀ ਕਦੇ ਦਾਹੜ ਦੁਖਣ ਲਗ ਜਾਵੇ ਤਾਂ ਪਤੰਦਰ ਸਿਧੇ ਜਾਂਦੇ ਆ ਡਾਕਟਰ ਕੋਲ। ਸਾਨੂੰ ਇਹਨਾਂ ਤੇ ਤਰਸ ਆਉਂਦਾ ਹੈ ਕਿ ਇਹ ਕਰਨ ਵੀ ਕੀ; ਇਹਨਾਂ ਵਿਚਾਰਿਆ ਕੋਲ ਕੋਈ ਹਥੌਲ਼ਾ ਪਾਉਣ ਵਾਲਾ ਸਾਧ ਹੀ ਹੈ ਨਹੀਂ।
ਚਲੋ ਜੀ ਜਿਵੇਂ ਨਾ ਕਿਵੇਂ ਅਸੀਂ ਵੀ ਆਦੀ ਹੋ ਗਏ ਇਹਨਾਂ ਵਾਂਗੂੰ ਰਹਿਣ ਸਹਿਣ ਦੇ ਅਤੇ ਹੌਲ਼ੀ ਹੌਲ਼ੀ ਵਿਗਿਆਨ ਦੀ ਗਰਮੀ ਵਧਦੀ ਗਈ ਤੇ ਦੁਨੀਆ ਸਿਮਟ ਕੇ ਇਕ ਪਿੰਡ ਦਾ ਰੂਪ ਧਾਰਨ ਕਰ ਗਈ ਤਾਂ ਸਾਡੇ ਕੋਲੋਂ ਵਿਛੋੜੇ ਵਾਲਾ ਦੁੱਖ ਵੀ ਜਾਂਦਾ ਰਿਹਾ ਤੇ ਜਦੋਂ ਜੀ ਕੀਤਾ ਫ਼ੋਨ ਮਿਲਾ ਲਿਆ ਤੇ ਜਦੋਂ ਜੀ ਕੀਤਾ ਇੰਟਰਨੈੱਟ ਤੇ ਬਹਿ ਕੇ ਇਕ ਦੂਜੇ ਨੂੰ ਦੇਖ ਲਿਆ।ਹੁਣ ਤਾਂ ਆਲਮ ਇਹ ਹੈ ਕੇ ਪਿੰਡ ਜਦੋਂ ਗੁਆਂਢੀਆਂ ਦਾ ਕੁੱਤਾ ਭੌਂਕਦਾ ਤਾਂ ਸਾਨੂੰ ਏਥੇ ਸੁਣਦਾ ਅਤੇ ਕਈ ਵਾਰ ਤਾਂ ਇੰਜ ਹੁੰਦਾ ਕਿ ਜਦੋਂ ਕਦੇ ਮ੍ਹਾਤੜ ਦੀ ਰਾਤ ਦੀ ਜੌਬ ਹੁੰਦੀ ਹੈ ਤਾਂ ਇੰਡੀਆ ਬੈਠੀ ਮਾਂ ਫ਼ੋਨ ਦੀ ਘੰਟੀ ਮਾਰ ਕੇ ਅਲਾਰਮ ਦਾ ਕੰਮ ਕਰਦੀ ਹੈ। ਮੁੱਕਦੀ ਗੱਲ ਇਹ ਹੈ ਜੀ ਕਿ ਦਾਤੇ ਦੀ ਕਿਰਪਾ ਤੇ ਸਾਡੀ ਮਿਹਨਤ ਸਦਕਾ ਹੁਣ ਹਰ ਪਾਸੇ ਛਹਿਬਰਾਂ ਲੱਗੀਆਂ ਪਈਆਂ ਸਨ ਤੇ ਜਿੰਦਗੀ ਘੁੱਗ ਵਸ ਰਹੀ ਸੀ ਪਰ ਸਾਡੀਆਂ ਇਹ ਮੌਜਾਂ ਕਈਆਂ ਨੂੰ ਰਾਸ ਨਹੀਂ ਆਈਆਂ ਤੇ ਉਹ ਸਾਨੂੰ ਟੇਢੀ ਅੱਖ ਨਾਲ ਦੇਖਣ ਲਗ ਪਏ ਤੇ ਉਹਨਾਂ ਸਾਡੀ ਜ਼ਿੰਦਗੀ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਦਿਤਾ।ਉਹ ਵੀ ਦੋ ਦੋ ਪਾਸਿਆਂ ਤੋਂ ਇਕ ਸਿਆਸੀ ਤੇ ਦੂਜਾ ਧਰਮੀ। ਭਾਵੇਂ ਸਿਆਸੀ ਦਖ਼ਲ ਅੰਦਾਜ਼ੀ ਬਹੁਤ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਪਰ ਹੁਣ ਤਾਂ ਇਹ ਅੱਤ ਦੇ ਦੌਰ ਵਿੱਚ ਪਹੁੰਚ ਗਈ ਹੈ। ਪਹਿਲਾਂ ਵੀ ਕੋਈ ਨਾ ਕੋਈ ਲੀਡਰ ਵਿਦੇਸ਼ਾਂ ਦੇ ਦੌਰੇ ਤੇ ਆਉਂਦਾ ਰਹਿੰਦਾ ਸੀ ਪਰ ਉਹ ਦੌਰੇ ਜਾਂ ਤਾਂ ਸਰਕਾਰੀ ਹੁੰਦੇ ਸਨ ਜਾਂ ਨਿਜੀ। ਇਹਨਾਂ ਦੌਰਿਆਂ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ। ਇਹਨਾਂ ਨੂੰ ਇਕ ਮਹਿਮਾਨ ਦੇ ਤੌਰ ਤੇ ਦੇਖਿਆ ਜਾਂਦਾ ਸੀ ਅਤੇ ਬਣਦਾ ਮਾਣ ਸਤਿਕਾਰ ਵੀ ਦਿਤਾ ਜਾਂਦਾ ਸੀ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਐਵੇਂ ਕੰਨ ਦੁਖਦੇ ਦਾ ਬਹਾਨਾ ਕਰ ਕੇ ਹਰੇਕ ਨੇਤਾ ਵਿਦੇਸ਼ਾਂ ਵੱਲ ਨੂੰ ਤੁਰਿਆ ਆਉਂਦਾ ਹੈ ਅਤੇ ਆ ਕੇ ਸ਼ੁਰੂ ਕਰ ਦਿੰਦਾ ਏਥੇ ਆਪਣੀਆਂ ਸਿਆਸੀ ਗਤੀਵਿਧੀਆਂ। ਕੁਝ ਇੱਕ ਨੂੰ ਕੁਰਸੀ ਦਾ ਚਸਕਾ ਪਾ ਕੇ ਲੋਕਲ ਨੇਤਾ ਥਾਪ ਦਿੰਦਾ ਹੈ। ਫੇਰ ਸ਼ੁਰੂ ਕਰ ਦਿੰਦਾ ਹੈ ਆਪਣਾ ਅਸਲੀ ਮਕਸਦ ਡਾਲਰ ਇਕੱਠੇ ਕਰਨ ਦਾ। ਏਸੇ ਦਾ ਨਤੀਜਾ ਹੈ ਕਿ ਹੁਣ ਕਿਧਰੇ ਨੀਲੇ, ਕਿਧਰੇ, ਚਿੱਟੇ ਤੇ ਕਿਧਰੇ ਖ਼ਾਕੀ ਲੀਡਰਾਂ ਦੇ ਝੁੰਡ ਤੁਹਾਨੂੰ ਹਰ ਰੋਜ ਦੇਖਣ ਨੂੰ ਮਿਲ ਜਾਣਗੇ।
ਹੁਣ ਸਾਡੀ ਇੱਕ ਗਲ ਸਮਝ ਨਹੀਂ ਆਉਂਦੀ ਕਿ ਇਹ ਅਖੌਤੀ ਨੇਤਾ ਏਥੇ ਏਹੋ ਜੇਹਾ ਕੀ ਸੰਵਾਰਨ ਆਉਂਦੇ ਹਨ ਜਿਹੜਾ ਏਥੋਂ ਦੀਆਂ ਸਰਕਾਰਾਂ ਤੋਂ ਨਹੀਂ ਹੁੰਦਾ! ਸੋਚਣ ਵਾਲ਼ੀ ਗੱਲ ਹੈ ਕਿ ਏਥੇ ਨਾ ਤਾਂ ਕਿਤੇ ਟੁੱਟੀਆਂ ਸੜਕਾਂ ਨੇ, ਨਾ ਕਿਤੇ ਕੋਈ ਸਿਹਤ ਸਹੂਲਤਾਂ ਦੀ ਘਾਟ ਆ, ਨਾ ਕਿਸੇ ਸਕੂਲ ਵਿੱਚ ਤਿੰਨ ਸੌ ਜੁਆਕਾਂ ਲਈ ਇਕ ਮਾਸਟਰ ਹੈ, ਨਾ ਕਿਤੇ ਸਾਡੇ ਕੋਈ ਹੱਕ ਹੀ ਖਾ ਰਿਹਾ ਹੈ, ਨਾ ਬੁਢਾਪਾ ਪੈਨਸ਼ਨ ਲੈਣ ਲਈ ਪਟਵਾਰੀਆਂ ਦੀ ਦੇਹਲੀ ਨੀਵੀਂ ਤੇ ਤਲੀ ਗਰਮ ਕਰਨੀ ਪੈਂਦੀ ਹੈ, ਨਾ ਕਿਤੇ ਕੰਡਕਟਰ ਭਾਰਤੀ ਹੋਣ ਲਈ ਟ੍ਰਾਂਸਪੋਰਟ ਮੰਤਰੀ ਦਾ ਫ਼ੋਨ ਕਰਵਾਉਣਾ ਪੈਂਦਾ ਹੈ ਅਤੇ ਨਾ ਹੀ ਕਿਸੇ ਕੰਮ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਲਾਉਣੇ ਪੈਂਦੇ ਹਨ। ਬਿਜਲੀ ਦਾ ਕੋਈ ਰੌਲ਼ਾ ਹੀ ਨਹੀਂ; ਜੇ ਇਹ ਕਿਤੇ ਜਾਊ ਤਾਂ ਹੀ ਆਉਣ ਦੀ ਸਮੱਸਿਆ ਆਵੇਗੀ! ਹੁਣ ਤੁਸੀਂ ਹੀ ਦੱਸੋ ਕਿ ਇਹਨਾਂ ਦਾ ਅਸਲੀ ਮਕਸਦ ਕੀ ਹੋ ਸਕਦਾ ਹੈ ਏਥੇ ਦੇ ਭਲਵਾਨੀ ਗੇੜੇ ਦੇਣ ਦਾ! ਅਸੀਂ ਤਾਂ ਸੋਚ ਸੋਚ ਕੇ ਇਕ ਹੀ ਨਤੀਜਾ ਕੱਢਿਆ ਕਿ ਜਾਂ ਤਾਂ ਇਹ ਆਪਣਾ ਕਾਲ਼ਾ ਧਨ ਸਾਂਭਣ ਆਉਂਦੇ ਹਨ ਜਾਂ ਫੇਰ ਏਥੇ ਡਾਲਰ ਇਕੱਠੇ ਕਰਨ ਆਉਂਦੇ ਹੋਣਗੇ! ਕਿਉਂਕਿ ਜੇ ਇਹਨਾਂ ਦਾ ਮਕਸਦ ਸਮੱਸਿਆ ਸੁਲਝਾ ਕੇ ਜਨਤਾ ਦੀ ਸੇਵਾ ਕਰਨਾ ਹੁੰਦਾ ਤਾਂ ਇਹ ਕਾਰਜ ਇਹ ਅਖੌਤੀ ਨੇਤਾ ਆਪਣੇ ਦੇਸ਼ ਵਿੱਚ ਹੀ ਕਰ ਲੈਂਦੇ! ਹੁਣ ਇਕ ਹੋਰ ਗੱਲ ਏਥੇ ਸੋਚਣ ਦੀ ਇਹ ਹੈ ਕਿ ਜੇ ਇਹਨਾਂ ਨੂੰ ਇਕੱਲੇ ਡਾਲਰ ਹੀ ਪਿਆਰੇ ਹੁੰਦੇ ਤਾਂ ਇਹ ਪੱਕੇ ਤੋਰ ਤੇ ਵਿਦੇਸ਼ ਹੀ ਆ ਵਸਦੇ। ਨਹੀਂ ਮੇਰੇ ਵੀਰੋ ਇਹਨਾਂ ਨੂੰ ਇਕੱਲੇ ਡਾਲਰਾਂ ਨਾਲ ਪ੍ਰੇਮ ਨਹੀਂ ਇਹਨਾਂ ਨੂੰ ਤਾਂ ਚੌਧਰ, ਕੁਰਸੀ, ਵਾਹ-ਵਾਹ, ਚਮਚਾਗੀਰੀ, ਸਲੂਟਾਂ ਨਾਲ ਹੀ ਪ੍ਰੇਮ ਹੈ। ਭਾਵੇਂ ਇਹ ਆਪਣੀ ਨੇਤਾਗੀਰੀ ਵਿਦੇਸ਼ ਵਿਚ ਆ ਕੇ ਵੀ ਕਰ ਸਕਦੇ ਹਨ ਪਰ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਏਥੇ ਉਹੋ ਜਿਹੇ ਨਜ਼ਾਰੇ ਨਹੀਂ ਆਉਣੇ ਜੋ ਇੰਡੀਆ ਵਿਚ ਹਨ। ਏਥੇ ਤਾਂ ਸੱਚੀਂ-ਮੁੱਚੀਂ ਦਾ ਸੇਵਾਦਾਰ ਬਣਨਾ ਪੈਂਦਾ ਨਾ ਕਿ ਕਾਗਜ਼ੀ!
ਹੁਣ ਤੁਸੀ ਸੋਚਦੇ ਹੋਵੋਗੇ ਕਿ ਕੋਈ ਮਰਜ਼ੀ ਕੁਝ ਕਰੀ ਜਾਵੇ ਤੁਹਾਨੂੰ ਕੀ ਤਕਲੀਫ਼? ਭਰਾਵੋ, ਜੇ ਤਕਲੀਫ਼ ਹੋਈ ਹੈ ਤਾਂ ਹੀ ਇਹ ਖ਼ਤ ਲਿਖਣ ਬੈਠੇ ਹਾਂ। ਸਭ ਤੋਂ ਵੱਡੀ ਤਕਲੀਫ਼ ਤਾਂ ਇਹ ਹੈ ਕਿ ਆਮ ਜਨਤਾ, ਜਿਸ ਨੇ ਕਰੜੀ ਮਿਹਨਤ ਸਦਕਾ ਇਕ ਚੰਗੇ ਸਿਸਟਮ ਵਿੱਚ ਹਾਲੇ ਸੁੱਖ ਦਾ ਸਾਹ ਲੈਣਾ ਸ਼ੁਰੂ ਹੀ ਕੀਤਾ ਸੀ ਤੇ ਓਹੀ ਕਲੇਸ਼ ਏਥੇ ਵੀ ਸ਼ੁਰੂ ਹੋ ਗਿਆ। ਅਸੀਂ ਵਿਦੇਸ਼ਾਂ ਵਿੱਚ ਵੱਖ ਵੱਖ ਥਾਂਵਾਂ ਤੋਂ ਆ ਕੇ ਵਸੇ ਹੋਣ ਕਰਕੇ ਸਾਡੇ ਵਿੱਚ ਕੋਈ ਜਿਆਦਾ ਸ਼ਰੀਕਾ ਨਹੀਂ ਸੀ ਪਰ ਇਹਨਾਂ ਨੇ ਆ ਕੇ ਸਾਡੇ ਵਿੱਚ ਫੇਰ ਵੰਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਅਸੀਂ ਇਕ ਦੂਜੇ ਨੂੰ ਉਸ ਦੇ ਪਿੰਡ ਜਾ ਹਲਕੇ ਕਰਕੇ ਜਾਣਦੇ ਹੁੰਦੇ ਸੀ ਕਿ ਫ਼ਲਾਣਾ ਸਿਓਂ ਮਾਲਵੇ ਦਾ ਤੇ ਫ਼ਲਾਣਾ ਸਿਓਂ ਦੁਆਬੇ ਦਾ। ਹੁਣ ਸਾਡੀ ਪਛਾਣ ਪਾਰਟੀਆਂ ਦੇ ਆਧਾਰ ਤੇ ਹੁੰਦੀ ਹੈ। ਕੋਈ ਜਿੱਤਦਾ ਹਾਰਦਾ ਪੰਜਾਬ 'ਚ ਹੈ ਤੇ ਮੇਹਣੋ-ਮੇਹਣੀਂ ਅਸੀਂ ਏਥੇ ਹੋਣ ਲੱਗ ਜਾਂਦੇ ਹਾਂ। ਹੁਣ ਸਾਨੂੰ ਆਪਣਿਆਂ ਦਾ ਫ਼ਿਕਰ ਘੱਟ ਤੇ ਪਾਰਟੀਆਂ ਦਾ ਫ਼ਿਕਰ ਜਿਆਦਾ ਰਹਿੰਦਾ ਹੈ। ਏਥੋਂ ਤੱਕ ਕਿ ਹੁਣ ਸਾਡਾ ਆਪਣੇ ਦੇਸ਼ ਗੇੜਾ ਲਾਉਣ ਦਾ ਪ੍ਰੋਗਰਾਮ ਵੀ ਵੋਟਾਂ ਦੇ ਹਿਸਾਬ ਨਾਲ ਹੀ ਬਣਦਾ ਹੈ। ਸਾਨੂੰ ਸੁਖ ਇਹਨਾਂ ਦਾ ਭੋਰਾ ਵੀ ਨਹੀਂ ਹੈ। ਜਦੋਂ ਕਦੇ ਸਾਨੂੰ ਕੋਈ ਲੋੜ ਪੈਂਦੀ ਹੈ ਤਾਂ ਉਹ ਫੇਰ ਵਿਚਾਰੇ ਡਾਲਰ ਹੀ ਪੂਰੀ ਕਰਦੇ ਹਨ। ਜੋ ਪਿੱਛੇ ਸਾਡੀ ਜਾਇਦਾਦ ਹੈ, ਉਹਨਾਂ ਨੂੰ ਜਿਆਦਾ ਖ਼ਤਰਾ ਇਹਨਾਂ ਤੋਂ ਹੀ ਹੁੰਦਾ ਹੈ ਕਿਉਂਕਿ ਇਹਨਾਂ ਦੇ ਇਸ਼ਾਰੇ ਤੇ ਹੀ ਕੋਈ ਨਾ ਕੋਈ ਸਾਡੀ ਜਾਇਦਾਦ ਉਤੇ ਅੱਖ ਰੱਖ ਲੈਂਦਾ ਹੈ ਤੇ ਫੇਰ ਸਾਨੂੰ ਦੋਹਾਂ ਪਾਸਿਆਂ ਤੋਂ ਰਗੜਾ ਚੜ੍ਹਦਾ ਹੈ। ਜੇ ਅਸੀਂ ਆਪਣੇ ਹੱਡ ਬਚਾਉਣ ਆਪਣੇ ਮੁਲਕ ਆਉਂਦੇ ਹਾਂ ਤਾਂ ਵੀ ਸਭ ਨੂੰ ਸਾਡੇ ਡਾਲਰ ਹੀ ਦਿਸਦੇ ਹਨ; ਸਾਡਾ ਵਜੂਦ ਕੋਈ ਖ਼ਾਸ ਮਹਿਨਾ ਨਹੀਂ ਰੱਖਦਾ। ਜਦੋਂ ਅਸੀਂ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਕਰਨ ਥਾਣਿਆਂ 'ਚ ਜਾਂਦੇ ਹਾਂ ਤਾਂ ਮੂਹਰਿਓਂ ਅਫ਼ਸਰ ਲਾਲ਼ਾਂ ਸਿੱਟੀ ਜਾਂਦੇ ਆ। ਜੇ ਉਹਨਾਂ ਤੋਂ ਬਚਣ ਲਈ ਇਹਨਾਂ ਲੀਡਰਾਂ ਕੋਲ ਜਾਈਦਾ ਤਾਂ ਮਹਿਸੂਸ ਹੁੰਦਾ ਕਿ ਇਸ ਨਾਲੋਂ ਤੋਂ ਉਸ ਅਫ਼ਸਰ ਦਾ ਮੂੰਹ ਹੀ ਛੋਟਾ ਸੀ ਤੇ ਸੌਖਾ ਭਰ ਜਾਂਣਾ ਸੀ। ਫੇਰ ਭਗਵੰਤ ਮਾਨ ਦੀ ਉਹ ਗੱਲ ਚੇਤੇ ਆਉਂਦੀ ਹੈ ਕਿ ਸਾਨੂੰ ਕੀ ਫਾਇਦਾ ਹੋਇਆ ਤੁਹਾਨੂੰ ਐਲ।ਐਮ।ਏ। (ਐਮ।ਐਲ।ਏ।) ਬਣਾਉਣ ਦਾ? ਦੁੱਖ ਤਾਂ ਹੋਰ ਵੀ ਬਥੇਰੇ ਹਨ ਪਰ ਇਸ ਲਈ ਤਾਂ ਪੂਰੀ ਕਿਤਾਬ ਲਿਖਣੀ ਪੈਣੀ ਹੈ। ਇਸ ਲਈ ਅਗਲੀ ਤਕਲੀਫ਼ ਤੇ ਜਾਂਦੇ ਹਾਂ।
ਸਾਡਾ ਦੂਜਾ ਦੁੱਖ ਸੰਵੇਦਨਸ਼ੀਲ ਹੈ; ਇਸ ਲਈ ਇਹ ਤੁਹਾਡੇ ਨਾਲ ਸਾਂਝਾ ਕਰਨਾ ਅਤਿ ਜਰੂਰੀ ਹੈ। ਸਾਡਾ ਸਿੱਖ ਧਰਮ ਵੇਲੇ ਵੇਲੇ ਸਿਰ ਕਿਸੇ ਨਾ ਕਿਸੇ ਰੋਗ ਨਾਲ ਪੀੜਤ ਹੀ ਰਿਹਾ ਹੈ। ਕਦੇ ਵਕਤ ਦੇ ਹਾਕਮਾਂ ਨੇ ਸਾਨੂੰ ਦਬਾਉਣ ਦੀ ਕੋਸ਼ਸ਼ ਕੀਤੀ ਤੇ ਕਦੇ ਹੋਰ ਕੌਮਾਂ ਨੂੰ ਸਾਡਾ ਧਰਮ ਚੁਭਣ ਲੱਗਿਆ ਤੇ ਕਦੇ ਸਾਡੇ ਆਪਣਿਆਂ ਨੇ ਸਾਨੂੰ ਅੰਦਰੋਂ ਅੰਦਰੀਂ ਵੰਡਿਆ। ਕਦੇ ਮਸੰਦਾਂ ਨੇ ਸਾਨੂੰ ਖੋਰਾ ਲਾਇਆ। ਅੱਜ ਦੇ ਵਕਤ ਵਿੱਚ ਜੇ ਕੋਈ ਸਿੱਖ ਕੌਮ ਨੂੰ ਖੋਰਾ ਲਾ ਰਿਹਾ ਹੈ ਤਾਂ ਇਹ ਹਨ ਆਪੇ ਬਣੇ ਬਾਬੇ ਅਤੇ ਸੰਤ।ਅਸੀਂ ਪਹਿਲਾਂ ਵੀ ਚਿੰਤਾ ਵਿੱਚ ਰਹਿੰਦੇ ਸੀ ਕਿ ਸਾਡਾ ਧਰਮ ਕਿਧਰ ਨੂੰ ਜਾ ਰਿਹਾ ਹੈ।ਪਰ ਹੁਣ ਤਾਂ ਅਸੀਂ ਇਹਨਾਂ ਅਖੌਤੀ ਬਾਬਿਆਂ ਤੋਂ ਬਹੁਤ ਹੀ ਦੁਖੀ ਹੋ ਗਏ ਹਾਂ।ਹਰ ਤੀਜੇ ਦਿਨ ਜਥਾ ਲੈ ਕੇ ਵਿਦੇਸ਼ਾਂ ਚ ਆ ਬਹੁੜਦੇ ਹਨ ਅਤੇ ਸਾਨੂੰ ਜਜ਼ਬਾਤੀ ਕਰ ਕੇ ਆਪਣੀਆਂ ਝੋਲ਼ੀਆਂ ਭਰ ਕੇ ਮੁੜ ਜਾਂਦੇ ਹਨ। ਹਰ ਵਾਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਮਹਾਂਪੁਰਖ ਸਾਨੂੰ ਮੁਕਤੀ ਦਾ ਰਾਹ ਦਿਖਾਏਗਾ ਪਰ ਜਦ ਕਿਸੇ ਵੀ ਬਾਬੇ ਦੀ ਆਮਦ ਦਾ ਪਤਾ ਚਲਦਾ ਹੈ ਕਿ ਐਨੀ ਤਾਰੀਖ਼ ਨੂੰ ਸੰਤ ਜੀ ਆ ਰਹੇ ਹਨ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਕੱਚੇ ਚਿੱਠੇ ਏਥੇ ਪਹੁੰਚ ਜਾਂਦੇ ਹਨ। ਇਹਨਾਂ ਨੂੰ ਸੁਣ ਸੁਣ ਕੇ ਬਾਬੇ ਦੇ ਆਉਣ ਤੱਕ ਬਾਬੇ ਚ ਸ਼ਰਧਾ ਹੀ ਨਹੀਂ ਰਹਿੰਦੀ। ਸਾਨੂੰ ਇਹ ਵੀ ਪਤਾ ਕਿ ਭਾਵੇਂ ਕੋਈ ਕਿੰਨਾ ਵੀ ਮਾੜਾ ਬਾਬਾ ਹੋਵੇ ਪਰ ਜਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬੈਠ ਕੇ ਕਥਾ ਕੀਰਤਨ ਕਰਦਾ ਹੈ ਤਾਂ ਉਹ ਕੋਈ ਬੁਰਾਈ ਨਹੀਂ ਕਰ ਸਕਦਾ ਪਰ ਅਸੀਂ ਕੀ ਕਰੀਏ ਜਦੋਂ ਸਾਡੇ ਜ਼ਿਹਨ ਵਿੱਚ ਬਾਬੇ ਦਾ ਅਸਲੀ ਰੂਪ ਘੁੰਮ ਰਿਹਾ ਹੁੰਦਾ ਹੈ ਤਾਂ ਮਨ ਉਹਨਾਂ ਦੇ ਵਿਚਾਰਾਂ ਵਿਚ ਲਗਦਾ ਹੀ ਨਹੀਂ।
ਭਰਾਵੋ, ਤੁਹਾਡੇ ਅੱਗੇ ਬੇਨਤੀ ਹੈ ਕਿ ਜਾਂ ਤਾਂ ਤੁਸੀ ਇਹੋ ਜਿਹੇ ਬਾਬਿਆਂ ਨੂੰ ਸਾਡੇ ਕੋਲ ਭੇਜਿਆ ਨਾ ਕਰੋ ਜਾਂ ਫੇਰ ਇਹਨਾਂ ਦੀਆਂ ਕਰਤੂਤਾਂ ਆਪਣੇ ਕੋਲ ਰੱਖ ਲਿਆ ਕਰੋ। ਇਸ ਨਾਲ ਅਸੀਂ ਅਣਜਾਣਪੁਣੇ ਵਿੱਚ ਕੁਝ ਵਕਤ ਰੱਬ ਦਾ ਨਾਂ ਤਾਂ ਚਿੱਤ ਲਾ ਕੇ ਲੈ ਲਿਆ ਕਰਾਂਗੇ। ਜੇ ਅਸਲੀ ਪੁੱਛੋ ਤਾਂ ਤੁਸੀਂ ਇਹਨਾਂ ਨੂੰ ਏਥੇ ਨਾ ਹੀ ਭੇਜਿਆ ਕਰੋ। ਜੇ ਭੇਜਣਾ ਵੀ ਹੋਵੇ ਤਾਂ ਕੋਈ ਆਪਣੇ ਨਾਂ ਮੂਹਰੇ ਗਿਆਨੀ, ਭਾਈ ਜਾਂ ਕਥਾ ਵਾਚਕ ਲਗਾਉਣ ਵਾਲਾ ਭੇਜ ਦਿਆ ਕਰੋ ਨਹੀਂ ਤਾਂ ਇਕੱਲੇ ਕੀਰਤਨ ਕਰਨ ਵਾਲੇ ਸਿੰਘ ਹੀ ਭੇਜ ਦਿਆ ਕਰੋ ਕਿਉਂਕਿ ਅਸੀਂ ਪਿਛਲੇ ਕਾਫ਼ੀ ਸਮੇਂ ਤੋਂ ਇਹ ਤੱਤ ਕੱਢਿਆ ਹੈ ਕਿ ਇਹਨਾਂ ਅਖੌਤੀ ਸੰਤਾਂ ਨਾਲੋਂ ਇਹ ਲੋਕ ਹਜ਼ਾਰ ਗੁਣਾਂ ਚੰਗੇ ਹੁੰਦੇ ਹਨ। ਘੱਟ ਤੋਂ ਘੱਟ ਇਹ ਸਾਡੇ ਜਜ਼ਬਾਤ ਤਾਂ ਨਹੀਂ ਭੜਕਾਉਂਦੇ। ਨਾ ਹੀ ਇਹਨਾਂ ਨੂੰ ਪੈਰੀਂ ਹੱਥ ਲਗਵਾਉਣ ਦਾ ਚਸਕਾ ਹੁੰਦਾ, ਨਾ ਹੀ ਇਹਨਾਂ ਨੂੰ ਇਕ ਦੂਜੇ ਤੋਂ ਵੱਡਾ ਡੇਰਾ ਤੇ ਇਮਾਰਤਾਂ ਬਣਾਉਣ ਲਈ ਫ਼ੰਡ ਚਾਹੀਦਾ ਹੁੰਦਾ। ਬੱਸ ਜੋ ਮੱਥਾ ਟੇਕ ਦਿਓ ਓਸੇ ਨਾਲ ਸਬਰ ਕਰ ਲੈਂਦੇ ਹਨ ਅਤੇ ਜੇ ਮਰਯਾਦਾ ਮੁਤਾਬਿਕ ਸਿਰੋਪਾ ਦੀ ਬਖਸ਼ਿਸ਼ ਹੋ ਜਾਵੇ ਤਾਂ ਹੋਰ ਵੀ ਚੰਗਾ। ਇਸ ਦੇ ਉਲ਼ਟ ਆਪਣੇ ਮੂਹਰੇ ਸੰਤ ਲਗਾਉਣ ਵਾਲੇ ਇਹੋ ਜਿਹੀਆਂ ਉਦਾਹਰਣਾਂ ਦਿੰਦੇ ਹਨ ਕਿ ਇਕ ਅਡੋਲ ਗੁਰਸਿੱਖ ਵੀ ਡੋਲ ਜਾਂਦਾ ਹੈ। ਭਰਾਵੋ, ਜੋ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਉਸ ਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਇਕ ਸੰਤ ਦੀ ਨਿੰਦਿਆ ਦਾ ਕੀ ਨਤੀਜਾ ਨਿਕਲਦਾ ਹੈ; ਇਸ ਲਈ ਉਹ ਇਕ ਸੰਤ ਪ੍ਰਤੀ ਕੋਈ ਸ਼ਬਦ ਬੋਲਣ ਤੋਂ ਪਹਿਲਾਂ ਕਈ ਵਾਰ ਸੋਚਦਾ ਹੈ। ਬੱਸ ਸਾਡੀ ਏਸੇ ਕਮਜੋਰੀ ਦਾ ਇਹ ਅਖੌਤੀ ਸੰਤ ਲਾਭ ਲੈ ਰਹੇ ਹਨ। ਅਸੀਂ ਤਾਂ ਹੈਰਾਨ ਹਾਂ ਕਿ ਇਹਨਾਂ ਨੂੰ ਰੱਬ ਦਾ ਭੋਰਾ ਵੀ ਡਰ ਨਹੀਂ ਹੈ; ਉਲ਼ਟਾ ਹਿੱਕ ਤਾਣ ਕੇ ਗ਼ਲਤੀਆਂ ਕਰਦੇ ਹਨ। ਇਕ ਦਿਨ ਦੀ ਗਲ ਤੁਹਾਨੂੰ ਸੁਣਾਉਂਦਾ ਹਾਂ। ਅਸੀਂ ਕਿਸੇ ਇਕ ਬਾਬੇ ਨੂੰ ਉਸ ਦੀ ਪੁਰਾਣੀ ਕਰਤੂਤ ਯਾਦ ਕਰਵਾ ਦਿੱਤੀ ਤਾਂ ਮੂਹਰੋਂ ਕਹਿੰਦਾ, ''ਆਖ਼ਰ ਅਸੀਂ ਨੌਂ ਸੌ ਚੂਹਾ ਖਾ ਕੇ ਹੱਜ ਨੂੰ ਤਾਂ ਆ ਗਏ; ਕਈ ਤਾਂ ਹੱਜ ਕਰਦੇ ਵੀ ਚੂਹੇ ਖਾਈ ਜਾਂਦੇ ਹਨ''।ਹੁਣ ਤੁਸੀ ਦੱਸੋ ਇਹੋ ਜਿਹੇ ਵਿਚਾਰਾਂ ਵਾਲੇ ਕੌਮ ਦਾ ਕੀ ਸਵਾਰ ਦੇਣਗੇ? ਪਹਿਲਾਂ ਤਾਂ ਇਹ ਦੀਵਾਨ ਲਾਉਣ ਤੋਂ ਪਹਿਲਾਂ ਕਿਸੇ ਕਲਾਕਾਰ ਵਾਂਗੂੰ ਸ਼ਰਤਾਂ ਪੂਰੀਆ ਕਰਵਾ ਕੇ ਆਉਂਦੇ ਹਨ ਤੇ ਫੇਰ ਜਾਣ ਲੱਗੇ ਨਖ਼ਰੇ ਕਰਦੇ ਹਨ ਕਿ ਜੇਹੜੀ ਲੋਈ ਤੁਸੀ ਦਿੱਤੀ ਹੈ ਇਹੋ ਜਿਹੀ ਤਾਂ ਸਾਡੇ ਸੇਵਾਦਾਰ ਵੀ ਉਤੇ ਨਹੀਂ ਲੈਂਦੇ। ਇਕ ਹੋਰ ਖ਼ਾਸ ਗਲ ਇਹ ਹੈ ਕਿ ਜੇ ਤੁਹਾਡੇ ਚ ਹਿੰਮਤ ਹੈ ਤਾਂ ਇਹਨਾਂ ਅਖੌਤੀ ਸੰਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਲਾਈ ਲੰਗਰ ਦੀ ਮਹਾਨ ਪਰੰਪਰਾ ਮੁਤਾਬਿਕ, ਪੰਗਤ ਵਿੱਚ ਬਹਿ ਕੇ ਲੰਗਰ ਛਕਾ ਕੇ ਦਿਖਾ ਦਿਓ ਤਾਂ ਅਸੀਂ ਤੁਹਾਡੇ ਵੱਲੋਂ ਭੇਜੇ ਹਰ ਸੰਤ ਦੇ ਪੈਰਾਂ ਹੇਠ ਹੱਥ ਰੱਖਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੇ ਸੰਤ ਦੀ ਨਿੰਦਿਆ ਨਾ ਕਰਨ ਲਈ ਕਿਹਾ ਗਿਆ ਹੈ ਤਾਂ ਇਸ 'ਧੁਰ ਕੀ ਬਾਣੀ' ਵਿੱਚ ਸੰਤ ਦੀ ਪ੍ਰੀਭਾਸ਼ਾ ਵੀ ਦਰਜ ਹੈ ਕਿ ਸੰਤ ਕਿਹੋ ਜਿਹੇ ਹੁੰਦੇ ਹਨ।
ਸਾਧ ਕੀ ਸੋਭਾ ਊਚ ਤੇ ਊਚੀ॥
ਸਾਧ ਕੀ ਸੋਭਾ ਮੂਚ ਤੇ ਮੂਚੀ॥
ਸਾਧ ਕੀ ਸੋਭਾ ਸਾਧ ਬਨਿ ਆਈ॥
ਨਾਨਕ ਸਾਧ ਪ੍ਰਭ ਭੇਦੁ ਨ ਭਾਈ॥੮॥੭॥ (੨੭੨)
ਪਹਿਲਾਂ ਸਿੱਖ ਇਤਿਹਾਸ ਵਿੱਚ ਅਸੀਂ ਬਹੁਤ ਕਰਨੀ ਵਾਲੇ ਸੰਤਾਂ ਬਾਰੇ ਪੜ੍ਹ ਚੁਕੇ ਹਾਂ ਪਰ ਅੱਜ ਤੱਕ ਇਹ ਨਹੀਂ ਸੁਣਿਆ ਕਿ ਕਿਸੇ ਸੰਤ ਨੇ ਮਹਿਲ ਉਸਾਰੇ ਹੋਣ ਜਾਂ ਫਿਰ ਗੰਨਮੈਨ ਰੱਖੇ ਹੋਣ। ਅਸੀਂ ਤਾਂ ਕੁਝ ਇਹੋ ਜਿਹੇ ਮਹਾਂਪੁਰਖਾਂ ਨੂੰ ਜਰੂਰ ਜਾਣਦੇ ਹਾਂ ਜੇਹੜੇ ਸਾਰੀ ਉਮਰ ਕੱਖਾਂ ਦੀਆਂ ਕੁੱਲੀਆਂ ਵਿੱਚ ਨਾਮ ਸਿਮਰਨ ਕਰਦੇ ਰਹੇ ਤੇ ਜਾਣ ਲੱਗਿਆਂ ਕੋਈ ਯਾਦਗਾਰ ਵੀ ਨਹੀਂ ਛੱਡ ਕੇ ਗਏ। ਤੁਸੀ ਅਕਸਰ ਸੁਣਦੇ ਹੋ ਕਿ ਸਾਧਾਂ ਨੂੰ ਕੀ ਸੁਆਦਾਂ ਨਾਲ਼? ਪਰ ਅਜ ਕਲ੍ਹ ਦੇ ਸੰਤਾਂ ਨੂੰ ਤਾਂ ਲੰਗਰ ਦਾ ਪ੍ਰਸ਼ਾਦਾ ਚੰਗਾ ਨਹੀਂ ਲਗਦਾ। ਐਸ।ਯੂ।ਬੀ। ਗੱਡੀ ਤੋਂ ਬਿਨਾਂ ਇਹਨਾਂ ਨੂੰ ਯਾਤਰਾ ਕਰਨੀ ਸੋਭਾ ਨਹੀਂ ਦਿੰਦੀ। ਪੰਜ ਸੱਤ ਗੰਨਮੈਨਾ ਬਿਨਾਂ ਵੀ ਕਾਹਦੀ ਸਾਧ ਗਿਰੀ? ਤੁਸੀ ਦੱਸੋ, ਆਪਣੀ ਜਾਨ ਦੀ ਰਾਖੀ ਦੂਜਿਆਂ ਤੋਂ ਕਰਵਾਉਣ ਵਾਲਾ ਦੂਜੇ ਦੀ ਜਾਨ ਕਿਵੇਂ ਬਚਾਊ? ਜੇ 'ਸਾਧ' ਸ਼ਬਦ ਵਰਤਿਆ ਤਾਂ ਤੁਹਾਨੂੰ ਇਸ ਦੇ ਅੱਖਰੀ ਅਰਥ ਵੀ ਯਾਦ ਕਰਵਾ ਦੇਵਾਂ। ਸਾਧ ਦਾ ਮਤਲਬ ਹੈ ਜਿਸ ਨੇ ਸਭ ਕੁਝ ਸਾਧ ਲਿਆ ਹੋਵੇ। ਉਂਜ ਜੇ ਦੇਖਿਆ ਜਾਵੇ ਤਾਂ ਇਹਨਾਂ ਵੀ ਸਭ ਕੁਝ ਸਾਧ ਹੀ ਲਿਆ ਹੈ। ਬੱਸ ਫ਼ਰਕ ਯੁੱਗ ਦਾ ਹੈ। ਕਲਯੁਗ ਵਿੱਚ ਜੋ ਬੰਦਾ ਕੋਠੀ, ਕਾਰ, ਕੁੱਕੜ, ਕੁੜੀ ਅਤੇ ਕੈਸ਼; ਇਹਨਾਂ ਪੰਜ ਚੀਜ਼ਾਂ ਤੇ ਆਪਣੀ ਪਕੜ ਮਜ਼ਬੂਤ ਕਰ ਲਵੇ ਓਹੀ ਸਾਧ ਹੁੰਦਾ ਹੈ। ਅਸਲ ਵਿੱਚ ਇਹਨਾਂ ਨੂੰ ਸੰਤ ਦੀ ਥਾਂ ਤੇ ਅਸੰਤ ਕਿਹਾ ਜਾਵੇ ਤਾਂ ਜਿਆਦਾ ਠੀਕ ਹੋਵੇਗਾ ਕਿਉਂਕਿ ਗੁਰਬਾਣੀ ਵਿੱਚ ਇਸ ਦੀ ਪ੍ਰੀਭਾਸ਼ਾ ਇੰਜ ਦਰਜ ਹੈ:
ਅਸੰਤੁ ਅਨਾੜੀ ਕਦੇ ਨ ਬੂਝੈ॥
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ॥
ਅੰਧੁ ਅਗਿਆਨੀ ਕਦੇ ਨ ਸੀਝੈ॥੨॥ (੧੬੦)
ਇਸ ਦੇ ਨਾਲ ਹੀ ਗੁਰਬਾਣੀ ਵਿੱਚ ਜੋ ਤ੍ਰੈ ਗੁਣਾਂ ਦਾ ਜ਼ਿਕਰ ਆਉਂਦਾ ਹੈ ਉਹਨਾਂ ਦੇ ਨਾਂ ਹਨ: ਰੱਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਇਸ ਦੀ ਪੂਰੀ ਵਿਆਖਿਆ ਕਰਨ ਤੋਂ ਤਾਂ ਅਸੀਂ ਅਗਿਆਨੀ ਅਸਮਰਥ ਹਾਂ ਪਰ ਏਨਾ ਕੁ ਜਰੂਰ ਪਤਾ ਹੈ ਕਿ ਅੱਜ ਕਲ੍ਹ ਦੇ ਸੰਤ ਪਹਿਲੇ ਦੋ ਗੁਣਾਂ ਵਿਚ ਵਿਸ਼ਵਾਸ ਕਰਦੇ ਹਨ ਅਤੇ ਤੀਜਾ ਸਤੋ ਗੁਣ ਤਾਂ ਇਹਨਾਂ ਨੂੰ ਚੰਗਾ ਨਹੀਂ ਲਗਦਾ। ਗੁਰਬਾਣੀ ਅਸਲੀ ਸੰਤ ਦੀ ਮਹਾਨਤਾ ਬਾਰੇ ਸਾਨੂੰ ਦੱਸਦੀ ਹੈ ਕਿ ਸੰਤ ਏਥੇ ਅਤੇ ਦਰਗਾਹੇ ਆਪ ਆਪਣੇ ਭਗਤਾਂ ਨੂੰ ਬਾਂਹ ਫੜ ਕੇ ਪਾਰ ਲੰਘਾਉਂਦਾ ਹੈ ਪਰ ਅੱਜ ਦਾ ਸੰਤ ਏਥੇ ਤਾਂ ਸਾਡਾ ਗੀਝਾ ਫੋਲਣ ਦੀ ਕੋਸ਼ਸ਼ ਕਰਦਾ ਅਤੇ ਅੱਗੇ ਕਿਸੇ ਦੇਖਿਆ ਨਹੀਂ। ਗੁਰਬਾਣੀ ਵਿੱਚ ਅਥਾਹ ਵਿਸ਼ਵਾਸ ਰੱਖਣ ਕਰਕੇ ਸੰਤ ਦੀ ਨਿੰਦਿਆ ਕਰਨ ਵਿੱਚ ਡਰ ਤਾਂ ਬਹੁਤ ਲਗ ਰਿਹਾ ਹੈ ਪਰ ਹੌਸਲਾ ਇਕ ਹੀ ਗੱਲ ਦਾ ਹੈ ਕਿ ਗੁਰਬਾਣੀ ਦਾ ਹੋਕਾ ਸੱਚ ਤੇ ਬਸ ਸਚ ਹੈ। ਅਸਲੀ ਸੰਤ ਨੂੰ ਕੁਝ ਕਹਿਣਾ ਸੰਤ ਦੀ ਨਿੰਦਿਆ ਹੋ ਸਕਦੀ ਹੈ ਪਰ ਇਹਨਾਂ ਆਪੇ ਬਣੇ ਡਰਾਮੇ ਬਾਜਾਂ ਨੂੰ ਨੰਗਾ ਕਰਨ ਲਈ ਤਾਂ ਸੱਚ ਦੀ ਹੀ ਲੋੜ ਹੈ; ਚਾਹੇ ਉਹ ਕਿਸੇ ਦੇ ਹਜ਼ਮ ਹੋਵੇ ਚਾਹੇ ਨਾ ਹੋਵੇ।
ਪਿਛਲੇ ਦਿਨੀਂ ਕਿਸੇ ਸਾਡੇ ਨਾਲ ਇਸ ਦੁੱਖ ਵਿੱਚ ਸ਼ਰੀਕ ਹੁੰਦਿਆਂ ਦਲੀਲ ਦਿੱਤੀ ਕਿ ਹੁਣ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਾਲਾ ਵਕਤ ਆ ਗਿਆ ਹੈ ਤੇ ਸਾਨੂੰ ਮੱਖਣ ਸ਼ਾਹ ਲੁਬਾਣੇ ਵਾਂਗੂੰ ਅਸਲੀ ਸੰਤ ਲੱਭਣਾ ਪਊ ਪਰ ਯਾਰੋ, ਇਹ ਉਸ ਦੇ ਆਪਣੇ ਵਿਚਾਰ ਹੋ ਸਕਦੇ ਹਨ; ਸਾਨੂੰ ਤਾਂ ਇਹ ਗੱਲ ਜਚੀ ਨਹੀਂ। ਅਸੀਂ ਤਾਂ ਗੁਰੂ ਮਾਨਿਓ ਗ੍ਰੰਥ ਵਿੱਚ ਹੀ ਵਿਸ਼ਵਾਸ ਕਰਦੇ ਹਾਂ ਤੇ ਸਾਨੂੰ ਤਾਂ ਕਦੇ ਕਿਸੇ ਇਨਸਾਨ ਤੋਂ ਕੋਈ ਸੇਧ ਲੈਣ ਦੀ ਲੋੜ ਮਹਿਸੂਸ ਨਹੀਂ ਹੋਈ। ਜਦ ਕਦੇ ਕਿਸੇ ਦੁਚਿੱਤੀ ਵਿੱਚ ਆਏ ਤਾਂ ਬਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਵਿੱਚ ਬੜੀ ਖ਼ੁਸ਼ੀ ਮਹਿਸੂਸ ਹੋਈ ਹੈ ਪਰ ਹਾਂ, ਕਦੇ ਕਦੇ ਗਿਆਨੀ ਇਨਸਾਨ ਦੀ ਘਾਟ ਬਹੁਤ ਰੜਕਦੀ ਹੈ ਕਿਉਂਕਿ ਕਈ ਵਾਰ ਸਮੁੰਦਰੋਂ ਡੂੰਘੀ ਬਾਣੀ ਸਾਡੇ ਜਿਹੇ ਦੁਨਿਆਵੀ ਪੁਰਖਾਂ ਨੂੰ ਸਮਝ ਨਹੀਂ ਆਉਂਦੀ। ਇਸ ਲਈ ਉਸ ਵਕਤ ਗੁਰਬਾਣੀ ਦੇ ਦਾਇਰੇ ਵਿੱਚ ਰਹਿਣ ਵਾਲਾ ਕੋਈ ਗਿਆਨੀ ਸਾਨੂੰ ਬਾਣੀ ਦੀ ਡੂੰਘਾਈ ਸਮਝਾ ਦੇਵੇ ਤਾਂ ਸਾਨੂੰ ਬੜੀ ਤਸੱਲੀ ਹੋਵੇਗੀ। ਸੋ ਵੀਰੋ, ਜੇ ਤੁਸੀ ਸਚਮੁਚ ਹੀ ਸਾਡੀ ਮਦਦ ਕਰਨਾ ਚਾਹੁੰਦੇ ਹੋ ਤਾਂ ਗਿਆਨਵਾਨ ਕਥਾ ਵਾਚਕ ਸਾਡੇ ਕੋਲ ਭੇਜ ਦਿਆ ਕਰੋ ਜਿਨ੍ਹਾਂ ਤੋਂ ਅਸੀਂ ਤੇ ਸਾਡੀ ਜਵਾਨ ਹੋ ਰਹੀ ਪੀਹੜੀ ਕੁਝ ਸਿੱਖ ਕੇ ਗੁਰਸਿੱਖ ਬਣ ਸਕੇ। ਸਾਨੂੰ ਰਾਜੇ ਰਾਣੀਆਂ ਦੀਆਂ ਬਾਤਾਂ ਸੁਣਾਉਣ ਵਾਲ਼ੇ ਬਾਬੇ ਨਹੀਂ ਚਾਹੀਦੇ। ਗੁਰਬਾਣੀ ਪੜ੍ਹ ਸੁਣ ਕੇ ਸਾਨੂੰ ਏਨਾ ਕੁ ਗਿਆਨ ਤਾਂ ਆ ਹੀ ਗਿਆ ਹੈ ਕਿ ਜਿਸ ਨੂੰ ਸਚਮੁਚ ਦਾ ਗਿਆਨ ਹੁੰਦਾ ਹੈ ਉਹ ਕਦੇ ਆਪਣੇ ਨਾਂ ਅੱਗੇ ਸੰਤ ਨਹੀਂ ਲਿਖ ਸਕਦਾ। ਸਾਨੂੰ ਤਾਂ 'ਧੁਰ ਕੀ ਬਾਣੀ' ਦੇ ਸਹਾਰੇ ਮੁਕਤੀ ਦਾ ਰਾਹ ਦਿਖਾਉਣ ਵਾਲੇ ਕਿਸੇ ਮਹਾਪੁਰਖ ਦੀ ਉਡੀਕ ਹੈ ਜੋ ਹਾਲੇ ਤਕ ਤਾਂ ਸਾਨੂੰ ਮਿਲਿਆ ਨਹੀਂ, ਜੇ ਕਦੇ ਤੁਹਾਨੂੰ ਮਿਲ ਜਾਵੇ ਤਾਂ ਜਰੂਰ ਦੱਸਣਾ।ਸਾਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਇਸ ਲੇਖ ਬਾਰੇ ਇਹਨਾਂ ਅਖੋਤਿਆਂ, ਫੇਰ ਗੁਰਬਾਣੀ ਦੀ ਆੜ ਲੈ ਕੇ ਇਹ ਹੀ ਦਲੀਲ ਦੇਣੀ ਹੈ ਕਿ:
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥(੪੭੩)
ਇਸ ਖ਼ਤ ਦੇ ਅਖੀਰ ਵਿੱਚ ਇੱਕ ਹੋਰ ਬੇਨਤੀ ਕਰਨੀ ਚਾਹੁੰਦੇ ਹਾਂ: ਜੋ ਤੁਹਾਨੂੰ ਇਕ ਭੁਲੇਖਾ ਹੈ ਕਿ ਵਿਦੇਸ਼ਾਂ ਚ ਡਾਲਰ ਦਰਖ਼ਤਾਂ ਨੂੰ ਲਗਦੇ ਹਨ; ਉਹ ਕਿਸੇ ਹੱਦ ਤਕ ਠੀਕ ਵੀ ਹੈ ਪਰ ਦੋਸਤੋ ਦਰਖ਼ਤਾਂ ਨੂੰ ਡਾਲਰਾਂ ਨਾਲ ਕੰਡੇ ਵੀ ਲੱਗੇ ਹੁੰਦੇ ਹਨ। ਕੁਝ ਡਾਲਰ ਕਾਫ਼ੀ ਉਚਾਈ ਤੇ ਲੱਗੇ ਹੁੰਦੇ ਹਨ ਤੇ ਉਹਨਾਂ ਨੂੰ ਤੋੜਨ ਲਈ ਸਾਰਾ ਸਾਰਾ ਦਿਨ ਅਤੇ ਕਈ ਕਈ ਵਾਰ ਪੌੜੀ ਤੇ ਚੜ੍ਹਨਾ ਉੱਤਰਨਾ ਪੈਂਦਾ ਹੈ। ਕੁਝ ਲੋਕਾਂ ਨੂੰ ਭੁਲੇਖਾ ਹੈ ਕਿ ਡਾਲਰ ਫ਼ਰਸ਼ਾਂ ਤੋਂ ਹੀ ਹੂੰਝਣੇ ਹੁੰਦੇ ਹਨ। ਬਿਲਕੁਲ ਠੀਕ, ਵੀਰ ਜੀ, ਤੁਸੀ ਸੌ ਪ੍ਰਤੀਸ਼ਤ ਸਹੀ ਅੰਦਾਜ਼ਾ ਲਾਇਆ ਪਰ ਵੀਰ ਇਕ ਛੋਟਾ ਜਿਹਾ ਹਾਦਸਾ ਸੁਣਾਉਣਾ ਚਾਹੁੰਦੇ ਹਾਂ: ਚਾਰ ਕੁ ਮਹੀਨੇ ਪਹਿਲਾਂ ਸਾਡਾ ਇਕ ਲੇਖਕ ਭਾਈ ਵਿਦੇਸ਼ ਦੀ ਚਮਕ ਚ ਸੰਮੋਹਤ ਹੋ ਕੇ ਕਿਵੇਂ ਨਾ ਕਿਵੇਂ ਇਥੇ ਆਉਣ ਵਿੱਚ ਕਾਮਯਾਬ ਹੋ ਗਿਆ। ਜਦ ਥੋਹੜੀ ਕੁ ਦੇਰ ਬਾਅਦ ਸੰਮੋਹਨ ਟੁੱਟਿਆ ਤਾਂ ਅਸੀਂ ਪੁੱਛਿਆ, ''ਕਿਵੇਂ ਚੱਲ ਰਹੀ ਹੈ ਲਾਈਫ਼?'' ਤਾਂ ਕਹਿੰਦਾ, ''ਵੀਰ, ਦੇਖਿਆ ਜਾਵੇ ਤਾਂ ਕੋਈ ਖ਼ਾਸ ਫ਼ਰਕ ਨਹੀਂ। ਓਥੇ ਵੀ ਪੱਪਾ ਚਲਾਉਂਦੇ ਸੀ ਤੇ ਏਥੇ ਵੀ ਪੱਪਾ ਹੀ ਚਲਾ ਰਹੇ ਹਾਂ।'' ਜਦੋਂ ਅਸੀਂ ਉਸ ਦੀ ਗੱਲ ਸਮਝਣ ਚ ਅਸਮਰਥਤਾ ਦਿਖਾਈ ਤਾਂ ਉਸ ਨੇ ਸਰਲ ਭਾਸ਼ਾ ਚ ਦੱਸਿਆ, ''ਆਪਣੇ ਦੇਸ਼ ਵਿੱਚ ਇਹਨਾਂ ਹੱਥਾਂ ਵਿੱਚ ਪੈਨ ਹੁੰਦਾ ਸੀ ਤੇ ਅਜ ਕਲ੍ਹ ਪੋਚਾ ਹੈ। ਦੋਨੇਂ ਚੀਜ਼ਾਂ ਦੇ ਨਾਂ ਤਾਂ ਪੱਪੇ ਤੋਂ ਹੀ ਸ਼ੁਰੂ ਹੁੰਦੇ ਹਨ।'' ਸੋ ਵੀਰ ਜੀ, ਤੁਸੀਂ ਫ਼ਰਸ਼ ਤੋਂ ਡਾਲਰ ਇਕੱਠੇ ਕਰਨ ਵਾਲੀ ਕਹਾਣੀ ਤਾਂ ਸਮਝ ਹੀ ਗਏ ਹੋਵੋਗੇ। ਡਾਲਰ ਇਕੱਠੇ ਕਰਨ ਪਿੱਛੇ ਦੀਆਂ ਕਹਾਣੀਆਂ ਨਾਲ ਤਾਂ ਅਸੀਂ ਖੂਹ ਭਰ ਸਕਦੇ ਹਾਂ ਪਰ ਥਾਂ ਤੇ ਵਕਤ ਦੀ ਕਮੀ ਹੈ।ਬਸ ਇੰਨੀਆਂ ਕੁ ਉਧਰਨਾ ਨਾਲ ਤੁਸੀ ਡਾਲਰਾਂ ਲਈ ਬਹਾਏ ਸਾਡੇ ਮੁੜ੍ਹਕੇ ਦੀ ਮੁਸ਼ਕ ਮਹਿਸੂਸ ਕਰ ਸਕਦੇ ਹੋ। ਹੁਣ ਤੁਸੀਂ ਦੱਸੋ ਕਿ ਜੇ ਸਾਡੇ ਇੱਕ ਦੇ ਚਾਲੀ ਹੁੰਦੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਇਹ ਅਖੌਤੀ ਲੀਡਰਾਂ ਜਾਂ ਬਾਬਿਆਂ ਦੀ ਭੇਂਟ ਕਰੀ ਜਾਈਏ। ਹਾਂ, ਵੀਰੋ ਇਕ ਗੱਲ ਹੋਰ: ਜੇ ਤੁਸੀ ਖੇਡ ਮੇਲੇ ਜਾਂ ਕੋਈ ਲੋੜਵੰਦ ਲਈ ਜਾਂ ਕਿਸੇ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ਕਦੇ ਪੈਸੇ ਦੀ ਥੁੜ ਮਹਿਸੂਸ ਕਰੋ ਤਾਂ ਸਾਨੂੰ ਆਪਣੇ ਵਹਾਏ ਮੁੜ੍ਹਕੇ ਦਾ ਭੋਰਾ ਦੁੱਖ ਨਹੀਂ ਹੋਵੇਗਾ।
ਲਓ ਯਾਰੋ, ਅਸੀਂ ਤਾਂ ਪਰਦੇਸੀਂ ਬੈਠੇ ਐਵੇਂ ਹੀ ਰੋਈ ਜਾਨੇ ਆਂ ਧੰਨ ਹੋ ਤੁਸੀ ਜੋ ਇਹਨਾਂ ਲੋਕਾਂ ਨੂੰ ਹਰ ਵਕਤ ਝੱਲਦੇ ਹੋ। ਸਾਡੇ ਕੋਲ ਤਾਂ ਇਹ ਕਦੇ ਕਦੇ ਹੀ ਆਉਂਦੇ ਹਨ। ਵਾਰੇ ਵਾਰੇ ਜਾਈਏ ਤੁਹਾਡੇ ਜਿਗਰੇ ਦੇ!
ਅੰਤ ਵਿੱਚ ਇੱਕ ਤਜੱਰਬਾ ਲਿਖਣਾ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਕੋਈ ਕਹੇ, ''ਆਪਣੇ ਦੁੱਖ ਮੈਨੂੰ ਦੇ ਦੇ; ਅਸਲ ਵਿੱਚ ਉਹ ਤੁਹਾਨੂੰ ਹੋਰ ਦੁੱਖ ਦੇਣ ਆਇਆ ਹੁੰਦਾ ਹੈ।
ਤੁਹਾਡੇ ਆਪਣੇ
ਪਰਦੇਸੀ

ਉੱਡਦੇ ਬਾਜ਼ਾਂ ਮਗਰ ਦੌੜਦੇ ਪੰਜਾਬੀ.......... ਲੇਖ / ਬੀ ਐਸ ਢਿੱਲੋਂ (ਐਡਵੋਕੇਟ)

ਇੱਕ ਵਾਰ ਬਾਜ਼ ਫਿਰ ਚਰਚਾ ਵਿੱਚ ਹੈ। ਜੂੰਨ ਮਹੀਨੇ ਇਹ ਦੋ ਤਿੰਨ ਥਾਵਾਂ ਤੇ ਮਾਲਵੇ ਦੇ ਇਲਾਕੇ ਵਿੱਚ ਆਇਆ ਹੈ।ਲੋਕ ਇਸ ਨੂੰ ਵੇਖਣ ਲਈ ਜਾ ਰਹੇ ਹਨ। ਇਹ ਅਕਸਰ ਗੁਰਦਵਾਰੇ ਆਉਂਦਾ ਹੈ। ਗੁਰਦਵਾਰੇ ਵਿੱਚੋਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਗੁਰੁ ਦਾ ਬਾਜ਼ ਆਇਆ ਹੈ । ਅਣਪੜ੍ਹ ਗਰੰਥੀ ਤੇ ਕੀਰਤਨੀਏਂ ਲੋਕਾਂ ਨੂੰ ਦੋਨੀ ਹੱਥੀਂ ਲੁੱਟ ਰਹੇ ਹਨ। ਪਹਿਲਾਂ ਵੀ ਇਹ “ਬਾਜ਼ ਸਾਹਬ” ਆਇਆ ਸੀ। ਸਿਆਸਤ ਦੀਆਂ ਸਾਜਿ਼ਸ਼ਾਂ ਕਾਰਨ ਜਦੋਂ ਅੱਸੀਵੇਂ ਦਹਾਕੇ ਵਿੱਚ ਪੰਜਾਬ ਨੂੰ ਹਾਦਸਿਆਂ ਦੀਆਂ ਜ਼ਰਬਾਂ ਆ ਗਈਆਂ ਸਨ ਤਾਂ ਹਵਾ ਵੀ ਜ਼ਹਿਰੀਲੀ ਹੋ ਗਈ ਸੀ। ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਸਥਾਨ ਬੰਗਲਾ ਨੰਬਰ ਇੱਕ ਸਫ਼ਦਰਜੰਗ ਰੋਡ ‘ਤੇ ਆਪਣੇ ਸਾਥੀ ਮੁਲਾਜਮਾਂ ਨਾਲ ਸਬ ਇੰਸਪੈਕਟਰ ਬਲਬੀਰ ਸਿੰਘ ਸੁਰੱਖਿਆ ਡਿਊਟੀ ‘ਤੇ ਹਾਜ਼ਰ ਸੀ। ਭਾਦੋਂ ਦੇ ਮਹੀਨੇ ਹੁੰਮਸ ਨਾਲ ਸਾਹ ਘੁੱਟਦਾ ਸੀ। ਸਬ ਇੰਸਪੈਕਟਰ ਬਲਬੀਰ ਸਿੰਘ ਦੀ ਵਰਦੀ ਪਸੀਨੇ ਨਾਲ ਭਿੱਜ ਗਈ ਤਾਂ ਉਸਨੇ ਹਵਾ ਦੇ ਬੁੱਲੇ ਦੀ ਉਡੀਕ ‘ਚ ਉਤਾਹ ਵੇਖਿਆ। ਮੁੱਖ ਸਵਾਗਤੀ ਕਮਰੇ ਦੇ ਸਾਹਮਣੇ ਅਸਮਾਨ ਨੂੰ ਛੂੰਹਦੇ ਅਸ਼ੋਕਾ ਦਰਖਤ ‘ਤੇ ਬੈਠਾ ਬਾਜ਼ ਉਹਦੀ ਨਿਗਾਹ ਪਿਆ। ਅਕਾਲ ਤਖਤ ਢਾਹਿਆ ਗਿਆ ਸੀ। “ਅੱਛਾ! ਸੋਚਦੇ ਹੋਏ ਬਲਬੀਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਸੱਭ ਤੋਂ ਨਜਦੀਕੀ, ਸੁਰੱਖਿਆ ਗਾਰਡ ਸਬ ਇੰਸਪੈਕਟਰ ਬੇਅੰਤ ਸਿੰਘ ਨੂੰ ਬੁਲਾਇਆ। ਦੋਵਾਂ ਸਿੱਖ ਥਾਣੇਦਾਰਾਂ ਨੇ ਬਾਜ਼ ਨੂੰ “ਗੁਰੂ ਗੋਬਿੰਦ ਸਿੰਘ ਦਾ ਸਨੇਹਾ ਆਇਆ ਸਮਝ ਕੇ ਨਮਸਕਾਰ ਕੀਤੀ। ਫਿਰ ਦੋਵਾਂ ਨੇ ਅੱਖਾਂ ਮੀਚ ਕੇ, ਹੱਥ ਬੰਨ੍ਹ ਕੇ ਸਾਂਝੀ ਅਰਦਾਸ ਕੀਤੀ। ਦੋਵਾਂ ਨੇ “ ਵੀਹੜੀ ਲਾਹੁਣ” ਦੀ ਸਕੀਮ ਬਣਾਈ। ਬਾਜ਼ ਵਾਲੀ ਘਟਨਾ ਤੋਂ ਦੋ ਮਹੀਨੇ ਪਿੱਛੋਂ ਪ੍ਰਧਾਂਨ ਮੰਤਰੀ ਦੇ ਦੋ ਸੁਰੱਖਿਆ ਗਾਰਡਾਂ ਨੇ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੱਤਾ ।
ਬਾਜ਼ ਇਸ ਧਰਤੀ ਦੇ ਕਿਸੇ ਇੱਕ ਖਿੱਤੇ ਨਾਲ ਸਬੰਧਤ ਪੰਛੀ ਨਹੀਂ ਹੈ। ਇਹਦਾ ਸਾਰੀ ਦੁਨੀਆਂ ਵਿੱਚ ਆਪਣਾ ਸਥਾਨ ਹੈ। ਜਿਸ ਤਰ੍ਹਾਂ ਜੰਗਲ ਵਿੱਚ ਸ਼ੇਰ ਦਾ ਰਾਜ ਹੈ, ਪਾਣੀ ‘ਚ ਮਗਰਮੱਛ ਦੀ ਦਹਿਸ਼ਤ ਹੈ ਇਸੇ ਤਰ੍ਹਾਂ ਅਸਮਾਨ ਵਿੱਚ ਬਾਜ਼ ਦੀ ਸਰਦਾਰੀ ਹੈ। ਬਾਜ਼ ਦੀ ਸ਼ਕਲ ਨਾਲ ਮਿਲਦੇ ਜੁਲਦੇ ਦੋ ਦਰਜਨ ਸਿ਼ਕਾਰੀ ਪੰਛੀ ਹਨ ।ਇਨ੍ਹਾਂ ਸਿ਼ਕਾਰੀ ਪੰਛੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਆਮ ਪੰਛੀਆਂ ਦੇ ਨਰ ਮਦੀਨ ਤੋਂ ਵੱਡੇ ਹੁੰਦੇ ਹਨ ਉਥੇ ਇਨ੍ਹਾਂ ਸਿ਼ਕਾਰੀ ਪੰਛੀਆਂ ਦੀਆਂ ਮਦੀਨ ਨਰਾਂ ਤੋਂ ਵੱਡੀਆਂ ਹੁੰਦੀਆਂ ਹਨ। ਇਸੇ ਨਸਲ ਦਾ ਸਿ਼ਕਰਾ ਛੋਟੇ ਪੰਛੀਆਂ ਦਾ ਸਿ਼ਕਾਰ ਕਰਦਾ ਹੈ ਤੇ ਦਿਲ ਖਾਂਦਾ ਹੈ। ਜਿਸ ਨੂੰ ਸਿ਼ਵ ਕੁਮਾਰ ਨੇ “ਇੱਕ ਸਿ਼ਕਰਾ ਯਾਰ ਬਣਾਇਆ” ਗੀਤ ਵਿੱਚ ਬਿਆਨ ਕੀਤਾ ਸੀ। ਪਰ ਬਾਜ਼ ਤੋਂ ਆਕਾਰ ਵਿੱਚ ਵੱਡਾ ਉਕਾਬ ਹੁੰਦਾ ਹੈ ਜੋ ਦੂਸਰੇ ਸਿ਼ਕਾਰੀ ਪੰਛੀਆਂ ਦੇ ਕੀਤੇ ਸਿ਼ਕਾਰ ਖੋਹ ਲੈਂਦਾ ਹੈ ਜਿਵੇਂ ਚੀਤੇ ਵਲੋਂ ਕੀਤੇ ਸਿ਼ਕਾਰ ਨੂੰ ਲੱਕੜਬੱਗਾ ਤੇ ਸ਼ੇਰ ਖੋਹ ਲੈਂਦੇ ਹਨ। ਬਾਜ਼ ਤੇ ਉਕਾਬ ਜਦੋਂ ਆਪਣੇ ਸਿ਼ਕਾਰ ‘ਤੇ ਝਪਟਦੇ ਹਨ ਤਾਂ ਇਨ੍ਹਾਂ ਦੇ ਪੰਜੇ ਦੀ ਤਾਕਤ ਇੰਨੀ ਹੁੰਦੀ ਹੈ ਕਿ ਮਨੁੱਖ ਦੇ ਸਿਰ ਨੂੰ ਹਥੌੜੇ ਵਾਂਗ ਫੇਹ ਸਕਦੇ ਹਨ। ਇਸੇ ਨਸਲ ਦਾ ਪੰਛੀ ਕੁਰਲ ਮੱਛੀਆਂ ਦਾ ਸਿ਼ਕਾਰ ਕਰਦਾ ਹੈ। ਉਹ ਪੰਜ ਕਿਲੋ ਦੀ ਮੱਛੀ ਚੁੱਕ ਕੇ ਆਲ੍ਹਣੇ ‘ਚ ਲੈ ਜਾਂਦਾ ਹੈ ਜਿਵੇਂ ਚੀਤਾ ਆਪਣੇ ਤੋਂ ਵੱਧ ਭਾਰੇ ਜੈਬਰੇ ਨੂੰ ਗਲ ਤੋਂ ਚੁੱਕ ਕੇ ਦਰੱਖਤ ਤੇ ਟੰਗ ਦਿੰਦਾ ਹੈ। ਤੁਰਕਿਸਤਾਨ ਵਿੱਚ ਕੁਰਲ ਨਾਲ ਉਥੋਂ ਦੇ ਕਬੀਲੇ ਸਿ਼ਕਾਰ ਕਰਦੇ ਹਨ। ਇਹ ਹਿਰਨ ਦੇ ਸਿਰ ‘ਤੇ ਬੈਠ ਕੇ ਉਸ ਦੀਆਂ ਅੱਖਾਂ ਕੱਢ ਲੈਂਦਾ ਹੈ ਜਿਸ ਨੂੰ ਪਿੱਛੋਂ ਸਿ਼ਕਾਰੀ ਮਾਰ ਲੈਂਦੇ ਹਨ। ਮੂਸਖੋਰ ਸਿਰਫ ਚੂਹੇ ਹੀ ਮਾਰ ਕੇ ਖਾਂਦਾ ਹੈ। ਪੰਜਾਬ ਵਿੱਚ ਇਹ ਡੱਡੂ, ਕਿਰਲੇ ਮਾਰ ਕੇ ਖਾਂਦਾ ਹੈ। ਮਾਲਵੇ ਵਿੱਚ ਖੇਤਾਂ ਵਿੱਚ ਮਾਲ ਚਾਰਦੇ ਪਾਲੀ ਇਸਨੂੰ ਚੂਹਮਾਰ ਕਹਿੰਦੇ ਹਨ।
ਇਹੀ ਵਤੀਰਾ ਪੰਜਾਬ ‘ਚ ਰਹਿੰਦੇ ਲਗੜ ਦਾ ਹੈ। ਲੋਕ ਅਕਸਰ ਹੀ ਇਨ੍ਹਾਂ ਸਾਰੇ ਸਿ਼ਕਾਰੀ ਪੰਛੀਆਂ ਨੂੰ ਬਾਜ਼ ਕਹਿੰਦੇ ਹਨ। “ਬਾਜ਼ ਹਮਾਰੀ ਥਾਨ ਧਨੰਤਰਿ।।”। ਪਾਲੇ ਤੇ ਸਿਖਾਏ ਹੋਏ ਬਾਜ਼ ਤਿੱਤਰ, ਮੁਰਗਾਬੀ ਅਤੇ ਸਹੇ ਦਾ ਸਿ਼ਕਾਰ ਕਰਦੇ ਹਨ। ਇਹ ਦਸ ਕੁ ਸਾਲ ਸਿ਼ਕਾਰ ਕਰਦਾ ਹੈ ਫਿਰ ਬੁੱਢਾ ਹੋ ਜਾਂਦਾ ਹੈ।
ਪੁਰਾਣੇ ਸਮਿਆਂ ਤੋਂ ਹੀ ਅਮੀਰ ਲੋਕ ਬਾਜ਼ ਤੇ ਉਕਾਬ ਨੂੰ ਆਪਣੇ ਹੱਥ ‘ਤੇ ਰੱਖਦੇ ਅਤੇ ਸਿ਼ਕਾਰ ਖੇਡਦੇ ਸਨ। ਰੋਮਨ ਸਾਮਰਾਜ ਸਮੇਂ ਬਾਜ਼ ਫੌਜਾਂ ਦਾ ਚਿੰਨ੍ਹ ਹੁੰਦਾ ਸੀ। ਉੱਡਦਾ ਹੋਇਆ ਉਕਾਬ ਯੂਨਾਨੀਆਂ ਦਾ ਨਿਸ਼ਾਨ ਸੀ। ਹਿਟਲਰ ਦੀ ਥਰਡ ਰੀਚ ਦਾ ਨਿਸ਼ਾਨ ਉੱਡਦਾ ਹੋਇਆ ਬਾਜ਼ ਸੀ। ਅਮਰੀਕਾ ਵਿੱਚ ਬਾਜ਼ ਸਰਕਾਰੀ ਸ਼ਕਤੀ ਦਾ ਪ੍ਰਤੀਕ ਹੈ। ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਕਬਾਇਲੀ ਬਾਜ਼ ਪਾਲ ਕੇ ਅੱਜ ਤੱਕ ਸਿ਼ਕਾਰ ਕਰਦੇ ਆਏ ਹਨ। ਸਾਬਕਾ ਸੋਵੀਅਤ ਯੂਨੀਅਨ ਦੇ ਸੂਬੇ ਕਜ਼ਾਕਿਤਸਾਨ, ਉਜ਼ਬੇਕਿਸਤਾਨ, ਕਿਰਗਿਸਤਾਨ ਆਦਿ ਕੇਂਦਰੀ ਏਸ਼ੀਆ ਦੇ ਦੇਸ਼ਾਂ ਵਿੱਚ ਸਦੀਆਂ ਤੋਂ ਕਬੀਲਿਆਂ ਵਿੱਚ ਰਹਿੰਦੇ ਲੋਕ ਘੋੜਿਆਂ ‘ਤੇ ਚੜ੍ਹ ਕੇ ਹੱਥਾਂ ਤੇ ਬਾਜ਼ ਬਿਠਾ ਕੇ ਸਿ਼ਕਾਰ ਕਰਨ ਲਈ ਜਾਂਦੇ ਰਹੇ ਹਨ। ਅੱਜ ਵੀ ਇਹ ਕਬੀਲੇ ਬਾਜ਼ ਨੂੰ ਪਾਲ ਕੇ ਉਸ ਨੂੰ ਹੱਥ ‘ਤੇ ਬੈਠਣਾ ਸਿਖਾਉਂਦੇ ਹਨ। ਉਸ ਦੀਆਂ ਅੱਖਾਂ ਨੂੰ ਚਪੜੇ ਦੀ ਟੋਪੀ ਨਾਲ ਢਕਦੇ ਹਨ ਤੇ ਸਿ਼ਕਾਰ ਵੇਖ ਕੇ ਹੀ ਉਹ ਦੀਆਂ ਅੱਖਾਂ ਤੋਂ ਟੋਪੀ ਲਾਹ ਕੇ ਛੱਡਦੇ ਹਨ। ਉਕਾਬ ਤੇ ਬਾਜ਼ ਬਰਫੀਲੇ ਦੇਸ਼ਾਂ ਦੇ ਪੰਛੀ ਹਨ। ਪੰਜਾਬ ਵਿੱਚ ਅੱਜ ਕੱਲ੍ਹ ਜਿੱਥੇ ਗਰਮੀਂ ਵਿੱਚ ਲੋਕ ਭੱਠੀ ਦੇ ਦਾਣਿਆਂ ਵਾਂਗ ਭੁੱਜ ਰਹੇ ਹਨ, ਬਾਜ਼ ਹਫਤਾ ਵੀ ਜਿੰਦਾ ਨਹੀਂ ਰਹਿ ਸਕਦਾ।
ਬਾਜ਼ ਸਿ਼ਕਾਰੀ ਪੰਛੀ ਹੋਣ ਕਾਰਨ ਉੱਚੀਆਂ ਥਾਵਾਂ ‘ਤੇ ਬੈਠਣ ਦਾ ਆਦੀ ਹੈ ਜਿਥੋਂ ਇਹ ਆਪਣੇ ਸਿ਼ਕਾਰ ਨੂੰ ਨੀਝ ਨਾਲ ਵੇਖ ਸਕੇ। ਇਸਦੀ ਵੇਖਣ ਸ਼ਕਤੀ ਖੁਰਦਬੀਂਨ ਵਰਗੀ ਹੈ। ਅਸਮਾਂਨ ਤੋਂ ਇਹ ਧਰਤੀ ਤੇ ਰਾਕਟ ਦੀ ਸਪੀਡ ਨਾਲ ਝਪਟਦਾ ਹੈ ਤੇ ਵਗੈਰ ਆਪਣੀ ਧੌਂਣ ਤੁੜਵਾਏ ਇੱਕ ਦਮ ਬਰੇਕ ਲਾਕੇ ਸਿ਼ਕਾਰ ਚੁੱਕਕੇ ਉੱਡ ਜਾਂਦਾ ਹੈ।ਇਹੋ ਜਿਹੀਆਂ ਬਰੇਕਾਂ ਕਰੋੜ ਰੁਪਏ ਦੀ ਕਾਰ ਦੀਆਂ ਵੀ ਨਹੀਂ ਹਨ।ਇਹ ਖੱਡ ਤੋਂ ਦੋ ਕਦਮਾਂ ਦੀ ਦੂਰੀ ਤੇ ਫਿਰ ਰਹੇ ਚੂਹੇ ਨੂੰ ਖੱਡ ਤੱਕ ਪੁੱਜਣ ਦੇ ਪਲ ਵੀ ਨਹੀਂ ਦਿੰਦਾ।
ਖੇਤਾਂ ਵਿੱਚ ਕੀੜੇਮਾਰ ਦਵਾਈਆਂ ਦੀ ਵਰਤੋਂ ਤੋਂ ਚੂਹੇ ਮਾਰਨ ਲਈ ਪਾਈਆਂ ਗੋਲੀਆਂ ਨਾਲ ਜਦੋਂ ਜਾਨਵਰ ਮਰਦੇ ਹਨ ਤਾਂ ਬਾਜ਼ ਜਾਂ ਉਸਦੇ ਹਮਸ਼ਕਲ ਪੰਛੀ ਉਨ੍ਹਾਂ ਨੂੰ ਖਾ ਲੈਂਦੇਂ ਹਨ। ਉਹ ਕੁਝ ਸਮਾਂ ਬੌਂਦਲਿਆ ਜਿਹਾ ਰਹਿੰਦਾ ਹੈ। ਇਹ ਕਿਸੇ ਕਿਸਮ ਦੀ ਕੋਈ ਅਲੋਕਾਰੀ ਘਟਨਾ ਨਹੀਂ ਹੈ। ਇਸ ਨਾਲ ਗੁਰੁ ਗੋਬਿੰਦ ਸਿੰਘ ਜੀ ਦਾ ਕੋਈ ਸਬੰਧ ਨਹੀਂ ਹੁੰਦਾ। ਇਹ ਸਾਰੇ ਪੰਛੀ ਬਾਜ ਵੀ ਨਹੀਂ ਹੁੰਦੇ। ਪੰਜਬ ਵਿੱਚ ਆਂਮ ਤੋਰ ਤੇ ਇਹਦਾ ਹਮਸ਼ਕਲ ਲਗੜ ਹੀ ਹੁੰਦਾ ਹੈ। ਉਨੀ ਸੌ ਚੌਰਾਸੀ ਦੇ ਵਰ੍ਹੇ ਇਹੀ ਹੋਇਆ ਸੀ। ਉਦੋਂ ਉੱਚੀ ਥਾਂ ਜਿਵੇਂ ਨਿਸ਼ਾਨ ਸਾਹਿਬ ‘ਤੇ ਬੈਠਾ ਬਾਜ਼ ਵੇਖ ਕੇ ਲੋਕੀਂ ਹੈਰਾਨ ਹੁੰਦੇ ਸਨ। ਲੋਕ ਉਹਦੇ ਮਰ ਜਾਣ ‘ਤੇ ਉਹਨੂੰ ਚੁੱਕ ਕੇ ਜਲੂਸ ਦੀ ਸ਼ਕਲ ਵਿੱਚ ਦਫ਼ਨਾਉਣ ਤੁਰ ਪੈਂਦੇ ਸਨ। ਹਰ ਕਸਬੇ ਤੇ ਸ਼ਹਿਰਾਂ ਵਿੱਚ ਲੋਕੀ ਇੰਝ ਮਰ ਚੁੱਕੇ ਬਾਜ਼ ਨੂੰ ਲਗਾਤਾਰ ਦੋ ਮਹੀਨਿਆਂ ਤੱਕ ਦਫਨਾਉਂਦੇ ਰਹੇ। ਕਈ ਥਾਈਂ ਮਰ ਚੁੱਕੇ ਪੰਛੀ ਲਈ ਅਰਦਾਸਾਂ ਵੀ ਕੀਤੀਆਂ ਗਈਆਂ। ਉਂਜ ਜੇ ਕਦੀ ਗੁਰੁ ਗੋਬਿੰਦ ਸਿੰਘ ਜੀ ਆ ਜਾਣ ਤਾਂ ਥਾਪੀ ਜਰੁਰ ਦੇਣਗੇ ਕਿ ਮਾਂ ਦਿਉ ਪੁੱਤੋ ਜਿੱਥੇ ਤਿੰਨ ਸੌ ਸਾਲ ਪਹਿਲਾਂ ਛੱਡ ਕੇ ਗਿਆ ਸੀ ਉੋੱਥੇ ਹੀ ਖਲੋਤੇ ਹੋ।
ਬਾਜ਼ ਬਾਰੇ ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਸੀ ਕਿ ਅਕਸਰ ਲੋਕੀ ਉੱਪਰ ਨਹੀਂ ਸਨ ਵੇਖਦੇ। ਪਰ ਜਦੋਂ ਉਸ ਸਾਲ ਅਚਾਨਕ ਇੱਕ ਦੋ ਬਾਜ਼ ਇੰਝ ਦਿਖਾਈ ਦਿੱਤੇ ਤਾਂ ਲੋਕਾਂ ਨੇ ਉਪਰ ਵੇਖਣਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਭੁਲ ਭੁਲਾ ਗਏ। ਲੋਕ ਇਸ ਘਟਨਾ ਨੂੰ ਧਰਮ ਨਾਲ ਜੋੜ ਕੇ ਉਸ ਸਮੇਂ ਦੀ ਵਾਪਰੀ ਕਰਾਮਾਤ ਵੀ ਕਹਿੰਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਨਾਲ ਬਾਜ਼ ਦਾ ਨਾਮ ਜੁੜਿਆ ਹੋਣ ਕਾਰਨ ਹੀ ਗੁਰੂ ਸਾਹਿਬ ਨੂੰ ਬਾਜ਼ਾਂ ਵਾਲਾ ਕਹਿ ਕੇ ਯਾਦ ਕਰਦੇ ਹਾਂ। ਸਿੱਖ ਧਰਮ ਵਿੱਚ ਬਾਜ਼ ਸਿ਼ਕਾਰੀ ਪੰਛੀ ਤੋਂ ਵੱਧ, ਸ਼ਕਤੀ ਦਾ ਪ੍ਰਤੀਕ ਬਣ ਗਿਆ ਹੈ। ਵਕਤ ਨਾਲ ਇਹ ਸ਼ਕਤੀ “ਸ਼ਰਧਾ” ‘ਚ ਬਦਲ ਗਈ। ਹੁਣ ਅਗਾਂਹ ਅੰਧ ਵਿਸ਼ਵਾਸ਼ ਵਿੱਚ ਬਦਲ ਗਈ ਹੈ। ਲੋਕ ਆਪਣੀਆਂ ਸਮੱਸਿਆਵਾਂ ਖੁਦ ਹੱਲ ਕਰਨ ਦੀ ਥਾਂ ਗੁਰੁ ਦੇ ਬਾਜ਼ ਤੋਂ ‘ਮਿਹਰ ਭਰਿਆ ਹੱਥ’ ਉਡੀਕਦੇ ਹਨ।
ਸਮਾਜ ਵਿਗਿਆਨੀ ਐਰਿਕ ਹੌਫ਼ਰ ਅਨੁਸਾਰ ਅੰਨ੍ਹੀ ਸ਼ਰਧਾ ਕਾਫੀ ਹੱਦ ਤਕ ਉਸ ਵਿਸ਼ਵਾਸ ਦੀ ਪੂਰਕ ਹੁੰਦੀ ਹੈ ਜੋ ਅਸੀਂ ਆਪਣੇ ਬਾਰੇ ਗਵਾ ਚੁੱਕੇ ਹੁੰਦੇ ਹਾਂ। ਤੇ ਸ਼ੰਕਾਵਾਂ ਅਤੇ ਦੁਬਿਧਾਵਾਂ ਤੋਂ ਬਚਣ ਲਈ ਵਿਚਾਰਾਂ ਦੇ ਇੱਕ ਸੀਮਤ ਘੇਰੇ ਵਿੱਚ ਜਿਉਣਾ ਕਿਤੇ ਵੱਧ ਸੌਖਾ ਤੇ ਸੁਰੱਖਿਅਤ ਹੁੰਦਾ ਹੈ। ਇਸੇ ਲਈ ਜਾਣੇ ਅਣਜਾਣੇ ਸਿਆਸੀ ਤੇ ਧਾਰਮਕ ਲੀਡਰ ਅਜਿਹੀਆਂ ਘਟਣਾਵਾਂ ਨੂੰ ਕਰਾਮਾਤਾਂ ਕਹਿਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿੰਦੇ ਹਨ। ਇੱਕ ਵਾਰ ਇੱਕ ਕਿਸਾਂਨ ਤੇ ਮੌਲਵੀ ਦੀ ਦੋਸਤੀ ਸੀ। ਆਪਣੇ ਮੁੰਡੇ ਨੂੰ ਉਹ ਕਿਸਾਂਨ ਮੌਲਵੀ ਕੋਲ ਲੈ ਗਿਆ ਕਿ ਇਸ ਨੂੰ ਕਿਸੇ ਰਸਤੇ ਪਾਉ। ਮੌਲਵੀ ਨੇ ਉਸ ਮੁੰਡੇ ਨੂੰ ‘ਭਗਤੀ ਕਰਨ’ ਦੀ ਸਲਾਹ ਦੇ ਕੇ ਮੌਲਵੀ ਬਨਾਉਣ ਲਈ ਆਪਣੇ ਨਾਲ ਹੀ ਲਾ ਲਿਆ ਕਿ ਇਹ ਮੇਰੇ ਬੱਚਿਆਂ ਵਰਗਾ ਏ, ਮੇਰਾ ਵਾਰਸ ਬਣੇਗਾ। ਮੌਲਵੀ ਉਹਨੂੰ ਕੋਈ ਅਕਲ ਦੀ ਗੱਲ ਦੱਸਣ ਦੀ ਥਾਂ ਤੇ ਭਾਂਡੇ ਮਾਂਜਣ ਤੇ ਲਾਈ ਰੱਖਦਾ। ਜਵਾਂਨ ਹੋ ਰਹੇ ਮੁੰਡੇ ਦਾ ਭਗਤੀ ਵਿੱਚ ਕੀ ਜੀਅ ਲੱਗਣਾ ਸੀ। ਉਹ ਚੋਰੀਉਂ ਭੱਜ ਕੇ ਹਾਣੀ ਮੁੰਡਿਆਂ ਨਾਲ ਖੇਲਣ ਨਿੱਕਲ ਜਿਆ ਕਰੇ । ਸਿਰ ਤੇ ਬਾਪੂ ਦਾ ਡਰ ਨਹੀਂ ਸੀ। ਪਹਿਲਾਂ ਨਿੱਕੀ ਮੋਟੀ ਚੋਰੀ ਕਰਨ ਸਿੱਖਿਆ ਫਿਰ ਹੌਲੀ ਹੌਲੀ ਸਾਰੀਆਂ “ਪਾੜਤਾਂ” ਪੜ੍ਹਦਾ ਪੜ੍ਹਦਾ ਸਿਰੇ ਦਾ ਲਫੰਡਰ ਨਿੱਕਲ ਗਿਆ। ਵੀਹ ਵਰ੍ਹਿਆਂ ਪਿੱਛੋਂ ਉਹ ਕਿਸਾਂਨ ਮੌਲਵੀ ਨਾਲ ਹਵਾਈ ਅੱਡੇ ਤੇ ਮੌਲਵੀ ਦੇ ਮੁੰਡੇ ਨੂੰ ਲੈਣ ਗਿਆ। ਵਲੈਤੋਂ ਡਾਕਟਰੀ ਪੜ੍ਹ ਕੇ ਸਾਹਿਬ ਬਣਕੇ ਆਏ, ਆਪਣੇ ਮੁੰਡੇ ਦੇ ਹਾਣੀ ਉਸ ਮੌਲਵੀ ਦੇ ਮੁੰਡੇ ਨੂੰ ਵੇਖਕੇ ਕਿਸਾਂਨ ਨੂੰ ਅਸਲ ਗੱਲ ਦੀ ਸਮਝ ਆ ਗਈ। ਮੌਲਵੀ ਨੇ ਆਪਣੇ ਪੁੱਤਰ ਨੂੰ ਡਾਕਟਰ ਬਣਾਇਆ ਤੇ ਉਸਦੇ ਨੂੰ ‘ਭਗਤੀ ਕਰਕੇ ਜਨਮ ਸਫਲਾ ਕਰਨ‘ ਦੇ ਨਾਂ ਤੇ ਕੀ ਬਣਾਕੇ ਰੱਖ ਦਿੱਤਾ ਸੀ। ਸਧਾਰਣ ਮਨੁੱਖ ਦਾ ਮਾਨਸਕ ਪੱਧਰ ਬਹੁਤ ਹੀ ਨੀਵਾਂ ਹੁੰਦਾ ਹੈ। ਅਕਲ ਸਿਰਫ ਪੜ੍ਹਕੇ,ਗੁੜ੍ਹਕੇ ਤੇ ਘੁੰਮਕੇ ਹੀ ਆਉਂਦੀ ਹੈ। ਜਨ ਸਧਾਰਣ ਤਰਕਵਾਦੀ ਹੋਣ ਦੀ ਥਾਂ ਅੰਧਵਿਸ਼ਵਾਸੀ ਹੁੰਦਾ ਹੈ। ਅਣਪੜ੍ਹ ਲੋਕ ਜਾਗਰੂਕ ਨਹੀਂ ਹੋਇਆ ਕਰਦੇ ਸਿਰਫ ਮਗਰ ਲਾਏ ਜਾਂਦੇ ਹਨ। ਸਧਾਰਣ ਜਨਤਾ ਨੂੰ ਸੌਖਿਆਂ ਹੀ ਮਗਰ ਲਾਇਆ ਜਾ ਸਕਦਾ ਖਾਸ ਤੋਰ ਤੇ ਰੱਬ ਜਾਂ ਕਿਸੇ ਕਿਸਮ ਦੀ ‘ਵੱਖਰੀ ਪਛਾਣ’ ਦੇ ਨਾਂਮ ਤੇ। ਲੋੜ ਸਿਰਫ ਕਿਸੇ ਨਾ ਕਿਸੇ ਰੂਪ ‘ਚ ਜ਼ਜ਼ਬਾਤਾਂ ਨੂੰ ਭੜਕਾਉਣ ਜਾਂ ਗੁੰਮਰਾਹ ਕਰਨ ਦੀ ਹੁੰਦੀ ਹੈ। ਪੱਠੇ ਕੁਤਰਣ ਵਾਲੇ ਹੋਰ ਤੇ ਦੁੱਧ ਪੀਣ ਵਾਲੇ ਹੋਰ ਹੁੰਦੇ ਹਨ।
ਲੇਖ ਦੇ ਸ਼ੁਰੂ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਦੇ ਕਤਲ ਵਿੱਚ ਬਾਜ਼ ਦੀ ਭੂਮਿਕਾ ਦਾ ਜਿ਼ਕਰ ਹੋਇਆ ਸੀ। ਇਸੇ ਬਾਜ਼ ਦੀ ‘ਗਵਾਹੀ’ ਨਾਲ ਬਲਬੀਰ ਸਿੰਘ ਨੂੰ ਵੀ ਬਾਕੀ ਦੋਸ਼ੀਆਂ ਨਾਲ ਸੈਸ਼ਨ ਜੱਜ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਸ੍ਰੀਮਤੀ ਇੰਦਰਾ ਗਾਂਧੀ ਨੂੰ ਕਤਲ ਕਰਨ ਦੀ ਸਾਜਿ਼ਸ਼ ਦੇ ਦੋਸ਼ ਵਿੱਚ ਹਾਈ ਕੋਰਟ ਨੇ ਵੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ। ਘਟਨਾ ਦੇ ਚਾਰ ਸਾਲਾਂ ਪਿੱਛੋਂ ਕਤਲ ਕੇਸ ਦੀ ਅਪੀਲ ਤੇ ਫੈਸਲਾ ਦਿੰਦਿਆਂ ਭਾਰਤ ਦੀ ਸੁਪਰੀਮ ਕੋਰਟ ਨੇ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਸੀ। ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਵਲੋਂ ਜਸਟਿਸ ਜੀ ਼ਐਲ਼ ਓਝਾ ਤੇ ਜਸਟਿਸ ਕੇ਼ ਜੀ਼ ਸ਼ੈਟੀ ਨੇ ਫੈਸਲੇ ਵਿੱਚ ਲਿਖਿਆ ਕਿ ਇਹ ਠੀਕ ਹੈ ਕਿ ਸਿੱਖਾਂ ਵਲੋਂ ਬਾਜ਼ ਨੂੰ ਦਸਵੇਂ ਗੁਰੂ ਦਾ ਪ੍ਰਤੀਨਿਧ ਸਮਝਿਆ ਜਾਂਦਾ ਹੈ। ਇਸ ਲਈ ਬੇਅੰਤ ਸਿੰਘ ਤੇ ਬਲਬੀਰ ਸਿੰਘ ਵਲੋਂ ਬਾਜ਼ ਨੂੰ ਵੇਖ ਕੇ ਅਰਦਾਸ ਕਰਨੀ ਕੋਈ ਅਨੋਖੀ ਗੱਲ ਨਹੀਂ ਸੀ। ਜਿਸ ਤਰ੍ਹਾਂ ਹਿੰਦੂਆਂ ਲਈ ਗਊ ਸਤਿਕਾਰ ਦੀ ਪਾਤਰ ਹੈ ਇੰਝ ਹੀ ਬਾਜ਼ ਨੂੰ ਸਿੱਖ ਧਰਮ ਵਿੱਚ ਗੁਰੂ ਦਾ ਪੰਛੀ ਕਿਹਾ ਜਾਂਦਾ ਹੈ। ਬਲਬੀਰ ਸਿੰਘ ਅਤੇ ਬੇਅੰਤ ਸਿੰਘ ਵਲੋਂ ਬਾਜ਼ ਨੂੰ ਵੇਖ ਕੇ ਮੌਕੇ ‘ਤੇ ਹੀ ਕੀਤੀ ਗਈ ਅਰਦਾਸ ਕਿਸੇ ਸਾਜਿ਼ਸ਼ ਲਈ ਕੀਤੀ ਨਹੀਂ ਮੰਨੀ ਜਾ ਸਕਦੀ। ਇਸ ਬਾਜ਼ ਦਾ ਕਿਸੇ ਸਾਜਿ਼ਸ਼ ਨਾਲ ਕੋਈ ਸਬੰਧ ਨਹੀਂ। ਇਸ ਤਰ੍ਹਾਂ ਬਲਬੀਰ ਸਿੰਘ ਫਾਂਸੀ ਦੇ ਤਖਤੇ ਤੋਂ ਬਾਂਹ ਕੁ ਦੀ ਵਿੱਥ ਤੋਂ ਮੁੜ ਗਿਆ। ਸਿੱਖਾਂ ਲਈ ਬਾਜ਼ ਸਿ਼ਕਾਰੀ ਪੰਛੀ ਜਾਂ ਸ਼ਕਤੀ ਦਾ ਪ੍ਰਤੀਕ ਹੀ ਨਹੀਂ ਬਲਕਿ ਅੰਨ੍ਹੀਂ ਸ਼ਰਧਾ ਵੀ ਹੈ। ਪਰ ਰਾਂਮ ਜੇਠ ਮਲਾਨੀਂ ਅਦਾਲਤ ਵਿੱਚ ਇਹ ਸਵਾਲ ਉਠਾਉਂਦਾ ਰਿਹਾ ਕਿ ਬੇਅੰਤ ਸਿੰਘ ਨੂੰ ਫੜ੍ਹਣ ਪਿੱਛੋਂ ਅੱਧੇ ਘੰਟੇ ਪਿੱਛੋਂ ਗੋਲੀ ਕਿਉਂ ਮਾਰੀ ਗਈ? ਜਦੋਂ ਕਿ ਉਹਨੇ ਰਵਾਲਵਰ ਸੁੱਟਕੇ, ਹੱਥ ਖੜ੍ਹੇ ਕਰਕੇ ਕਹਿ ਦਿੱਤਾ ਸੀ ਕਿ “ਮੈਂ ਜੋ ਕਰਨਾ ਸੀ ਕਰ ਦਿੱਤਾ। ਹੁਣ ਤੁਸੀਂ ਜੋ ਕਰਨਾ ਹੈ ਕਰ ਲਵੋ”ੋ। ਦੇਸ਼ ਦੇ ਹਾਕਮ ਨੂੰ ਮਾਰਨ ਜਾਂ ਹਮਲਾ ਕਰਨ ਵਾਲੇ ਨੂੰ ਜਿੰਦਾ ਫੜ੍ਹਣ ਦੀਆਂ ਲਿਖਤੀ ਹਦਾਇਤਾਂ ਸਨ। ਪਰ ਬੇਅੰਤ ਸਿੰਘ ਦੇ ਮਰਨ ਨਾਲ ਤਾਂ ਸਾਰੀ ਸਾਜਿ਼ਸ਼ ਤੇ ਹੀ ਮਿੱਟੀ ਪੈ ਗਈ।
ਇਸ ਬਾਜ ਰਾਹੀਂ ਹੋਏ ਕਤਲ ਤੇ ਪਿੱਛੋਂ ਦਹਾਕਾ ਭਰ ਸਿੱਖਾਂ ਦੇ ਖੂੰਨ ਨਾਲ ਖੇਢੀ ਗਈ ਹੋਲੀ ਦੀ ਤਾਰ ਕਿਤੇ ਬਾਹਰ ਤਾਂ ਨਹੀਂ ਸੀ ਜੁੜਦੀ? ਵਕੀਲ ਅਜੈਬ ਸਿੰਘ ਬੱਗਾ ਸਾਹਿਤ ਦੇ ਰਸੀਏ ਸਨ, ਉਨ੍ਹਾਂ ਨੇ 1985 ਵਿੱਚ ਅਜਨਾਲਾ ਹਲਕੇ ਤੋਂ ਚੋਣ ਵੀ ਲੜੀ ਸੀ। ਉਹ ਗਿਆਨੀ ਜੈਲ ਸਿੰਘ ਦੇ ਪੁਰਾਣੇ ਸਾਥੀਆਂ ਵਿੱਚੋਂ ਸਨ। ਉਸ ਦੇ ਆਪਣੇ ਪੁੱਤਰ ਅਤੇ ਭਤੀਜੇ ਕਾਮਰੇਡ ਬਲਦੇਵ ਮਾਂਨ ਨੂੰ ਬੱਗੇ ਤੇ ਸ਼ੀਨੇ ਪਿੰਡਾਂ ਦਿਆ ਸਮਗਲਰਾਂ ਤੋਂ ਖਾੜਕੂ ਬਣੇ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਕੁੱਝ ਅਰਸਾ ਪਹਿਲਾਂ ਜਦੋਂ 75 ਸਾਲ ਦੀ ਉਮਰ ਪਾਰ ਕਰਕੇ ਉਨ੍ਹਾਂ ਦੇ ਦੋਨੌਂ ਗੁਰਦੇ ਫੇਲ਼੍ਹ ਹੋ ਗਏ ਸਨ ਤਾਂ ਉਨ੍ਹਾਂ ਮੈਨੂੰ ਖਤ ਲਿਖਿਆ ਸੀ ਕਿ “ਮੈਨੂੰ ਇਸ ਦੁਨੀਆਂ ਤੋ ਜਾਣ ਦਾ ਰੱਤੀ ਭਰ ਵੀ ਗਮ ਨਹੀਂ। ਪਰ ਤੇਰੇ ਜਿਹੇ ਮਿੱਤਰਾਂ ਤੋਂ ਵਿਦਾ ਹੁੰਦਿਆਂ ਅਫਸੋਸ ਹੋ ਰਿਹਾ ਹੈ।” ਪਿਛਲੇ ਸਾਲ ਲੁਧਿਆਣੇ ਮੇਰੀ ਰਿਸ਼ਤੇਦਾਰੀ ਵਿੱਚ ਇੱਕ ਵਿਆਹ ਸਮਾਗਮ ਦੌਰਾਂਨ ਗੁਰਦਾਸ ਮਾਂਨ ਦੇ ਗਾਣੇ ਸੁਣਦਿਆਂ ਮੈਂ ਅਜਨਾਲਾ ਦੇ ਐੱੰਮ ਐੱਲ ਏ ਬੋਨੀ ਅਮਰਪਾਲ ਨੂੰ ਬੱਗਾ ਸਾਹਿਬ ਬਾਰੇ ਪੁੱਛਿਆ ਤਾਂ ਉਸ ਦੱਸਿਆ ਕਿ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ। ਜਦੋਂ ਪੰਜਾਬ ਵਿੱਚ ਅੱਤਵਾਦ ਸਿਖਰ ਤੇ ਸੀ ਓਦੋਂ ਇੱਕ ਵਾਰ ਉਨ੍ਹਾਂ ਮੈਨੂੰ ਕਿਹਾ ਸੀ ਕਿ “ ਮੈਂ ਇਸ ਦੁਨੀਆਂ ਵਿੱਚ ਨਹੀਂ ਹੋਣਾ। ਪਰ ਹੌਲੀ ਹੌਲੀ ਅਖਬਾਰਾਂ ਤੇ ਕਿਤਾਬਾਂ ਰਾਹੀਂ ਇਹ ਗੱਲ ਸਾਹਮਣੇ ਆਵੇਗੀ ਕਿ ‘ਇਸ ਧਰਤੀ ਤੇ ਕਿਸੇ ਥਾਂ ਕੋਈ ਮੀਟਿੰਗ ਹੋਈ ਸੀ। ਜਿਸ ਵਿੱਚ ਇਹ ਵਿਚਾਰਿਆ ਗਿਆ ਕਿ ਕਰੜੀਆਂ ਸ਼ਰਤਾਂ ਹੇਠ ਝੋਲੀ ਅੱਡ ਕਿ ਅਨਾਜ ਮੰਗਣ ਵਾਲੇ ਦੇਸ਼ ਭਾਰਤ ਨੂੰ ਇਸ ਚੱਪਾ ਕੁ ਪੰਜਾਬ ਨੇ ਹਰੇ ਇਨਕਲਾਬ ਨਾਲ ਆਤਮ ਨਿਰਭਰ ਕਿਵੇਂ ਬਣਾ ਦਿੱਤਾ? ਫੈਸਲਾ ਹੋਇਆ ਹੋਵੇਗਾ ਕਿ ਇਸ ਪੰਜਾਬ ਨੂੰ ਥਾਂ ਸਿਰ ਕੀਤਾ ਜਾਵੇ। ਬਾਕੀ ਤਾਂ ਸ਼ਤਰੰਜ ਦੀ ਬਾਜ਼ੀ ਵਿੱਚ ਪਿਆਦੇ, ਘੋੜੇ, ਫੀਲ੍ਹੇ ਹੁੰਦੇ ਹਨ। ਭਾਰਤ ਪਾਕਿਸਤਾਂਨ ਦੀ ਵੰਡ ਗਾਂਧੀ ਜਿਨਾਹ ਦੇ ਝਗੜੇ ਕਾਰਨ ਨਹੀਂ ਸੀ ਹੋਈ। ਫੈਸਲਾ ਤੀਹ ਸਾਲ ਪਹਿਲਾਂ ਹੀ ਲੰਦਨ ਵਿੱਚ ਹੋ ਗਿਆ ਸੀ।ਸੋਵੀਅਤ ਯੂਨੀਅਨ 1990 ਵਿੱਚ ਟੁੱਟਿਆ ਸੀ ਪਰ ਇਸ ਹੋਣੀ ਤੇ ਦਸਤਖਤ ਸਟਾਰ ਵਾਰ ਦੀ ਸ਼ੁਰੂਆਤ ਨਾਲ ਤੀਹ ਸਾਲ ਪਹਿਲਾਂ ਯੁਰਪ ਵਿੱਚ ਹੋ ਗਏ ਸਨ।” ਹੁਣ ਨਸਿ਼ਆਂ ਦਾ ਦਰਿਆ ਪੰਜਾਬ ਵਿੱਚ ਹੀ ਕਿਉਂ ਹੈ? ਅਖਬਾਰਾਂ ਸੰਪਾਦਕੀ ਲਿਖ ਰਹੀਆਂ ਹਨ ਕਿ ਪੰਜਾਬੀਆਂ ਨੂੰ ਬਰਬਾਦ ਕਰਨ ਦੀ ਇਹ ਕੋਈ ਡੂੰਘੀ ਸਾਜਿਸ਼ ਹੈ। ਯੂ.ਐੱਂਨ.ਓ.ਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਜਾਰੀ 2009 ਦੀ ਰਿਪੋਰਟ ਅਨੁਸਾਰ ਅੰਤਰ ਰਾਸ਼ਟਰੀ ਡਰੱਗ ਮਾਫੀਆ 70000 ਕਰੋੜ ਡਾਲਰ ਦਾ ਸਲਾਨਾਂ ਕਾਰੋਬਾਰ ਕਰਦਾ ਹੈ। ਜਿਸ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੁੰਦੀ ਹੈ। ਪੰਜਾਬੀ ਸੁਭਾਅ ਪੱਖੋਂ ਝਗੜਾਲੂ ਰੁੱਚੀਆਂ ਦੇ ਧਾਰਨੀਂ ਹੋਣ ਕਾਰਨ ਸੌਖੀ ਕਮਾਈ ਲਈ ਛੇਤੀ ਇਸ ਪਾਸੇ ਪੈ ਜਾਂਦੇ ਹਨ। ਕਦੀ ਬਹਾਦਰੀ ਅਤੇ ਕੁਰਬਾਨੀਂ ਵਿੱਚ ਨਾਂਮ ਕਮਾਉਣ ਵਾਲੇ ਪੰਜਾਬੀ ਠੱਗੀ, ਧੋਖੇ,ਬੇਈਮਾਂਨੀ, ਕਬੂਤਰਬਾਜ਼ੀ ਅਤੇ ਸਮਗਲਿੰਗ ਵਿੱਚ ਝੰਡੇ ਗੱਡ ਰਹੇ ਹਨ। ਅਮਨ ਕਾਨੂੰਨ ਲਈ ਜਾਣੇ ਜਾਂਦੇ ਸੋਹਣੇ ਵਿਕਸਤ ਮੁਲਕਾਂ ਵਿੱਚ ਜਾ ਕੇ ਲਲਕਾਰੇ ਮਾਰਦੇ ਹਨ।
ਅਕਸਰ ਪੰਜਾਬੀ ਗੱਲਾਂ/ਗਾਹਲਾਂ/ਚੁਗਲੀਆਂ ਕਰਕੇ ਦਿਨ ਬਤਾਉਂਦੇ ਹਨ। ਅਮਰੀਕਨ ਯੌਰਪੀਅਨ ਲੋਕ ਜਾਂ ਕੰਮ ਕਰਦੇ ਹਨ ਜਾਂ ਵੀਕ ਐਂਡ ਤੇ ਅਨੰਦ ਮਾਣਦੇ ਹਨ। ਉਹ ਗੱਲਾਂ ਘੱਟ ਕਰਦੇ ਹਨ। ਉਨ੍ਹਾਂ ਨੂੰ ਬਾਬੇ ਨਾਨਕ ਦੀ ਦੱਸੀ ਮੱਤ, ਕਿਰਤ ਕਰਨ ਤੋਂ ਹੀ ਵਿਹਲ ਨਹੀਂ ਅਤੇ ਅਸੀਂ ਵਿਹਲੇ ਹੀ ਵਿਹਲੇ ਹਾਂ। ਕੰਮ ਸੱਭਿਆਚਾਰ ਗੋਰਿਆਂ ਅਪਣਾ ਲਿਆ। ਅਸੀਂ ਉੱਡਦੇ ਬਾਜ਼ਾਂ ਮਗਰ ਦੌੜਦੇ ਰਹੇ। ਰੋਜਾਨਾਂ ਤੀਹ ਲੱਖ ਤੋਂ ਵੱਧ ਪੰਜਾਬੀ ਸਵੇਰੇ ਚਿੱਟੇ ਕੱਪੜੇ ਪਾ ਕੇ ਘਰੋਂ ਸੱਥਾਂ,ਬੱਸ ਅੱਡਿਆਂ,ਰੇਲਵੇ ਸਟੇਸ਼ਨਾਂ,ਬਜਾਰਾਂ,ਕਚਹਿਰੀਆਂ ਵਿੱਚ ਤੋਰੇ ਫੇਰੇ ਲਈ ਹੀ ਨਿੱਕਲਦੇ ਹਨ।ਇਹ ਬੇਰੋਜਗਾਰ ਨਹੀਂ ਹਨ। ਅਸਲ ਵਿੱਚ ਇਨ੍ਹਾਂ ਨੂੰ ‘ਪੰਜਾਬੀ ਕਿਸਮ ਦੀ ਸੋਸ਼ਲ ਸਕਿਉਰਿਟੀ’ ਮਿਲੀ ਹੋਈ ਹੈ। ਇਨ੍ਹਾਂ ਲਈ ਹਰ ਦਿਨ ਹੀ ਵੀਕ ਐਂਡ ਹੈ। ਹਰ ਪਿੰਡ ਵਿੱਚ ਸੌ ਡੇਢ ਸੌ ਅਜਿਹੇ ਵਿਅਕਤੀ ਹਨ ਜਿਨ੍ਹਾਂ ਸਾਰੀ ਉਮਰ ‘ਚ ਕੋਈ ਕਿਰਤ ਨਹੀਂ ਕੀਤੀ। ਮੌਲਵੀ ਤੇ ਕਿਸਾਂਨ ਵਾਲੀ ਕਹਾਣੀ ਤੁਸੀਂ ਉੱਪਰ ਪੜ੍ਹ ਹੀ ਲਈ ਹੈ। ਇਹੀ ਵੋਟਤੰਤਰ ਨੂੰ ਸੂਤ ਬੈਠਦਾ ਹੈ। ਇਹ ‘ਬਾਜ਼’ ਪਹਿਲਾਂ ਹੀ ਘੱਟਾ ਢੋਅ ਰਹੇ ਪੰਜਾਬੀਆਂ ਨੂੰ ਹੋਰ ਵੀ ਅੰਧ ਵਿਸ਼ਵਾ਼ਸ਼ ਦੇ ਰਾਹ ਤੋਰੇਗਾ। ਡਾ.ਮਨਮੋਹਨ ਸਿੰਘ ਵਰਗੇ ਅਰਥ ਸ਼ਾਸਤਰੀ ਅਤੇ ਪੰਜਾਬੀ ਦੇ ਪ੍ਰਧਾਂਨ ਮੰਤਰੀ ਹੁੰਦਿਆਂ ਲੋੜ ਪੰਜਾਬ ਵਿੱਚ ਵੱਧ ਤੋਂ ਵੱਧ ਵਿਕਾਸ ਕਰਨ ਦੀ ਹੈ। ਜੇ ਪੰਜਾਬੀ ਅਜੇ ਵੀ ਸੰਭਲ ਨਹੀਂ ਸਕੇ ਫਿਰ ਹੋਰ ਵੀ ਪੱਛੜ ਜਾਣਗੇ। ਸਿੱਖਿਆ, ਮੁੱਢਲਾ ਢਾਂਚਾ, ਸਨਅੱਤ,ਖੇਤੀ ਅਤੇ ਜਮਹੂਰੀਅਤ ਨੂੰ ਮਜਬੂਤ ਕਰਕੇ ਹੀ ਪੰਜਾਬ ਨੂੰ ਪੰਜਆਬ ਬਣਾਇਆ ਜਾ ਸਕਦਾ ਹੈ। ਖੁਸ਼ਹਾਲੀ ਵਿਕਾਸ ਨਾਲ ਆਉੰਦੀ ਹੈ। ਖੁਸ਼ਹਾਲ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਦੀ ਲੋੜ ਨਹੀਂ ਹੁੰਦੀ।

ਚਿੰਤਨ ਤੇ ਚਰਚਾ.......... ਗ਼ਜ਼ਲ / ਪ੍ਰੋ. ਜਸਪਾਲ ਘਈ

ਕਦੇ ਚਿੰਤਨ, ਕਦੇ ਚਰਚਾ, ਕਦੇ ਚਰਚਾ 'ਤੇ ਚਰਚਾ ਹੈ
ਕਿਤਾਬਾਂ ਜਾਗ ਰਹੀਆਂ ਨੇ, ਤੇ ਸਾਰਾ ਸ਼ਹਿਰ ਸੁੱਤਾ ਹੈ

ਲਓ ਇਹ ਕਿਸ਼ਤੀਆਂ ਸਾਂਭੋ, ਜੇ ਹਿੰਮਤ ਹੈ ਤਾਂ ਫਿਰ ਆਓ
ਮਿਰੀ ਹਿੱਕ ਦਾ ਹੈ ਥਲ ਸ਼ਾਹਿਦ, ਮਿਰਾ ਹੀ ਨਾਮ ਦਰਿਆ ਹੈ


ਚਿਰਾਗਾਂ ਨੂੰ ਜੇ ਪਰ ਹੋਵਣ ਤਾਂ ਕਿਥੋਂ ਤੀਕ ਉੱਡਣਗੇ
ਪਲਾਂ ਦੇ ਵਾਂਗ ਹੈ ਚਾਨਣ, ਤੇ ਉਮਰਾਂ ਵਾਂਗ ਨੇਰ੍ਹਾ ਹੈ

ਤਿਰੀ ਤਹਿਰੀਰ ਹੈ ਕੱਲੀ, ਮਿਰੀ ਤਕਦੀਰ ਕਿੰਝ ਹੋਈ
ਲਕੀਰਾਂ ਭਾਵੇਂ ਹਨ ਤਿਰੀਆਂ, ਮਗਰ ਇਹ ਹੱਥ ਤੇ ਮੇਰਾ ਹੈ

ਜ਼ਰਾ ਖੰਜਰ ਤੋਂ ਹੀ ਪੜ੍ਹ ਲੈ, ਲਹੂ ਮੇਰੇ ਨੇ ਕੀ ਲਿਖਿਐ
ਤਿਰੇ ਜੁਲਮਾਂ ਦੇ ਨੇਰ੍ਹੇ ਵਿਚ ਮਿਰੀ ਰੂਹ ਦਾ ਸਵੇਰਾ ਹੈ

ਇਹ ਸੰਗਲ ਸਾਜ਼ ਬਣ ਛਣਕਣ, ਇਹ ਸੂਲ਼ਾਂ ਤਾਜ ਬਣ ਚਮਕਣ
ਕਿ ਅੰਬਰ ਨੂੰ ਕਰੇ ਕੈਦੀ, ਇਹ ਕਿਸ ਪਿੰਜਰੇ ਦਾ ਜੇਰਾ ਹੈ

ਤਾਜ ਬਖ਼ਸ਼ ਦੇ.......... ਗ਼ਜ਼ਲ / ਪ੍ਰੋ. ਸੁਰਜੀਤ ਜੱਜ

ਤਾਜ ਬਖ਼ਸ਼ ਦੇ, ਸਿਰ ਹਾਜ਼ਰ ਹੈ
ਬਾਕੀ ਛੱਡ, ਉਹ ਘਰ ਖ਼ਾਤਰ ਹੈ

ਹੱਥ ਜੇ ਹੁੰਦੇ ਹੱਥ, ਫਿਰ ਭੈਅ ਸੀ
ਕਰ ਕਮਲਾਂ ਤੋਂ ਕਾਹਦਾ ਡਰ ਹੈ


ਜਿਸ ਵੀ ਪਿੱਠ 'ਤੇ ਰੁੱਖ ਹੈ ਉੱਗਿਆ
ਓਹੀ ਦੂਜੀ ਤੋਂ ਬਿਹਤਰ ਸੀ

ਮੈਨੂੰ ਪਾਲ਼, ਨਦੀ ਜੇ ਹਰਨੀ
ਕਹਿੰਦਾ ਨਫ਼ਸ ਦਾ, ਸ਼ਹੁ ਸਾਗਰ ਹੈ

ਮੈਂ ਵੀ ਵਾਅਦਾ ਮਾਫ਼ ਗਵਾਹ ਹਾਂ
ਮੇਰੇ ਹੱਥ ਵਿਚ ਵੀ ਖ਼ੰਜਰ ਹੈ

ਮੈਨੂੰ ਓਥੇ ਉਗਣਾ ਪੈਣੈ
ਜਿਹੜੀ ਵੀ ਧਰਤੀ ਬੰਜਰ ਹੈ

ਕਿੰਨਾ ਪਿਆਸਾ ਹਾਂ, ਮੇਰੇ ਲਈ
ਹਰ ਬੱਦਲੀ ਹੀ ਪੈਂਦੀ ਵਰ੍ਹ ਹੈ

ਆਪਣਾ ਹੋਵੇ ਜਾਂ ਨਾ ਹੋਵੇ
ਗੁਲਮੋਹਰ ਤਾਂ ਗੁਲਮੋਹਰ ਹੈ

ਸਹਿਰਾ ਵਿਚ ਸੁਰਜੀਤ ਹੋਣ ਦਾ
ਮਿਲਿਆ ਇਕ ਚਸ਼ਮੇ ਤੋਂ ਵਰ ਹੈ

ਕੀ ਅਸੀਂ ਸੱਚਮੁੱਚ ਹੀ ਦੇਸੀ ਹਾਂ?.......... ਲੇਖ / ਰਿਸ਼ੀ ਗੁਲਾਟੀ

ਉਂਝ ਤਾਂ ਪਾਠਕ ਵੀਰੋ ਤੁਸੀਂ ਸਭਨਾਂ ਨੇ ਇਹ ਗੱਲ ਸੁਣੀ ਹੀ ਹੋਵੇਗੀ । ਚਲੋ ਕੋਈ ਨਾ, ਅੱਜ ਦੋਬਾਰਾ ਸਾਂਝੀ ਕਰਦੇ ਹਾਂ । ਕਿਸੇ ਹੋਰ ਕੌਮ ਦੀ ਕੁੜੀ ਦਾ ਕਿਸੇ ਮਾੜੇ ਜੱਟ ਦੇ ਮੁੰਡੇ ਨਾਲ ਵਿਆਹ ਹੋ ਗਿਆ । ਜੇਕਰ ਘਰ ਮਾੜੇ ਜੱਟ ਦਾ ਹੈ ਤਾਂ ਘਰ ਦੀ ਕੇਹੀ ਹਾਲਤ ਹੋਵੇਗੀ, ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ । “ਪਾਣੀ ਵਾਰਨੇ” ਤੇ ਉਸ ਸੱਜ ਵਿਆਹੀ ਮੁਟਿਆਰ ਨੂੰ ਅਜੀਬ ਜਿਹੇ ਮੁਸ਼ਕ ਦਾ ਅਹਿਸਾਸ ਹੋਇਆ ਪਰ ਮਾਰੇ ਸ਼ਰਮ ਦੇ ਕਿਸੇ ਨੂੰ ਕੁਝ ਕਹਿ ਨਾ ਸਕੀ । ਮੂੰਹ ਦਿਖਾਈ ਤੇ ਹੋਰ ਰਸਮਾਂ-ਰਿਵਾਜਾਂ ਤੋਂ ਬਾਅਦ ਰਤਾ ਹਨੇਰਾ ਹੋਣ ਤੇ ਉਸ ਮੁਟਿਆਰ ਨੂੰ ਚਾਰ ਹੋਰ ਕੁੜੀਆਂ ਚੁੰਨੀ ਦਾ ਪੱਲਾ ਮੂੰਹ ‘ਚ ਦੇ ਕੇ ਦੰਦੀਆਂ ਕੱਢਦੀਆਂ “ਸੁਹਾਗ ਕਮਰੇ” ‘ਚ ਛੱਡ ਗਈਆਂ । “ਸੁਹਾਗ ਕਮਰਾ” ਡੰਗਰਾਂ ਦੇ ਵਰਾਂਡੇ ਦੇ ਨਾਲ਼ ਸੀ, ਜਿਸਦੇ ਅੱਗੇ ਪੱਲੀਆਂ ਟੰਗੀਆਂ ਹੁੰਦੀਆਂ ਨੇ, ਉਹ ਵੀ ਕੇਵਲ ਸਰਦੀਆਂ ‘ਚ । ਕੁੜੀਆਂ ਜਦ ਚਲੀਆਂ ਗਈਆਂ ਤਾਂ ਪਹਿਲਾਂ ਤਾਂ ਸੱਜ ਵਿਆਹੀ ਨੇ ਆਪਣਾ ਘੁੰਡ ਆਪ ਹੀ ਚੁੱਕ ਕੇ ਨੱਕ ਅੱਗੇ ਹਵਾ ਕੀਤੀ, ਮਤੇ ਮੁਸ਼ਕ ਨੂੰ ਕੋਈ ਫ਼ਰਕ ਪੈ ਜਾਵੇ । ਜਦ ਕੋਈ ਫ਼ਰਕ ਨਾ ਪਿਆ ਤਾਂ ਉਸ ਬੈੱਡ ਦੇ ਥੱਲੇ ਪਈ ਘਰ ਵਾਲੇ ਦੀ ਪੁਰਾਣੀ ਜੁੱਤੀ ਪੈਰਾਂ ‘ਚ ਅੜਾਈ ਤੇ ਕਮਰੇ ‘ਚ ਪਏ ਸੰਦੂਕਾਂ ਮਗਰ ਤੱਕਿਆ, ਕਿ ਕਮਰੇ ‘ਚ ਹੀ ਕੋਈ ਚੂਹਾ ਆਦਿ ਨਾ ਮਰਿਆ ਪਿਆ ਹੋਵੇ । ਏਨੇ ਨੂੰ ਲਾੜਾ ਸਾਹਿਬ ਵੀ ਅੰਦਰ ਆਏ ਤੇ ਕਮਰੇ ਦੀ ਕੁੰਡੀ ਚੜ੍ਹਾ ਕੇ ਦਿਲ ‘ਚ ਅਣਗਿਣਤ ਅਰਮਾਨ ‘ਕੱਠੇ ਕਰਕੇ ਬੈੱਡ ਵੱਲ ਨਿਗ੍ਹਾ ਮਾਰੀ, ਪਰ ਉੱਥੇ ਕੀਹਨੇ ਹੋਣਾ ਸੀ ।
“ਚੰਨੀਏ, ਨੀ ਚੰਨੀਏ.... ਕਿੱਥੇ ਐਂ ?” ਲਾੜਾ ਸਾਹਿਬ ਨੇ ਪੁੱਛਿਆ ।
ਕੋਈ ਜੁਆਬ ਨਾ ਮਿਲਣ ਤੇ ਉਹ ਹੈਰਾਨ ਪ੍ਰੇਸ਼ਾਨ ਹੋ ਕੇ ਬਾਹਰ ਨਿੱਕਲਿਆ ਤੇ “ਚੰਨੀ” ਨੂੰ ਏਧਰ ਓਧਰ ਤੱਕਿਆ ਤੇ ਨਜ਼ਰ ਨਾ ਆਉਣ ਤੇ ਘਰ ਦਿਆਂ ਨੂੰ ਦੱਸਿਆ । ਸਾਰਾ ਟੱਬਰ ਲੱਭ ਲਭਾ ਕੇ ਮੁੜ “ਸੁਹਾਗ ਕਮਰੇ” ‘ਚ ਆਇਆ ਤਾਂ ਨਜ਼ਰ ਪਈ ਕਿ “ਚੰਨੀ” ਤਾਂ ਪੇਟੀਆਂ ਮਗਰ ਝਾਤੀਆਂ ਮਾਰ ਰਹੀ ਸੀ ।
“ਚੰਨੀਏ... ਮੇਰਾ ਮਤਲਬ ਗੁਰਨਾਮੋ... ਏਥੇ ਕੀ ਕਰਨ ਡਹੀਂ ਹੈ ?” ਲਾੜਾ ਸਾਹਿਬ ਨੇ ਪੁੱਛਿਆ ।
“ਉਹ ਜੀ... ਉਹ ਜੀ... ਮੇਰਾ ਮਤਬਲ... ਉਹ ਜੀ...” ਨਵ ਵਿਆਹੀ ਛਾਪਾ ਪੈਣ ਤੇ ਇੱਕ ਦਮ ਘਬਰਾ ਗਈ ।
“ਕੋਈ ਨਾ ਪੁੱਤ, ਕਰੋ ‘ਰਾਮ ਤੁਸੀਂ । ਨੂੰਹ ਰਾਣੀ ਥੱਕੀ ਹੋਣੀ ਐ ।” ਕਿਸੇ ਸਿਆਣੀ ਜ਼ਨਾਨੀ ਨੇ ਗੱਲ ਸੰਭਾਲੀ ਤੇ ਸਭ ਨੂੰ ਬਾਹਰ ਲੈ ਤੁਰੀ । ਪਰ ਲਾੜਾ ਸਾਹਿਬ ਨੂੰ ਚੈਨ ਕਿੱਥੇ ? ਘੁੰਡ ਤਾਂ ਪਹਿਲਾਂ ਹੀ ਚੁੱਕਿਆ ਗਿਆ ਸੀ, ਮੁੜ ਉਹੀ ਗੱਲ ਲੈ ਬੈਠੇ ।
“ਉਹ ਜੀ... ਗੱਲ ਇਹ ਸੀ... ਤੁਸੀਂ ਗੁੱਸਾ ਤਾਂ ਨਹੀਂ ਕਰਦੇ ?”
“ਨਾ ਹੁਣ ਕੁਸ਼ ਦੱਸੇਂਗੀ ਵੀ ਕਿ...”
“ਗੱਲ ਇਉਂ ਸੀ ਜੀ ਕਿ ਜਦੋਂ ਦੀ ਮੈਂ ਘਰੇ ਆਈ ਆਂ, ਅਜੀਬ ਜਿਹਾ ਮੁਸ਼ਕ ਮੇਰੇ ਡਮਾਕ ਨੂੰ ਚੜੀ ਜਾਂਦੈ, ਮੈਂ ਦੇਖਦੀ ਸੀ ਕਿਤੇ ਕੋਈ ਚੂਹਾ-ਚਾਹਾ ਤਾਂ ਨਹੀਂ ਮਰਿਆ ਪਿਆ ।”
“ਮੈਨੂੰ ਤਾਂ ਕੋਈ ਮੁਸ਼ਕ ਨਹੀਂ ਆਇਆ ।” ਲਾੜਾ ਸਾਹਿਬ ਨੇ ਡੂੰਘਾ ਸਾਹ ਭਰ ਕੇ ਕਿਹਾ ।
“ਪਤਾ ਨਹੀਂ ਜੀ... ਮੈਨੂੰ ਤਾਂ ਸਾਹ ਲੈਣਾ ਔਖਾ ਹੋਇਆ ਪਿਐ ।”
“ਚੱਲ ਕੋਈ ਨਾ, ਤੜਕੇ ਦੇਖਾਂਗੇ ਫੇਰ ।”
ਨੂੰਹ ਰਾਣੀ ਨੇ ਰਾਤ ਬੜੀ ਔਖੀ ਕੱਟੀ ਤੇ ਰਾਤ ਨੂੰ “ਬਾਹਰ” ਜਾਣ ਦੇ ਪੱਜ ਦੇਖ ਆਈ ਕਿ ਮੁਸ਼ਕ ਤਾਂ ਡੰਗਰਾਂ ਵਾਲੇ ਵਰਾਂਡੇ ‘ਚੋਂ ਆ ਰਿਹਾ ਸੀ । ਅਗਲੀ ਸਵੇਰ ਬਹੁਕਰ ਤੇ ਪਾਣੀ ਦੀ ਬਾਲਟੀ ਚੁੱਕੀ ਤੇ ਡੰਗਰਾਂ ਵਾਲੇ ਵਰਾਂਡੇ ‘ਚ ਜਾ ਖੜੀ ਹੋਈ । ਵਰਾਂਡੇ ਦੇ ਫ਼ਰਸ਼ ‘ਤੇ “ਦੇ ਰਗੜੇ ਤੇ ਰਗੜਾ”, “ਦੇ ਰਗੜੇ ਤੇ ਰਗੜਾ” । ਅਵਾਜ਼ ਸੁਣ ਸਾਰਾ ਟੱਬਰ ਉੱਠ ਖੜਾ ਹੋਇਆ ।
“ਧੀਏ, ਇਹ ਕੀ ਕਰਨ ਲੱਗੀਂ ਏਂ ? ਅਜੇ ਸੁੱਖ ਨਾਲ਼ ਕੱਲ ਤਾਂ ਆਈਂ ਏ ਤੇ ਬਹੁਕਰ ਵੀ ਫੜ ਲਈ ।”
“ਬੇਬੇ ਜੀ, ਸਾਰੀ ਰਾਤ ਮੁਸ਼ਕ ਆਉਂਦਾ ਰਿਹਾ, ਫਰਸ਼ ਧੋ ਕੇ ਮੁਸ਼ਕ ਤੋਂ ਤਾਂ ਬਚ ਜਾਵਾਂਗੀ । ਮੁਸ਼ਕ ਤਾਂ ਮੈਂ ਮੁਕਾ ਹੀ ਦੇਣੀ ਐ ।” ਨੂੰਹ ਰਾਣੀ ਨੇ ਬੇਬੇ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ ।
“ਜੁੱਗ-ਜੁੱਗ ਜੀਵੇਂ, ਜਵਾਨੀਆਂ ਮਾਣੇ, ਦੁੱਧੀ-ਪੁੱਤੀਂ ਫਲੇਂ !!! ਕੋਈ ਨਾ ਪੁੱਤ, ਸਾਰੀ ਉਮਰ ਪਈ ਏ ਕੰਮ ਕਰਨ ਲਈ, ਫ਼ਰਸ਼ ਅਸੀਂ ਧੋ ਦਿਆਂਗੀਆਂ ।” ਬੇਬੇ ਨੇ ਅਸੀਸਾਂ ਦੀ ਝੜੀ ਲਗਾ ਦਿੱਤੀ ।
ਬੇਬੇ ਨੇ ਬਹੁਕਰ ਫੜ ਲਈ ਪਰ ਨੂੰਹ ਰਾਣੀ ਕਿਹੜਾ ਘੱਟ ਸੀ, ਨਿੱਤ ਤੜਕੇ ਉੱਠ ਸਭ ਤੋਂ ਪਹਿਲਾ ਕੰਮ ਇਹੀ ਫੜ ਲਿਆ । ਪਾਣੀ ਦੀ ਬਾਲਟੀ ਤੇ ਬਹੁਕਰ ਲੈ ਕੇ ਫ਼ਰਸ਼ ਰਗੜਨਾ । ਕੁਝ ਦਿਨਾਂ ‘ਚ ਉਸਦਾ ਨੱਕ ਮਰ ਗਿਆ ਤੇ ਮੁਸ਼ਕ ਆਉਣੀ ਬੰਦ ਹੋ ਗਈ ।
“ਵੇਖਿਆ ਬੇਬੇ ਜੀ, ਮੈਂ ਕਹਿੰਦੀ ਸੀ ਨਾ, ਪਈ ਮੁਸ਼ਕ ਨੂੰ ਆਉਣੋਂ ਹਟਾ ਦੇਣਾ, ਹੁਣ ਆਉਂਦੀ ਐ ਕਿਤੇ ਮੁਸ਼ਕ ?” ਉਹ ਆਪਣੀ ਪ੍ਰਾਪਤੀ ਤੇ ਬੜੀ ਖੁਸ਼ ਹੁੰਦੀ ।
“ਹਾਂ ਪੁੱਤ” ਕਹਿ ਕੇ ਬੇਬੇ ਮੁਸ਼ਕੜੀਏਂ ਹੱਸ ਪੈਂਦੀ, ਕਿਉਂ ਜੋ ਉਹ ਸਮਝ ਗਈ ਸੀ ਕਿ ਨੂੰਹ ਦਾ ਨੱਕ ਮੁਸ਼ਕ ਤੋਂ ਮਰ ਗਿਆ ਹੈ । ਪਰ ਆਸਟ੍ਰੇਲੀਆ ‘ਚ ਛੇ ਮਹੀਨੇ ਬੀਤਣ ਦੇ ਬਾਵਜੂਦ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਵੱਲੋਂ ਆਪਣੇ ਭਰਾਵਾਂ ਲਈ ਵਰਤੇ ਜਾਂਦੇ “ਦੇਸੀ” ਸ਼ਬਦ ਤੋਂ ਮੇਰਾ ਨੱਕ ਨਹੀਂ ਮਰ ਰਿਹਾ । ਇਸ ਸ਼ਬਦ ਦੇ “ਇਤਿਹਾਸ” ਬਾਰੇ ਕਈ ਇੱਥੇ ਵਸਦੇ ਕਈ ਪੁਰਾਣੇ ਪੰਜਾਬੀਆਂ ਤੋਂ ਪਤਾ ਕਰਨ ਦੀ ਕੋਸਿ਼ਸ਼ ਕੀਤੀ ਪਰ ਨਾਕਾਮ ਰਿਹਾ । ਭਾਰਤ ਵਿੱਚ ਅੰਗਰੇਜ਼ਾਂ ਦੇ ਟਾਇਮ “ਸਵਦੇਸ਼ੀ” ਸ਼ਬਦ ਦੀ ਬੜੀ ਵਰਤੋਂ ਕੀਤੀ ਜਾਂਦੀ ਸੀ, ਜਿਸਦਾ ਮਤਲਬ ਸੀ ਕਿ ਆਪਣੇ ਦੇਸ਼ ‘ਚ ਬਣੀਆਂ ਵਸਤੂਆਂ । ਉਦੋਂ ਵਿਦੇਸ਼ੀ ਵਸਤੂਆਂ ਨੂੰ ਜਲਾਇਆ ਵੀ ਜਾਂਦਾ ਸੀ ਤੇ ਆਪਣੇ ਦੇਸ਼ ‘ਚ ਬਣੀਆਂ ਵਸਤੂਆਂ ਦੀ ਵਰਤੋਂ ਕਰਨ ਦਾ ਪ੍ਰਚਾਰ ਕੀਤਾ ਜਾਂਦਾ ਸੀ । ਹੋ ਸਕਦਾ ਹੈ ਕਿ ਇਹ ਸ਼ਬਦ ਉੱਥੋਂ ਨਾ ਆਇਆ ਹੋਵੇ, ਇਸ ਦਾ ਮਤਲਬ ਇਹ ਕੱਢਿਆ ਗਿਆ ਹੋਵੇ ਕਿ ਆਪਣਾ ਭਾਈਬੰਦ, ਆਪਣੇ ਦੇਸ਼ ਦਾ ਬੰਦਾ ਜਾਂ ਆਪਣਾ “ਦੇਸ਼ੀ ਭਰਾ” ਪਰ ਦੇਸ਼ੀ ਤੇ ਦੇਸੀ ਦੇ ਫ਼ਰਕ ਨੇ ਮੁੜ ਭੰਬਲਭੂਸੇ ‘ਚ ਪਾ ਦਿੱਤਾ । ਦੂਜਾ ਪੱਖ ਹੈ, ਕਿਸੇ ਨੂੰ ਵਿਅੰਗ ਨਾਲ਼ ਜਾਂ ਗੱਲਾਂ ਹੀ ਗੱਲਾਂ ‘ਚ ਭੁੰਜੇ ਲਾਹੁਣ ਲਈ ਦੇਸੀ ਕਹਿਣਾ । ਉਦਾਹਰਣ ਦੇ ਤੌਰ ਤੇ ਜੇ ਕਿਸੇ ਨੇ ਅਜਿਹਾ ਕੰਮ ਕਰ ਦਿੱਤਾ ਜੋ ਦੂਜੇ ਨੂੰ ਪਸੰਦ ਨਹੀਂ ਤਾਂ ਇਹ ਵੀ ਕਹਿੰਦੇ ਸੁਣਿਆ ਜਾ ਸਕਦਾ ਹੈ “ਚੱਲ ਸਾਲਾ ਦੇਸੀ ਜਿਹਾ ਨਾ ਹੋਵੇ ਤਾਂ ।” ਕੀ ਇਹ ਇੱਕ ਅਜਿਹਾ ਸ਼ਬਦ ਹੈ ਜਿਸ ਨਾਲ਼ ਸਾਡੀ ਇੱਜ਼ਤ ਜਾਂ ਸ਼ਾਨ ‘ਚ ਵਾਧਾ ਹੁੰਦਾ ਹੈ ? ਜੇਕਰ ਨਹੀਂ ਤਾਂ ਮੁੜ ਅਜਿਹੇ ਸ਼ਬਦ ਦੀ ਵਰਤੋਂ ਕਿਉਂ ? ਕੀ ਸਾਡੀ ਆਪਣੀ ਕੋਈ ਇੱਜ਼ਤ ਨਹੀਂ ਹੈ ? ਪੰਜਾਬ ‘ਚ ਰਹਿੰਦਿਆਂ ਜੇਕਰ ਕੋਈ ਉਂਗਲ ਵੀ ਕਰ ਦਿੰਦਾ ਸੀ ਤਾਂ ਬਰਦਾਸ਼ਤ ਨਹੀਂ ਸੀ ਹੁੰਦਾ ਪਰ ਇੱਥੇ ਆ ਕੇ ਕਿਉਂ ਆਪਣੀ ਇੱਜ਼ਤ ਦਾ ਫਲੂਦਾ ਕਰਨ ਤੇ ਤੁਲੇ ਹੋਏ ਹਾਂ ? ਅਸੀਂ “ਦੇਸੀ” ਕਿੱਥੋਂ ਹੋ ਗਏ, ਜਦ ਕਿ ਅਸੀਂ ਆਪਣੀ ਕਾਬਲੀਅਤ ਸਿੱਧ ਕਰ, ਦੂਜੇ ਮੁਲਕ ‘ਚ ਪੜ੍ਹਨ ਲਈ ਆਏ ਹੋਏ ਹਾਂ । ਯਾਰੋ, ਦੂਸਰੇ ਮੁਲਕਾਂ ਦੀਆਂ ਪਾਰਲੀਮੈਂਟਾਂ ਸਾਡੇ ਪੰਜਾਬੀ ਭਰਾ ਬੈਠੇ ਹੋਏ ਨੇ, ਅਸੀਂ ਪੰਜਾਬੀਆਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਬੜੀਆਂ ਮੱਲਾਂ ਮਾਰੀਆਂ ਨੇ । ਬੇਗਾਨੇ ਮੁਲਕਾਂ ‘ਚ ਸਾਡੇ ਨਾਲੋਂ ਕਈ ਗੁਣਾ ਵੱਧ ਰਫ਼ਤਾਰ ਨਾਲ਼ ਚੱਲ ਰਹੇ ਜ਼ਮਾਨੇ ਦੇ ਮੋਢੇ ਨਾਲ਼ ਮੋਢਾ ਮਿਲਾ ਕੇ ਚੱਲ ਰਹੇ ਹਾਂ । ਅਸੀਂ ਪੰਜਾਬ ‘ਚ ਵੀ ਬੜੀ ਤਰੱਕੀ ਕੀਤੀ ਹੈ । ਕਿਸਾਨ ਦਾ ਪੁੱਤ ਕੇਵਲ “ਪਰਾਣੀ” ਨਾਲ਼ ਬਲ਼ਦ ਹੱਕਣ ਜੋਗਾ ਨਹੀਂ ਰਿਹਾ, ਸਗੋਂ ਬਥੇਰੇ ਨੌਜਵਾਨ ਆਧੁਨਿਕ ਖੇਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਨੇ । ਸਾਨੂੰ ਤਾਂ ਆਪਣੀਆਂ ਪ੍ਰਾਪਤੀਆਂ ਤੇ ਮਾਣ ਹੋਣਾ ਚਾਹੀਦਾ ਹੈ, ਕੇਵਲ ਇੱਕ ਸ਼ਬਦ ਵਰਤ ਕੇ ਕਿਸੇ ਹੋਰ ਦੀ ਨਹੀਂ, ਸਗੋਂ ਆਪਣੀ ਖ਼ੁਦ ਦੀ ਹੀ “ਲੱਸੀ” ਕਰ ਰਹੇ ਹਾਂ !!!
ਇਹ ਵੀ ਸੱਚ ਹੈ ਕਿ ਕਈ ਸਾਡੇ ਵੀਰ ਇੱਥੇ ਆ ਕੇ ਹਰਕਤਾਂ ਤਾਂ ਅਜਿਹੀਆਂ ਕਰਦੇ ਹਨ ਕਿ ਵਾਕਿਆ ਹੀ “ਦੇਸੀ” ਜਾਪਦੇ ਹਨ । ਮੇਰੇ ਮਿੱਤਰ ਸ੍ਰ. ਹਰਵਿੰਦਰ ਸਿੰਘ ਗਰਚਾ, ਜੋ ਕਿ ਰਿਵਰਲੈਂਡ ਰੇਡੀਓ ਤੋਂ ਹਰ ਬੁੱਧਵਾਰ ਪੰਜਾਬੀ ਪ੍ਰੋਗਰਾਮ ਪ੍ਰਸਾਰਿਤ ਕਰਦੇ ਹਨ, ਨਾਲ਼ ਇਸ ਸ਼ਬਦ ਦੀ ਵਰਤੋਂ ਬਾਰੇ ਚਰਚਾ ਹੋਈ । ਉਹਨਾਂ ਨੇ ਕੁਝ “ਦੇਸੀ” ਘਟਨਾਵਾਂ ਦਾ ਜਿ਼ਕਰ ਕੀਤਾ, ਜੋ ਆਪ ਜੀ ਨਾਲ ਵੀ ਸਾਂਝੀਆਂ ਕਰਨੀਆਂ ਚਾਹਾਂਗਾ । ਨਿਊਜ਼ੀਲੈਂਡ ‘ਚ ਕੀਵੀ ਫਲ ਉਗਾਇਆ ਜਾਂਦਾ ਹੈ । ਇਹ ਫਲ ਬਾਰਿਸ਼ ਹੋਣ ਤੇ ਨਹੀਂ ਤੋੜਿਆ ਜਾਂਦਾ ਤੇ ਕਾਮੇ ਅਕਸਰ ਹੀ ਖੇਤ ਦੇ ਮਾਲਕ ਨੂੰ ਪੁੱਛ ਜਾਂਦੇ ਹਨ ਕਿ ਕੱਲ ਮੌਸਮ ਕਿੱਦਾਂ ਦਾ ਰਹੇਗਾ, ਕਿਉਂ ਜੋ ਇਹਨਾਂ ਦੇਸ਼ਾਂ ‘ਚ ਆਉਣ ਵਾਲੇ ਕੁਝ ਦਿਨਾਂ ਦੇ ਮੌਸਮ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ । ਇੱਕ ਪੰਜਾਬੀ ਵੀਰ ਨਿਊਜ਼ੀਲੈਂਡ ਨਵਾਂ-ਨਵਾਂ ਆਇਆ ਸੀ, ਨੇ ਸ਼ਾਮ ਨੂੰ ਖੇਤ ਦੇ ਮਾਲਕ ਨੂੰ ਅਗਲੇ ਦਿਨ ਦੇ ਮੌਸਮ ਬਾਰੇ ਪਤਾ ਕਰਨਾ ਸੀ । ਰੌਲਾ ਇਹ ਪੈ ਗਿਆ ਕਿ ਪੁੱਛੇ ਤਾਂ ਕਿੰਝ, ਕਿਉਂ ਜੋ ਅੰਗ੍ਰੇਜ਼ੀ ਵੱਲੋਂ ਉਸਦਾ ਹੱਥ ਕੁਝ ਤੰਗ ਸੀ । ਉਸਨੇ ਇੱਕ “ਦੇਸੀ” ਸਕੀਮ ਲੜਾਈ । ਖੇਤ ਦੇ ਗੋਰੇ ਮਾਲਕ ਨੂੰ ਪਾਣੀ ਕੋਲ ਲੈ ਗਿਆ । ਪਾਣੀ ਦਾ ਬੁੱਕ ਭਰ ਕੇ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪਾਣੀ ਵੱਲ ਇਸ਼ਾਰਾ ਕਰਕੇ ਪੁੱਛਦਾ “ਟੁਮਾਰੋ” ? ਦੋਬਾਰਾ ਫੇਰ ਪਾਣੀ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪੁੱਛਿਆ “ਟੁਮਾਰੋ” ? ਨਹੀਂ ਸਮਝੇ ਪਾਠਕ ਵੀਰੋ ? ਗੱਲ ਇੱਦਾਂ ਹੈ ਕਿ ਜਦ ਪਾਣੀ ਉੱਪਰ ਉਛਾਲਿਆ ਤਾਂ ਉਹ ਥੱਲੇ ਕਣੀਆਂ ਵਾਂਗ ਡਿੱਗਿਆ । ਗੋਰੇ ਨੂੰ ਪੁੱਛਦਾ ਕਿ ਕੀ ਕੱਲ ਮੀਂਹ ਆਵੇਗਾ ਜਾਂ ਨਹੀਂ ।
ਸ੍ਰ. ਗਰਚਾ ਨੇ ਇੱਕ ਮਜ਼ੇਦਾਰ ਘਟਨਾ ਹੋਰ ਦੱਸੀ ਕਿ ਕਿਸੇ ਖੇਤ ‘ਚ ਕਾਮਿਆਂ ਨੇ ਰੋਟੀਆਂ ਵਾਲਾ ਪੌਣਾ ਦਰਖਤ ਦੇ ਥੱਲੇ ਰੱਖ ਦਿੱਤਾ । ਹੁਣ ਰੋਟੀਆਂ ਗਿਣ ਕੇ ਨਹੀਂ ਚਿਣ ਕੇ ਪਕਾਈਆਂ ਹੋਈਆਂ ਸਨ, ਕਿ ਡੇਢ ਗਿੱਠ ਜਾਂ ਦੋ ਗਿੱਠ ਰੋਟੀਆਂ ਹੋ ਗਈਆਂ, ਚੱਲੋ ਬੜੀਆਂ ਨੇ । ਗੋਰੇ ਮਾਲਕ ਦਾ ਕੁੱਤਾ ਆਇਆ ਤੇ ਉਸਨੇ ਜਦ ਰੋਟੀਆਂ ਦਾ “ਟਾਵਰ” ਦੇਖਿਆ ਤਾਂ ਉਸਨੂੰ ਵੀ ਕੋਈ ਭੁਲੇਖਾ ਪੈ ਗਿਆ ਤੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕੁੱਤਾ “ਹੌਲਾ” ਹੋਣ ਤੋਂ ਪਹਿਲਾਂ ਉਸ ਥਾਂ ਨੂੰ ਸੁੰਘਦਾ ਹੈ । ਕੁੱਤੇ ਨੇ ਰੋਟੀਆਂ ਵਾਲਾ ਪੌਣਾ ਸੁੰਘਿਆ ਹੀ ਸੀ ਕਿ ਕਿਸੇ ਕਾਮੇ ਦੀ ਨਿਗ੍ਹਾ ਪੈ ਗਈ । ਉਸ “ਹੁਰਰਰਰ... ਹੁਰਰਰਰਰ...” ਕਹਿਕੇ ਤੇ ਡਲਾ ਚਲਾ ਕੇ ਕੁੱਤਾ ਤਾਂ ਭਜਾ ਦਿੱਤਾ ਪਰ ਉਸਨੂੰ ਗੁੱਸਾ ਆ ਗਿਆ । ਲੋਹਾ ਲਾਖ਼ਾ ਹੋਇਆ ਗੋਰੇ ਕੋਲ ਜਾ ਪੁੱਜਾ ਤੇ ਕੁੱਤੇ ਦੀ ਸਿ਼ਕਾਇਤ ਲਾਉਣ ਲੱਗਾ
“ਯੂ ਡੌਗ, ਈਟ ਮਾਈ ਲੰਚ ।”
ਗੋਰਾ ਚੱਕਰਾਂ ‘ਚ ਪੈ ਗਿਆ, ਇਹ ਬਾਈ ਕਹੀ ਕੀ ਜਾਂਦਾ ਹੈ ? ਉਸ ਪਾਰਡਨ ਕਿਹਾ ।
ਕਾਮਾ ਵੀਰ ਕੁੱਤੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ “ਯੂ ਡੌਗ, ਈਟ ਮਾਈ ਲੰਚ ।”
ਗੋਰੇ ਨੂੰ ਗੁੱਸਾ ਤਾਂ ਬੜਾ ਆਇਆ ਕਿ ਮੈਨੂੰ ਹੀ ਡੌਗ ਕਹੀ ਜਾਂਦਾ ਹੈ, ਪਰ ਜਲਦੀ ਠੰਢਾ ਵੀ ਹੋ ਗਿਆ ਕਿਉਂ ਜੋ ਉਹ ਸਮਝ ਗਿਆ ਸੀ ਕਿ ਸਾਹਮਣੇ ਗੱਲ ਕਰਨ ਵਾਲਾ “ਪਿਉਰ ਦੇਸੀ” ਹੈ । ਜਦ ਗੋਰੇ ਨੇ ਕਿਹਾ ਕਿ ਬਾਈ ਯਾਰ, ਬਾਕੀ ਤਾਂ ਸਾਰੀ ਗੱਲ ਤੇਰੀ ਸਹੀ ਹੈ ਪਰ “ਯੂ ਡੌਗ” ਕਿਉਂ ਕਹੀ ਜਾਂਦਾ ਹੈਂ, “ਯੂਅਰ ਡੌਗ” ਤਾਂ ਕਹਿ ਲੈ, ਤਾਂ ਕਾਮੇ ਨੂੰ ਏਧਰ ਓਧਰ ਝਾਕਣ ਤੋਂ ਇਲਾਵਾ ਕੁਝ ਨਾ ਸੁੱਝਿਆ ।
ਅੱਜ ਕੱਲ ਅਜਿਹੇ ਨੌਜਵਾਨ ਆਪਣੀਆਂ ਘਰ ਵਾਲੀਆਂ ਨੂੰ ਪੜ੍ਹਾਈ ਕਰਵਾਉਣ ਦੇ ਬਹਾਨੇ ਆਸਟ੍ਰੇਲੀਆ ਆ ਰਹੇ ਨੇ, ਜਿਹੜੇ ਕਦੀ “ਬਠਿੰਡੇ” ਦੀ ਹੱਦ ਨਹੀਂ ਟੱਪੇ ਹੁੰਦੇ । ਦੂਸਰੇ ਮੁਲਕ ‘ਚ ਆ ਕੇ ਅੰਤਰ-ਰਾਸ਼ਟਰੀ ਪੱਧਰ ਦੇ “ਮੈਨਰਜ਼” ਉਹਨਾਂ ਨੂੰ ਕਿੱਥੋਂ ਪਤਾ ਲੱਗ ਜਾਣਗੇ । ਉਹ ਤਾਂ ਇੰਝ ਹੀ ਵਰਤਾਓ ਕਰਦੇ ਨੇ ਜਿੱਦਾਂ “ਗੋਲੇਵਾਲੇ” ਬੈਠੇ ਹੋਣ । “ਸ਼ੁੱਧ ਦੇਸੀ ਵਰਤਾਓ” । ਅਜਿਹੀਆਂ ਹਰਕਤਾਂ ਕਿ ਨਾਲ਼ ਦਿਆਂ ਨੂੰ ਵੀ ਆਪਣੀ ਹੱਤਕ ਮਹਿਸੂਸ ਹੋਵੇ । ਕਿਸੇ ਹੋਰ ਦੀ ਸ਼ਾਨ ਦੇ ਖਿਲਾਫ ਬੋਲਣਾ ਆਪਣੀ ਸ਼ਾਨ ਸਮਝਿਆ ਜਾਂਦਾ ਹੈ । ਚੱਤੋ-ਪਹਿਰ ਗਾਲ੍ਹਾਂ ਦੇ “ਤੜਕੇ” ਲਗਾਏ ਜਾਂਦੇ ਨੇ । ਕਈਆਂ ਦੀ ਸਵੇਰ ਦੀ ਸ਼ੁਰੂਆਤ ਨਾਲ਼ ਸੁੱਤੇ ਪਏ ਨੂੰ ਉਠਾਉਣ ਨਾਲ ਹੁੰਦੀ ਹੈ ।
“ਉੱਠ ਪੈ ਭੈਣ ਦਿਆ......, ਛੇ ਵੱਜ ਗਏ ।”
ਇੱਕ ਪੁਰਾਣੀ ਘਟਨਾ ਯਾਦ ਆ ਗਈ । ਜਦ ਮੈਂ ਕੋਟਕਪੂਰੇ ਦੇ ਮਸ਼ਹੂਰ ਸਟੂਡੀਓ ਤੇ ਫੋਟੋਗ੍ਰਾਫ਼ੀ ਸਿੱਖ ਰਿਹਾ ਸੀ ਤੇ ਅਕਸਰ ਹੀ ਵਿਆਹਾਂ ਤੇ ਫੋਟੋਗ੍ਰਾਫ਼ੀ ਕਰਨ ਜਾਇਆ ਕਰਦੇ ਸੀ । ਇੱਕ ਦਫ਼ਾ ਸਟੂਡੀਓ ਵਾਲਿਆਂ ਦੇ “ਘਰ ਜਵਾਈ” ਨਾਲ਼ ਇੱਕ ਰਾਤ ਦੇ ਵਿਆਹ ਤੇ ਗਿਆ । ਵੱਡੇ ਤੜਕੇ ਸੌਂ ਗਏ ਤੇ ਜਦ ਡੋਲੀ ਦਾ ਟਾਈਮ ਹੋਇਆ...
“ਤੜਾਕ”
ਇੱਕ ਕਰਾਰਾ ਥੱਪੜ ਮੇਰੀ ਸੱਜੀ ਗੱਲ੍ਹ ਤੇ ਪਿਆ । ਹੜਬੜਾ ਕੇ ਉੱਠਿਆ । “ਜਵਾਈ ਰਾਜਾ” ਨੇ ਸਿਗਰਟ ਦਾ ਕਸ਼ ਲਗਾ ਕੇ ਬੜੇ ਆਰਾਮ ਨਾਲ ਕਿਹਾ ।
“ਉੱਠ ਜਾ ਬਈ, ਡੋਲੀ ਦਾ ਟਾਈਮ ਹੋ ਗਿਆ ।”
ਅੱਜ ਤੱਕ ਸੁੱਤੇ ਨੂੰ ਉਠਾਉਣ ਦਾ ਇਹ ਤਰੀਕਾ ਬੜਾ ਘਟੀਆ ਲੱਗਦਾ ਸੀ ਪਰ ਇੱਥੇ ਆ ਕੇ ਉਠਾਉਣ ਦੇ ਤਰੀਕੇ ਦੇਖ ਕੇ ਵੀਹ ਸਾਲ ਪੁਰਾਣਾ ਰੋਸ ਘਟ ਗਿਆ ।
ਸਾਡੇ ਭਾਈਚਾਰੇ ਦੀ ਇੱਕ ਹੋਰ ਸਿ਼ਕਾਇਤ ਜਿਸਤੋਂ ਤਕਰੀਬਨ ਸਾਰੇ ਹੀ ਦੁੱਖੀ ਹਨ, ਮੋਬਾਇਲ ਸੰਬੰਧੀ ਹੈ । ਅਕਸਰ ਹੀ ਬੱਸਾਂ ‘ਚ “ਚਮਕੀਲੇ” ਹੋਰੀਂ ਸਾਡੇ ਸੱਭਿਆਚਾਰ ਦੀ ਮਿੱਟੀ ਪਲੀਦ ਕਰਦੇ ਨਜ਼ਰ ਆਉਂਦੇ ਹਨ । ਦੁੱਖ ਦੀ ਗੱਲ ਤਾਂ ਇਹ ਹੈ ਕਿ ਕੁਝ ਕੁ ਨੌਜਵਾਨ ਗੋਰੀਆਂ ਵੇਖ ਕੇ ਘੱਟ ਮੱਛਰਦੇ ਹਨ ਤੇ ਪੰਜਾਬੀ ਕੁੜੀ ਦੇਖ ਕੇ ਜਿ਼ਆਦਾ । ਉਹ ਕੁੜੀਆਂ ਵੀ ਕੀ ਕਰਨ ? ਕੋਈ ਬਾਹਰਲਾ ਤਾਂ ਪ੍ਰੇਸ਼ਾਨ ਨਹੀਂ ਕਰ ਰਿਹਾ । ਮੇਰੇ ਮਿੱਤਰ ਕੁਲਦੀਪ ਨੇ ਦੱਸਿਆ ਕਿ ਬੱਸ ‘ਚ ਇੱਕ ਵੀਰ ਮੋਬਾਇਲ ‘ਤੇ ਉੱਚੀ-ਉੱਚੀ “ਬੇਸ਼ਰਮ ਟਾਈਪ” ਦੇ ਗਾਣੇ ਚਲਾਈ ਜਾਂਦਾ ਸੀ । ਕੋਲ ਬੈਠੀ ਪੰਜਾਬੀ ਕੁੜੀ ਨੇ ਕੁਲਦੀਪ ਹੋਰਾਂ ਨੂੰ ਕਿਹਾ ਕਿ ਗਾਣੇ ਸੁਣਕੇ ਸ਼ਰਮ ਆਉਂਦੀ ਹੈ, ਬੰਦ ਕਰਵਾ ਦਿਓ । ਉਸਨੂੰ ਟੋਕਿਆ, ਪਰ ਕਿੱਥੇ ? ਜੇ ਇੱਕ ਵਾਰੀ ਕਹੀ ਗੱਲ ਸਮਝ ਆ ਗਈ ਤਾਂ ਗੱਲ ਹੀ ਕੀ ਹੋਈ ? ਅਜਿਹੇ ਲੋਕ ਬੇਫਜ਼ੂਲ ਬਹਿਸਬਾਜ਼ੀ ਤੇ ਝੂਠੇ ਹੰਕਾਰ ‘ਚ ਤਾਂ ਨੰਬਰ ਇੱਕ ਹਨ । ਕੁਝ ਦਿਨ ਹੋਏ ਅਸੋ਼ਕ ਐਸ. ਭੌਰਾ ਵੀਰ ਦੇ ਲੇਖ ਦੀਆਂ ਇਹ ਪੰਕਤੀਆਂ ਪੜ੍ਹ ਰਿਹਾ ਸਾਂ ਕਿ “ਚਮਕੀਲੇ” ਨੂੰ ਕਿਹਾ ਗਿਆ ਸੀ “ਤੇਰੇ ਗੀਤਾਂ ਦਾ ਸੈਂਸਰ ਤੇਰੀ ਭੈਣ ਹੈ, ਪਹਿਲਾਂ ਉਸਨੂੰ ਸੁਣਾ ਕੇ ਮੁੜਕੇ ਗਾਇਆ ਕਰ ।” ਪਰ ਅਜਿਹਿਆਂ ਨੂੰ ਕੌਣ ਕੀ ਕਹੇ, ਕਿਵੇਂ ਸਮਝਾਈਏ ? ਇਹ ਵੀ ਆਪਣਾ ਹੀ ਫ਼ਰਜ਼ ਹੈ ਪਾੜ੍ਹਿਓ ਕਿ ਅਜਿਹੇ ਨੌਜਵਾਨਾਂ ਨੂੰ ਸਾਡੇ ਸੱਭਿਆਚਾਰ, ਸਾਡੇ ਵਿਰਸੇ ਤੇ ਸਾਡੀਆਂ ਧੀਆਂ-ਭੈਣਾਂ ਨੂੰ ਸ਼ਰਮਿੰਦਾ ਕਰਨ ਤੋਂ ਵਰਜੀਏ । ਅੱਜ ਤੁਸੀਂ ਬੇਸ਼ੱਕ ਔਖੇ ਹੋ, ਪ੍ਰੇਸ਼ਾਨ ਹੋ ਪਰ ਤੁਹਾਡੀ ਪੀੜ੍ਹੀ ਦੇ ਡਾਕਟਰ ਤੇ ਇੰਜੀਨੀਅਰ ਕਿਤੇ ਉੱਤੋਂ ਡਿੱਗ ਪੈਣੇ ਨੇ ? ਨਹੀਂ ਛੋਟੇ ਵੀਰੋ ! ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਤੁਹਾਡੇ ‘ਚ ਹੀ ਡਾਕਟਰ ਤੇ ਇੰਜੀਨੀਅਰ ਵੱਸਦੇ ਨੇ, ਬੱਸ ਜ਼ਰੂਰਤ ਹੈ ਉਹਨਾਂ ਨੂੰ ਜਾਗ੍ਰਿਤ ਕਰਨ ਦੀ । ਤੁਹਾਡੇ ਮਾਪਿਆਂ ਦੀ ਆਸਾਂ-ਉਮੀਦਾਂ ਸਿਰਫ਼ ਤੁਹਾਡੇ ਤੇ ਹਨ । ਆਪਣੇ ਆਪ ਨੂੰ ਨਮੋਸ਼ੀ ਤੋਂ ਬਚਾਉਣ ਦੀ ਜਿੰਮੇਵਾਰੀ ਤੁਹਾਡੇ ਆਪਣੇ ਮੋਢਿਆਂ ਤੇ ਹੀ ਹੈ । ਮੇਰੇ ਸੋਹਣੇ ਪੰਜਾਬ ਦੀ ਰੂਹ ਤੁਹਾਡੇ ‘ਚ ਵੱਸਦੀ ਹੈ, ਇਸ ਨੂੰ ਨਜ਼ਰਾਂ ਝੁਕਾਉਣ ਤੋਂ ਬਚਾਓ । ਤੁਸੀਂ ਸਾਡੇ ਵਤਨ ਦਾ ਭਵਿੱਖ ਹੋ । ਆਪਣੇ ਆਪ ਨੂੰ ਸਿਰਫ਼ “ਦੇਸੀ” ਸਮਝ ਕੇ ਆਪਣੀ ਇੱਜ਼ਤ, ਆਪਣੇ ਭਵਿੱਖ ਨਾਲ਼ ਨਾ ਖੇਡੋ । “ਪਹਿਲਾਂ ਤੋਲੋ ਫਿਰ ਬੋਲੋ” ਫਾਰਮੂਲਾ ਅਜ਼ਮਾ ਕੇ ਦੇਖੋ । ਦੂਜੀ ਗੱਲ ਇਹ ਹੈ ਬਾਈ ਜੀ, ਜੇਕਰ ਗੋਰੀਆਂ ਨੂੰ ਦੇਖ ਕੇ ਮੋਬਾਇਲ ਤੇ ਗਾਣੇ ਉੱਚੀ ਆਵਾਜ਼ ‘ਚ ਚਲਾਉਣੇ ਹਨ ਤਾਂ ਪਹਿਲਾਂ ਤਾਂ ਉਹਨਾਂ ਨੂੰ “ੳ-ਊਠ, ਅ-ਅਨਾਰ, ੲ-ਇੰਜਣ” ਪੜ੍ਹਾਓ । ਕੀ ਐ, ਰੱਬ ਸੁਣ ਲਵੇ ਤੇ ਦੋ-ਚਹੁੰ ਸਾਲਾਂ ਨੂੰ ਉਹ ਸਮਝ ਲੈਣ ਕਿ “ਚੱਕ ਦੇ ਘੜੇ ਤੋਂ ਕੌਲਾ” ਦਾ ਮਤਲਬ ਕੀ ਹੁੰਦਾ ਹੈ । ਇਹ ਵੀ ਨਾ ਹੋਵੇ ਕਿ ਆਪਣੀ ਹੋਣ ਵਾਲੀ ਨਣਦ ਤੋਂ ਹੀ ਗੋਰੀ ਪੁੱਛਦੀ ਫਿਰੇ “ਬੈਨ ਜੀ... ਏਹ ਚੱਕ ਡੇ ਗੜੇ ਟੋਂ ਕੋਲਾ ਕੀ ਹੋਂਦਾ ਹੈ ?”
ਇੱਕ ਔਰਤ ਨੇ ਦੱਸਿਆ ਕਿ ਕੁਝ ਨੌਜਵਾਨ ਸੁਪਰ ਸਟੋਰ ‘ਚੋਂ ਸੁੱਕੇ ਮੇਵੇ ਚੁੱਕ ਕੇ ਖਾ ਰਹੇ ਸਨ । ਉਸਨੇ ਟੋਕਿਆ ਕਿ ਅਜਿਹੀਆਂ ਹਰਕਤਾਂ ਨਾ ਕਰੋ ਕਿਉਂ ਜੋ ਗੋਰੇ ਪੁਲਿਸ ਬੜੀ ਜਲਦੀ ਬੁਲਾ ਲੈਂਦੇ ਨੇ ਤੇ ਮੁੜ ਇੱਥੇ ਵਸਦੇ ਸਾਰੇ ਪੰਜਾਬੀ ਸਮਾਜ ਨੂੰ ਨਮੋਸ਼ੀ ਝੱਲਣੀ ਪਵੇਗੀ ।
“ਪਹਿਲਾਂ ਕਿਹੜੇ ਝੰਡੇ ਝੂਲਦੇ ਨੇ ?” ਜੁਆਬ ਮਿਲਿਆ ।
ਸੁਪਰ ਸਟੋਰਾਂ ‘ਚ ਜਗ੍ਹਾ-ਜਗ੍ਹਾ ਕੈਮਰੇ ਲੱਗੇ ਹੁੰਦੇ ਨੇ । ਅੱਜ-ਕੱਲ ਜਦ ਕਿ “ਇੰਡੀਅਨਾਂ” ਦੀ ਢਿਬਰੀ ਟਾਈਟ ਕੀਤੀ ਜਾ ਰਹੀ ਹੈ, ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ । ਜੇਕਰ ਇੱਕ ਵੀ ਫੜਿਆ ਗਿਆ ਤਾਂ ਸਾਰਿਆਂ ਤੇ ਉਂਗਲ ਉੱਠੇਗੀ । ਕੁਝ ਵੀ ਹੋਵੇ ਇਹ ਤਾਂ ਮੰਨਣਾ ਹੀ ਪਵੇਗਾ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ 4-5% ਪਿੱਛੇ ਬਾਕੀ 94-95% ਵੀ ਰਗੜੇ ‘ਚ ਆ ਹੀ ਜਾਂਦੇ ਨੇ । ਜਿੰਨੇ ਵੀ ਪੁਰਾਣੇ ਲੋਕਾਂ ਨਾਲ਼ ਅਜਿਹੇ ਵਿਸਿ਼ਆਂ ਤੇ ਗੱਲ-ਬਾਤ ਹੋਈ, ਇੱਕ ਵੀ ਬੰਦਾ ਅਜਿਹੀਆਂ ਹਰਕਤਾਂ ਨੂੰ ਸਲ੍ਹਾਉਂਦਾ ਨਾ ਮਿਲਿਆ ।
ਪੰਜਾਬ ‘ਚ ਪ੍ਰਵਾਸੀ ਮਜ਼ਦੂਰਾਂ ਨੂੰ “ਭਈਆ” ਕਹਿ ਕੇ ਪੁਕਾਰਿਆ ਜਾਂਦਾ ਹੈ । ਹੁਣ ਤਾਂ ਉਹ ਵੀ ਕਹਿਣ ਲੱਗ ਪਏ ਨੇ “ਸ਼ਰਦਾਰ ਜੀ, ਹਮਕਾ ਬਈਆ ਕਹ ਕਰ ਮਤ ਪੁਕਾਰੋ, ਹਮਰਾ ਨਾਮ ਰਾਮੂ ਹੈ ।” ਜਾਪਦਾ ਹੈ ਉਹ ਦਿਨ ਵੀ ਦੂਰ ਨਹੀਂ ਜਦੋਂ ਗੋਰੇ ਕਹਿਣਗੇ “ਮਿਸਟਰ ਡੇਸੀ, ਕਮ ਹੀਅਰ ।” ਮੁੜਕੇ ਜੋ ਕਹਿੰਦੇ ਫਿਰਾਂਗੇ “ਗੋਰਾ ਸਾਹਿਬ, ਮੇਰਾ ਨਾਮ ਫਲਾਣਾ ਸਿੰਘ ਹੈ, ਦੇਸੀ ਨਹੀਂ” ਤੇ ਦੇਸੀ ਕਹਿਣ ਦੀ ਸ਼ੁਰੂਆਤ ਕਰਨ ਵਾਲਿਆਂ ਦੀ ਐਸੀ ਦੀ ਤੈਸੀ ਫੇਰਾਂਗੇ । ਹੁਣ ਟਾਈਮ ਰਹਿੰਦਿਆਂ ਹੀ ਕਿਉਂ ਨਾ ਸੰਭਲ ਜਾਈਏ ?
ਬਾਕੀ ਮੁੱਕਦੀ ਗੱਲ ਇਹ ਕਿ ਜੇਕਰ ਅਸੀਂ ਆਪਣੀ ਚੰਗੀ ਪਹਿਚਾਣ ਕਾਇਮ ਕਰਨਾ ਚਾਹੁੰਦੇ ਹਾਂ ਤਾਂ ਜਿੱਥੇ ਰਹਿਣਾ ਹੈ, ਉੱਥੋਂ ਦੇ ਰਹਿਣ-ਸਹਿਣ ਤੇ ਸੱਭਿਆਚਾਰ ਬਾਰੇ ਪੂਰਨ ਜਾਣਕਾਰੀ ਹਾਸਲ ਕਰਨਾ ਆਪਣੇ ਹੀ ਭਲੇ ‘ਚ ਹੋਵੇਗਾ । ਆਖਿਰ ਕਦ ਤੱਕ ਅਸੀਂ “ਦੇਸੀ” ਹਰਕਤਾਂ ਕਰਕੇ ਆਪਣੇ ਹੀ ਚਾਰ ਯਾਰਾਂ ਦੋਸਤਾਂ ‘ਚ ਝੂਠੀ ਸ਼ਾਨ ਬਣਾਈ ਰੱਖਾਂਗੇ ? ਕਦ ਤੱਕ ਗਰੁੱਪ ਬਣਾ ਕੇ ਸਾਰੀ ਫੁੱਟਪਾਥ ਘੇਰ, ਲੰਘਣ ਵਾਲਿਆਂ ਨੂੰ ਪ੍ਰੇਸ਼ਾਨ ਕਰੀ ਰੱਖਾਂਗੇ ? ਕਦ ਤੱਕ ਸੁਪਰ ਸਟੋਰ ‘ਚ ਦੁੱਧ ਦੀ ਇੱਕ ਕੈਨੀ ਲੈਣ ਲਈ ਪੰਜ ਜਣੇ ਜਾਂਦੇ ਰਹਾਂਗੇ ਤੇ ਮੁੜ ਬਰੈੱਡ ਦਾ ਇੱਕ ਪੈਕਟ ਲੈਣ ਲਈ ਗਏ ਹੋਰ ਪੰਜਾਂ ਨਾਲ਼ ਵਾਰੀ-ਵਾਰੀ ਸਭ ਆਪੋ ਵਿੱਚ ਹੱਥ ਮਿਲਾਵਾਂਗੇ ਤੇ ਕੋਈ “ਦੇਸੀ” ਗੱਲ ਸੁਣਾ ਕੇ ਉੱਚੀ-ਉੱਚੀ ਹੱਸ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਦੇ ਰਹਾਂਗੇ ? ਸਾਡੀ ਮਾਂ-ਬੋਲੀ ਪੰਜਾਬੀ ਬੜੀ ਮਿੱਠੀ ਹੈ, ਪਰ ਉਦੋਂ ਤੱਕ ਹੀ ਜਦ ਤੱਕ ਅਸੀਂ ਉਸਦੀ ਮਿਠਾਸ ਨੂੰ ਖੁਦ ਕਾਇਮ ਰੱਖਣ ‘ਚ ਸਫ਼ਲ ਰਹਿੰਦੇ ਹਾਂ । ਪਰ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇੱਥੇ ਵਿਚਰਨ ਸਮੇਂ ਸਥਾਨਕ ਵਸਨੀਕਾਂ ਨਾਲ਼ ਉਸੇ ਲਹਿਜ਼ੇ ਤੇ ਭਾਸ਼ਾ ‘ਚ ਹੀ ਗੱਲਬਾਤ ਕਰਨੀ ਪਵੇਗੀ, ਜਿਸ ‘ਚ ਉਹ ਸਮਝਦੇ ਹਨ । ਇੱਥੇ “ਥੈਂਕਯੂ”, “ਸੌਰੀ”, “ਪਲੀਜ਼” ਦੀ ਵਰਤੋਂ ਦੇ ਨਾਲ਼-ਨਾਲ਼ ਚਿਹਰੇ ਦੇ ਭਾਵਾਂ ਤੇ ਮੁਸਕਰਾਹਟ ਦਾ ਵੀ ਬੜਾ ਮਹੱਤਵ ਹੈ । ਯਾਦ ਕਰਨ ਦੀ ਕੋਸਿ਼ਸ਼ ਕਰੋ ਕਿ ਪੰਜਾਬ ‘ਚ ਰਹਿੰਦਿਆਂ ਪਿਛਲੀ ਵਾਰੀ “ਮੁਆਫ਼ ਕਰਨਾ ਜਾਂ ਧੰਨਵਾਦ” ਸ਼ਬਦ ਦੀ ਵਰਤੋਂ ਕਦੋਂ ਕੀਤੀ ਸੀ ? ਦੋਸਤੋ, ਤੁਹਾਡੇ ਨਾਲ਼ “ਧੰਨਵਾਦ” ਸ਼ਬਦ ਦੀ ਗੱਲ ਕਰਦਿਆਂ ਹੀ ਅਚਾਨਕ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ । ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਰਦੀਆਂ ‘ਚ ਕਿੰਨੀ ਵਾਰ ਮੇਰੀ ਮਾਂ ਨੇ ਰੋਟੀ ਖਾਂਦਿਆਂ, ਮੇਰੇ ਲਈ ਦੁੱਧ ਗਰਮ ਕੀਤਾ ਹੋਵੇਗਾ ਤੇ ਮੈਨੂੰ ਸੁਆ ਕੇ ਖ਼ੁਦ ਠੰਢੀ ਰੋਟੀ ਖਾਧੀ ਹੋਵੇਗੀ । ਕਿੰਨੀ ਵਾਰ ਖੁਦ ਗਿੱਲੇ ਬਿਸਤਰ ਤੇ ਸੌਂ ਕੇ ਮੈਨੂੰ ਸੁੱਕੇ ਸੁਆਇਆ ਹੋਵੇਗਾ । ਜਦ ਮੈਂ ਪਹਿਲਾਂ ਸਕੂਲ ਤੇ ਮੁੜ ਕੰਮ ਤੋਂ ਲੇਟ ਹੋ ਜਾਂਦਾ ਸੀ, ਮੇਰੀ ਇੰਤਜ਼ਾਰ ‘ਚ ਭੁੱਖੀ ਬੈਠੀ ਰਹਿੰਦੀ ਸੀ । ਕੀ ਉਸਦਾ ਕਦੀ ਧੰਨਵਾਦ ਕੀਤਾ ? ਪਰ ਹੁਣ ਤਾਂ ਮਾਂ ਦੀਆਂ ਕੁਰਬਾਨੀਆਂ ਦੇ ਸਾਹਮਣੇ “ਧੰਨਵਾਦ” ਸ਼ਬਦ ਹੀ ਬੜਾ ਛੋਟਾ ਲੱਗ ਰਿਹਾ ਹੈ । ਚਲੋ ਛੱਡੋ ਯਾਰ, ਬਾਕੀ ਗੱਲਾਂ ਫੇਰ ਕਦੇ ਕਰਾਂਗੇ, ਮਨ ਉਦਾਸ ਹੋ ਗਿਆ......
****

ਤਿੜਕੇ ਹੋਏ ਸ਼ੀਸ਼ੇ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

ਇੱਕ ਸਾਹਿਤ ਸਭਾ ਦੇ ਸਾਲਾਨਾ ਸਮਾਗਮ ਦੌਰਾਨ ਕਵੀ ਦਰਬਾਰ ਚੱਲ ਰਿਹਾ ਸੀ . 'ਨਾਮਵਰ' ਕਵੀ ਆਪੋ - ਆਪਣੀਆਂ ਰਚਨਾਵਾਂ ਸੁਣਾ ਰਹੇ ਸਨ ਤੇ ਸਰੋਤੇ ਕਵੀਜਨਾਂ ਦੀਆਂ ਰਚਨਾਵਾਂ ਤੇ ਖ਼ਿਆਲਾਂ 'ਤੇ ਅਸ਼ - ਅਸ਼ ਕਰ ਰਹੇ ਸਨ . ਪਰ ... ਤਦੇ ਹੀ ਇੱਕ ' ਵਿਦਵਾਨ ' ਆਲੋਚਕ ਸਾਹਿਬਾਨ ਕਵੀ ਦਰਬਾਰ ਵਿੱਚ ਆਣ ਪਧਾਰੇ . ਕਵਿਤਾਵਾਂ ਦਾ ਚੱਲ ਰਿਹਾ ਅਖੰਡ ਪਾਠ ਜਿਵੇਂ ਖੰਡਿਤ ਹੋ ਗਿਆ . 'ਨਾਮਵਰ ' ਕਵੀ ਜਨ ਹੁਣ ਆਲੋਚਕ ਦੀ ਜੀ - ਹਜ਼ੂਰੀ ਕਰ ਰਹੇ ਸਨ . ਮੰਚ 'ਤੇ ਕਵਿਤਾ ਸੁਣਾ ਰਹੇ ਕਵੀ ਦੀ ਆਵਾਜ਼ ਇੱਕ 'ਸਾਹਿਤਕ ਸੂਝ' ਵਾਲੇ ਸ਼ੋਰ ਵਿੱਚ ਦਬ ਚੁੱਕੀ ਸੀ . ...............................ਤੇ ਮੈਨੂੰ ਇੰਝ ਜਾਪ ਰਿਹਾ ਸੀ ਜਿਵੇਂ ਸਮਾਜ ਨੂੰ ਉਸਦੀ ਅਸਲੀ ਤਸਵੀਰ ਵਿਖਾਉਣ ਵਾਲੇ ਸ਼ੀਸ਼ੇ ਤਿੜਕ ਗਏ ਹੋਣ

ਪੈੜਾਂ ਦਾ ਰੇਤਾ........... ਗ਼ਜ਼ਲ / ਰਾਜਿੰਦਰਜੀਤ

ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲ਼ੀ 'ਚ ਭਰ ਲਈਏ
ਚਲੋ ਏਸੇ ਬਹਾਨੇ ਵਿੱਸਰਿਆਂ ਨੂੰ ਯਾਦ ਕਰ ਲਈਏ

ਉਹ ਅਪਣੀ ਕਹਿਕਸ਼ਾਂ 'ਚੋਂ ਨਿਕਲ਼ ਕੇ ਅੱਜ ਬਾਹਰ ਆਇਆ ਹੈ
ਚਲੋ ਉਸ ਭਟਕਦੇ ਤਾਰੇ ਦੀ ਚੱਲਕੇ ਕੁਝ ਖ਼ਬਰ ਲਈਏ


ਉਲੀਕੇ ਖੰਭ ਕਾਗਜ਼ 'ਤੇ ਦੁਆਲੇ਼ ਹਾਸੀ਼ਏ ਲਾਵੇ
ਕਿਵੇਂ ਵਾਪਿਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ?

ਜਿਵੇਂ ਇਕ ਪੌਣ 'ਚੋਂ ਖੁ਼ਸ਼ਬੂ, ਜਿਵੇਂ ਇਕ ਨੀਂਦ 'ਚੋਂ ਸੁਪਨਾ
ਚਲੋ ਅੱਜ ਦੋਸਤੋ ਇਕ ਦੂਸਰੇ 'ਚੋਂ ਇਉਂ ਗੁਜ਼ਰ ਲਈਏ

ਅਸੀਂ ਵੀ ਖੂ਼ਬ ਹਾਂ, ਕਿਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ
ਤੇ ਕਿਧਰੇ ਬਿਰਖ ਦੀ ਇਕ ਛਾਂ 'ਤੇ ਵੀ ਇਤਰਾਜ਼ ਕਰ ਲਈਏ

ਲਾਟ......... ਗ਼ਜ਼ਲ / ਜਸਵਿੰਦਰ

ਲਾਟ ਹੈ ਇਕ ਜਾ ਰਹੀ ਉਡਦੇ ਪਰਾਂ ਦੇ ਨਾਲ਼ ਨਾਲ਼
ਦਰਦ ਦੀ ਗੰਗਾ ਵਗੇ ਸਹਿਮੇ ਘਰਾਂ ਦੇ ਨਾਲ਼ ਨਾਲ਼

ਖ਼ੂਬ ਹੈ ਅੰਦਾਜ਼ ਉਹਨਾਂ ਦਾ ਅਮੀਰੀ ਦੇਣ ਦਾ
ਕਰਦ ਸੋਨੇ ਦੀ ਟਿਕਾ ਗਏ ਆਂਦਰਾਂ ਦੇ ਨਾਲ਼ ਨਾਲ਼


ਧੜਕਦੇ ਦਿਲ ਦੀ ਮਿਲਾ ਦੇ ਤਾਲ ਤੂੰ ਏਧਰ ਅਸੀਂ
ਛਾਲਿਆਂ ਦੇ ਬੋਰ ਪਹਿਨੇ ਝਾਂਜਰਾਂ ਦੇ ਨਾਲ਼ ਨਾਲ਼

ਫੇਰ ਕੀ ਜੇ ਪਹੁੰਚਿਆ ਪੰਛੀ ਨਹੀਂ ਅਸਮਾਨ ਤਕ
ਮਰ ਕੇ ਉਡਦੇ ਖੰਭ ਉਸਦੇ ਅੰਬਰਾਂ ਦੇ ਨਾਲ਼ ਨਾਲ਼

ਹੰਸ ਤੇ ਬਗਲੇ ਪਛਾਣੇ ਜਾਣਗੇ ਏਸੇ ਤਰ੍ਹਾਂ
ਮੋਤੀਆਂ ਦੀ ਚੋਗ ਪਾ ਦੇ ਕੰਕਰਾਂ ਦੇ ਨਾਲ਼ ਨਾਲ਼

ਚਮਕ ਹੈ ਕਿਸਦੀ ਜਿ਼ਆਦਾ ਫੈਸਲੇ ਹੋ ਜਾਣਗੇ
ਸੁਲਗ਼ਦੇ ਜਜ਼ਬੇ ਟਿਕਾ ਦੇ ਖ਼ੰਜਰਾਂ ਦੇ ਨਾਲ਼ ਨਾਲ਼

ਨੇਰ੍ਹੀਆਂ ਵਿਚ ਬਿਰਖ ਤੇ ਬੰਦੇ ਦਾ ਇਕੋ ਹਸ਼ਰ ਹੈ
ਆਦਮੀ ਦਾ ਦਿਲ ਤੇ ਪੱਤੇ ਥਰਥਰਾਂਦੇ ਨਾਲ਼ ਨਾਲ਼

ਇਹ ਕਦੋਂ ਚੱਲੇਗਾ ਬਣ ਕੇ ਜਿ਼ੰਦਗੀ ਦਾ ਹਮਸਫ਼ਰ
ਦੌੜਦਾ ਈਮਾਨ ਹਾਲੇ ਡਾਲਰਾਂ ਦੇ ਨਾਲ਼ ਨਾਲ਼

ਪੂਰਨਾ ਤੂੰ ਜੋਗ ਲੈ ਕੇ ਮੁਕਤ ਹੋ ਸਕਦਾ ਨਹੀਂ
ਆਤਮਾ ਤੜਪੇਗੀ ਤੇਰੀ ਸੁੰਦਰਾਂ ਦੇ ਨਾਲ਼ ਨਾਲ਼

ਸਿ਼ਅਰ 'ਤੇ ਭਾਵੇਂ ਨਾ ਦੇਈਂ ਦਾਦ ਪਰ ਅਹਿਸਾਸ ਕਰ
ਕਿਸ ਤਰ੍ਹਾਂ ਮੈਂ ਤੜਪਿਆ ਹਾਂ ਅੱਖਰਾਂ ਦੇ ਨਾਲ਼ ਨਾਲ਼

ਨਗਰ ਦੀ ਲਿਸ਼ਕ......... ਗ਼ਜ਼ਲ / ਜਸਪਾਲ ਘਈ (ਪ੍ਰੋ.)

ਨਗਰ ਦੀ ਲਿਸ਼ਕ ਤੋਂ ਅਪਣੇ ਗਰਾਂ ਦੀ ਛਾਂ ਤੀਕਰ
ਮੈਂ ਸੁਪਨਿਆਂ ਨੂੰ ਜਗਾਉਂਦਾ ਹਾਂ ਸੁਪਨਿਆਂ ਤੀਕਰ

ਸਫ਼ਰ ਹਯਾਤ ਦਾ ਚਲਦਾ ਹੈ ਦਾਇਰੇ ਅੰਦਰ
ਘਰਾਂ ਤੋਂ ਉਜੜਨਾ ਪੁੱਜਣ ਲਈ ਘਰਾਂ ਤੀਕਰ


ਤਲਾਸ਼ ਸ਼ਹਿਰ ਦੀ ਚੱਲੀ ਸੀ ਜੰਗਲਾਂ ਵਿਚੋਂ
ਤਲਾਸ਼ ਸ਼ਹਿਰ ਦੀ ਪੁੱਜੀ ਹੈ ਜੰਗਲਾਂ ਤੀਕਰ

ਅਸਾਂ ਹਯਾਤ ਦੇ ਖੰਭਾਂ ਨੂੰ ਬੰਨ੍ਹ ਕੇ ਪੱਥਰ
ਉਡਾਇਆ ਇਸ ਨੂੰ ਖਲਾਵਾਂ ਤੋਂ ਪਿੰਜਰਿਆਂ ਤੀਕਰ

ਖਿੰਡੇ ਹੋਏ ਨੇ ਅਸਾਡੇ ਹੀ ਖ਼ਾਬ ਦੇ ਟੁਕੜੇ
ਥਲਾਂ ਦੀ ਰੇਤ ਤੋਂ ਦਰਿਆ ਦੇ ਪਾਣੀਆਂ ਤੀਕਰ

ਮੈਂ ਹਰ ਮੁਕਾਮ ਤੋਂ ਕਿਰ-ਕਿਰ ਕੇ ਤੇਰੇ ਤਕ ਪਹੁੰਚਾਂ
ਧੁਨੀ ਤੋਂ ਲਫ਼ਜ਼ ਤੇ ਲਫ਼ਜ਼ਾਂ ਤੋਂ ਫਿ਼ਕਰਿਆਂ ਤੀਕਰ

ਬਲੀ ਹੈ ਅੱਗ ਮਿਰੇ ਪੈਰਾਂ 'ਚ, ਜਿ਼ਹਨ ਅੰਦਰ ਵੀ
ਸਿਮਟ ਹੀ ਆਣਗੇ ਅੰਬਰ ਮਿਰੇ ਪਰਾਂ ਤੀਕਰ

ਚੋਣਵੇਂ ਸਿ਼ਅਰ / ਰਣਬੀਰ ਕੌਰ

ਚੁਗਣੀ ਪੈ ਗਈ ਚੋਗ ਅਸਾਂ ਨੂੰ ਸੱਤ ਸਮੁੰਦਰ ਪਾਰੋਂ ਮਾਂ
ਆਪਣਿਆਂ ਬਿਨ ਰੂਹ ਤੜਪੇ ਜਿਉਂ ਕੂੰਜ ਵਿਛੜ ਜਾਏ ਡਾਰੋਂ ਮਾਂ

ਤੀਆਂ, ਮੇਲੇ, ਨਾ ਹਮਸਾਏ, ਨਾ ਹਮਦਰਦ ਹੈ ਕੋਈ ਵੀ
ਪਿਆਰ ਵੀ ਏਥੇ ਭਟਕੇ ਲੋਕੀ ਭਾਲਣ ਰੋਜ਼ ਬਜ਼ਾਰੋਂ ਮਾਂ

-- ਸ਼ੇਖਰ

ਕੇਡੀ ਹੈ ਇਹ ਕਸਕ ਤੇਰੇ ਵਿਛੜਨ ਦੀ ਦਿਨ ਢਲ਼ੇ
ਕੁਝ ਦਿਲ ਦੇ ਏਸ ਪਾਰ ਹੈ ਕੁਝ ਓਸ ਪਾਰ ਹੈ
-- ਹਰੀ ਸਿੰਘ ਮੋਹੀ

ਰੰਗ, ਖੁ਼ਸ਼ਬੂ, ਰੌਸ਼ਨੀ ਤੇ ਪਿਆਰ ਲੈ ਆਇਆ ਹਾਂ ਮੈਂ
ਤੇਰੀ ਖ਼ਾਤਰ ਦੇਖ ਕੀ ਕੀ ਯਾਰ ਲੈ ਆਇਆ ਹਾਂ ਮੈਂ

ਸਾਂਭ ਕੇ ਰੱਖੀਂ ਇਹ ਹਰਕਤ ਤੇ ਹਰਾਰਤ ਦੇਣਗੇ
ਚੇਤਨਾ ਦੇ ਮਘ ਰਹੇ ਅੰਗਿਆਰ ਲੈ ਆਇਆ ਹਾਂ ਮੈਂ
-- ਅਜਾਇਬ ਚਿੱਤਰਕਾਰ

ਕੁਝ ਸਮਝ ਆਉਂਦੀ ਨਹੀਂ ਇਹ ਕਿਸ ਤਰ੍ਹਾਂ ਦਾ ਸ਼ਹਿਰ ਹੈ
ਰੁੱਖ ਥਾਂ ਥਾਂ 'ਤੇ ਖੜ੍ਹੇ ਨੇ ਪਰ ਕਿਤੇ ਸਾਇਆ ਨਹੀਂ

ਜਿ਼ੰਦਗੀ ਮੁਜ਼ਰਿਮ ਹਾਂ ਤੇਰਾ ਜੀਅ ਕਰੇ ਜੋ ਦੇ ਸਜ਼ਾ
ਬਣਦੀ ਹੱਦ ਤੱਕ ਜ਼ੁਲਫ਼ ਤੇਰੀ ਨੂੰ ਜੋ ਸੁਲਝਾਇਆ ਨਹੀਂ
-- ਹਰਬੰਸ ਮਾਛੀਵਾੜਾ

ਹਨ੍ਹੇਰਾ ਮਨ ਦਾ ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ
ਐ ਜਗਦੇ ਦੀਵਿਓ ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ
-- ਗੁਰਤੇਜ ਕੋਹਾਰਵਾਲ਼ਾ

ਝੀਲਾਂ ਤਰਦੇ ਨਦੀਆਂ ਤਰਦੇ ਡੂੰਘੇ ਸਾਗਰ ਤਰਦੇ ਲੋਕ
ਐਪਰ ਅਪਣੇ ਦਿਲ ਦੇ ਵਿਹੜੇ ਪੈਰ ਕਦੇ ਨਾ ਧਰਦੇ ਲੋਕ
-- ਤ੍ਰੈਲੋਚਣ ਲੋਚੀ

ਤੇਰੇ ਨਾਲ਼ ਲੜਨਾ ਏਂ........... ਗੀਤ / ਵਿਜੈ ਵਿਵੇਕ

ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ
ਲੜਨਾ ਵੀ ਕੀ
ਦਿਲ ਫੋਲਣ ਦਾ ਇਕ ਬਹਾਨਾ ਘੜਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ


ਅੱਜ ਨਹੀਂ ਤੈਨੂੰ ਜੀ,ਜੀ,ਕਹਿਣਾ
ਨਾ ਭਰ ਰਾਤ ਫ਼ਰਸ਼ ਤੇ ਬਹਿਣਾ
ਅੱਜ ਮਿਟ ਜਾਣੈ, ਅੱਜ ਨਹੀਂ ਰਹਿਣਾ
ਅੱਜ ਅਸਾਂ ਨੇ ਧਿੰਗਾਜੋ਼ਰੀ ਆ ਪਲੰਘੇ ਤੇ ਚੜ੍ਹਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਕੋਲ਼ ਆਵਾਂ ਤਾਂ ਉੱਠ ਉੱਠ ਨੱਸਦੈਂ
ਜੇ ਰੋਵਾਂ ਤਾਂ ਖਿੜ ਖਿੜ ਹੱਸਦੈਂ
ਹੱਸ ਪਵਾਂ ਤਾਂ ਝੱਲੀ ਦੱਸਦੈਂ
ਜ਼ਖ਼ਮ ਵਿਖਾਵਾਂ ਤਾਂ ਪਿੰਡੇ 'ਤੇ ਹੋਰ ਵੀ ਛਮਕਾਂ ਜੜਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਸੱਜਣਾ ਅੱਜ ਦੀ ਰਾਤ ਚਾਨਣੀ
ਤੇਰੀ ਬੁੱਕਲ਼ ਵਿਚ ਮਾਨਣੀ
ਹਰ ਇਕ ਗੁੱਝੀ ਰਮਜ਼ ਜਾਨਣੀ
ਅੱਜ ਇਸ਼ਕੇ ਦਾ ਪਹਿਲਾ ਅੱਖਰ ਤੇਰੇ ਕੋਲ਼ੋਂ ਪੜ੍ਹਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਚਿੱਟੇ ਸਫਿ਼ਆਂ 'ਤੇ.......... ਗ਼ਜ਼ਲ / ਸੁਰਜੀਤ ਜੱਜ (ਪ੍ਰੋ.)

ਚਿੱਟੇ ਸਫਿ਼ਆਂ 'ਤੇ, ਕਾਲ਼ੇ ਅੱਖਰ ਸਿਸਕ ਰਹੇ ਨੇ
ਸ਼ੀਸ਼ੇ ਦੇ ਘਰ ਦੀ ਸਰਦਲ 'ਤੇ, ਗੁੰਗੇ ਪੱਥਰ ਸਿਸਕ ਰਹੇ ਨੇ

ਕਿੱਥੋਂ ਤੀਕਰ ਹਠੀ ਕਿਨਾਰੇ, ਅਪਣੀ ਹੋਂਦ ਬਚਾ ਸਕਦੇ ਹਨ
ਹਰ ਮੱਛੀ ਦੀ ਅੱਖ 'ਚ ਖ਼ਬਰੇ, ਕਿੰਨੇ ਸਾਗਰ ਸਿਸਕ ਰਹੇ ਨੇ


ਤੇਰੀ ਚਾਹਤ ਗੁੰਗੀ ਕੋਇਲ, ਬੇਰੰਗ ਤਿਤਲੀ, ਬੁਝਿਆ ਦੀਵਾ
ਮੇਰੇ ਜਿ਼ਹਨ 'ਚ ਨਿੱਕੇ-ਨਿੱਕੇ, ਕਿੰਨੇ ਅੰਬਰ ਸਿਸਕ ਰਹੇ ਨੇ

ਹਾਦਸਿਆਂ ਨੂੰ ਕਿੰਝ ਮੁਖ਼ਾਤਿਬ, ਹੋਣ ਮੁਸਾਫਿ਼ਰ ਏਥੇ ਦੱਸੋ
ਭਟਕੇ ਹੋਏ ਪੈਰਾਂ ਤਾਈਂ, ਪੁੱਛਦੇ ਕੰਕਰ ਸਿਸਕ ਰਹੇ ਨੇ

ਤੂੰ ਜਿਹਨਾਂ ਤੋਂ ਹਾਸੇ ਲੈ ਕੇ, ਚਿਹਰੇ ਉੱਤੇ ਚਾੜ੍ਹ ਰਿਹਾ ਏਂ
ਉਹ ਕੈਕਟਸ ਤਾਂ ਖੁ਼ਦ ਉਮਰਾਂ ਤੋਂ, ਗਮਲੇ ਅੰਦਰ ਸਿਸਕ ਰਹੇ ਨੇ

ਮੈਂ ਤੇਰੇ ਤਕ ਜਦ ਵੀ ਪੁੱਜਾਂ, ਸੁੰਨ ਮਸੁੰਨਾ ਹੋ ਜਾਂਦਾ ਹਾਂ
ਸ਼ਾਇਦ ਤੇਰੇ ਜਿ਼ਹਨ ਚਿ ਕਿਧਰੇ, ਮੇਰੇ ਖੰਡਰ ਸਿਸਕ ਰਹੇ ਨੇ

ਤੇਰੀ ਧੁੱਪ ਦੇ ਬਖ਼ਸ਼ੇ ਹੋਏ, ਨਿੱਘ ਦਾ ਭਰਮ ਹੰਢਾਵਾਂ ਕਿੱਦਾਂ
ਮੇਰੀ ਮਿੱਟੀ ਵਿੱਚੋਂ ਮੇਰੀ, ਮੈਂ ਦੇ ਵੱਤਰ ਸਿਸਕ ਰਹੇ ਨੇ

ਪਾਣੀ, ਪਿਆਸ, ਹਵਾ ਤੇ ਪੱਤੇ, ਸਭਨਾਂ ਵਿਚ ਸੁਰਜੀਤ ਹਾਂ ਮੈਂ ਤਾਂ
ਕੀ ਦੱਸੇਂਗਾ ਮੇਰੇ ਹਾਸੇ ਕਿੱਧਰ-ਕਿੱਧਰ ਸਿਸਕ ਰਹੇ ਨੇ

ਸੰਕਟ.......... ਨਜ਼ਮ / ਬਲਵਿੰਦਰ ਸੰਧੂ

ਜਿਨ੍ਹਾਂ ਰੁੱਖਾਂ
ਧਰਤ ਦੇ ਦੁੱਖਾਂ ਲਈ
ਸੁੱਖਾਂ ਦੇ ਗਾਨੇ ਹੋਣਾ ਸੀ
ਉਹ ਹਿਰਸੀ ਮਨੁੱਖ ਦੀ
ਭੁੱਖ ਦਾ ਸਿ਼ਕਾਰ ਹੋ ਗਏ


ਜਿਨ੍ਹਾਂ ਪੌਣਾਂ
ਧਰਤ ਦਾ ਮੈਲ਼ਾ ਪੌਣਾ
ਮਲ਼ ਮਲ਼ ਧੋਣਾ ਸੀ
ਉਹ ਰੇਤਲ ਵਾਵਰੋਲਿਆਂ ਦੀ
ਅੱਗ ਅੱਗੇ ਬੇਵਸ ਹੋ ਗੀਆਂ

ਜਿਨ੍ਹਾਂ ਨਦੀਆਂ
ਧਰਤ ਦੀਆਂ ਨਸਾਂ 'ਚ
ਰਕਤ ਬਣ ਵਹਿਣਾ ਸੀ
ਨਾਗਾਂ ਦੀ ਭੂਤ ਮੰਡਲੀ
ਉਨ੍ਹਾਂ ਦਾ ਤੁਪਕਾ ਤੁਪਕਾ ਡੀਕ ਗਈ

ਜਿਨ੍ਹਾਂ ਰੁੱਤਾਂ
ਧਰਤ ਦੇ ਪੁੱਤਾਂ ਸਿਰ
ਫੁੱਲਕਾਰੀ ਸੀ ਓੜ੍ਹਨੀ
ਉਹ ਖੁਸ਼ਕ ਮੌਸਮਾਂ ਦੀ
ਧੂੜ 'ਚ ਖੁਰਦ ਬੁਰਦ ਹੋ ਗੀਆਂ
ਜਿਨ੍ਹਾਂ ਸਮਿਆਂ 'ਚ
ਏਨਾ ਅਨਰਥ ਹੋਣਾ ਸੀ
ਉਨ੍ਹਾਂ ਸਮਿਆਂ 'ਚ ਕਵਿਤਾ
ਮਾਂ ਦੇ ਥਣੀ ਦੁੱਧ ਵਾਂਗ ਉਤਰਦੀ
ਕੁਝ ਮੁਸ਼ਕਲ ਸੀ !

ਕੁਦਰਤੀ ਨਜ਼ਾਰਾ.......... ਨਜ਼ਮ / ਉਕਤਾਮੋਏ ( ਉਜ਼ਬੇਕਿਸਤਾਨ )

ਨੀਲੀ ਹਵਾ ਦੇ ਪਰਦੇ 'ਚ
ਦਿਨ ਚੜ੍ਹ ਰਿਹਾ ਹੈ
ਧਰਤੀ 'ਤੇ ਅਨੰਤ ਚਮਕੀਲੀਆਂ
ਕਿਰਨਾਂ ਪੈ ਰਹੀਆਂ ਹਨ
ਅੱਖਾਂ ਪੂੰਝਦੀ ਹਵਾ ਚੱਲ ਰਹੀ ਹੈ

ਸੁਸਤ ਨਰਮ ਘਾਹ
ਤ੍ਰੇਲ ਦੀਆਂ ਬੂੰਦਾਂ 'ਚ ਨਹਾ ਰਿਹਾ ਹੈ
ਪੀਲ਼ੇ ਫੁੱਲਾਂ ਦਾ ਬੂਟਾ ਤਿਆਰ ਹੋ ਰਿਹਾ ਹੈ
ਸੁਨਹਿਰੀ ਖਟਮਲ ਗਾ ਰਿਹਾ ਹੈ
ਮੱਖੀਆਂ ਪਾਣੀ 'ਚ ਛੱਲਾਂ ਮਾਰਦੀਆਂ ਹਨ
ਕਿਨਾਰੇ 'ਤੇ ਚਾਲ਼ੀ ਕੁੜੀਆਂ
ਹੱਥਾਂ 'ਚ ਹੱਥ ਪਾਈ ਭੱਜ ਰਹੀਆਂ ਨੇ
ਕੀੜੀ ਇਕੱਲੀ ਬੀਅ ਚੁੱਕੀ
ਤੜਕਸਾਰ ਕਿੱਥੇ ਜਾ ਰਹੀ ਹੈ ?
ਸੱਭ ਨੂੰ ਦੇਖਦਿਆਂ
ਫੁੱਲ ਦੀ ਡੋਡੀ ਮੂੰਹ ਖੋਲ੍ਹ ਰਹੀ ਹੈ
ਹੈਰਾਨ ਜਿਹੀ ਹੈ..................

ਗਈ ਰਾਤ ਦੇ ਸੁਪਨੇ.......... ਨਜ਼ਮ / ਕੰਵਲਜੀਤ ਭੁੱਲਰ

ਗਈ ਰਾਤ ਦੇ ਸੁਪਨੇ ਵਰਗੀਏ...
ਸੁਲਘਦੀ ਸਵੇਰ ਦੀ ਲੋਅ ਜਿਹੀਏ
ਮੁਹੱਬਤ ਵਰਗੀ ਕੋਈ ਬਾਤ ਪਾ...
ਤਾਂ ਜੋ
ਉਮਰ ਨੂੰ ਆਹਰੇ ਲਾਵਾਂ...

ਤੇ ਖ਼ੁਦ ਕਿਤੇ ਗੁਆਚ ਜਾਵਾਂ
ਹੁਣ ਤਾਂ ਨੈਣ ਹੰਝੂਆਂ ਨਾਲ਼ ਨਿਹਾਰਦੇ ਨੇ
ਹੱਥ ਅੱਖਾਂ 'ਚ ਤਾਰੀਆਂ ਮਾਰਦੇ ਨੇ...।।
ਟੁੱਟਦੇ ਤਾਰੇ ਦੀਏ ਲ੍ਹੀਕੇ ...
ਚੱਲ ਤੇਰੇ ਹੁੰਘਾਰੇ ਦਾ ਇਕ ਘੁਟ ਪੀ ਕੇ
ਮੈਂ ਅਪਣੀ ਉਮਰ ਦਾ ਨਾਂ ਹਉਕਾ ਰੱਖ ਲਵਾਂ..?
ਤੇ ਫੇਰ ਤੂੰ ਹੁੰਘਾਰਿਓਂ ਮੁੱਕਰ ਜਾਵੀਂ
ਮੈਂ ਤਾਂ ਜੀਣ ਤੋਂ ਪਹਿਲਾਂ ਹੀ ਮੁਨਕਰ ਹਾਂ...।।
ਮੁੱਕ ਰਹੀ ਉਮਰ ਦੇ ਆਖਰੀ ਸਾਹ ਵਰਗੀਏ
ਮੌਤ ਵੱਲ ਨੂੰ ਵਧਦਿਆਂ ਪਹਿਲੇ ਪੜਾਅ ਵਰਗੀਏ
ਸਿਆਲ ਰੁੱਤ ਦੀਏ ਨਿੱਘੀਏ ਧੁੱਪੇ
ਦੱਸ ਮੇਰੇ ਹਾਸੇ ਤੂੰ ਚੋਰੀ ਕਿਓਂ ਚੁੱਕੇ..??
ਪਰ ਮੈਂ ਤਾਂ ਤੇਰਾ ਹਮਦਰਦ
ਤੈਨੂੰ... ਤੇਰੇ ਰਾਹ ਦਾ ਇਕ ਮੋੜ ਬਣ ਕੇ ਉਡੀਕਾਂਗਾ..।।
ਗਰਮ ਮੌਸਮ ਦੀਏ ਠੰਢੀਏ ਹਵਾਏ..
ਰੱਬ ਤੈਨੂੰ ਦੋਹਰੀ ਜਵਾਨੀ ਚੜ੍ਹਾਏ
ਮੈਨੂੰ ਤਾਂ ਚਲੋ ਇਕ ਵੀ..??
ਖੈਰ
ਸ਼ਰਾਬ ਦੇ ਪਹਿਲੇ ਘੁੱਟ ਵਰਗੀਏ
ਤੂੰ ਮੌਤ ਵਰਗੀ ਕੋਈ ਗੱਲ ਛੋਹ
ਮੈਨੂੰ ਹੁਣ ਜੀਣਾ ਆ ਗਿਆ...।।।

ਕਾਲ਼ੀਆਂ ਘਟਾਵਾਂ.......... ਗੀਤ / ਸੁਖਚਰਨਜੀਤ ਕੌਰ ਗਿੱਲ

ਕਾਲ਼ੀਆਂ ਘਟਾਵਾਂ ਰੱਬਾ ਕਿੱਥੋਂ ਚੜ੍ਹ ਆਈਆਂ ਵੇ ?
ਰੋਕੀਂ ਰੱਬਾ ਰੋਕੀਂ ਦਿਲ ਦਿੰਦਾ ਏ ਦੁਹਾਈਆਂ ਵੇ।

ਪੌਣ ਜਦੋਂ ਵਗੇ ਕਹਿੰਦੇ ਜਾਨ ਭਰ ਦਿੰਦੀ ਐ
ਕਾਲ਼ੀ ਜੋ ਹਨ੍ਹੇਰੀ ਅਧਮੋਏ ਕਰ ਦਿੰਦੀ ਐ

ਇਹਦੇ ਪਿੱਛੇ ਕਾਲੀ਼ਆਂ ਘਟਾਵਾਂ ਚੜ੍ਹ ਆਈਆਂ ਵੇ ,...

ਵਰ੍ਹੇ ਹੋਏ ਇਕ ਵਾਰੀ ਕਾਲ਼ੀ ਨੇਰ੍ਹੀ ਚੱਲੀ ਸੀ
ਲੁਕ ਲੁਕ ਰੋਂਦੀ ਓਦੋਂ ਜਾਨ ਕੱਲੀ ਕੱਲੀ ਸੀ
ਉਡੀਆਂ ਸੀ ਰਹਿੰਦੀਆਂ ਚਿਹਰੇ ਤੋਂ ਹਵਾਈਆਂ ਵੇ,....

ਕਾਲ਼ੀ ਵੇ ਹਨੇਰੀ 'ਚ ਈਮਾਨ ਜਾਂਦਾ ਡੋਲ ਵੇ
ਸੋਨਾ ਚਾਂਦੀ ਲੱਭੇ ਬੰਦਾ ਲਾਸ਼ਾਂ ਫੋਲ ਫੋਲ ਵੇ
ਮਰ ਜਾਣ ਬੁੱਲੀਆਂ ਤਾਂ ਪਾਣੀ ਤੋਂ ਤਿਹਾਈਆਂ ਵੇ,....

ਨੇਰ੍ਹੀਆਂ ਤੋਂ ਪਿੱਛੋਂ ਹੁੰਦੈ, ਸਭ ਕੁਝ ਹੋਰ ਵੇ
ਮਾਰੇ ਜਾਂਦੇ ਸਾਧ, ਬਹਿੰਦੇ ਤਖਤਾਂ 'ਤੇ ਚੋਰ ਵੇ
ਨੇਰ੍ਹੀ ਦੀਆਂ ਮਾਰਾਂ ਛੇਤੀ ਜਾਣ ਨਾ ਭੁਲਾਈਆਂ ਵੇ,...
ਰੋਕੀਂ ਰੱਬਾ ਰੋਕੀਂ ਦਿਲ ਦਿੰਦਾ ਏ ਦੁਹਾਈਆਂ ਵੇ ॥॥